Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚਜਾਪੁ’ (ਨਿੱਤ-ਨੇਮ) ਅਤੇ ‘ਚੰਡੀ ਚਰਿਤ੍ਰਇੱਕ ਤੁੱਲਨਾਤਮਕ ਅਧਿਐਨ - ਭਾਗ ਤੀਜਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

>> ਲੜੀ ਜੋੜਨ ਲਈ ਪੜ੍ਹੋ: ਭਾਗ ਪਹਿਲਾ, ਭਾਗ ਦੂਜਾ, ਆਖਰੀ ਭਾਗ

21.

ਚੰਡੀ ਚਰਿਤ੍ਰ: ਨਮੋ ਘੋਰਿ ਰੂਪਾ ਨਮੋ ਚਾਰੁ ਨੈਣਾਂ।241।
ਨਮੋ ਇੰਦ੍ਰ ਊਰਧਾ ਨਮੋ ਦਾੜ ਗੂੜੰ।249।
ਨਮੋ ਰੂੜਿ ਗੂੜੰ ਨਮੋ ਸਰਬ ਬਆਪੀ।234।
ਜਾਪੁ: --ਕ੍ਰੂਰ ਕਰਮੇ।54।।ਨਮੋ ਅੰਧਕਾਰੇ।185।
ਕਿ ਹੁਸਨਲ ਚਰਾਗ ਹੈਂ।151।ਕਿ ਹੁਸਨਲ ਜਮਾਲ ਹੈਂ।152। ਨਮਸਤਸਤ ਰੰਮੇ।16।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਨੂੰ ‘ਘੋਰਿ ਰੂਪਾ’/ ‘ਦਾੜ ਗੂੜੰ’ (ਭਿਆਨਕ ਰੂਪ) ਮੰਨ ਕੇ ਨਮੋ ਕੀਤੀ ਹੈ ਤੇ ‘ਜਾਪੁ’ ਵਿੱਚ ਵੀ ‘ਕ੍ਰੂਰ ਕਰਮੇ’ / ‘ਅੰਧਕਾਰੇ’ (ਭਿਆਨਕ ਰੂਪ, ਹਨ੍ਹੇਰ ਰੂਪ) ਕਰਕੇ ਦੁਰਗਾ ਦੇ ਗੁਣ ਲਿਖੇ ਹਨ। ‘ਚੰਡੀ ਚਰਿੱਤ੍ਰ’ ਵਿੱਚ ਕਵੀ ਦੁਰਗਾ ਨੂੰ ‘ਚਾਰੁ ਨੈਣਾ’ (ਅਤੀ ਸੁੰਦਰ) ਕਹਿ ਕੇ ਨਮੋ ਕਰਦਾ ਹੈ। ‘ਜਾਪੁ’ ਵਿੱਚ ਦੁਰਗਾ ਨੂੰ ‘ਹੁਸਨਲ ਚਰਾਗ਼’ (ਹੁਸਨ ਦਾ ਦੀਵਾ), ‘ਹੁਸਨਲ ਜਮਾਲ’/ ‘ਨਮਸਤਸਤ ਰੰਮੇ’ (ਅਤੀ ਸੁੰਦਰ) ਕਰਕੇ ਲਿਖਿਆ ਹੈ । ਦੁਰਗਾ ਅਤੇ ਰੱਬ ਦੇ ਗੁਣ ਇੱਕੋ ਜਿਹੇ ਨਹੀਂ ਹੋ ਸਕਦੇ। ਇਸੇ ਕਰਕੇ ਦੋਹਾਂ ਰਚਨਾਵਾਂ ਵਿੱਚ ਦੁਰਗਾ ਦੀਆਂ ਹੀ ਸਿਫ਼ਤਾਂ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਬਿ ਜੀ ਵਲੋਂ ਨਿਰਨਾ: ਕਵੀ ਚੰਡੀ ਨੂੰ ਰੱਬ ਦੇ ਬਰਾਬਰ ਮੰਨਦਾ ਹੈ ਪਰ ਗੁਰਬਾਣੀ ਨਹੀਂ ਮੰਨਦੀ। ਰੱਬ ਜਿਹਾ ਹੋਰ ਕੋਈ ਸੁੰਦਰ ਨਹੀਂ ਹੈ। ਰੱਬ ਤੋਂ ਹੀ ਸਾਰੀ ਸੁੰਦਰਤਾ ਮਿਲ਼ਦੀ ਹੈ। ਦੁਰਗਾ ਹਨ੍ਹੇਰ ਰੂਪ ਹੋ ਸਕਦੀ ਹੈ ਰੱਬ ਹਨ੍ਹੇਰ ਰੂਪ ਨਹੀਂ। ਰੱਬ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜੇ ਰੱਬ ਹੀ ਹਨ੍ਹੇਰ ਰੂਪ ਹੈ ਤਾਂ ਸੂਰਜ ਚੰਦ ਆਦਿਕ ਰੱਬ ਨਾਲੋਂ ਵੱਡੇ ਮੰਨਣੇ ਪੈਣਗੇ ਜੋ ਨਹੀਂ ਹਨ। ਰੱਬ ਹੀ ਸੱਭ ਨੂੰ ਪ੍ਰਕਾਸ਼ ਦਿੰਦਾ ਹੈ ਤੇ ਰੱਬ ‘ਨਮੋ ਅਧਕਾਰੇ’ ਨਹੀਂ ਹੈ। ਕਵੀ ਨੇ ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਨੂੰ ਹਨ੍ਹੇਰ ਰੂਪ ਲਿਖਿਆ ਹੈ ਤੇ ‘ਜਾਪੁ’ ਵਿੱਚ ਵੀ। ਸਪੱਸ਼ਟ ਹੈ ਕਿ ਕਵੀ ਦੋਹਾਂ ਰਚਨਾਵਾਂ ਵਿੱਚ ਦੁਰਗਾ ਦੇ ਹੀ ਗੁਣ ਲਿਖ ਰਿਹਾ ਹੈ ਤੇ ਦੁਰਗਾ ਹੀ ਕਵੀ ਦਾ ਰੱਬ ਹੈ।

22.

ਚੰਡੀ ਚਰਿਤ੍ਰ: ਨਮੋ ਜਛ ਬਿਦਿਆ ਪੂਰਣ ਕਾਮੀ।242।
ਪਰੀ ਪਦਮਨੀ ਪੂਰਣੀ ਸਰਬ ਇਛਿਆ।250।
ਜਾਪੁ: -ਮੁਕਤਿ ਦਾਇਕ ਕਾਮ।84। ਨਮੋ ਆਸ ਆਸੇ।188।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਨੂੰ ‘ਪੂਰਣ ਕਾਮੀ’ ( ਕਾਮਨਾਵਾਂ ਪੂਰੀਆਂ ਕਰਨ ਯੋਗ) ਅਤੇ ਸਰਬ ਇਛਿਆ ਪੂਰਣ ਕਰਨ ਯੋਗ ਲਿਖ ਕੇ ਨਮੋ ਕੀਤੀ ਹੈ। ‘ਜਾਪੁ’ ਵਿੱਚ ਵੀ ਦੁਰਗਾ ਦਾ ਇਹੀ ਗੁਣ ‘ਮੁਕਤਿ ਦਾਇਕ ਕਾਮ’, ਭਾਵ, ਮੁਕਤਿ ਦਾਇਕ ਅਤੇ ਕਾਮ ਦਾਇਕ ਅਤੇ ‘ਆਸ ਆਸੇ’ ਲਿਖ ਕੇ ਨਮੋ ਕੀਤੀ ਹੈ। ਦੁਰਗਾ ਦੇ ਗੁਣ ‘ਜਾਪੁ’ ਵਿੱਚ ਦੁਹਰਾਏ ਗਏ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਗੁਰਬਾਣੀ ਮੰਨਦੀ ਹੈ ਕਿ ਰੱਬ ਹੀ ਸੱਭ ਇੱਛਾਂ ਪੂਰੀਆਂ ਕਰਦਾ ਹੈ। ਲਿਖਿਆ ਹੈ-
ਇਛਾ ਪੂਰਕੁ ਸਰਬ ਸੁਖ ਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥ -ਧਨਾਸਰੀ ਮਹਲਾ 4॥
ਦੁਰਗਾ ਦਾ ਪੁਜਾਰੀ ਹੋਣ ਕਰਕੇ ਕਵੀ ਨੇ ਦੁਰਗਾ ਦਾ ਇਹੀ ਗੁਣ ‘ਚੰਡੀ ਚਰਿਤ੍ਰ’ ਵਿੱਚ ਅਤੇ ‘ਜਾਪੁ’ ਵਿੱਚ ਲਿਖਿਆ ਹੈ।

23.

ਚੰਡੀ ਚਰਿਤ੍ਰ: ਰਿਪੰ ਤਾਪਣੀ ਜਾਪਣੀ ਸਰਬ ਲੋਗਾ।243।
ਜਾਪੁ: ਰਿਪੁ ਤਾਪਨ ਹੈਂ।ਜਪ ਜਾਪਨ ਹੈਂ।182।
ਲੋਕ ਚਉਦਹ ਕੈ ਬਿਖੈ ਜਗ ਜਾਪਹੀ ਜਿਹ ਜਾਪ।83।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਮਾਈ/ਪਾਰਬਤੀ ਮਾਈ ਨੂੰ ‘ਰਿਪੰ ਤਾਪਣੀ’ (ਦੁਸ਼ਟਾਂ ਨੂੰ ਤਪਾਉਣ ਯੋਗ) ਅਤੇ ‘ਜਾਪਣੀ ਸਰਬ ਲੋਗਾ’ (ਸਾਰੇ ਸੰਸਾਰ ਲਈ ਜਪਣ ਯੋਗ) ਲਿਖਿਆ ਹੈ. ਭਾਵ, ਕਵੀ ਆਪ ਲਿਖਦਾ ਹੈ ਕਿ ਸਾਰੀ ਦੁਨੀਆਂ (ਹਿੰਦੂ, ਸਿੱਖ, ਮੁਸਲਮਾਨ, ਜੈਨੀ, ਬੋਧੀ ਆਦਿਕ ਦੁਨੀਆਂ ਵਿੱਚ ਹੀ ਸ਼ਾਮਲ ਹਨ) ਲਈ ਦੁਰਗਾ ਦੀਆਂ ਸਿਫ਼ਤਾਂ ਦਾ ਹੀ ਪਾਠ ਕਰਨ ਯੋਗ ਹੈ। ‘ਜਾਪੁ’ ਰਚਨਾ ਵਿੱਚ ਵੀ ਦੁਰਗਾ ਦਾ ਇਹੀ ਗੁਣ ਬਿਆਨ ਕਰਨ ਲਈ ਕਵੀ ਨੇ ‘ਰਿਪੁ ਤਾਪਣੀ’ ਦੀ ਥਾਂ ‘ਰਿਪੁ ਤਾਪਨ’ ਅਤੇ ‘ਜਾਪਣੀ ਸਰਬ ਲੋਗਾ’ ਦੀ ਥਾਂ ‘ਜਗ ਜਾਪਹੀ ਜਿਹ ਜਾਪ’ ਸ਼ਬਦ ਵਰਤੇ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਰੱਬ ਕਿਸੇ ਦਾ ਵੈਰੀ ਨਹੀਂ ਤੇ ਉਹ ਕਿਸੇ ਨੂੰ ਤਪਾਉਂਦਾ ਨਹੀਂ, ਜ਼ਾਲਮ ਨਹੀਂ। ਸਾਰੇ ਜੀਵ ਕੀਤੇ ਕਰਮਾ ਦਾ ਹੀ ਫਲ਼ ਭੋਗਦੇ ਹਨ। ‘ਜਾਪੁ’ ਵਿੱਚ ਇਹ ਗੁਣ ਰੱਬ ਦਾ ਨਹੀਂ ,ਦੁਰਗਾ ਦਾ ਹੈ ਜਿਸ ਨੇ ਦੈਂਤਾਂ ਨੂੰ ਤਪਾਇਆ ਸੀ। ਕਵੀ ਕਹਿੰਦਾ ਹੈ ਕਿ ਦੁਰਗਾ ਨੂੰ ਸਾਰੇ ਲੋਕ ਜਪਦੇ ਹਨ ਕਿਉਂਕਿ ਕਵੀ ਦਾ ਇਸ਼ਟ ਹੀ ਦੁਰਗਾ ਹੈ, ਰੱਬ ਨਹੀਂ।

24.

ਚੰਡੀ ਚਰਿਤ੍ਰ: ਥਪੇ ਖਾਪਣੀ ਥਾਪਣੀ ਸਰਬ ਸੋਗਾ।243।
ਜਾਪੁ: ਨਮੋ ਸਰਬ ਖਾਪੇ। ਨਮੋ ਸਰਬ ਥਾਪੇ।20।

ਸੋਚ-ਵਿਚਾਰ:- ਚੰਡੀ ਚਰਿਤ੍ਰ ਅਨੁਸਾਰ ਦੁਰਗਾ ਦੇਵੀ ਹੀ ਸੰਸਾਰ ਨੂੰ ਢਾਹੁੰਦੀ( ਖਾਪਣੀ) ਅਤੇ ਬਣਾਉਂਦੀ (ਥਾਪਣੀ) ਹੈ। ‘ਜਾਪੁ’ ਵਿੱਚ ਦੁਰਗਾ ਦੇ ਇਹੀ ਗੁਣ ‘ਸਰਬ ਖਾਪੇ’ ਅਤੇ ‘ਸਰਬ ਥਾਪੇ’ ਸ਼ਬਦਾਂ ਰਾਹੀ ਪ੍ਰਗਟ ਕੀਤੇ ਗਏ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਕਵੀ ਨੇ ਦੋਹਾਂ ਰਚਨਾਵਾਂ ਵਿੱਚ ਇੱਕ ਸਾਂਝਾ ਗੁਣ ਲਿਖਿਆ ਹੈ। ਇਹ ਗੁਣ ਹੈ- ਦੁਨੀਆਂ ਨੂੰ ਪੈਦਾ ਕਰਨਾ ਤੇ ਮਾਰਨਾ। ‘ਚੰਡੀ ਚਰਿਤ੍ਰ’ ਵਿੱਚ ਇਹ ਗੁਣ ਦੁਰਗਾ ਦਾ ਹੈ ਤੇ ਓਹੀ ਸ਼ਬਦ ਵਰਤ ਕੇ ਦੁਰਗਾ ਦਾ ਇਹ ਗੁਣ ‘ਜਾਪੁ’ ਵਿੱਚ ਵੀ ਲਿਖ ਦਿੱਤਾ ਹੈ। ਇਗ ਗੁਣ ਤਾਂ ਰੱਬ ਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ-
ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ॥ -ਵਡਹੰਸ ਕੀ ਵਾਰ ਮਹਲਾ 4

25.

ਚੰਡੀ ਚਰਿਤ੍ਰ: ਨਮੋ ਪਾਰਬ੍ਰਹਮੀ ਹਰੀ ਸੀ ਮੁਕੰਦੀ।246।
---------------ਗੁਬਿੰਦੀ।239।
ਜਾਪੁ: ਗੁਬਿੰਦੇ ਮੁਕੰਦੇ।94।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ ਲਈ ਕਵੀ ਨੇ ‘ਪਾਰਬ੍ਰਹਮੀ’ (ਪ੍ਰਭੂ ), ‘ਹਰੀ’ (ਪ੍ਰਭੂ), ‘ਗੁਬਿੰਦੀ’ ਅਤੇ ‘ਮੁਕੰਦੀ’ (ਮੁਕਤੀ ਦਾਇਕ) ਸ਼ਬਦ ਵਰਤ ਕੇ ਨਮੋ ਕੀਤੀ ਹੈ। ‘ਜਾਪੁ’ ਵਿੱਚ ‘ਮੁਕੰਦੀ’ ਸ਼ਬਦ ਦੀ ਥਾਂ ਉਹੀ ਅਰਥਾਂ ਵਾਲ਼ਾ ‘ਮੁਕੰਦੇ’ ਸ਼ਬਦ ਵਰਤਿਆ ਹੈ ਅਤੇ ‘ਗੁਬਿੰਦੀ’ ਦੀ ਥਾਂ ‘ਗੁਬਿੰਦੇ’ ਹੈ, ਅਰਥ ਸਮਾਨ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਨਿਰਨਾ: ਕਵੀ ਨੇ ਦੁਰਗਾ ਲਈ ਜੋ ਸ਼ਬਦ ਛੰਦ ਨੰਬਰ 246 ਵਿੱਚ ਲਿਖੇ ‘ਚੰਡੀ ਚਰਿਤ੍ਰ’ ਵਿੱਚ ਵਰਤੇ ਹਨ ਉਹੀ ਸ਼ਬਦ ‘ਜਾਪੁ’ ਵਿੱਚ ਵੀ ਉਨ੍ਹਾਂ ਹੀ ਅਰਥਾਂ ਵਿੱਚ ਵਰਤੇ ਹਨ। ਸਪੱਸਟ ਹੈ ਕਿ ਦੋਹਾਂ ਰਚਨਾਵਾਂ ਵਿੱਚ ਇੱਕੋ ਹੀ ਹਸਤੀ ਦੀ ਸਿਫ਼ਤਿ ਹੈ ਤੇ ਉਹ ਹੈ- ਦੁਰਗਾ ਮਾਈ ਪਾਰਬਤੀ ਜੋ ਕਵੀ ਦਾ ਇਸ਼ਟ ਹੈ। ਜੇ ਇਹ ਗੁਣ ‘ਜਾਪੁ’ ਵਿੱਚ ਰੱਬ ਲਈ ਮੰਨ ਲਏ ਜਾਣ ਤਾਂ ਦੋ ਹਸਤੀਆਂ, ਦੁਰਗਾ ਅਤੇ ਰੱਬ, ਵਿੱਚ ਕੋਈ ਫ਼ਰਕ ਨਹੀਂ ਰਹਿੰਦਾ ਜੋ ਝੂਠ ਜੈ।ਗੁਰਬਾਣੀ ਵਿੱਚ ਇਹ ਸ਼ਬਦ (ਗੁਬਿੰਦੇ, ਮੁਕੰਦੇ) ਰੱਬ ਲਈ ਵਰਤੇ ਗਏ ਹਨ-
ਮੁਕੰਦ ਮੁਕੰਦ ਜਪਹੁ ਸੰਸਾਰ॥ ਬਿਨੁ ਮੁਕੰਦ ਤਨੁ ਹੋਇ ਅਉਹਾਰੁ॥
ਸੋਈ ਮੁਕੰਦੁ ਮੁਕਤਿ ਕਾ ਦਾਤਾ॥ ਸੋਈ ਮੁਕੰਦੁ ਹਮਰਾ ਪਿਤ ਮਾਤਾ॥1॥
ਜੀਵਤ ਮੁਕੰਦੇ ਮਰਤ ਮੁਕੰਦੇ॥ ਤਾ ਕੇ ਸੇਵਕ ਕਉ ਸਦਾ ਅਨੰਦੇ॥1॥ਰਹਾਉ॥ -ਗੌਂਡ ਭਗਤ ਰਵਿਦਾਸ ਜੀ
ਸੰਸਾਰੁ ਸਮੁੰਦੇ ਤਾਰਿ ਗੁਬਿੰਦੇ॥ ਤਾਰਿ ਲੈ ਬਾਪ ਬੀਠੁਲਾ॥1॥ਰਹਾਉ॥-ਬਸੰਤੁ ਨਾਮਦੇਉ ਜੀ

26.

ਚੰਡੀ ਚਰਿਤ੍ਰ: ਨਮੋ ਚਰਬਣੀ ਸਰਬ ਧਰਮੰ ਧੁਜਾਯੰ।248।
ਜਾਪੁ: ਕਿ ਧਰਮੰ ਧੁਜਾ ਹੈਂ।105।

ਸੋਚ-ਵਿਚਾਰ:- ‘ਚੰਡੀ ਚਰਿਤ੍ਰ’ ਵਿੱਚ ਦੁਰਗਾ/ਸ਼ਿਵਾ (ਕਪਾਲੀ ਨਮੋ ਭਦ੍ਰਕਾਲੀ ਸ਼ਿਵਾਯੰ।247।){ਸ਼ਿਵਾਯੰ- ਦੁਰਗਾ ਦਾ ਨਾਂ ਸ਼ਿਵਾ ਵੀ ਹੈ ਤੇ ‘ਦੇਹ ਸ਼ਿਵਾ ਬਰ ਮੋਹਿ’ ਵਾਲ਼ੀ ਰਚਨਾ ਵਿੱਚ ‘ਸ਼ਿਵਾ’ ਦੁਰਗਾ ਹੀ ਹੈ ਜਿਸ ਤੋਂ ਦੁਰਗਾ ਪੂਜਕ ਕਵੀ ਨੇ ਵਰ ਮੰਗਿਆ ਹੈ, ‘ਸ਼ਿਵਾ’ ਰੱਬ ਨਹੀਂ।} ਨੂੰ ‘ਧਰਮੰ ਧੁਜਾ’ - ਧਰਮ ਲਈ ਸ਼ੋਭਨੀਕ ਕਹਿ ਕੇ ਨਮੋ ਕੀਤੀ ਹੈ।‘ਜਾਪੁ’ ਵਿੱਚ ਦੁਰਗਾ ਦਾ ਹੂ-ਬ-ਹੂ ਇਹੀ ਗੁਣ ‘ਧਰਮੰ ਧੁਜਾ’ ਲਿਖ ਕੇ ਬਿਆਨ ਕੀਤਾ ਹੈ। ਦੋਹਾਂ ਰਚਨਾਵਾਂ ਵਿੱਚ ਇਕੋ ਹਸਤੀ ਨੂੰ ‘ਧਰਮੰ ਧੁਜਾ’ ਕਿਹਾ ਗਿਆ ਹੈ ਤੇ ਉਹ ਹਸਤੀ ਸਪੱਸ਼ਟ ਤੌਰ ਤੇ ‘ਚੰਡੀ ਚਰਿਤ੍ਰ’ ਦੀ ਦੁਰਗਾ ਹੀ ਹੈ, ਕੋਈ ਰੱਬ ਨਹੀਂ ਹੈ। ਦੁਰਗਾ ਦਾ ‘ਧਰਮੰ ਧੁਜਾ’ ਦਾ ਗੁਣ ਦੋਵੇਂ ਰਚਨਾਵਾਂ ਵਿੱਚ ਸਮਾਨ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਰੱਬ ਨੂੰ ਕਿਸੇ ਧਰਮ ਨਾਲ਼ ਨਹੀਂ ਬੰਨ੍ਹਿਆਂ ਜਾ ਸਕਦਾ ਤੇ ਨਾ ਹੀ ਉਹ ਕਿਸੇ ਵਿਸ਼ੇਸ਼ ਧਰਮ ਦੀ ਧੁਜਾ ਹੈ। ‘ਧਰਮ ਧੁਜਾ’ ਸ਼ਬਦਾਂ ਦੀ ਗੁਰਬਾਣੀ ਵਿੱਚ ਵਰਤੋਂ- ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ॥ -ਪੰਨਾ 1306
ਅਰਥ- ਤੀਜੇ ਗੁਰੂ ਜੀ ਦਾ ਧੀਰਜ ਹੀ ਸਫ਼ੈਦ ਝੰਡਾ ਹੈ ਜੋ ਸਿੱਖਾਂ ਦੀ ਅਗਵਾਈ ਕਰ ਰਿਹਾ ਹੈ।
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤ੍ਰੰਗ ਨਿਵਾਰਨ ਕਉ॥ -ਪੰਨਾਂ 404
ਅਰਥ-ਧ੍ਰੰਮ ਧੁਜਾ- ਸ਼੍ਰੀ ਗੁਰੂ ਰਾਮਦਾਸ ਜੀ ਦਾ ਨਾਮ-ਸਿਮਰਨ ਰੂਪ ਧਰਮ ਦਾ ਝੰਡਾ ਹੀ ਧ੍ਰੰਮ ਧੁਜਾ ਹੈ।
ਕੁਲਿ ਸੋਧੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ॥
ਅਰਥ-ਧਰਮ ਧੁਜਾ- ਪੰਜਵੇਂ ਗੁਰੂ ਜੀ ਹਰੀ ਦੇ ਭਗਤ ਹਨ ਤੇ ਨਾਮ-ਸਿਮਰਨ ਉਨ੍ਹਾਂ ਦਾ ‘ਧਰਮ ਧੁਜਾ’ ਹੈ।

27.

ਚੰਡੀ ਚਰਿਤ੍ਰ: ਨਮੋ ਇੰਦ੍ਰ ਊਰਧਾ ਨਮੋ ਦਾੜ ਗੂੜੰ।
ਜਾਪੁ: ਨਮੋ ਇੰਦ੍ਰ ਇੰਦ੍ਰੇ।185।

ਸੋਚ-ਵਿਚਾਰ: ‘ਚੰਡੀ ਚਰਿਤ੍ਰ’ ਵਿੱਚ ‘ਇੰਦ੍ਰ ਊਰਧਾ’ ਰਾਹੀ ਦੱਸਿਆ ਹੈ ਕਿ ਦੁਰਗਾ ਹੀ ਇੰਦ੍ਰ ਨੂੰ ਸ਼ਕਤੀ ਦੇਣ ਵਾਲ਼ੀ ,ਭਾਵ, ਇੰਦ੍ਰਾਂ ਦੀ ਇੰਦ੍ਰ ਹੈ। ਇੰਦ੍ਰ ਤੋਂ ਵੱਡੀ ਹੈ। ‘ਜਾਪੁ’ ਵਿੱਚ ਦੁਰਗਾ ਦਾ ਇਹ ਹੀ ਗੁਣ ਸਿੱਧੇ ਤੌਰ ਤੇ ‘ਨਮੋ ਇੰਦ੍ਰ ਇੰਦ੍ਰੇ’ ਕਰਕੇ ਲਿਖਿਆ ਗਿਆ ਹੈ ਕਿੳੇਂਕਿ ਇੰਦ੍ਰ ਨੂੰ ਹੀ ਦੁਰਗਾ ਨੇ, ਦੈਂਤਾਂ ਵਲੋਂ ਖੋਹਿਆ ਉਸ ਦਾ ਰਾਜ, ਵਾਪਸ ਕਰਵਾਇਆ ਸੀ। ਕਵੀ ਲਈ ਦੁਰਗਾ ‘ਧਰਮੰ ਧੁਜਾਯੰ’ ਹੈ ਤੇ ਉਹ ਝੰਡਾ ਚੁੱਕੀ ਜੰਗ ਵਿੱਚ ਲੜਦੀ ਹੈ।

ਗੁਰ ਸਿੱਖਾਂ ਲਈ ਗੁਰੂ ਜੀ ਵਲੋਂ ਅਗਵਾਈ ਅਤੇ ਨਾਮ-ਸਿਮਰਨ ਹੀ ਧਰਮ ਦਾ ਝੰਡਾ ਹੈ। ਭੱਟ ਕਵੀਆਂ ਨੇ ‘ਧਰਮ ਧੁਜਾ’ ਸ਼ਬਦ ਗੁਰੂ ਸਾਹਿਬਾਨ ਲਈ ਵਰਤੇ ਹਨ ਤੇ ‘ਚੰਡੀ ਚਰਿਤ੍ਰ’ ਦੇ ਕਵੀ ਨੇ ਦੁਰਗਾ ਲਈ। ਸਿੱਖ ਦੁਰਗਾ ਦੇ ਪੁਜਾਰੀ ਨਹੀਂ।

28.

ਚੰਡੀ ਚਰਿਤ੍ਰ: ਸੁਭਾ ਸੁਆਮਣੀ ਸ੍ਰਿਸਟਜਾ ਸਤ੍ਰੁ ਹੰਤੀ।250।
ਜਾਪੁ: ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ।83।
ਜਗ ਕੇ ਕਰਨ ਹੈਂ।173।

ਸੋਚ-ਵਿਚਾਰ: ਦੁਰਗਾ ਨੂੰ ਸ੍ਰਿਸਟਜਾ (ਜੱਗ ਨੂੰ ਪੈਦਾ ਕਰਨ ਵਾਲ਼ੀ) ਕਹਿ ਕੇ ‘ਚੰਡੀ ਚਰਿਤ੍ਰ’ ਵਿੱਚ ਉਸ ਦੀ ਵਡਿਆਈ ਕੀਤੀ ਹੈ। ‘ਜਾਪੁ’ ਵਿੱਚ ‘ਸਰਬ ਬਿਸ੍ਵ ਰਚਿਓ’ ਅਤੇ ‘ਜਗ ਕੇ ਕਰਨ ਹੈਂ’ ਲਿਖ ਦੇ ਦੁਰਗਾ ਦੇ ਜਗਤ ਰਚਨਾ ਕਰਨ ਦੇ ਗੁਣ ਨੂੰ ਹੀ ਬਿਆਨ ਕੀਤਾ ਗਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਕਵੀ ਦੁਰਗਾ ਨੂੰ ‘ਜਗਤ ਕਰਤਾ’ ਮੰਨ ਕੇ ਉਸ ਦੀ ਸਿਫ਼ਤਿ ਕਰਦਾ ਹੈ। ਗੁਰਬਾਣੀ ਇਹ ਨਹੀਂ ਮੰਨਦੀ ਕਿਉਂਕਿ ‘ਕਰਤਾ ਪੁਰਖੁ’ ਕੇਵਲ ਰੱਬ ਹੈ, ਦੁਰਗਾ ਨਹੀਂ। ਦੁਰਗਾ ਵੀ ਰੱਬ ਨੇ ਹੀ ਸਿਰਜੀ ਹੈ।

29.

ਚੰਡੀ ਚਰਿਤ੍ਰ: ਪਵਿਤ੍ਰੀ ਪੁਨੀਤਾ ਪੁਰਾਣੀ ਪਰੇਯੰ।251।
ਜਾਪੁ: ਪੁਨੀਤ ਮੂਰਤਿ-।83।ਆਦਿ ਰੂਪ-।79।ਨ੍ਰਿਬੂਝ ਹੈਂ।ਅਸੂਝ ਹੈਂ।37।

ਸੋਚ-ਵਿਚਾਰ:- ਚੰਡੀ ਚਰਿਤ੍ਰ ਵਿਚ ਦੁਰਗਾ ਨੂੰ ‘ਪਵਿਤ੍ਰੀ ਪੁਨੀਤਾ’ (ਸ਼ੁੱਧ ਸਰੂਪ), ‘ਪੁਰਾਣੀ’ (ਪੁਰਾਤਨ ਹੈ ਦੁਰਗਾ) ਅਤੇ ‘ਪਰੇਯੰ’ (ਸਮਝ ਤੋਂ ਪਰੇ ਦੁਰਗਾ) ਲਿਖਿਆ ਗਿਆ ਹੈ। ‘ਜਾਪੁ’ ਵਿੱਚ ਉਸੇ ਦੁਰਗਾ ਦੇ ਇਨ੍ਹਾਂ ਗੁਣਾਂ ਨੂੰ ‘ਪੁਨੀਤ ਮੂਰਤਿ’, ‘ਆਦਿ ਰੂਪ’ (ਪੁਰਾਣੀ), ‘ਨ੍ਰਿਬੂਝ’ ਅਤੇ ‘ਅਸੂਝ’ ( ਸਮਝ ਤੋਂ ਪਰੇ ) ਆਦਿਕ ਸਮਾਨਾਰਥਕ ਸ਼ਬਦ ਵਰਤ ਕੇ ਪ੍ਰਗਟ ਕੀਤਾ ਗਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਦੁਰਗਾ ਗੁਣਾ ਵਿੱਚ ਰੱਬ ਦੀ ਬਰਾਬਰੀ ਨਹੀਂ ਕਰ ਸਕਦੀ। ਇਨ੍ਹਾਂ ਛੰਦਾਂ ਵਿੱਚ ਲਿਖੇ ਗੁਣ ਦੁਰਗਾ ਨਾਲ਼ਿ ਨਹੀਂ ਜੋੜੇ ਜਾ ਸਕਦੇ ਭਾਵੇਂ ਕਵੀ ਨੇ ਦੁਰਗਾ ਨਾਲ਼ਿ ਜੋੜ ਕੇ ਲਿਖੇ ਹਨ। ਸਿੱਖ ਲਈ ਦੁਰਗਾ ਦੀ ਪੂਜਾ ਰੱਬ ਦੀ ਪੂਜਾ ਨਹੀਂ ਹੈ।

30.

ਚੰਡੀ ਚਰਿਤ੍ਰ: ਪ੍ਰਭੀ ਪੂਰਣੀ ਪਾਰਬ੍ਰਹਮੀ ਅਜੈਯੰ।251।
ਜਾਪੁ: ਕਿ ਬਿਭੂਤਿ ਕਰਨੈ।104।

ਸੋਚ-ਵਿਚਾਰ:- ਚੰਡੀ ਚਰਿਤ੍ਰ ਵਿੱਚ ਦੁਰਗਾ ਨੂੰ ਪ੍ਰਭੀ ( ਪ੍ਰਭਤਾ ਵਾਲ਼ੀ ) ਅਤੇ ‘ਜਾਪੁ’ ਵਿੱਚ ਦੁਰਗਾ ਦੇ ਇਸੇ ਗੁਣ ਨੂੰ ‘ਬਿਭੂਤਿ ਕਰਨੈ’ ਲਿਖਿਆ ਹੈ। ਬਾਕੀ ਸ਼ਬਦ, ਵਿਚਾਰੇ ਜਾ ਚੁੱਕੇ ਹਨ, ਜਿਵੇਂ ਦੁਰਗਾ ਦੇ ‘ਅਜੈਯੰ’ ਗੁਣ ਨੂੰ ‘ਜਾਪੁ’ ਵਿੱਚ ‘ਅਜੈ’, ‘ਅਗੰਜ’ ਆਦਿਕ ਸ਼ਬਦਾਂ ਨਾਲ਼ ਬਿਆਨ ਕੀਤਾ ਗਿਆ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ‘ਚੰਡੀ ਚਰਿਤ੍ਰ’ ਵਾਲ਼ੇ ਦੁਰਗਾ ਦੇ ਗੁਣ ‘ਜਾਪੁ’ ਵਿੱਚ ਵੀ ਪ੍ਰਗਟ ਕੀਤੇ ਹਨ। ਰੱਬ ਹੀ ਪ੍ਰਭੂ ਹੈ, ਪੂਰਨ ਹੈ ਤੇ ਪਾਰਬ੍ਰਹਮ ਹੈ, ਦੁਰਗਾ ਦੇਵੀ ਨਹੀਂ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top