Share on Facebook

Main News Page

ਇੱਕ ਹੋਰ ਬਚਿੱਤਰ ਨਾਟਕ
-: ਸੰਪਾਦਕ ਖ਼ਾਲਸਾ ਨਿਊਜ਼

ਬਚਿੱਤਰ ਨਾਟਕ ਦਾ ਮਤਲਬ ਤਾਂ ਸਭ ਨੂੰ ਪਤਾ ਹੋਣਾ ਹੈ ਕਿ ਇਹ ਸਿਰਫ ਨਾਟਕ ਹੈ, ਜੋ ਬੜਾ ਵਿਚਿੱਤਰ ਹੈ। ਨਾਟਕ ਸੱਚ ਨਹੀਂ ਹੁੰਦਾ... ਜਿਸ ਤਰ੍ਹਾਂ ਅਖੌਤੀ ਦਸਮ ਗ੍ਰੰਥ ਜਿਸਦਾ ਅਸਲੀ ਨਾਮ ਬਚਿੱਤਰ ਨਾਟਕ ਹੈ, ਵੀ ਅਸਲੀਯਤ ਨਹੀਂ, ਸਿਰਫ ਨਾਟਕ ਹੀ ਹੈ।

ਹੁਣੇ ਜਿਹੇ ਇੱਕ ਹੋਰ ਬਚਿੱਤਰ ਨਾਟਕ ਦੇਖਣ ਨੂੰ ਮਿਲਿਆ, ਜਿਸ ਦੀ ਪਹਿਲੀ ਕਿਸ਼ਤ 2013 'ਚ ਦੇਖਣ ਨੂੰ ਮਿਲੀ, ਅਤੇ ਆਮੀਰ ਖਾਨ ਦੀ ਫਿਲਮਾਂ ਦੀ ਤਰ੍ਹਾਂ, ਜੋ ਕਿ ਹਰ ਸਾਲ ਇੱਕ ਹੀ ਫਿਲਮ ਕਰਦਾ ਹੈ, ਇਸ ਨਾਟਕ ਦੀ ਦੂਜੀ ਕਿਸ਼ਤ ਸ਼ੁਰੂ ਹੋਈ।

2013 'ਚ ਇਸ ਨਾਟਕ ਦੇ ਮੁੱਖ ਅਦਾਕਾਰ ਜਿਸਦੇ ਸੋਚ 'ਤੇ ਕੋਈ ਸ਼ੱਕ ਨਹੀਂ ਸੀ, ਸੋਚ ਵਧੀਆ ਸੀ, ਉਪਰਾਲਾ ਵੀ ਚੰਗਾ ਸੀ, ਬੰਦੀ ਸਿੰਘਾਂ ਦੀ ਰਿਹਾਈ ਦਾਅਰਦਾਸ ਕੀਤੀ ਗਈ ਕਿ "ਜਾਂ ਤਾਂ ਸਿੰਘ ਰਿਹਾਅ ਹੋਣਗੇ, ਜਾਂ ਗੁਰਬਖਸ਼ ਸਿੰਘ ਫਤਹਿ ਬੁਲਾਵੇਗਾ"। ਸ਼ੁਰੁਆਤੀ ਦਿਨਾਂ 'ਚ ਕੋਈ ਬਹੁਤੀ ਹਿਲਜੁਲ ਨਹੀਂ ਹੋਈ, ਇਹ ਤੱਕ ਵੀ ਕਿਹਾ ਗਿਆ ਕਿ ਜੇ ਅਖੌਤੀ ਜਥੇਦਾਰ ਵੀ ਕੋਈ ਹੁਕਮਨਾਮਾ ਜਾਰੀ ਕਰਦੇ ਹਨ, ਤਾਂ ਮੰਨਿਆ ਨਹੀਂ ਜਾਵੇਗਾ। ਲੋਕਾਂ ਨੂੰ ਲੱਗਾ ਕਿ ਭਾਈ 'ਚ ਬਹੁਤ ਜਾਨ ਹੈ, ਲੋਕਾਂ ਨੇ ਸਾਥ ਦੇਣਾ ਸ਼ੁਰੂ ਕੀਤਾ। ਸਿੱਖਾਂ ਨੇ ਥੋੜ੍ਹੇ ਹੀ ਦਿਨਾਂ 'ਚ ਇਹ ਨੂੰ ਇੱਕ ਲਹਿਰ ਦਾ ਰੂਪ ਦੇ ਦਿੱਤਾ। ਨਾਮੀ ਗਿਰਾਮੀ ਲੋਕ, ਵਿਦਵਾਨ, ਮਿਸ਼ਨਰੀ, ਗਾਇਕ, ਹਰ ਵਰਗ ਦੇ ਸਿੱਖਾਂ ਅਤੇ ਗੈਰ ਸਿੱਖਾਂ ਨੇ ਵੀ ਇਸ ਵਿੱਚ ਯੋਗਦਾਨ ਦੇਣਾ ਸ਼ੁਰੂ ਕੀਤਾ।

ਇਹ ਸੀ ਗੁਰਬਖਸ਼ ਸਿੰਘ ਪਲਟਬਾਜ਼ੀ, ਜੋ ਉਨ੍ਹਾਂ ਨੇ ਗੁਰੂ ਸਾਹਮਣੇ ਕੀਤੀ ਅਰਦਾਸ ਤੋਂ ਮੁਨਕਰ ਹੁੰਦਿਆਂ, ਅਖੌਤੀ ਜਥੇਦਾਰਾਂ ਦੇ ਆਦੇਸ਼ ਨੂੰ ਪ੍ਰਮੁਖਤਾ ਦਿੱਤੀ।

ਕੀ ਇਹ ਹੈ ਸਿੱਖ ਦੀ ਨਿਸ਼ਾਨੀ, ਕਿ ਆਪਣੇ ਬਿਆਨ ਈ ਬਦਲੀ ਜਾਏ… ਗੁਰਬਾਣੀ ਇਸ ਬਾਰੇ ਕਹਿੰਦੀ ਹੈ ਕਿ: ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ

ਇਹ ਸਭ ਦੇਖ ਕੇ ਸਿੱਖ ਵਿਰੋਧੀਆਂ ਨੂੰ ਪਿੱਸੂ ਪੈ ਗਏ, ਕਿ ਜੇ ਸਿੱਖ ਇਸ ਤਰ੍ਹਾਂ ਇੱਕਠੇ ਹੋ ਗਏ ਤਾਂ ਕੰਮ ਖਰਾਬ ਹੋ ਸਕਦਾ ਹੈ। ਫਿਰ ਸ਼ੁਰੂ ਹੋਈ ਬਾਦਲ ਦੇ ਪਿੱਠੂਆਂ ਦੀ ਖੇਡ। ਇੱਕ ਪੀਰ ਨੂੰ 24 ਘੰਟੇ ਉਥੇ ਰਹਿਣ ਦਾ ਹੁਕਮ, ਹਰ ਪਲ ਦੀ ਖਬਰ ਸਰਕਾਰ ਤੱਕ ਪਹੁੰਚਾਉਣ ਦਾ ਪਲੈਨ, ਫਿਰ ਸੱਪ ਸਮਾਜ ਵੱਲੋਂ ਇਸ ਲਹਿਰ ਨੂੰ ਆਪਣੇ ਵਲੇਟੇ 'ਚ ਲਿਆ, ਅਤੇ ਗੁਰਬਖਸ਼ ਸਿੰਘ ਨੂੰ ਆਪਣੇ ਵਲੇਟੇ 'ਚ ਲਿਆ। ਸਿੱਦਕੀ ਸਿੱਖ ਸਮਝ ਹੀ ਨਾ ਸਕਿਆ ਕਿ ਉਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਸੱਪ ਸਮਾਜ ਜੋ ਕਿ ਆਰ.ਐਸ.ਐਸ. ਦੀ ਇਕ ਸ਼ਾਖਾ ਹੀ ਹੈ, ਨੇ ਸਾਰੀ ਲਹਿਰ ਦੀ ਰੂਪ ਰੇਖਾ ਹੀ ਬਦਲ ਦਿੱਤੀ।

ਜਿਹੜੇ ਭਾਈ ਗੁਰਬਖਸ਼ ਸਿੰਘ, ਅਖੌਤੀ ਜਥੇਦਾਰ ਨੂੰ, ਮੱਕੜ ਨੂੰ ਬੜੇ ਹੀ ਰੁੱਖੇ ਢੰਗ ਨਾਲ ਸੰਬੋਧਿਤ ਹੁੰਦੇ ਸੀ, ਉਨ੍ਹਾਂ ਨੇ ਸਾਰੀ ਲਹਿਰ ਦੀ ਬਾਗਡੋਰ ਪੱਪੂ ਦੇ ਹੱਥਾਂ 'ਚ ਫੜਾ ਦਿੱਤੀ। ਸੱਪ ਸਮਾਜ ਅਤੇ ਪੁੱਪੂ ਦੀ ਕਾਰਸਤਾਨੀ ਨਾ ਸਮਝਦਿਆਂ ਹੋਇਆਂ, ਗੁਰਬਖਸ਼ ਸਿੰਘ ਨੇ ਸ੍ਰੀ ਅਕਾਲ ਤਖ਼ਤ 'ਤੇ ਜਾ ਆਪਣੀ ਭੁੱਖ ਹੜਤਾਲ ਤੋੜੀ, ਤੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜਥੇਦਾਰ ਸਾਹਿਬ ਗੁਰੂ ਸਾਹਿਬ ਵਲੋਂ ਵਰੋਸਾਏ ਹੋਏ ਨੇ। ਤੇ ਇਸ ਤਰ੍ਹਾਂ ਇੱਕ ਬਣੀ ਹੋਈ ਲਹਿਰ ਨੂੰ ਨੇਸਤੋਨਾਬੂਦ ਕਰ ਦਿੱਤਾ। ਬਹੁਤੇ ਸਿੱਖ ਇਸ ਗੱਲ ਤੋਂ ਬਹੁਤ ਨਿਰਾਸ਼ ਹੋਏ। ਨਾ ਤਾਂ ਸਿੰਘ ਰਿਹਾਅ ਹੋਏ (ਸਿਰਫ ਪੈਰੋਲ 'ਤੇ ਇੱਕ ਮਹੀਨੇ ਲਈ ਬਾਹਰ ਆਏ), ਨਾ ਭਾਣਾ ਵਰਤਿਆ, ਤੇ ਗੁਰੂ ਸਾਹਿਬ ਅੱਗੇ ਕੀਤੀ ਅਰਦਾਸ ਦਾ ਮੌਜੂ ਉੜਾ ਕੇ ਰੱਖ ਦਿੱਤਾ।

ਗੁਰਬਖਸ਼ ਸਿੰਘ ਨੂੰ ਸਿੱਖਾਂ ਵਲੋਂ ਕਾਫੀ ਮਾਲੀ ਸਹਾਇਤਾ, ਕਾਰਾਂ ਅਤੇ ਕਈ ਕੁੱਝ ਪ੍ਰਾਪਤ ਹੋਇਆ। ਇੱਕ ਸਾਲ ਬੀਤਣ ਤੋਂ ਬਾਅਦ ਵੀ ਅਖੌਤੀ ਜਥੇਦਾਰ ਵਲੋਂ ਕੀਤੇ ਗਏ ਗੁਰਬਖਸ਼ ਸਿੰਘ ਨਾਲ ਵਾਅਦੇ ਪੂਰੇ ਨਾ ਹੋਏ, ਜਿਹੜੇ ਵਾਅਦੇ ਸਿਰਫ ਲਹਿਰ ਨੂੰ ਬਰਬਾਦ ਕਰਨ ਲਈ ਹੀ ਕੀਤੇ ਗਏ ਸਨ।

ਅਗਾਂਹ ਜਾਣ ਤੋਂ ਪਹਿਲਾਂ ਪਾਠਕ ਆਪ ਦੇਖਣ ਕਿ 2013 'ਚ ਰਖੀ ਭੁੱਖ ਹੜਤਾਲ ਸ਼ੁਰੂ ਕਰਨ ਦੇ ਸ਼ੁਰੂਆਤੀ ਦਿਨਾਂ ‘ਚ ਭਾਈ ਗੁਰਬਖਸ਼ ਸਿੰਘ ਦਾ ਬਿਆਨ ਦੇਖੋ / ਪੜ੍ਹੋ:

…ਮੈਂ ਹੱਥ ਜੋੜਕੇ ਪ੍ਰਣਾਮ ਕਰਦਾ ਹਾਂ ਅਕਾਲ ਤਖਤ ਸਾਹਿਬ ਨੂੰ, ਜਥੇਦਾਰਾਂ ਨੂੰ, ਸੱਚਾਈ ਇਹ ਹੈ ਕਿ ਜਿਨਾਂ ਝੂਠ "ਸਿੰਘ ਸਾਹਿਬ" ਨੇ ਬੋਲਿਆ, ਇਨਾਂ ਇੱਕ ਸਾਧਾਰਣ ਸਿੱਖ, ਅੰਮ੍ਰਿਤਧਾਰੀ ਵੀ ਨਹੀਂ ਬੋਲ ਸਕਦਾ, ਜੇ ਮੈਂ, ਇਹ ਮੇਰੀ ਨੀਤੀ ਗਲਤ ਹੈ, ਭੁੱਖ ਹੜਤਾਲ ਗਲਤ ਹੈ, ਤੇ ਸਿੰਘ ਸਾਹਿਬ ਇੱਥੇ ਪੰਜ ਵਾਰੀ ਆਏ ਨੇ, ਮੇਰੇ ਕੋਲ, ਇਹ ਕਹਿਣ ਲੱਗੇ ਕਿ ਬਾਦਲ ਸਾਹਿਬ ਨੇ ਆ ਕਹਿਤਾ, ਮੈਂ ਦਿੱਲੀ ਗਿਆ ਸਾਂ, ਮੈਂ ਢੀਂਡਸਾ ਸਾਹਿਬ ਨੂੰ ਮਿਲਿਆ, ਮੈਂ ਸੁਖਦੇਵ ਸਿੰਘ ਨੂੰ ਮਿਲਿਆ, ਮੈਂ ਫਲਾਣੇ ਨੂੰ ਮਿਲਿਆ, ਮੈਂ ਕਹਿਨਾਂ ਕਿ ਕਿ ਇਸ ਤੋਂ ਹੋਰ ਅਕ੍ਰਿਤਘਣ ਗੱਲ ਹੀ ਕੋਈ ਨਹੀਂ, ਅਕਾਲ ਤਖ਼ਤ ਸਾਡੀ ਸੁਪਰੀਮ ਪਾਵਰ ਦਾ ਜੁੰਮੇਵਾਰ ਬੰਦਾ ਝੂਠ ਬੋਲੇ.. ਅੱਜ ਤਾਂ ਪਤਾ ਕੀ ਹੁੰਦਾ ਇੱਕ ਬੰਦਾ ਝੂਠ ਬੋਲੇ ਨਾ ਮੀਡੀਆ ਵਾਲੇ ਉਹਨੂੰ ਗਲੋਂ ਫੜ ਲੈਂਦੇ, ਯਾਰ ਤੂੰ ਝੂਠ ਬੋਲ ਰਿਹੈਂ, ਠੀਕ ਹੈ ਨਾ...

ਅਸੀਂ ਮੈਂ ਇਹ ਸਪਸ਼ਟੀਕਰਨ ਦੇ ਸਕਦਾ ਹਾਂ, ਕਿ ਅੱਜ ਜਿਹੜੇ ਸਾਡੇ ਗੁਰੂ ਧਾਮ ਨੇ ਨਾ ਇਹ ਮਹੰਤਾਂ ਦੇ ਕਬਜ਼ੇ ਥੱਲੇ ਆ ਗਏ ਨੇ ਦੁਬਾਰਾ, ਇੱਕ ਪਰਿਵਾਰ ਬਣ ਕੇ ....

ਇਹ ਜਥੇਦਾਰ ਜਿਹਨੇ ਮਾਰਚ ਆਰੰਭ ਕਰਾ ਕੇ, ਪੰਜਾਂ ਪਿਆਰਿਆਂ ਦੀ ਦਸਤਾਰ ਲਵ੍ਹਾਈ, ਉਸਨੂੰ ਜਥੇਦਾਰ ਕਹਾਉਣ ਦਾ ਹੱਕ ਈ ਕੋਈ ਨੀ.. ਆਪਣਾ ਸਿਰ ਡਾਹ ਕੇ ਬਾਦਲ ਦੇ ਪੈਰ ਘੁੱਟੀ ਜਾਏ, ਉਸਦੀ ਕੁਰਸੀ ਥੱਲੇ ਆਪਣੇ ਪੰਜੇ ਰੱਖ ਲਏ... ਜ਼ੁਬਾਨ ਪਿੱਛੋਂ ਸੁਖਬੀਰ ਬਾਦਲ ਨੇ ਫੜੀ ਹੈ, ਜਿੱਦਾਂ ਉਨ੍ਹਾਂ ਨੇ ਬੁਲਾਉਣਾ ਉਦਾਂ ਬੋਲਦਾ, ਮੈਂਨੂੰ ਕੋਈ ਇਤਰਾਜ ਨਹੀਂ, ਨਾ ਮੱਕੜ ਨਾਲ ਨਾ ਕਿਸੇ ਨਾਲ ...

ਤੇ ਫਿਰ  ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ 27 ਦਸੰਬਰ 2013 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਰਦਾਸ ਕਰਕੇ ਤੋੜੀ, ਜਿੱਥੇ ਉਨ੍ਹਾਂ ਨੇ ਜਥੇਦਾਰਾਂ ਦੀ ਸਿਫਤ ਕਰਦਿਆਂ ਇਹ ਗਲ ਕਹੀ ਕਿ…

…ਚੜ੍ਹਦੀ ਕਲਾ ਵਾਲਾ ਜੀਵਨ ਹੈ ਸਿੰਘ ਸਾਹਿਬ ਦਾ, ਆਪਾਂ ਜਿਹੜੇ ਆ ਮਾੜੇ ਸ਼ਬਦ ਵਰਤਦੇ ਹਾਂ ਨਾ, ਇਨ੍ਹਾਂ ਤੋਂ ਵੀ ਗੁਰੇਜ਼ ਕਰੀਏ, ਥਾਪੜਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ, ਇਹ ਤਖ਼ਤਾਂ ਦੇ ਥਾਪੇ ਹੋਏ ਜਥੇਦਾਰ ਨੇ, ਸਾਡੇ ਥਾਪੇ ਹੋਏ ਨਹੀਂ, ਗੁਰੂ ਦੇ ਥਾਪੇ ਨੇ। ਤੇ ਮੈਂ ਅਜ ਨਾ ਪੂਰੀ ਦੁਨੀਆ 'ਚ ਵਸਦੀ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ ਕਿ ਭਲਿਓ, ਜੇ ਸਾਡੇ ਤੋਂ ਭਲਾ ਨਹੀਂ ਹੁੰਦਾ ਤਾਂ ਬੁਰਾ ਵੀ ਨਾ ਕਰੀਏ, ਜੇ ਕਿਸੇ ਦਾ ਮਾਣ ਨਹੀਂ ਹੁੰਦਾ, ਉਸਦਾ ਅਪਮਾਨ ਵੀ ਨਾ ਕਰੀਏ। ਤੇ ਇਥੇ ਸਵੇਰੇ ਵੀ ਇੱਥੇ ਰੌਲ਼ਾ ਪਿਆ ਹੋਇਆ ਸੀ, ਕਿ ਅਕਾਲ ਤਖ਼ਤ ਨੂੰ ਨਹੀਂ ਮੰਨਦੇ, ਜਥੇਦਾਰ ਨੂੰ ਨਹੀਂ ਮੰਨਦੇ, ਤੇ ਫਿਰ ਤੁਸੀਂ ਮੰਨਦੇ ਕਿਸਨੂੰ ਹੋ, ਤੇ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਨਹੀਂ ਮੰਨਦਾ, ਮੈਂ ਉਸਨੂੰ ਸਿੱਖ ਨਹੀਂ ਮੰਨਦਾ।

 

 

ਤੇ ਹੁਣ ਵਾਪਸ ਮੁੜ੍ਹਦੇ ਹਾਂ, ਇਸ ਸਾਲ ਦੀ ਕਿਸ਼ਤ 'ਚ...

ਇੱਕ ਸਾਲ ਬਾਅਦ ਫਿਰ ਉਸ ਨਾਟਕ ਦੀ ਦੂਜੀ ਕਿਸ਼ਤ ਸ਼ੁਰੂ ਕੀਤੀ ਗਈ, ਜਿਸ ਦਾ ਨਾਹਰਾ ਫਿਰ ਉਹੀ ਸੀ, "ਇਸ ਵਾਰ ਜਾਂ ਤਾਂ ਮਰਾਂਗਾ ਤੇ ਜਾਂ ਰਿਹਾਈ ਹੋਏਗੀ, ਹੁਣ ਸੰਘਰਸ਼ ਆਰ-ਪਾਰ ਦਾ ਹੈ", "ਜਾਂ ਤਾਂ ਸਿੰਘ ਰਿਹਾਅ ਹੋਣਗੇ, ਜਾਂ ਗੁਰਬਖਸ਼ ਸਿੰਘ ਫਤਹਿ ਬੁਲਾਵੇਗਾ"। ਸਰਕਾਰੀ ਤੰਤਰ ਨੇ ਇਸ ਵਾਰੀ ਭਾਈ ਗੁਰਬਖਸ਼ ਸਿੰਘ ਨੂੰ ਆਪਣੇ ਤਰੀਕੇ ਨਾਲ ਵਰਤਿਆ। ਪੰਜਾਬ 'ਚ ਕਿਸੇ ਨੇ ਥਾਂ ਨਹੀਂ ਦਿੱਤੀ, ਇਸੇ ਲਈ ਹਰਿਆਣੇ ਦੇ ਇੱਕ ਗੁਰਦੁਆਰੇ ਵਿਖੇ ਥਾਂ ਦੁਆਈ ਗਈ।

ਕਾਠ ਕੀ ਹਾਂਡੀ ਬਾਰ ਬਾਰ ਨਹੀਂ ਚੱੜਦੀ ਦੇ ਮੁਹਾਵਰੇ ਅਨੁਸਾਰ ਇਸ ਵਾਰੀ ਬਹੁਤੇ ਸਿੱਖਾਂ ਨੇ ਇਸ ਬਚਿੱਤਰ ਨਾਟਕ ਨੂੰ ਬਹੁਤਾ ਹੁੰਗਾਰਾ ਨਾ ਦਿੱਤਾ। ਇਸ ਵਾਰੀ ਇਸ ਨਾਟਕ 'ਚ ਖਿੱਚ ਦਾ ਕੇਂਦਰ ਸੀ "ਪਰਚੀ" ਫਾਰਮੂਲਾ। ਥੋੜ੍ਹੇ ਦਿਨਾਂ ਬਾਅਦ ਸ਼ੋਸ਼ਾ ਛਡਿਆ ਗਿਆ ਕਿ ਪਾਣੀ ਵੀ ਛੱਡ ਦਿੱਤਾ ਗਿਆ ਹੈ। ਦੋ ਕੁ ਦਿਨਾਂ ਬਾਅਦ ਖਬਰ ਆਈ ਕਿ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਪਾਣੀ ਪੀ ਲਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਦੋ ਪਰਚੀਆਂ ਰੱਖੀਆਂ ਗਈਆਂ, ਇੱਕ ਨਿਆਣੇ ਕੋਲੋਂ ਸਕੀਮ ਅਨੁਸਾਰ ਉਹ ਪਰਚੀ ਕੱਢਵਾਈ ਗਈ ਜਿਸ ਵਿੱਚ "ਪਾਣੀ ਪੀ ਲਵੋ" ਲਿਖਿਆ ਗਿਆ ਸੀ, ਤੇ ਪਾਣੀ ਪੀ ਲਿਆ ਗਿਆ।

ਥੋੜ੍ਹੇ ਦਿਨਾਂ ਬਾਅਦ ਐਲਾਨ ਹੋਇਆ ਕਿ ਇੱਕ ਮਾਰਚ ਲੈ ਕੇ ਅੰਮ੍ਰਿਤਸਰ ਜਾਣਾ ਹੈ। ਸਾਰੇ ਇੰਤਜ਼ਾਮ ਕੀਤੇ ਗਏ, ਪਰ ਜਿਸ ਦਿਨ ਮਾਰਚ ਜਾਣਾ ਸੀ, ਉਸ ਦਿਨ ਵੀ ਫਿਰ ਸਸਪੈਂਸ... "ਪਰਚੀ ਫਾਰਮੂਲਾ" ਵਰਤਿਆ ਗਿਆ, ਤੇ ਅੰਮ੍ਰਿਤਸਰ ਨਾ ਜਾਣ ਦਾ ਫੈਸਲਾ ਹੋ ਗਿਆ। ਨੌਜਵਾਨ ਜੋ ਕਿ ਬੜੀ ਦੂਰੋਂ ਦੂਰੋਂ ਆਏ ਸੀ, ਮਾਯੂਸ ਹੋਏ। ਇੱਥੇ ਵੀ ਪੀਰਾਂ ਦਾ ਕਾਰਨਾਮਾ ਜੱਗ ਜ਼ਾਹਿਰ ਹੋਇਆ। ਜੇ ਪਰਚੀਆਂ ਹੀ ਪਾਉਣੀਆਂ ਸਨ ਤਾਂ ਐਨਾ ਖੱਪ ਖਾਨਾ ਕਿਉਂ ਕਰਨਾ ਸੀ? ਪਰਚੀਆਂ ਹੀ ਪਾ ਲਈਆਂ ਜਾਂਦੀਆਂ ਕਿ...

ਫਿਰ ਦੋ ਕੁ ਦਿਨਾਂ ਬਾਅਦ ਇਸ ਬੱਚਿਤਰ ਨਾਟਕ 'ਚ ਇੱਕ ਹੋਰ ਸਸਪੈਂਸ ਕੀਤਾ ਗਿਆ ਕਿ ਭਾਈ ਸਾਹਿਬ ਨੂੰ ਪੁਲਿਸ ਹਸਪਤਾਲ ਲੈ ਗਈ, ਕੋਈ ਕਹਿੰਦਾ ਪਰਿਵਾਰ ਦੇ ਜ਼ੋਰ 'ਤੇ ਹਸਪਤਾਲ ਗਏ, ਕੋਈ ਕਹਿੰਦਾ ਭਾਈ ਸਾਹਿਬ ਆਪ ਹੀ ਹਸਪਤਾਲ ਗਏ... ਹੈ ਨਾ ਬਚਿੱਤਰ ਨਾਟਕ... ਹਰ ਪਾਸੇ ਭੰਬਲਭੂਸਾ...

ਫਿਰ ਦੋ ਕੁ ਦਿਨਾਂ ਬਾਅਦ ਭਾਈ ਸਾਹਿਬ ਨੇ ਸਸਪੈਂਸ 'ਚ ਆਖਰੀ ਥ੍ਰਿਲਰ ਪੇਸ਼ ਕੀਤਾ ਤੇ ਹਸਪਤਾਲ 'ਚ ਦਾਖਲ ਹੋ ਕੇ ਸੱਪ ਸਮਾਜ ਅਤੇ ਦਿੱਲੀ ਕਮੇਟੀ ਦੀ ਸਕੀਮ ਅਨੁਸਾਰ ਹੜਤਾਲ ਤੋੜ ਦਿੱਤੀ।... ਤੇ ਪਰਦਾ ਡਿੱਗ ਗਿਆ... ਤੇ ਭਾਈ ਗੁਰਬਖਸ਼ ਸਿੰਘ ਸਭ ਨੂੰ ਫਤਹਿ ਜ਼ਰੂਰ ਬੁਲਾ ਕੇ ਗਿਆ... ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਤੇ ਆਪਣੇ ਪਿੰਡ ਠਸਕਾ ਅਲੀ ਰਵਾਨਾ ਹੋ ਗਿਆ...

ਹੈ ਕਿ ਨਹੀਂ ਇਹ ਬਚਿੱਤਰ ਨਾਟਕ... ਤੇ ਇਸ ਬਚਿੱਤਰ ਨਾਟਕ ਨੂੰ ਨੌਜਵਾਨ ਸਿੱਖਾਂ ਬੜੇ ਚਾਅ ਨਾਲ ਦੇਖਿਆ ਤੇ ਭਾਗ ਵੀ ਲਿਆ... ਤੇ ਖਟਿਆ ਕੀ? ਨਾ ਸਿੰਘ ਰਿਹਾਅ ਹੋਏ, ਤੇ ਨਾ ਭਾਣਾ ਵਰਤਿਆ। ਭਾਈ ਸਾਹਿਬ ਦੇ ਨਾਲ ਰਹੇ ਸਤਿਕਾਰ ਕਮੇਟੀ ਦੇ ਦੁਆਬਾ ਯੁਨਿਟ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਦੇ ਬਿਆਨ ਮੁਤਾਬਿਕ ਭਾਈ ਗੁਰਬਖਸ਼ ਸਿੰਘ ਤਾਕਤ ਦੇ ਟੀਕੇ ਲਵਾਉਂਦੇ ਰਹੇ, ਟੌਨਿਕ ਪੀਂਦੇ ਰਹੇ... ਇਹ ਕਿਸ ਤਰ੍ਹਾਂ ਦੀ ਭੁੱਖ ਹੜਤਾਲ... ਪਿਛਲੀ ਵਾਰੀ ਇਹ ਭਾਈ ਸਾਹਿਬ ਪ੍ਰਸ਼ਾਦ ਦੇ ਨਾਮ 'ਤੇ ਕੜਾਹ ਖਾਂਦੇ ਰਹੇ... ਤੇ ਬੈਠੇ ਹਨ ਭੁੱਖ ਹੜਤਾਲ ਤੇ... ਹੈ ਨਾ ਬਚਿੱਤਰ ਨਾਟਕ... ਸਿੱਖਾਂ ਨਾਲ ਮਜ਼ਾਕ !

ਸਿਰਫ ਇਕ ਕੰਮ ਹੋਇਆ ਕਿ ਜਿਸ ਬਾਰੇ ਸਿੱਖਾਂ ਨੂੰ ਨਹੀਂ ਸੀ ਪਤਾ, ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਮਸਲਾ ਕੌਮ ਅੱਗੇ ਆ ਗਿਆ, ਪਰ ਇਹ ਸੰਘਰਸ਼ ਬੰਦੀ ਸਿੰਘਾਂ ਦੀ ਰਿਹਾਈ ਨਾਲੋਂ ਗੁਰਬਖਸ਼ ਸਿੰਘ ਦਾ ਮੋਰਚਾ ਬਣ ਗਿਆ। ਇੱਕ ਚੰਗੇ ਉਪਰਾਲੇ ਦਾ ਨਾਟਕੀ ਕਰਣ ਹੋ ਗਿਆ ਅਤੇ ਸਰਕਾਰੀ ਤੰਤਰ ਅਤੇ ਸਿੱਖ ਵਿਰੋਧੀ ਸੋਚ ਨੇ ਇਸ ਦਾ ਖੂਬ ਲਾਹਾ ਲਿਆ

ਕਈ ਨੁਕਸਾਨ ਹੋਏ:

1. ਸਿੱਖ ਦੀ ਅਰਦਾਸ ਦਾ ਮਜ਼ਾਕ ਬਣ ਗਿਆ।
2. ਸਿੱਖ ਦੇ ਸਿਦਕ ਦੀ ਮਿੱਟੀ ਪਲੀਤ ਕੀਤੀ ਗਈ।
3. ਸਿੱਖ ਨੌਜਵਾਨਾਂ ਦੀ ਸੀ.ਆਈ.ਡੀ ਨੇ ਲਿਸਟ ਤਿਆਰ ਕਰ ਲਈ।

ਸਿੱਖ ਨੌਜਵਾਨਾਂ ਨੇ ਇਸ "ਸੰਘਰਸ਼" 'ਚ ਵੱਧ ਚੱੜ੍ਹ ਕੇ ਯੋਗਦਾਨ ਪਾਇਆ, ਪਰ ਪੱਲੇ ਕੀ ਪਿਆ, ਫਿਰ ਜੇਲ੍ਹਾਂ!!! ਇਹ ਤਾਂ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ:

ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਹ੍ਹਾ ਪੜ੍ਹ੍ਹਿਆ ਨਾਉਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ

ਸ਼ਿਕਾਰੀ ਇਕ ਹਿਰਣ ਨੂੰ ਤਿਆਰ ਕਰਕੇ ਜੰਗਲ ਵਿੱਚ ਛੱਡਦਾ ਹੈ, ਕਿ ਜੋ ਉਹ ਬਾਕੀ ਦੇ ਹਿਰਣਾਂ ਨੂੰ ਨਾਲ ਲਿਆ ਸਕੇ। ਬਾਕੀ ਦੇ ਹਿਰਣ ਉਸ ਹਿਰਣ 'ਤੇ ਵਿਸ਼ਵਾਸ ਕਰਕੇ ਉਸ ਜੰਗਲ ਵਿੱਚ ਆ ਜਾਂਦੇ ਹਨ ਤੇ ਸ਼ਿਕਾਰੀ ਆਪਣੇ ਸਿਖਾਏ ਹੋਏ ਹਿਰਣ ਨੂੰ ਤਾਂ ਕੁੱਝ ਨਹੀਂ ਕਹਿੰਦਾ ਪਰ ਬਾਕੀਆਂ ਦਾ ਸ਼ਿਕਾਰ ਕਰ ਲੈਂਦਾ ਹੈ। ਇਸੇ ਤਰ੍ਹਾਂ ਬਾਜ ਨੂੰ ਵੀ ਸ਼ਿਕਾਰੀ ਤਿਆਰ ਕਰਦਾ ਹੈ, ਤੇ ਬਾਕੀ ਦੇ ਬਾਜਾਂ ਨੂੰ ਆਪਣੇ ਨਾਲ ਲਿਆ ਕੇ, ਸ਼ਿਕਾਰੀ ਕੋਲੋਂ ਮਰਵਾ ਦਿੰਦਾ ਹੈ। ਤੇ ਇਸੇ ਤਰ੍ਹਾਂ ਸਰਕਾਰੀ ਅਹਿਲਕਾਰ (ਸਿਕਦਾਰ) ਨੂੰ ਵੀ ਸਰਕਾਰ ਤਿਆਰ ਕਰਦੀ ਹੈ, ਸਿੱਖਾਂ ਵਰਗਾ ਰੂਪ ਅਖਤਿਆਰ ਕਰਵਾ ਦਿੰਦੀ ਹੈ, ਸਿੱਖਾਂ 'ਚ ਹੀ ਫਿਰਦਾ ਹੈ, ਨਾਰੇ ਲਗਾਉਂਦਾ ਹੈ, ਜੈਕਾਰੇ ਛੱਡਦਾ ਹੈ, ਭੁੱਖ ਹੜਤਾਲਾਂ ਕਰਵਾਉਂਦਾ ਹੈ, ਤੇ ਆਪਣੇ ਵਰਗ ਦੇ ਸਿੱਖ ਨੌਜਵਾਨ ਜਦੋਂ ਹਿਰਣਾਂ, ਬਾਜਾਂ ਦੀ ਤਰ੍ਹਾਂ ਸਰਕਾਰੀ ਅਹਿਲਕਾਰ ਦੇ ਨਾਟਕ ਨੂੰ ਨਾ ਸਮਝਦਿਆਂ ਕਾਰਾਂ, ਮੋਟਰ ਸਾਇਕਲਾਂ 'ਤੇ ਜੈਕਾਰੇ ਲਾਉਂਦੇ ਪਹੁੰਚਦੇ ਹਨ, ਤਾਂ... ਫਾਂਧੀ ਲਗ ਗਈ ਨਾ!!! ਬਾਕੀ ਪਾਠਕ ਸਮਝਦਾਰ ਹਨ...

ਓ ਭਲਿਓ, ਸਮਝੋ ਇਨ੍ਹਾਂ ਸਰਕਾਰੀ ਅਹਿਲਕਾਰਾਂ ਦੀਆਂ ਚਾਲਾਂ ਨੂੰ। 1984 ਤੋਂ ਬਾਅਦ ਹੁਣ ਸਿੱਖਾਂ ਦੀ ਵਰਤਮਾਨ ਪੀੜ੍ਹੀ ਜਵਾਨ ਹੋਈ ਹੈ, ਜਿਸਦੀ ਨਸਲਕੁਸ਼ੀ ਕਰਣ ਦੀ ਵਿਉਂਤਬੰਦੀ ਚਲ ਰਹੀ ਹੈ। ਬਹੁਤ ਸਾਰੀ ਜਵਾਨੀ ਤਾਂ ਨਸ਼ਿਆਂ, ਬੇਰੋਜ਼ਗਾਰੀ, ਅਨਪੜ੍ਹਤਾ ਨੇ ਖਾ ਲਈ, ਬਾਕੀ ਦੀ ਜਿਹੜੀ ਕਿਸੇ ਤਰ੍ਹਾਂ ਬੱਚ ਗਈ ਉਹ ਇਨ੍ਹਾਂ ਅਹਿਲਕਾਰਾਂ ਨੇ ਸੱਪ ਸਮਾਜ, ਪੱਪੂਆਂ ਦੀ ਸਕੀਮ ਨਾਲ ਆਰ.ਐਸ.ਐਸ. ਦੇ ਹੱਥੇ ਚੱੜ੍ਹਾ ਕੇ ਖਤਮ ਕਰਨੀ ਹਨ। ਬਚੋ ਜੇ ਬੱਚ ਹੁੰਦਾ।

ਇਕ ਸੂਰਮਾ ਉਹ ਸੀ ਜਿਹੜਾ ਸਰੀਰ ਦੀ ਮੌਤ ਨੂੰ ਮੌਤ ਨਹੀਂ ਸੀ ਮੰਨਦਾ, ਜ਼ਮੀਰ ਦੀ ਮੌਤ ਨੂੰ ਮੌਤ ਮੰਨਦਾ ਸੀ, ਤੇ ਇਸ ਬਚਿੱਤਰ ਨਾਟਕ ਦਾ ਹੀਰੋ ਜੋ ਦੂਸਰਾ ਭਿੰਡਰਾਂਵਾਲਾ ਬਣਨਾ ਲੋਚਦਾ ਸੀ, ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਬਚਾਉਣ ਲਈ ਗੁਰੂ ਅੱਗੇ ਕੀਤੀ ਅਰਦਾਸ ਤੋਂ ਭਗੌੜਾ ਹੋ ਕੇ, ਜ਼ਮੀਰ ਮਾਰ ਕੇ ਬੱਚਣਾ ਚਾਹੁੰਦਾ ਹੈ, ਤੇ ਹਾਲ ਦੀ ਘੜੀ ਬੱਚ ਵੀ ਗਿਆ, ਫਿਰ ਕਿਹੜਾ ਮੌਤ ਨਹੀਂ ਆਉਣੀ... ਹੁਣ ਤਾਂ ਫਿਰ ਵੀ ਸ਼ਹਾਦਤ ਹੋਣੀ ਸੀ, ਫਿਰ ਔਰੰਗਜ਼ੇਬ ਦੀ ਮੜੀ ਵਾਲਾ ਹਾਲ ਹੋਣਾ ਹੈ...

ਕਈਆਂ ਨੇ ਕਹਿਣਾ ਹੈ ਕਿ ਤੁਸੀਂ ਕੀਤਾ, ਤੁਸੀਂ ਰਹਿ ਸਕਦੇ ਹੋ ਭੁੱਖੇ... ਭਲਿਓ ਘੱਟੋ ਘੱਟ ਅਸੀਂ ਨਾਟਕ ਤਾਂ ਨਹੀਂ ਕਰਦੇ, ਤੇ ਜਿਸਨੇ ਭੁੱਖੇ ਰਹਿਣ ਦਾ ਨਾਟਕ ਕੀਤਾ ਹੈ, ਉਸ ਬਾਰੇ ਤਾਂ ਉਪਰ ਦਿੱਤੀ ਆਡੀਓ ਹੀ ਪੋਲ ਖੋਲ ਦਿੰਦੀ ਹੈ।

...ਅੰਤ ਵਿੱਚ ਅਰਦਾਸ ਹੈ ਕਿ ਸਿੱਖੋ ਸਿਰਫ ਗੁਰੂ ਗੰਥ ਸਾਹਿਬ ਨੂੰ ਗੁਰੂ ਮੰਨਕੇ, ਗੁਰਬਾਣੀ ਅਨੁਸਾਰ ਜੀਵਨ ਢਾਲੋ, ਤੇ ਜਿਸ ਨਾਲ ਸਾਡੇ ਵਿੱਚ ਦ੍ਰਿੜਤਾ ਆਵੇ ਕਿ ਅਸੀਂ ਗੁਰੂ ਸਨਮੁੱਖ ਕੀਤੇ ਹੋਏ ਕਰਾਰ ਕੌਲ ਨਿਭਾ ਸਕੀਏ ਅਤੇ ਬਚਿੱਤਰ ਨਾਟਕ ਤੋਂ ਬੱਚ ਸਕੀਏ।

ਇਤਿ ਸ੍ਰੀ ਚਰਿਤ੍ਰੋ ਗੁਰਬਖਸ਼ ਸਿੰਘ, ਪੱਪੂ, ਪੀਰ, ਸੰਬਾਦੇ ਦੂਸਰਾ ਚਰਿਤ੍ਰ ਸਮਾਪਤਮਅਫਜੂੰ


ਦਸੰਬਰ 2013 'ਚ ਵੀ ਖ਼ਾਲਸਾ ਨਿਊਜ਼ ਨੇ ਭਾਈ ਗੁਰਬਖਸ਼ ਸਿੰਘ ਦੀ ਕਾਰਗੁਜ਼ਾਰੀ 'ਤੇ ਸੰਪਾਦਕੀ ਲਿਖੀ ਸੀ, ਜੋ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।

→→ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥: ਸੰਪਾਦਕ ਖ਼ਾਲਸਾ ਨਿਊਜ਼

ਬਚਿੱਤਰ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਦਾ ਬਿਆਨ ਪੂਰਾ ਬਚਿੱਤਰ ਨਾਟਕ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top