Share on Facebook

Main News Page

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ
-: ਸੰਪਾਦਕ ਖ਼ਾਲਸਾ ਨਿਊਜ਼

ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ 27 ਦਸੰਬਰ 2013 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਰਦਾਸ ਕਰਕੇ ਤੋੜੀ, ਜਿੱਥੇ ਉਨ੍ਹਾਂ ਨੇ ਜਥੇਦਾਰਾਂ ਦੀ ਸਿਫਤ ਕਰਦਿਆਂ ਇਹ ਗਲ ਕਹੀ ਕਿ…

…ਚੜ੍ਹਦੀ ਕਲਾ ਵਾਲਾ ਜੀਵਨ ਹੈ ਸਿੰਘ ਸਾਹਿਬ ਦਾ, ਆਪਾਂ ਜਿਹੜੇ ਆ ਮਾੜੇ ਸ਼ਬਦ ਵਰਤਦੇ ਹਾਂ ਨਾ, ਇਨ੍ਹਾਂ ਤੋਂ ਵੀ ਗੁਰੇਜ਼ ਕਰੀਏ, ਥਾਪੜਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ, ਇਹ ਤਖ਼ਤਾਂ ਦੇ ਥਾਪੇ ਹੋਏ ਜਥੇਦਾਰ ਨੇ, ਸਾਡੇ ਥਾਪੇ ਹੋਏ ਨਹੀਂ, ਗੁਰੂ ਦੇ ਥਾਪੇ ਨੇ। ਤੇ ਮੈਂ ਅਜ ਨਾ ਪੂਰੀ ਦੁਨੀਆ 'ਚ ਵਸਦੀ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ ਕਿ ਭਲਿਓ, ਜੇ ਸਾਡੇ ਤੋਂ ਭਲਾ ਨਹੀਂ ਹੁੰਦਾ ਤਾਂ ਬੁਰਾ ਵੀ ਨਾ ਕਰੀਏ, ਜੇ ਕਿਸੇ ਦਾ ਮਾਣ ਨਹੀਂ ਹੁੰਦਾ, ਉਸਦਾ ਅਪਮਾਨ ਵੀ ਨਾ ਕਰੀਏ। ਤੇ ਇਥੇ ਸਵੇਰੇ ਵੀ ਇੱਥੇ ਰੌਲ਼ਾ ਪਿਆ ਹੋਇਆ ਸੀ, ਕਿ ਅਕਾਲ ਤਖ਼ਤ ਨੂੰ ਨਹੀਂ ਮੰਨਦੇ, ਜਥੇਦਾਰ ਨੂੰ ਨਹੀਂ ਮੰਨਦੇ, ਤੇ ਫਿਰ ਤੁਸੀਂ ਮੰਨਦੇ ਕਿਸਨੂੰ ਹੋ, ਤੇ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਨਹੀਂ ਮੰਨਦਾ, ਮੈਂ ਉਸਨੂੰ ਸਿੱਖ ਨਹੀਂ ਮੰਨਦਾ।

 

ਅਗਾਂਹ ਜਾਣ ਤੋਂ ਪਹਿਲਾਂ ਪਾਠਕ ਆਪ ਦੇਖਣ ਕਿ ਭੁੱਖ ਹੜਤਾਲ ਸ਼ੁਰੂ ਕਰਨ ਦੇ ਸ਼ੁਰੂਆਤੀ ਦਿਨਾਂ ‘ਚ ਭਾਈ ਗੁਰਬਖਸ਼ ਸਿੰਘ ਦਾ ਬਿਆਨ ਦੇਖੋ / ਪੜ੍ਹੋ:

…ਮੈਂ ਹੱਥ ਜੋੜਕੇ ਪ੍ਰਣਾਮ ਕਰਦਾ ਹਾਂ ਅਕਾਲ ਤਖਤ ਸਾਹਿਬ ਨੂੰ, ਜਥੇਦਾਰਾਂ ਨੂੰ, ਸੱਚਾਈ ਇਹ ਹੈ ਕਿ ਜਿਨਾਂ ਝੂਠ "ਸਿੰਘ ਸਾਹਿਬ" ਨੇ ਬੋਲਿਆ, ਇਨਾਂ ਇੱਕ ਸਾਧਾਰਣ ਸਿੱਖ, ਅੰਮ੍ਰਿਤਧਾਰੀ ਵੀ ਨਹੀਂ ਬੋਲ ਸਕਦਾ, ਜੇ ਮੈਂ, ਇਹ ਮੇਰੀ ਨੀਤੀ ਗਲਤ ਹੈ, ਭੁੱਖ ਹੜਤਾਲ ਗਲਤ ਹੈ, ਤੇ ਸਿੰਘ ਸਾਹਿਬ ਇੱਥੇ ਪੰਜ ਵਾਰੀ ਆਏ ਨੇ, ਮੇਰੇ ਕੋਲ, ਇਹ ਕਹਿਣ ਲੱਗੇ ਕਿ ਬਾਦਲ ਸਾਹਿਬ ਨੇ ਆ ਕਹਿਤਾ, ਮੈਂ ਦਿੱਲੀ ਗਿਆ ਸਾਂ, ਮੈਂ ਢੀਂਡਸਾ ਸਾਹਿਬ ਨੂੰ ਮਿਲਿਆ, ਮੈਂ ਸੁਖਦੇਵ ਸਿੰਘ ਨੂੰ ਮਿਲਿਆ, ਮੈਂ ਫਲਾਣੇ ਨੂੰ ਮਿਲਿਆ, ਮੈਂ ਕਹਿਨਾਂ ਕਿ ਕਿ ਇਸ ਤੋਂ ਹੋਰ ਅਕ੍ਰਿਤਘਣ ਗੱਲ ਹੀ ਕੋਈ ਨਹੀਂ, ਅਕਾਲ ਤਖ਼ਤ ਸਾਡੀ ਸੁਪਰੀਮ ਪਾਵਰ ਦਾ ਜੁੰਮੇਵਾਰ ਬੰਦਾ ਝੂਠ ਬੋਲੇ.. ਅੱਜ ਤਾਂ ਪਤਾ ਕੀ ਹੁੰਦਾ ਇੱਕ ਬੰਦਾ ਝੂਠ ਬੋਲੇ ਨਾ ਮੀਡੀਆ ਵਾਲੇ ਉਹਨੂੰ ਗਲੋਂ ਫੜ ਲੈਂਦੇ, ਯਾਰ ਤੂੰ ਝੂਠ ਬੋਲ ਰਿਹੈਂ, ਠੀਕ ਹੈ ਨਾ...

ਅਸੀਂ ਮੈਂ ਇਹ ਸਪਸ਼ਟੀਕਰਨ ਦੇ ਸਕਦਾ ਹਾਂ, ਕਿ ਅੱਜ ਜਿਹੜੇ ਸਾਡੇ ਗੁਰੂ ਧਾਮ ਨੇ ਨਾ ਇਹ ਮਹੰਤਾਂ ਦੇ ਕਬਜ਼ੇ ਥੱਲੇ ਆ ਗਏ ਨੇ ਦੁਬਾਰਾ, ਇੱਕ ਪਰਿਵਾਰ ਬਣ ਕੇ ....

ਇਹ ਜਥੇਦਾਰ ਜਿਹਨੇ ਮਾਰਚ ਆਰੰਭ ਕਰਾ ਕੇ, ਪੰਜਾਂ ਪਿਆਰਿਆਂ ਦੀ ਦਸਤਾਰ ਲਵ੍ਹਾਈ, ਉਸਨੂੰ ਜਥੇਦਾਰ ਕਹਾਉਣ ਦਾ ਹੱਕ ਈ ਕੋਈ ਨੀ.. ਆਪਣਾ ਸਿਰ ਡਾਹ ਕੇ ਬਾਦਲ ਦੇ ਪੈਰ ਘੁੱਟੀ ਜਾਏ, ਉਸਦੀ ਕੁਰਸੀ ਥੱਲੇ ਆਪਣੇ ਪੰਜੇ ਰੱਖ ਲਏ... ਜ਼ੁਬਾਨ ਪਿੱਛੋਂ ਸੁਖਬੀਰ ਬਾਦਲ ਨੇ ਫੜੀ ਹੈ, ਜਿੱਦਾਂ ਉਨ੍ਹਾਂ ਨੇ ਬੁਲਾਉਣਾ ਉਦਾਂ ਬੋਲਦਾ, ਮੈਂਨੂੰ ਕੋਈ ਇਤਰਾਜ ਨਹੀਂ, ਨਾ ਮੱਕੜ ਨਾਲ ਨਾ ਕਿਸੇ ਨਾਲ ...

ਇਹੀ ਜਥੇਦਾਰ ਸੀ ਜਿਸਨੇ ਕਿਹਾ ਸੀ ਕਿ ਭੁੱਖ ਹੜਤਾਲ ਗੁਰਮਤਿ ਅਨੁਸਾਰ ਨਹੀਂ। ਉਹ ਤਾਂ ਪ੍ਰੋ. ਦਰਸ਼ਨ ਸਿੰਘ ਨੇ ਸਾਰੀ ਸੰਗਤ ਜਿਸ ਭੁੱਖ ਅਤੇ ਦੁੱਖ ਦਾ ਰਿਸ਼ਤਾ ਗੁਰਬਾਣੀ ਅਨੁਸਾਰ ਸਮਝਾਇਆ, ਵਿੱਚ ਸ. ਸਿਮਰਨਜੀਤ ਸਿੰਘ ਮਾਨ, ਸ਼੍ਰੀ ਸ਼ਸ਼ੀਕਾਂਤ, ਭਾਈ ਬਲਜੀਤ ਸਿੰਘ ਦਾਦੂਵਾਲ, ਟਕਸਾਲ ਤੋਂ ਮੋਹਕਮ ਸਿੰਘ, ਅਤੇ ਹੋਰ ਸ਼ਾਮਿਲ ਸਨ। ਤੇ ਤੁਸੀਂ ਉਸੀ ਅਖੌਤੀ ਜਥੇਦਾਰ ਨੂੰ ਗੁਰੂ ਵਲੋਂ ਥਾਪੜਾ ਦਿੱਤਾ ਗਿਆ ਹੈ, ਕਹਿ ਰਹੇ ਹੋ?

ਇਹ ਹੈ ਗੁਰਬਖਸ਼ ਸਿੰਘ ਦਾ ਹੁਣ ਦਾ ਰੂਪ, ਜੋ ਉਨ੍ਹਾਂ ਨੇ ਗੁਰੂ ਸਾਹਮਣੇ ਕੀਤੀ ਅਰਦਾਸ ਤੋਂ ਮੁਨਕਰ ਹੁੰਦਿਆਂ, ਅਖੌਤੀ ਜਥੇਦਾਰਾਂ ਦੇ ਆਦੇਸ਼ ਨੂੰ ਪ੍ਰਮੁਖਤਾ ਦਿੱਤੀ।

ਕੀ ਇਹ ਹੈ ਸਿੱਖ ਦੀ ਨਿਸ਼ਾਨੀ, ਕਿ ਆਪਣੇ ਬਿਆਨ ਈ ਬਦਲੀ ਜਾਏ… ਗੁਰਬਾਣੀ ਇਸ ਬਾਰੇ ਕਹਿੰਦੀ ਹੈ ਕਿ:

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ

 

ਭਾਈ ਗੁਰਬਖਸ਼ ਸਿੰਘ ਜੀ ਜ਼ਰਾ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕਹਿਣੀ ‘ਤੇ ਨਜ਼ਰ ਮਾਰ, ਉਹ ਵੀ ਜਥੇਦਾਰਾਂ ਦੇ ਖਿਲਾਫ ਬੋਲੇ ਸੀ। ਉਨ੍ਹਾਂ ਕਿ ਸੀ “ਜੇ ਜਥੇਦਾਰ ਅਕਾਲ ਤਖ਼ਤ 'ਤੇ ਬੈਠ ਕੇ ਝੂਠ ਬੋਲਣ ਅਤੇ ਗਲਤ ਫੈਸਲੇ ਕਰਨ ਤਾਂ ਇਸ 'ਤੇ ਕਿੰਤੂ ਕਿਉਂ ਨਹੀਂ ਹੋਣਾ ਚਾਹੀਦਾ? ਜਥੇਦਾਰੋ! ਤੁਸੀਂ ਝੂਠ ਬੋਲਣ ਦਾ ਸਰਟੀਫਿਕੇਟ ਕਿਥੋਂ ਲੈ ਲਿਆ ਹੈ।

ਕੀ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਿੱਖ ਨਹੀਂ? ਸੋਚ ਲਉ, ਤੁਸੀਂ ਵੀ ਟਕਸਾਲੀ ਤੇ ਤੁਹਾਡੇ ਲਾਗੇ ਵੀ ਟਕਸਾਲੀ… ਦੇਖਿਓ ਕਿਤੇ…

ਭਾਈ ਗੁਰਬਖਸ਼ ਸਿੰਘ ਜੀ ਇਹ ਕਿਹੜੇ ਗ੍ਰੰਥ / ਕਿਤਾਬ ‘ਚ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਥਾਪੜਾ ਦਿੱਤਾ ਹੈ ਇਨ੍ਹਾਂ ਅਖੌਤੀ ਜਥੇਦਾਰਾਂ ਨੂੰ? ਇਨ੍ਹਾਂ ਅਖੌਤੀ ਜਥੇਦਾਰਾਂ ਨੇ ਤੁਹਾਨੂੰ ਵਰਤ ਕੇ, ਆਪਣੀ ਡਿੱਗੀ ਹੋਈ ਸਾਖ ਨੂੰ ਉਭਾਰਣ ਦੀ ਕੋਸ਼ਿਸ਼ ਕੀਤੀ, ਅਤੇ ਤੁਹਾਡੇ ਮੂੰਹੋਂ ਇਹ ਕਢਵਾਇਆ ਕਿ “ਇਨ੍ਹਾਂ ਨੰ ਗੁਰੂ ਹਰਗੋਬਿੰਦ ਸਾਹਿਬ ਨੇ ਥਾਪੜਾ ਦਿੱਤਾ, ਇਹ ਤਖ਼ਤਾਂ ਦੇ ਥਾਪੇ ਹੋਏ ਜਥੇਦਾਰ ਨੇ, ਸਾਡੇ ਥਾਪੇ ਹੋਏ ਨਹੀਂ, ਗੁਰੂ ਦੇ ਥਾਪੇ ਨੇ।

ਮੁਆਫ ਕਰਨਾ, ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਨਾ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਥਾਪੜਾ ਦਿੱਤਾ, ਨਾ ਹੀ ਸੰਗਤ ਦੇ ਨਿਵਾਜ਼ੇ ਹੋਏ ਜਥੇਦਾਰ ਨੇ। ਤੁਹਾਡੀ ਜਾਣਕਾਰੀ ਲਈ, ਇਹ ਹਨ ਬਾਦਲ ਦੀ ਚਮਚਾਗਿਰੀ ‘ਚ ਪਹਿਲੇ ਨੰਬਰ ‘ਤੇ ਆਉਣ ਵਾਲੇ ਝਾੜੂਬਰਦਾਰ, ਕਿਉਂਕਿ ਅੱਜਕਲ ਜਥੇਦਾਰ ਉਹੀਓ ਬਣ ਸਕਦਾ ਹੈ, ਜਿਹੜਾ ਨਿਹਾਇਤ ਹੀ ਗਿਰਿਆ ਹੋਇਆ, ਇਕ ਨੰਬਰ ਦਾ ਝੂਠਾ (ਤੁਸੀਂ ਆਪ ਵੀ ਇਹੀ ਕਹਿਆ ਸੀ), ਅਕ੍ਰਿਤਘਣ ਆਦਿ ਵਿਸ਼ੇਸ਼ਤਾਵਾਂ ਰੱਖਦਾ ਹੋਵੇ। ਤੇ ਜੇ ਇਹੀ ਹੈ ਜਥੇਦਾਰੀ ਜਿਹੜੀ ਗੁਰੂ ਵਲੋਂ ਥਾਪੜਾ ਦੇ ਕੇ ਮਿਲੀ, ਤਾਂ ਭਾਈ ਸਾਹਿਬ ਉਹ ਗੁਰੂ ਹਰਗੋਬਿੰਦ ਸਾਹਿਬ ਨਹੀਂ ਹੋ ਸਕਦੇ। ਹਾਂ, ਜਿਹੜੇ ਗੁਰੂ ਕੋਲੋਂ ਗੁਰਬਚਨ ਸਿੰਘ ਵਰਗੇ ਟੁੱਕੜਬੋਚ ਨੂੰ ਜਥੇਦਾਰੀ ਮਿਲੀ ਹੈ, ਉਹ ਹੈ ਬਾਦਲ, ਤੇ ਕਿਤੇ ਹੁਣ ਤੁਸੀਂ ਬਾਦਲ ਨੂੰ ਗੁਰੂ ਹਰਗੋਬਿੰਦ ਸਾਹਿਬ ਤਾਂ ਨਹੀਂ ਬਣਾ ਦਿੱਤਾ? ਵੈਸੇ ਪੰਜਾਬ ਅਤੇ ਆਸਪਾਸ ਦੇ ਇਲਾਕਿਆਂ ‘ਚ ਸਿੱਖ ਅਖਵਾਉਣ ਵਾਲਿਆਂ ਲਈ ਬਾਦਲ ਸਾਹਿਬ ਹੀ ਗੁਰੂ ਹਨ, ਜਿਹੜੇ ਹਰ ਕਿਤੇ ਕਰਾਏ ‘ਤੇ ਪਾਣੀ ਫੇਰ ਕੇ, ਸਿੱਖੀ ਸਿਧਾਂਤਾਂ ਨੂੰ ਮਲਿਆਮੇਟ ਕਰ ਰਹੇ ਨੇ, ਫਿਰ ਵੀ ਬਾਦਲ “ਫਖਰ-ਏ-ਕੌਮ”, ਤੇ ਸਿੱਖ ਅਖਵਾਉਣ ਵਾਲੇ ਆਪਣੀ ਗੁਰੂ ਸਾਹਮਣੇ ਕੀਤੀ ਅਰਦਾਸ ਤੋਂ ਵੀ ਮੁਨਕਰ ਹੋ ਜਾਂਦੇ ਨੇ… ਉਨ੍ਹਾਂ ਲਈ ਅਖੌਤੀ ਜਥੇਦਾਰਾਂ ਦਾ ਆਦੇਸ਼ ਜ਼ਿਆਦਾ ਮਾਅਨੇ ਰੱਖਦਾ ਹੈ। ਗੱਲ ਹੈ ਕੌੜੀ, ਪਰ ਸਾਨੂੰ ਤਾਂ ਇਹੀ ਲਗਦਾ ਹੈ ਗਲਬਾਤ ਤੋਂ…

ਭਾਈ ਗੁਰਬਖਸ਼ ਸਿੰਘ ਜੀ ਤੁਹਾਡੇ ਕਹੇ ਅਨੁਸਾਰ “…ਤੇ ਇਥੇ ਸਵੇਰੇ ਵੀ ਇੱਥੇ ਰੌਲ਼ਾ ਪਿਆ ਹੋਇਆ ਸੀ, ਕਿ ਅਕਾਲ ਤਖ਼ਤ ਨੂੰ ਨਹੀਂ ਮੰਨਦੇ, ਜਥੇਦਾਰ ਨੂੰ ਨਹੀਂ ਮੰਨਦੇ, ਤੇ ਫਿਰ ਤੁਸੀਂ ਮੰਨਦੇ ਕਿਸਨੂੰ ਹੋ, ਤੇ ਜਿਹੜਾ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਨੂੰ ਨਹੀਂ ਮੰਨਦਾ, ਮੈਂ ਉਸਨੂੰ ਸਿੱਖ ਨਹੀਂ ਮੰਨਦਾ।” ਭਾਈ ਸਾਹਿਬ ਜੀ ਤੁਹਾਡੇ ਜਾਂ ਅਖੌਤੀ ਜਥੇਦਾਰ ਦੇ ਕਹਿਣ ਜਾਂ ਨਾ ਕਹਿਣ ਕੋਈ ਸਿੱਖ ਜਾਂ ਅਸਿੱਖ ਨਹੀਂ, ਸਿੱਖ ਗੁਰੂ ਦਾ ਹੈ, ਕਿਸੇ ਅਖੌਤੀ ਜਥੇਦਾਰ ਦੇ ਆਦੇਸ਼ ਦਾ ਮੋਹਤਾਜ ਨਹੀਂ।

ਬਾਕੀ ਰਹੀ ਗਲ ਅਕਾਲ ਤਖਤ ਦੀ, ਅਕਾਲ ਤਖਤ ਸਿਰਮੌਰ ਨਹੀਂ…, ਸਿਰਮੌਰ ਹੈ ਅਕਾਲ, ਸਿਰਮੌਰ ਹੈ ਗੁਰੂ, ਸਿਰਮੌਰ ਹੈ ਗੁਰਬਾਣੀ, ਤੇ ਸਾਡਾ ਵਿਸ਼ਵਾਸ ਉਸ ਅਕਾਲ ਦੇ ਤਖ਼ਤ ‘ਤੇ ਹੈ ਜਿਸ ਵਿੱਚੋਂ ਗੁਰਬਾਣੀ ਦਾ ਸੰਦੇਸ਼ ਨਿਕਲੇ, ਅਤੇ ਸਿੱਖ ਪਾਬੰਦ ਹੈ ਉਸ ਗੁਰਬਾਣੀ ਸੰਦੇਸ਼-ਆਦੇਸ਼ ਨੂੰ ਮੰਨਣ ਲਈ, ਨਾ ਕਿ ਕਿਸੇ ਬਾਦਲ ਵਰਗੇ ਸਿੱਖ ਵਿਰੋਧੀ ਦੇ ਥਾਪੇ ਅਖੌਤੀ ਜਥੇਦਾਰ ਦੇ ਆਦੇਸ਼ਾਂ ‘ਤੇ ਫੁੱਲ ਚੜ੍ਹਾਉਣ ਲਈ।

੧੪ ਨਵੰਬਰ ਨੂੰ ਭਾਈ ਗੁਰਬਖਸ਼ ਸਿੰਘ ਠਸਕਾ ਅਲੀ (ਹਰਿਆਣਾ) ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਅਰਦਾਸ ਕੀਤੀ ਕਿ "ਮੈਂ ਮਰਨ ਵਰਤ ਆਰੰਭ ਕਰ ਰਿਹਾ ਹਾਂ ਉਨਾਂ ਸਿੰਘਾਂ ਵਾਸਤੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਹਨ"। ਗੁਰਬਖਸ਼ ਸਿੰਘ ਨੇ ਬੈਨਰ ਛਾਪਕੇ ਤੇ ਪ੍ਰੈਸ ਰਾਹੀਂ ਨਾਹਰਾ ਦਿੱਤਾ ਕਿ "ਜਾਂ ਤਾਂ ਸਿੰਘ ਰਿਹਾ ਹੋਣਗੇ, ਜਾਂ ਫਿਰ ਭਾਣਾ ਵਰਤੇਗਾ" ਜਾਂ ਕਿਤੇ ਇਹ ਵੀ ਛਪ ਗਿਆ "ਜਾਂ ਤਾਂ ਸਿੰਘ ਰਿਹਾ ਹੋਣਗੇ, ਜਾਂ ਫਿਰ ਮੈਂ ਫਤਹਿ ਬੁਲਵਾਂਗਾ"।

ਅੱਜ ਜਦੋਂ ਗੁਰਬਖਸ਼ ਸਿੰਘ ਨੇ ਆਪਣੀ ਭੁੱਖ ਹੜਤਾਲ ਤੋੜੀ, ਕੀ ਸਾਰੇ ਛੇ ਸਿੱਖ ਰਿਹਾਅ ਹੋ ਗਏ? ਕੀ ਪੈਰੋਲ ਨੂੰ ਰਿਹਾਈ ਕਿਹਾ ਜਾਂਦਾ ਹੈ? ਹਾਂ, ਇਕ ਗੱਲ ਜ਼ਰੂਰ ਹੋਈ ਕਿ ਜਿਹੜੇ ਬੁੜੈਲ ਜੋਲ ‘ਚ ਸਿੰਘ ਪਿਛਲੇ 20 ਸਾਲਾਂ ਤੋਂ ਬੰਦ ਸੀ, ਉਹ ਪੈਰੋਲ ‘ਤੇ ਬਾਹਰ ਆਏ। ਬਾਕੀ ਭਾਈ ਲਾਲ ਸਿੰਘ ਤਾਂ ਪਹਿਲਾਂ ਵੀ ਕਈ ਵਾਰੀ ਪੈਰੋਲ ‘ਤੇ ਬਾਹਰ ਆ ਚੁਕੇ ਹਨ। ਬਾਕੀ ਦੋ ਹੋਰ ਸਿੰਘਾਂ ਦੀ ਰਿਹਾਈ ਆਉਣ ਵਾਲੇ ਮਹੀਨਿਆਂ ‘ਚ ਹੋਣੀ ਤੈਅ ਹੈ, ਉਨ੍ਹਾਂ ਦੀ ਰਿਹਾਈ ਦਾ ਕਰੈਡਿਟ ਇਨ੍ਹਾਂ ਲੋਕਾਂ ਨੇ ਲੈ ਜਾਣਾ ਹੈ, ਪਰ ਇਸ ਵਿੱਚ ਇਸ ਸੰਘਰਸ਼ ਦਾ ਕੋਈ ਹੱਥ ਨਹੀਂ, ਆਪਣੇ ਸਮੇਂ ਮੁਤਾਬਿਕ ਜੇਲ ਦਾ ਸਮਾਂ ਬੀਤਣ ‘ਤੇ ਉਨ੍ਹਾਂ ਨੂੰ ਪੱਕੀ ਰਿਹਾਈ ਮਿਲ ਰਹੀ ਹੈ।

ਇਸ ਸੰਘਰਸ਼ ‘ਚ ਕਾਫੀ ਸਿੱਖ ਜਥੇਬੰਦੀਆਂ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਰਾਜਨੇਤਾਵਾਂ, ਪੰਜਾਬੀ ਗਾਇਕਾਂ, ਭਾਰਤ ਤੋਂ ਬਾਹਰ ਬੈਠੇ ਸਿੱਖਾਂ ਨੇ ਵੱਧ ਚੱੜ੍ਹ ਕੇ ਸਾਥ ਦਿੱਤਾ, ਕਿਉਂਕਿ ਉਨ੍ਹਾਂ ਨੂੰ ਲਗਾ ਕਿ ਇਹ ਇੱਕ ਐਸਾ ਮਿਸ਼ਨ ਹੈ, ਜਿਸ ਵਿੱਚ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣਾ ਹੈ, ਜਿਹੜੇ ਬਹੁਤ ਲੰਮੇ ਸਮੇਂ ਤੋਂ ਜੇਲਾਂ ਵਿੱਚ ਬੰਦ ਨੇ। ਸਭ ਨੇ ਮਤਭੇਦ ਭੁਲਾ ਕੇ ਆਪਣਾ ਬਣਦਾ ਯੋਗਦਾਨ ਪਾਇਆ। ਪਹਿਲੇ 10 ਕੁ ਦਿਨਾਂ ‘ਚ ਕੋਈ ਖਾਸ ਹਲਚਲ ਨਹੀਂ ਹੋਈ, ਪਰ ਜਦੋਂ ਸਿੱਖ ਵਿਦਵਾਨ, ਜਥੇਬੰਦੀਆਂ ਆਉਣੀਆਂ ਸ਼ੁਰੂ ਹੋਈਆਂ, ਫਿਰ ਤਾਂਤਾ ਲੱਗ ਗਿਆ।

ਹੁਣ ਵਾਰੀ ਆਈ ਸੱਪ ਸਮਾਜ ਦੀ, ਜਿਸ ਤੋਂ ਖ਼ਾਲਸਾ ਨਿਊਜ਼ ਨੇ ਦਸੰਬਰ ਦੇ ਸ਼ੁਰੂ 'ਚ ਹੀ "ਹਾਈਜੈਕ ਅਲਰਟ" ਕੀਤਾ ਸੀ, ਜਦੋਂ ਸ. ਗੁਰਦੇਵ ਸਿੰਘ ਸੱਧੇਵਾਲੀਆ, ਸ. ਹਰਚਰਨ ਸਿੰਘ, ਸ. ਦਲਜੀਤ ਸਿੰਘ ਇੰਡੀਆਨਾ, ਸ. ਹਰਨੇਕ ਸਿੰਘ ਨਿਊਜ਼ੀਲੈਂਡ ਨੇ ਆਪਣੇ ਲੇਖਾਂ ਰਾਹੀਂ ਸੁਚੇਤ ਕੀਤਾ ਸੀ ਕਿ, ਸੱਪ ਸਮਾਜ, ਅਖੌਤੀ ਜਥੇਦਾਰਾਂ ਅਤੇ ਪੰਜਾਬੀ ਪਾਰਟੀ ਪ੍ਰਧਾਨ ਬਾਦਲ ਦੇ ਸੂਹੀਏ ਜੋ ਕਿ ਚੌਵੀ ਘੰਟੇ ਗੁਰਬਖਸ਼ ਸਿੰਘ ਦੇ ਨੇੜੇ ਰਹੇ, ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਕਿ ਕਿਤੇ ਇਹ ਸਾਰੇ ਰੱਲ਼ਕੇ ਕੋਈ ਲੌਲੀਪੌਪ ਗੁਰਬਖਸ਼ ਸਿੰਘ ਫੜਾ ਕੇ, ਇਹ ਸੰਘਰਸ਼ ਨੂੰ ਵੀ ਪਿਛਲੇ ਸੰਘਰਸ਼ਾਂ ਦੀ ਤਰ੍ਹਾਂ ਨੇਸਤੋਨਾਬੂਦ ਨਾ ਕਰ ਦੇਣ।

ਭਾਈ ਗੁਰਬਖਸ਼ ਸਿੰਘ ਦਾ ਰਵੱਇਆ ਪੁਲਿਸ ਦੇ ਚੁੱਕੇ ਜਾਣ ਅਤੇ ਬਾਅਦ ‘ਚ ਬਹੁਤ ਬਦਲ ਚੁਕਾ ਸੀ। 23 ਦਸੰਬਰ ਨੂੰ ਹੋਈ ਕਾਨਫਰੰਸ ‘ਚ ਉਨਾਂ ਨੇ ਇਸ ਸੰਘਰਸ਼ ਦਾ ਕਾਫੀ ਸਿਹਰਾ ਸੱਪ ਸਮਾਜ ਨੂੰ ਦਿੱਤਾ ਅਤੇ ਅਖੌਤੀ ਜਥੇਦਾਰਾਂ ਨੂੰ ਵੀ ਸਲਾਹਿਆ, ਜਿਸ ਤੋਂ ਸਾਫ ਜ਼ਾਹਿਰ ਸੀ ਕਿ ਹੁਣ ਇਹ ਸੰਘਰਸ਼ ਦਾ ਅੰਤ ਨੇੜੇ ਹੈ। ਫਿਰ ਜਦੋਂ ਬਾਦਲ ਦੇ ਟੁੱਕੜਬੋਚ ਅਖੌਤੀ ਜਥੇਦਾਰ ਗੁਰਬਚਨ ਸਿੰਘ ਅਤੇ ਮੱਲ ਸਿੰਘ ਨੂੰ ਤੁਸੀਂ ਆਪ ਬੁਲਾਇਆ ਤੇ ੳਹ ਅਗਲੇ ਦਿਨ ਆ ਕੇ ਮਿਲੇ, ਅਤੇ ਇਸ ਸੰਘਰਸ਼ ਨੂੰ ਤਾਰਪੀਡੋ ਸਪੈਸ਼ਲਿਸਟ ਹਰਨਾਮ ਸਿੰਘ ਧੁੰਮਾ ਅਤੇ ਜਸਬੀਰ ਸਿੰਘ ਰੋਡੇ ਨੇ ਆਕੇ ਆਖਰੀ ਸਟੰਟ ਕੀਤਾ, ਤਾਂ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ 27 ਦਸੰਬਰ ਨੂੰ ਛੱਡਣ ਦਾ ਐਲਾਨ ਕਰ ਦਿੱਤਾ, ਜਿਸ ਤੋਂ ਕਾਫੀ ਸਿੱਖ ਸੰਗਤ ਨਾਰਾਜ਼ ਹੋਈ, ਸੰਘਰਸ਼ ਕਮੇਟੀ ਛੱਡ ਗਈ, ਪਰ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਬਰਬਾਦ ਕੀਤਾ ਉਨ੍ਹਾਂ ਨੇ ਹਸਪਤਾਲ ਤੋਂ ਬਾਹਰ ਗੈਲਰੀ ‘ਚ ਖੜਕੇ ਫੋਟੋਆਂ ਖਿਚਾਈਆਂ ਜਿਸ ਵਿੱਚ ਦਿੱਲੀ ਕਮੇਟੀ ਦੇ ਅਵਤਾਰ ਸਿੰਘ ਹਿੱਤ, ਅਤੇ ਬਾਦਲ ਦੇ ਹੋਰ ਚਮਚੇ ਸ਼ਾਮਿਲ ਸਨ। ਇਸ ਵਾਰੀ ਸਾਰੇ ਸੰਘਰਸ਼ ਦੀ ਹਰ ਨਿੱਕੀ ਖਬਰ ਬਾਦਲ ਤੱਕ ਪਹੁੰਚਾਉਣ ਦਾ ਕੰਮ ਪਰਮਜੀਤ ਸਿੰਘ (ਨ)ਖ਼ਾਲਸਾ ਦੀ ਥਾਂ ‘ਤੇ ਪੀਰ ਮੁਹੰਮਦ ਨੂੰ ਸੌਂਪਿਆ ਗਿਆ, ਜੋ ਉਨ੍ਹਾਂ ਨੇ ਬਾਖੂਬੀ ਨਿਭਾਇਆ।

ਇਸ ਸੰਘਰਸ਼ ਦਾ ਇੱਕ ਹੋਰ ਕਮਜ਼ੋਰ ਪਹਿਲੂ ਇਹ ਵੀ ਸੀ ਕਿ ਜਿਸ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦੇ ਉਦੇਸ਼ ਨੂੰ ਲੈ ਕੇ ਇਹ ਸੰਘਰਸ਼ ਵਿਢਿਆ ਗਿਆ ਸੀ, ਉਹ ਮਨੁੱਖੀ ਅਧਿਕਾਰਾਂ ਨੂੰ ਛਡਕੇ “ਖਾਲਿਸਤਾਨ” ਪੱਖੀ ਹੋ ਰਿਹਾ ਸੀ। ਮਨੁੱਖੀ ਅਧਿਕਾਰਾਂ ਦਾ ਮਾਮਲਾ ਬਹੁਤ ਵੱਢਾ ਸੀ, ਜੇ ਕਰ ਅਸੀਂ ਇਸ ਨਾਲ ਬਾਕੀ ਦੀਆਂ ਘੱਟ ਗਿਣਤੀ ਕੌਮਾਂ ਖਾਸਕਰ ਮੁਸਲਿਮ ਭਰਾਵਾਂ ਦਾ ਸਾਥ ਲੈ ਲੈਂਦੇ, ਤਾਂ ਬਹੁਤ ਵੱਡਾ ਕਾਰਜ ਬਣ ਜਾਣਾ ਸੀ। ਜਦੋਂ ਦੋ ਕੌਮਾਂ ਰੱਲ਼ ਕੇ ਇਹ ਕੰਮ ਕਰਦੀਆਂ, ਤਾਂ ਇਸਦਾ ਸਿੱਟਾ ਅਤੇ ਨਤੀਜਾ ਵੱਖਰਾ ਹੋਣਾ ਸੀ।

ਪਰ ਆਖਿਰ, ਉਹੀ ਹੋਇਆ ਜਿਸ ਦਾ ਡਰ ਸੀ, ਬਾਦਲ ਦੀਆਂ ਏ, ਬੀ, ਸੀ ਟੀਮਾਂ ਨੇ ਰੱਲ਼ਕੇ ਸਾ ਜਾਲ ਬੁਣਿਆ ਕਿ ਗੁਰਬਖਸ਼ ਸਿੰਘ ਫਸ ਗਏ ਅਤੇ ਲੌਲੀਪੌਪ / ਛੁਣਛੁਣਾ ਲੈ ਕੇ 27 ਦਸੰਬਰ ਨੂੰ ਗੁਰੂ ਅੱਗੇ ਕੀਤੀ ਅਰਦਾਸ ਤੋਂ ਮੂੰਹ ਮੋੜ, ਬਾਦਲ ਦੇ ਟੱਕੜਬੋਚਾਂ ਦੇ ਆਦੇਸ਼ 'ਤੇ ਫੁਲ ਚੜਾਏ। ਜਿਸ ਤਰ੍ਹਾਂ ਪਿਛਲ਼ੇ ਸਾਲ ਬੀਬੀ ਨਿਰਪ੍ਰੀਤ ਕੌਰ ਦੀ ਭੁੱਖ ਹੜਤਾਲ ਤੁੜਵਾਈ ਸੀ, ਅਤੇ ਕਿਹਾ ਸੀ 1984 ਦੇ ਕੇਸਾਂ ਦੀ ਪੈਰਵੀ ਇਹ ਆਪ ਕਰਨਗੇ, ਵੈਸਾ ਹੀ ਛੁਣਛੁਣਾ ਗੁਰਬਖਸ਼ ਸਿੰਘ ਨੂੰ ਫੜਾ ਕੇ ਇਨ੍ਹਾਂ ਦੀ ਵੀ ਭੁੱਖ ਹੜਤਾਲ ਖਤਮ ਕਰ ਦਿੱਤੀ। ਇਹ ਸੀ ਸਾਰੀ ਖੇਡ, ਜਿਸ ਨੂੰ ਬਾਦਲ ਦੀਆਂ ਏ, ਬੀ, ਸੀ ਟੀਮਾਂ ਨੇ ਰੱਲ਼ਕੇ ਬਰਬਾਦ ਕੀਤਾ, ਅਤੇ ਇੱਕ ਵਾਰੀ ਫਿਰ ਸਿੱਖਾਂ ਦੇ ਜਜ਼ਬਾਤਾਂ ਨੂੰ ਰੱਜ ਕੇ ਰੋਲ਼ਿਆ ਗਿਆ।

ਖੈਰ, ਇਸ ਸੰਘਰਸ਼ ਦੇ ਦੋ ਪਹਿਲੂ ਸਨ ਪਰ, ਖੱਟਣਾ ਤੇ ਗਵਾਉਣਾ

ਅਸੀਂ ਕੀ ਖੱਟਿਆ...

• ਸ. ਗੁਰਪ੍ਰੀਤ ਸਿੰਘ ਗੁਰੀ ਵਰਗਾ ਨਿਧੜਕ ਯੋਧਾ (ਜਿਸਦਾ ਕਿਸੇ ਨੇ ਵੀ, ਸਮੇਤ ਭਾਈ ਗੁਰਬਖਸ਼ ਸਿੰਘ ਦੇ, ਨਾਮ ਤੱਕ ਨਹੀਂ ਲਿਆ)
• ਪੈਰੋਲ (ਰਿਹਾਈ ਨਹੀਂ)
• ਅਤੇ ਥੋੜੀ ਬਹੁਤ ਅੰਤਰਸਾਸ਼ਟਰੀ ਪੱਧਰ ‘ਤੇ ਬਾਹਰ ਬੈਠੇ ਸਿੱਖਾਂ ਵਲੋਂ ਸਰਕਾਰ ਵਿਰੁੱਧ ਆਵਾਜ਼
• ਅਖੌਤੀ ਜਥੇਦਾਰਾਂ ਦੀ ਹੋਰ ਬਦਨਾਮੀ, ਅਤੇ ਬਾਹਰਲੇ ਦੇਸ਼ਾਂ ‘ਚ ਬਾਈਕਾਟ
• (ਅਖੌਤੀ) ਸੰਤ ਸਮਾਜ ਦਾ ਅਸਲੀ ਚਿਹਰਾ, ਧੁੰਮਾ, ਰੋਡੇ ਅਤੇ ਹੋਰ ਗੱਦਾਰਾਂ ਦਾ ਲੋਕਾਂ ਵਿੱਚ ਪਰਦਾਫਾਸ਼
• ਅਖੌਤੀ ਪੰਥਕ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ

ਅਸੀਂ ਕੀ ਗੁਆਇਆ...

• ਸਮਾਂ ਅਤੇ ਪੈਸਾ, (ਜੋ ਹਰ ਵਾਰ ਦੀ ਤਰ੍ਹਾਂ ਬਰਬਾਦ ਹੋਇਆ)
• ਗੁਰੂ ਦੀ ਅਰਦਾਸ ‘ਤੇ ਦ੍ਰਿੜਤਾ
• ਇੱਕ ਹੋਰ ਸੰਘਰਸ਼

ਇਹ ਗੱਲ ਵਖਰੀ ਹੈ ਕਿ ਬਹੁਤਿਆਂ ਨੇ ਇਸ ਸਾਰੇ ਲੇਖ ਨੂੰ ਪੜ੍ਹਕੇ ਖ਼ਾਲਸਾ ਨਿਊਜ਼ ਨੂੰ ਗਾਲਾਂ ਨਾਲ ਨਿਵਾਜਣਾ ਹੈ, ਕਈਆਂ ਨੇ ਕਹਿਣਾ ਕਿ ਤੁਸੀਂ ਕੀ ਕੀਤਾ, ਤੁਸੀਂ ਰੱਖ ਲਵੋ ਭੁੱਖ ਹੜਤਾਲ… ਇਹ ਸਰਕਾਰੀ ਬੰਦੇ ਨੇ, ਇਹ ਫਲਾਣੇ ਦੇ ਚੇਲੇ ਨੇ… ਅਤੇ ਕਈ ਕੁੱਝ ਹੋਰ… ਇਹ ਵੀ ਸੰਘਰਸ਼ ਨੂੰ ਰੋਲ ਰਹੇ ਨੇ… ਪਰ ਕੋਈ ਫਰਕ ਨਹੀਂ, ਸੱਚ ਕੌੜਾ ਹੁੰਦਾ ਹੈ, ਬਹੁਤ ਘੱਟ ਲੋਕਾਂ ਦੇ ਗਲੋਂ ਥੱਲੇ ਉਤਰਦਾ ਹੈ। ਹਰ ਬੰਦਾ, ਹਰ ਕੰਮ ਨਹੀਂ ਕਰ ਸਕਦਾ, ਪਰ ਜਿਨਾਂ ਵੀ ਕਰੇ, ਆਪਣੇ ਕਹੇ ‘ਤੇ ਖੜੇ, ਇਮਾਨਦਾਰੀ ਨਾਲ ਕਰੇ, ਬਚਨ ਕਰਕੇ ਮੁਕਰੇ ਨਾ। ਤੇ ਖ਼ਾਲਸਾ ਨਿਊਜ਼ ਬਚਨ ਕਰਦੀ ਹੈ ਕਿ:

"ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।"

ਖ਼ਾਲਸਾ ਨਿਊਜ਼ ਆਪਣੇ ਕਹੇ ਤੋਂ ਮੁਕਰੇ, ਸਾਡਾ ਸਿਰ ਤੇ ਤੁਹਾਡੀਆਂ…

ਸਿੱਖਾਂ ਨੂੰ ਅੱਗੇ ਤੋਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਜਿਸ ਵੀ ਕਿਸੀ ਸੰਘਰਸ਼ ‘ਚ ਇਹ ਅਖੌਤੀ ਜਥੇਦਾਰ, ਸੱਪ ਸਮਾਜ, ਪੰਜਾਬੀ ਪਾਰਟੀ ਸ਼ਾਮਿਲ ਹੋਵੇ, ਉਹ ਸੰਘਰਸ਼ ਦੀ ਕੋਈ ਬੁੱਕਤ ਨਹੀਂ, ਸਿਰਫ ਥੋੜੇ ਦਿਨਾਂ ਦਾ ਛਲਾਵਾ ਹੈ, ਭਾਈ ਰਾਜੋਆਣਾ ਸਮੇਂ ਵਿੱਢੇ ਗਏ ਸੰਘਰਸ਼ ਦਾ ਵੀ ਇਨ੍ਹਾਂ ਲੋਕਾਂ ਨੇ ਹੀ ਸਤਿਆਨਾਸ਼ ਕੀਤਾ, ਤੇ ਅੱਜ ਭਾਈ ਰਾਜੋਆਣਾ ਦੀ ਕੀ ਬੁੱਕਤ ਹੈ, ਇਹ ਕਿਸੇ ਤੋਂ ਛੁਪੀ ਨਹੀਂ।

ਜਿਹੜਾ ਕੰਮ ਗੁਰੂ ਤੋਂ ਸੇਧ ਲਏ ਬਗੈਰ, ਅਤੇ ਡੋਗਰਿਆਂ ਦੀ ਪਛਾਣ ਤੋਂ ਬਗੈਰ ਕੀਤਾ ਜਾਵੇ, ਉਸ ਦਾ ਅੰਤ ਇਸ ਤਰ੍ਹਾਂ ਹੀ ਨਿਸ਼ਚਿਤ ਹੈ।

ਰੱਬ ਸਿੱਖਾਂ ਨੂੰ ਸੁੱਮਤ ਬਖਸ਼ੇ, ਅੱਗੇ ਤੋਂ ਸਾਵਧਾਨ ਹੋ ਕੇ, ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦੇ ਮਾਰਗਦਰਸ਼ਨ ‘ਤੇ ਚਲਦੇ ਹੋਏ, ਕੋਈ ਸੰਘਰਸ਼ ਹੋਵੇ, ਸਮਾਂ ਭਾਂਵੇ ਵੱਧ ਲਗੇ, ਪਰ ਜਿੱਤ ਨਿਸ਼ਚਿਤ ਹੈ।

ਭੁੱਲਾਂ ਚੁਕਾਂ ਦੀ ਖਿਮਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top