Share on Facebook

Main News Page

"ਸ਼ਿੰਗਾਰ ਬੰਬ ਧਮਾਕਾ" ਕੇਸ ਸਬੰਧੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਮਿਲੀ ਰਾਹਤ, ਤੇ ਅਦਾਲਤ ਦੇ ਫੈਸਲੇ ਦੀ ਸ਼ਲਾਘਾ

ਲੁਧਿਆਣਾ, 16 ਦਸੰਬਰ 2014 (ਬਿਓਰੋ)- ਲੁਧਿਆਣਾ ਦੀ ਮਾਣਯੋਗ ਅਦਾਲਤ ਦੇ ਵਧੀਕ ਸੈਸ਼ਨਜ਼ ਜੱਜ ਸ੍ਰੀ ਹਰੀ ਸਿੰਘ ਗਰੇਵਾਲ ਨੇ 14 ਅਕਤੂਬਰ 2007 ਨੂੰ ਸ਼ਿੰਗਾਰ ਸਿਨਮਾ ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀ ਗਰਦਾਨੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਪੁੱਤਰ ਤਰਲੋਕ ਸਿੰਘ ਵਾਸੀ ਮੁੱਲਾਂਪੁਰ, ਲ਼ੁਧਿਆਣਾ, ਭਾਈ ਹਰਮਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਇੰਦਰਾ ਨਗਰ, ਲੁਧਿਆਣਾ ਤੇ ਭਾਈ ਰਵਿੰਦਰ ਸਿੰਘ ਪੁੱਤਰ ਸ੍ਰੀ ਰਾਮ ਚੰਦ ਵਾਸੀ ਅਬਦੁੱਲਾਪੁਰ ਬਸਤੀ, ਲੁਧਿਆਣਾ ਨੂੰ ਬਰੀ ਕਰ ਦਿੱਤਾ ਹੈ। ਭਾਈ ਸੰਦੀਪ ਸਿੰਘ ਉਰਫ ਹੈਰੀ ਵਾਸੀ ਘੁਮਾਣ, ਲੁਧਿਆਣਾ ਦੀ ਚਲਦੇ ਕੇਸ ਦੌਰਾਨ ਜੇਲ੍ਹ ਵਿਚ ਹੀ ਮੌਤ ਹੋ ਚੁੱਕੀ ਹੈ।

ਅੱਜ ਲੁਧਿਆਣਾ ਦੀ ਇੱਕ ਅਦਾਲਤ ਨੇ ਸੰਨ 2007 ਵਿੱਚ ਹੋਏ "ਸਿੰਗਾਰ ਬੰਬ ਧਮਾਕਾ" ਕੇਸ ਦਾ ਫੈਸਲਾ ਸੁਣਾਇਆ। ਅਦਾਲਤ ਨੇ ਇਸ ਕੇਸ ਵਿੱਚ ਪੁਲਿਸ ਵੱਲੋਂ ਨਾਮਜ਼ਦ ਤਿੰਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਇਹ ਕੇਸ ਲੁਧਿਆਣਾ ਦੇ ਡਵੀਜ਼ਨ ਨੰਬਰ ੬ ਪੁਲਿਸ ਥਾਣੇ ਵਿੱਚ ਪਰਚਾ ਨੰ. ੨੩੮, ਮਿਤੀ 14 ਅਕਤੂਬਰ 2007 ਨੂੰ ਭਾਰਤੀ ਵਿਧਾਨ ਧਾਰਾ 302,307 ਅਤੇ ਧਮਾਕਖੇਜ਼ ਸਮੱਗਰੀ ਕਾਨੂੰਨ ਦੀਆਂ ਧਾਰਾਵਾਂ 3, 4 ਅਤੇ 5 ਅਧੀਨ ਦਰਜ਼ ਕੀਤਾ ਗਿਆ ਸੀ।

ਜਿਕਰਯੋਗ ਹੈ ਕਿ 14 ਅਕਤੂਬਰ 2007 ਨੂੰ ਲੁਧਿਆਣਾ ਦੀ ਸੰਗਣੀ ਆਬਾਦੀ ਵਿਚ ਸਥਿਤ ਸ਼ਿੰਗਾਰ ਸਿਨਮਾ ਵਿਚ ਈਦ ਵਾਲੇ ਦਿਨ ਐਤਵਾਰ ਨੂੰ ਭੋਜਪੁਰੀ ਫਿਲ਼ਮ "ਜਨਮ-ਜਨਮ ਕਾ ਸਾਥ" ਚੱਲ ਰਹੀ ਸੀ ਤੇ ਫਿਲਮ ਦੀ ਇੰਟਰਵਲ ਤੋਂ ਇਕਦਮ ਬਾਅਦ ਕਰੀਬ 8.35 ਸ਼ਾਮ ਨੂੰ ਇੱਕ (ਜਾਂ ਦੋ) ਬੰਬ ਧਮਾਕਾ ਹੋਇਆ ਸੀ, ਜਿਸ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 42 ਦੇ ਕਰੀਬ ਜਖਮੀ ਹੋ ਗਏ ਸਨ। ਇਸ ਘਟਨਾ ਲਈ ਥਾਣਾ ਡਵੀਜ਼ਨ ਨੰਬਰ 6 ਵਿਚ ਮੁੱਕਦਮਾ ਨੰਬਰ 238 ਮਿਤੀ 14-10-2007 ਅਧੀਨ ਧਾਰਾ 302, 307 ਆਈ.ਪੀ.ਸੀ., 3/4/5 ਬਾਰੂਦ ਐਕਟ ਵਿਚ ਸ਼ਿੰਗਾਰ ਸਿਨਮਾ ਦੇ ਮੈਨੇਜਰ ਗੋਪਾਲ ਕ੍ਰਿਸ਼ਨ ਦੇ ਬਿਆਨਾਂ 'ਤੇ ਅਣਪਛਾਤਿਆਂ ਵਿਅਕਤੀਆਂ ਉਪਰ ਮੁਕੱਦਮਾ ਦਰਜ਼ ਕੀਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੁਲਿਸ ਵਲੋਂ ਪੇਸ਼ ਕੀਤੇ ਚਲਾਨ ਮੁਤਾਬਕ 12 ਨਵੰਬਰ 2007 ਨੂੰ ਸਰਕਾਰੀ ਗਵਾਹ ਜਸਪਾਲ ਸਿੰਘ ਦੇ ਬਿਆਨਾਂ ਉਪਰ ਉਕਤ ਚਾਰ ਦੋਸ਼ੀਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਦੇ ਉਹਨਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਗਈ ਤੇ ਜਿਸ ਤਹਿਤ ਰਵਿੰਦਰ ਸਿੰਘ, ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਦਸੰਬਰ 2007 ਵਿਚ ਗ੍ਰਿਫਤਾਰ ਕਰ ਲਿਆ ਗਿਆ ਤੇ ਹਰਮਿੰਦਰ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਮਾਰਚ 2008 ਵਿਚ ਪੁਲਿਸ ਨੇ ਕੋਰਟ ਵਿਚ ਚਲਾਨ ਪੇਸ਼ ਕੀਤਾ ਤੇ ਤਿੰਨਾਂ ਖਿਲ਼ਾਫ ਚਾਰਜ ਲੱਗਣ ਤੋਂ ਬਾਅਦ ਸਰਕਾਰੀ ਗਵਾਹੀਆਂ ਦਰਜ਼ ਹੋਣੀਆਂ ਸ਼ੂਰੂ ਹੋਈਆਂ। 2010 ਤੱਕ 7 ਗਵਾਹੀਆਂ ਦੀ ਦਰਜ਼ ਹੋਈਆਂ ਸਨ ਤਾਂ ਅਗਸਤ 2010 ਵਿਚ ਭਾਈ ਹਰਮਿੰਦਰ ਸਿੰਘ ਦੀ ਵੀ ਗ੍ਰਿਫਤਾਰੀ ਹੋ ਗਈ ਤੇ ਚਾਰਾਂ ਖਿਲਾਫ ਚਾਰਜ ਲੱਗਣ ਤੋਂ ਬਾਅਦ ਸਾਰੀਆਂ ਗਵਾਹੀਆਂ ਮੁੜ ਸ਼ੁਰੂ ਹੋਈਆਂ ਅਤੇ ਪੁਲਿਸ ਵਲੋਂ ਕੁੱਲ 43 ਗਵਾਹੀਆਂ ਦਰਜ਼ ਕਰਵਾਈਆਂ ਗਈਆਂ। ਜਿਹਨਾਂ ਵਿਚ ਜਸਪਾਲ ਸਿੰਘ ਤੇ ਸੁਖਵੰਤ ਸਿੰਘ (ਦੋਵੇਂ ਪੁਲਸ ਟਾਊਟ ਤੇ ਪੁਲਸ ਦੇ ਪੱਕੇ ਗਵਾਹ, ਜਸਪਾਲ ਸਿੰਘ 6 ਕੇਸਾਂ ਵਿਚ ਤੇ ਸੁਖਵੰਤ ਸਿੰਘ 4 ਕੇਸਾਂ ਵਿਚ ਗਵਾਹ) ਨੇ ਚਾਰਾਂ ਦੀ ਸਨਾਖਤ ਕਰਦਿਆਂ ਖਿਲਾਫ ਗਵਾਹੀਆਂ ਦਿੱਤੀਆਂ। ਸਿੰਗਾਰ ਸਿਨਮਾ ਦਾ ਮੈਨੇਜਰ ਤੇ ਕੇਸ ਦਾ ਮੁੱਦਈ ਗੋਪਾਲ ਕ੍ਰਿਸ਼ਨ ਤੇ ਉਸਦਾ ਨੌਕਰ ਭਿੰਡੀ ਪੁਲਸ ਪਾਸ ਦਰਜ਼ ਕਰਵਾਈ ਗਵਾਹੀ ਤੋਂ ਮੁਕਰ ਗਏ ਪਰ ਗੇਟਕੀਪਰ ਹਰਿੰਦਰ ਪਾਂਡੇ ਨੇ ਡਾਵਾਂਡੋਲ ਗਵਾਹੀ ਦਿੰਦਿਆਂ ਕਦੀ ਰਵਿੰਦਰ ਸਿੰਘ ਰਿੰਕੂ ਦੀ ਨਾਮ ਲੈ ਕੇ ਸਨਾਖਤ ਕੀਤੀ, ਕਦੀ ਕਿਸੇ ਦੀ ਵੀ ਸਨਾਖਤ ਕਰਨ ਤੋਂ ਇਨਕਾਰੀ ਹੋਇਆ ਤੇ ਕਦੀ ਰਵਿੰਦਰ ਸਿੰਘ ਤੇ ਹਰਮਿੰਦਰ ਸਿੰਘ ਦੀ ਸਰੀਰਕ ਬਣਤਰ ਤੋਂ ਸਨਾਖਤ ਕੀਤੀ ਤੇ ਕਦੇ ਕਿਹਾ ਕਿ ਸਿਨੇਮਾ ਵਿਚ ਫਿਲਮ ਦੇਖਣ ਵਾਲੇ ਜਿਆਦਾ ਪਰਵਾਸੀ ਸਨ ਤੇ ਸਿਨੇਮਾ ਹਾਲ ਵਿਚ ਹਨੇਰਾ ਹੋਣ ਕਰਕੇ ਕੁਝ ਦਿਖਾਈ ਨਾ ਦਿੱਤਾ। ਇਸ ਤੋਂ ਇਲਾਵਾ ਪੁਲਸ ਟਾਊਟ ਮੁਹੰਮਦ ਸਾਬਰ ਵੀ ਸਫਾਈ ਧਿਰ ਦੇ ਸਵਾਲਾਂ ਅੱਗੇ ਸਥਿਰ ਨਾ ਰਹਿ ਸਕਿਆ। ਬਾਕੀ ਗਵਾਹੀਆਂ ਡਾਕਟਰਾਂ ਜਾਂ ਪੁਲਿਸ ਵਾਲਿਆਂ ਦੀਆਂ ਰਹੀਆਂ ਜਿਹਨਾਂ ਵਿਚ ਪੁਲਿਸ ਵਾਲੇ ਜਿਰ੍ਹਾ ਦੌਰਾਨ ਇਕ ਦੂਜੇ ਤੋਂ ਕਾਟਵੀਆਂ ਗੱਲਾਂ ਕਰਦੇ ਰਹੇ।

ਸਫਾਈ ਧਿਰ ਵਲੋਂ 13 ਗਵਾਹ ਭੁਗਤਾਏ ਗਏ। ਜਿਹਨਾਂ ਵਿਚ ਮੁੱਖ ਤੌਰ 'ਤੇ ਗੁਰਪ੍ਰੀਤ ਸਿੰਘ ਦੀ ਮਾਤਾ ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਨੂੰ ਪੁਲਸ ਨੇ 1989 ਵਿਚ ਖੁਰਦ-ਬੁਰਦ ਕਰ ਦਿੱਤਾ ਸੀ ਤੇ ਵੱਡਾ ਹੋਣ ਪਰ ਗੁਰਪ੍ਰੀਤ ਸਿੰਘ ਆਪਣੇ ਪਿਤਾ ਦੇ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਉਂਣ ਲਈ ਚਾਰਾਜੋਈ ਕਰਨ ਲੱਗਾ ਤਾਂ ਪੁਲਸ ਨੇ ਉਸਨੂੰ ਤੇ ਸਾਡੇ ਪਰਿਵਾਰ ਨੂੰ ਕਈ ਵਾਰ ਧਮਕਾਇਆ ਕਿ ਉਹ ਅਜਿਹਾ ਨਾ ਕਰੇ ਪਰ ਮੇਰੇ ਪੁੱਤਰ ਨੇ ਪੁਲਿਸ ਨੂੰ ਗੱਲ ਨਾ ਮੰਨੀ ਤਾਂ ਉਸਨੂੰ ਸਤੰਬਰ 2007 ਤੋਂ ਅਨੇਕਾਂ ਕੇਸਾਂ ਵਿਚ ਫਸਾ ਦਿੱਤਾ।

ਭਾਈ ਹਰਮਿੰਦਰ ਸਿੰਘ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਨੇ ਕੋਰਟ ਨੂੰ ਦੱਸਿਆ ਕਿ ਸਤੰਬਰ 2007 ਤੋਂ ਹੀ ਪੰਜਾਬ ਪੁਲਸ ਉਸਦੇ ਪਤੀ ਤੇ ਪਰਿਵਾਰ ਨੂੰ ਤੱੰਗ ਕਰ ਰਹੀ ਸੀ ਤੇ ਉਸਦੇ ਪਤੀ ਨੂੰ ਕਈ ਵਾਰ ਥਾਣਿਆ ਵਿਚ ਸੱਦ ਕੇ ਤਸ਼ੱਦਦ ਕੀਤਾ ਜਾਂਦਾ ਤਾਂ ਅੰਤ 26-11-2007 ਨੂੰ ਸੀ.ਆਈ.ਏ ਸਟਾਫ ਲੁਧਿਆਣਾ ਵਲੋਂ ਉਸਦੇ ਪਤੀ ਉਪਰ ਅਥਾਹ ਤਸ਼ੱਦਦ ਕੀਤਾ ਗਿਆ ਤੇ ਉਸ ਤੋਂ ਬਾਅਦ ਉਸਦਾ ਪਤੀ ਸ਼ਾਮ ਨੂੰ ਦਵਾਈ ਲੈਣ ਗਿਆ ਮੁੜ ਵਾਪਸ ਘਰ ਨਹੀਂ ਆਇਆ ਤਾਂ ਉਸ ਵਲੋਂ ਹਾਈਕੋਰਟ ਵਿਚ 01-12-2007 ਨੂੰ ਰਿੱਟ ਦਾਖਲ ਕੀਤੀ ਗਈ ਜਿਸ ਤੋਂ ਬਾਅਦ ਹਰਮਿੰਦਰ ਸਿੰਘ ਨੂੰ ਪੁਲਿਸ ਨੇ ਕਈ ਕੇਸਾਂ ਵਿਚ ਭਗੌੜਾ ਕਰਾਰ ਦੇ ਦਿੱਤਾ ਤੇ ਪਰਿਵਾਰ ਉਪਰ ਦਬਾਅ ਪਾ ਕੇ ਰਿੱਟ ਵਾਪਸ ਕਰਵਾ ਦਿੱਤੀ ਗਈ।

ਭਾਈ ਰਵਿੰਦਰ ਸਿੰਘ ਰਿੰਕੂ ਦੇ ਸਬੰਧ ਵਿਚ ਬੀਬੀ ਸੁਰਜੀਤ ਕੌਰ ਭਾਟੀਆਂ ਕੌਂਸਲਰ ਲੁਧਿਆਣਾ ਨੇ ਗਵਾਹੀ ਦਿੱਤੀ ਕਿ ਰਵਿੰਦਰ ਸਿੰਘ ਨੂੰ 24-12-2007 ਨੂੰ ਸੀ.ਆਈ.ਏ ਸਟਾਫ ਲੁਧਿਆਣਾ ਨੇ ਉਸਦੇ ਘਰੋਂ ਚੁੱਕ ਲਿਆ ਸੀ ਤੇ ਉਸਦੇ ਘਰ ਦੀ ਤਲਾਸ਼ੀ ਦੌਰਾਨ ਕੁਝ ਵੀ ਇਤਰਾਜ਼ਯੋਗ ਨਹੀਂ ਸੀ ਮਿਲਿਆ ਤੇ ਰਵਿੰਦਰ ਸਿੰਘ ਦਾ ਥ੍ਰੀਵੀਲ੍ਹਰ ਵੀ ਉਸੇ ਦਿਨ ਪੁਲਸ ਆਪਣਟ ਨਾਲ ਲੈ ਗਈ ਸੀ ਪਰ ਪੁਲਸ ਨੇ ਰਵਿੰਦਰ ਸਿੰਘ ਦੀ ਗ੍ਰਿਫਤਾਰੀ 30-12-2007 ਨੂੰ ਤੇ ਉਸੇ ਦਿਨ ਅੱਧਾ ਕਿਲੋ ਆਰ.ਡੀ.ਐੱਕਸ ਦੀ ਬਰਾਮਦਗੀ ਗਲੀ ਵਿਚ ਖੜੇ ਥ੍ਰੀਵੀਲ੍ਹਰ ਵਿਚੋਂ ਤੇ 01-01-2008 ਨੂੰ ਸਿਨੇਮਾ ਟਿਕਟਾਂ ਦੀ ਬਰਾਮਦਗੀ ਘਰ ਵਿਚੋਂ ਦਿਖਾਈ ਸੀ।ਇਸ ਤੋਂ ਇਲਾਵਾ ਪੁਲਿਸ ਵਲੋਂ ਪੇਸ਼ ਕੀਤੇ ਚਲਾਨਾਂ ਤੇ ਕੋਰਟ ਵਿਚ ਵੱਡੀਆਂ ਊਣਤਾਈਆਂ ਦਾ ਲਾਭ ਵੀ ਮਿਲਿਆ ਜਿਸ ਤਰ੍ਹਾਂ ਕਿ ਪੁਲਿਸ ਚਲਾਨ ਵਿਚ ਕਿਤੇ ਤਾਂ ਇਕ ਬੰਬ ਧਮਾਕਾ ਹੋਣ ਦੀ ਗੱਲ ਕੀਤੀ ਗਈ ਹੈ ਤੇ 2 ਗਵਾਹ ਸਿਨੇਮਾ ਹਾਲ ਵਿਚ 2 ਬੰਬ ਧਮਾਕੇ ਹੋਣ ਦੀ ਗੱਲ ਕਰ ਗਏ। ਬੰਬ ਧਮਾਕੇ ਦੀ ਜਗਾਂ੍ਹ ਸਬੰਧੀ ਕਿ ਬੰਬ ਧਮਾਕਾ ਸਿਨੇਮਾ ਹਾਲ ਵਿਚ ਕਿਸ ਜਗ੍ਹਾ ਹੋਇਆ ਬਾਰੇ ਵੀ ਪੁਲਿਸ ਕੇਸ ਦੁਬਿਧਾਪੂਰਨ ਸੀ।

ਅੱਜ ਦੇਰ ਸ਼ਾਮ ਕਰੀਬ 8 ਵਜੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚੋਂ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਰਵਿੰਦਰ ਸਿੰਘ ਰਿਹਾ ਹੋ ਗਏ ਪਰ ਭਾਈ ਹਰਮਿੰਦਰ ਸਿੰਘ ਉਪਰ 2 ਕੇਸ ਅਜੇ ਵਿਚਾਰ ਅਧੀਨ ਹੋਣ ਕਾਰਨ ਉਹਨਾਂ ਦੀ ਰਿਹਾਈ ਨਹੀ ਹੋਈ।
-੦-
Advocate Jaspal Singh Manjhpur
0091-985-540-1843


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top