Share on Facebook

Main News Page

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ
-: ਨਿਰਮਲ ਸਿੰਘ ਵੈਦ
ਵਿਕਟੋਰੀਆ, ਬੀ.ਸੀ., ਕੈਨੇਡਾ
1-250-361-7327
Email: sikhstudent1999@yahoo.ca

8 ਸਤੰਬਰ 2014 ਨੂੰ ਖ਼ਾਲਸਾ ਨਿਊਜ਼ 'ਤੇ ਸ. ਹਰਚਰਨ ਸਿੰਘ ਜੀ ਵਲੋਂ ਕੇਸ ਅਤੇ ਦਸਤਾਰ ਵਾਰੇ ਭੇਜੇ ਗਏ ਜਵਾਬ ਪੜ੍ਹਨ ਤੋਂ ਬਾਅਦ ਮੈਂ ਗੁਰਮਤਿ ਦਾ ਵਿਦਿਆਰਥੀ ਹੋਣ ਕਰਕੇ ਕੁੱਝ ਵਿਚਾਰ ਸਾਂਝੇ ਕਰਨੇ ਆਪਣੀ ਇਕ ਜਿਮੇਂਵਾਰੀ ਸਮਝੀ।

ਇਸ ਗਲ ਦੀ ਮੈਂ ਵੀ ਪ੍ਰੌੜਤਾ ਕਰਦਾ ਹਾਂ ਕਿ ਵਿਖਾਵੇ ਦੀ ਸਿੱਖੀ, ਸਿੱਖੀ ਨਹੀਂ, ਬਲਕਿ ਗੁਰੂ ਦੀ ਵਿਚਾਰਧਾਰਾ ਨੂੰ ਮੰਨਣ ਅਤੇ ਉਸਤੇ ਚਲਣਾ ਹੀ ਅਸਲ ਸਿੱਖੀ ਹੈ।

ਪਰ ਵੀਰ ਸ. ਹਰਚਰਨ ਸਿੰਘ ਜੀ ਹੋਰਾਂ ਜੋ ਹੇਠ ਲਿਖਿਆ ਪ੍ਰਸ਼ਨ ਉਠਾਇਆ ਹੈ, ਉਸਦੇ ਸਬੰਧ ਵਿੱਚ ਕੁੱਝ ਲਿਖਣਾ ਚਾਹੁੰਦਾ ਹਾਂ।

ਸ. ਹਰਚਰਨ ਸਿੰਘ ਹੋਰਾਂ ਦਾ ਪ੍ਰਸ਼ਨ:- ਸਿੱਖਾਂ ਕੋਲ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਕੋ ਇੱਕ ਸਰਬ ਪ੍ਰਵਾਨਤ ਗ੍ਰੰਥ ਹੈ, ਜਿਸਨੂੰ ਅਸੀਂ ਗੁਰੂ ਵੀ ਮੰਨਦੇ ਹਾਂ ਤੇ ਸਭ ਨੂੰ ਇਹ ਵੀ ਪਤਾ ਹੈ ਕਿ ਇਸਨੂੰ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਗ੍ਰੰਥ ਰੂਪ ਵਿੱਚ ਤਿਆਰ ਕਰਕੇ ਮਨੁੱਖਤਾ ਦੇ ਭਲੇ ਲਈ ਅਰਪਨ ਕੀਤਾ ਸੀ। ਮੈਂ ਸਿੱਖਾਂ ਦੇ ਸਾਰੇ ਪ੍ਰਚਾਰਕਾਂ ਤੇ ਵਿਦਵਾਨਾਂ (ਇਸ ਸੈਮੀਨਾਰ ਵਿੱਚ ਆ ਰਹੇ ਚਾਰ ਵਿਦਵਾਨਾਂ ਸਮੇਤ) ਨੂੰ ਸਵਾਲ ਕਰਦਾ ਹਾਂ ਕਿ ਉਹ ਜਵਾਬ ਦੇਣ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਥੇ ਅਜਿਹਾ ਲਿਖਿਆ ਹੈ ਕਿ ਗੁਰੂ ਦਾ ਸਿੱਖ ਸਿਰਫ ਉਹੀ ਹੋ ਸਕਦਾ ਹੈ, ਜਿਸਨੇ ਪੱਗ ਬੰਨ੍ਹੀ ਹੋਵੇ, ਸਾਰੇ ਸਰੀਰ ਤੇ ਵਾਲ ਉਸੇ ਤਰ੍ਹਾਂ ਰੱਖੇ ਹੋਣ ਜਿਸ ਤਰ੍ਹਾਂ ਉਸਨੂੰ ਕੁਦਰਤ (ਰੱਬ) ਵਲੋਂ ਮਿਲੇ ਸਨ। ਕੀ ਕੋਈ ਅਜਿਹੀ ਸਿੱਧੀ ਤੇ ਸਪੱਸ਼ਟ ਸਿੱਖ ਦੀ ਪ੍ਰੀਭਾਸ਼ਾ ਵਾਲਾ ਸ਼ਬਦ ਪੇਸ਼ ਕੀਤਾ ਜਾ ਸਕਦਾ ਹੈ?

ਆਪ ਦੀ ਪਹਿਲੀ ਗਲ ਇਹ ਕਿ ਸਿੱਖਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।

ਇਹ ਤਾਂ ਅਸੀਂ ਆਪਣੀ ਹੀ ਸੋਚ ਮੁਤਾਬਿਕ ਆਖੀ ਜਾਂਦੇ ਹਾਂ ਅਤੇ ਨਾਲ ਇਹ ਵੀ ਕਹੀ ਜਾਂਦੇ ਹਾਂ ਕਿ ਇਹ ਗ੍ਰੰਥ ਸਾਰੀ ਮਨੁੱਖਤਾ ਵਾਸਤੇ ਹੈ। ਇਹਨਾਂ ਦੋਹਾਂ ਗਲਾਂ ਚੋਂ ਇਕ ਗਲ ਚੁਨਣੀ ਪਵੇਗੀ। ਮੇਰੀ ਜਾਚੇ ਗੁਰੂ ਗ੍ਰੰਥ ਸਾਹਿਬ ਕਿਸੇ ਇਕ ਵਰਗ ਜਾਂ ਖਿੱਤੇ ਲਈ ਨਹੀਂ, ਬਲਕਿ ਸਾਰੀ ਕਾਇਨਾਤ ਵਾਸਤੇ ਹੈ ਅਤੇ ਸਾਰੀ ਮਨੁਖਤਾ ਦਾ ਹੈ। ਅਸੀਂ ਤਾਂ ਦੁਨੀਆਂ ਵਿਚ ਇਹ ਪ੍ਰਚਾਰ ਕਰਕੇ ਕਿ ਇਹ ਗ੍ਰੰਥ ਸਿਰਫ ਸਿਖਾਂ ਦਾ ਗੁਰੂ ਹੈ, ਬਹੁਗਿਣਤੀ ਨੂੰ ਇਸ ਤੋਂ ਦੂਰ ਕਰਨ ਦੇ ਦੋਸ਼ੀ ਹਾਂ।

ਆਪ ਦੀ ਦੂਜੀ ਗਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਥੇ ਅਜਿਹਾ ਲਿਖਿਆ ਹੈ ਕਿ ਗੁਰੂ ਦਾ ਸਿੱਖ ਸਿਰਫ ਉਹੀ ਹੋ ਸਕਦਾ ਹੈ, ਜਿਸਨੇ ਪੱਗ ਬੰਨ੍ਹੀ ਹੋਵੇ, ਸਾਰੇ ਸਰੀਰ ਤੇ ਵਾਲ ਉਸੇ ਤਰ੍ਹਾਂ ਰੱਖੇ ਹੋਣ ਜਿਸ ਤਰ੍ਹਾਂ ਉਸਨੂੰ ਕੁਦਰਤ (ਰੱਬ) ਵਲੋਂ ਮਿਲੇ ਸਨ।

ਜਿਵੇਂ ਸਾਨੂੰ ਪਤਾ ਹੈ ਕਿ ਗੁਰਬਾਣੀ ਵਿਚ ਰੂਪਕ ਅਲੰਕਾਰ (Metaphor) ਢੰਗ ਤਾਰੀਕਾ ਵਰਤਿਆ ਗਿਆ ਹੈ, ਜਿਸ ਕਰਕੇ ਗੁਰੂ ਸਾਹਿਬ ਗੁਰਬਾਣੀ ਨੂੰ ਵਿਚਾਰਨ ਵਾਸਤੇ ਜੋਰ ਦਿੰਦੇ ਹਨ। ਉਧਾਹਣ ਦੇ ਤੌਰ 'ਤੇ ਅਸੀਂ ੴ ਦਾ ਅਰਥ ਭਾਵ ਇਕ ਅਕਾਲ ਪੁਰਖ ਸਮਝਦੇਂ ਹਾਂ, ਪਰ ਇਥੇ ਅਕਾਲ ਪੁਰਖ ਜਾਂ ਪ੍ਰਮਾਤਮਾਂ ਨਹੀਂ ਲਿਖਿਆ ਗਿਆ। ਇਸ ਤੋਂ ਪਹਿਲਾਂ ਕਿ ਮੈਂ ਗੁਰੂ ਗ੍ਰੰਥ ਸਹਿਬ ਵਿਚੋਂ ਪ੍ਰਮਾਣ ਲਿਖਾਂ, ਮੈਂ ਇਹ ਕਹਿਣਾ ਚਾਹਾਂਗਾ ਕਿ ਕੀ ਸਿੱਖ ਸਰੀਰ ਦੇ ਵਾਲ ਰਖੇ ਵਾਲਾ ਹੀ ਹੋ ਸਕਦਾ ਹੈ ਕਿ ਨਹੀਂ। ਅਸਲ ਵਿਚ ਇਹ ਉਸ ਕਰਤੇ ਦੀ ਕਿਰਤ, ਉਪਜ ਅਤੇ ਸਿਰਜਨਾਂ ਹੈ। ਸੋ ਸੰਪੂਰਨ ਵਿਅਕਤੀ ਹੀ ਉਹ ਹੈ, ਜਿਸਨੇ ਉਸ ਕਰਤੇ ਦੀ ਦਿਤੀ ਸਾਬਤ ਸੂਰਤ ਨੂੰ ਪ੍ਰਵਾਨਿਆ ਅਤੇ ਸੰਭਾਲਿਆ ਹੋਵੇ।

ਸ. ਹਰਚਰਨ ਸਿੰਘ ਜੀ ਆਪ ਦਾ ਸਵਾਲ ਹੀ ਗਲਤ ਹੈ। ਮੇਰਾ ਸਵਾਲ ਆਪ ਨੂੰ ਇਹ ਹੈ ਕਿ ਤੁਸੀਂ ਆਪ ਹੀ ਦਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਲ ਕੱਟਣ ਦੀ ਆਗਿਆ ਕਿਥੇ ਲਿਖੀ ਹੈ। ਇਹ ਤਾਂ ਕਰਤੇ ਦੀ ਕਿਰਤ ਹੋਣ ਕਰਕੇ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੀ ਸਾਬਤ ਸੂਰਤ ਨਹੀਂ, ਬਲਕਿ ਸਾਰੀ ਦੁਨੀਆਂ ਹੀ ਵਾਲ ਰਖੇ ਵਾਲੀ ਹੋਣੀ ਚਾਹੀਦੀ ਹੈ। ਤੁਹਾਡੇ ਸ਼ਹਿਰ ਆ ਰਹੇ ਵਿਦਵਾਨਾਂ ਨੂੰ ਆਪ ਸਾਰੀ ਸੰਗਤ ਵਿੱਚ ਇਹ ਸਵਾਲ ਕਰੋ, ਤਾਂ ਕਿ ਉਹਨਾਂ ਦਾ ਜਵਾਬ ਸਭ ਜਾਣ ਸਕਣ।

ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆਂ ਨੂੰ ਉਸ ਅਕਾਲ ਪੁਰਖ ਦੇ ਹੁਕਮ - ਉਸਦੀ ਰਜ਼ਾ ਵਿੱਚ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਹਰ ਪ੍ਰਾਣੀ ਉਸ ਦੀ ਘਾੜਤ ਹੈ। ਆਓ ਇਸਦੇ ਸਬੰਧ ਵਿਚ ਗੁਰਬਾਣੀ ਵਿਚੋਂ ਕੁਝ ਅਗਵਾਈ ਲੈਂਦੇ ਹਾਂ।

ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ॥
ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ॥
(47)

ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ॥
ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ॥
(137)

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥2॥
ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ॥3॥
(1346)

ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ॥
(1256)

ਤੂ ਠਾਕੁਰੁ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ (268)

ਇਸਦੇ ਨਾਲ ਹੀ ਇਹ ਵੀ ਇੱਕ ਸੱਚਾਈ ਹੈ ਕਿ ਗੁਬਬਾਣੀ ਸੰਸਾਰ ਵਿਚ ਜੋ ਹੈ, ਉਸਨੂੰ ਅਧਾਰ ਬਣਾ ਕੇ ਸਾਨੂੰ ਇਕ ਨਿਰੰਕਾਰ ਨਾਲ ਜੋੜਦੀ ਹੈ। ਗੁਰਬਾਣੀ ਵਿਚ ਅਨੇਕਾਂ ਵਾਰੀ ਵਾਲਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਵੇਂ ਕਿ:-

ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ॥
(659)

ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ॥ (659)

ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ॥
ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ॥
(749)

ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ॥
(1380)

ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍‍॥ ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍‍॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍‍ ॥52॥ ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ॥
(1419)

ਮੈਨੂੰ ਜਾਂ ਕਿਸੇ ਹੋਰ ਨੂੰ ਵਾਲਾਂ ਦੇ ਸਬੰਧ ਵਿਚ ਕੁਝ ਵੀ ਕਹਿਣ ਦੀ ਲੋੜ ਹੀ ਨਹੀਂ, ਗੁਰਬਾਣੀ ਸਦੀਵੀਂ ਸੱਚ ਵਾਰ ਵਾਰ ਬਿਆਨ ਕਰਦੀ ਹੈ। ਕੀ ਵਾਲ ਕੱਟਣ ਵਾਲੇ ਦਸ ਸਕਦੇ ਹਨ, ਕਿ ਕੱਟਣ ਨਾਲ ਵਾਲ ਆਉਣੇ ਰੁਕ ਗਏ ਹਨ? ਜਾਂ ਕਰਤਾ ਅਕਾਲ ਪੁਰਖ ਵਾਰ ਵਾਰ ਗਲਤੀ ਕਰ ਰਿਹਾ ਹੈ। ਗੁਰੂ ਪਿਆਰਿਓ ਹੇਠ ਲਿਖੀ ਗੁਰਬਾਣੀ ਦੀ ਪੰਗਤੀ ਵਲ ਧਿਆਨ ਦਈਏ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ॥
(61)

ਬਾਕੀ ਰਹੀ ਗਲ ਦਸਤਾਰ ਦੀ, ਇਹ ਤਾਂ ਗੁਰੂ ਵਲੋਂ ਵਾਲਾਂ ਦੀ ਸੰਭਾਲ ਅਤੇ ਸਾਡੇ ਸਿਰ ਤੇ ਤਾਜ ਸਜਾਇਆ ਹੋਇਆ ਹੈ।

ਵਾਲਾਂ ਨੂੰ ਨਾ ਰੱਖਣ ਵਾਲਾ ਸਵਾਲ ਹੀ ਇਕ ਢੁੱਚਰ, ਢੀਠਤਾ, ਮਨਮਤਿ, ਮੂਰਖਤਾ ਅਤੇ ਬੇਮੁਖਤਾ ਤੋਂ ਵੱਧ ਕੁੱਝ ਨਹੀਂ ਹੈ। ਗੁਰੂ ਸਾਹਿਬ ਇਸ ਤਰ੍ਹਾਂ ਦੀ ਸਾਡੀ ਵਿਰਤੀ ਬਾਰੇ ਫਰਮਾਂਉਦੇ ਹਨ:-

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ॥ (314)

ਸ. ਹਰਚਰਨ ਸਿੰਘ ਜੀ ਜੋ ਵਾਲਾਂ ਵਾਰੇ ਆਪ ਜੀ ਦਾ ਵਿਚਾਰ ਹੈ, ਇਹ ਸਿਰਫ ਆਪ ਦੀ ਸੋਚ ਹੋ ਸਕਦੀ ਹੈ, ਪਰ ਗੁਰਬਾਣੀ ਪਖੋਂ ਬਿਲਕੁਲ ਹੀ ਨਿਰਮੂਲ ਅਤੇ ਗੈਰ ਸਿਧਾਂਤਕ ਹੈ।

ਆਪ ਜੀ ਨੇ, ਸ. ਹਰਦੇਵ ਸਿੰਘ ਸ਼ੇਰਗਿਲ ਅਤੇ ਇਕ ਹੋਰ ਸੱਜਣ ਨੇ ਇਹੀ ਮਸਲਾ 17 Sep 2012 ਟਰਂਟੋ ਵਿੱਚ ਹੋਈ ਸਿੱਖ ਕਾਨਫਰੰਸ ਦੀ ਮੀਟਿੰਗ ਵਿਚ ਵੀ ਉਠਾਇਆ ਸੀ। ਉਸ ਮੀਟਿੰਗ ਵਿਚ ਦਾਸ ਵੀ ਹਾਜ਼ਰ ਸੀ। ਵਿਚਾਰ ਵਟਾਂਦਰੇ ਤੋਂ ਬਾਅਦ ਗਲ ਵੋਟਿੰਗ 'ਤੇ ਆ ਗਈ ਸੀ, ਜਿਸ ਵਿੱਚ ਸਿਰਫ ਸਵਾਲ ਉਠਾਉਣ ਵਾਲੇ ਤਿੰਨ ਬੰਦਿਆਂ ਤੋਂ ਇਲਾਵਾ ਸਭਨੇ ਹੀ ਸਾਬਤ ਸੂਰਤ ਦੇ ਪੱਖ ਵਿਚ ਹਥ ਖੜੇ ਕੀਤੇ ਸਨ।

ਸੋ, ਆਪ ਜੀ ਨੂੰ ਬੇਨਤੀ ਹੈ ਕਿ ਜੋ ਆਪ ਜੀ ਦੇ ਨਿਜੀ ਵਿਚਾਰ ਹਨ, ਉਹ ਗੁਰਮਤਿ ਨਾਲ ਮੇਲ ਨਹੀਂ ਖਾਂਦੇ। ਜੋ ਵਾਲ ਰੱਖਣ ਦੇ ਵਿਰੋਧੀ ਹਨ, ਉਨ੍ਹਾਂ ਨਾਲ ਮੇਰਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਦਾ ਸਹਿਮਤ ਹੋਣਾ ਅਸੰਭਵ ਹੈ।

ਸ. ਹਰਚਰਨ ਸਿੰਘ ਜੀ ਗੁਸਤਾਖੀ ਮੁਆਫ, ਮੇਰਾ ਆਪ ਜੀ ਨਾਲ ਕੋਈ ਨਿਜੀ ਵਿਰੋਧ ਨਹੀਂ, ਪਰ ਇਹ ਵਿਸ਼ਾ ਜਾਂ ਸਵਾਲ ਇਕ ਕੌਮੀ ਅਤੇ ਸਿਧਾਂਤਕ ਹੋਣ ਕਰਕੇ, ਕੁਝ ਲਿਖਣਾ ਮੈਂ ਅਤਿ ਜਾਰੂਰੀ ਸਮਝਿਆ ਹੈ। ਸਾਨੂੰ ਸਭ ਨੂੰ ਗੁਰਬਾਣੀ ਦੇ ਸਿਧਾਂਤ, ਗੁਰੂ ਅਤੇ ਸਿੱਖ ਇਤਿਹਾਸ ਨੂੰ ਮਲੀਆਮੇਟ ਕਰਨ ਦੀ ਥਾਂ, ਇਹਨਾਂ ਨੂੰ ਸੁਰਜੀਤ ਰਖਣ ਵਾਸਤੇ ਹੀ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ।

ਅੰਤ ਵਿੱਚ ਫਿਰ... ਸ. ਹਰਚਰਨ ਸਿੰਘ ਜੀ ਤੁਹਾਡੇ ਸ਼ਹਿਰ ਆ ਰਹੇ ਵਿਦਵਾਨਾਂ ਸ. ਹਰਜਿੰਦਰ ਸਿੰਘ ਦਿਲਗੀਰ, ਡਾ. ਪੂਰਨ ਸਿੰਘ ਵੈਨਕੂਵਰ, ਪ੍ਰੋ. ਇੰਦਰ ਸਿੰਘ ਘੱਗਾ ਅਤੇ ਗਿਆਨੀ ਜਸਵੀਰ ਸਿੰਘ ਵੈਨਕੂਵਰ ਨੂੰ ਆਪ ਸਾਰੀ ਸੰਗਤ ਵਿੱਚ ਇਹ ਸਵਾਲ ਕਰੋ, ਤਾਂ ਕਿ ਉਹਨਾਂ ਦਾ ਜਵਾਬ ਸਭ ਜਾਣ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top