Share on Facebook

Main News Page

ਹਰਚਰਨ ਸਿੰਘ ਪਰਹਾਰ ਵਲੋਂ ਖ਼ਾਲਸਾ ਨਿਊਜ਼ ਨੂੰ ਭੇਜਿਆ ਗਿਆ ਜਵਾਬ

ਖ਼ਾਲਸਾ ਨਿਊਜ਼ 'ਤੇ 07 ਸਤੰਬਰ ਨੂੰ ਪਾਈ ਗਈ ਖ਼ਬਰ "ਕੀ ਕੈਲਗਰੀ ਵਿਖੇ "ਸਿੱਖ ਅਵੇਰਨੈਸ ਸੈਮੀਨਾਰ" 'ਚ ਹਿੱਸਾ ਲੈਣ ਵਾਲੇ ਪ੍ਰਚਾਰਕ ਇਸ ਗੱਲ ਵੱਲ ਧਿਆਨ ਦੇਣਗੇ ?", ਜਿਸ ਵਿੱਚ ਹਰਚਰਨ ਸਿੰਘ ਪਰਹਾਰ ਬਾਰੇ ਜਾਣਕਾਰੀ ਦਿੱਤੀ ਗਈ ਸੀ, ਉਸਦਾ ਜਵਾਬ ਹਰਚਰਨ ਸਿੰਘ ਪਰਹਾਰ ਹੁਰਾਂ ਨੇ ਖ਼ਾਲਸਾ ਨਿਊਜ਼ ਨੂੰ ਭੇਜਿਆ ਹੈ, ਜੋ ਹੂਬਹੂ ਥੱਲੇ ਦਿੱਤਾ ਜਾ ਰਿਹਾ ਹੈ। ਬਜਾਏ ਕਿ ਹੋਰ ਲੋਕਾਂ ਵਾਂਗ ਜੋ ਕਿ ਸਵਾਲਾਂ ਦੇ ਜਵਾਬ 'ਚ ਤੋਹਮਤਾਂ, ਊਲ ਜ਼ਲੂਲ ਪੋਸਟਾਂ, ਸਵਾਲ ਪੜ੍ਹੇ ਬਗੈਰ ਬਕਵਾਸਬਾਜ਼ੀ... ਸ਼ੁਰੂ ਕਰ ਦਿੰਦੇ ਹਨ, ਹਰਚਰਨ ਸਿੰਘ ਪਰਹਾਰ ਜੀ ਨੇ ਬੜੀ ਸੁਹਿਰਦਤਾ ਨਾਲ ਆਪਣਾ ਪੱਖ ਪੇਸ਼ ਕੀਤਾ ਹੈ। ਖ਼ਾਲਸਾ ਨਿਊਜ਼ ਇਸ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ।

ਖ਼ਾਲਸਾ ਨਿਊਜ਼ ਦਾ ਕੋਈ ਧੜਾ ਨਹੀਂ, ਜਿਸ ਤਰ੍ਹਾਂ ਕਿ ਕਈ ਲੋਕ ਆਪਣੀ ਸੰਕੀਰਣ (ਛੋਟੀ) ਸੋਚ ਮੁਤਾਬਿਕ ਸਾਡੇ 'ਤੇ ਇਲਜ਼ਾਮ ਲਾਉਂਦੇ ਨੇ, ਉਨ੍ਹਾਂ ਦੀ ਸੋਚ ਉਨ੍ਹਾਂ ਨੂੰ ਮੁਬਾਰਿਕ। ਹੁਣ ਤੱਕ ਜਿੰਨੀਆਂ ਵੀ ਸ਼ਖਸੀਅਤਾਂ ਜਾਂ ਲੋਕਾਂ ਨੂੰ ਸਵਾਲ ਕੀਤੇ ਗਏ ਹਨ, ਉਨ੍ਹਾਂ ਚੋਂ ਹਰਚਰਨ ਸਿੰਘ ਪਰਹਾਰ ਹੀ ਪਹਿਲੇ ਐਸੇ ਸ਼ਖਸ ਹਨ, ਜਿਨ੍ਹਾਂ ਨੇ ਜਵਾਬ ਦਿੱਤਾ ਹੈ। ਸਵਾਲਾਂ ਦਾ ਜਵਾਬ ਸਵਾਲ ਨਹੀਂ ਹੁੰਦੇ, ਜਵਾਬ ਹੁੰਦਾ ਹੈ, ਅਸੀਂ ਕੋਈ ਅਥਾਰਟੀ ਨਹੀਂ, ਪਰ ਜਿਸ ਤਰ੍ਹਾਂ ਪ੍ਰਚਾਰਕਾਂ ਵਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਸਵਾਲ ਪੁੱਛੇ ਜਾਣੇ ਚਾਹੀਦੇ ਹਨ, ਉਸੀ 'ਤੇ ਅਮਲ ਕਰਦਿਆਂ ਅਸੀਂ ਲੋਕਾਂ ਸਾਹਮਣੇ ਸਵਾਲ ਰੱਖਦੇ ਹਾਂ, ਉਹ ਵੀ ਸਹਿਜਤਾ ਨਾਲ, ਸਭਿਯਕ ਭਾਸ਼ਾ 'ਚ, ਸਬੂਤ ਸਮੇਤ, ਬਿਨਾਂ ਇਲਜ਼ਾਮ ਤੋਂ।

ਜਿਹੜਾ ਸਵਾਲ ਹਰਚਰਨ ਸਿੰਘ ਪਰਹਾਰ ਜੀ ਨੂੰ ਪੁਛਿਆ ਗਿਆ ਸੀ, ਉਹ ਬਤੰਗੜ ਨਹੀਂ ਬਣਾਇਆ ਗਿਆ ਸੀ, ਨਾ ਹੀ ਅਸੀਂ ਕਿਸੀ ਪੁਜਾਰੀ ਜਾਂ ਸਿਆਸਤਦਾਨ ਜਾਂ ਕਿਸੇ ਜਥੇਬੰਦੀ ਦੀ ਸਾਜਿਸ਼ ਦਾ ਸ਼ਿਕਾਰ ਹਾਂ। ਕਿਉਂਕਿ ਉਹ "ਵਰਲਡ ਸਿੰਘ ਫੈਡਰੇਸ਼ਨ" ਦੇ ਪੰਚ ਸਨ, ਤੇ ਉਹ ਜਥੇਬੰਦੀ ਆਪਣੇ ਆਪ ਨੂੰ ਸਿੱਖੀ ਨੂੰ ਸਮਰਪਿਤ ਹੋਣ ਦਾ ਦਾਅਵਾ ਕਰਦੀ ਹੈ, ਅਤੇ ਨਾਲ ਹੀ ਹਰਚਰਨ ਸਿੰਘ ਪਰਹਾਰ ਹੁਰਾਂ ਦੀ ਆਪਣੀ ਸਿੱਖ ਵਿਰਸਾ ਇੰਟਰਨੈਸ਼ਨਲ ਹੈ, ਮੈਗਜ਼ੀਨ ਹੈ, ਇਸ ਲਈ ਇਹ ਸਾਡਾ ਇਹ ਫਰਜ਼ ਬਣਦਾ ਸੀ ਕਿ ਉਨ੍ਹਾਂ ਨੂੰ ਸਵਾਲ ਕੀਤਾ ਜਾਵੇ। ਅਸੀਂ ਕੋਈ ਲਿੲਜ਼ਾਮ ਨਹੀਂ ਲਗਾਇਆ, ਜੋ ਉਨ੍ਹਾਂ ਵਲੋਂ ਫੇਸਬੁੱਕ 'ਤੇ ਲਿਖਿਆ ਗਿਆ, ਉਹ ਸਾਹਮਣੇ ਪੇਸ਼ ਕੀਤਾ।

ਸਾਡੀ ਕਿਸੇ ਗੁਰਮਤਿ ਦੇ ਧਾਰਣੀ, ਕਥਨੀ ਤੇ ਕਰਣੀ ਵਿੱਚ ਫਰਕ ਨਾ ਰੱਖਣ ਵਾਲੇ ਸਿੱਖ ਜਾਂ ਪ੍ਰਚਾਰਕ ਨਾਲ ਕੋਈ ਵਿਰੋਧ ਨਹੀਂ। ਸਾਡਾ ਵਿਰੋਧ ਹੈ ਤਾਂ ਉਨ੍ਹਾਂ ਨਾਲ ਜਿਹੜੇ ਕਹਿੰਦੇ ਕੁੱਝ ਨੇ, ਤੇ ਕਰਦੇ ਕੁੱਝ ਹੋਰ ਹਨ, ਅਤੇ ਇਹ ਵਿਰੋਧ ਰਹੇਗਾ, ਚਾਹੇ ਉਹ ਕੋਈ ਅਖੌਤੀ ਜਥੇਦਾਰ ਹੋਵੇ, (ਅ)ਕਾਲੀ ਹੋਵੇ, ਡੇਰਾ ਹੋਵੇ, ਕਾਲੇਜ ਹੋਵੇ, ਪ੍ਰਚਾਰਕ ਹੋਵੇ, ਕੋਈ ਜਥੇਬੰਦੀ ਹੋਵੇ, ਕੋਈ ਫੈਡਰੇਸ਼ਨ ਹੋਵੇ, ਕੋਈ ਵੀ ਹੋਵੇ... ਜਿਹੜਾ ਗੁਰਮਤਿ ਤੋਂ ਉਲਟ ਕੰਮ ਕਰੇਗਾ ਹਰ ਗੁਰਮਤਿ ਦੇ ਪ੍ਰਣਾਏ ਸਿੱਖ ਦਾ ਉਸ ਨਾਲ ਵਿਰੋਧ ਰਹੇਗਾ... ਯਾਦ ਰਹੇ ਕ੍ਰਾਂਤੀ... ਵਿਰੋਧ 'ਚੋਂ ਪੈਦਾ ਹੁੰਦੀ ਹੈ, ਸਮਝੌਤਿਆਂ ਤੋਂ ਨਹੀਂ, ਤੇ ਖ਼ਾਲਸਾ ਨਿਊਜ਼ ਸਮਝੌਤਾ ਨਹੀਂ ਕਰਦ

- ਸੰਪਾਦਕ ਖ਼ਾਲਸਾ ਨਿਊਜ਼


ਪੇਸ਼ ਹੈ ਹਰਚਰਨ ਸਿੰਘ ਪਰਹਾਰ ਵਲੋਂ ਖ਼ਾਲਸਾ ਨਿਊਜ਼ ਨੂੰ ਭੇਜਿਆ ਗਿਆ ਜਵਾਬ

ਜੁਲਾਈ ਮਹੀਨੇ ਵਿੱਚ ਫੇਸਬੁੱਕ 'ਤੇ ਕੀਤੇ ਕੁਮੈਂਟ ਦੇ ਸੰਦਰਭ ਵਿੱਚ ਮੇਰਾ ਇਹ ਕਹਿਣਾ ਹੈ ਜਾਂ ਸੀ, ਕਿ ਸਿੱਖੀ ਸਿਰਫ ਕਿਸੇ ਬਾਹਰੀ ਦਿਖਾਵੇ, ਪਹਿਰਾਵੇ, ਦਿੱਖ, ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰ ਲੈਣ, ਬਾਹਰੀ ਦਿਖਾਵੇ ਵਾਲੀ ਪੂਜਾ-ਪਾਠ ਜਾਂ ਕਰਮਕਾਂਡ ਕਰਨ ਲੈਣ ਦਾ ਹੀ ਨਾਮ ਨਹੀਂ ਹੈ, ਸਿੱਖੀ ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਚੱਲਣ ਦਾ ਪ੍ਰਣ ਕਰ ਲੈਣ ਦਾ ਨਾਮ ਵੀ ਹੈ। ਪਰ ਪਿਛਲੇ ਸਮੇਂ ਤੋਂ ਸਾਡੇ ਧਾਰਮਿਕ ਲੀਡਰਾਂ, ਪ੍ਰਚਾਰਕਾਂ ਆਦਿ ਵਲੋਂ ਸਿਰਫ ਤੇ ਸਿਰਫ ਬਾਹਰੀ ਪਹਿਰਾਵੇ ਤੇ ਦਿੱਖ ਨੂੰ ਹੀ ਸਿੱਖੀ ਬਣਾ ਕੇ ਪੇਸ਼ ਕਰਨ ਜਾਂ ਉਸ ਉਪਰ ਹੀ ਜ਼ੋਰ ਦਿੱਤੇ ਜਾਣ ਕਾਰਨ, ਪਿਛਲੀ ਸਦੀ ਵਿੱਚ ਬਦਲੇ ਹਾਲਾਤਾਂ ਦੇ ਮੱਦੇਨਜ਼ਰ, ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਜਾਂ ਸਿੱਖ ਘਰਾਂ ਵਿੱਚ ਜੰਮੇ ਲੋਕਾਂ ਕੋਲ ਨਾ ਹੁਣ ਬਾਹਰੀ ਸਿੱਖੀ ਹੀ ਰਹੀ ਤੇ ਨਾ ਹੀ ਗੁਰਬਾਣੀ ਅਧਾਰਿਤ ਜੀਵਨ ਵਾਲੀ ਸਿੱਖੀ ਰਹੀ।

ਅਸਲ ਵਿੱਚ ਸਾਡੇ ਪੁਜਾਰੀਆਂ ਤੇ ਸਿਆਸਤਦਾਨਾਂ ਨੂੰ ਲੋੜ ਹੀ ਅਜਿਹੇ ਲੋਕਾਂ ਦੀ ਭੀੜ ਦੀ ਹੈ, ਜੋ ਬਾਹਰੀ ਕਰਮਕਾਂਡਾਂ ਵਿੱਚ ਉਲਝੇ ਰਹਿਣ ਤੇ ਗੁਰਬਾਣੀ ਦੀ ਸਿਖਿਆ ਤੋਂ ਜਾਗਰੂਕ ਨਾ ਹੋਣ ਤਾਂ ਕਿ ਉਹ ਉਨ੍ਹਾਂ ਦੀਆਂ ਭੇਡਾਂ ਬਣੇ ਰਹਿਣ। ਪਰ ਸਾਡੇ ਪ੍ਰਚਾਰਕਾਂ ਜਾਂ ਪੁਜਾਰੀਆਂ ਵਲੋਂ ਜਦੋਂ ਤੇ ਦਾਨ-ਦੱਸ਼ਣਾ, ਪੂਜਾ ਭੇਟਾ ਆਦਿ ਲੈਣੀ ਹੁੰਦੀ ਹੈ ਤਾਂ ਹਰ ਵਿਭਚਾਰੀ ਵੀ ਗੁਰਸਿੱਖ ਹੁੰਦਾ ਹੈ ਤੇ ਕਦੇ ਨਹੀਂ ਕਿਹਾ ਜਾਂਦਾ ਕਿ ਇਹ ਮੋਨਾ ਹੈ, ਕਲੀਨ ਸ਼ੇਵ ਹੈ, ਗੈਰ ਅੰਮ੍ਰਿਧਾਰੀ ਹੈ ਜਾਂ ਨਸ਼ਈ ਹੈ, ਇਸਦਾ ਦਾਨ ਜਾਂ ਭੇਟਾ ਪ੍ਰਵਾਨ ਨਹੀਂ? ਇਸੇ ਤਰ੍ਹਾਂ ਸਿਆਸਤਦਾਨਾਂ ਨੂੰ ਜਦੋਂ ਵੋਟਾਂ ਚਾਹੀਦੀਆਂ ਹੋਣ, ਉਨ੍ਹਾਂ ਨੂੰ ਵੀ ਸਭ ਮਨਜ਼ੂਰ ਹੈ। ਪਰ ਦੂਜੇ ਪਾਸੇ ਇਹੀ ਲੋਕ ਉਨ੍ਹਾਂ ਨੂੰ ਸਿੱਖ ਮੰਨਣ ਲਈ ਤਿਆਰ ਨਹੀਂ। ਜਿਸ ਨਾਲ ਸਾਡੇ ਉਹ ਲੱਖਾਂ ਬੱਚੇ ਜਿਨ੍ਹਾਂ ਕੋਲ ਦੁਨਿਆਵੀ ਪੜ੍ਹਾਈ ਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦਾ ਤਜ਼ੁਰਬਾ ਵੀ ਹੈ, ਉਨ੍ਹਾਂ ਨੂੰ ਅਸੀਂ ਆਪਣੇ ਗੁਰਦੁਆਰਿਆਂ ਜਾਂ ਸੰਸਥਾਵਾਂ ਵਿੱਚੋਂ ਇਸ ਲਈ ਬਾਹਰ ਕੱਢੀ ਜਾ ਰਹੇ ਹਾਂ, ਕਿਉਂਕਿ ਉਨ੍ਹਾਂ ਨੇ ਪੱਗ ਨਹੀਂ ਬੰਨ੍ਹੀ ਹੋਈ ਜਾਂ ਕੇਸ ਨਹੀਂ ਰੱਖੇ ਹੋਏ। ਜਿਸ ਨਾਲ ਅਸੀਂ ਆਪਣਾ ਬਹੁਤ ਵੱਡਾ ਕੌਮੀ ਸਰਮਾਇਆ ਗੁਆਉਂਦੇ ਜਾ ਰਹੇ ਹਾਂ। ਸਿੱਖਾਂ ਵਲੋਂ ਡੇਰਿਆਂ ਵਿੱਚ ਜਾਣ ਦੇ ਬਹੁਤ ਸਾਰੇ ਕਾਰਨਾਂ ਵਿਚੋਂ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਅਸੀਂ ਮੋਨੇ ਸਿੱਖਾਂ ਨੂੰ ਸਿੱਖੀ ਤੋਂ ਦੁਰ ਕਰਦੇ ਜਾ ਰਹੇ ਹਾਂ। ਬੇਸ਼ਕ ਉਹ ਸ਼ਰਧਾ ਵੱਸ ਗੁਰਦੁਆਰਿਆਂ ਵਿੱਚ ਆਉਂਦੇ ਜਰੂਰ ਹਨ। ਪਰ ਅੰਦਰੋਂ ਸਿੱਖੀ ਤੋਂ ਦੂਰ ਜਾ ਰਹੇ ਹਨ। ਮੈਂ ਸਿੱਖੀ ਦੇ ਬਾਹਰੀ ਸਰੂਪ, ਦਿੱਖ ਜਾਂ ਚਿੰਨ੍ਹਾਂ ਦਾ ਵਿਰੋਧੀ ਨਹੀਂ, ਪਰ ਇਸ ਬਾਰੇ ਪ੍ਰਚਾਰ ਪਿਆਰ ਨਾਲ ਤੇ ਕੀਤਾ ਜਾ ਸਕਦਾ ਹੈ ਨਾ ਕਿ ਉਨ੍ਹਾਂ ਨੂੰ ਦੁਰਕਾਰ ਕੇ, ਪਤਿਤ ਜਾਂ ਮਨਮੁੱਖ ਦੇ ਖਿਤਾਬ ਦੇ ਕੇ।

ਹੁਣ ਇਸਦੇ ਦੁਜੇ ਪੱਖ 'ਤੇ ਵਿਚਾਰ ਕਰਦੇ ਹਾਂ। ਸਿੱਖਾਂ ਕੋਲ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਕੋ ਇੱਕ ਸਰਬ ਪ੍ਰਵਾਨਤ ਗ੍ਰੰਥ ਹੈ, ਜਿਸਨੂੰ ਅਸੀਂ ਗੁਰੂ ਵੀ ਮੰਨਦੇ ਹਾਂ ਤੇ ਸਭ ਨੂੰ ਇਹ ਵੀ ਪਤਾ ਹੈ ਕਿ ਇਸਨੂੰ ਗੁਰੂ ਸਾਹਿਬਾਨ ਨੇ ਆਪਣੇ ਹੱਥੀਂ ਗ੍ਰੰਥ ਰੂਪ ਵਿੱਚ ਤਿਆਰ ਕਰਕੇ ਮਨੁੱਖਤਾ ਦੇ ਭਲੇ ਲਈ ਅਰਪਨ ਕੀਤਾ ਸੀ। ਮੈਂ ਸਿੱਖਾਂ ਦੇ ਸਾਰੇ ਪ੍ਰਚਾਰਕਾਂ ਤੇ ਵਿਦਵਾਨਾਂ (ਇਸ ਸੈਮੀਨਾਰ ਵਿੱਚ ਆ ਰਹੇ ਚਾਰ ਵਿਦਵਾਨਾਂ ਸਮੇਤ) ਨੂੰ ਸਵਾਲ ਕਰਦਾ ਹਾਂ ਕਿ ਉਹ ਜਵਾਬ ਦੇਣ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਥੇ ਅਜਿਹਾ ਲਿਖਿਆ ਹੈ ਕਿ ਗੁਰੂ ਦਾ ਸਿੱਖ ਸਿਰਫ ਉਹੀ ਹੋ ਸਕਦਾ ਹੈ, ਜਿਸਨੇ ਪੱਗ ਬੰਨ੍ਹੀ ਹੋਵੇ, ਸਾਰੇ ਸਰੀਰ ਤੇ ਵਾਲ ਉਸੇ ਤਰ੍ਹਾਂ ਰੱਖੇ ਹੋਣ ਜਿਸ ਤਰ੍ਹਾਂ ਉਸਨੂੰ ਕੁਦਰਤ (ਰੱਬ) ਵਲੋਂ ਮਿਲੇ ਸਨ। ਕੀ ਕੋਈ ਅਜਿਹੀ ਸਿੱਧੀ ਤੇ ਸਪੱਸ਼ਟ ਸਿੱਖ ਦੀ ਪ੍ਰੀਭਾਸ਼ਾ ਵਾਲਾ ਸ਼ਬਦ ਪੇਸ਼ ਕੀਤਾ ਜਾ ਸਕਦਾ ਹੈ?

ਬੇਸ਼ਕ ਗੁਰਬਾਣੀ ਦੇ ਬਹੁਤ ਸਾਰੇ ਸ਼ਬਦਾਂ ਵਾਂਗ ਕਈ ਵਿਅਕਤੀ ਹੋਰ ਅਰਥਾਂ ਵਾਲੇ ਸ਼ਬਦਾਂ ਨੂੰ ਆਪਣੀ ਗੱਲ ਕਹਿਣ ਲਈ ਵਰਤ ਸਕਦੇ ਹਨ? ਜਿਨ੍ਹਾਂ ਬਾਰੇ ਸਾਨੂੰ ਸਭ ਨੂੰ ਜਾਣਕਾਰੀ ਹੈ।ਪਰ ਅਜਿਹਾ ਸ਼ਬਦ ਜਿਥੇ ਸਿੱਖ ਦੀ ਪ੍ਰੀਭਾਸ਼ਾ ਸਿੱਧੀ ਤੇ ਸਪੱਸ਼ਟ ਲਿਖੀ ਹੋਵੇ, ਉਹ ਪੇਸ਼ ਕੀਤਾ ਜਾਵੇ। ਇਸਦੇ ਉਲਟ ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਪ੍ਰਚਲਤ ਜਥੇਬੰਧਕਾਂ ਧਰਮਾਂ ਦੀਆਂ ਬਾਹਰੀ ਦਿਖਾਵੇ ਵਾਲੀਆਂ ਮਰਿਯਾਦਾਵਾਂ, ਕਰਮਕਾਂਡਾਂ, ਪੂਜਾ-ਪਾਠਾਂ, ਚਿੰਨ੍ਹਾਂ, ਪਹਿਰਾਵਿਆਂ, ਸਰੀਰਕ ਦਿੱਖ ਆਦਿ ਦਾ ਨਿਖੇਧ ਕਰਨ ਵਾਲੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲ ਜਾਣਗੇ। ਇਥੋਂ ਤੱਕ ਕਿ ਧਰਮ ਦੇ ਨਾਮ ਤੇ ਜਟਾਂ ਵਧਾਉਣ, ਭੱਦਣ ਕਰਨ, ਸੁੰਨਤ ਕਰਨ, ਯੋਗੀਆਂ ਵਲੋਂ ਸਰੀਰ ਨੂੰ ਕਸ਼ਟ ਦੇ ਵਿਰੋਧ ਵਿੱਚ ਅਨੇਕਾਂ ਸ਼ਬਦ ਮਿਲ ਸਕਦੇ ਹਨ।ਜੇ ਗੁਰੂ ਸਾਹਿਬ ਪਹਿਲਾਂ ਪ੍ਰਚਲਤ ਧਰਮਾਂ ਦੇ ਦਿਖਾਵਿਆਂ, ਪਹਿਰਾਵਿਆਂ, ਚਿੰਨ੍ਹਾਂ ਦਾ ਵਿਰੋਧ ਕਰਦੇ ਹਨ, ਇਸਨੂੰ ਪਾਖੰਡ ਦੱਸਦੇ ਹਨ ਤਾਂ ਫਿਰ ਕੀ ਉਹ ਅਜਿਹਾ ਕੋਈ ਹੁਕਮ ਆਪਣੇ ਸਿੱਖਾਂ ਨੂੰ ਦੇ ਸਕਦੇ ਸਨ?

ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜੇ ਕੋਈ ਪ੍ਰਵਾਨਤ ਦਸਤਾਵੇਜ ਮੰਨਿਆ ਜਾ ਸਕਦਾ ਹੈ ਤਾਂ ਉਹ ਸਿੱਖ ਰਹਿਤ ਮਰਿਯਾਦਾ ਹੈ। ਉਸਦੇ ਸ਼ੁਰੂ ਵਿੱਚ ਵੀ ਸਿੱਖ ਦੀ ਪ੍ਰੀਭਾਸ਼ਾ ਵਿੱਚ ਕਿਤੇ ਅਜਿਹਾ ਨਹੀਂ ਲਿਖਿਆ ਮਿਲਦਾ ਕਿ ਸਿੱਖ ਉਹ ਹੈ, ਜਿਸਨੇ ਦਾਹੜੀ ਕੇਸ ਰੱਖੇ ਹੋਣ, ਪੱਗ ਬੰਨ੍ਹੀ ਹੋਵੇ? ਮੈਨੂੰ ਸਮਝ ਨਹੀਂ ਆਈ ਕਿ ਕਿਸ ਆਧਾਰ ਤੇ ਕੁਝ ਲੋਕ ਮੇਰੇ ਕੁਮੈਂਟ ਨੂੰ ਬਾਤ ਦਾ ਬਤੰਗੜ ਕਿਸੇ ਸਾਜ਼ਿਸ਼ ਅਧੀਨ ਬਣਾ ਰਹੇ ਹਨ। ਅਸਲ ਵਿੱਚ ਇਹ ਲੋਕ ਮੇਰੇ ਇਸ ਕੁਮੈਂਟ ਦੇ ਬਹਾਨੇ ਕੁਝ ਹੋਰ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਜਿਸ ਨਾਲ ਵਿਰੋਧ ਹੈ, ਉਸ ਤੱਕ ਹੀ ਸੀਮਤ ਰੱਖੋ, ਮੈਨੂੰ ਵਿੱਚ ਨਾ ਘੜੀਸੋ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਿੱਖਾਂ ਵਿੱਚ ਆ ਚੁੱਕੀ ਸਿਧਾਂਤਕ ਤੇ ਆਚਰਣਕ ਗਿਰਾਵਟ ਤੇ ਨਸ਼ਿਆਂ ਦੇ ਵੱਧ ਰਹੇ ਰੁਜਾਨ ਜਾਂ ਸਿੱਖੀ ਦੇ ਹੋਰ ਰਹੇ ਸਿਅਸੀਕਰਣ ਵੱਲ ਧਿਆਨ ਦੇਣ ਚਾਹੀਦਾ ਹੈ, ਨਾ ਕਿ ਪੁਜਾਰੀਆਂ ਤੇ ਸਿਆਸਤਦਾਨਾਂ ਦੀ ਸਾਜ਼ਸ਼ ਵਿੱਚ ਫਸ ਕੇ ਆਪਸ ਵਿੱਚ ਲੜੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top