Share on Facebook

Main News Page

ਬਾਲਾ ਕਿ ਕੌਮੀ ਸਿਆਪਾ ਭਾਗ-੨
ਬਾਲੇ ਦੀ ਜਨਮ ਸਾਖੀ ਕਦੋਂ ਤੇ ਕਿਉਂ ਹੋਂਦ 'ਚ ਆਈ ?
-: ਬਲਦੀਪ ਸਿੰਘ ਰਾਮੂੰਵਾਲੀਆ
76962-92718

ਅਸੀਂ ਆਪਣੇ ਪਿਛਲੇ ਲੇਖ "ਬਾਲਾ ਕੇ ਕੌਮੀ ਸਿਆਪਾ -੧" ਵਿਚ ਇਹ ਗਲ ਚੰਗੀ ਤਰਾਂ, ਵਿਚਾਰ ਚੁਕੇ ਹਾਂ, ਕਿ ਬਾਲੇ ਨਾਮ ਦਾ ਕੋਈ ਗੁਰੂ ਨਾਨਕ ਦਾ ਸੰਗੀ ਨਹੀਂ ਹੋਇਆ।

ਫਿਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਬਾਲੇ ਨਾਮ ਦਾ ਕੋਈ ਗੁਰੂ ਨਾਨਕ ਦਾ ਸੰਗੀ ਨਹੀਂ ਹੋਇਆ, ਤਾਂ ਉਸਦੇ ਨਾਮ 'ਤੇ ਜਨਮ ਸਾਖੀ ਕਿਵੇਂ ਹੋਂਦ ਵਿੱਚ ਆਈ?

ਅਸਲ ਵਿੱਚ ਬਾਲੇ ਦੀ ਜਨਮ ਸਾਖੀ ਤੋਂ ਪਹਿਲਾਂ ਮਿਹਰਵਾਨ ਤੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਹੋਂਦ ਵਿੱਚ ਆ ਚੁਕੀਆਂ ਸਨ (ਇਹਨਾਂ 'ਚ ਬਾਲੇ ਦਾ ਕੋਈ ਜ਼ਿਕਰ ਨਹੀਂ); ਇਸੇ ਕਾਰਨ ਜੋ ਗਲਾਂ ਬਾਲੇ ਵਾਲੀ ਜਨਮ ਸਾਖੀ 'ਚ ਗਲਤ ਤੇ ਅਸਭਿਆਕ ਹਨ, ਉਹਨਾਂ ਦੀ ਪ੍ਰੌੜਤਾ ਕਰਨ ਲਈ ਬਾਲੇ ਨਾਮ ਦਾ ਪਾਤਰ ਘੜ ਕੇ, ਉਸਨੂੰ ਗੁਰੂ ਨਾਨਕ ਦਾ ਸੰਗੀ ਬਣਾ ਕੇ, ਆਪਣੇ ਝੂਠ ਨੂੰ ਸੱਚ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਪੰਜ਼ਾਬੀ ਦਾ ਅਖਾਣ ਹੈ "ਚੋਰ / ਝੂਠ ਦੇ ਪੈਰ ਨਹੀਂ ਹੁੰਦੇ" ਬਸ ਉਹ ਹੀ ਗਲ ਅਖੌਤੀ ਬਾਲੇ ਦੀ ਜਨਮ ਸਾਖੀ 'ਤੇ ਢੁੱਕਦੀ ਹੈ। ਗੁਰਬਾਣੀ ਦਾ ਵਾਕ ਹੈ :-

ਕੂੜੁ ਠਗੀ ਗੁਝੀ ਨ ਰਹੈ ਮੁਲੰਮਾ ਪਾਜੁ ਲਹਿ ਜਾਇ ॥ (ਗਉੜੀ ਕੀ ਵਾਰ ,ਮ:੪)

ਇਕ ਵਾਰ ਤਾਂ ਨਕਲੀ ਗਹਿਣਾ ਅਸਲ ਹੋਣ ਦਾ ਭਰਮ ਪਾਉਂਦਾ ਹੈ, ਪਰ ਉਸਦਾ ਪਾਜ ਉਜਾਗਰ ਹੋ ਹੀ ਜਾਂਦਾ ਕਿ ਇਹ ਨਕਲੀ ਹੈ। ਬਸ ਇਹ ਹੀ ਗਲ ਬਾਲੇ ਦੀ ਜਨਮ ਸਾਖੀ 'ਤੇ ਢੁੱਕ ਜਾਂਦੀ ਹੈ; ਇਸ ਲਿਖਤ ਦਾ ਲਿਖਾਰੀ ਚਾਹੇ ਮਾਨਸਿਕ 'ਤੇ ਸਮਾਜਿਕ ਵਿਗਿਆਨ ਨੂੰ ਸਮਝਣ ਵਾਲਾ ਸੀ, ਪਰ ਖਗੋਲ ਭਗੋਲ ਦੀ ਜਾਣਕਾਰੀ ਤੋਂ ਬਿਹੂਣਾ ਹੈ, ਸਾਖੀ 'ਚ ਵਿਰੋਧਾਭਾਸ ਵੀ ਹੈ ਤੇ ਹੋਰ ਵੀ ਬੇਅੰਤ ਕਮੀਆਂ ਹੋਣ ਕਰਕੇ ਧਿਆਨ ਨਾਲ ਵਾਚਣ ਤੇ ਇਹ ਸਾਖੀ ਕਚ-ਘਰੜ ਸਾਬਿਤ ਹੋ ਜਾਂਦੀ ਹੈ। ਆਉ ਹੁਣ ਅਸੀਂ ਵੀਚਾਰ ਕਰੀਏ ;

ਸੁਆਲ :- ਬਾਲੇ ਵਾਲੀ ਜਨਮ ਸਾਖੀ ਕਦੋਂ ਲਿਖੀ ਗਈ?
ਜੁਆਬ :- ਲਿਖਾਰੀ ਨੇ ਆਪਣੇ ਵਲੋਂ ਇਹ ਗਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਉਹਨਾ ਆਪ ਲਿਖਵਾਈ, ਪਰ ਜਦ ਅਸੀਂ ਇਸੇ ਅਖੌਤੀ ਜਨਮ ਸਾਖੀ ਨੂੰ ਵਾਚਦੇ ਹਾਂ, ਤਾਂ ਇਹ ਧਾਰਣਾ ਜੋ ਲਿਖਾਰੀ ਸਾਬਿਤ ਕਰਨਾ ਚਾਹੁੰਦਾ, ਝੂਠੀ ਸਾਬਿਤ ਹੋ ਜਾਂਦੀ ਹੈ। ਹੇਠਾਂ ਲਿਖੇ ਅਨੁਸਾਰ :-

੧. ਸਭ ਤੋਂ ਪਹਿਲੀ ਗਲ ਇਸ ਜਨਮ ਸਾਖੀ 'ਚ ਨਵੀਨ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਪੁਰਾਤਨ ਤੇ ਮਿਹਰਵਾਨ ਦੀ ਜਨਮ ਸਾਖੀ ਦੇ ਮੁਕਾਬਲੇ। ਉਦਾਹਰਣ ਲਈ ਦੇਖੋ :-

(ੳ) ਭਾਈ ਲਾਲੋ ਲਈ "ਤਰਖਾਣ "ਲਫਜ਼ ਵਰਤਿਆ ਗਿਆ ਹੈ, ਜਦਕਿ ਪੁਰਾਤਨ 'ਚ "ਬਾਢੀਸੁਤ" ਵਰਤਿਆ ਹੈ। ਬਾਢੀਸੁਤ ਪੁਰਾਤਨ ਲਫਜ਼ ਹੈ ਜਦਕਿ "ਤਰਖਾਣ "ਨਵੀਨ।

(ਅ) ਇਸ ਵਿਚ "ਏਮਨਾਬਾਦ" ਲਿਖਿਆ ਜਿਥੇ ਬਾਬਰ ਦੇ ਕਤਲੇ ਆਮ ਨੂੰ ਗੁਰੂ ਨਾਨਕ ਨੇ ਵਹਿਸ਼ਤ ਦਾ ਨੰਗਾ ਨਾਚ ਕਹਿ ਕੇ ਬਾਬਰ ਨੂੰ ਜ਼ਾਬਰ ਕਿਹਾ। ਪਰ ਪੁਰਾਤਨ ਜਨਮ ਸਾਖੀ ਤੇ ਬਾਬਰ ਦੀ ਆਪਣੀ ਆਤਮ ਕਥਾ 'ਚ ਇਸਦਾ ਨਾਮ "ਸਯੱਦਪੁਰ" ਲਿਖਿਆ ਹੈ। ਅਸਲ ਵਿਚ "ਸਯੱਦਪੁਰ" ਦਾ ਨਾਮ "ਏਮਨਾਬਾਦ" ਅਕਬਰ ਦੇ ਸਮੇਂ "ਮੁਹੰਮਦ ੲਮੀਨ" ਨੇ ਆਪਣੇ ਨਾਮ 'ਤੇ ਰਖਿਆ ਸੀ। ਸੋ, ਇਸ ਗਲ ਤੋ ਇਹ ਸਪਸ਼ਟ ਹੋ ਜਾਂਦਾ ਹੈ, ਕਿ ਇਹ ਜਨਮ ਸਾਖੀ ਅਕਬਰ ਤੋਂ ਬਾਅਦ ਹੋਂਦ 'ਚ ਆਈ, ਜਦ ਸਯਦਪੁਰ ਏਮਨਾਬਾਦ ਬਣ ਚੁਕਾ ਸੀ; ਨਾ ਕਿ ਗੁਰੂ ਅੰਗਦ ਸਾਹਿਬ ਦੇ ਸਮੇਂ।

੨. ਇਸ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਨੇ ਕੌਡੇ, ਅਧਰਕੇ ਤੇ ਝੰਡੇ ਬਾਢੀ ਦੀ ਸਾਖੀ 'ਚ ਉਹਨਾਂ ਨੂੰ ਕ੍ਰਮਵਾਰ ਆਹ ਬਖਸ਼ਿਸ਼ ਕੀਤੀ :-

(ੳ) ਸਤਵੇ ਦਿਨ ਮੰਜੀ ਬਹਾਇ ਚਲਿਆ (ਕੌਡੇ ਨੂੰ)
(ਅ) ਅਸੀਂ ਅਧਰਕੇ ਨੂੰ ਮੰਜੀ ਬਹਾਲਣਾ ਸੀ (ਅਧਰਕੇ ਨੂੰ)
(ੲ) ਤਾਂ ਗੁਰੂ ਨਾਨਕ ਆਖਿਆ ਝੰਡਾ! ਅਸੀ ਤੈਨੂੰ ਮੰਜੀ ਬਹਾਵਣਾ ਹੈ (ਝੰਡੇ ਬਾਢੀ ਨੂੰ)

ਵਿਚਾਰ :- ਮੰਜੀ ਲਫਜ਼ ਸਿੱਖ ਕੌਮ ਦੇ ਪ੍ਰਮੁਖ ਪ੍ਰਚਾਰਕਾਂ ਵਾਸਤੇ ਗੁਰੂ ਅਮਰਦਾਸ ਜੀ ਨੇ ਵਰਤਿਆ। ਉਹਨਾਂ ਨੇ ੨੨ ਮੰਜੀਆਂ ਸਥਾਪਿਤ ਕੀਤੀਆਂ ਸਨ ਤੇ ੫੨ ਪੀੜ੍ਹੇ। ਗੁਰੂ ਨਾਨਕ ਸਾਹਿਬ ਦੇ ਵਕਤ ਕਿਸੇ ਮੰਜੀਦਾਰ ਨਿਯੁਕਤ ਹੋਣ, ਕੋਈ ਇਤਿਹਾਸਿਕ ਹਵਾਲਾ ਨਹੀਂ ਮਿਲਦਾ। ਪ੍ਰਚਾਰਕਾਂ ਲਈ ਵਰਤਿਆ ਸ਼ਬਦ "ਮੰਜੀ" ਇਸ ਜਨਮ ਸਾਖੀ ਦੇ ਗੁਰੂ ਅਮਰਦਾਸ ਜੀ ਤੋਂ ਬਾਅਦ ਲਿਖੀ ਹੋਣ ਦਾ ਸਬੂਤ ਦਿੰਦਾ ਹੈ।

੩. ਇਸ ਜਨਮ ਸਾਖੀ 'ਚ ਆਈ ਇਕ ਸਾਖੀ "ਦੇਵਲੂਤ ਰਾਜੇ ਦੀ" ਵਿੱਚ ਗੁਰੂ ਨਾਨਕ ਸਾਹਿਬ ਦੇਵਲੂਤ ਨੂੰ ਕਹਿ ਰਹੇ ਨੇ; ਰਾਜੇ ਦੇਵਲੂਤ ਤੈਨੂੰ ਅਸਾ ਏਥੋ ਦਾ "ਮਸੰਦ" ਕੀਤਾ।
ਹੁਣ ਇਥੇ ਆਇਆ ਲਫਜ਼ "ਮਸੰਦ "ਧਿਆਨ ਮੰਗਦਾ ਹੈ, ਕਿਉਂਕਿ ਮਸੰਦ ਪ੍ਰਥਾ ਤਾਂ ਗੁਰੂ ਰਾਮਦਾਸ ਜੀ ਨੇ ਪ੍ਰਾਰੰਭ ਕੀਤੀ ਸੀ, ਗੁਰੂ ਨਾਨਕ ਸਾਹਿਬ ਵਕਤ ਕੋਈ ਪ੍ਰਚਾਰਕ ਨੂੰ ਮਸੰਦ ਨਹੀਂ ਕਿਹਾ ਜਾਂਦਾ ਸੀ। ਸੋ, ਇਥੋ ਇਹ ਵੀ ਸਾਬਿਤ ਹੁੰਦਾ ਹੈ, ਕਿ ਇਹ ਜਨਮ ਸਾਖੀ ਗੁਰੂ ਰਾਮਦਾਸ ਜੀ ਤੋਂ ਵੀ ਬਾਅਦ ਦੀ ਲਿਖਤ ਹੈ।

੪. ਇਸੇ ਜਨਮ ਸਾਖੀ ਵਿੱਚ ਇਕ ਜਗ੍ਹਾ ਲਿਖਿਆ ਮਿਲਦਾ ਹੈ, ਕਿ ਗੁਰੂ ਅੰਗਦ ਸਾਹਿਬ ਬਾਲੇ ਨੂੰ ਕਹਿ ਰਹੇ ਹਨ - ਇਹ ਗਲ ਗੁਰੂ ਨਾਨਕ ਨੂੰ ਕਰਤਾਰ ਦੇਖਾਈ ਹੈ, ਨਹੀਂ ਤਾਂ ਭਾਈ ਬਾਲਾ ਭਲੇ ਮਹਾਂਪੁਰਖ ਸੰਗਤਾਂ ਦੀਆਂ ਕਾਰ ਤੇ ਭੇਟਾ ਦੇਖ ਕੇ ਭਉਦਲ ਜਾਂਦੇ ਹਨ।"
ਇਹ ਗਲ ਤੋਂ ਤੱਥ ਅਗੇ ਆਉਂਦਾ ਕਿ ਸੰਗਤਾਂ ਦੇ ਪੈਸੇ ਖਾਣੇ ਮਸੰਦਾਂ ਨੇ ਸ਼ੁਰੂ ਕੀਤੀ ਸੀ ਤੇ ਇਹ ਬਿਮਾਰੀ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿ ਗੋਬਿੰਦ ਸਾਹਿਬ ਵਕਤ ਇਹ ਜਨਮ ਲੈ ਚੁਕੀ ਸੀ, ਜਿਸ ਤੋਂ ਇਹ ਗੁਰੂ ਅਰਜਨ ਸਾਹਿਬ ਤੋਂ ਬਾਅਦ ਦੀ ਸਾਬਿਤ ਹੋ ਜਾਂਦੀ ਹੈ।

੫. ਜੇਕਰ ਇਹ ਗੁਰੂ ਅੰਗਦ ਸਾਹਿਬ ਵਕਤ ਲਿਖੀ ਗਈ, ਤਾਂ ਇਸ ਵਿੱਚ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਦੇ ਸ਼ਬਦ ਕਿਵੇ ਅੰਕਿਤ ਹੋ ਗਏ। ਇਸ ਗਲ ਤੋਂ ਵੀ ਇਹ ਸਪਸ਼ੱਟ ਹੋ ਜਾਂਦਾ ਹੈ, ਕਿ ਇਹ ਰਚਨਾ ਗੁਰੂ ਅਰਜਨ ਸਾਹਿਬ ਤੋਂ ਬਾਅਦ ਦੀ ਹੈ।

੬. ਇਸ ਅਖੌਤੀ ਭਾਈ ਬਾਲੇ ਦੀ ਸਭ ਤੋਂ ਪੁਰਾਤਨ ਲਿਖਤ ੧੬੫੮ ਈ. ਦੀ ਹੈ ਤੇ ਵਿਦਵਾਨਾਂ ਦਾ ਮਤ ਹੈ ਕਿ ਇਹ ਲਿਖਤ ਭਾਈ ਬਾਲੇ ਦੀ ਅਖੌਤੀ ਸਾਖੀ ਦਾ ਪਹਿਲਾ ਜਾਂ ਦੂਸਰਾ ਉਤਾਰਾ ਹੈ। ਇਸ ਗਲ ਨੂੰ ਸਾਬਿਤ ਕਰਨ ਲਈ ਸਾਨੂੰ ਇਸਦੀ ਰਚਨਾ ਕਿਉਂ ਹੋਈ ਵਿਚਾਰਨਾ ਪਵੇਗਾ .....

ਸੁਆਲ :- ਬਾਲੇ ਵਾਲੀ ਜਨਮ ਸਾਖੀ ਕਿਉਂ ਲਿਖੀ ਗਈ?
ਜੁਆਬ :- ਅਸੀਂ ਉਪਰ ਵਿਚਾਰ ਕਰ ਆਏ ਹਾਂ ਕਿ ਇਹ ਬਾਲੇ ਦੀ ਜਨਮ ਸਾਖੀ ੧੬੫੫ ਈ. ਤੋਂ ਬਾਅਦ ਲਿਖੀ ਗਈ ਹੈ, ਪਰ ਕਿਉਂ, ਇਹ ਸਮਝਣਾ ਜ਼ਰੂਰੀ ਹੈ, ਆਉ ਵੀਚਾਰੀਏ :-

੧. ਸਭ ਤੋਂ ਪਹਿਲੀ ਗਲ ਇਸ ਸਾਖੀ ਨੂੰ ਵੀਚਾਰਨ ਨਾਲ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ, ਕਿ ਇਹ ਸ਼ਰਾਰਤੀ ਕਾਰਜ ਹਿੰਦਾਲੀਆਂ ਨੇ ਕੀਤਾ; ਪਰ ਕਿਉਂ? ਇਸ ਸਵਾਲ ਦੇ ਜੁਆਬ ਲਈ ਸਾਖੀ ਹੀ ਸਹਾਇਤਾ ਕਰਦੀ ਹੈ ਦੇਖੋ :-

ਬਾਬਾ ਹਿੰਦਾਲ ਗੁਰੂ ਅਰਜਨ ਸਾਹਿਬ ਸਮੇਂ ਗੁਰੂ ਘਰ ਦਾ ਮਸੰਦ ਸੀ, ਤੇ ਜੰਡਿਆਲੇ ਦਾ ਵਸਨੀਕ ਸੀ, ਪਰ ਇਸਦਾ ਪੁਤਰ ਭੇਟਾਵਾਂ ਦੇਖ ਕੇ ਕੁਰਾਹੇ ਪੈ ਗਿਆ, ਉਸਦਾ ਨਾਮ ਬਿਧੀ ਚੰਦ ਸੀ (ਗੁਰੂ ਹਰਿ ਗੋਬਿੰਦ ਸਾਹਿਬ ਦਾ ਸ੍ਰੋਮਣੀ ਸਿੱਖ ਬਿਧੀ ਚੰਦ ਸੁਰਸਿੰਘ ਦਾ ਨਿਵਾਸੀ ਸੀ, ਜਦਕਿ ਇਹ ਹਿੰਦਾਲ ਦਾ ਪੁਤਰ ਬਿਧੀ ਚੰਦ ਜੰਡਿਆਲੇ ਦਾ) ਇਸ ਨੇ ਸਭ ਤੋਂ ਪਹਿਲਾ ਆਪਣੇ ਬਾਪ ਦੇ ਨਾਂ ਤੇ "ਪਰਚੀ ਹਿੰਦਾਲ" ਨਾਂ ਦੀ ਰਚਨਾ ਲਿਖਵਾਈ ੧੬੫੫ ਵਿੱਚ; ਫਿਰ ਇਸ ਨੇ ਉਸ ਲਿਖਤ ਵਿਚਲੀਆਂ ਗਲਾਂ ਦੀ ਪ੍ਰੌੜਤਾ ਲਈ ਬਾਲੇ ਨਾਮ ਦਾ ਕਾਲਪਨਿਕ ਪਾਤਰ ਖੜਾ ਕਰਕੇ, ਆਹ ਅਖੌਤੀ ਜਨਮ ਸਾਖੀ ੧੬੫੫-੧੬੫੮ ਦੇ ਵਿਚਕਾਰ ਲਿਖਵਾਈ। ਇਸਨੇ ਇਸ ਜਨਮ ਸਾਖੀ ਵਿਚ ਹੇਠ ਲਿਖੀਆਂ ਪੰਜ ਸਾਖੀਆਂ ਆਪਣਾ ਤੋਰੀ ਫੁਲਕਾ ਚਲਾਉਣ ਲਈ ਬਾਬੇ ਨਾਨਕ ਦੇ ਮੂੰਹੋ ਇਹ ਗਲ ਕੱਢਵਾ ਰਿਹਾ ਕਿ ਬਾਬਾ ਹਿੰਦਾਲ ਗੁਰੂ ਨਾਨਕ ਤੋਂ ਵੀ ਅਧਿਆਤਮਿਕ ਤੌਰ 'ਤੇ ਉਪਰ ਹੋਵੇਗਾ (ਭਵਿਖਤ ਬੋਲ) ਉਹ ਸਾਖੀਆ ਹਨ :-
(ੳ) ਪ੍ਰਹਿਲਾਦ ਭਗਤ ਵਾਲੀ
(ਅ) ਧਰੂ ਭਗਤ ਵਾਲੀ
(ੲ) ਸਿੱਧਾਂ ਵਾਲੀ ਸਾਖੀ
(ਸ) ਪੰਡਤ ਦੀਨਾ ਨਾਥ ਵਾਲੀ ਸਾਖੀ
(ਹ) ਘੋਟੇ ਜੱਟ ਵਾਲੀ ਸਾਖੀ

ਇਹਨਾਂ ਪੰਜਾਂ ਸਾਖੀਆਂ 'ਚ ਦਸਿਆ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਪਿਛੋਂ ਹੰਦਾਲ ਨਾਮ ਦਾ ਜੱਟ ਹੋਵੇਗਾ, ਜਿਸ ਤੇਜ਼ ਪ੍ਰਤਾਪ ਅਗੇ ਗੁਰੂ ਨਾਨਕ ਸਾਹਿਬ ਵੀ ਨੀਵੇਂ ਹੋਣਗੇ। ਹੁਣ ਪਾਠਕ ਇਸ ਗਲ ਤੋਂ ਅੰਦਾਜ਼ਾ ਲਾ ਲੈਣ ਇਨੀਆਂ ਸਾਖੀਆਂ 'ਚ ਹਿੰਦਾਲ ਦੀ ਉਸਤਤਿ ਸਿਰਫ ਉਸਦੇ ਨਾਂ 'ਤੇ ਰੋਟੀਆਂ ਖਾਣ ਵਾਲੇ, ਬੇਈਮਾਨ ਟੋਲੇ ਦੀ ਕਾਢ ਇਹ ਜਨਮ ਸਾਖੀ ਹੈ (ਬਿਧੀ ਚੰਦ ਦੀ ਕਰਤੂਤ ਆਹ ਇਹ)

(ਜ਼ਰੂਰੀ ਨੋਟ:- ਇਹ ਪੰਜੇ ਸਾਖੀਆਂ ੧੮੯੬ ਈ. ਵਿੱਚ ਜਨਮ ਸਾਖੀ 'ਚੋਂ ਕੱਢ ਦਿੱਤੀਆਂ ਗਈਆਂ ਹਨ, ਅਜ ਕਲ ਇਹ ਨਹੀਂ ਛੱਪਦੀਆਂ)

੨. ਇਸੇ ਜਨਮ ਸਾਖੀ ਦੇ ਅਖੀਰ ਵਿਚ ਮਝੌਤ ਵਾਲੀ ਸਾਖੀ ਹੈ, ਜਿਸ ਵਿੱਚ ਲਿਖਿਆ ਹੈ ਗੁਰੂ ਨਾਨਕ ਇਕ ਮੁਸਲਮਾਣ ਤ੍ਰੀਮਤ ਨਾਲ ਵਿਆਹ ਕਰਾਉਂਦੇ ਹਨ। ਇਹ ਝੂਠੀ ਸਾਖੀ ਬਿਧੀ ਚੰਦ ਦੀ ਕਰਤੂਤ ਛਪਾਉਣ ਲਈ ਘੜ੍ਹੀ ਗਈ, ਕਿਉਂਕਿ ਇਸ ਨੇ ਆਪ ਇਕ ਮੁਸਲਮਾਨ ਬੀਬੀ ਨਾਲ ਨਿਕਾਹ ਕੀਤਾ ਸੀ। ਦੁਹਾਈ ਰਬ ਦੀ, ਆਪਣਾ ਵਿਭਚਾਰ ਛੁਪਾਉਣ ਲਈ ਬਾਬੇ ਨਾਨਕ ਨੂੰ ਵੀ ਵਿਭਚਾਰੀ ਬਣਾ ਦਿਤਾ।
(ਜ਼ਰੂਰੀ ਨੋਟ:- ੧੮੭੪ 'ਚ ਇਹ ਮਝੌਤ ਵਾਲੀ ਸਹਿਜ ਤੇ ਕੁਸਹਿਜ ਸਾਖੀਆਂ ਸਮੇਤ, ਇਸ ਜਨਮ ਸਾਖੀ 'ਚੋਂ ਕੱਢ ਦਿਤੀਆਂ ਸਨ)

ਉਪਰੋਕਤ ਵੀਚਾਰ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ, ਕਿ "ਬਾਲੇ ਵਾਲੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਦੇ ਸਤਿਕਾਰ ਲਈ ਨਹੀਂ, ਸਗੋਂ ਤਿਰਸਕਾਰ ਲਈ ਲਿਖੀ ਗਈ ਹੈ"। ਇਹ ਜਨਮ ਸਾਖੀ ੧੬੫੫ ਤੋਂ ਬਾਅਦ ਤੇ ੧੬੫੮ ਤੋਂ ਪਹਿਲਾ ਲਿਖੀ ਗਈ ਹੈ (ਕਿਉਂਕਿ ੧੬੫੮ 'ਚ ਬਿਧੀ ਚੰਦ ਦਾ ਦੇਹਾਂਤ ਹੋ ਗਿਆ ਸੀ) ਇਸ ਜਨਮ ਸਾਖੀ ਲਿਖਣ ਦਾ ਮਨੋਰਥ ਸਿਰਫ ਆਪਣਾ ਵਿਬਚਾਰ ਛੁਪਾਉਣਾ ਤੇ ਆਪਣੇ ਵਡੇ ਹੰਦਾਲ ਤੋਂ ਸਤਿਗੁਰੂ ਨਾਨਕ ਨੂੰ ਨੀਵਾਂ ਦਿਖਉਣਾ ਹੈ।

ਸੋ, ਮੇਰੀ ਅਖੀਰ 'ਤੇ ਬੇਨਤੀ ਹੈ, ਕਿ ਇਸ ਜਨਮ ਸਾਖੀ ਨੂੰ ਮਾਨਤਾ ਨਾ ਦਿਤੀ ਜਾਵੇ, ਤੇ ਜੋ ਗ੍ਰੰਥ ਇਸ ਜਨਮ ਸਾਖੀ ਨੂੰ ਆਧਾਰ ਬਣਾ ਕੇ ਲਿਖੇ ਹਨ, ਜਿਵੇਂ "ਨਾਨਕ ਪ੍ਰਕਾਸ਼" ਉਹਨਾਂ ਦਾ ਵੀ ਅਧਿਅਨ ਕਰਕੇ, ਸੱਚ ਝੂਠ ਦਾ ਨਿਤਾਰਾ ਕਰਨਾ ਚਾਹੀਦਾ ਹੈ।

ਭੁਲ ਚੁੱਕ ਦੀ ਖਿਮਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top