Share on Facebook

Main News Page

"ਬਾਲਾ" ਕਿ ਕੌਮੀ ਸਿਆਪਾ ?
-: ਬਲਦੀਪ ਸਿੰਘ ਰਾਮੂੰਵਾਲੀਆ
76962-92718

ਲੇਖ ਦਾ ਸਿਰਲੇਖ ਦੇਖ ਕਿ ਪਾਠਕ ਸੋਚਣਗੇ, ਕਿ ਇਹ ਕੀ ਗਲ ਹੈ? ਅਸਲ 'ਚ ਪਾਠਕ ਜਣੋ ਅਜ ਆਪਾਂ ਜਿਸ ਬੰਦੇ ਬਾਰੇ ਵੀਚਾਰ ਕਰਨੀ ਹੈ ਉਹ ਹੈ (ਅਖੌਤੀ) ਭਾਈ ਬਾਲਾ ਜਿਸ ਨੂੰ ਤੁਸੀਂ ਅਜ ਕਲ ਦੀਆਂ ਕਾਲਪਨਿਕ ਤਸਵੀਰਾਂ 'ਚ ਬਾਬੇ ਨਾਨਕ ਦੇ ਸਿਰ 'ਤੇ ਮੋਰ ਦੇ ਖੰਭਾਂ ਦਾ ਚੌਰ ਕਰਦੇ ਦੇਖਿਆ ਹੋਵੇਗਾ। ਅਸੀਂ ਉਸਦੀ ਲਿਖਤ, ਭਾਈ ਗੁਰਦਾਸ, ਗੁਰਬਾਣੀ ਦੇ ਆਧਾਰ 'ਤੇ ਵਿਚਾਰ ਕਰਾਂਗੇ ਕਿ ਕੀ ਕੋਈ ਬਾਲੇ ਨਾਮ ਦਾ ਬੰਦਾ ਗੁਰੂ ਨਾਨਕ ਦਾ ਸੰਗੀ ਹੋਇਆ ਹੈ ਕਿ ਨਹੀਂ?

ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬਧਿਤ ਚਾਰ ਜਨਮ ਸਾਖੀਆਂ 'ਚੋਂ ਇਕ ਬਾਲੇ ਵਾਲੀ ਜਨਮ ਸਾਖੀ ਕਰਕੇ ਹੈ, ਜਿਸ ਨੂੰ ਆਧਾਰ ਬਣਾ ਕੇ ਕਵੀ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਦਾ ਉਤਾਰਾਧ ਤੇ ਪੂਰਬਾਧ ਲਿਖਿਆ। ਅਸਲ 'ਚ ਬਾਲੇ ਵਾਲੀ ਜਨਮ ਸਾਖੀ 'ਚ ਕਹਾਣੀਆਂ ਮਸਾਲਾ ਲਾ ਲਾ ਕੇ ਤੇ ਅਲੰਕਾਰ ਦੀ ਵਰਤੋਂ ਕਰਕੇ ਇਨੀਆਂ ਰੌਚਕ ਬਣਾ ਦਿਤੀਆਂ, ਕਿ ਇਹ ਬਾਕੀ ਜਨਮ ਸਾਖੀਆਂ ਨਾਲੋਂ ਜ਼ਿਆਦਾ ਮਸ਼ਹੂਰ ਹੋ ਗਈ, ਜਦ ਕਿ ਇਹ ਗੁਰਮਤਿ ਸਿਧਾਂਤਾਂ ਤੋਂ ਬਹੁਤੀ ਉਲਟ ਹੈ। ਅਜ ਦੇ ਲੇਖ 'ਚ ਸਿਰਫ (ਕਾਲਪਨਿਕ) ਬਾਲੇ 'ਤੇ ਵਿਚਾਰ ਕਰਾਂਗੇ :-

** ਜਦ ਬਾਲਾ ਗੁਰੂ ਅੰਗਦ ਸਾਹਿਬ ਕੋਲ ਆਇਆ ਤਾਂ ਗੁਰੂ ਅੰਗਦ ਸਾਹਿਬ ਨੇ ਸਵਾਲ ਕੀਤੇ ਉਸ ਨੂੰ :-

੧. ਭਾਈ ਸਿਖਾ ਤੂੰ ਕੌਣ ਆਂ? ਕਿਥੋਂ ਆਇਆਂ? ਕਿੰਞ ਆਇਆਂ?
੨. ਭਾਈ ਸਿਖਾ ਤੂੰ ਸਿੱਖ ਕਿਸਦਾ? ਤੈਨੂੰ ਕੌਣ ਮਿਲਿਆ ਸੀ (ਸਿੱਖ ਬਣਾਉਣ ਲਈ)?
੩. ਭਾਈ ਬਾਲੇ ਗੁਰੂ ਤਹਿੰ ਡਿਠਾ ਸੀ? (ਬਾਲੇ ਦੀ ਜਨਮ ਸਾਖੀ, ਨਾਨਕ ਪ੍ਰਕਾਸ਼ ਕਵੀ ਸੰਤੋਖ ਸਿੰਘ)

ਵਿਚਾਰ :

੧. ਜੇਕਰ ਬਾਲਾ ਗੁਰੂ ਨਾਨਕ ਦਾ ਸੰਗੀ ਸੀ ਤੇ ਉਹਨਾਂ ਨਾਲ ਪ੍ਰਚਾਰਕ ਦੌਰਿਆਂ 'ਚ ਰਿਹਾ ਸੀ, ਤਾਂ ਇਸ ਗਲ ਦਾ ਪਤਾ ਗੁਰੂ ਅੰਗਦ ਸਾਹਿਬ ਨੂੰ ਕਿਉਂ ਨਹੀਂ ਸੀ? ਕਿਉਂਕਿ ਗੁਰੂ ਅੰਗਦ ਸਾਹਿਬ ੧੫੩੨-੧੫੩੯ ਤੱਕ ਸੱਤ ਸਾਲ ਗੁਰੂ ਨਾਨਕ ਦੇ ਕੋਲ ਰਹੇ ਤੇ ਉਹਨਾਂ ਦੇ ਜੀਵਨ ਦੀਆਂ ਘਾਲਣਾਵਾਂ ਨੂੰ ਗੁਰੂ ਦੇ ਜ਼ੁਬਾਨੀ ਤੇ ਗੁਰਸਿਖਾਂ ਕੋਲੋਂ ਸੁਣਿਆ ਹੋਵੇਗਾ ਜ਼ਰੂਰ।

੨. ੧੫੩੨-੧੫੩੯ ਦੇ ਵਿਚਕਾਰ ਬਾਲਾ ਇਕ ਵਾਰ ਵੀ ਕੀ ਗੁਰੂ ਨਾਨਕ ਸਾਹਿਬ ਨੂੰ ਮਿਲਣ ਨਹੀਂ ਆਇਆ? ਕਿਉਂਕਿ ਜੇ ਆਇਆ ਹੁੰਦਾ ਤਾਂ ਗੁਰੂ ਅੰਗਦ ਸਾਹਿਬ ਉਸਨੂੰ (ਉਸਦੀ ਜਨਮ ਸਾਖੀ ਅਨੁਸਾਰ) ਸਵਾਲ ਨਾ ਕਰਦੇ ਤੂੰ ਕੌਣ ਹੈ?

੩. ਗੁਰੂ ਜੀ ਦਾ ਸੁਆਲ ਕਰਨਾ ਤੂੰ ਸਿੱਖ ਕਿਸਦਾ ਹੈ? ਇਸ ਸੁਆਲ ਦੁਆਰਾ ਤਾਂ ਬਾਲੇ ਨੇ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਲਿਆ। ਕਿਉਂਕਿ ਜੇ ਉਹ ਇਤਨਾ ਪ੍ਰਮੁੱਖ ਸਿੱਖ ਸੀ ਤੇ ਪ੍ਰਚਾਰਕ ਦੌਰਿਆਂ ਵਿਚ ਨਾਲ ਰਿਹਾ ਸੀ ਤਾਂ ਗੁਰੂ ਜੀ ਦੇ ਸੁਆਲ ਦਾ ਕੋਈ ਮਾਇਨਾ ਹੀ ਨਹੀਂ ਸੀ।

੪. ਬਾਲਾ ਗੁਮਨਾਮ ਕਿਉਂ ਸੀ?

** ਇਕ ਜਗ੍ਹਾ ਜ਼ਿਕਰ ਆਉਂਦਾ ਹੈ ਜਨਮ ਸਾਖੀ ਵਿਚ; ਤਾਂ ਲਾਲੂ ਕਹਿਆ, ਭਾਈ ਬਾਲਾ ਤੂੰ ਨਾਨਕ ਦਾ ਮਿਤ੍ਰ ਸੈ; ਸਚ ਆਖ, ਗੁਰੂ ਸ੍ਰੀ ਚੰਦ ਹੈ ਕਿ ਅੰਗਦ?

ਵਿਚਾਰ :

੧. ਭਾਈ ਲਾਲੂ ਜੋ ਬਾਬੇ ਨਾਨਕ ਦਾ ਸਕਾ ਚਾਚਾ ਸੀ, ਜਦ ਗੁਰੂ ਨਾਨਕ ਨੇ ਕਰਤਾਰਪੁਰ ਵਸਾਇਆ ਤਾਂ ਕੀ ਉਹ ਕਰਤਾਰਪੁਰ ਨਹੀਂ ਵਸੇ? ਕਿਉਂ?

੨. ਕੀ ਗੁਰੂ ਅੰਗਦ ਦੀ ਗੁਰਿਆਈ ਤੇ ਬਾਬੇ ਨਾਨਕ ਦੇ ਜੋਤੀ ਜੋਤ ਸਮਾਉਣ ਵਕਤ ਵੀ ਬਾਬਾ ਲਾਲੂ ਕਰਤਾਰਪੁਰ ਨਹੀਂ ਸੀ? ਜੇ ਹਾਂ ;ਤਾਂ ਭਾਈ ਲਹਿਣੇ ਦੇ ਅੰਗਦ ਬਣਨ ਦਾ ਉਸ ਨੂੰ ਕਿਵੇਂ ਪਤਾ ਲਗਾ?

੩. ਬਾਕੀ ਸਭ ਨੂੰ ਪਤਾ ਹੋਵੇ ਕਿ ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਮਿਲੀ ਆ ਸੰਗਤਾਂ ਦੂਰੋਂ ਦੂਰੋਂ ਆਉਣ, ਪਰ ਬਾਬੇ ਲਾਲੂ ਨੂੰ ਜੋ ਗੁਰੂ ਨਾਨਕ ਦਾ ਸਮਾਜਿਕ ਰਿਸ਼ਤੇ 'ਚ ਸਕਾ ਚਾਚਾ ਹੈ, ਉਸ ਨੂੰ ਨਹੀਂ ਪਤਾ! ਗਲ ਹਜ਼ਮ ਨਹੀਂ ਹੁੰਦੀ।

ਇਹ ਕਹਾਣੀ ਸਿਰਫ ਬਾਲੇ ਨੇ ਆਪਣੇ ਪੈਰ ਪੱਕੇ ਕਰਨ ਲਈ ਘੜੀ ਹੈ, ਜੋ ਦਲੀਲ 'ਤੇ ਨਹੀਂ ਟਿਕਦੀ ਤੇ ਬਾਲੇ ਦੀ ਹੋਂਦ ਫਿਰ ਕਾਲਪਨਿਕ ਤੇ ਸ਼ੱਕੀ ਹੋ ਜਾਂਦੀ ਹੈ। ਇਹੋ ਜਿਹੀਆਂ ਬੇਅੰਤ ਊਣਤਾਈਆਂ ਇਸੇ ਸਾਖੀ 'ਚ ਹੋਰ ਨੇ, ਜੋ ਬਾਲੇ ਦੀ ਹੋਂਦ ਖਤਮ ਕਰਦੀਆਂ ਹਨ।

## ਇਸ ਜਨਮ ਸਾਖੀ 'ਚ ਤੀਜੇ ਚੌਥੇ ਪੰਜਵੇ ਸਤਿਗੁਰਾਂ ਦੇ ਸ਼ਬਦ ਨੇ, ਜੋ ਸਾਬਿਤ ਕਰਦੇ ਹਨ ਕਿ ਇਹ ਜਨਮ ਸਾਖੀ ਪੰਚਮ ਗੁਰੂ ਤੋਂ ਵੀ ਬਾਅਦ ਲਿਖੀ ਗਈ (ਇਸਦੀ ਪੁਰਾਤਨ ਲਿਖਤ ੧੬੫੦ ਤੋਂ ਬਾਅਦ ਦੀ ਮਿਲਦੀ ਹੈ ਜਿਸ ਤੋਂ ਇਹ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਹਿੰਦਾਲੀਆਂ ਦੁਆਰਾ ਲਿਖਣ ਦੇ ਪ੍ਰਮਾਣ ਮਿਲਦੇ ਹਨ)

## ਬਾਲੇ ਦੇ ਜਨਮ ਕਦੋਂ ਹੋਇਆ? ਮੌਤ ਕਦੋ ਹੋਈ? ਗੁਰੂ ਇਤਿਹਾਸ 'ਚ ਇਸਦਾ ਕੀ ਯੋਗਦਾਨ ਸੀ? ਇਤਿਹਾਸ ਚੁੱਪ !!!

## ਬਾਲੇ ਦੇ ਜਨਮ ਦਾ ਪਤਾ ਨਹੀਂ, ਪਰ ਉਸਦੀਆਂ ਸਮਾਧਾਂ ਦੋ ਥਾਂ ਬਣਾ ਦਿਤੀਆਂ ਗਈਆਂ ਹਨ, ਇਕ ਪੱਖੋਵਾਲ ਰੋਡ 'ਤੇ ਲੁਧਿਆਣੇ 'ਚ, ਤੇ ਦੂਸਰੀ ਖਡੂਰ 'ਚ। ਹੈ ਨਾ ਹਾਸੋ ਹੀਣੀ ਗਲ, ਜੰਮਣ ਦਾ ਪਤਾ ਨਹੀਂ, ਪਰ ਮਾਰ ਦੋ ਥਾਂ ਰਹੇ ਨੇ ...

## ੧੭੨੪ ਤਕ ਦੀਆਂ ਜੋ ਗੁਰੂ ਸਾਹਿਬ ਨਾਲ ਸੰਬਧਿਤ ਕਲਾ ਕ੍ਰਿਤੀਆਂ ਮਿਲਦੀਆਂ ਹਨ, ਉਹਨਾਂ 'ਚ ਬਾਲੇ ਦਾ ਨਾਮੋ ਨਿਸ਼ਾਨ ਤਕ ਨਹੀਂ।

## ਹੁਣ ਆਪਾਂ ਭਾਈ ਗੁਰਦਾਸ ਜੀ ਵਲ ਚਲਦੇ ਹਾਂ, ਕਿਉਂਕਿ ਉਹਨਾਂ ਦੀ ਗਵਾਹੀ ਬਹੁਤ ਜ਼ਿਆਦਾ ਮਹਤਵ ਰਖਦੀ ਹੈ ਦੇਖੋ :-

ਬਾਬਾ ਗਿਆ ਬਗਦਾਦ ਨੂੰ ਬਹਾਰ ਜਾਇ ਕੀਆ ਅਸਾਥਨਾ॥
ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ॥ (ਵਾਰ ੧)

ਹੋਰ ਦੇਖੋ ....

ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ।
ਮੂਲਾ ਕੀੜ ਵਖਾਣੀਏ ਚਲਿਤ ਅਚਰਜ ਲੁਭਤ ਗੁਰਦਾਸੀ
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ
ਭਲਾ ਰਬਾਬ ਵਜਾਇੰਦਾ ਮਜਲਸ 'ਮਰਦਾਨਾ' ਮੀਰਾਸੀ
ਪਿਰਥੀ ਮਲ ਸਹਿਗਲ ਭਲਾ ਰਾਮਾ ਡਿਡੀ ਭਗਤ ਅਭਿਆਸੀ।
ਦੌਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸ ਰਸਿਕ ਬਿਲਾਸੀ
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ
ਗੁਰਮਤਿ ਭਾਉ ਭਗਤਿ ਪ੍ਰਗਾਸੀ॥ ੧੩॥
ਭਗਰ ਜੋ ਭਗਤਾ ਓਹਰੀ, ਜਾਪੂ ਵੰਸੀ ਸੇਵ ਕਮਾਵੈ
ਸੀਹਾਂ ਉਪਲ ਜਾਣੀਏ ਗਜਨ ਉਪਲ ਸਤਿਗੁਰ ਭਾਵੈ
ਮੈਲਸੀਆਂ ਵਿਚ ਆਖੀਏ ਭਾਗੀਰਥ ਕਾਲੀ ਗੁਨ ਗਾਵੈ
ਜਿਤਾ ਰੰਧਾਵਾਂ ਭਲਾ ਬੂੜਾ ਬੁਢਾ ਇਕ ਮਨ ਧਿਆਵੈ। (ਵਾਰ ੧੧)

ਭਾਈ ਗੁਰਦਾਸ ਨੇ ਵੀ ਬਾਬੇ ਨਾਨਕ ਨਾਲ ਮਰਦਾਨੇ ਦੇ ਹੋਣ ਦੀ ਗਵਾਈ ਦਿਤੀ ਹੈ, ਪਰ ਬਾਲੇ ਦਾ ਕਿਤੇ ਜ਼ਿਕਰ ਨਹੀਂ, ਨਾ ਹੀ ਸ਼੍ਰੋਮਣੀ ਗੁਰਸਿੱਖਾਂ ਚ। ਸੋ, ਭਾਈ ਗੁਰਦਾਸ ਦੀ ਗਵਾਹੀ ਵੀ ਇਸ ਕਾਲਪਨਿਕ ਪਾਤਰ ਬਾਲੇ ਦੀ ਹੋਂਦ ਨੂੰ ਨਹੀਂ ਮੰਨਦੀ।

## ਜੇਕਰ ਬਾਲੇ ਨੇ ਗੁਰੂ ਸਾਹਿਬ ਦਾ ਇਤਨਾ ਲੰਬਾ ਸੰਗ ਕੀਤਾ ਹੁੰਦਾ ਤੇ ਉਹ ਬਹੁਤ ਗੁਣਵਾਨ ਹੁੰਦਾ, ਜਿਵੇਂ ਉਹ ਆਪਣੇ ਆਪ ਨੂੰ ਆਪਣੀ ਜਨਮ ਸਾਖੀ 'ਚ ਭਾਈ ਮਰਦਾਨੇ ਤੋਂ ਉਚਾ ਸਾਬਿਤ ਕਰਦਾ ਹੈ, ਫਿਰ ਉਸਦੇ ਗੁਣਾ ਨੂੰ ਦੇਖ ਸਤਿਗੁਰ ਜੀ ਨੇ ਕੋਈ ਸ਼ਬਦ ਸੰਬੋਧਿਤ ਕਰਕੇ ਕਿਉਂ ਉਚਾਰਣ ਨਾ ਕੀਤਾ, ਜਦਕਿ ਮਰਦਾਨੇ ਪਰਥਾਇ ਦੋ ਸਲੋਕ ਉਚਾਰਣ ਕਰਕੇ, ਉਸਦੇ ਸੰਗੀ ਹੋਣ 'ਤੇ ਪੱਕੀ ਮੋਹਰ ਲਾ ਦਿਤੀ। ਇਸ ਤੋਂ ਵੀ ਬਾਲੇ ਦੀ ਹੋਂਦ ਖਤਮ ਹੁੰਦੀ ਹੈ।

ਕੁਲ ਮਿਲਾ ਕੇ ਉਪਰੋਕਤ ਵੀਚਾਰ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਲੇ ਨਾਮ ਦਾ ਕੋਈ ਗੁਰੂ ਨਾਨਕ ਦਾ ਸੰਗੀ ਨਹੀਂ ਹੋਇਆ, ਇਹ ਇਕ ਕਾਲਪਨਿਕ ਪਾਤਰ ਹੈ, ਇਸ ਤੋਂ ਵੱਧ ਕੁੱਝ ਨਹੀਂ (ਵਧੇਰੇ ਜਾਣਕਾਰੀ ਲਈ ਕਰਮ ਸਿੰਘ ਹਿਸਟੋਰੀਅਨ "ਕਤਕ ਕਿ ਵਿਸਾਖ" ਪੜ੍ਹੋ)

ਜ਼ਰੂਰੀ ਨੋਟ : ਦੂਸਰੇ ਲੇਖ 'ਚ ਬਾਲੇ ਦੀ ਜਨਮ ਸਾਖੀ ਵਿਚ ਜੋ ਜੋ ਗੁਰ ਆਸ਼ੇ ਉਲਟ ਜਾਂ ਗੁਰੂ ਨਾਨਕ ਸਾਹਿਬ ਦੇ ਕਿਰਦਾਰ 'ਤੇ ਉਗਲਾਂ ਚੁੱਕੀਆਂ ਗਈਆਂ ਹਨ, ਉਹ ਪਾਠਕਾਂ ਸਾਹਮਣੇ ਰਖਾਂਗੇ ਜਿਸ ਤੋਂ ਬਿਲਕੁਲ ਸਾਫ ਹੋ ਜਾਵੇਗਾ ਕਿ ਬਾਲੇ ਨਾਮ ਦਾ ਕੋਈ ਬੰਦਾ ਨਹੀਂ ਸੀ, ਇਹ ਸਿਰਫ ਗੁਰੂ ਵਿਰੋਧੀਆਂ ਦਾ ਪੈਦਾ ਕੀਤਾ ਕਾਲਪਨਿਕ ਪਾਤਰ ਹੈ।

(ਰਬ ਦਾ ਵਾਸਤਾ ਜੇ, ਬਾਲੇ ਤੋਂ ਕੌਮ ਦਾ ਪਿਛਾ ਛਡਾਉ)

ਜਬ ਲਗ ਦੁਨੀਆਂ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ...

ਚਲਦਾ...

ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top