ਸਿਰ
ਝੁੱਕ ਜਾਂਦਾ ਹੈ ਉਸ ਕ੍ਰਾਂਤੀਕਾਰੀ ਮਹਾਂਪੁਰਖ ਦਾ ਨਾਂ ਲਿਆਂ, ਗੁਰੂ ਸਾਹਿਬ ਨੇ
ਕਿੱਥੇ-ਕਿੱਥੇ ਜਾ ਕੇ ਬਾਬਾ ਰਵਿਦਾਸ ਜੀ ਦੀ ਬਾਣੀ ਲੱਭੀ, ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ ਚੜਾਈ ਅਤੇ ਜਿਸ ਨੂੰ ਪੜ੍ਹ ਵਿਚਾਰ ਕੇ ਸੁਰਤਿ ਰੂਪ ਅੱਖਾਂ ਖੁੱਲ੍ਹ ਜਾਂਦੀਆਂ ਹਨ।
ਪਰ ਜੱਟ, ਭਾਪੇ ਅਤੇ ਚਮਾਰ ਵਾਲਾ ਨਫਰਤ ਭਰਿਆ ਵਖਰੇਵਾਂ ਪੈਦਾ ਕਰਨ ਵਾਲੇ ਬਾਮਣ ਦੇ
ਅਨੁਯਾਈ ਡੇਰੇਦਾਰ ਸਾਧਾਂ ਸੰਪ੍ਰਦਾਈਆਂ ਦਾ ਖਹਿੜਾ ਅਸੀਂ ਕਦੋਂ ਛੱਡਾਂਗੇ? ਜਟ ਨੂੰ ਕਦੋਂ
ਸਮਝ ਆਵੇਗੀ ਕਿ ਮੈਂ ਵੀ ਬਾਮਣ ਦੀ ਨਿਗ੍ਹਾ ਵਿੱਚ ਸ਼ੂਦਰ ਹੀ ਹਾਂ।
ਅਸਲ ਵਿੱਚ ਸਾਰਾ ਜਗਤ ਹੀ ਚਮਾਰ ਹੈ ਕਿਉਂਕਿ ਸਭ ਦੇ ਸਰੀਰ ਚਮ ਦੇ
ਬਣੇ ਹੋਏ ਹਨ ਨਾਂ ਕਿ ਚਾਂਦੀ ਜਾਂ ਸੋਨੇ ਦੇ। ਇਸ ਲਈ ਬਾਮਣ ਭਾਊ ਵੀ ਚਮਾਰ ਹੀ ਹੈ, ਪਰ
ਸ਼ਾਤਿਰ ਦਿਮਾਗ ਅਤੇ ਚਾਣਕੀਆ ਨੀਤੀ ਵਰਤ ਕੇ, ਆਪ ਸਾਧਾਂ ਦਾ ਬਾਣਾ ਪਾ ਕੇ ਸਾਨੂੰ ਆਪਸ
ਵਿੱਚ ਉਚ-ਨੀਚ ਦੇ ਨਾਂ ਤੇ ਭੜਕਾ ਕੇ, ਗੁਲਸ਼ਰੇ ਉਡਾ ਰਿਹਾ ਹੈ। ਇਸ ਨੇ ਸਾਡੇ ਧਰਮ ਅਸਥਾਨਾਂ
ਨੂੰ ਵੀ ਜਾਤਿ ਬਰਾਦਰੀਆਂ ਦੇ ਨਾਂ ਤੇ ਵੰਡ ਦਿੱਤਾ ਹੈ। ਦੇਖੋ!
ਪਹਿਲੇ ਹਿੰਦੂ ਬਾਮਣ ਇਹ ਕਾਰੇ ਕਰਦਾ ਸੀ ਹੁਣ ਉਹ ਸਿੱਖ ਡੇਰਦਾਰ
ਸਾਧ ਬਣ ਕੇ ਕਰ ਰਿਹਾ ਹੈ? ਕੀ ਅਸੀਂ ਬਾਬਾ ਰਵਿਦਾਸ ਜਾਂ ਬਾਬਾ ਨਾਨਕ ਦੇ ਪੁਰਬ ਤੇ ਇਹ
ਪ੍ਰਣ ਕਰਾਂਗੇ ਕਿ ਜਾਤਿ-ਪਾਤਿ ਅਤੇ ਵਖਰੇਵੇ ਪੈਦਾ ਕਰਨ ਵਾਲੇ ਡੇਰੇਦਾਰ, ਸਾਧ ਸੰਪ੍ਰਦਾਈ
ਬਾਮਣਾਂ ਦੇ ਡੇਰੇ, ਘੱਟੋ-ਘੱਟ ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਵਿੱਚੋਂ ਖਤਮ ਕਰਾਂਗੇ?
ਅਤੇ ਫਕਰ ਨਾਲ ਕਹਾਂਗੇ ਕਿ ਚੰਮ ਤੋਂ ਬਣੇ ਹੋਣ ਕਰਕੇ, ਅਸੀਂ ਸਾਰੇ ਚਮਾਰ ਖਾਲਸੇ ਹਾਂ, ਨਾ
ਕਿ ਬਾਮਣ ਜਾਂ ਸੁਨਾਰ ਖਾਲਸੇ- ਕਹੁ ਰਵਿਦਾਸ ਖਲਾਸ ਚਮਾਰਾ॥ ਜੋ
ਹਮ ਸ਼ਹਿਰੀ ਸੋ ਮੀਤੁ ਹਮਾਰਾ॥ (ਗੁਰੂ ਗ੍ਰੰਥ) ਸਾਡਾ ਪੰਥ (ਧਰਮ ਦਾ ਰਾਹ) ਇੱਕ
ਹੈ। ਭਗਤਾਂ ਅਤੇ ਗੁਰੂਆਂ ਦੀ ਗੁਰੂ ਗ੍ਰੰਥ ਸਾਹਿਬ ਵਿਖੇ ਸਮਿਲਤ ਬਾਣੀ ਅਤੇ ਵਿਚਾਰ ਇੱਕ
ਹੈ, ਵੱਖ-ਵੱਖ ਨਹੀਂ- ਇਕਾ ਬਾਣੀ ਇਕੁ ਗੁਰ ਇਕੋ ਸ਼ਬਦੁ ਵੀਚਾਰਿ॥
(ਗੁਰੂ ਗ੍ਰੰਥ)
ਸਰਦਾਰ ਸੱਧੇਵਾਲੀਆ ਜੀ ਆਪ ਜੀ ਨੇ ਵੀ ਇੱਕ ਲੇਖ "ਕਹਿ ਰਵਿਦਾਸ ਚਮਾਰਾ"
ਵਿੱਚ ਬਾਬਾ ਰਵਿਦਾਸ ਜੀ ਅਤੇ ਜਾਤਿ-ਪਾਤੀ ਵਖਰੇਵੇਂ ਬਾਰੇ ਸੱਚ ਬਿਆਨ ਕਰਨ ਦੀ ਜੁਅਰਤ ਕੀਤੀ
ਹੈ ਜੋ ਖਾਲਸਾ ਨਿਊਜ਼ ਅਤੇ ਸਿੰਘ ਸਭਾ ਯੂ.ਐੱਸ.ਏ. ਅਦਿਕ ਵੈਬਸਾਈਟਾਂ 'ਤੇ ਪੜ੍ਹੀ ਜਾ ਸਕਦੀ
ਹੈ। ਗੁਰੂ ਸਾਹਿਬ ਉਨ੍ਹਾਂ ਨੂੰ ਸੱਚ ਲਿਖਣ ਦਾ ਹੋਰ ਬਲ ਬਖਸ਼ਣ।
ਇਸ ਸਬੰਧ ਵਿੱਚ ਦਾਸ ਦਾ ਲੇਖ “ਭਗਤ
ਲੜੀ ਦੇ ਅਨਮੋਲ ਹੀਰੇ” ਵੀ ਬਾਬਾ ਰਵਿਦਾਸ ਜੀ ਦੀਆਂ ਵਡਮੁੱਲੀਆਂ ਸਿਖਿਆਵਾਂ ਤੇ ਰੋਸ਼ਨੀ
ਪਾਉਂਦਾ ਵੀ ਵਿਚਾਰਨਯੋਗ ਹੈ, ਜੋ ਜਾਤਿ-ਪਾਤਿ ਦੇ ਕੋਹੜ ਅਤੇ ਵਹਿਮਾਂ ਭਰਮਾਂ ਦੇ ਜਾਲ ਤੋਂ
ਬਚਨ ਦੀ ਅਨਮੋਲ ਸਿਖਿਆ ਦਿੰਦਾ ਹੈ, ਜਿਸ ਵਿੱਚ ਇਤਿਹਾਸ, ਮਿਥਿਹਾਸ ਦੇ ਹਵਾਲੇ, ਗੁਰਬਾਣੀ
ਅਤੇ ਭਗਤਬਾਣੀ ਦੇ ਵਡਮੁੱਲੇ ਉਪਦੇਸ਼ਾਂ ਦੀ ਸਿਖਿਆ ਰੂਪ ਵਿਚਾਰ ਕੀਤੀ ਗਈ ਹੈ।