Share on Facebook

Main News Page

ਕਹਿ ਰਵਿਦਾਸ ਚਮਾਰਾ
-: ਗੁਰਦੇਵ ਸਿੰਘ ਸੱਧੇਵਾਲੀਆ

ਸਿਰ ਝੁੱਕ ਜਾਂਦਾ ਇਸ ਮਹਾਂਪੁਰਖ ਦਾ ਨਾਂ ਲਿਆਂ। ਤੇ ਗੁਰੂ ਸਾਹਿਬ ਨੇ ਕਿਥੇ ਜਾ ਕੇ ਬਾਬਾ ਜੀ ਦੀ ਬਾਣੀ ਲੱਭੀ, ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਚੜਾਈ ਅਤੇ ਜਿਸ ਨੂੰ ਪੜਕੇ ਤੁਸੀਂ ਧੰਨ ਹੋਣੋ ਨਹੀਂ ਰਹਿ ਸਕਦੇ।

ਪਰ ਦੁਖਾਂਤ ਦੇਖੋ ਕੀ ਹੈ, ਕਿ ਭਗਤ ਰਵਿਦਾਸ ਜੀ ਦੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰ ਖੜੇ ਕਿਥੇ ਹਨ। ਇੱਕ ਜੱਟ ਬਣਿਆ ਖੜਾ ਹੈ ਤੇ ਦੂਜਾ ਚਮਾਰ। ਤੇ ਇਨ੍ਹਾਂ ਨੂੰ ਬਾਹਾਂ ਟੰਗ ਕੇ ਖੜਿਆਂ ਕਰਨ ਵਾਲਾ ਪੰਡੀਆ ਤਮਾਸ਼ਾ ਦੇਖ ਹੱਸ ਰਿਹਾ ਹੈ? ਜੱਟ, ਆਖੇ ਜਾਂਦੇ ਚਮਾਰ ਨੂੰ ਸ੍ਰੀ ਗੁਰੂ ਜੀ ਵਿਚ ਮੱਥਾ ਵੀ ਟੇਕੀ ਜਾਂਦਾ, ਪਰ ਪੰਡੀਏ ਮਗਰ ਲੱਗ ਉਸ ਨੂੰ ਅਛੂਤ ਵੀ ਸਮਝੀ ਜਾਂਦਾ। ਇੱਕ ਪੰਡੀਆ ਜੱਟ ਮਗਰ ਖੜੋਤਾ ਹੈ ਤੇ ਦੂਜਾ ਪੰਡੀਆ ਚਮਾਰ ਮਗਰ। ਜੱਟ ਦਾ ਡੇਰੇਦਾਰ ਚਮਾਰ ਨੂੰ ਬੂਹੇ ਨਹੀਂ ਚੜਨ ਦਿੰਦਾ ਤੇ ਉਧਰ ਚਮਾਰ ਦਾ ਡੇਰੇਦਾਰ ਉਸ ਦੀ ਚੂੜੀ ਕੱਸੀ ਤੁਰਿਆ ਆਉਂਦਾ। ਹੈ ਦੋਨਾਂ ਮਗਰ ਪੰਡੀਆ। ਇੱਕ ਮਗਰ ਗੋਲ ਪੱਗ ਵਾਲਾ ਤੇ ਦੂਜੇ ਮਗਰ ਭਗਵੇਂ ਵਾਲਾ

ਮੇਰਾ ਇੱਕ ਬੜਾ ਪਿਆਰਾ ਮਿੱਤਰ ਹੈ ‘ਚਮਾਰ’?? ਗੁਰਸਿੱਖ, ਬੜੀ ਪਿਆਰੀ ਸਖਸ਼ੀਅਤ। ਇਥੇ ਟਰੰਟੋ ਵਿਖੇ ਹੀ। ਹਫਤੇ ਵਿਚ ਇੱਕ-ਦੋ ਵਾਰ ਅਸੀਂ ਫੋਨ ਨਾ ਕਰ ਲਈਏ ਤਾਂ ਕੁਝ ਖੁੱਸਿਆ ਖੁੱਸਿਆ ਜਿਹਾ ਜਾਪਦਾ। ਵਿਆਨਾ ਵਾਲੇ ਕਾਂਡ ਤੇ ਮੈਨੂੰ ਪੱਤਾ ਲੱਗਾ ਕਿ ਉਹ ਚਮਾਰ ਹੈ ਨਹੀਂ, ਤਾਂ ਉਸ ਦੀ ਦਿੱਸਦੀ ਗੁਰਸਿੱਖਾਂ ਵਾਲੀ ਸਖਸ਼ੀਅਤ ਦੇਖ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਪੁੱਛੋ ਕਿ ਉਹ ਜੱਟ ਹੈ ਜਾਂ ਚਮਾਰ। ਉਸ ਨੇ ਮੈਨੂੰ ਵਿਆਨਾ ਵਾਲੇ ਕਾਂਡ ਵੇਲੇ ਗੱਲ ਸੁਣਾਈ ਕਿ ਮੈਂ ਲਾਗਲੇ ਪਿੰਡੋਂ ਆ ਰਿਹਾ ਸੀ, ਬਾਹਰ ਖੇਤਾਂ ਨੂੰ ਇੱਕ ਮਾਈ ਰੋਟੀਆਂ ਲਈ ਜਾਂਦੀ ਸੀ। ਦੁਪਹਿਰਾ ਹੋਇਆ ਵਿਆ ਸੀ। ਉਸ ਨੇ ਸਿਰ ਉਪਰ ਰੋਟੀਆਂ, ਇੱਕ ਹੱਥ ਚਾਹ ਵਾਲਾ ਡੋਲ, ਇੱਕ ਲੱਸੀ ਵਾਲਾ ਤੇ ਕਈ ਕੁਝ ਜਿਹਾ ਚੁੱਕਿਆ ਹੋਇਆ ਸੀ। ਉਸ ਦਮ ਕੱਢਣ ਲਈ ਸਾਰਾ ਕੁਝ ਖਾਲ ਦੇ ਬੰਨੇ ਰੱਖ ਲਿਆ ਪਰ ਦੁਬਾਰਾ ਚੁੱਕਣ ਲੱਗੀ ਉਹ ਬੜੀ ਔਖੀ ਹੋ ਰਹੀ ਸੀ। ਮੈਂ ਉਸ ਦੀ ਹਾਲਤ ਦੇਖ ਰੋਟੀਆਂ ਚੁੱਕ ਕੇ ਉਸ ਦੇ ਸਿਰ ਰੱਖ ਦਿੱਤੀਆਂ ਤੇ ਨਾਲ ਨਾਲ ਗੱਲੀਂ ਲੱਗਾ ਤੁਰ ਪਿਆ। ਮਾਈਆਂ ਵਾਲੀ ਆਦਤ ਅੁਨਸਾਰ ਉਸ ਮੇਰਾ ਅਤਾ-ਪਤਾ ਕੀਤਾ। ਕਿਹੜਾ ਪਿੰਡ? ਕਿਹੜਾ ਘਰ? ਕਿੰਨਾ ਚੋਂ? ਉਹ ਪੈਂੜ ਕੱਢਦੀ ਕੱਢਦੀ ਸਾਡੇ ਘਰ ਤੱਕ ਜਦ ਪਹੁੰਚੀ, ਤਾਂ ਉਸ ਰੋਟੀਆਂ ਸਿਰ ਤੋਂ ਚਲਾ ਕੇ ਮਾਰੀਆਂ ਤੇ ਮੈਨੂੰ ਗਾਲ੍ਹੀਂ ਡਹਿ ਪਈ ਕਿ ਤੇਰਾ ਰਹੇ ਕੱਖ ਨਾ ਚਮਾਰਾ ਮੇਰਾ ਸਭ ਕੁਝ ਭਿੱਟ ਦਿੱਤਾ, ਹੁਣ ਤੇਰੇ ‘ਪਿਉਆਂ’ ਤੇਰਾ ਸਿਰ ਖਵਾਂਵਾਗੀ? ਤੇ ਉਹ ਉਂਨਹੀਂ ਪੈਰੀ ਵਾਪਸ ਪਿੰਡ ਨੂੰ ਮੁੜ ਪਈ!!

ਮੈਂ ਜਦ ਉਸ ਦੀ ਕਹਾਣੀ ਸੁਣੀ ਤਾਂ ਮੇਰਾ ਮਨ ਭਰ ਆਇਆ ਕਿ ਭਰਾ ਧੰਨ ਹੈ ਤੂੰ ਜਿਸ ਇਨਾ ਬੇਇੱਜਤ ਹੋ ਕੇ ਵੀ ਸਿੱਖੀ ਨਹੀਂ ਛੱਡੀ।

ਅੱਜ ਪੰਜਾਬ ਦੇ ਪਿੰਡ ਪਿੰਡ ਗਿਰਜੇ ਕਿਉਂ ਉਸਰ ਰਹੇ ਨੇ। ਮੁਸਲਮਾਨਾਂ ਜਦ ਹਿੰਦੋਸਤਾਨ ਤੇ ਚੜਾਈ ਕੀਤੀ, ਤਾਂ ਹਿੰਦੂ ਵਾ-ਵਰੋਲੇ ਵਾਂਗ ਮੁਸਲਮਾਨ ਬਣਨੇ ਸ਼ੂਰੂ ਹੋ ਗਏ! ਪਤਾ ਕਿਉਂ? ਅਪਣੀ ਜ਼ਲੀਲ ਜਿੰਦਗੀ ਤੋਂ ਛੁਟਕਾਰਾ ਪਾਉਂਣ ਲਈ। ਤੇ ਅੱਜ ਪੂਰਾ ਪਾਕਿਸਤਾਨ ਤੇ ਤੀਜਾ ਹਿੱਸਾ ਹਿੰਦੋਸਤਾਨ ਵਿੱਚ ਕੁੱਝ ਨੂੰ ਛੱਡ ਸਾਰਾ ਮੁਸਲਮਾਨ ਉਹ ਮੁਸਲਮਾਨ ਹੈ, ਜਿਹੜਾ ਹਿੰਦੂ ਤੋਂ ਬਣਿਆ ਸੀ। ਹਿੰਦੂ ਅੱਜ ਇਸ ਗੱਲੇ ਤਾਂ ਪ੍ਰੇਸ਼ਾਨ ਹੈ, ਕਿ ਹੁਣ ਹਿੰਦੂ ਈਸਾਈ ਬਣ ਰਹੇ ਨੇ ਤੇ ਉਸ ਗਿਰਜੇ ਫੂਕਣੇ ਸ਼ੁਰੂ ਕੀਤੇ ਤੇ ਇਸਾਈਆਂ ਦਾ ਕਤਲ ਕਰ ਰਿਹਾ ਹੈ, ਪਰ ਉਹ ਈਸਾਈ ਬਣ ਰਹੇ ਲੋਕਾਂ ਨੂੰ ਆਪਣੇ ਬਰਾਬਰ ਬਿਠਾਉਣ ਲਈ ਤਾਂ ਕਦਾਚਿਤ ਤਿਆਰ ਨਹੀਂ।

ਇਹੀ ਹਾਲ ਸਿੱਖਾਂ ਦਾ ਹੈ। ਉਹ ਅੱਜ ਧੜਾ-ਧੜ ਈਸਾਈ ਬਣ ਰਹੇ ਆਖੇ ਜਾਂਦੇ ਚੂਹੜੇ ਚਮਾਰਾਂ ਨੂੰ ਦੇਖ ਫਿਕਰਮੰਦ ਤਾਂ ਹੈ, ਪਰ ਉਨ੍ਹਾਂ ਡੇਰਿਆਂ ਅੱਗੇ ਉਂਝ ਹੀ ਸਿਰ ਰਗੜੀ ਜਾ ਰਿਹੈ, ਜਿਥੋਂ ਇਹ ਬਿਮਾਰੀ ਪੈਦਾ ਹੁੰਦੀ ਹੈ। ਜਿੰਨਾ ਚਿਰ ਸਿੱਖ ਇਨ੍ਹਾਂ ਡੇਰਿਆਂ ਦੀ ਹੋਲੀ ਨਹੀਂ ਬਾਲਦਾ ਤੇ ਉਨ੍ਹਾਂ ਜਥੇਦਾਰਾਂ ਉਪਰ ਮਿੱਟੀ ਦਾ ਤੇਲ ਨਹੀਂ ਪਾਉਂਦਾ, ਜਿਹੜੇ ਇਸ ਬਿਮਾਰੀ ਨੂੰ ਫੈਲਾਉਂਣ ਵਾਲਿਆਂ ਤੋਂ ਲਿਫਾਫੇ ਲੈਂਦੇ ਤੇ ਉਨ੍ਹਾਂ ਦਾ ਡੇਰਿਆਂ ਵਿਚ ਜਾ ਕੇ ਭੰਡ-ਪੁਣਾ ਕਰਦੇ, ਉਨ੍ਹਾਂ ਚਿਰ ਜਾਤੀ ਕੋਹੜ ਸਿੱਖ ਕੌਮ ਵਿਚੋਂ ਨਹੀਂ ਨਿਕਲ ਸਕਦਾ ਤੇ ਤੁਸੀਂ ਉਨਾ ਚਿਰ ਅਪਣੇ ਭਰਾਵਾਂ ਨੂੰ ਈਸਾਈ ਬਣਨੋ ਰੋਕ ਨਹੀਂ ਸਕਦੇ।

ਇਤਿਹਾਸ ਪੜੋ। ਗੁਰਬਾਣੀ ਵਿਚ ਦੇਖੋ ਕਿਥੇ ਹੈ ਜੱਟ? ਕਿਥੇ ਹੈ ਚੂਹੜਾ ਤੇ ਕਿਥੇ ਹੈ ਚਮਾਰ? ਸ੍ਰੀ ਗੁਰੂ ਜੀ ਉਪਰ ਰਜਾਈਆਂ ਦੇਣ ਵਾਲੇ ਅਤੇ ਏਅਰਕੰਡੀਸ਼ਨਾਂ ਵਿਚ ਰੱਖਣ ਵਾਲੇ ਇਨ੍ਹਾਂ ਸਾਧੜਿਆਂ ਨੂੰ ਪੁੱਛੋ ਕਿ ਜੇ ਚਮਾਰ ਮਾੜਾ ਹੈ, ਤੇ ਉਸ ਦੀ ਪੰਗਤ ਤੇ ਬਾਟਾ ਤੁਸੀਂ ਅੱਡ ਲਾਉਂਦੇ ਤਾਂ ਸ੍ਰੀ ਗੁਰੂ ਜੀ ਵਿਚ ਉਸ ਨੂੰ ਮੱਥਾ ਕਿਉਂ ਟੇਕਦੇ ਹੋਂ। ਕਿਸੇ ਸਾਧ ਵਿਚ ਜੁਅਰਤ ਹੈ ਕਿ ਉਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚੋਂ ਇਸ ਮਹਾਂਪੁਰਖ ਨੂੰ ਅੱਡ ਕਰੇ? ਜੇ ਭਗਤ ਰਵੀਦਾਸ ਜੀ ਅੱਡ ਨਹੀਂ ਹੋ ਸਕਦੇ, ਤਾਂ ਉਨ੍ਹਾਂ ਦੀ ਉਮਤ ਅੱਡ ਪੰਗਤ ਬੈਠ ਕਿਉਂ ਖਾਵੇ ਉਨ੍ਹਾਂ ਲਈ ਬਾਟੇ ਅੱਡ ਕਿਉਂ?

ਪੰਡੀਏ ਤਾਂ ਇਸ ਮਹਾਂਪੁਰਖ ਨਾਲ ਧੱਕਾ ਕੀਤਾ ਹੀ ਕੀਤਾ ਤੇ ਪਤਾ ਨਹੀਂ ਪਿੱਛਲੇ ਜਨਮਾਂ ਵਿਚ ਲਿਜਾ ਕੇ, ਧੱਕੇ ਨਾਲ ਉਨ੍ਹਾਂ ਨੂੰ ਬ੍ਰਾਹਮਣ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅਗਾਂਹ ਅਪਣੇ ਪੰਡੀਆਂ ਵੀ ਉਨ੍ਹਾਂ ਨਾਲ ਘੱਟ ਨਹੀਂ ਕੀਤੀ, ਕਿ ਉਹੀ ਭਗਤ ਜੀ ਦੀ ਨਿੰਦਿਆਂ ਕਰਨ ਵਾਲੀਆਂ ਕਹਾਣੀਆਂ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਸੁਣਾ ਕੇ ਸਿੱਖ ਮਾਨਸਿਕਤਾ ਨੂੰ ਗੰਦਲਿਆਂ ਅਤੇ ਬਿਮਾਰ ਕੀਤੀ ਅਤੇ ਜਾਤੀ ਪਾੜਾ ਵਧਾਇਆ। ਇੱਕ ਪਲ ਵੀ ਨਾ ਸੋਚਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿਥੇ ਚਲ ਕੇ ਗਏ ਇਸ ਮਹਾਂਪੁਰਖ ਕੋਲੇ ਤੇ ਕਿਵੇਂ ਸੀਨੇ ਨਾਲ ਲਾਈ ਇਨ੍ਹਾਂ ਦੀ ਬਾਣੀ ਨੂੰ ਗੁਰੂ ਜੀ ਲੰਮੇ ਸਫਰਾਂ ਵਿਚ ਸਾਂਭ-ਸਾਂਭ ਲੈ ਕੇ ਆਏ, ਪਰ ਉਸੇ ਗੁਰੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ?

ਯਾਦ ਰਹੇ ਕਿ ਪੰਡੀਆ ਕਿਸੇ ਦਾ ਸਕਾ ਨਹੀਂ, ਨਾ ਜੱਟ ਦਾ ਨਾ ਚਮਾਰ ਦਾ। ਉਸ ਤਾਂ ਇਹ ਜਾਤੀ ਖਲਾਰਾ ਪਾ ਕੇ ਖਾਲਸਾ ਜੀ ਦੀ ਸਾਂਝੀ ਜਥੇਬੰਦਕ ਤਾਕਤ ਨੂੰ ਖੋਰਾ ਲਾਉਂਣਾ ਸੀ, ਸੋ ਉਸ ਲਾ ਦਿੱਤਾ। ਧੱਕਾ ਜੱਟ ਨੇ ਕੀਤਾ, ਜ਼ਲੀਲ ਜੱਟ ਨੇ ਕੀਤਾ ਚਮਾਰ ਨੂੰ ਤੇ ਅੱਜ ਫਰਜ਼ ਵੀ ਉਸੇ ਦਾ ਬਣਦਾ ਕਿ ਉਹ ਰੁੱਸੇ ਭਰਾ ਨੂੰ ਗਲ ਨਾਲ ਲਾਏ ਅਤੇ ਖਾਲਸੇ ਦੀ ਸਾਂਝੀ ਜਥੇਬੰਦਕ ਤਾਕਤ ਵਿੱਚ ਲੈ ਕੇ ਆਏ, ਨਹੀਂ ਤਾਂ ਪੰਡੀਏ ਨੇ ਨਾ ਜੱਟ ਛਡਣਾ ਨਾ ਚਮਾਰ।

14 ਫਰਵਰੀ ਨੂੰ ਭਗਤ ਰਵੀਦਾਸ ਜੀ ਦੇ ਆਗਮਨ ਪੁਰਬ ਤੇ ਕੋਟਾਨ-ਕੋਟਾਨ ਸਿੱਜਦਾ ਹੈ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top