Share on Facebook

Main News Page

ਭਾਈ ਗੁਰਬਖਸ ਸਿੰਘ ਖਾਲਸਾ ਦੇ ਸੰਘਰਸ਼ ਵਿੱਚ, ਬਹੁਤੇ ਪ੍ਰਚਾਰਕਾਂ ਦਾ ਰੋਲ ਨਿਰਾਸ਼ਾਜਨਕ ਰਿਹਾ
-: ਦਲਜੀਤ ਸਿੰਘ ਇੰਡਿਆਨਾ

ਭਾਈ ਗੁਰਬਖਸ਼ ਸਿੰਘ ਖ਼ਾਲਸਾ ਵਾਲੇ ਮਾਮਲੇ ਵਿਚ ਜੋ ਗੱਲ ਸਾਹਮਣੇ ਆਈ ਹੈ, ਓਹ ਇਹ ਹੈ ਕਿ ਜਿਹੜੇ ਮੁਕਾਮ 'ਤੇ ਇਸ ਲਹਿਰ ਨੂੰ ਜਾਣਾ ਚਾਹੀਦਾ ਸੀ, ਓਸ ਮੁਕਾਮ 'ਤੇ ਲਹਿਰ ਅਸੀਂ ਲੈਕੇ ਜਾ ਨਹੀਂ ਸਕੇ ਜਾਂ ਇਸ ਲਹਿਰ ਬਾਰੇ ਅਸੀਂ ਸੁਹਿਰਦ ਨਹੀਂ ਹਾਂ। ਕੁੱਝ ਕੁ ਨੂੰ ਛਡ ਕੇ, ਜਿੰਨੇ ਵੀ ਆਹ ਰਾਗੀ, ਢਾਡੀ, ਕਥਾਵਾਚਕ ਹਨ, ਇਨ੍ਹਾਂ ਦਾ ਰੋਲ ਵੀ ਕੋਈ ਬਹੁਤਾ ਵਧੀਆ ਨਹੀਂ ਰਿਹਾ। ਇਹਨਾ ਬਾਰੇ ਤਾਂ ਮੈਨੂ ਛੋਟੇ ਹੁੰਦੇ ਨੂੰ ਤਜੁਰ੍ਬਾ ਹੈ। ਸਾਡੇ ਪਿੰਡ ਦਾ ਢਾਡੀ ਹੁੰਦਾ ਸੀ, ਜੋ ਬਾਬਾ ਜਰਨੈਲ ਸਿੰਘ ਦੇ ਬਹੁਤ ਨੇੜੇ ਸੀ, ਜਦੋਂ ਵੀ ਕੋਈ ਸਮਾਗਮ ਹੁੰਦਾ, ਤਾਂ ਓਹ ਸਭ ਤੋ ਅੱਗੇ ਹੁੰਦਾ ਸੀ। ਓਸ ਦੇ ਦੋ ਛੋਟੇ ਛੋਟੇ ਮੁੰਡੇ ਸਨ, ਜਿਹੜੇ ਨਾਲ ਵਾਰਾਂ ਗਾਉਂਦੇ ਸਨ। ਓੁਸ ਸਮੇਂ ਓਹਨਾ ਕਾਫੀ ਕਮਾਈ ਕੀਤੀ, ਪਰ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਣ ਤੋਂ ਥੋੜੇ ਦਿਨ ਪਹਿਲਾਂ ਓਹ ਉਥੋ ਆ ਗਏ ਅਤੇ ਬਾਬਾ ਜਰਨੈਲ ਸਿੰਘ ਨੇ ਬਹੁਤ ਸੁਨੇਹੇ ਭੇਜੇ, ਪਰ ਓਹ ਗਏ ਨਹੀਂ। ਇਸ ਬਾਰੇ ਸਾਡੇ ਪਿੰਡ ਵਿੱਚ ਕਾਫੀ ਚਰਚਾ ਹੋਈ, ਕਿ ਜਦੋਂ ਪੈਸਾ ਕਮਾਉਣਾ ਸੀ, ਉਦੋ ਸੰਤਾਂ ਦੇ ਅੱਗੇ ਪਿਛੇ ਫਿਰਦੇ ਸਨ। ਜਦੋਂ ਲੋੜ ਸੀ, ਤਾਂ ਭਜ ਆਏ ਅੰਮ੍ਰਿਤਸਰ ਤੋਂ, ਬਾਅਦ ਵਿੱਚ ਜਿਹੜਾ ਮੁੱਖ ਢਾਡੀ ਸੀ, ਓਸ ਦੇ ਸਿਰ ਵਿਚ ਕਿਸੇ ਦੁਸ਼ਮਨੀ ਵਾਲੇ ਨੇ ਲਕੜ ਦਾ ਡੰਡਾ ਮਾਰਿਆ ਅਤੇ ਓਹ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਮਰ ਗਿਆ ਅਤੇ ਦੋਨਾ ਮੁੰਡਿਆਂ ਨੇ ਅਪਨੀਆਂ ਕਿਰਪਾਨਾਂ ਲਾਹ ਕੇ, ਕੇਸ ਕਤਲ ਕਰਵਾ ਦਿਤੇ।

ਸੋ ਮੇਰੇ ਇਹ ਗੱਲ ਯਾਦ ਆਈ ਅਜ ਦੇ ਕਥਾਵਾਚਕਾਂ, ਢਾਡੀਆਂ, ਰਾਗੀਆਂ ਦੇ ਹਾਲਾਤ ਦੇਖ ਕੇ। ਇਕ ਦੋਂ ਨੂੰ ਤਾਂ ਬਾਦਲ ਨੇ ਸ਼੍ਰੋਮਣੀ ਰਾਗੀ ਅਤੇ ਸ਼੍ਰੋਮਣੀ ਢਾਡੀ ਦਾ ਵੀ ਖਿਤਾਬ ਦਿਤਾ ਹੋਇਆ ਹੈ। ਇਨ੍ਹਾਂ ਵਿਚੋਂ ਕਿਸੇ ਨੇ ਵੀ ਕੋਈ ਵਧੀਆ ਰੋਲ ਅਦਾ ਨਹੀਂ ਕੀਤਾ। ਜਿਹੜੇ ਸਟੇਜਾਂ ਉਪਰ ਲੰਮੀਆਂ ਲੰਮੀਆਂ ਬਾਹਾਂ ਖੜੀਆਂ ਕਰਕੇ ਕੌਮ ਨੂੰ ਆਖਦੇ ਹਨ, ਜਾਗੋ, ਕੁੱਝ ਕਰੋ ਅਤੇ ਸਟੇਜ ਉਪਰੋ ਜੋਸ਼ੀਲੀਆਂ ਸ਼ਹੀਦ ਸਿੰਘਾਂ ਦੀ ਸਾਖੀਆਂ ਸੁਣਾ ਸੁਣਾ ਕੇ ਲੋਕਾਂ ਦੀ ਜੇਬਾਂ ਖਾਲੀ ਕਰਵਾਂਦੇ ਹਨ। ਇਨ੍ਹਾਂ ਸਭ ਦਾ ਰੋਲ ਇਸ ਲਹਿਰ ਵਿਚ ਨਾਮਾਤਰ ਹੀ ਰਿਹਾ। ਜੇਕਰ ਕੁੱਝ ਕੁ ਇਸ ਸੰਘਰਸ਼ ਵਿਚ ਸ਼ਾਮਿਲ ਹੋਏ ਵੀ ਹਨ, ਓਹ ਵੀ ਸ਼ਰਮੋ ਸ਼ਰਮੀ ਹੋਏ ਹਨ, ਦਿਲੋਂ ਨਹੀਂ, ਕਿਉਂਕਿ ਜਿਨ੍ਹਾਂ ਦਾ ਆਪਣਾ ਸਵਾਰਥ ਜਾਂ ਆਪਣੀ ਕਮਾਈ ਹੀ ਕਥਾ ਕੀਰਤਨ 'ਤੇ ਟਿਕੀ ਹੋਵੇ, ਓਹ ਬੋਲਦੇ ਵੀ ਹਨ ਤੇ ਡਰਦੇ ਵੀ ਹਨ। ਕਿ ਜੇਕਰ ਕਿਤੇ ਪੰਜਾਬ ਵਿੱਚ ਰਹਿ ਕੇ ਬਾਦਲਾਂ ਦੇ ਖਿਲਾਫ਼ ਬੋਲੇ, ਤਾਂ ਸਾਡੀਆਂ ਸਟੇਜਾਂ ਨਾ ਖੁਸ ਜਾਣ ਅਤੇ ਇਸ ਨਾਲ ਸਾਡਾ ਰੁਜ਼ਗਾਰ ਵੀ ਜਾਂਦਾ ਲੱਗੇਗਾ।

ਇਨ੍ਹਾਂ ਦੀ ਗੱਲ ਵੀ ਠੀਕ ਹੈ, ਕਈ ਵਾਰ ਅਸੀਂ ਪ੍ਰਚਾਰਕਾਂ ਤੋਂ ਕੌਮ ਦੀ ਅਗਵਾਈ ਦੀ ਆਸ ਲਗਾਕੇ ਬੈਠ ਜਾਂਦੇ ਹਾਂ, ਕਸੂਰ ਸਾਡਾ ਵੀ ਨਹੀਂ, ਸਿੱਖ ਕੌਮ ਇਨੀ ਨਿਰਾਸ਼ ਹੋਈ ਪਈ ਹੈ, ਕਿ ਜਦੋਂ ਵੀ ਕੋਈ ਇਨ੍ਹਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰ ਜਾਵੇ, ਤਾਂ ਇਹ ਝੱਟ ਦੇਣੇ ਅਪਣੀਆਂ ਅੱਖਾਂ 'ਤੇ ਬੈਠਾ ਲੈਂਦੇ ਨੇ... ਚਾਹੀਦਾ ਤਾਂ ਇਹ ਸੀ, ਕਿ ਜੇਕਰ ਇਹਨਾ ਕਥਾਵਾਚਕਾਂ, ਰਾਗੀਆਂ, ਢਾਡੀਆਂ ਨੂੰ ਕੌਮ ਨਾਲ ਦਰਦ ਹੁੰਦਾ, ਤਾਂ ਆਪਣੇ ਸਾਰੇ ਦੇਸੀ ਵਿਦੇਸ਼ੀ ਪ੍ਰੋਗਰਾਮ ਰੱਦ ਕਰਕੇ, ਓਥੇ ਭਾਈ ਗੁਰਬਖਸ ਸਿੰਘ ਦਾ ਸਾਥ ਦਿੰਦੇ। ਸੰਗਤਾਂ ਨੂੰ ਵੀ ਆਖਦੇ, ਭਾਈ ਆਓ, ਓਥੇ ਹੀ ਕਥਾ ਕੀਰਤਨ ਕਰਦੇ ਹਾਂ... ਪਰ ਕਿਥੇ। ਇਨ੍ਹਾਂ ਵਿਚੋਂ ਬਹੁਤ ਪ੍ਰਚਾਰਕ ਕਥਾਵਾਚਕ ਤਾਂ ਵਿਦੇਸ਼ਾਂ ਵਿਚ ਠੰਡੇ ਮੌਸਮਾਂ ਦਾ ਆਨੰਦ ਮਾਣਦੇ, ਡਾਲਰ ਇਕੱਠੇ ਕਰਦੇ ਫਿਰਦੇ ਹਨ।

ਸੰਗਤਾਂ ਨੂੰ ਵੀ ਬੇਨਤੀ ਹੈ, ਕਿ ਕੋਈ ਵੀ ਸਾਧ, ਸੰਤ, ਕਥਾਵਾਚਕ, ਰਾਗੀ, ਢਾਡੀ ਅਤੇ ਜਥੇਦਾਰ, ਕਿਤੇ ਵੀ ਵਿਦੇਸ਼ੀ ਸਟੇਜ ਤੋਂ ਬੋਲਦਾ ਹੈ, ਓਸ ਨੂੰ ਸਵਾਲ ਕਰੋ, ਕਿ ਭਾਈ ਇਥੇ ਤਾਂ ਪ੍ਰਚਾਰ ਫੇਰ ਵੀ ਹੋ ਜਾਵੇਗਾ, ਆਹ ਫੜ ਟਿਕਟ ਦੇ ਪੈਸੇ, ਤੇ ਜਾਕੇ ਭਾਈ ਗੁਰਬਖਸ਼ ਸਿੰਘ ਕੋਲ ਬੈਠ, ਨਾਲੇ ਪਤਾ ਲਗੇਗਾ ਤੇਰਾ, ਕਿ ਤੂੰ ਪੰਥ ਦਰਦੀ ਹੈਂ, ਕਿ "ਰੋਟੀਆ ਕਾਰਣਿ ਪੂਰਹਿ ਤਾਲ ॥..."  They beat the drums for the sake of bread. ਪਰ, ਉਹ ਰਾਸਧਾਰੀਏ ਰੋਜ਼ੀ ਦੀ ਖ਼ਾਤਰ ਨੱਚਦੇ ਹਨ। SGGS Page 465

ਕਾਫੀ ਕਥਾਵਾਚਕ ਵੀਰ, ਮੇਰੇ ਚੰਗੇ ਦੋਸਤ ਵੀ ਹਨ, ਜਿਨ੍ਹਾਂ ਨੂੰ ਮੈਂ ਫੋਨ ਕਰਕੇ ਰੋਸ ਜਾਹਿਰ ਕਰ ਚੁੱਕਾ ਹਾਂ, ਪਰ ਹਰ ਇੱਕ, ਘੜਾ ਦੂਸਰੇ ਦੇ ਸਿਰ 'ਤੇ ਭੰਨ ਰਿਹਾ ਹੈ। ਹੁਣ ਮੇਰੇ ਇਸ ਲੇਖ ਨਾਲ, ਕਈ ਮੇਰੇ ਪ੍ਰਚਾਰਕ ਵੀਰ ਕਥਾਵਾਚਕ ਗੁੱਸਾ ਵੀ ਕਰਨਗੇ। ਚਲੋ ਕੋਈ ਨਾ, ਤੁਹਾਡੀ ਮਰਜੀ ਹੈ, ਸੱਚ ਤਾਂ ਸੱਚ ਹੀ ਹੈ।

ਇਨ੍ਹਾਂ ਪ੍ਰਚਾਰਕਾਂ ਨੂੰ ਛੋਟੀ ਜਿਹੀ ਚਿਤਾਵਨੀ ਵੀ ਹੈ, ਜੇਕਰ ਲੋਕ ਜਾਗਰੂਕ ਹੋਕੇ ਸਾਧਾਂ ਦਾ ਵਿਰੋਧ ਕਰ ਸਕਦੇ ਹਨ, ਵਿਰੋਧ ਤੁਹਾਡਾ ਵੀ ਸ਼ੁਰੂ ਹੋਵੇਗਾ। ਲੋਕ ਇਕਲੀਆਂ ਗੱਲਾਂ ਨਹੀਂ, ਪ੍ਰੈਕਟੀਕਲ ਦੀ ਆਸ ਵੀ ਰਖਦੇ ਹਨ। ਇਥੇ ਕਈ ਵੀਰਾਂ ਦੇ ਦਿਲ ਵਿੱਚ ਇਹ ਵੀ ਸਵਾਲ ਆਵੇਗਾ, ਕਿ ਤੁਸੀਂ ਦੂਸਰਿਆਂ ਨੂੰ ਦੋਸ਼ ਦਿੰਦੇ ਹੋ, ਆਪ ਕਿਉਂ ਕੁੱਝ ਨਹੀਂ ਕਰਦੇ। ਅਸੀਂ ਤਾਂ ਜਿੰਨੇ ਜੋਗੇ ਹਾਂ, ਕਰ ਹੀ ਰਹੇ ਹਾਂ, ਪਰ ਜਿਹੜੇ ਲੋਕਾਂ ਦਾ ਧਰਮ ਪ੍ਰਚਾਰ ਕਰਨਾ ਕੰਮ ਵੀ ਹੈ, ਅਤੇ ਓਹ ਇਸ ਤੋਂ ਆਪਣਾ ਪਰਿਵਾਰ ਵੀ ਪਾਲਦੇ ਹਨ, ਮੁੱਖ ਜੁੰਮੇਵਾਰੀ ਓਹਨਾ ਦੀ ਬਣਦੀ ਹੈ.. ਪਰ ਹੋ ਸਕਦਾ ਇਹ ਸਭ ਭਾਈ ਗੁਰਬਖਸ ਸਿੰਘ ਦੇ ਸ਼ਹੀਦ ਹੋਣ ਦਾ ਇੰਤਜਾਰ ਕਰਦੇ ਹੋਣ, ਕਿ ਬਾਅਦ ਵਿਚ ਸਾਡੇ ਕੋਲ ਸਟੇਜ 'ਤੇ ਸੁਣਾਉਣ ਵਾਸਤੇ, ਇੱਕ ਸਾਖੀ ਹੋਰ ਹੋ ਜਾਵੇਗੀ...

ਮੁਆਫ਼ ਕਰਨਾ ਵੀਰੋ, ਅਜ ਸਮੇਂ ਦੀ ਲੋੜ ਹੈ, ਜੇਕਰ ਤੁਹਾਡੇ ਅੰਦਰ ਥੋੜਾ ਬਹੁਤਾ ਵੀ ਦਰਦ ਹੈ, ਤਾਂ ਭਾਈ ਗੁਰਬਖਸ ਸਿੰਘ ਦੇ ਨਾਲ ਖੜੋ, ਨਹੀਂ ਤਾਂ ਤੁਹਾਡੀਆਂ ਜਜ਼ਬਾਤੀ ਅਤੇ ਸਹੀ ਗੱਲਾਂ ਵੀ ਲੋਕਾਂ ਨੂੰ ਝੂਠੀਆਂ ਲਗਣਗੀਆਂ।


ਟਿੱਪਣੀ:

ਸ. ਦਲਜੀਤ ਸਿੰਘ ਇੰਡੀਆਨਾ ਨੇ ਬਹੁਤ ਕੌੜਾ ਸੱਚ ਲਿੱਖ ਦਿੱਤਾ, ਜੋ ਬਹੁਤੇ ਪੂਜਾ ਦਾ ਧਾਨ ਖਾਣ ਵਾਲਿਆਂ ਦੇ ਗਲੋਂ ਨਹੀਂ ਉਤਰੇਗਾ। ਜਿਸ ਤਰ੍ਹਾਂ ਥੋੜ੍ਹੇ ਦਿਨ ਪਹਿਲਾਂ ਖ਼ਾਲਸਾ ਨਿਊਜ਼ 'ਤੇ ਇਕ ਲੇਖ ਪਾਇਆ ਸੀ "ਪੂਜਾ ਦਾ ਧਾਨ ਖਾਣ ਵਾਲੇ ਇਹ ਗ੍ਰੰਥੀ, ਕੀਰਤਨੀਏ ਜਾਂ ਪ੍ਰਚਾਰਕ ਨਹੀਂ..., ਕਲਾਕਾਰ ਹਨ" ਤੇ ਕਲਾਕਾਰਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ।

ਹਰ ਗੁਰਦੁਆਰੇ ਵਿੱਚ ਇਹ ਬਦਲਾਅ ਲਾਗੂ ਹੋਣਾ ਚਾਹੀਦਾ ਹੈ ਕਿ, ਸੰਗਤ ਨੂੰ ਅਧਿਕਾਰ ਹੋਵੇ ਕਿ ਹਰ ਕਥਾ ਕੀਰਤਨ ਤੋਂ ਬਾਅਦ, ਪੰਜ-ਦਸ ਮਿਨਟ ਉਸ ਰਾਗੀ / ਪ੍ਰਚਾਰਕ / ਢਾਡੀ ਨੂੰ ਸੰਗਤ ਸਵਾਲ ਕਰੇਗੀ, ਇਹ ਲਿਖ ਕੇ ਲੈ ਲਵੋ 99% ਕਲਾਕਾਰ ਇਹ ਪੂਜਾ ਦਾ ਧੰਦਾ ਬੰਦ ਕਰਕੇ, ਕਿਰਤ ਕਰਕੇ ਕਮਾਈ ਕਰਣਗੇ।

ਜਿਸ ਤਰ੍ਹਾਂ ਤੁਸੀਂ ਲਿਖਿਆ ਹੈ ਕਿ ਸਿੱਖਾਂ ਨੂੰ ਭੁਲੇਖਾ ਲੱਗ ਜਾਂਦਾ ਹੈ ਕਿ ਜੇ ਕੋਈ ਬੜਾ ਵਧੀਆ ਬੋਲਦਾ ਹੈ, ਉਸ ਵਿੱਚ ਲੀਡਰਸ਼ਿਪ ਦੀ ਕੁਆਲਿਟੀ ਵੀ ਹੋਵੇਗੀ, ਬਿਲਕੁਲ ਵਾਜਿਬ ਗਲ ਹੈ। ਕਾਲਜਾਂ / ਟਕਸਾਲਾਂ 'ਚ ਸਿਰਫ ਸਟੇਜੀ ਕਲਾਕਾਰੀ ਸਿਖਾਈ ਜਾਂਦੀ ਹੈ, ਸਿਧਾਂਤ 'ਤੇ ਕਿਸ ਤਰ੍ਹਾਂ ਖੜੋਣਾ ਹੈ, ਨਹੀਂ ਸਿਖਾਇਆ ਜਾਂਦਾ। ਇਹ ਧਾਰਮਿਕ ਕਲਾਕਾਰ, ਜੋ ਸਟੇਜ 'ਤੇ ਕਹਿੰਦੇ ਹਨ, ਉਹ ਕਰ ਨਹੀਂ ਸਕਦੇ, ਇਸ ਲਈ ਸਾਨੂੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ, ਕਿ ਇਹ ਕੁੱਝ ਸਵਾਰ ਸਕਦੇ ਨੇ।

ਸਿਵਾਏ ਇੱਕਾ ਦੁਕਾ ਨੂੰ ਛੱਡਕੇ, ਬਾਕੀ ਸਭ ਕਲਾਕਾਰ ਹੀ ਹਨ, ਜਿਹੜੇ ਇਸ ਸੰਘਰਸ਼ 'ਚ ਨਾਲ ਰਹੇ, ਬੈਠੇ ਅਤੇ ਕੋਈ ਸੇਧ ਦੇ ਸਕੇ। ਪਰ, ਦੁਖਾਂਤ ਇਹ ਹੈ ਕਿ ਜਾਗਰੂਕ ਅਖਵਾਉਣ ਵਾਲੇ ਇਸ ਸਮੇਂ ਦਾ ਲਾਭ ਨਾ ਉਠਾ ਸਕੇ, ਅਤੇ ਇਹ ਸੰਘਰਸ਼ ਵੀ ਸੱਪ ਸਮਾਜ ਅਤੇ ਬਾਦਲ ਜੁੰਡਲੀ ਦੇ ਅਖੌਤੀ ਜਥੇਦਾਰਾਂ ਨੇ ਤਰਪੀਡੋ ਕਰ ਦਿੱਤਾ। ਜੇ ਭਾਈ ਗੁਰਬਖਸ਼ ਸਿੰਘ, ਸ਼ਹੀਦੀ ਪਾ ਜਾਂਦੇ ਹਨ, ਤਾਂ ਥੋੜੇ ਦਿਨਾਂ ਤੱਕ ਬਿਆਨਬਾਜੀ ਹੋਵੇਗੀ, ਮੁੱੜ ਕੇ ਫਿਰ ਉਹੀ ਕਹਾਣੀ ਚਾਲੂ ਰਹੇਗੀ, ਤੇ ਜੇ ਬਾਦਲ ਨੇ ਕੋਈ ਛੁਣਛੁਣਾ ਫੜਾ ਕੇ ਇੱਕ ਵੀ ਸਿੰਘ ਰਿਹਾ ਕਰ ਦਿੱਤਾ, ਤਾਂ ਸੱਪ ਸਮਾਜ, ਅਖੌਤੀ ਜਥੇਦਾਰਾਂ, ਅਤੇ ਬਾਦਲ ਦੀ ਚੜ੍ਹਾਈ ਫਿਰ ਬਰਕਰਾਰ ਅਤੇ ਅਗਲੇ ਸਾਲ ਆਉਣ ਵਾਲੀਆਂ ਚੋਣਾਂ 'ਚ ਬਾਦਲ ਫਿਰ ਜੇਤੂ, ਤੇ ਕਲਾਕਾਰ ਫਿਰ ਨਵੀਂ ਸਾਖੀ ਸੁਣਾ ਕੇ ਡਾਲਰ ਪੌਂਡ ਕਮਾਉਣਗੇ...

ਇੱਕ ਗੱਲ ਹੋਰ, ਇਨ੍ਹਾਂ ਸੱਪ ਸਮਾਜ ਨੇ ਇੱਕ ਹੋਰ ਖੇਡ ਖੇਡੀ ਹੈ, ਕਈ ਸਾਧ ਬਾਦਲ ਵਲ ਹੀ ਹਨ, ਕਈ ਦਿਖਾਵੇ ਲਈ ਭਾਈ ਗੁਰਬਖਸ਼ ਸਿੰਘ ਨਾਲ ਹਨ। ਪਾਸਾ ਜਿਧਰ ਵੀ ਪਲਟੇ, ਇਨ੍ਹਾਂ ਅਖੌਤੀ ਸਾਧਾਂ ਦੀ ਚਾਂਦੀ, ਤੇ ਜਾਗਰੂਕ ਪ੍ਰਚਾਰਕ ??? ਜਵਾਬ ਪਾਠਕਾਂ ਲਈ ਛੱਡਿਆ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top