Share on Facebook

Main News Page

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਗੁਰ ਫੁਰਮਾਨ ਤੋਂ ਸਿੱਖ ਕਦੋਂ ਸੇਧ ਲੈਣਗੇ ?
-: ਕਿਰਪਾਲ ਸਿੰਘ ਬਠਿੰਡਾ ਮੋਬ: 9855480797

- ਭਾਈ ਗੁਰਬਖ਼ਸ਼ ਸਿੰਘ ਦੇ ਸਮਰਥਨ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਹੋ ਰਹੇ ਇਕੱਠ ਨੂੰ ਤਾਰਪੀਡੋ ਕਰਨ ਲਈ, ਸੰਤ ਸਮਾਜ ਅਕਾਲ ਤਖ਼ਤ ਦੇ ਜਥੇਦਾਰ ਕੋਲ ਇਹ ਮੰਗ ਲੈ ਕੇ ਪਹੁੰਚ ਗਏ ਕਿ ਨਾਨਕਸ਼ਾਹੀ ਕੈਲੰਡਰ ਨੂੰ ਮੁੱਢੋਂ ਰੱਦ ਕਰਕੇ ਬਿਕ੍ਰਮੀ ਕੈਲੰਡਰ ਨੂੰ ਬਹਾਲ ਕੀਤਾ ਜਾਵੇ

- ਜੇ ਬਾਦਲ ਦਲ ਆਪਣੀਆਂ ਤੀਜੇ ਦਿਨ ਕੀਤੀਆਂ ਜਾਂ ਰਹੀਆਂ ਰੈਲੀਆਂ ਲਈ ਲੱਖਾਂ ਦਾ ਇਕੱਠ ਜੁਟਾ ਸਕਦੇ ਹਨ, ਤਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਇਤਨਾ ਇਕੱਠ ਜੁਟਾ ਕਿ ਦੁਨੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਧਿਆਨ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਵੱਲ ਕਿਉਂ ਨਹੀਂ ਦਿਵਾ ਰਹੇ?

ਹਰ ਕਬੀਲੇ, ਕੌਮ ਅਤੇ ਦੇਸ਼ ਦੇ ਧਾਰਮਿਕ ਅਤੇ ਰਾਜਨੀਤਕ ਖੇਤਰ ਵਿੱਚ ਦੋ ਵੱਖ ਵੱਖ ਵੱਖ ਆਗੂ ਹੁੰਦੇ ਹਨ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਮਨੁੱਖ ਨੂੰ ਅਗਵਾਈ ਦੇਣੀ ਹੁੰਦੀ ਹੈ। ਪੁਰਾਤਨ ਭਾਰਤ ਵਿੱਚ ਧਾਰਮਿਕ ਜਗਤ ਵਿੱਚ ਅਗਵਾਈ ਜੋਗੀਆਂ ਅਤੇ ਬ੍ਰਾਹਮਣ ਦੇ ਹੱਥ ਸੀ ਅਤੇ ਰਾਜਨੀਤਕ ਅਗਵਾਈ ਬਾਹੂਬਲੀਆਂ ਜਿਹੜੇ ਕਿ ਆਮ ਤੌਰ ’ਤੇ ਖੱਤਰੀਆਂ ਵਿੱਚੋਂ ਹੁੰਦੇ ਸਨ; ਦੇ ਹੱਥ ਵਿੱਚ ਸੀ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਭਾਰਤ ਮੁਗਲਾਂ ਦਾ ਗੁਲਾਮ ਹੋ ਚੁੱਕਿਆ ਸੀ ਇਸ ਲਈ ਰਾਜ ਸ਼ਕਤੀ ਮੁਗਲ ਰਾਜਿਆਂ ਦੇ ਹੱਥ ਆ ਚੁੱਕੀ ਸੀ ਅਤੇ ਮੁਸਲਿਮ ਜਗਤ ਵਿੱਚ ਧਾਰਮਿਕ ਆਗੂ ਕਾਜ਼ੀ ਸਨ।

ਗੁਰੂ ਨਾਨਕ ਅਨੁਸਾਰ ਜਿੱਥੇ ਰਾਜੇ ਦਾ ਧਰਮ ਹੋਣਾ ਚਾਹੀਦਾ ਹੈ, ਕਿ ਉਹ ਆਪਣੀ ਰਿਆਇਆ ਦੀ ਸੁਰੱਖਿਆ ਤੇ ਹਰ ਵਿਅਕਤੀ ਨੂੰ ਬਰਾਬਰ ਦੇ ਮਨੁੱਖੀ ਅਧਿਕਾਰ ਦਿੰਦਾ ਹੋਇਆ, ਸਮਾਜ ਦੀ ਭਲਾਈ ਅਤੇ ਤਰੱਕੀ ਲਈ ਕੰਮ ਕਰੇ ਉਥੇ ਧਾਰਮਿਕ ਆਗੂ ਦਾ ਕੰਮ ਹੁੰਦਾ ਹੈ, ਕਿ ਉਹ ਆਪਣੇ ਧਰਮ ਦੇ ਮੰਨਣ ਵਾਲਿਆਂ ਵਿੱਚ ਅਧਿਆਤਮਕ ਅਤੇ ਰੁਹਾਨੀ ਗੁਣਾਂ ਦਾ ਸੰਚਾਰ ਕਰਕੇ ਆਪਣੀ ਕੌਮ ਦੇ ਉਚੇ ਆਚਰਣ ਦੀ ਉਸਾਰੀ ਲਈ ਕੰਮ ਕਰਦਾ ਹੋਇਆ, ਇਹ ਵੀ ਯਕੀਨੀ ਬਣਾਏ ਕਿ ਰਾਜਾ ਆਪਣੇ ਫਰਜ ਠੀਕ ਢੰਗ ਨਾਲ ਨਿਭਾਏ। ਰਾਜੇ ਵੱਲੋਂ ਆਪਣੇ ਫਰਜ਼ ਨਿਭਾਉਣ ਵਿੱਚ ਕਿਸੇ ਕਿਸਮ ਦੀ ਕੁਤਾਹੀ ਕਰਨ ਦੀ ਸੂਰਤ ਵਿੱਚ ਉਸ ਨੂੰ ਆਪਣੇ ਫਰਜ਼ਾਂ ਦਾ ਚੇਤਾ ਕਰਵਾਉਣਾ ਅਤੇ ਰਿਆਇਆ ਨੂੰ ਸੁਚੇਤ ਕਰਨਾ ਵੀ ਧਾਰਮਿਕ ਆਗੂ ਦੇ ਹਿੱਸੇ ਆਉਣਾ ਚਾਹੀਦਾ ਹੈ। ਪਰ ਰਾਜੇ ਤੇ ਧਾਰਮਿਕ ਦੋਵੇਂ ਹੀ ਤਰ੍ਹਾਂ ਦੇ ਆਗੂਆਂ ਨੇ ਆਪਣੇ ਫਰਜਾਂ ਨੂੰ ਭੁੱਲ ਕੇ ਭੋਲੇ ਲੋਕਾਂ ਦੀ ਲੁੱਟ ਕਰਕੇ ਆਪ ਐਸ਼ ਦੀ ਜਿੰਦਗੀ ਜਿਊਣ ਨੂੰ ਆਪਣਾ ਟੀਚਾ ਬਣਾ ਰੱਖਿਆ ਸੀ, ਜੋ ਅੱਜ ਵੀ ਨਿਰੰਤਰ ਜਾਰੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਇਨ੍ਹਾਂ ਕੁਰਾਹੇ ਪਏ ਆਗੂਆਂ ਨੂੰ ਆਪਣੇ ਫਰਜ਼ਾਂ ਦੀ ਪਾਲਣਾਂ ਕਰਨ ਦਾ ਉਪਦੇਸ਼ ਦਿੰਦੇ ਹੋਏ ਪਾਵਨ ਬਚਨ ਉਚਾਰਣ ਕੀਤੇ: ‘ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ॥ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥2॥’ {ਸਾਰੰਗ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 1240}

ਜਿਸ ਦੇ ਅਰਥ ਹਨ:- ਹੇ ਨਾਨਕ! (ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਆਤਮਕ ਜੀਵਨ ਵਿਚ ਸੁੱਚ ਨਹੀਂ ਆ ਸਕਦੀ, ਪਰ) ਜੇ ਕੋਈ ਮਨੁੱਖ (ਸੱਚੀ ਚੁਲੀ) ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹਨ-ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ (ਭਾਵ, ਵਿਦਵਾਨ ਦੀ ਵਿੱਦਵਤਾ ਤਾਂ ਪਵਿਤ੍ਰ ਹੈ ਜੇ ਉਸ ਦੇ ਅੰਦਰ ਵਿਚਾਰ ਭੀ ਹੈ) ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ, ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ। ਰਾਜੇ ਵਾਸਤੇ ਆਪਣੀ ਰਿਆਇਆ ਨੂੰ ਇਨਸਾਫ਼ੳਮਪ; ਦੇਣਾ ਹੀ ਸੱਚੀ ਚੁਲੀ ਹੈ। ਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ; (ਪਰ ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਤਾਂ ਸਗੋਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ ਕਿਉਂਕਿ) ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ ॥2॥

ਆਪਣੇ ਇਨ੍ਹਾਂ ਫਰਜਾਂ ਨੂੰ ਭੁਲਾ ਕੇ ਲੋਕਾਂ ’ਤੇ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ ਝੰਝੋੜਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਣ ਕੀਤਾ: ‘ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿ੍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥ ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀ ਕਮਾਣਾ ਨਾਉ ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ੍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀ ਵਢੀ ਲਾਇਤਬਾਰ ॥2॥’ {ਮਲਾਰ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 1288}

ਭਾਵ ਹਰਨ, ਬਾਜ਼ ਤੇ ਅਹਿਲਕਾਰ-ਇਹਨਾਂ ਦਾ ਨਾਮ ਲੋਕ ‘ਪੜ੍ਹੇ ਹੋਏ’ ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ। ਜਿਸ ਜਿਸ ਨੇ ‘ਨਾਮ’ ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ ‘ਨਾਮ’ ਬੀਜੇ)। (‘ਨਾਮ’ ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਿਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਿਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ॥2॥

ਧਾਰਮਿਕ ਆਗੂਆਂ ਨੂੰ ਝੰਝੋੜਦਿਆਂ ਹੋਇਆਂ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਣ ਕੀਤੇ: ‘ਕਾਦੀ, ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ, ਨਾਵੈ ਜੀਆ ਘਾਇ ॥ ਜੋਗੀ, ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥’ {ਧਨਾਸਰੀ ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 662}

ਜਿਸ ਦੇ ਅਰਥ ਹਨ: ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਇਨਸਾਫ ਦੀ ਕੁਰਸੀ ’ਤੇ ਭੀ ਬੈਠਾ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ॥2॥

ਗੁਰਬਾਣੀ ਅਨੁਸਾਰ (ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ, ਕਿਉਂਕਿ ਅਧਿਆਤਮਕ ਖੇਤਰ ਵਿੱਚ ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਭਾਵ ਆਪਣੇ ਗੁਰੂ ਦੇ ਉਪਦੇਸ਼ ਤੋਂ ਖੁੰਝੇ ਜਾ ਰਹੇ ਹਨ ‘ਅੰਧੇ ਏਹਿ ਨ ਆਖੀਅਨਿ; ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ; ਖਸਮਹੁ ਘੁਥੇ ਜਾਹਿ ॥1॥

ਇਸੇ ਸਲੋਕ ਦੇ ਸ਼ੁਰੂ ਵਿੱਚ ਗੁਰੂ ਸਾਹਿਬ ਜੀ ਫੁਰਮਾਨ ਕਰ ਰਹੇ ਹਨ: ‘ਅੰਧੇ ਕੈ ਰਾਹਿ ਦਸਿਐ; ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ; ਸੋ ਕਿਉ ਉਝੜਿ ਪਾਇ ॥’ {ਰਾਮਕਲੀ ਕੀ ਵਾਰ: 1 (ਮ: 2) ਗੁਰੂ ਗ੍ਰੰਥ ਸਾਹਿਬ - ਪੰਨਾ 954} ਭਾਵ ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ; ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ।॥1॥

ਗੁਰੂ ਅਰਜੁਨ ਸਾਹਿਬ ਜੀ ਨੇ ਅਜੇਹੇ ਅੰਨ੍ਹੇ ਆਗੂ ਚੁਣਨ ਤੋਂ ਸਿੱਖਾਂ ਨੂੰ ਸੁਚੇਤ ਕਰਦਿਆਂ ਸਮਝਾਇਆ ਹੈ: ‘ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥ 6॥’ (ਸੂਹੀ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 767)

ਜਿਸ ਦੇ ਅਰਥ ਹਨ ਕਿ ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਉਹ ਜੀਵਨ-ਸਫ਼ੳਮਪ;ਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ, ਕਿਉਂਕਿ ਉਹ ਆਗੂ ਆਪ ਹੀ ਹੋਛੀ ਅਕਲ ਦੇ ਕਾਰਨ (ਕਾਮਾਦਿਕ, ਲੋਭ ਲਾਲਚ ਅਤੇ ਹਉਮੈ ਰੂਪੀ ਵਿਕਾਰਾਂ ਦੇ ਹੱਥੋਂ) ਲੁੱਟਿਆ ਜਾ ਰਿਹਾ ਹੈ (ਉਸ ਦੀ ਅਗਵਾਈ ਵਿਚ ਤੁਰਨ ਵਾਲਾ ਵੀ) ਕਿਵੇਂ ਰਾਹ ਲੱਭ ਸਕਦਾ ਹੈ? ਮਾਇਆ-ਮੋਹ ਵਿਚ ਅੰਨ੍ਹੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ-ਭੌਰੀ ਹੋਈ ਹੁੰਦੀ ਹੈ, ਉਹ ਆਪ ਹੀ ਸਹੀ ਰਸਤੇ ਉਤੇ ਤੁਰ ਨਹੀਂ ਸਕਦਾ, ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ; ਪਰਮਾਤਮਾ ਦੇ ਨਾਮ ਤੋਂ ਵਾਂਝੇ ਹੋਣ ਕਰਕੇ ਉਸ ਨੂੰ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਮਾਇਆ ਦੀ ਦੌੜ-ਭੱਜ ਵਿਚ ਡੁੱਬਾ ਰਹਿੰਦਾ ਹੈ। ਪਰ ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸ ਦੇ ਹਿਰਦੇ ਵਿਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਹੈ, ਉਸ ਦੇ ਅੰਦਰ (ਸੇਵਾ-ਸਿਮਰਨ ਦਾ) ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ। ਉਹ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ ॥6॥

ਗੁਰੂ ਸਾਹਿਬ ਜੀ ਦੀਆਂ ਇਤਨੀਆਂ ਸਪਸ਼ਟ ਸੇਧਾਂ ਦੇ ਬਾਵਯੂਦ, ਅੱਜ ਕੱਲ੍ਹ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਦੀ ਬਜ਼ਾਏ ਰਾਜਨੀਤਕ ਖੇਤਰ ਵਿੱਚ ਤਾਂ ਅਗਵਾਈ ਸਤਾ ਦੇ ਲੋਭੀ, ਸਤਾ ਲਈ ਕੌਮੀ ਹਿੱਤਾਂ ਨੂੰ ਪੂਰੀ ਤਰ੍ਹਾਂ ਵਿਸਾਰਣ ਵਾਲੇ ਇੱਕ ਪ੍ਰਵਾਰ ਦੀ ਅਜ਼ਾਰੇਦਾਰੀ ਅੱਗੇ ਪੂਰੀ ਤਰ੍ਹਾਂ ਨਿਸਲ ਹੋਏ ਬੈਠੇ ਹਨ। ਪੰਥ ਦੇ ਸਿਰਮੌਰ ਆਗੂ ਬਣੇ ਬੈਠੇ ਇਸ ਪ੍ਰਵਾਰ ਦੀ ਪੋਲ; ਗੁਰਦੁਆਰਾ ਅੰਬ ਸਾਹਿਬ ਵਿਖੇ, ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਨੂੰ ਰੱਤ ਪੀਣੇ ਰਾਜੇ ਦੀਆਂ ਨਹੁੰਦਰਾਂ ਬਣੇ ਅਹਿਲਕਾਰਾਂ ਵੱਲੋਂ 5 ਅਤੇ 6 ਦਸੰਬਰ ਦੀ ਰਾਤ ਨੂੰ ਸੁੱਤੇ ਪਏ ਨੂੰ ਜਗਾ ਕੇ ਚੁੱਕ ਕੇ ਜੇਲ੍ਹ ਭੇਜੇ ਜਾਣ ਪਿੱਛੋਂ; ਉਥੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਡੀਜੀਪੀ (ਜੇਲ੍ਹਾਂ) ਸ਼੍ਰੀ ਸ਼ਸ਼ੀ ਕਾਂਤ ਜੀ ਨੇ ਖੋਲ੍ਹੀ ਹੈ। ਉਨ੍ਹਾਂ ਕਿਹਾ 1984 ਦੇ ਸਿੱਖ ਕਤਲੇਆਮ ਪਿੱਛੇ ਜਿਨ੍ਹਾਂ ਹੱਥ ਕਾਂਗਰਸ ਦਾ ਹੈ ਉਨਾਂ ਹੀ ਦੋਸ਼ ਬਾਦਲ ਸਾਹਿਬ ਦਾ ਹੈ। ਜਿਨ੍ਹਾਂ ਜ਼ੁਲਮ ਉਸ ਸਮੇਂ ਕਾਂਗਰਸ ਨੇ ਸਿੱਖਾਂ ’ਤੇ ਕੀਤਾ ਉਨਾਂ ਹੀ ਜ਼ੁਲਮ ਅੱਜ ਉਹ ਖ਼ੁਦ ਸਿੱਖਾਂ ’ਤੇ ਕਰ ਰਹੇ ਹਨ। ਉਨ੍ਹਾਂ ਦਾ ਇਹ ਭਾਵਪੂਰਤ ਅਤੇ ਸਚਾਈ ਭਰਪੂਰ ਭਾਸ਼ਣ ਯੂਟਿਊਬ ਦੇ ਲਿੰਕ  http://www.youtube.com/watch?v=Au8t24kM4UA  (Preview)  ’ਤੇ ਸੁਣਿਆ ਜਾ ਸਕਦਾ ਹੈ।

 

ਇਸੇ ਤਰ੍ਹਾਂ ਧਾਰਮਿਕ ਖੇਤਰ ਵਿੱਚ ਸਿੱਖ ਅਗਵਾਈ ਵਿਹਲੜ ਸੰਤ ਸਮਾਜ ਅਤੇ ਪੰਥ ਦੀਆਂ ਸਿਰਮੌਰ ਸੰਸਥਾਵਾਂ ’ਤੇ ਕਾਬਜ਼ ਹੋਏ ਬਾਦਲ ਦੇ ਨਿਯੁਕਤ ਕੀਤੇ ਜਥੇਦਾਰਾਂ ਦੀ ਕਬੂਲੀ ਬੈਠੇ ਹਨ। ਸੰਤ ਸਮਾਜ, ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤਿੰਨੇ ਹੀ ਜੇਲ੍ਹਾਂ ਵਿੱਚ ਆਪਣੇ ਅਸਰ ਰਸੂਖ ਰਾਹੀਂ ਪੰਜਾਬ ਸਰਕਾਰ ’ਤੇ ਕੋਈ ਦਬਾਅ ਪਾਉਣ ਦੀ ਬਜਾਏ ਬਾਦਲ ਸਰਕਾਰ ਨੂੰ ਦੋਸ਼ ਮੁਕਤ ਕਰਾਰ ਦੇਣ ਦੇ ਆਹਰ ਲੱਗੇ ਹੋਏ ਹਨ। ਤਿੰਨਾਂ ਦਾ ਹੀ ਕਹਿਣਾ ਹੈ ਕਿ ਉਨ੍ਹਾਂ ਦੀ ਬਾਦਲ ਸਾਹਿਬ ਨਾਲ ਮੁਲਾਕਾਤ ਹੋ ਚੁੱਕੀ ਹੈ। ਉਹ ਸਜਾ ਕੱਟ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਬਹੁਤ ਹੀ ਗੰਭੀਰ ਹਨ। ਉਨ੍ਹਾਂ ਅਨੁਸਾਰ ਜੇ ਬਾਦਲ ਸਾਹਿਬ ਦੇ ਵੱਸ ਹੋਵੇ ਤਾਂ ਉਹ 5 ਮਿੰਟਾਂ ਵਿੱਚ ਰਿਹਾਅ ਕਰ ਸਕਦੇ ਹਨ, ਪਰ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਕੇਸ ਚੰਡੀਗੜ੍ਹ ਅਤੇ ਦੂਸਰੇ ਸੂਬਿਆਂ ਵਿੱਚ ਦਰਜ ਹੋਏ ਹਨ। ਕਦੀ ਉਹ ਉਨ੍ਹਾਂ ਸਿੰਘਾਂ ਦੀ ਵੇਰਵੇ ਸਹਿਤ ਸੂਚੀ ਮੰਗ ਲੈਂਦੇ ਹਨ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋਣ ਪਿੱਛੋਂ ਵੀ ਹਾਲੀ ਜੇਲ੍ਹਾਂ ਵਿੱਚ ਬੰਦ ਹਨ। ਹਾਲਾਂ ਕਿ ਇਹ ਉਨ੍ਹਾਂ ਦੇ ਮਕਾਰ ਦਾ ਸਿਖਰ ਹੈ। ਕੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਸਰਕਾਰ, ਜਿਹੜੀ ਕਿ 1997 ਵਿੱਚ ਇਸ ਚੋਣ ਵਾਅਦੇ ਨਾਲ ਜਿੱਤ ਕੇ ਸਤਾ ਵਿੱਚ ਆਈ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਜੇਲ੍ਹਾਂ ਵਿੱਚ ਬੇਕਸੂਰ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਫਰਜੀ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਾਵਾਨਾਂ ਨੂੰ ਕਤਲ ਕਰਨ ਵਾਲੇ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆਂ ਜਾਣਗੀਆਂ। ਪਰ ਢੀਠਤਾਈ ਅਤੇ ਵੋਟਰਾਂ ਨਾਲ ਵਿਸਾਹਘਾਤ ਦੇ ਸਿਰੇ ਦੀ ਹੱਦ ਹੈ ਕਿ ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾਂ ਦੇਣ ਦੀ ਬਜ਼ਾਏ ਤਰੱਕੀਆਂ ਦਿੱਤੀਆਂ ਗਈਆਂ ਹਨ ਅਤੇ ਤੀਸਰੀ ਵਾਰ ਸਰਕਾਰ ਬਣਾਉਣ ਉਪ੍ਰੰਤ ਵੀ ਸਜਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਸੂਚੀ ਵੀ ਤਿਆਰ ਨਹੀਂ ਕਰ ਸਕੇ।

ਇਸ ਦੇ ਬਾਵਯੂਦ ਭੋਲ਼ੇ ਸਿੱਖਾਂ ਵੱਲੋਂ ਹਰ ਸੰਘਰਸ਼ ਸਮੇਂ ਐਲਾਣ ਕਰ ਦਿੱਤਾ ਜਾਂਦਾ ਹੈ ਕਿ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸੰਘਰਸ਼ ਤੇਜ ਕੀਤਾ ਜਾਵੇਗਾ। ਸੰਘਰਸ਼ ਦੀ ਅਗਲੀ ਰੂਪ ਰੇਖਾ ਸੰਤ ਮਹਾਂਪੁਰਸ਼ਾਂ ਦੀ ਮੀਟਿੰਗ ਵਿੱਚ ਤਿਆਰ ਕੀਤੀ ਜਾਵੇਗੀ। ਇਨ੍ਹਾਂ ਅਖੌਤੀ ਸੰਤ ਮਹਾਂਪੁਰਸ਼ਾਂ ਦੀ ਘੱਟ ਤੋਂ ਘੱਟ ਤਿੰਨ ਵਾਰ ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਸਜਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾ ਕੇ ਭਾਈ ਗੁਰਬਖ਼ਸ਼ ਸਿੰਘ ਦੀ ਜਾਨ ਬਚਾਉਣ ਲਈ ਕੋਈ ਠੋਸ ਨੀਤੀ ਅਪਨਾਉਣ ਦੀ ਬਜ਼ਾਏ, ਇਹ ਬਿਆਨ ਦੇ ਦਿੱਤਾ ਜਾਂਦਾ ਹੈ ਕਿ ਭਾਈ ਗੁਰਬਖ਼ਸ਼ ਸਿੰਘ ਜੀ ਨੂੰ ਉਨ੍ਹਾਂ ਦਾ ਪੂਰਾ ਸਮਰਥਨ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਮੰਗ ਪੂਰੀ ਤਰ੍ਹਾਂ ਜਾਇਜ਼ ਹੈ, ਪਰ ਉਨ੍ਹਾਂ ਦਾ ਤਰੀਕਾ ਗਲਤ ਹੈ, ਕਿਉਂਕਿ ਗੁਰਮਤਿ ਅਨੁਸਾਰ ਸਿੱਖ ਧਰਮ ਵਿੱਚ ਭੁੱਖ ਹੜਤਾਲ ਨੂੰ ਕੋਈ ਥਾਂ ਨਹੀਂ ਹੈ। ਭੁੱਖ ਹੜਤਾਲ ਨੂੰ ਗਲਤ ਦੱਸਣ ਵਾਲੇ ਜਥੇਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ ਦੇ ਆਗੂਆਂ ਨੂੰ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਅਤੇ ਬੀਬੀ ਨਿਰਪ੍ਰੀਤ ਕੌਰ ਜੀ ਦਿੱਲੀ ਨੇ ਸਵਾਲ ਕੀਤਾ ਹੈ ਕਿ ਜੇ ਭਾਈ ਗੁਰਬਖ਼ਸ਼ ਸਿੰਘ ਜੀ ਦਾ ਤਰੀਕਾ ਗਲਤ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ: ‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥22॥’ (ਜ਼ਫ਼ਰਨਾਮਾ) ਭਾਵ ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ, ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ ॥22॥ ’ਤੇ ਅਮਲ ਕਰਦਿਆਂ ਤਲਵਾਰ ਫੜ ਕੇ ਅੱਗੇ ਲੱਗੋ ਅਸੀਂ ਤੁਹਾਡੇ ਮਗਰ ਲਗਾਂਗੇ।

ਪਰ ਇਨ੍ਹਾਂ ਦੀ ਢੀਠਤਾਈ ਵੇਖੋ, ਕਿ ਨਾ ਤਾਂ ਇਹ ਲੋਕ ਤੰਤਰਿਕ ਢੰਗ ਨਾਲ ਕੋਈ ਕਾਰਵਾਈ ਕਰਨ ਨੂੰ ਤਿਆਰ ਹਨ ਨਾਂ ਰਾਜਨੀਤਕ ਦਬਾਅ ਪਾੳਣ ਲਈ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਨੂੰ ਜਾਇਜ਼ ਕਹਿਣ ਲਈ ਤਿਆਰ ਹਨ, ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ: ‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥22॥ ’ਤੇ ਅਮਲ ਕਰਨ ਲਈ ਤਿਆਰ ਹਨ, ਸਗੋਂ ਭਾਈ ਗੁਰਬਖ਼ਸ਼ ਸਿੰਘ ਦੇ ਸਮਰਥਨ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਹੋ ਰਹੇ ਇਕੱਠ ਨੂੰ ਤਾਰਪੀਡੋ ਕਰਨ ਲਈ 11 ਦਸੰਬਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਕੋਲ ਇਹ ਮੰਗ ਲੈ ਕੇ ਪਹੁੰਚ ਗਏ ਕਿ ਨਾਨਕਸ਼ਾਹੀ ਕੈਲੰਡਰ ਨੂੰ ਮੁੱਢੋਂ ਰੱਦ ਕਰਕੇ ਬਿਕ੍ਰਮੀ ਕੈਲੰਡਰ ਨੂੰ ਬਹਾਲ ਕੀਤਾ ਜਾਵੇ।

ਕੈਲੰਡਰ ਬਾਰੇ ਇਨ੍ਹਾਂ ਦਾ ਕਿੰਨਾਂ ਕੁ ਗਿਆਨ ਹੈ ਇਹ ਪਰਖਣ ਲਈ ਕੋਈ ਇਨ੍ਹਾਂ ਨੂੰ ਪੁੱਛੇ ਕਿ ਕੀ ਤੁਸੀਂ ਦੱਸ ਸਕਦੇ ਹੋ ਕਿ ਉਸ ਕੈਲੰਡਰ ਵਿੱਚ ਵੱਡੇ ਤੋਂ ਵੱਡਾ ਦਿਨ ਅਤੇ ਛੋਟੇ ਤੋਂ ਛੋਟਾ ਦਿਨ ਕਿਸ ਬਿਕ੍ਰਮੀ ਦੀ ਕਿਸ ਤਿੱਥ ਨੂੰ ਅਤੇ ਦਿਨ ਰਾਤ ਬਰਾਬਰ ਕਿਹੜੀਆਂ ਤਿਥਾਂ ਨੂੰ ਆਉਂਦੇ ਹਨ? ਭਾਈ ਪਾਲ ਸਿੰਘ ਪੁਰੇਵਾਲ ਜੀ ਨੇ ਤਾਂ ਪਹਿਲਾਂ 500 ਸਾਲਾ ਜੰਤਰੀ ਛਾਪੀ ਸੀ ਅਤੇ ਹੁਣ 600 ਸਾਲਾ ਜੰਤਰੀ ਛਪਾਈ ਅਧੀਨ ਹੈ। ਇੱਥੇ ਹੀ ਬੱਸ ਨਹੀ ਉਨ੍ਹਾਂ 3000 ਈਸਵੀ ਦਾ ਕੈਲੰਡਰ ਵੀ ਬਣਾ ਕਿ ਉਸ ਵਿੱਚ ਬਿਕ੍ਰਮੀ ਸੂਰਜੀ ਮਹੀਨੇ ਦੀਆਂ ਤਰੀਖਾਂ, ਬਿਕ੍ਰਮੀ ਚੰਦਰ ਮਹੀਨੇ ਦੀਆਂ ਤਿੱਥਾਂ, ਈਸਵੀ ਸੰਨ ਦੀਆਂ ਤਰੀਖਾਂ ਅਤੇ ਨਾਨਕਸ਼ਾਹੀ ਕੈਲੰਡਰ ਦੀ ਤਰੀਖਾਂ ਦਰਸਾ ਕੇ ਇਹ ਵਿਖਾ ਦਿੱਤਾ ਹੈ ਕਿ 3000 ਈਸਵੀ ਵਿੱਚ ਬਿਕ੍ਰਮੀ ਕੈਲੰਡਰ ਅਨੁਸਾਰ ਵੈਸਾਖੀ 27 ਅਪ੍ਰੈਲ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 3 ਫਰਵਰੀ ਨੂੰ ਆਵੇਗਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਉਸ ਸਾਲ ਵੀ ਅੱਜ ਵਾਂਗ ਕ੍ਰਮਵਾਰ 14 ਅਪ੍ਰੈਲ ਅਤੇ 5 ਜਨਵਰੀ ਨੂੰ ਹੀ ਆਉਣਗੇ। ਕੀ ਸੰਤ ਸਮਾਜ ਦਾ ਕੋਈ ਵੀ ਆਗੂ ਅਗਲੇ ਸਾਲ ਦਾ ਕੈਲੰਡਰ ਵੀ ਤਿਆਰ ਕਰ ਸਕਦੇ ਹਨ? ਬਿਕ੍ਰਮੀ ਕੈਲੰਡਰ ਨੂੰ ਮੁੜ ਬਹਾਲ ਕਰਵਾਉਣ ਆਏ ਸੰਤ ਸਮਾਜ ਦੇ ਆਗੂਆਂ ਨੂੰ ਇਹ ਸਵਾਲ ਪੁੱਛਣ ਦੀ ਬਜਾਏ ਜਥੇਦਾਰ ਜੀ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹ 5 ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਇਸ ’ਤੇ ਵੀਚਾਰ ਕਰਕੇ ਅਗਲੀ ਕਾਰਵਾਈ ਕਰਨਗੇ। ਇਹ ਵੀ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੋਵੇਗੀ ਕਿ ਉਹ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਨਾਮੋ ਨਿਸ਼ਾਨ ਮਿਟਾ ਕੇ ਬਿਕ੍ਰਮੀ ਕੈਲੰਡਰ ਬਹਾਲ ਕਰਨ ਦਾ ਐਲਾਨ ਕਰ ਦੇਣ।

ਇਸ ਤੋਂ ਇਲਾਵਾ ਉਨ੍ਹਾਂ ਨਿੱਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚ ਇੱਕਸਾਰਤਾ ਲਿਆਉਣ ਦੀ ਮੰਗ ਕੀਤੀ ਹੈ। ਜਥੇਦਾਰ ਸਾਹਿਬ ਨੂੰ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਸੀ ਕਿ ਇਨ੍ਹਾਂ ਸਬੰਧੀ ਤਾਂ ਫੈਸਲਾ ਪਹਿਲਾਂ ਹੀ ਸਿੱਖ ਰਹਿਤ ਮਰਯਾਦਾ ਵਿੱਚ ਹੋ ਚੁੱਕਾ ਹੈ, ਜੋ ਇਸੇ ਅਕਾਲ ਤਖ਼ਤ ਤੋਂ ਜਾਰੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਛਾਪ ਕੇ ਵੰਡੀ ਜਾ ਰਹੀ ਹੈ। ਜੇ ਤੁਸੀਂ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ, ਤਾਂ ਇਸ ਦੀ ਕੀ ਗਰੰਟੀ ਹੈ ਕਿ ਸੋਧੀ ਹੋਈ ਸਿੱਖ ਰਹਿਤ ਮਰਯਾਦਾ ਨੂੰ ਸਮੁੱਚੇ ਸਿੱਖ ਮੰਨ ਕੇ ਸਿੱਖਾਂ ਵਿੱਚ ਇਕਸਾਰਤਾ ਲੈ ਆਉਣਗੇ? ਅਸਲ ਵਿੱਚ ਉਨ੍ਹਾਂ ਦਾ ਇੱਕਸਾਰਤਾ ਲਿਆਉਣ ਦਾ ਕੋਈ ਮੁੱਦਾ ਹੀ ਨਹੀਂ, ਉਨ੍ਹਾਂ ਤਾਂ ਗੁਰਮਤਿ ਵਿੱਚ ਪੂਰੀ ਤਰ੍ਹਾਂ ਬ੍ਰਾਹਮਣਵਾਦ ਨੂੰ ਘੁਸੇੜ ਕਿ ਪੰਥ ਨੂੰ ਖੇਰੂੰ ਖੇਰੂੰ ਕਰਨ ਵੱਲ ਹੀ ਵਧਣਾ ਹੈ।

ਹੁਣ ਤਾਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਡੀਆ ਇੰਚਾਰਜ ਭਾਈ ਜਸਪਾਲ ਸਿੰਘ ਮੰਝਪੁਰ ਨੇ 118 ਸਿੰਘਾਂ ਦੀ ਸੂਚੀ ਵੀ ਰਲੀਜ਼ ਕਰ ਦਿੱਤੀ ਹੈ, ਜਿਨ੍ਹਾਂ ਵਿੱਚੋਂ ਜਿਆਦਾਤਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਸੇ ਦਲ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਦੇ ਇੱਕ ਤਾਜ਼ਾ ਬਿਆਨ ਅਨੁਸਾਰ ਆਪਣੀ ਸਜਾ ਪੂਰੀ ਕਰ ਚੁੱਕੇ ਭਾਈ ਸ਼ਮਸ਼ੇਰ ਸਿੰਘ ਨੂੰ ਪੈਰੋਲ ’ਤੇ ਰਿਹਾਅ ਕਰਨ ਦੇਣ ਦੀ ਸਿਫਾਰਸ਼ ਡੀ.ਸੀ. ਪਟਿਆਲਾ ਨੇ ਪੱਤਰ ਨੰ: 4052 ਮਿਤੀ 6-11-2013 ਵਿੱਚ ਪੰਜਾਬ ਸਰਕਾਰ ਨੂੰ ਕੀਤੀ ਸੀ, ਪ੍ਰੰਤੂ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਖ਼ਤਰਨਾਕ ਕਰਾਰ ਦਿੰਦਿਆਂ ‘ਇਨ੍ਹਾਂ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ’ ਆਖ ਕੇ ਅੱਜ ਤੱਕ ਰਿਹਾਅ ਨਹੀਂ ਕੀਤਾ।

ਸੋ, ਇਸ ਸਚਾਈ ਨੇ ਜਥੇਦਾਰ, ਸੰਤ ਸਮਾਜ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਇਸ ਝੂਠ ਦਾ ਪਰਦਾ ਪੂਰੀ ਤਰ੍ਹਾਂ ਫਾਸ਼ ਕਰ ਦਿੱਤਾ ਹੈ, ਕਿ ਮੁੱਖ ਮੰਤਰੀ ਸਜਾ ਕੱਟ ਚੁੱਕੇ ਸਿੰਘਾਂ ਨੂੰ ਰਿਹਾਅ ਕਰਨ ਲਈ ਬਹੁਤ ਹੀ ਗੰਭੀਰ ਹਨ

ਦੂਸਰਾ ਝੂਠ ਇਹ ਹੈ ਕਿ ਇਨ੍ਹਾਂ ਸਿੰਘਾਂ ’ਤੇ ਪੰਜਾਬ ਤੋਂ ਬਾਹਰ ਕੇਸ ਹੋਣ ਕਰਕੇ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ। ਜੇ ਫਰਾਂਸ ਜੋ ਸਿਰਫ ਬਾਹਰ ਦਾ ਸੂਬਾ ਹੀ ਨਹੀਂ, ਬਲਕਿ ਬਾਹਰਲਾ ਬਿਲਕੁਲ ਆਜ਼ਾਦ ਦੇਸ਼ ਹੈ; ਵਿੱਚ ਦਸਤਾਰ ਦਾ ਮਸਲਾ ਹੱਲ ਕਰਵਾਉਣ ਵਿੱਚ ਨਾ-ਕਾਮਯਾਬ ਰਹਿਣ ਕਰਕੇ ਸ: ਬਾਦਲ ਅਤੇ ਜਥੇਦਾਰ ਸਮੇਤ ਸਾਰਾ ਅਕਾਲੀ ਦਲ ਭਾਰਤ ਦੀ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੋਸ਼ੀ ਦੱਸ ਰਹੇ ਹਨ, ਤਾਂ ਸਿੰਘਾਂ ਦੀ ਰਿਹਾਈ ਦਾ ਮਸਲਾ ਆਪਣੇ ਹੀ ਦੇਸ਼ ਦੇ ਦੂਸਰੇ ਸੂਬਿਆਂ ਤੇ ਖਾਸ ਕਰਕੇ ਗੁਜਰਾਤ ਜਿਥੇ ਉਨ੍ਹਾਂ ਦੇ ਪਰਮ ਮਿੱਤਰ ਨਰਿੰਦਰ ਮੋਦੀ ਦੀ ਸਰਕਾਰ ਹੈ; ਤੋਂ ਹੱਲ ਨਾ ਕਰਵਾ ਸਕਣ ਲਈ ਬਾਦਲ ਦੋਸ਼ੀ ਕਿਉਂ ਨਹੀਂ ਹੈ?

ਤੀਸਰਾ ਸ਼ੋਸ਼ਾ ਇਹ ਛੱਡਿਆ ਜਾ ਰਿਹਾ ਹੈ ਕਿ ਉਮਰ ਕੈਦ ਦਾ ਭਾਵ 20 ਸਾਲ ਜਾਂ 14 ਸਾਲ ਦੀ ਸਜਾ ਨਹੀਂ, ਬਲਕਿ ਉਸ ਨੂੰ ਸਾਰੀ ਉਮਰ ਹੀ ਜੇਲ੍ਹ ਵਿੱਚ ਰਹਿਣਾ ਪਏਗਾ ਜਾਂ ਜਦ ਤੱਕ ਕਿ ਸਬੰਧਤ ਸਰਕਾਰ ਉਸ ਦੀ ਬਾਕੀ ਦੀ ਸਜਾ ਮੁਆਫ ਨਹੀਂ ਕਰਦੀ। ਜੇ ਦੇਸ਼ ਦੇ ਬਾਕੀ ਦੇ ਕੈਦੀਆਂ ਨੂੰ 14 ਸਾਲਾਂ ਬਾਅਦ ਰਿਹਾਅ ਕੀਤਾ ਜਾ ਰਿਹਾ ਹੈ, ਤਾਂ ਇਹ ਢੁੱਚਰ ਸਿਰਫ ਸਿੱਖ ਕੈਦੀਆਂ ਲਈ ਹੀ ਕਿਉਂ? ਕੀ ਇਹ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨਾਲ ਸਰਾਸਰ ਧੱਕਾ ਕਰਕੇ, ਉਨ੍ਹਾਂ ਨੂੰ ਦੋ ਨੰਬਰ ਦੇ ਸ਼ਹਿਰੀ ਹੋਣ ਦਾ ਅਹਿਸਾਸ ਨਹੀਂ ਕਰਵਾਇਆ ਜਾ ਰਿਹਾ? ਜੇ ਸਰਕਾਰ ਦੇ ਕਾਨੂੰਨ ਦੀ ਹੀ ਗੱਲ ਕਰੀਏ ਤਾਂ ਫਰਾਂਸ ਸਰਕਾਰ ਨੇ ਵੀ ਇਹ ਕਾਨੂੰਨ ਬਣਾ ਦਿੱਤਾ ਹੈ, ਕਿ ਕੋਈ ਵੀ ਮਨੁੱਖ ਐਸਾ ਪਹਿਰਾਵਾ ਨਹੀਂ ਪਹਿਨ ਸਕਦਾ, ਜਿਸ ਨਾਲ ਉਸ ਦੀ ਅਲੱਗ ਪਹਿਚਾਨ ਬਣਦੀ ਹੋਵੇ। ਇਸ ਕਾਨੂੰਨ ਅਨੁਸਾਰ ਸਿਖਾਂ ਨੂੰ ਦਸਤਾਰ ਅਤੇ ਮੁਸਲਮਾਨ ਔਰਤਾਂ ਨੂੰ ਬੁਰਕਾ ਪਹਿਨਣ ਦੀ ਇਜਾਜ਼ਤ ਨਹੀਂ ਹੈ। ਜੇ ਸ: ਬਾਦਲ ਤੇ ਉਸ ਦੀ ਪਾਰਟੀ ਫਰਾਂਸ ਦੇ ਇਸ ਕਾਨੂੰਨ ਨੂੰ ਸਿੱਖਾਂ ਦੇ ਅਧਿਕਾਰਾਂ ’ਤੇ ਛਾਪਾ ਦੱਸ ਰਿਹਾ ਹੈ, ਤਾਂ ਜੋ ਉਸ ਦੇ ਆਪਣੇ ਸੂਬੇ ਤੇ ਆਪਣੇ ਦੇਸ਼ ਵਿੱਚ ਵਿਤਕਰਾ ਹੋ ਰਿਹਾ ਹੈ, ਉਸ ਲਈ ਉਹ ਜਿੰਮੇਵਾਰ ਕਿਉਂ ਨਹੀਂ ਹੈ?

ਉਪ੍ਰੋਕਤ ਸਚਾਈ ਸਾਹਮਣੇ ਆਉਣ ’ਤੇ ਵੀ ਜਥੇਦਾਰਾਂ ਤੇ ਸੰਤ ਸਮਾਜ ਵੱਲੋਂ ਬਾਦਲ ਸਰਕਾਰ ਦਾ ਪੱਖ ਪੂਰਨ ਨੇ ਸਿੱਧ ਕਰ ਦਿੱਤਾ ਹੈ, ਕਿ ਇਨ੍ਹਾਂ ਦਾ ਕਿਰਦਾਰ ‘ਕਾਦੀ, ਕੂੜੁ ਬੋਲਿ ਮਲੁ ਖਾਇ ॥’ ਵਾਲਾ ਹੋ ਗਿਆ ਹੈ। ਇਸ ਸੂਰਤ ਵਿੱਚ ਮੈਂ ਸ: ਹਰਲਾਜ ਸਿੰਘ ਬਹਾਦਰਪੁਰ ਵੱਲੋਂ ਲਿਖੇ ਲੇਖ ‘ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ‘ਜਥੇਦਾਰ ਰੂਪੀ ਰੋੜੇ’ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ’ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਕਿ ਜੇ ਉਹ ਹੁਣ ਵੀ ਆਪਣਾ ਫਰਜ਼ ਪਛਾਣ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ: ਅਵਤਾਰ ਸਿੰਘ ਮੱਕੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਨੂੰ ਸਪਸ਼ਟ ਰੂਪ ਵਿੱਚ ਇਹ ਹਦਾਇਤ ਨਹੀਂ ਕਰਦੇ, ਕਿ ਜੇ ਉਹ ਆਪਣੀਆਂ ਤੀਜੇ ਦਿਨ ਕੀਤੀਆਂ ਜਾਂ ਰਹੀਆਂ ਰੈਲੀਆਂ ਲਈ ਲੱਖਾਂ ਦਾ ਇਕੱਠ ਜੁਟਾ ਸਕਦੇ ਹਨ, ਤਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਇਤਨਾ ਇਕੱਠ ਜੁਟਾ ਕਿ ਦੁਨੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਧਿਆਨ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਵੱਲ ਕਿਉਂ ਨਹੀਂ ਦਿਵਾ ਰਹੇ? ਜੇ ਉਹ ਜਥੇਦਾਰ, ਬਾਦਲ ਦਲ ਨੂੰ ਐਸੀਆਂ ਸਪਸ਼ਟ ਹਦਾਇਤਾਂ ਦੇਣ ਤੋਂ ਅਸਮਰਥ ਹਨ, ਤਾਂ ਯਕੀਨਨ ਹੀ ‘ਜਥੇਦਾਰ ਰੂਪੀ ਰੋੜੇ’ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top