Share on Facebook

Main News Page

ਮਸਲਾ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦਾ/ਬੰਦੀ ਸਿੰਘਾਂ ਦੀ ਰਿਹਾਈ ਦਾ
ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ "ਜਥੇਦਾਰ ਰੂਪੀ ਰੋੜੇ" ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ

ਜਿਹੋ ਜਿਹੀ ਹਾਲਤ ਅੱਜ ਸਿੱਖ ਕੌਮ ਦੀ ਹੈ, ਇਹੋ ਜਿਹੀ ਹਾਲਤ ਤਾਂ ਰੱਬ ਕਿਸੇ ਦੀ ਵੀ ਨਾ ਕਰੇ । ਅਜਿਹੀ ਹਾਲਤ ਸਿੱਖ ਕੌਮ ਦੀ ਕਿਸ ਦੁਸ਼ਮਣ ਨੇ ਕਰ ਦਿੱਤੀ ? ਕੀ ਕੋਈ ਦੁਸ਼ਮਣ ਸਿੱਖ ਕੌਮ ਦੀ ਅਜਿਹੀ ਹਾਲਤ ਕਰ ਸਕਦਾ ਸੀ? ਨਹੀਂ । ਕਿਉਂਕਿ ਸਿੱਖ ਕੌਮ ਤਾਂ ਪੈਦਾ ਹੀ ਦੁਸ਼ਮਣਾਂ ਦੇ ਵਿੱਚ ਹੋਈ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਸਿੱਖ ਕੌਮ ਵਿੱਚ ਕੋਈ ਨਿਰਾਸ਼ਾ ਨਹੀਂ ਆਈ ਸਗੋਂ ਚੜ੍ਹਦੀਕਲਾ ਵੱਲ ਗਈ। ਫਿਰ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਦੀ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹੋਈ। ਸਿੱਖ ਕੌਮ ਫਿਰ ਨਿਰਾਸ਼ ਹੋਣ ਦੀ ਥਾਂ ਚੜ੍ਹਦੀਕਲਾ ਵਿੱਚ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਸਿੰਘਾਂ ਦੀਆਂ, ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਹੋਈਆਂ, ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸ਼ਹਾਦਤ ਹੋਈ, ਸਿੱਖ ਕੌਮ ਫਿਰ ਵੀ ਚੜ੍ਹਦੀਕਲਾ ਵਿੱਚ ਰਹੀ। ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਵੀ ਸਿੱਖ ਕੌਮ ਚੜ੍ਹਦੀਕਲਾ ਵਿੱਚ ਹੀ ਜੀਵੀ ਅਤੇ ਸ਼ਹੀਦੀਆਂ ਵੀ ਚੜ੍ਹਦੀਕਲਾ ਵਿੱਚ ਹੀ ਪਾਈਆਂ। ਇਸ ਸਮੇਂ ਤੱਕ ਕੌਮ ਵਿੱਚ ਕੋਈ ਦੁਵਿਧਾ ਨਹੀਂ ਸੀ। ਸਿੱਖ ਕੌਮ ਇੱਕ ਨਿਸ਼ਾਨ ਸਾਹਿਬ (ਇੱਕ ਸਿਧਾਂਤ) ਥੱਲੇ ਇੱਕਠੀ ਸੀ। ਪੂਰੀ ਕੌਮ ਦਾ ਗੁਰੂ ਇੱਕ ਸੀ, ਜੁਲਮ ਨਾਲ ਟੱਕਰ ਸੀ, ਗਿਣਤੀ ਭਾਵੇਂ ਘੱਟ ਸੀ । ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗਿਣਤੀ ਤਾਂ ਬੇਸ਼ੱਕ ਵੱਧ ਗਈ ਸੀ, ਪਰ ਸਿੱਖ ਸਿਧਾਂਤਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਚੜ੍ਹਦੀਕਲਾ ਵਾਲੇ ਯੋਧੇ ਤਾਂ ਉਸ ਸਮੇਂ ਵੀ ਬਹੁਤ ਸਨ, ਪਰ ਰਣਜੀਤ ਸਿੰਘ ਅਤੇ ਡੋਗਰਿਆਂ ਦੀ ਦਿਲੀ ਸਾਂਝ (ਅਜੋਕੇ ਬਾਦਲਾਂ ਅਤੇ ਭਾਜਪਾ ਵਰਗੀ ਸਾਂਝ) ਨੇ ਪੂਰੇ ਸਿੱਖ ਰਾਜ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਸੀ। ਸਿੰਘਾਂ ਦੀਆਂ ਬਹਾਦਰੀਆਂ ਮਿੱਟੀ ਘੱਟੇ ਰੁਲ ਗਈਆਂ ਸਨ, ਜੋ ਅੱਜ ਤੱਕ ਰੁਲ ਰਹੀਆਂ ਹਨ। ਬਹਾਦਰੀਆਂ ਤਾਂ ਕੀ ਅੱਜ ਤਾਂ ਪੂਰੀ ਸਿੱਖ ਕੌਮ ਵੀ ਮਿੱਟੀ ਘੱਟੇ ਰੁਲ ਰਹੀ ਹੈ। ਸਿੱਖ ਕੌਮ ਦੀ ਅਵਾਜ ਹੀ ਬੰਦ ਹੋ ਚੁੱਕੀ ਹੈ।

ਸਿੱਖ ਕੌਮ ਆਪਣੇ ਨਾਲ ਹੁੰਦੀ ਬੇਇਨਸਾਫੀ ਜਾਂ ਆਪਣੇ ਜਿਉਂਦੇ ਹੋਣ ਦਾ ਸੁਨੇਹਾ ਦੇਣ ਦੇ ਯੋਗ ਵੀ ਨਹੀਂ ਰਹੀ। ਜਦੋਂ ਜਕਰੀਆ ਖਾਨ ਨੇ ਪੂਰੀ ਸਿੱਖ ਕੌਮ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤਾਂ ਉਸ ਵੇਲੇ ਦੋ ਸਿੰਘਾਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਸਿੱਖ ਕੌਮ ਦੇ ਜਿਉਂਦੇ ਹੋਣ ਦਾ ਸੁਨੇਹਾ ਜਕਰੀਆ ਖਾਨ ਤੱਕ ਪਹੁੰਚਾ ਦਿੱਤਾ ਸੀ। ਜਿਸ ਤਰ੍ਹਾਂ ਅਜੋਕੇ ਸਿੰਘਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਦਿਲਾਵਰ ਸਿੰਘ ਅਤੇ ਭਾਈ ਜਗਤਾਰ ਸਿੰਘ ਹਵਾਰੇ ਹੋਰ ਨੇ ਅਜੋਕੇ ਜਕਰੀਆ ਖਾਨਾਂ ਨੂੰ ਦੱਸ ਦਿੱਤਾ ਸੀ ਕਿ ਸਿੱਖ ਕੌਮ ਜਿੰਦਾ ਹੈ।

ਸਪੱਸ਼ਟ ਹੈ ਕਿ ਇਨ੍ਹਾਂ ਸਿੰਘਾਂ ਦਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਸੀ। ਇਹਨਾਂ ਸਿੰਘਾਂ ਦਾ ਮਿਸ਼ਨ ਵੀ ਸਿਰਫ ਜੁਲਮ ਨਾਲ ਟੱਕਰ ਸੀ। ਨਿੱਜੀ ਹਉਮੈ ਅਤੇ ਕੁਰਸੀ ਦੀ ਥਾਂ ਆਪਾ ਵਾਰਨਾ ਹੀ ਇਹਨਾਂ ਸਿੰਘਾਂ ਦਾ ਮਕਸਦ ਸੀ। ਕੀ ਉਪਰੋਕਤ ਸਾਰੇ ਸਿੰਘ ਅਕਾਲ ਤਖਤ ਦੇ ਜਥੇਦਾਰ ਤੋਂ ਸੇਧ ਲੈ ਕੇ ਚੱਲੇ ਸਨ ? ਕੀ ਕਦੇ ਅਕਾਲ ਤਖਤ ਦੇ ਜਥੇਦਾਰਾਂ ਨੇ ਜੁਲਮ ਦੇ ਵਿਰੁੱਧ ਕਿਸੇ ਸੰਘਰਸ਼ ਦੀ ਹਮਾਇਤ ਕੀਤੀ ਹੈ? ਅਕਾਲ ਤਖਤ ਦੇ ਜਥੇਦਾਰ ਤਾਂ ਸਿੱਖ ਕੌਮ ਦੇ ਕਾਤਲਾਂ (ਜਨਰਲ ਡਾਇਰ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ) ਨੂੰ ਸਿਰੋਪੇ ਹੀ ਦਿੰਦੇ ਰਹੇ ਹਨ ਅਤੇ ਵਿਚਾਰਵਾਨ ਸਿੱਖਾਂ (ਪ੍ਰੋ: ਗੁਰਮੁੱਖ ਸਿੰਘ ਜੀ ਤੋਂ ਲੈ ਕੇ ਪ੍ਰੋ: ਦਰਸ਼ਨ ਸਿੰਘ ਜੀ ਤੱਕ) ਨੂੰ ਪੰਥ ਵਿੱਚੋਂ ਛੇਕਦੇ ਹੀ ਰਹੇ ਹਨ। ਜੇ ਹੁਣ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ 'ਤੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਹੀ ਸਰਵੋਤਮ ਮੰਨਦੇ ਹਰਾਂਗੇ, ਫਿਰ ਸਿੱਖ ਕੌਮ ਦੀ ਬਰਬਾਦੀ ਨੂੰ ਕੌਣ ਰੋਕ ਸਕਦਾ ਹੈ

ਸਿੱਖ ਕੌਮ ਲਈ ਸਰਵਉੱਚ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਨੇ ਸੇਧ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਲੈਣੀ ਹੈ। ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੰਨਣਾ ਹੈ। ਸਿੱਖ ਕੌਮ ਲਈ ਮਹਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਕੌਮ ਦੀ ਸ਼ਾਨ ਵੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਕਿਉਂਕਿ ਸਿਰਫ ਗੁਰੂ ਅਤੇ ਅਕਾਲ ਪੁਰਖ ਹੀ ਅਭੁੱਲ ਹਨ। ਬਾਕੀ ਚਾਹੇ ਕੋਈ ਵੀ (ਅਖੌਤੀ ਜਥੇਦਾਰ, ਸਾਧ, ਸੰਤ, ਬ੍ਰਹਮ ਗਿਆਨੀ ਆਦਿ) ਹੋਵੇ ਇਹ ਸਭ ਭੁੱਲਣਹਾਰ ਹਨ। ਜਿਵੇਂ ਕਿ ਗੁਰਵਾਕ ਹੈ:- "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥" (ਪੰਨਾ ਨੰ:61) ਫਿਰ ਅਸੀਂ ਬਾਦਲ ਦੇ ਤਨਖਾਹਦਾਰ ਪੁਜਾਰੀਆਂ/ਜਥੇਦਾਰਾਂ, ਸੰਤ ਸਮਾਜੀਆਂ, ਧੁੰਮੇ ਟਕਸਾਲੀਆਂ ਆਦਿ ਤੋਂ ਸੇਧ ਕਿਉਂ ਮੰਗ ਰਹੇ ਹਾਂ। ਜਦਕਿ ਸਾਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਸਾਰੇ ਭਾਜਪਾ/ਆਰ.ਐਸ.ਐਸ. ਨੂੰ ਵਿਕ ਚੁੱਕੇ ਹਨ, ਸਿੱਖੀ ਦਾ ਘਾਣ ਕਰ ਰਹੇ ਹਨ। ਫਿਰ ਅਸੀਂ ਇਹਨਾਂ ਦੁਸ਼ਮਣਾਂ ਤੋਂ ਸੇਧ ਕਿਉਂ ਮੰਗਦੇ ਹਨ।

ਇਹ ਉਪਰੋਕਤ ਸਾਰੇ ਸਿੱਖੀ ਸਿਧਾਂਤਾਂ ਵੱਲੋਂ ਅੱਖਾਂ ਮੀਚ ਕੇ ਅੰਨੇ ਹੋਏ ਹੋਏ ਹਨ। ਫਿਰ ਇਹਨਾਂ ਅੰਨ੍ਹਿਆਂ ਦੇ ਦੱਸੇ ਰਾਹ ਤੇ ਤੁਰਨ ਵਾਲੀ ਸਿੱਖ ਕੌਮ ਕਿਵੇਂ ਸੁਜਾਖੀ ਹੋ ਸਕਦੀ ਹੈ ਅਤੇ ਆਪਣੀ ਮੰਜਿਲ ਤੇ ਕਿਵੇਂ ਪਹੁੰਚ ਸਕਦੀ ਹੈ । ਜਿਵੇਂ ਕਿ ਗੁਰਵਾਕ ਹੈ:- ਸਲੋਕ ਮ: 2॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥1॥ (ਪੰਨਾ ਨੰ: 954) ਅਰਥ :- ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉੱਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ, ਹੇ ਨਾਨਕ! ਸੁਜਾਖਾ ਮਨੁੱਖ (ਅੰਨੇ ਦੇ ਆਖੇ) ਕੁਰਾਹੇ ਨਹੀਂ ਪੈਂਦਾ। (ਪਰ ਆਤਮਕ ਜੀਵਨ ਵਿੱਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ, ਜਿੰਨ੍ਹਾਂ ਦੇ ਮੂੰਹ ਉੱਤੇ ਅੱਖਾਂ ਨਹੀਂ ਹਨ, ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ ਪ੍ਰਭੂ ਤੋਂ ਖੁੰਝੇ ਜਾ ਰਹੇ ਹਨ।1। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੰਨਾ ਨੰ: 123 ਪੋਥੀ ਸੱਤਵੀਂ)

ਇੱਕ ਪਾਸੇ ਅਸੀ ਹਿੱਕ ਠੋਕ ਕੇ ਕਹਿ ਰਹੇ ਹਾਂ ਕਿ ਸਾਡੇ ਕੋਲ ਸਰਵਉੱਚ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਸਮੁੱਚੇ ਸੰਸਾਰ ਨੂੰ ਰਸਤਾ ਵਿਖਾੳੇਣ ਦੇ ਸਮਰੱਥ ਹਨ, ਇਹ ਸੱਚ ਵੀ ਹੈ। ਪਰ ਇਹ ਵੀ ਸੱਚ ਹੈ ਕਿ ਪੂਰੇ ਸੰਸਾਰ ਨੂੰ ਰਸਤਾ ਵਿਖਾਉਣ ਵਾਲੀ ਵਿਚਾਰਧਾਰਾ ਦੀ ਮਾਲਕ ਕਹਾਉਣ ਵਾਲੀ ਸਿੱਖ ਕੌਮ ਖੁਦ ਹਨੇਰੇ ਖੂਹ ਵਿੱਚ ਡਿੱਗ ਰਹੀ ਹੈ, ਜਿਸਨੂੰ ਕੋਈ ਰਸਤਾ ਨਹੀਂ ਲੱਭ ਰਿਹਾ। ਕੀ ਗੁਰਬਾਣੀ ਦਾ ਇਹ ਸ਼ਬਦ ਸਾਡੇ ਉੱਤੇ ਨਹੀਂ ਢੁੱਕਦਾ:- ਕਬੀਰ ਮਨੁ ਜਾਨੈ ਸਭ ਬਾਤ, ਜਾਨਤ ਹੀ ਅਉਗਨ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥216॥ (ਪੰਨਾ ਨੰ: 1376) ਅੱਜ ਅਸੀਂ ਕੋਈ ਸੰਘਰਸ਼ ਆਰੰਭੀਏ ਤਾਂ ਪਹਿਲਾਂ ਕਹਾਂਗੇ ਕਿ ਅਕਾਲ ਤਖਤ ਦਾ ਜਥੇਦਾਰ ਇਸ ਦੀ ਅਗਵਾਈ ਕਰੇ। ਸਮੂਹ ਸਿੱਖ ਜਥੇਬੰਦੀਆਂ ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠੀਆਂ ਹੋ ਜਾਓ ਆਦਿ। ਕੀ ਜੋ ਵੱਖ-ਵੱਖ ਜਥੇਬੰਦੀਆਂ ਬਣਾਈ ਫਿਰਦੇ ਹਨ, ਉਹ ਸਿੱਖ ਹਨ? ਕੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੱਖ-ਵੱਖ ਹੋ ਸਕਦੇ ਹਨ? ਕੀ ਇੱਕ ਗੁਰੂ ਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦੇ ਵਿਚਾਰ ਵੱਖੋ-ਵੱਖਰੇ ਹੋ ਸਕਦੇ ਹਨ? ਜਿੰਨ੍ਹਾਂ ਨੇ ਆਪਣੀ ਚੌਧਰ ਲਈ ਸਿੱਖ ਕੌਮ ਵਿੱਚ ਵੰਡੀਆਂ ਪਾ ਕੇ ਆਪਣੀਆਂ ਵੱਖੋ-ਵੱਖਰੀਆਂ ਟਕਸਾਲਾਂ, ਸੰਪਰਦਾਵਾਂ, ਜਥੇਬੰਦੀਆਂ ਬਣਾਈਆਂ ਹਨ ਕੀ ਉਹ ਲੋਕ ਸਿੱਖ ਹਨ ? ਕਿਉਂਕਿ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਕੇ ਪੂਰੀ ਸਿੱਖ ਕੌਮ ਨੂੰ ਇੱਕ ਬਣਾਇਆ ਸੀ। ਸਿੱਖ/ਖਾਲਸਾ ਜਥੇਬੰਦੀ। ਪਰ ਅੱਜ ਅਸੀਂ ਇੱਕ ਪੰਥ ਨੂੰ ਪਾੜਨ ਵਾਲਿਆਂ ਨੂੰ ਹੀ ਪੰਥਕ ਜਥੇਬੰਦੀਆਂ ਦੀ ਪਦਵੀ ਦੇ ਰਹੇ ਹਾਂ। ਜਦੋਂ ਕਿ ਇਹਨਾਂ ਨੂੰ ਪੰਥ ਤੋਂ ਬਾਗੀ ਜਾਂ ਆਕੀ ਕਹਿਣਾ ਚਾਹੀਦਾ ਹੈ। ਜੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ, ਜਿੰਨ੍ਹਾਂ ਦੀ ਕੋਈ ਜਥੇਬੰਦੀ ਨਹੀਂ ਹੁੰਦੀ, ਅਸਲ ਵਿੱਚ ਓਹੀ ਸਿੱਖ ਪੰਥ ਹੈ। ਜਿਸ ਜਥੇਬੰਦੀ ਜਾਂ ਸੰਪਰਦਾਇ ਨੇ ਪੰਥ ਵਿੱਚ ਸ਼ਾਮਿਲ ਹੋਣਾ ਹੋਵੇ, ਉਹ ਆਪਣੇ ਨਾਲੋਂ ਆਪਣੀ ਬਣਾਈ ਜਥੇਬੰਦੀ, ਸੰਪਰਦਾ ਆਦਿ ਦਾ ਨਾਮ ਆਪਣੇ ਨਾਲੋਂ ਮਿਟਾ ਕੇ ਸਿੱਖ ਪੰਥ ਵਿੱਚ ਸ਼ਾਮਿਲ ਹੋ ਸਕਦੀ ਹੈ ਅਤੇ ਖਾਲਸਾ ਪੰਥ ਦੇ ਇੱਕ ਨਿਸ਼ਾਨ ਸਾਹਿਬ ਥੱਲੇ ਆ ਸਕਦੀ ਹੈ। ਕੀ ਕੌਮ ਨੂੰ ਪਾੜ ਕੇ ਆਪਣੀਆਂ ਜਥੇਬੰਦੀਆਂ/ਸੰਪਰਦਾਵਾਂ ਬਣਾਉਣ ਵਾਲੇ ਪੰਥਕ ਕਹਾ ਸਕਦੇ ਹਨ?

ਅਖੌਤੀ ਪੰਥਕ ਜਥੇਬੰਦੀਆਂ ਵਿੱਚ ਤਾਂ ਬਾਦਲ ਦਲ ਵੀ ਆਵੇਗਾ। ਕੀ ਆਰ.ਐਸ.ਐਸ. ਨੂੰ ਵਿਕੇ ਹੋਏ ਬਾਦਲ ਦੀ ਜਥੇਬੰਦੀ ਪੰਥਕ ਹੋ ਸਕਦੀ ਹੈ ? ਜਾਂ ਬਾਦਲ ਵੱਲੋਂ ਥਾਪਿਆ ਹੋਇਆ ਤਨਖਾਹਦਾਰ ਮੁਲਾਜਮ ਅਕਾਲ ਤਖਤ ਦਾ ਜਥੇਦਾਰ ਹੋ ਸਕਦਾ ਹੈ? ਨਹੀਂ। ਕਾਲ ਦੇ ਵੱਸ ਪਿਆ ਹੋਇਆ ਅਕਾਲ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ। ਅਕਾਲ ਤਖਤ ਦਾ ਜਥੇਦਾਰ ਉਹ ਹੋ ਸਕਦਾ ਹੈ, ਜੋ ਆਪ ਅਕਾਲ ਹੋਵੇ, ਜੋ ਨਾਸ਼ ਰਹਿਤ ਹੋਵੇ, ਜੋ ਨਿਰਭਉ, ਨਿਰਵੈਰ ਹੋਵੇ, ਉਹ ਹੈ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ।

ਦੁੱਖ ਦੀ ਗੱਲ ਹੈ ਕਿ ਅਸੀਂ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਹੁਕਮਨਾਮੇ ਅਤੇ ਅਗਵਾਈ ਅਖੌਤੀ ਜਥੇਦਾਰਾਂ ਦੀ ਮੰਨਦੇ/ਮੰਗਦੇ ਹਾਂ। ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀ। ਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀ। ਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂ। ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਅਤੇ ਹੁਕਮ ਕਿਸੇ ਹੋਰ ਦਾ ਮੰਨਣ ਵਾਲਿਆਂ ਸਾਡੇ ਵਰਗੇ ਸਿੱਖਾਂ ਲਈ ਹੀ ਗੁਰੂ ਸਾਹਿਬ ਜੀ ਨੇ ਸ਼ਾਇਦ ਇਹ ਸ਼ਬਦ ਉਚਾਰਣ ਕੀਤਾ ਹੋਵੇਗਾ :- ਮਹਲਾ 2॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥2॥ ਪੰਨਾ ਨੰ: 474) ਅਰਥ :- (ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ ਕਰਦਾ ਹੈ, ਉਹ (ਮਾਲਕ ਦੀ ਰਜਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ ਕਰਨਾ ਦੋਵੇਂ ਹੀ ਝੂਠੇ ਹਨ। ਇਹਨਾਂ ਦੋਹਾਂ ਵਿੱਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ।2। (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਪੰਨਾ ਨੰ: 684 ਪੋਥੀ ਤੀਜੀ) ਇਹ ਸ਼ਬਦ ਕਿਸੇ ਵਿਰਲੇ ਨੂੰ ਛੱਡ ਕੇ ਪੂਰੀ ਸਿੱਖ ਕੌਮ ਉੱਤੇ ਢੁੱਕਦਾ ਹੈ। ਜੋ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੀਸ਼ ਨਿਵਾਉਂਦੇ, ਸਲਾਮ ਕਰਦੇ ਹਨ ਪਰ ਹੁਕਮ ਗੁਰਬਾਣੀ ਦੀ ਥਾਂ ਅਕਾਲ ਤਖਤ ਦੇ ਜਥੇਦਾਰਾਂ ਦਾ ਮੰਨਦੇ ਹਨ ਅਤੇ ਜੋ ਸਿੱਖ ਅਕਾਲ ਤਖਤ ਦੇ ਜਥੇਦਾਰਾਂ ਨੂੰ ਅਤੇ ਉਨ੍ਹਾਂ ਦੇ ਹੁਕਮਨਾਮਿਆਂ ਨੂੰ ਹੀ ਸਰਵਉੱਚ ਮੰਨਦੇ ਹਨ, ਉਨ੍ਹਾਂ ਉੱਤੇ ਵੀ ਇਹ ਸ਼ਬਦ ਢੁੱਕਦਾ ਹੈ।

ਜਿਵੇਂ ਕਿ ਹੁਣ 4 ਦਸੰਬਰ ਨੂੰ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਹੋਏ ਬੰਦੀ ਸਿੰਘਾਂ ਦੀ ਰਿਹਾਈ ਮਾਰਚ ਸਮੇਂ ਹੋਇਆ। ਜਦੋਂ ਜਥੇਦਾਰਾਂ ਦੇ ਮਾਲਕ ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਨੇ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਨੇੜੇ ਹੀ ਘੇਰ ਕੇ ਧੱਕਾ-ਮੁੱਕੀ ਕੀਤੀ ਅਤੇ ਇੱਕ ਸਿੰਘ ਦੀ ਪੱਗ ਵੀ ਲਾਹ ਦਿੱਤੀ। 5 ਦਸੰਬਰ ਦੀ ਰਾਤ ਨੂੰ 12 ਵਜੇ ਭਾਈ ਗੁਰਬਖਸ਼ ਸਿੰਘ ਨੂੰ ਧੱਕੇ ਨਾਲ ਪੁਲਿਸ ਚੁੱਕ ਕੇ ਲੈ ਗਈ ਹੈ ਤਾਂ ਉਸ ਸਮੇਂ ਕੁੱਝ ਸਿੰਘ ਗੱਲਾਂ ਅਤੇ ਬਿਆਨਬਾਜੀ ਕਰ ਰਹੇ ਸਨ ਕਿ ਜਾਂ ਤਾਂ ਜਥੇਦਾਰ ਮਾਰਚ ਸ਼ੁਰੂ ਕਰਵਾਵੇ ਜਾਂ ਆਪਣੀ ਅਰਦਾਸ ਵਾਪਿਸ ਲਵੇ, ਕੋਈ ਕਹਿ ਰਿਹਾ ਸੀ ਕਿ ਜਥੇਦਾਰ, ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਤੇ ਤਲਬ ਕਰੇ। ਅਕਾਲ ਤਖਤ ਦੇ ਨਾਮ 'ਤੇ ਅਜਿਹੀਆਂ ਗੱਲਾਂ ਤੇ ਬਿਆਨਬਾਜੀ ਕਰਨ ਵਾਲੇ ਅਕਾਲ ਤਖਤ ਨੂੰ ਸਰਵਉੱਚ ਮੰਨਣ ਵਾਲੇ, ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਮੰਨਣ ਵਾਲੇ, ਅਕਾਲ ਤਖਤ ਤੋਂ ਸੇਧ ਮੰਗਣ ਵਾਲੇ, ਅਕਾਲ ਤਖਤ ਦੇ ਜਥੇਦਾਰ ਤੋਂ ਅਗਵਾਈ ਮੰਗਣ ਵਾਲਿਆਂ ਸਾਰਿਆਂ ਉੱਤੇ ਇਹ ਸ਼ਬਦ ਪੂਰੀ ਤਰ੍ਹਾਂ ਢੁੱਕਦਾ ਹੈ। ਕਿਉਂਕਿ ਅਕਾਲ ਤਖਤ ਦੇ ਜਥੇਦਾਰਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਜਥੇਦਾਰਾਂ ਅਨੁਸਾਰ ਤਾਂ ਬਾਦਲ ਸਿੱਖ ਕੌਮ ਲਈ ਪੂਜਣਯੋਗ ਹੈ। ਫਿਰ ਮੰਨੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ! ਫਿਰ ਤਾਂ ਸੁਮੇਧ ਸਿੰਘ ਸੈਣੀ ਅਤੇ ਇਜਹਾਰ ਆਲਮ ਨੂੰ ਵੀ ਸ਼ੀਸ਼ ਝੁਕਾਓ, ਕਿਉਂਕਿ ਜਿਸਨੂੰ ਅਕਾਲ ਤਖਤ ਸਾਹਿਬ ਨੇ ਪੰਥ ਰਤਨ ਤੇ ਫਖਰ-ਏ-ਕੌਮ ਦਾ ਏਨਾ ਵੱਡਾ ਪਹਿਲਾ ਖਿਤਾਬ ਦਿੱਤਾ ਹੋਇਆ ਹੈ, ਫਿਰ ਉਸ ਪੰਥ ਰਤਨ ਦੇ ਨਿਵਾਜੇ ਹੋਏ (ਸਿੱਖ ਨੌਜਵਾਨਾਂ ਦੇ ਕਾਤਲ) ਵੀ ਤਾਂ ਧੰਨਤਾ ਦੇ ਯੋਗ ਹੀ ਹਨ ?

ਸਜਾ ਕੱਟ ਚੁੱਕੇ ਜਿੰਨ੍ਹਾਂ ਸਿੰਘਾਂ ਨੂੰ ਬਿਨ੍ਹਾਂ ਕਸੂਰ ਤੋਂ ਹੁਣ ਤੱਕ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ, ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਨੂੰ ਵੀ ਪੰਥ ਰਤਨ ਫਖਰ-ਏ-ਕੌਮ ਨੇ ਹੀ ਚੁਕਵਾਇਆ ਹੈ। ਫਿਰ ਉਸ ਪੰਥ ਰਤਨ ਦਾ ਵਿਰੋਧ ਕਰਕੇ ਅਕਾਲ ਤਖਤ ਦੀ ਨਿਰਾਦਰੀ ਕਿਉਂ ਕਰ ਰਹੇ ਹੋ? 5 ਦਸੰਬਰ ਨੂੰ ਸੰਤ ਸਮਾਜ ਦੇ ਸਿੰਘਾਂ ਨੇ ਮੀਟਿੰਗ ਕਰਕੇ ਅਕਾਲ ਤਖਤ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਹੈ, ਜਿਸ ਵਿੱਚ ਛੇ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਇੱਥੇ ਵੀ ਗੱਲ ਸਿਰਫ ਛੇ ਸਿੰਘਾਂ ਦੀ ਨਹੀਂ ਪੂਰੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬਣਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਰੱਖੇ ਗਏ ਸਿੰਘਾਂ ਦੀ ਹੈ, ਉਨ੍ਹਾਂ ਦੀ ਗਿਣਤੀ ਜਿੰਨੀ ਮਰਜੀ ਹੋਵੇ। ਜਥੇਦਾਰ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲ ਕੇ ਇਸਦਾ ਢੁੱਕਵਾਂ ਹੱਲ ਕੱਢ ਲਿਆ ਜਾਵੇਗਾ। ਇਸ ਬਿਆਨ ਵਿੱਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਲਾਕੀ ਨਾਲ ਇਸ ਮਸਲੇ ਵਿਚੋਂ ਬਾਹਰ ਹੀ ਰੱਖ ਦਿੱਤਾ ਗਿਆ ਹੈ, ਜਦਕਿ ਇਹ ਕੰਮ ਪੰਜਾਬ ਸਰਕਾਰ ਦਾ ਹੈ। ਜਦੋਂ ਕਿ ਹੱਕ ਤਾਂ ਇਹ ਬਣਦਾ ਸੀ ਕਿ ਜੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ, ਜੋ ਉਸਦੇ ਸਮੇਂ ਨਜਾਇਜ ਢੰਗ ਨਾਲ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਜਿੰਨ੍ਹਾਂ ਪੁਲਿਸ ਅਫਸਰਾਂ ਨੇ ਝੂਠੇ ਕੇਸ ਪਾਏ ਜਾਂ ਝੂਠੇ ਪੁਲਿਸ ਮੁਕਾਬਲੇ ਬਣਾਏ ਸਨ, ਉਨ੍ਹਾਂ ਸਾਰੀਆਂ ਘਟਨਾਵਾਂ ਦੀ ਜਾਂਚ ਕਰਵਾ ਕੇ, ਜਦੋਂ ਬਾਦਲ ਦੀ 1997 ਵਿੱਚ ਸਰਕਾਰ ਬਣੀ ਸੀ, ਉਸ ਸਮੇਂ ਹੀ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਅਤੇ ਨਜਾਇਜ ਫਸਾਏ ਗਏ ਸਿੰਘਾਂ ਨੂੰ ਰਿਹਾ ਕੀਤਾ ਜਾਂਦਾ। ਪਰ ਪੰਜ ਸਾਲ ਕੁੱਝ ਨੀ ਹੋਇਆ।

ਫਿਰ ਦੁਬਾਰੇ 2007 ਵਿੱਚ ਬਾਦਲ ਦੀ ਸਰਕਾਰ ਬਣੀ, ਉਦੋਂ ਵੀ ਇਹ ਕੁੱਝ ਨਹੀ ਹੋਇਆ। ਹੁਣ ਫੇਰ 2012 ਵਿੱਚ ਬਾਦਲ ਦੀ ਸਰਕਾਰ ਬਣੀ, ਇਸ ਸਮੇਂ ਬਾਦਲ ਨੂੰ ਪਤਾ ਨਹੀਂ ਕਿਹੜੀ ਕੌਮੀ ਸੇਵਾ ਬਦਲੇ ਪੰਥ ਰਤਨ ਫਖਰ-ਏ-ਕੌਮ ਦਾ ਖਿਤਾਬ ਵੀ ਮਿਲਿਆ ਹੋਇਆ ਸੀ, ਇਸ ਵਾਰ ਹੀ ਅਜਿਹਾ ਕੁੱਝ ਕਰ ਦਿੰਦਾ, ਪਰ ਇਸ ਅਕਾਲ ਤਖਤ ਦੇ ਨਿਵਾਜੇ ਪੰਥ ਰਤਨ ਨੇ ਇਸ ਵਾਰ ਵੀ ਅਜਿਹਾ ਕੁੱਝ ਕਰਨ ਦੀ ਥਾਂ ਸੁਮੇਧ ਸਿੰਘ ਸੈਣੀ (ਜੋ ਬੇਦੋਸ਼ੇ ਸਿੰਘਾਂ ਦਾ ਕਾਤਲ ਸੀ) ਨੂੰ ਪਹਿਲੇ ਦਿਨ ਹੀ ਦੋਸ਼ ਮੁਕਤ ਕਰਕੇ ਪੰਜਾਬ ਪੁਲਿਸ ਦਾ ਮੁਖੀ ਬਣਾ ਦਿੱਤਾ। ਇਜਹਾਰ ਆਲਮ ਜੋ ਬੇਦੋਸ਼ੇ ਸਿੰਘਾਂ ਦਾ ਕਾਤਲ ਸੀ ਉਸਦੀ ਪਤਨੀ ਨੂੰ ਆਪਣੀ ਪਾਰਟੀ ਦੀ ਟਿਕਟ ਦੇ ਕੇ ਨਿਵਾਜਿਆ ਤੇ ਉਸਨੂੰ ਵਿਧਾਨ ਸਭਾ ਦੀ ਮੈਂਬਰੀ ਦਿਵਾਈ। ਆਰ.ਐਸ.ਐਸ. ਦਾ ਵਿੰਗ ਸੰਤ ਸਮਾਜ ਅਤੇ ਬਾਦਲ ਦਾ ਮੁਲਾਜਮ ਹੁਣ ਕਹਿ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।

ਜਦਕਿ ਹੁਣ 5 ਦਸੰਬਰ ਨੂੰ ਜਿਸ ਦਿਨ ਇਹ ਸੰਤ ਸਮਾਜੀਏ ਮੀਟਿੰਗ ਕਰ ਰਹੇ ਸਨ, ਉਸ ਦਿਨ ਭਾਈ ਗੁਰਬਖਸ਼ ਸਿੰਘ ਨੂੰ ਭੁੱਖ ਹੜਤਾਲ 'ਤੇ ਬੈਠਿਆਂ 22ਵਾਂ ਦਿਨ ਚੱਲ ਰਿਹਾ ਹੈ। 22 ਦਿਨ ਇਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੇ। ਜਿਸ ਦਿਨ ਇਹ ਸਿੰਘ ਭੁੱਖ ਹੜਤਾਲ ਤੇ ਬੈਠਿਆ ਸੀ, ਉਸੇ ਦਿਨ ਇਹ ਮੀਟਿੰਗ ਕਿਉਂ ਨਾ ਹੋਈ? ਜਥੇਦਾਰਾਂ ਨੇ ਉਸੇ ਦਿਨ ਕਿਉਂ ਨਾ ਮੀਟਿੰਗ ਸੱਦੀ? ਸੱਚ ਤਾਂ ਇਹ ਹੈ ਕਿ ਇਹ ਸੰਤ ਸਮਾਜ ਵਾਲੇ ਅਤੇ ਅਖੌਤੀ ਜਥੇਦਾਰ ਸਿੱਖਾਂ ਨੂੰ ਅਤੇ ਸਿੱਖੀ ਨੂੰ ਖਤਮ ਕਰਨ ਤੇ ਲੱਗੇ ਹੋਏ ਹਨ। ਅਕਾਲ ਤਖਤ ਦਾ ਜਥੇਦਾਰ ਤਾਂ ਇਹ ਵੀ ਕਹਿ ਰਿਹਾ ਹੈ ਕਿ ਭੁੱਖ ਹੜਤਾਲ ਕਰਨੀ ਸਿੱਖੀ ਦੀ ਰਵਾਇਤ ਨਹੀਂ ਹੈ, ਫਿਰ ਜਥੇਦਾਰ ਹੀ ਦੱਸੇ ਕਿ ਸਿੱਖੀ ਰਵਾਇਤ ਕੀ ਹੈ? ਕੀ ਜਥੇਦਾਰ ਸਿੱਖੀ ਰਵਾਇਤ ਅਨੁਸਾਰ ਕੀਤੇ ਸੰਘਰਸ਼ ਦੀ ਹਮਾਇਤ ਕਰੇਗਾ ? ਕਿਉਂਕਿ ਸਿੱਖੀ ਰਵਾਇਤ ਅਨੁਸਾਰ ਤਾਂ ਵੀਰ ਜਗਤਾਰ ਸਿੰਘ ਹਵਾਰੇ ਹੋਰ ਸੰਘਰਸ਼ ਕਰ ਰਹੇ ਹਨ। ਇਸ ਲਈ ਇਹਨਾਂ ਤਨਖਾਹਦਾਰ ਪੁਜਾਰੀਆਂ ਨੂੰ ਮੰਗ ਪੱਤਰ ਦੇਣ ਦਾ ਕੋਈ ਲਾਭ ਨਹੀਂ ਹੈ। ਇਹਨਾਂ ਦੇ ਪੱਲੇ ਵੀ ਕੁੱਝ ਨਹੀਂ ਹੈ। ਇਹਨਾਂ ਦੀ ਥਾਂ ਚੰਗੇ ਕਾਨੂੰਨੀ ਮਾਹਿਰਾਂ ਅਤੇ ਸ਼੍ਰੀ ਸ਼ਸ਼ੀਕਾਂਤ ਜੀ (ਸਾਬਕਾ ਡੀ.ਜੀ.ਪੀ. ਜੇਲ੍ਹਾਂ) ਵਰਗੇ ਅਧਿਕਾਰੀਆਂ ਦੀਆਂ ਸੇਵਾਵਾਂ ਲੈ ਕੇ ਹੱਕਾਂ ਲਈ ਲੜਣਾ ਚਾਹੀਦਾ ਹੈ। ਇਸ ਲੜਾਈ ਵਿੱਚ ਸਾਨੂੰ ਇਸ ਦੇਸ਼ ਦੀਆਂ ਬੇਇੰਨਸਾਫੀਆਂ ਤੋਂ ਪੀੜਤ ਘੱਟ ਗਿਣਤੀ ਮੁਸਲਮਾਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਮੁਸਲਮਾਨਾਂ ਨਾਲ ਵੀ ਸਾਡੇ ਵਾਂਗ ਧੱਕਾ ਹੋ ਰਿਹਾ ਹੈ। ਅਜਿਹਾ ਕਰਨ ਨਾਲ ਪੀੜਤ ਸਿੱਖਾਂ ਅਤੇ ਮੁਸਲਮਾਨਾਂ ਦੀ ਅਵਾਜ ਹੋਰ ਉੱਚੀ ਹੋ ਜਾਵੇਗੀ ਅਤੇ ਸਾਡੀ ਤਾਕਤ ਵੀ ਵੱਧ ਜਾਵੇਗੀ।

ਸਿੱਖੋ, ਜੇ ਸੱਚ ਦੇ ਰਾਹ ਤੇ ਤੁਰਨਾ ਹੈ ਤਾਂ ਫਿਰ ਅਕਾਲ ਤਖਤ ਦੇ ਜਥੇਦਾਰਾਂ ਅਤੇ ਉਹਨਾਂ ਦੇ ਹੁਕਮਨਾਮਿਆਂ ਦੀ ਪ੍ਰਥਾ ਦਾ ਭੋਗ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਮੰਨੋ। ਸਿੱਖ ਪੰਥ ਨੂੰ ਛੱਡ ਕੇ ਸਿੱਖੀ ਦੇ ਨਾਮ ਤੇ ਬਣੀ ਕਿਸੇ ਵੀ ਜਥੇਬੰਦੀ/ਸੰਪਰਦਾਇ ਦੇ ਸਿੱਖ ਨਾ ਬਣੋ। ਕਿਉਂਕਿ ਇਹ ਜਥੇਬੰਦੀਆਂ/ਸੰਪਰਦਾਵਾਂ ਸਿੱਖਾਂ ਦੇ ਭਲੇ ਦੀ ਥਾਂ ਆਪਣੀ ਹੋਂਦ ਬਚਾਉਣ ਲਈ ਅਤੇ ਉਸਦੇ ਪ੍ਰਸਾਰ ਲਈ ਹੀ ਚੰਗੇ ਮਾੜੇ ਕੰਮ ਕਰਦੀਆਂ, ਸੱਚ-ਝੂਠ ਬੋਲਦੀਆਂ ਹਨ। ਜੇ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਹੀ ਮੰਨਣਾ ਹੈ ਤਾਂ ਫਿਰ ਹਰ ਇੱਕ ਤਰ੍ਹਾਂ ਦਾ ਸੰਘਰਸ਼ ਬੰਦ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਵਿੱਚ ਜੁਟ ਜਾਓ। ਕਿਉਂਕਿ ਤੁਹਾਡੇ ਅਕਾਲ ਤਖਤ ਅਤੇ ਦੂਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਬਾਦਲ ਨੂੰ ਤੁਹਾਡੀ ਕੌਮ ਦਾ ਪੰਥ ਰਤਨ ਅਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈ।

ਬਾਦਲ ਦੇ ਵਿਰੋਧੀਆਂ ਪਰਮਜੀਤ ਸਿੰਘ ਸਰਨੇ, ਸਿਮਰਨਜੀਤ ਸਿੰਘ ਮਾਨ ਅਤੇ ਹੋਰ ਖਾੜਕੂ ਜਥੇਬੰਦੀਆਂ ਜੋ ਬਾਦਲ ਵਿਰੋਧੀ ਹਨ, ਜਾਂ ਤਾਂ ਉਹ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਮੰਨਣਾ ਬੰਦ ਕਰ ਦੇਣ, ਜਾਂ ਬਾਦਲ ਅੱਗੇ ਸ਼ੀਸ਼ ਝੁਕਾ ਦੇਣ। ਧੁੰਮੇ ਵਾਲੀ ਦਮਦਮੀ ਟਕਸਾਲ, ਸਮੁੱਚਾ ਸੰਤ ਸਮਾਜ ਅਤੇ ਬਾਦਲ ਆਰ.ਐਸ.ਐਸ. ਦੀਆਂ ਏ.ਬੀ.ਸੀ. ਟੀਮਾਂ ਹਨ। ਇਹਨਾਂ ਸਾਰਿਆਂ ਨੂੰ ਇੱਕ ਅੱਖ ਨਾਲ ਵੇਖੋ।

ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕੌਮ ਨਾਲ ਕੀਤੀਆਂ ਗੱਦਾਰੀਆਂ ਦੀ ਸਜ਼ਾ ਦੇਣ ਲਈ ਹਰ ਇੱਕ ਸਿੱਖ ਨੂੰ ਆਪਣੇ ਵਿੱਤ ਅਨੁਸਾਰ ਉਪਰਾਲਾ ਕਰਨਾ ਚਾਹੀਦਾ ਹੈ। ਉਹ ਚਾਹੇ ਵੋਟ ਹੋਵੇ, ਚਾਹੇ ਕਿਸੇ ਵਿਰੋਧੀ ਦੀ ਹਮਾਇਤ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਪ੍ਰਚਾਰ ਹੋਵੇ। ਇਸ ਕੰਮ ਲਈ ਇੱਕਲੇ-ਇੱਕਲੇ ਸਿੱਖ ਨੂੰ ਅੱਗੇ ਆਉਣਾ ਪਵੇਗਾ। ਜੇ ਕੋਈ ਜਾਗਦੀ ਜਮੀਰ ਵਾਲਾ ਸਿੰਘ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦੇ ਹੱਥ ਠੋਕੇ ਜਥੇਦਾਰਾਂ ਨੂੰ ਕੌਮ ਨਾਲ ਕੀਤੀਆਂ ਗੱਦਾਰੀਆਂ ਦੀ ਸਜਾ ਦੇ ਦੇਵੇ ਤਾਂ ਉਹ ਵੀ ਅਕਾਲ ਤਖਤ ਦਾ ਦੋਸ਼ੀ ਹੋਵੇਗਾ । ਕਿਉਂਕਿ ਸਾਡੇ ਮਨਾਂ ਅੰਦਰ ਇਹ ਗੱਲ ਬਿਠਾ ਦਿੱਤੀ ਗਈ ਹੈ ਕਿ ਅਕਾਲ ਤਖਤ ਦਾ ਜਥੇਦਾਰ ਮਹਾਨ ਹੈ, ਜਿਸਨੂੰ ਅਕਾਲ ਤਖਤ ਤੋਂ ਸਨਮਾਨਿਆ ਜਾਵੇ ਉਹ ਵੀ ਮਹਾਨ ਹੈ।

ਅਸਲ ਵਿੱਚ ਇਹ ਸਾਰੀ ਖੇਡ ਸਿਆਸੀ ਆਗੂਆਂ ਦੀ ਹੀ ਪੈਦਾ ਕੀਤੀ ਹੋਈ ਹੈ। ਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾ। ਇਸ ਲਈ ਅਕਾਲ ਤਖਤ ਦੇ ਨਾਮ ਤੇ ਬਿਆਨਬਾਜੀ ਕਰਕੇ ਸਿੱਖ ਕੌਮ ਦੀ ਜੱਗ ਹਸਾਈ ਨਾ ਕਰੋ।

ਆਓ ਬਾਦਲਾਂ, ਬਾਦਲਾਂ ਦੇ ਥਾਪੇ ਜਥੇਦਾਰਾਂ ਅਤੇ ਸੰਤ ਸਮਾਜ ਤੋਂ ਸਿੱਖ ਕੌਮ ਨੂੰ ਮੁਕਤ ਕਰਵਾਉਣ ਲਈ ਅਤੇ ਬੇਇਨਸਾਫੀਆਂ ਦੇ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਦੀ ਮੱਦਦ ਲਈ ਰਲ ਕੇ ਸੰਘਰਸ਼ ਕਰੀਏ।

ਸਿੱਖੋ, ਜੇ ਅਜੇ ਵੀ ਅੱਖਾਂ ਨਾ ਖੋਲੀਆਂ ਤਾਂ ਤੁਸੀਂ ਤਾਂ ਖਤਮ ਹੋਵੋਗੇ ਹੀ, ਨਾਲ ਸਿੱਖੀ ਦੇ ਸ਼ਾਨਾਂ ਮੱਤੇ ਇਤਿਹਾਸ ਨੂੰ ਗੰਧਲਾ ਕਰਕੇ ਜਾਓਗੇ

ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911
E-mail : harlajsingh7@gmail.com


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top