Share on Facebook

Main News Page

‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ’

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਬਾਰੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦਾ ਸਾਡਾ ਪੱਖ (ਭਾਗ-3)

ਸੱਦਾ ਪੱਤਰ ਦੇ ਪ੍ਰਤੀਕਰਮ ਵਜੋਂ 11 ਸੱਜਣਾਂ ਦੇ ਆਏ ‘ਸਾਂਝੇ ਬਿਆਨ’ ਦੀ ਪੜਚੋਲ

- ਤੱਤ ਗੁਰਮਤਿ ਪਰਿਵਾਰ

ਇਸ ਉਪਰਾਲੇ ਦੇ ਛੇਵੇਂ ਪੜਾਅ ਦੀ ਇਕੱਤਰਤਾ ਤੋਂ ਕੁਝ ਦਿਨ ਪਹਿਲਾਂ, ਭੇਜੇ ਸੱਦਾ ਪੱਤਰ ਦੇ ਪ੍ਰਤੀਕਰਮ ਵਜੋਂ, ਇਕ ਸਾਂਝਾ ਬਿਆਨ ਕੁਝ ਪੰਥਕ ਵੈਬਸਾਈਟਾਂ ’ਤੇ ਛਪਿਆ। ਇਸ ਬਿਆਨ ਵਿਚ 11 ਸੱਜਣਾਂ ਦੇ ਨਾਮ ਸਨ। ਜਿਨ੍ਹਾਂ ਵਿਚੋਂ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਦਿਲੀ ਨੇ ਫੋਨ ਰਾਹੀਂ ਇਹ ਸਪਸ਼ਟ ਕੀਤਾ ਕਰ ਦਿਤਾ ਕਿ ਉਹ ਇਸ ਬਿਆਨ ਨਾਲ ਸਹਿਮਤ ਨਹੀਂ ਹਨ, ਉਨ੍ਹਾਂ ਦਾ ਨਾਮ ਗਲਤ ਤਰੀਕੇ ਵਰਤ ਲਿਆ ਗਿਆ ਹੈ। ਉਨ੍ਹਾਂ ਅਨੁਸਾਰ ਬੇਸ਼ਕ ਉਹ ‘ਪਰਿਵਾਰ’ ਨਾਲ ਕੁਝ ਨੁਕਤਿਆਂ ’ਤੇ ਸਹਿਮਤ ਨਹੀਂ, ਪਰ ਕਿਸੇ ਵਿਚਾਰ ਚਰਚਾ ਤੋਂ ਬਾਈਕਾਟ ਦੇ ਨਾਮ ਤੇ ਭਗੌੜਾ ਹੋਣ ਨੂੰ ਉਹ ਗੁਰਮਤਿ ਅਨੁਸਾਰ ਸਹੀ ਨਹੀਂ ਮੰਨਦੇ। ਉਨ੍ਹਾਂ ਅਨੁਸਾਰ ਉਹ ਤਾਂ ਇਸ ਇਕੱਤਰਤਾ ਵਿਚ ਆਉਣ ਦਾ ਪੂਰਾ ਮਨ ਬਣਾਈ ਬੈਠੇ ਸਨ, ਪਰ ਸਿਹਤ ਉਨ੍ਹਾਂ ਨੂੰ ਸਫਰ ਕਰਨ ਦੀ ਇਜ਼ਾਜਤ ਨਹੀਂ ਦਿੰਦੀ।

ਇਸੇ ਤਰ੍ਹਾਂ ਇਸ ਬਿਆਨ ਵਿਚ ਆਏ ਇਕ ਹੋਰ ਨਾਮ ਵਾਲੇ ਸੱਜਣ (ਜਸਬਿੰਦਰ ਸਿੰਘ ਜੀ ਖਾਲਸਾ ਦੁਬਈ ਵਾਲੇ) ਨੇ ਵੀ ਫੋਨ ਰਾਹੀਂ ਇਹ ਇੰਕਸ਼ਾਫ ਕੀਤਾ ਕਿ ਉਨ੍ਹਾਂ ਦੀ ਸਿਹਤ ਬਹੁਤ ਖਰਾਬ ਹੈ, ਇਸ ਲਈ ਉਹ ਜ਼ਿਆਦਾ ਸਰਗਰਮ ਨਹੀਂ ਹੋ ਪਾਉਂਦੇ। ਪਰ ਉਨ੍ਹਾਂ ਦਾ ਨਾਮ ਤਾਂ ਸਾਰੇ ਵਰਤ ਲੈਂਦੇ ਹਨ, ਸੋ ਇਨ੍ਹਾਂ ਨੇ ਵੀ ਵਰਤ ਲਿਆ।

ਬਿਆਨ ਵਿਚਲੇ ਬਾਕੀ ਬਚਦੇ 9 ਸੱਜਣ ਇਹ ਹਨ:

ਗੁਰਤੇਜ ਸਿੰਘ ਜੀ ਸਾਬਕਾ ਆਈ ਏ ਐਸ, ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ, ਗਿਆਨੀ ਜਗਤਾਰ ਸਿੰਘ ਜੀ ਜਾਚਕ, ਕਰਨਲ ਗੁਰਦੀਪ ਸਿੰਘ ਜੀ ਮੋਹਾਲੀ, ਸੁਖਦੇਵ ਸਿੰਘ ਜੀ ਮੋਹਾਲੀ, ਕਿਰਪਾਲ ਸਿੰਘ ਜੀ ਬਠਿੰਡਾ, ਸਰਬਜੀਤ ਸਿੰਘ ਜੀ ‘ਐਡੀਟਰ’ ਇੰਡੀਆ ਅਵੈਅਰਨੈਸ, ਇੰਦਰਜੀਤ ਸਿੰਘ ਜੀ ਕਾਨਪੁਰ, ਮਨਜੀਤ ਸਿੰਘ ਜੀ ਖਾਲਸਾ (ਮੋਹਾਲੀ)

ਇਨ੍ਹਾਂ ਸੱਜਣਾਂ ਦੀ ਪਹੁੰਚ ਬਾਰੇ ਕ੍ਰਮਵਾਰ ਗੱਲ ਕਰਨ ਤੋਂ ਪਹਿਲਾਂ ਇਨ੍ਹਾਂ ਵਲੋਂ ਸਾਂਝੇ ਬਿਆਨ ਵਿਚ ਉਠਾਏ ਨੁਕਤਿਆਂ ਬਾਰੇ ਸੰਖੇਪ ਵਿਚ ਆਪਣਾ ਪੱਖ ਸਾਂਝਾ ਕਰਨ ਦਾ ਯਤਨ ਕਰਦੇ ਹਾਂ ਤਾਂ ਕਿ ਪਾਠਕਾਂ ਨੂੰ ਇਸ ਬਿਆਨ ਦੀ ਕੱਚਿਆਈ ਅਤੇ ਗੁਰਮਤਿ ਵਿਰੋਧੀ ਪਹੁੰਚ ਸਪਸ਼ਟ ਹੋ ਸਕੇ। ਇਹ ਸਾਂਝਾ ਬਿਆਨ ਇਸ ਲਿੰਕ ’ਤੇ ਪੜਿਆ ਜਾ ਸਕਦਾ ਹੈ

http://khalsanews.org/newspics/2012/10Oct2012/23%20Oct%2012/23%20Oct%2012%20Reply%20to%20TGP%20-%20MS%20Mohali.htm

 

1.    ਨੁਕਤਾ :- ਜੇ ਕਰ ਆਪ ਜੀ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਰੱਖਦੇ ਤਾਂ ਆਪ ਜੀ ਵਲੋਂ, ਕਿਸੇ ਨਿੱਜੀ ਉਪਰਾਲੇ ਨੂੰ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ, ਕਹਿਣ ਦਾ ਕੋਈ ਅਧਿਕਾਰ ਨਹੀਂ। ਕਿਉਂਕਿ ਨਾ ਤਾਂ ਆਪ ਜੀ ਪੰਥਕ ਨੁਮਾਇੰਦੇ ਹੋ ਅਤੇ ਨਾ ਹੀ ਆਪ ਜੀ ਨੂੰ ਕਿਸੇ “ਸੁਚੇਤ ਪੰਥ” ਨੇ ਆਪਣਾ ਨੁਮਾਇੰਦਾ ਚੁਣਿਆ ਹੈ।

ਸਾਡਾ ਪੱਖ :- ਇਸ ਪੱਤਰ ਨੂੰ ਲਿਖਣ ਵਾਲੇ ਸਾਰੇ ਸੱਜਣ ਇਸ ਗੱਲ ਨਾਲ ਸਹਿਮਤ ਹਨ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚ ਅਨੇਕਾਂ ਨੁਕਤੇ ਗੁਰਮਤਿ ਤੋਂ ਵਿਰੁਧ ਹਨ ਅਤੇ ਸੁਧਾਰ ਦੀ ਮੰਗ ਕਰਦੇ ਹਨ। ਸੁਧਾਰ ਹਰ ਮਨੁੱਖ ਦਾ ਮੁੱਢਲਾ ਹੱਕ ਅਤੇ ਫਰਜ਼ ਹੈ। ਬਾਬਾ ਨਾਨਕ ਜੀ ਦੀ ਬਾਣੀ ਅਤੇ ਜੀਵਨ ਕੌਤਕਾਂ ਦੀ ਸੇਧ ਸਾਨੂੰ ਸਮਝਾਉਂਦੀ ਹੈ ਕਿ ਇੰਨਸਾਨ ਨੂੰ ਜਦੋਂ ਵੀ ਆਪਣੀ ਕਿਸੇ ਗਲਤੀ ਜਾਂ ਕਮੀ ਦੀ ਸਮਝ ਆ ਜਾਵੇ, ਉਸ ਨੂੰ ਸੁਧਾਰ ਕਰ ਲੈਣਾ ਚਾਹੀਦਾ ਹੈ ਅਤੇ ਉਸ ਨੂੰ ਅੱਗੇ ਪ੍ਰਚਾਰਣ ਦਾ ਨਿਸ਼ਕਾਮ ਯਤਨ ਕਰਨਾ ਚਾਹੀਦਾ ਹੈ। ਬਾਬਾ ਨਾਨਕ ਜੀ ਦੀ ਸੇਧ ਵਿਚ, ਮੁੱਢਲੇ ਮਨੁੱਖੀ ਹੱਕ ਵਜੋਂ, ਇਹ ਸੁਧਾਰ ਉਪਰਾਲਾ ਕੀਤਾ ਜਾ ਰਿਹਾ ਹੈ। ਕਿਉਂਕਿ ਇਹ ਸੁਧਾਰ ਯਤਨ ‘ਸਿੱਖ ਰਹਿਤ ਮਰਿਯਾਦਾ’ ਵਿਚਲੀ ਕਮੀਆਂ ਨਾਲ ਸੰਬੰਧਿਤ ਹਨ, ਇਸ ਲਈ ਸਭ ਤੋਂ ਵੱਧ ਢੁੱਕਵਾਂ ਨਾਮ ‘ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ’ ਹੀ ਬਣਦਾ ਹੈ।

ਸੁਧਾਰ ਦੀ ਸ਼ੁਰੂਆਤ ਹਮੇਸ਼ਾਂ ‘ਨਿੱਜ’ ਤੋਂ ਹੀ ਹੋਣੀ ਚਾਹੀਦੀ ਹੈ।

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥  (ਪੰਨਾ 381)

 ਇਸ ਗੁਰਬਾਣੀ ਸੇਧ ਵਿਚ ਮੁੱਢਲੇ ਤੌਰ ’ਤੇ ਪੜਚੋਲ ਕਰਨ ਉਪਰੰਤ ਇਸ ਨੂੰ ਇਕ ਸਾਂਝੇ ਉਪਰਾਲੇ ਦਾ ਰੂਪ ਦੇਣ ਦੇ ਨਿਸ਼ਕਾਮ ਮਕਸਦ ਨਾਲ ਹੀ ਸਭ ਦੇ ਵਿਚਾਰ ਅਤੇ ਸੁਝਾਵ ਵਾਰ-ਵਾਰ ਮੰਗੇ ਗਏ ਤਾਂ ਜੋ ਤਿਆਰ ਦਸਤਾਵੇਜ਼ ਪੂਰਨ ਤੌਰ ’ਤੇ ਗੁਰਮਤਿ ਅਨੁਸਾਰੀ ਹੋ ਸਕੇ।

 

ਇਨ੍ਹਾਂ ਚੰਦ ਕੁ ਸੱਜਣਾਂ ਦੇ ਇਕਪਾਸੜ ਅਤੇ ਗੈਰ ਸਿਧਾਂਤਕ ਵਿਰੋਧ ਦੇ ਮੁਕਾਬਲੇ ਵਿਚ ਇਸ ਸੁਧਾਰ ਉਪਰਾਲੇ ਦਾ ਸਮੁੱਚੇ ਵਿਸ਼ਵ ਵਿਚ ਵਿਚਰ ਰਹੇ ਅਨੇਕਾਂ ਲੋਕਾਂ ਵਲੋਂ ਸੁਆਗਤ ਹੋਇਆ ਹੈ। ਸੁਧਾਰ ਉਪਰਾਲੇ ਦੀਆਂ ਦੋ ਇਕੱਤਰਤਾਵਾਂ ਵਿਚ ਵੀ ਪੰਥ ਦੇ ਸੁਚੇਤ ਤਬਕੇ ਦੇ 50-60 ਸੱਜਣ ਸ਼ਾਮਿਲ ਹੋਏ। ਸੋ ਇਹ ਇਕ ਹਕੀਕਤ ਬਣ ਚੁੱਕੀ ਹੈ ਕਿ ਗੁਰਮਤਿ ਦੀ ਸੇਧ ਵਿਚ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਹੋ ਰਿਹਾ ਇਹ ਸੁਧਾਰ ਯਤਨ ਪ੍ਰਚਲਿਤ ਪੰਥ ਦੇ ਸੁਚੇਤ ਤਬਕੇ ਦਾ ਇਕ ਸਾਂਝਾ ਉਪਰਾਲਾ ਹੋ ਨਿਬੜਿਆ ਹੈ।

 

2.     ਨੁਕਤਾ:-  ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸਿੱਖ ਪੰਥ ਨੇ ਕਦੋਂ ਆਪ ਜੀ ਆਪਣਾ ਨੁਮਾਇੰਦਾ ਚੁਣਿਆ।

ਸਾਡਾ ਪੱਖ :-  ਨਾਨਕ ਪਾਤਸ਼ਾਹ ਜੀ ਦੀ ਸੇਧ ਅਨੁਸਾਰ ਸੁਧਾਰ ਲਈ ਕਿਸੇ ਵਲੋਂ ਨੁਮਾਇੰਦਾ ਚੁਣੇ ਜਾਣ ਦੀ ਲੋੜ ਨਹੀਂ ਭਾਸਦੀ। ਕਮੀ ਜਾਂ ਗਲਤੀ ਸਮਝ ਆਉਂਦੇ ਹੀ ਸੁਧਾਰ ਦੀ ਸ਼ੁਰੂਆਤ ਅਤੇ ਉਸ ਬਾਰੇ ਨਿਸ਼ਕਾਮ ਪ੍ਰਚਾਰ ਸ਼ੁਰੂ ਕਰ ਦਿਤਾ ਜਾਣਾ ਚਾਹੀਦਾ ਹੈ। ਸਿੱਖ ਰਹਿਤ ਮਰਿਯਾਦਾ ਵਿਚ ਸੁਧਾਰ ਦੀ ਲੋੜ ਨੂੰ ਪੰਥ ਦਾ ਸੁਚੇਤ ਤਬਕਾ ਬਹੁਤ ਪਹਿਲਾਂ ਤੋਂ ਹੀ ਸਮਝਦਾ ਸੀ। ਪਰਿਵਾਰ ਨੇ ਵਾਰ-ਵਾਰ ਇਸ ਤਬਕੇ ਨੂੰ ਇਸ ਉਪਰਾਲੇ ਨੂੰ ਸਾਂਝੇ ਤੌਰ ਤੇ ਸ਼ੁਰੂ ਕਰਨ ਦੀ ਬੇਨਤੀ ਕੀਤੀ। ਜਦੋਂ ਇਨ੍ਹਾਂ ਬੇਨਤੀਆਂ ਨੇ ਕੋਈ ਅਸਰ ਨਾ ਵਿਖਾਇਆ ਤਾਂ ਅਸੀਂ ਆਪ ਇਸ ਸੁਧਾਰ ਉਪਰਾਲੇ ਨੂੰ ਇਕ ਪ੍ਰਾਜੈਕਟ ਦੇ ਰੂਪ ਵਿਚ ਅਪਨਾਉਣ ਦਾ ਮਨ ਬਣਾ ਲਿਆ। ਇਸ ਦੌਰਾਨ ਸੁਹਿਰਦਤਾ ਅਤੇ ਨਿਸ਼ਕਾਮਤਾ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕਰਦੇ ਹੋਏ, ਇਸ ਨੂੰ ਇਕ ਸਾਂਝੇ ਉਪਰਾਲੇ ਦਾ ਰੂਪ ਦਿਤਾ।

 

3.    ਨੁਕਤਾ :- ਆਪ ਜੀ ਆਪਣੀ ਇਸ ਅਨਅਧਿਕਾਰਤ ਕਾਰਵਾਈ ਵਿਚ ਨਿੱਤ ਨਵੇਂ ਜੂਮਲੇ ਵਰਤ ਰਹੇ ਹੋ ਜਿਸ ਤੋਂ ਆਪ ਜੀ ਦੀ ਕੱਚਿਆਈ ਅਤੇ ਦੁਬਿਧਾ ਸਪਸ਼ਟ ਪ੍ਰਗਟ ਹੁੰਦੀ ਹੈ। ਅਸੀਂ ਸਾਰੇ ਹੀ ਇਹ ਜਾਣਦੇ ਹਾਂ ਕਿ ਗੁਰੂਆਂ ਦਾ ਜੀਵਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇ ਸੰਸਾਰ ਨੂੰ ‘ਇਕ ਪੰਥ’ ਦੀ ਸਿੱਖਿਆ ਦਾ ਉਪਦੇਸ਼ ਦਿੰਦੇ ਹਨ ਪਰ ਆਪ ਜੀ ‘ਇਕ ਪੰਥ’ ਨੂੰ ਤਿੰਨ ਪੰਥਾਂ ਵਿਚ ਵੰਡਣ ਲਈ ਵੀ ਯਤਨਸ਼ੀਲ ਹੋ। (1) ਸਿੱਖ ਪੰਥ (2) ਸੁਚੇਤ ਪੰਥ (3) ਪ੍ਰਚਲਤ ਪੰਥ

ਸਾਡਾ ਪੱਖ:- ਇਹ ਸੱਚ ਹੈ ਕਿ ਗੁਰਬਾਣੀ ਦੀ ਸੇਧ ਅਨੁਸਾਰ ‘ਪੰਥ’ ਦਾ ਮਤਲਬ ਸੱਚ ਦੀ ਵਿਚਾਰਧਾਰਕ ਸੇਧ ’ਤੇ ਤੁਰਨ ਦਾ ਰਾਹ ਹੈ। ਸਮੁੱਚੀ ਮਨੁੱਖਤਾ ਨੂੰ ਇਕ ਪ੍ਰਭੂ ਦੀ ਸੰਤਾਨ ਮੰਨਦੇ ਹੋਏ, ਗੁਰਬਾਣੀ ਸੱਚ ਦੇ ਰਾਹ (ਪੰਥ) ’ਤੇ ਤੁਰਨ ਦੀ ਸੇਧ ਦਿੰਦੀ ਹੈ। ਪਰ ਤਲਖ ਹਕੀਕਤ ਇਹ ਵੀ ਹੈ ਕਿ ਕਿਸੇ ਵਿਚਾਰਧਾਰਾ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਲੋਕਾਂ ਦਾ ਕਾਫਲਾ ਸਮੇਂ ਨਾਲ ਬਣ ਜਾਂਦਾ ਹੈ, ਜਿਸ ਨੂੰ ‘ਪੰਥ’ ਦੇ ਨਾਮ ਨਾਲ ਪੁਕਾਰਿਆ ਜਾਣ ਲਗ ਪੈਂਦਾ ਹੈ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰਧਾਰਾ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਲੋਕਾਂ ਦਾ ਵੀ ਇਕ ਪੰਥ ਪ੍ਰਚਲਿਤ ਹੋ ਗਿਆ ਹੈ, ਜਿਸ ਨੂੰ ਸਿੱਖ ਪੰਥ ਜਾਂ ਸਿੱਖ ਕੌਮ ਕਿਹਾ ਜਾਂਦਾ ਹੈ।

ਤਲਖ ਹਕੀਕਤ ਦਾ ਇਕ ਪੱਖ ਇਹ ਵੀ ਹੈ ਕਿ ਇਕ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਦੀ ਵਿਚਾਰਧਾਰਾ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਵੀ ਸਿੱਖ ਕੌਮ, ਵਿਵਹਾਰਿਕ ਤੌਰ ਤੇ, ਵਿਚਾਰਧਾਰਕ ਅਤੇ ਜੀਵਨ ਸ਼ੈਲੀ ਪੱਖੋਂ ਅਨੇਕਾਂ ‘ਪੰਥਾਂ’ (ਰਸਤਿਆਂ) ਵਿਚ ਵੰਡੀ ਪਈ ਹੈ, ਜਿਸ ਨੂੰ ਮੋਟੇ ਤੌਰ ਤੇ ਦੋ ਤਿੰਨ ਹਿੱਸਿਆਂ ਵਿਚ ਦਰਸਾਉਣਾ ਜ਼ਮੀਨੀ ਹਕੀਕਤ ਹੈ, ਦੁਬਿਧਾ ਨਹੀਂ।  ਅਨੇਕਾਂ ‘ਪੰਥਾਂ’ ਵਿਚ ਵੰਡੀ ਕੌਮ ਸਮੇਤ ਸਮੁੱਚੀ ਮਨੁੱਖਤਾਂ ਨੂੰ ਪ੍ਰਭੂ ਦੇ ਇਕ ਇਲਾਹੀ ਰਾਹ (ਗੁਰਬਾਣੀ ਵਿਚਾਰਧਾਰਾ) ਵੱਲ ਪ੍ਰੇਰਣ ਦੇ ਨਿਸ਼ਕਾਮ ਮਕਸਦ ਨਾਲ ਹੀ ਇਹ ਸੁਧਾਰ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦਾ ਗੈਰ-ਸਿਧਾਂਤਕ ਵਿਰੋਧ ਆਪ ਸੱਜਣਾਂ ਦੀ ਸਮਝ ਅਤੇ ਸੁਹਿਰਦਤਾ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। 

 

4.    ਨੁਕਤਾ:- ਜੇ ਕਰ ਆਪ ਜੀ ਅਤੇ ਆਪ ਜੀ ਦੇ ਚੰਦ ਸਮਰਥਕਾਂ ਨੂੰ ਛੱਡ ਕੇ ਬਾਕੀ ਸਾਰਾ ਪੰਥ “ਪ੍ਰਚਲਤ ਪੰਥ’ ਹੈ ਤਾਂ ਆਪ ਜੀ ਨੂੰ ਉਸ ਪੰਥ ਦੀ ਰਹਿਤ ਮਰਿਯਾਦਾ ਨਾਲ ਛੇੜਖਾਨੀ ਦਾ ਵੀ ਕੋਈ ਅਧਿਕਾਰ ਨਹੀਂ ਹੈ। ਆਪਣੇ ਤੋਂ ਛੁੱਟ ਬਾਕੀ ਸਮੁੱਚੇ ਸਿੱਖ ਪੰਥ ਨੂੰ ‘ਪ੍ਰਚਲਤ ਪੰਥ’ ਕਹਿਣ ਵਿਚ ਸਿਖ ਪੰਥ ਅਤੇ ਗੁਰਮਤਿ ਦਾ ਅਪਮਾਨ ਹੈ।

ਸਾਡਾ ਪੱਖ:-  ਅਸੀਂ ਵੀ ਆਪਣੇ ਆਪ ਨੂੰ ਬਾਬਾ ਨਾਨਕ ਜੀ ਅਤੇ ਮਗਰਲੇ ਨੌ ਨਾਨਕ ਸਰੂਪਾਂ ਵਲੋਂ ‘ਗੁਰਬਾਣੀ’ ਦੀ ਸੇਧ ਵਿਚ ਚਲਾਏ ‘ਗੁਰਮਤਿ ਇਨਕਲਾਬ’ ਦੇ ਪੈਰੋਕਾਰਾਂ ਦਾ ਇਕ ਹਿੱਸਾ ਮੰਨਦੇ ਹਾਂ। ਇਸੇ ਕਾਰਨ ਗੁਰਮਤਿ ਦੇ ਨਾਮ ਨਾਲ ਜੋੜ ਕੇ ਪ੍ਰਚਾਰੀ ਜਾਂਦੀ ‘ਸਿੱਖ ਰਹਿਤ ਮਰਿਯਾਦਾ’ ਨਾਲ ਸਾਡਾ ਸੰਬੰਧ ਕੁਦਰਤੀ ਬਣ ਜਾਂਦਾ ਹੈ। ਪਹਿਲਾਂ ਵਿਚਾਰੇ ਅਨੁਸਾਰ, ਸੁਧਾਰ ਇਕ ਮੁੱਢਲਾ ਮਨੁੱਖੀ ਹੱਕ ਅਤੇ ਫਰਜ਼ ਹੈ ਅਤੇ ਬਾਬਾ ਨਾਨਕ ਦੀ ਸੇਧ ਵੀ ਇਹੀ ਸਮਝਾਉਂਦੀ ਹੈ।

ਇਹ ਯਤਨ ਕੋਈ ‘ਛੇੜਖਾਨੀ’ ਨਹੀਂ ਬਲਕਿ ਇਕ ਨਿਸ਼ਕਾਮ ਸੁਧਾਰ ਉਪਰਾਲਾ ਹੈ। ਛੇੜਖਾਨੀ ਕਰਨ ਲਈ ਖੁੱਲੇ ਸੁਝਾਅ ਅਤੇ ਵਿਚਾਰ ਨਹੀਂ ਮੰਗੇ ਜਾਂਦੇ ਅਤੇ ਨਾ ਹੀ ਸਾਂਝੀਆਂ ਸੁਧਾਰ ਇਕੱਤਰਤਾਵਾਂ ਬੁਲਾਈਆਂ ਜਾਂਦੀਆਂ ਹਨ। ਛੇੜਖਾਨੀਆਂ ਤਾਂ ਚੁੱਪ ਚੁੱਪੀਤੇ ਕਰ ਦਿਤੀਆਂ ਜਾਂਦੀਆਂ ਹਨ। ਮਿਸਾਲ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਹੱਥ ਲਿਖਤ ਸਰੂਪਾਂ ਵਿਚ ਸਮੇਂ ਨਾਲ ਰਾਗਮਾਲਾ ਸਮੇਤ ਕੁਝ ਛੇੜਖਾਨੀਆਂ ਕੀਤੀਆਂ ਮਿਲਦੀਆਂ ਹਨ।

ਅਸੀਂ ਕਿਧਰੇ ਵੀ ਆਪਣੇ ਆਪ ਤੋਂ ਸਿਵਾ ਸਮੁੱਚੇ ਪੰਥ ਨੂੰ ਪ੍ਰਚਲਤ ਪੰਥ ਨਹੀਂ ਕਿਹਾ। ਬਿਨਾਂ ਠੋਸ ਸਬੂਤ ਦੇ ਹਲਕੇ ਪੱਧਰ ਦੀ ਇਲਜ਼ਾਮ-ਤਰਾਸ਼ੀ ਇਨ੍ਹਾਂ ਸੱਜਣਾਂ ਦੀ ਮਾਨਸਿਕਤਾ ਸਪਸ਼ਟ ਕਰਦੀ ਹੈ।

 

5.    ਨੁਕਤਾ:- ਆਪ ਜੀ ਆਪਣੇ ਨਿਜੀ ਜੀਵਨ ਵਾਸਤੇ ਕੁੱਝ ਵੀ ਤੈਅ ਕਰ ਲਵੋ ਪਰ ਆਪਣੇ ਆਪ ਨੂੰ ਸਿੱਖ ਪੰਥ ਜਾਂ ਫਿਰ ਆਪ ਜੀ ਦੇ ਸ਼ਬਦਾਂ ਵਿਚ ‘ਸੁਚੇਤ ਪੰਥ’ ਦਾ ਨੁਮਾਇੰਦਾ ਸਮਝਣ ਦਾ ਭੁੱਲੇਖਾ ਨਾ ਪਾਲੋ।

ਸਾਡਾ ਪੱਖ:- ਅਸੀਂ ਆਪਣੇ ਆਪ ਨੂੰ ਮੌਜੂਦਾ ਪੰਥ ਜਾਂ ਇਸ ਪੰਥ ਦੇ ਸੁਚੇਤ ਤਬਕੇ ਦਾ ਥਾਪਿਆ ਨੁਮਾਇੰਦਾ ਨਹੀਂ ਮੰਨਦੇ ਅਤੇ ਨਾ ਹੀ ਸਾਨੂੰ ਐਸਾ ਕੋਈ ਭੁਲੇਖਾ ਕਦੇ ਰਿਹਾ ਹੈ। ਇਸ ਉਪਰਾਲੇ ਦੇ ਵੱਖ-ਵੱਖ ਪੜਾਵਾਂ ਤੇ ਛਪੇ ਸੰਪਾਦਕੀਆਂ ਵਿਚ ਇਹ ਤੱਥ ਅਸੀਂ ਸਪਸ਼ਟ ਕਰ ਚੁੱਕੇ ਹਾਂ।  ਪਰ ਇਸ ਤੱਥ ਨਾਲ ਸੁਧਾਰ ਅਤੇ ਉਸ ਦੇ ਪ੍ਰਚਾਰ ਦਾ ਸਾਡਾ ਮੁੱਢਲਾ ਮਨੁੱਖੀ ਹੱਕ ਖਤਮ ਨਹੀਂ ਹੋ ਜਾਂਦਾ।

 

6.    ਨੁਕਤਾ:- ਆਪ ਜੀ ਗੁਰੂਆਂ ਨੂੰ ਗੁਰੂ ਦੀ ਪਦਵੀ ਤੋਂ ਹਟਾਉਣ ਲਈ ਵੀ ਯਤਨਸ਼ੀਲ ਹੋ ਤਾਂ ਆਪ ਜੀ ਦਾ ਕਿਸੇ ਵੀ ਐਸੇ ਸਿੱਖ ਨਾਲ ਸਮਝੌਤਾ ਕਰਨਾ ਨਹੀਂ ਸ਼ੋਭਦਾ, ਜੋ ਕਿ ਗੁਰੂ ਸਹਿਬਾਨ ਨੂੰ ਗੁਰੂ ਕਹਿੰਦਾ ਅਤੇ ਮੰਨਦਾ ਹੋਵੇ।

ਸਾਡਾ ਪੱਖ:-  ‘ਗੁਰੂ’ ਵਿਸ਼ੇਸ਼ਣ ਦੇ ਵਿਸ਼ੇ ’ਤੇ ਪਰਿਵਾਰ ਨੇ ਆਪਣੀ ਸਮਝ ਅਨੁਸਾਰ ਗੁਰਮਤਿ ਦੀ ਕਸੌਟੀ ’ਤੇ ਆਪਣਾ ਪੱਖ ਰੱਖਿਆ ਹੈ, ਨਾ ਕਿ ਉਪਰਾਲੇ ਦਾ ਵਿਰੋਧ ਕਰ ਰਹੇ ਕੁਝ ਸੱਜਣਾਂ ਵਾਂਗੂ ਇਸ ਵਿਸ਼ੇ ’ਤੇ ਕੋਈ ਫਤਵਾ ਜਾਰੀ ਕਰ ਦਿਤਾ ਹੈ। ਅਸੀਂ ਸਮਝਦੇ ਹਾਂ ਕਿ ਗੁਰੂ ਵਿਸ਼ੇਸ਼ਣ ਅਤੇ ਆਵਾਗਵਨ ਆਦਿ ਸੰਬਧੀ ਕੁਝ ਮੁੱਦਿਆਂ ਤੇ ਗੁਰਮਤਿ ਦੇ ਫੈਸਲੇ ਸੰਬੰਧੀ ਪੰਥ ਦੇ ਸੁਚੇਤ ਤਬਕੇ ਵਿਚ ਵੀ ਕੁੱਝ ਮਤਭੇਦ ਹਨ। ਇਸ ਬਾਰੇ ਗੁਰਮਤਿ ਦੀ ਰੌਸ਼ਨੀ ਵਿਚ ਕੋਈ ਸਾਂਝਾ ਫੈਸਲਾ ਹਾਲੀਂ ਤੱਕ ਨਹੀਂ ਹੋ ਸਕਿਆ। ਇਸ ਲਈ ਇਨ੍ਹਾਂ ਨੂੰ ‘ਮੁੱਦਾ’ ਬਣਾ ਕੇ ਸਮਝੌਤਾਵਾਦੀ ਹੋਣ ਦੀ ਗੱਲ ਕਹਿਣਾ ਜਾਇਜ਼ ਨਹੀਂ। ਸਮਝੌਤਾਵਾਦੀ ਹੋਣ ਦਾ ਅਸਲ ਮਤਲਬ ਹੈ ਸੱਚ ਸਮਝਣ ਤੋਂ ਬਾਅਦ ਵੀ ‘ਸੰਗਤ ਹਾਲੇ ਤਿਆਰ ਨਹੀਂ’ ਆਦਿ ਬਹਾਨੇ ਦਰਸਾ ਕੇ ਸੱਚ ਨੂੰ ਅਪਨਾਉਣ ਤੋਂ ਪਰਹੇਜ਼ ਕਰਨਾ ਹੈ। ਮਿਸਾਲ ਲਈ ਪ੍ਰਚਲਿਤ ਰਹਿਤ ਮਰਿਯਾਦਾ ਵਿਚਲੀ ਦਸਮ ਗ੍ਰੰਥੀ ਰਚਨਾਵਾਂ ਬਾਰੇ ਕੁਝ ਮਿਸ਼ਨਰੀ ਕਾਲਜਾਂ ਦੀ ਪਹੁੰਚ। ਸਿੱਖ ਰਹਿਤ ਮਰਿਯਾਦਾ ਵਿਚ ਸੁਧਾਰ ਲਈ ਜ਼ਰੂਰਤ ਦੀ ਪ੍ਰੋਢਤਾ ਕਰਨ ਵਾਲੇ ਜਦੋਂ ਸ਼ਰਤਾਂ ਲਗਾ ਕੇ ਐਸੇ ਕਿਸੇ ਸੁਹਿਰਦ ਉਪਰਾਲੇ ਵਿਚ ਸ਼ਾਮਿਲ ਨਾ ਹੋਣ ਦੇ ਬਹਾਨੇ ਲੱਭ ਰਹੇ ਹੋਣ ਤਾਂ ਇਸ ਦਾ ਮਤਲਬ ਦੋਗਲੀ ਪਹੁੰਚ ਅਨੁਸਾਰ ਉਹ ਆਨੇ-ਬਹਾਨੇ ਪਹਿਲਾਂ ਕੀਤੇ ਗੁਰਮਤਿ ਵਿਰੋਧੀ ਸਮਝੋਤੇ ਨੂੰ ਜਾਰੀ ਰਖਣਾ ਚਾਹੁੰਦੇ ਹਨ।  

 

7.    ਨੁਕਤਾ:- ਅਸੀਂ ਸਾਰੇ ਕਿਸੇ ਵੀ ਐਸੇ ਨਿਜੀ ਜੀਵਨ ਜਾਚ ਦੇ ਉਪਰਾਲੇ ਦੇ ਭਾਗੀਦਾਰ ਨਹੀਂ ਬਣ ਸਕਦੇ, ਜਿਸ ਵਿਚ ਗੁਰੂ ਸਾਹਿਬਾਨ ਨੂੰ ਗੁਰੂ ਦੀ ਪਦਵੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ।

ਸਾਡਾ ਪੱਖ:- ਅਸੀਂ ਇਸ ਉਪਰਾਲੇ ਦੇ ਹਰ ਪੜਾਅ ’ਤੇ ਇਹ ਵਾਰ-ਵਾਰ ਸਪਸ਼ਟ ਕੀਤਾ ਸੀ ਕਿ ਹਾਲੇ ਕੁਝ ਵੀ ਫਾਈਨਲ ਨਹੀਂ ਹੋਇਆ ਹੈ, ਸੋ ਜੇ ਸੰਭਾਵੀ ਖਰੜੇ ਦੀ ਕਿਸੇ ਵੀ ਮੱਦ ਵਿਚ ਗੁਰਮਤਿ ਅਨੁਸਾਰੀ ਕੋਈ ਕਮੀ (ਸਮੇਤ ਗੁਰੂ ਵਿਸ਼ੇਸ਼ਣ ਦੇ ਨੁਕਤੇ ’ਤੇ) ਲਗਦੀ ਹੈ ਤਾਂ ਉਸ ਬਾਰੇ ਲਿਖਤੀ ਸੁਝਾਵ ਦਿਤੇ ਜਾਣ ਅਤੇ ਵਿਚਾਰ ਚਰਚਾ ਵਿਚ ਆ ਕੇ ਵਿਚਾਰਿਆ ਜਾਵੇ। ਇਕ ਪਾਸੇ ਤੂਸੀ ਗੁਰੂ ਵਿਸ਼ੇਸ਼ਣ ਬਾਰੇ ਗਿਲਾ ਕਰ ਕੇ ਵਿਚਾਰ-ਚਰਚਾ ਤੋਂ ਭਗੌੜੇ ਹੋ ਗਏ ਅਤੇ ਦੂਜੀ ਤਰਫ ਇਸ ਵਿਸ਼ੇ ’ਤੇ ਵਿਚਾਰ ਕਰਨ ਦੇ ਸਾਡੇ ਸੱਦੇ ਨੂੰ ‘ਸਮਝੌਤਾ’ ਆਖ ਰਹੇ ਹੋ। ਕੀ ਇਹ ਆਪ ਜੀ ਦੀ ਪਹੁੰਚ ਵਿਚਲੀ ਦੁਬਿਧਾ ਅਤੇ ਦੋਗਲਾਪਨ ਸਪਸ਼ਟ ਨਹੀਂ ਕਰਦਾ? ਸਵੈ-ਪੜਚੋਲ ਕਰਨ ਦੀ ਬੇਨਤੀ ਹੈ।

ਹਰ ਧਿਰ ਜਾਂ ਸ਼ਖਸੀਅਤ ਨੂੰ ਸੁਧਾਰ ਉਪਰਾਲੇ ਵਿਚ ਸ਼ਾਮਿਲ ਹੋਣ ਦੀ ਬੇਨਤੀ ਹੀ ਕੀਤੀ ਜਾ ਸਕਦੀ ਹੈ। ਕਿਸੇ ਨੂੰ ਸ਼ਾਮਿਲ ਹੋਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਬਾਬਾ ਨਾਨਕ ਜੀ ਦੀ ਸਿਖਾਈ ਜੁਗਤ ‘ਵਿਚਾਰ-ਚਰਚਾ’ ਲਈ ਦਿਤੇ ਖੁੱਲੇ ਅਤੇ ਨਿਸ਼ਕਾਮ ਸੱਦੇ ਤੋਂ ਜੇ ਕੋਈ ਆਨੇ-ਬਹਾਨੇ ਭਗੌੜਾ ਹੋ ਕੇ ਬੇ-ਤੁੱਕੀਆਂ ਅਤੇ ਗੁੰਮਰਾਹ-ਕੁੰਨ ਉਝਾਂ ਲਾਉਣੀਆਂ ਸ਼ੁਰੂ ਕਰ ਦੇਵੇ ਤਾਂ ਉਸ ਦਾ ਕੀ ਕੀਤਾ ਜਾ ਸਕਦਾ ਹੈ?

 

8.    ਨੁਕਤਾ :- ਪਰਿਵਾਰ ਵਲੋਂ ਮੁੱਢਲੇ ਤੌਰ ਤੇ ਵਿਚਾਰ ਚਰਚਾ ਲਈ ਥਾਪੀ ਗਈ ਇਕੱਤਰਤਾ ਕਮੇਟੀ ਵਿਚ ਕੁਝ ਉਹ ਲੋਕ ਵੀ ਸ਼ਾਮਿਲ ਹਨ, ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਬਾਰੇ ਨਿਰਮੂਲ ਸ਼ੰਕੇ ਖੜੇ ਕਰ ਰਹੇ ਹਨ। ਉਨ੍ਹਾਂ ਦੀ ਮੌਜੂਦਗੀ ਵਿੱਚ ਕੀਤੇ ਜਾਣ ਵਾਲੇ ਉਪਰਾਲੇ ਕਿਸ ਦਿਸ਼ਾ ਵੱਲ ਵੱਧਣਗੇ, ਇਸ ਬਾਰੇ ਇਸ਼ਾਰੇ ਬਿਲਕੁਲ ਸਪਸ਼ਟ ਹਨ। ਇਸ ਲਈ ਜਿਸ ਇਕੱਤਰਤਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਸ਼ੰਕੇ ਪੈਦਾ ਕਰਨ ਵਾਲੇ ਵਿਅਕਤੀ ਹਾਜ਼ਿਰ ਹੋਣ, ਉਸ ਵਿਚਾਰ ਚਰਚਾ ਵਿਚ ਸ਼ਾਮਿਲ ਨਹੀਂ ਹੋਇਆ ਜਾ ਸਕਦਾ।

ਸਾਡਾ ਪੱਖ:- ਇਹ ਇਲਜ਼ਾਮ ਬਿਲਕੂਲ਼ ਝੂਠਾ ਅਤੇ ਨਿਰ ਆਧਾਰ ਹੈ ਕਿ ਇਕੱਤਰਤਾ ਪ੍ਰਬੰਧਕ ਕਮੇਟੀ ਦੇ 8 ਮੈਂਬਰਾਂ ਵਿਚੋਂ ਕੋਈ ਸੱਜਣ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੀ ਬਾਣੀ ’ਤੇ ਨਿਰਮੂਲ ਸ਼ੰਕੇ ਖੜੇ ਕਰਦਾ ਹੈ। ਐਸੇ ਕੱਚਘਰੜ ਅਤੇ ਝੂਠੇ ਇਲਜ਼ਾਮ ਹੀ ਇਹ ਸਾਬਿਤ ਕਰਦੇ ਹਨ ਕਿ ਸੁਧਾਰ ਦੇ ਵਿਰੋਧ ਕਰਨ ਵਾਲੇ ਸੱਜਣ ਨਿੱਜੀ ਕਿੱੜ, ਪਹਿਲਾਂ ਤੋਂ ਹੀ ਬਣਾਈ ਗਈ ਧਾਰਨਾ ਅਤੇ ਸੰਕੀਰਨ ਮਾਨਸਿਕਤਾ ਆਦਿ ਕਮਜ਼ੋਰੀਆਂ ਦੇ ਸ਼ਿਕਾਰ ਹੋ ਕੇ ਬਿਆਨ ਦੇ ਰਹੇ ਹਨ। ਬਾਬਾ ਨਾਨਕ ਜੀ ਤਾਂ ਬਿਲਕੁਲ ਵਿਰੋਧੀ ਵਿਚਾਰ ਵਾਲੇ ਸੱਜਣਾਂ ਨਾਲ ਵੀ ਖੁੱਲਦਿਲੀ ਨਾਲ ਵਿਚਾਰ ਕਰਦੇ ਸਨ। ਪਰ ਇਕ ਧੜਾ ਬਣ ਚੁੱਕੇ ਸੱਜਣ ਉਸ ਤੋਂ ਸੇਧ ਲੈਣ ਤੋਂ ਵੀ ਮੁਨਕਰ ਜਾਪਦੇ ਹਨ।

‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚਲੀ ਬਾਣੀ ਦੀ ਪ੍ਰਮਾਣਿਕਤਾ ਇਸ ਉਪਰਾਲੇ ਜਾਂ ਇਕੱਤਰਤਾ ਦਾ ਵਿਸ਼ਾ ਹੀ ਨਹੀਂ ਹੈ। ਸੋ ਐਸੇ ਸ਼ੰਕਿਆਂ ਨੂੰ ਬਹਾਨਾ ਬਣਾ ਕੇ ਵਿਚਾਰ-ਚਰਚਾ ਦੀ ਗੁਰਮਤਿ ਸੇਧ ਤੋਂ ਕਿਨਾਰਾ ਕਰ ਲੈਣਾ ਕੀ ਮਨਮੁਖਤਾਈ ਨਹੀਂ ?

 

9.    ਨੁਕਤਾ:- ਇਸ ਲਈ ਆਪ ਜੀ ਦੇ ਇਸ ਅਨਅਧਿਕਾਰਤ ਅਤੇ ਪੰਥਕ ਹਿਤਾਂ ਪ੍ਰਤੀ ਨਾਹ ਪੱਖੀ ਨਿੱਜੀ ਉਪਰਾਲੇ ਵਿਚ ਸਾਡੀ ਕੋਈ ਭੂਮਿਕਾ ਨਹੀਂ ਬਣਦੀ।

ਸਾਡਾ ਪੱਖ:- ਕਿਸੇ ਕਮੀ ਜਾਂ ਗਲਤੀ ਨੂੰ ਸੁਧਾਰਨ ਦਾ ਨਿਸ਼ਕਾਮ ਯਤਨ ਹਰ ਸਮੇਂ ‘ਹਾਂ-ਪੱਖੀ’ ਹੀ ਹੁੰਦਾ ਹੈ। ਗਲਤੀ ਸੁਧਾਰ ਦੀ ਗੱਲ ਕਦੇ ਵੀ ਨਾਂਹ-ਪੱਖੀ ਨਹੀਂ ਹੁੰਦੀ। ਬੇਤੁਕੇ ਬਹਾਨਿਆਂ ਨਾਲ ਸੁਧਾਰ ਦਾ ਵਿਰੋਧ ਗੁੰਮਰਾਹ ਮਾਨਸਿਕਤਾ ਦਾ ਪ੍ਰਗਟਾਵਾ ਹੀ ਹੈ।

 

10.   ਨੁਕਤਾ:- ਨਿਜੀ ਜੀਵਨ ਜਾਚ ਤਿਆਰ ਕਰਨ ਦੇ ਉਪਰਾਲੇ ਵਿੱਚ ਗੁਰੂਆਂ ਵਲੋਂ ਬਖਸ਼ੀ ਪੰਥਕ ਬਨਾਵਟ ਅਤੇ ਸਿਖਿਆ ਨੂੰ ਢਾਹ ਲਗਾਉਣ ਨੂੰ ਕਦੇ ਵੀ ਗੁਰਮਤਿ ਨਹੀਂ ਕਿਹਾ ਜਾ ਸਕਦਾ।

ਸਾਡਾ ਪੱਖ:- ਸੁਧਾਰ ਦਾ ਯਤਨ ਭਾਂਵੇ ਨਿੱਜੀ ਹੋਵੇ ਜਾਂ ਸਮੂਹਕ, ਹੋਣਾ ਗੁਰਮਤਿ ਅਨੁਸਾਰੀ ਚਾਹੀਦਾ ਹੈ। ਇਸ ਉਪਰਾਲੇ ਦਾ ਵਿਰੋਧ ਕਰਨ ਵਾਲੇ ਸੱਜਣ ਜਨਤਕ ਤੌਰ ’ਤੇ ਪੇਸ਼ ਕੀਤੇ ਸੰਭਾਵੀ ਦਸਤਾਵੇਜ਼ ਵਿਚਲੀ ਕਿਸੇ ਵੀ ਮੱਦ ਨੂੰ ਗੁਰਮਤਿ ਤੋਂ ਉਲਟ ਨਹੀਂ ਦੱਸ ਸਕੇ। ਇਸ ਉਪਰਾਲੇ ਦਾ ਮਕਸਦ ਮੌਜੂਦਾ ਸਿੱਖ ਸਮਾਜ ਵਿਚ ਘੁਸਪੈਠ ਕਰ ਚੁੱਕੀਆਂ ਗੁਰਮਤਿ ਵਿਰੋਧੀ ਰੀਤਾਂ ਅਤੇ ਮਾਨਤਾਵਾਂ ਦੀ ਪਛਾਣ ਕਰਕੇ, ਨਿਰੋਲ ਗੁਰਮਤਿ ਦੀ ਰੌਸ਼ਨੀ ਵਿਚ, ਸਰਲ ਸ਼ਬਦਾਂ ਵਿਚ ਜੀਵਨ ਸੇਧਾਂ ਤਿਆਰ ਕਰਨਾ ਅਤੇ ਉਸ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਦੇ ਯਤਨ ਕਰਨਾ ਹੈ। ਜੇ ਇਸ ਵਿਚ ਕੋਈ ਗੁਰਮਤਿ ਵਿਰੋਧੀ ਗੱਲ ਹੈ ਤਾਂ ਉਸ ਦੇ ਸੁਧਾਰ ਬਾਰੇ ਸੁਝਾਅ ਅਤੇ ਵਿਚਾਰ ਦੇਣ ਦੀ ਬੇਨਤੀ ਵਾਰ-ਵਾਰ ਕੀਤੀ ਜਾ ਰਹੀ ਸੀ। ਵਿਰੋਧ ਕਰਨ ਵਾਲੇ ਸੱਜਣ ਐਸੀ ਕੋਈ ਗਲਤੀ ਨਹੀਂ ਦਰਸਾ ਪਾਏ। ਸਪਸ਼ਟ ਹੈ ਇਨ੍ਹਾਂ ਦਾ ਵਿਰੋਧ ਗੁੰਮਰਾਹ ਮਾਨਸਿਕਤਾ ਹੇਠ ਸਿਰਫ ਸ਼ੋਰ ਮਚਾਉਣ ਦਾ ਹੈ।

 

ਵਿਚਾਰ-ਚਰਚਾ ਦੀ ਗੁਰਮਤਿ ਸੇਧ ਤੋਂ ਮੁਨਕਰ ਹੋ ਰਹੇ ਇਨ੍ਹਾਂ ਸੱਜਣਾਂ ਦੇ ਸਾਂਝੇ ਬਿਆਨ ਦੀ ਕੱਚਿਆਈ ਅਤੇ ਦੁਬਿਧਾ ਸਪਸ਼ਟ ਹੋਣ ਉਪਰੰਤ ਆਉ ਵਾਰੀ-ਵਾਰੀ ਇਨ੍ਹਾਂ ਦੀ ਪਹੁੰਚ ਬਾਰੇ ਵਿਚਾਰ ਕਰ ਲੈਂਦੇ ਹਾਂ।

 

ਗੁਰਤੇਜ ਸਿੰਘ ਜੀ ਪੰਥ ਵਿਚ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਇਸ ਸੁਧਾਰ ਉਪਰਾਲੇ ਦੇ ਤੀਜੇ ਪੜਾਅ ਦੀ ਇਕੱਤਰਤਾ ਵਿਚ ਵੀ ਇਨ੍ਹਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ। ਉਸ ਸਮੇਂ ਜਦੋਂ ਇਨ੍ਹਾਂ ਨਾਲ ਫੋਨ ’ਤੇ ਨਿੱਜੀ ਸੰਪਰਕ ਕੀਤਾ ਗਿਆ ਤਾਂ ਇਨ੍ਹਾਂ ਕਿਹਾ ਸੀ ਕਿ ਮੈਂ ਉਸ ਸਮੇਂ ਦੌਰਾਨ ‘ਹਜ਼ੂਰ ਸਾਹਿਬ’ ਜਾਣ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਕਰ ਚੁੱਕਿਆਂ ਹਾਂ, ਸੋ ਇਕੱਤਰਤਾ ਵਿਚ ਨਹੀਂ ਆ ਪਾਵਾਂਗਾ। ਫਿਰ ਅਸੀਂ ਉਨਾਂ ਨੂੰ ਸੰਭਾਵਿਤ ਖਰੜੇ ਦੀਆਂ ਮੱਦਾਂ ਬਾਰੇ ਲਿਖਤੀ ਵਿਚਾਰ/ਸੁਝਾਅ ਭੇਜਣ ਦੀ ਬੇਨਤੀ ਕੀਤੀ ਸੀ। ਪਰ ਉਨ੍ਹਾਂ ਵਲੋਂ ਕੋਈ ਸੁਝਾਅ ਨਹੀਂ ਆਏ। ਇਸ ਵਾਰ ਵੀ ਸੱਦਾ ਪੱਤਰ ਨਿੱਜੀ ਤੌਰ ’ਤੇ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ, ਉਹ ਘਰ ਨਹੀਂ ਸਨ। ਬਾਅਦ ਵਿਚ ਫੋਨ ਰਾਹੀਂ ਉਨ੍ਹਾਂ ਨਾਲ 2-3 ਵਾਰ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਬਣ ਸਕਿਆ। ਉਨ੍ਹਾਂ ਨੇ ਆਪਣਾ ਨਾਮ ਐਸੇ ਹਲਕੇ ਪੱਧਰ ਦੇ ਬਿਆਨ ਵਿਚ ਸ਼ਾਮਿਲ ਕਰਵਾਉਣਾ ਕਿਵੇਂ ਮਨ ਲਿਆ, ਇਹ ਉਹੀ ਜ਼ਿਆਦਾ ਸਮਝ ਸਕਦੇ ਹਨ।

 

ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ ਨਾਲ ਵੀ ਨਿੱਜੀ ਤੌਰ ’ਤੇ ਫੋਨ ਰਾਹੀਂ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਦੁਖ ਹੈ ਕਿ ਆਪ (ਪਰਿਵਾਰ ਵਾਲੇ) ਨਾਨਕ ਸਰੂਪਾਂ ਨਾਲ ਗੁਰੂ ਵਿਸ਼ੇਸ਼ਣ ਨਹੀਂ ਵਰਤਦੇ। ਉਨ੍ਹਾਂ ਨਾਲ ਸੰਪਰਕ ਕਰਨ ਵਾਲੇ ਪ੍ਰਿੰ. ਨਰਿੰਦਰ ਸਿੰਘ ਜੀ ਨੇ ਕਿਹਾ ਕਿ ਬਾਬਾ ਨਾਨਕ ਜੀ ਨੇ ਜਦੋਂ ਖਰਾ ਸੱਚ ਕਿਹਾ ਤਾਂ ਵੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਉਨ੍ਹਾਂ ਨੂੰ ਦੁਖ ਹੋਇਆ ਹੋਵੇਗਾ। ਸੋ ਨੁਕਤਾ ਕਿਸੇ ਦੇ ਦੁਖੀ ਜਾਂ ਖੁਸ਼ ਹੋਣ ਦਾ ਨਹੀਂ ਹੈ। ਨੁਕਤਾ ਗੁਰਮਤਿ ਅਪਨਾਉਣ ਦਾ ਹੈ। ਅਸੀਂ ‘ਗੁਰੂ’ ਵਿਸ਼ੇਸ਼ਣ ਬਾਰੇ ਸਿਰਫ ਆਪਣਾ ਪੱਖ ਰੱਖਿਆ ਹੈ, ਕੋਈ ਫਤਵਾ ਨਹੀਂ ਸੁਣਾਇਆ। ਬੇਸ਼ਕ ਅਸੀਂ ਗਲਤ ਹੋ ਸਕਦੇ ਹਾਂ, ਪਰ ਉਸ ਲਈ ਲਿਖਤੀ ਤੌਰ ’ਤੇ ਜਾਂ ਵਿਚਾਰ-ਚਰਚਾ ਵਿਚ ਸ਼ਾਮਿਲ ਹੋ ਕੇ ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਐਸੀ ਕੌਸ਼ਿਸ਼ ਕਰਦੇ ਹੋਏ ਹੀ ਤਾਂ ਆਪ ਜੀ ਨੂੰ ਸੱਦਾ ਦਿਤਾ ਜਾ ਰਿਹਾ ਹੈ।

ਜਦੋਂ ਪਹਿਲੀ ਵਾਰ ਸਿੱਖ ਰਹਿਤ ਮਰਿਯਾਦਾ ਸੁਧਾਰ ਦਾ ਉਪਰਾਲਾ ਕਰਨ ਲਈ ਲੋੜ ਬਾਰੇ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਨੇ ਮੋਹਾਲੀ ਵਿਚ ਆਪਣੇ ਗ੍ਰਿਹ ਵਿਖੇ ਇਕੱਤਰਤਾ ਬੁਲਾਈ ਤਾਂ ਰਾਜਿੰਦਰ ਸਿੰਘ ਜੀ ਉਸ ਵਿਚ ਸ਼ਾਮਿਲ ਸਨ। ਉਸ ਸਮੇਂ ਇਨ੍ਹਾਂ ਨੇ ਇਹ ਕਹਿ ਦਿਤਾ ਸੀ ਕਿ ਮੈਂ ਸਿੱਖ ਰਹਿਤ ਮਰਿਯਾਦਾ ਦੀਆਂ ਕਮੀਆਂ ਦੇ ਸੁਧਾਰ ਬਾਰੇ ਕਿਸੇ ਚਰਚਾ ਦਾ ਹਿੱਸਾ ਨਹੀਂ ਬਣ ਸਕਦਾ। ਉਸ ਉਪਰੰਤ ਇਸ ਵਿਸ਼ੇ ਵਿਚ ਚਲੀ ਵਿਚਾਰ-ਚਰਚਾ ਲੜੀ ਵਿਚ ਉਹ ਕਦੇ ਸ਼ਾਮਿਲ ਵੀ ਨਹੀਂ ਹੋਏ। ਪਰ ਹੁਣ ਉਹ ਆਪਣੀਆਂ ਲਿਖਤਾਂ ਵਿਚ ਰਹਿਤ ਮਰਿਯਾਦਾ ਸੁਧਾਰ ਦੀ ਲੋੜ ਬਾਰੇ ਚਰਚਾ ਜਤਨਕ ਤੌਰ ’ਤੇ ਖੁੱਲ ਕੇ ਗੱਲ ਕਰਦੇ ਹਨ। ਭਾਵ ਗੱਲ ਦੇਰ ਵਿਚ ਸਮਝਦੇ ਹਨ ਜਾਂ ਜਦੋਂ ਮਾਹੌਲ ਸਾਜ਼ਗਾਰ ਹੋ ਜਾਂਦਾ ਹੈ ਤਾਂ ਗੱਲ ਕਰਦੇ ਹਨ। ਹੋ ਸਕਦਾ ਹੈ ਨਿਕਟ ਭਵਿੱਖ ਵਿਚ ਹੋਰ ਸੱਚ ਨੂੰ ਵੀ ਉਹ ਸਮਝ ਜਾਂ ਅਪਣਾ ਲੈਣ।

 

ਕਰਨਲ (ਰਿ.) ਗੁਰਦੀਪ ਸਿੰਘ ਜੀ ਨਾਲ ਜਦੋਂ ਛੇਵੇਂ ਪੜਾਅ ਦੀ ਇਕੱਤਰਤਾ ਤੋਂ ਪਹਿਲਾਂ ਨਿੱਜੀ ਤੌਰ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਸਿਹਤ ਉਨ੍ਹਾਂ ਨੂੰ ਸਫਰ ਕਰਨ ਦੀ ਇਜ਼ਾਜਤ ਨਹੀਂ ਦਿੰਦੀ। ਪਰ ਉਹ ਆਪਣੀਆਂ ਕੁਝ ਨਵੀਆਂ ਛਪੀਆਂ ਕਿਤਾਬਾਂ ਇਕੱਤਰਤਾ ਵਿਚ ਜ਼ਰੂਰ ਭੇਜਣਗੇ। ਉਨ੍ਹਾਂ ਨੇ ਉਹ ਕਿਤਾਬਾਂ ਭੇਜੀਆਂ ਵੀ। ਉਨ੍ਹਾਂ ਨੇ ਉਸ ਸਮੇਂ ਸਾਂਝੇ ਬਿਆਨ ਵਿਚ ਦਿਤਾ ਕੋਈ ਨੁਕਤਾ ਨਹੀਂ ਉਠਾਇਆ। ਬਿਆਨ ਆਉਣ ਤੋਂ ਬਾਅਦ ਹੋਈ ਗਲਬਾਤ ਦੌਰਾਨ ਜਦ ਉਨ੍ਹਾਂ ਨੂੰ ਆਏ ਸਾਂਝੇ ਬਿਆਨ ਪਿੱਛਲੀ ਮੂਲ ਮੰਸ਼ਾ ਸਮਝਾਈ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਪਤਾ ਕਰਨਾ ਪੈਣਾ ਹੈ।

 

ਸੁਖਦੇਵ ਸਿੰਘ ਜੀ ਮੋਹਾਲੀ ਨਾਲ ਇਸ ਵਾਰ ਸਾਡਾ ਨਿੱਜੀ ਸੰਪਰਕ ਨਹੀਂ ਹੋ ਸਕਿਆ। ਇਸ ਲਈ ਉਨ੍ਹਾਂ ਬਾਰੇ ਜ਼ਿਆਦਾ ਦੱਸ ਪਾਉਣਾ ਸੰਭਵ ਨਹੀਂ। ਇਤਨਾ ਕਹਿ ਸਕਦੇ ਹਾਂ ਕਿ ਉਹ ‘ਗੁਰੂ’ ਵਿਸ਼ੇਸ਼ਣ ਬਾਰੇ ਸਾਡੀ ਸਮਝ ਬਾਰੇ ਪਹਿਲਾਂ ਤੋਂ ਜਾਣੂ ਹਨ ਅਤੇ ਇਸ ਦੇ ਬਾਵਜੂਦ ਉਹ ਪਰਿਵਾਰ ਵਲੋਂ ਕੀਤੇ ਸਮਾਗਮਾਂ ਵਿਚ ਸ਼ਾਮਿਲ ਹੁੰਦੇ ਰਹੇ ਹਨ। ਸੋ ਹੁਣ ਇਸ ਨੂੰ ਕਿਸੇ ਚਰਚਾ ਵਿਚ ਸ਼ਾਮਿਲ ਹੋਣ ਲਈ ਮੁੱਦਾ ਬਣਾ ਲੈਣਾ ਸਮਝ ਤੋਂ ਬਾਹਰ ਦੀ ਗੱਲ ਹੈ।

 

ਕਿਰਪਾਲ ਸਿੰਘ ਜੀ ਬਠਿੰਡਾ ਨਾਲ ਵੀ ਸੱਦਾ ਪੱਤਰ ਭੇਜਣ ਤੋਂ ਬਾਅਦ ਨਿੱਜੀ ਤੌਰ ’ਤੇ ਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਲੰਮੇ ਸਫਰ ਦੀ ਇਜਾਜ਼ਤ ਨਹੀਂ ਦਿੰਦੀ, ਸੋ ਆਉਣਾ ਮੁਸ਼ਕਿਲ ਹੈ। ਅਸੀਂ ਉਨ੍ਹਾਂ ਨੂੰ ਆਪਣੇ ਲਿਖਤੀ ਵਿਚਾਰ ਭੇਜਣ ਦੀ ਬੇਨਤੀ ਵੀ ਕੀਤੀ। ਸਾਂਝਾ ਬਿਆਨ ਆਉਣ ਉਪਰੰਤ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਿਸ਼ੇ ਵਿਚ ਮੋਹਾਲੀ ਤੋਂ ਮਨਜੀਤ ਸਿੰਘ ਜੀ ਦਾ ਫੋਨ ਆਇਆ ਸੀ ਕਿ ਇਕ ਸਾਂਝਾ ਬਿਆਨ ਤਿਆਰ ਕਰ ਰਹੇ ਹਾਂ ਸੁਧਾਰ ਉਪਰਾਲੇ ਬਾਰੇ, ਤੁਹਾਡਾ ਨਾਮ ਵੀ ਪਾ ਦੇਈਏ। ਬਾਕੀ ਪਾਠਕ ਆਪ ਸਮਝਦਾਰ ਹਨ। ਇਸ ਵਿਸ਼ੇ ਵਿਚ ਉਨ੍ਹਾਂ ਨਾਲ ਲੰਮੀ ਗਲਬਾਤ ਹੋਈ ਪਰ ਉਹ ਕੋਈ ਠੋਸ ਕਾਰਨ ਨਹੀਂ ਦੱਸ ਪਾਏ ਇਸ ਗਲਤ ਪਹੁੰਚ ਦਾ।

 

ਸਰਬਜੀਤ ਸਿੰਘ ਜੀ (ਸਾਬਕਾ ਐਡੀਟਰ ਇੰਡੀਆ ਅਵੈਅਰਨੈਸ) ਨਾਲ ਵੀ ਫੋਨ ਰਾਹੀਂ ਨਿੱਜੀ ਤੌਰ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਆਉਣਾ ਤਾਂ ਮੁਸ਼ਕਿਲ ਹੈ ਪਰ ਕੋਸ਼ਿਸ਼ ਕਰਾਂਗਾ। ਉਨ੍ਹਾਂ ਨੇ ਵੀ ਸਾਂਝੇ ਬਿਆਨ ਵਿਚਲਾ ਕੋਈ ਕਾਰਨ ਨਿੱਜੀ ਸੰਪਰਕ ਵੇਲੇ ਨਹੀਂ ਦਸਿਆ। ਉਹ ਸਾਹਮਣੇ ਸੱਚ ਕਹਿਣ ਤੋਂ ਕਿਉਂ ਝਿਝਕਦੇ ਸਨ? ਉਨ੍ਹਾਂ ਨਾਲ ਸਾਡੇ ਸੰਬੰਧ ਕਾਫੀ ਪੁਰਾਣੇ ਹਨ। ‘ਗੁਰੂ’ ਵਿਸ਼ੇਸ਼ਣ ਬਾਰੇ ਸਾਡੀ ਗੁਰਮਤਿ ਸਮਝ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਸਨ। ਇਸ ਨੁਕਤੇ ’ਤੇ ਪੂਰੀ ਤਰ੍ਹਾਂ ਸਹਿਮਤ ਨਾ ਹੋਣ ਦੇ ਬਾਵਜੂਦ ਵੀ ਅਸੀਂ ਮਿਲ ਕੇ ਕੰਮ ਕੀਤਾ। ਪਰਿਵਾਰ ਵਲੋਂ ਪ੍ਰਕਾਸ਼ਿਤ ਪਹਿਲੀ ਅਤੇ ਦੂਜੀ ਪੁਸਤਕ ਦਾ ਟਾਈਟਲ ਪੇਜ ਤਿਆਰ ਕਰਨ ਦੀ ਨਿਸ਼ਕਾਮ ਸੇਵਾ ਵੀ ਉਨ੍ਹਾਂ ਨੇ ਹੀ ਨਿਭਾਈ। ਪਰਿਵਾਰ ਵਲੋਂ ਤਿਆਰ ਕੀਤੀ ‘ਅਰਦਾਸ’ ਦੀ ਸ਼ਬਦਾਵਲੀ (ਜੋ ਨਵੇਂ ਨਿਤਨੇਮ ਦੀ ਪੋਥੀ ਵਿਚ ਛਾਪੀ ਗਈ ਸੀ) ਵੀ ਉਨ੍ਹਾਂ ਵਲੋਂ ਤਿਆਰ ਕੀਤੀ ਹੋਈ, ਉਨ੍ਹਾਂ ਦੀ ਸਹਿਮਤੀ ਅਤੇ ਮੌਜੂਦਗੀ ਵਿਚ ਹੀ ਫਾਈਨਲ ਕੀਤੀ ਗਈ ਸੀ। ਪਰ ਪਿਛਲੇ ਦੋ ਕੁ ਸਾਲ ਤੋਂ ਉਨ੍ਹਾਂ ਨੇ, ਕਿਸੇ ਗਲਤ ਪ੍ਰਭਾਵ ਹੇਠ ਆ ਕੇ, ‘ਗੁਰੂ ਵਿਸ਼ੇਸ਼ਣ’ ਵਾਲੇ ਵਿਸ਼ੇ ਨੂੰ ਇਕ ਮੁੱਦਾ ਬਣਾ ਕੇ ਪਰਿਵਾਰ ਵਿਰੁਧ ਪ੍ਰਚਾਰ ਸ਼ੁਰੂ ਕਰ ਦਿੱਤਾ। ਸ਼ਾਇਦ ਉਸੇ ਪ੍ਰਭਾਵ ਦਾ ਅਸਰ ਹੀ ਇਸ ਸਾਂਝੇ ਬਿਆਨ ਨਾਲ ਸਹਿਮਤੀ ਪਿੱਛੇ ਕਾਰਨ ਹੈ।  ਪਰ ਸਾਡੇ ਲਈ ਉਨ੍ਹਾਂ ਸਮੇਤ ਸਾਰੇ ਹੀ ਹੁਣ ਵੀ ਸਤਿਕਾਰਿਤ ਹਨ ਅਤੇ ਰਹਿਣਗੇ। ਸ਼ਾਇਦ ਸਮੇਂ ਨਾਲ ਉਨ੍ਹਾਂ ਨੂੰ ਸੱਚ ਸਮਝ ਆ ਜਾਵੇ।

 

ਗਿਆਨੀ ਜਗਤਾਰ ਸਿੰਘ ਜੀ ਜਾਚਕ ਵੀ ਪੰਥ ਦੇ ਸੁਚੇਤ ਤਬਕੇ ਵਿਚ ਇਕ ਜਾਣਿਆ-ਪਛਾਣਿਆ ਨਾਮ ਹਨ। ਉਨ੍ਹਾਂ ਨੂੰ ਵੀ ਸੱਦਾ ਪੱਤਰ ਅਤੇ ਫੋਨ ਰਾਹੀਂ ਸੰਪਰਕ ਕਰਕੇ ਵਿਚਾਰ-ਚਰਚਾ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ। ਵਿਚਾਰ ਇਕੱਤਰਤਾ ਤੋਂ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਕੁਝ ਸੁਹਿਰਦ ਸੱਜਣ ਉਨ੍ਹਾਂ ਨਾਲ ਮੁਲਾਕਾਤ ਕਰਕੇ ਇਸ ਇਕੱਤਰਤਾ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਨੂੰ ਸਮਝਾਉਣ ਗਏ। ਉਸ ਮੀਟਿੰਗ ਵਿਚਲੀ ਕੋਸ਼ਿਸ਼ ਦੌਰਾਨ ਇਕ ਸੱਜਣ ਨੇ ਗਿਆਨੀ ਜਾਚਕ ਜੀ ਦੀ ਗੱਲ ਪਰਿਵਾਰ ਦੇ ਮੈਂਬਰ ਪ੍ਰਿੰ. ਨਰਿੰਦਰ ਸਿੰਘ ਜੀ ਨਾਲ ਫੋਨ ਰਾਹੀਂ ਕਰਵਾਈ। ਫਤਹਿ ਸਾਂਝੀ ਹੋਣ ਤੋਂ ਬਾਅਦ ਹੀ ਜਾਚਕ ਜੀ ਕੁਝ ਇਸ ਤਰ੍ਹਾਂ ਬੋਲੇ, “ਪਹਿਲਾਂ ਤੂਸੀਂ ਗਲਤੀ ਮੰਨ ਕੇ ਜਨਤਕ ਮਾਫੀ ਮੰਗੋ ਅਤੇ ਇਹ ਲਿਖੋ ਕਿ ਅਸੀਂ ਦਸਾਂ ਪਾਤਸ਼ਾਹੀਆਂ ਨੂੰ ‘ਗੁਰੂ’ ਮੰਨਦੇ ਹਾਂ। ਉਸ ਉਪਰੰਤ ਵਿਚਾਰ ਹੋਵੇਗੀ”। ਪ੍ਰਿੰ. ਨਰਿੰਦਰ ਸਿੰਘ ਜੀ ਨੇ ਇਸ ਭਾਵ ਦੀ ਗੱਲ ਕਹੀ ਕਿ “ਜਾਚਕ ਜੀ, ਕੀ ਇਹ ਘਿੱਸੀਆਂ-ਪਿੱਟੀਆਂ ਪੁਜਾਰੀਵਾਦੀ ਸ਼ਰਤਾਂ ਅਤੇ ਫਤਵੇਬਾਜ਼ੀ ਗੁਰਮਤਿ ਅਨੁਸਾਰੀ ਹਨ? ਅਸੀਂ ਸੁਚਤੇ ਕਹਾਉਂਦੇ ਲੋਕ ਵੀ ਨਰਾਜ਼ਗੀ ਵਿਚ ਪੁਜਾਰੀਆਂ ਨੂੰ ਪਿੱਛੇ ਛੱਡਣ ਵਿਚ ਕਿਉਂ ਕਾਹਲੇ ਪਏ ਹਾਂ? ‘ਗੁਰੂ’ ਵਿਸ਼ੇਸ਼ਣ ਬਾਰੇ ਅਸੀਂ ਆਪਣਾ ਪੱਖ ਗੁਰਮਤਿ ਸਮਝ ਅਨੁਸਾਰ ਰੱਖਿਆ ਹੈ, ਕਿਸੇ ’ਤੇ ਥੋਪਿਆ ਤਾਂ ਨਹੀਂ। ਅਸੀਂ ਤਾਂ ਕਿਸੇ ਦੇ ‘ਗੁਰੂ ਵਿਸ਼ੇਸ਼ਣ’ ਵਰਤਣ ਨਾਲ ਨਰਾਜ਼ ਨਹੀਂ ਹੁੰਦੇ, ਫੇਰ ਸਾਡਾ ਵਿਰੋਧ ਕਰਨ ਵਾਲੇ ਇਸ ਵਿਸ਼ੇ ’ਤੇ ਇਤਨੇ ਛਿੱਥੇ ਕਿਉਂ ਹਨ? ਇਸ ਸਮੇਤ ਕਿਸੇ ਵਿਸ਼ੇ ’ਤੇ ਵਿਚਾਰ ਹੋ ਸਕਦੀ ਹੈ ਪਰ ਪੁਜਾਰੀਵਾਦੀ ਸ਼ਰਤਾਂ ਕਿਉਂ? ਜੇ ਐਸੀਆਂ ਪੁਜਾਰੀਵਾਦੀ ਸ਼ਰਤਾਂ ਹੀ ਮੰਨਣੀਆਂ ਹੁੰਦੀਆਂ ਤਾਂ ‘ਤੱਤ ਗੁਰਮਤਿ ਪਰਿਵਾਰ’ ਬਣਾਉਣਾ ਹੀ ਕਿਉਂ ਸੀ?” ਇਸ ਉਪਰੰਤ ਜਾਚਕ ਜੀ ਨੇ ਗੁੱਸੇ ਵਿਚ ਇਹ ਕਹਿੰਦੇ ਹੋਏ ਫੋਨ ਛੱਡ ਦਿਤਾ ਕਿਹਾ ‘ਫੇਰ ਸਾਡੀ ਗੱਲਬਾਤ ਨਹੀਂ ਹੋ ਸਕਦੀ’। ਸੁਚੇਤ ਪੰਥ ਦੇ ਆਗੂ ਕਹਾਉਂਦੇ ਸੱਜਣ ਵਿਵਹਾਰ ਵਿਚ ਗੁਰਮਤਿ ਅਪਨਾਉਣ ਵਿਚ ਕਿੱਥੇ ਖੜੇ ਹਨ, ਅਸੀਂ ਉਪਰਲੀ ਗੱਲ ਬਾਤ ਤੋਂ ਸਮਝ ਸਕਦੇ ਹਾਂ।

 

ਸੁਧਾਰ ਉਪਰਾਲੇ ਦਾ ਵਿਰੋਧ ਕਰਦੇ ਇਸ ਸਾਂਝੇ ਬਿਆਨ ਵਿਚ ਸ਼ਾਮਿਲ ਬਾਕੀ ਦੋ ਸੱਜਣ ਹਨ ਮਨਜੀਤ ਸਿੰਘ ਜੀ ਖਾਲਸਾ ਮੋਹਾਲੀ ਅਤੇ ਇੰਦਰਜੀਤ ਸਿੰਘ ਜੀ ਕਾਨਪੁਰ। ਅਸਲ ਵਿਚ ਇਸ ਸੁਧਾਰ ਉਪਰਾਲੇ ਬਾਰੇ ਪਾਏ ਜਾ ਰਹੇ ਕੂੜ ਪ੍ਰਚਾਰ ਰੂਪੀ ਸ਼ੋਰ ਵਿਚ ਇਹ ਦੋ ਸੱਜਣ ਹੀ ਸ਼ੁਰੂ ਤੋਂ ਸਰਗਰਮ ਹਨ। ਇਸ ਸਾਂਝੇ ਬਿਆਨ ਦੇ ਸੂਤਰਧਾਰ ਵੀ ਮਨਜੀਤ ਸਿੰਘ ਜੀ ਮੋਹਾਲੀ ਹਨ। ਸੋ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਪਿਛਲੇ ਝੂਠ ਅਤੇ ਕੂੜ ਨੂੰ ਸਪਸ਼ਟ ਕਰਨ ਲਈ ਥੋੜੀ ਗੰਭੀਰ ਵਿਚਾਰ ਇਸ ਲੇਖ ਲੜੀ ਦੇ ਅਗਲੇ ਪੜਾਅ ’ਤੇ ਛੇਤੀ ਹੀ ਕਰਨ ਦਾ ਯਤਨ ਕੀਤਾ ਜਾਵੇਗਾ।

 

ਚਲਦੇ ਚਲਦੇ :

ਪ੍ਰੋ. ਕੰਵਲਦੀਪ ਵਲੋਂ ਆਏ ਤਾਜ਼ਾ ਲਿਖਤ ਬਾਰੇ:-

ਵੀਰ ਕੰਵਲ ਨੇ ਅੱਜ ਖਾਲਸਾ ਨਿਉਜ਼ ’ਤੇ ਛਪੀ ਆਪਣੀ ਤਾਜ਼ਾ ਲਿਖਤ ਵਿਚ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਤੇ ਹਲਕੇ ਪੱਧਰ ਦਾ ਵਿਅੰਗ ਕਸਦੇ ‘ਤੱਤ ਗੁਰਮਤਿ ਪਰਿਵਾਰ’ ਨੂੰ ਕੁਝ ਸਵਾਲ ਵੀ ਕੀਤੇ ਹਨ। ਵੀਰ ਜੀ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਿੱਖ ਰਹਿਤ ਮਰਿਯਾਦਾ ਦਾ ਸੁਧਾਰ ਕਾਫੀ ਸਮੇਂ ਤੋਂ ਸਾਡਾ ਇਕ ਉਸਾਰੂ ਸੁਫਨਾ ਸੀ, ਜੋ ਹੁਣ ਹਕੀਕਤ ਵਿਚ ਬਦਲ ਗਿਆ ਹੈ ਅਤੇ ਆਪਣੇ ਆਖਰੀ ਪੜਾਅ ’ਤੇ ਪਹੁੰਚ ਚੁੱਕਾ ਹੈ। ਪ੍ਰਭੂ ਦੀ ਰਜ਼ਾ ਵਿਚ ਉਹ ਪੜਾਅ ਵੀ ਛੇਤੀ ਪੂਰਾ ਹੋ ਜਾਵੇਗਾ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਉਪਰਾਲੇ ਵਿਚ ਅਨੇਕਾਂ ਥਾਂ ਆਪ ਜੀ ਦਾ ਵੀ ਯੋਗਦਾਨ ਅਤੇ ਸਹਿਮਤੀ ਰਹੀ ਹੈ। ਤੁਹਾਡੇ ਵਿਚਾਰ ਅਗਰ ਹੁਣ ਬਦਲ ਗਏ ਹਨ ਤਾਂ ਕੋਈ ਗਲਤ ਨਹੀਂ ਹੈ, ਪਰ ਜਿਵੇਂ ਆਪ ਆਪਣੇ ਕੀਤੇ ਤੋਂ ਮੁੱਕਰ ਰਹੇ ਹੋ, ਉਹ ਬੇਸ਼ਕ ਬੇਈਮਾਨੀ ਹੈ। ਉਪਰਾਲੇ ਬਾਰੇ ਆਪ ਜੀ ਦਾ ਕੂੜ ਪ੍ਰਚਾਰ ਇਸ ਆਧਾਰ ’ਤੇ ਖੜਾ ਸੀ ਕਿ ਆਪ ਜੀ ਨੇ ਖਰੜੇ ਦੀ ਆਪਣੀ ਕਾਪੀ ਫਾੜਦੇ ਹੋਏ ਬਾਈਕਾਟ ਕੀਤਾ ਤਾਂ ਉਸ ਦਾ ਪਰਦਾਫਾਸ਼ ਸਚਮੁੱਚ ਹੋ ਚੁੱਕਾ ਹੈ। ਇਸ ਸੰਬੰਧੀ ਵੀਡੀਉ ਵੀ ਕੁਝ ਸੱਜਣਾਂ ਨੇ ਇੰਟਰਨੈਟ ’ਤੇ ਪਾ ਦਿੱਤੀ ਹੈ।

ਜਿਥੋਂ ਤੱਕ ਪ੍ਰੋ. ਕੰਵਲ ਵਲੋਂ ਉਠਾਏ ਸਵਾਲਾਂ ਦੀ ਗੱਲ ਹੈ। ਉਨ੍ਹਾਂ ਦਾ ਪਹਿਲਾ ਸਵਾਲ ਬਹੁਤ ਪੁਰਾਣਾ ਹੋ ਚੁੱਕਾ ਹੈ। ਹਰ ਚੌਥੇ ਦਿਨ ਕੋਈ ਨਵਾਂ ਬੰਦਾ ਇਹ ਸਵਾਲ ਸਾਡੇ ਸਾਹਮਣੇ ਰੱਖ ਦਿੰਦਾ ਹੈ। ਇਸ ਬਾਰੇ ਅਸੀਂ ਆਪਣਾ ਪੱਖ ਅਤੇ ਸਟੈਂਡ ਅਨੇਕਾਂ ਵਾਰ ਰੱਖ ਚੁੱਕੇ ਹਾਂ। ਸਾਡਾ ਸਟੈਂਡ ਅੱਜ ਵੀ ਉਹੀ ਹੈ। ਪਹਿਲੀ ਇਕੱਤਰਤਾ ਵਿਚ ਆਪ ਚਾਰ ਸੈਸ਼ਨ (ਦੋ ਦਿਨ) ਸ਼ਾਮਿਲ ਰਹੇ, ਉੱਥੇ ਇਹ ਸਵਾਲ ਕਿਉਂ ਨਹੀਂ ਉਠਾਇਆ? ਵੀਰ ਕੰਵਲ ਦੋ ਦਿਨ ਤੱਕ ਪਹਿਲੀ ਇਕੱਤਰਤਾ ਵਿਚ ਸ਼ਾਮਿਲ ਰਹੇ। ਜਦੋਂ ਤੱਕ ਸ਼ਾਮਿਲ ਰਹੇ ਹਰ ਮੱਦ ਉਨ੍ਹਾਂ ਦੀ ਸਹਿਮਤੀ ਨਾਲ ਪ੍ਰਵਾਨ ਹੁੰਦੀ ਰਹੀ। ਕਿਸੇ ਇਕ ਵੀ ਮੱਦ ਤੇ ਉਨ੍ਹਾਂ ਨੇ ਵੱਖਰੀ ਅਸਹਿਮਤੀ ਦਰਜ ਨਹੀਂ ਕਰਵਾਈ। ਉਨ੍ਹਾਂ ਦੇ ਬਾਕੀ ਸਵਾਲ ਉਸ ਖਰੜੇ ਨਾਲ ਸੰਬੰਧਿਤ ਹਨ, ਜਿਸ ’ਤੇ ਵਿਚਾਰ-ਚਰਚਾ ਵਿਚ ਉਨ੍ਹਾਂ ਨੇ ਹਿੱਸਾ ਲਿਆ। ਉਹ ਸਭ ਜਾਣਦੇ ਹਨ ਕਿ ਇਸ ਬਾਰੇ ਇਕੱਤਰਤਾ ਵਿਚ ਕੀ ਪਾਸ ਹੋਇਆ। ਉਹੀ ਸਾਡਾ ਵਿਚਾਰ ਵੀ ਹੈ। ਸੋ ਉਨ੍ਹਾਂ ਦਾ ਐਸੇ ਸਵਾਲ ਪੁੱਛਣਾ ਬਣਦਾ ਹੀ ਨਹੀਂ। ਐਸੇ ਕਿਸੇ ਨੁਕਤੇ ’ਤੇ ਪਰਿਵਾਰ ਜਾਂ ਕੰਵਲਜੀਤ ਕੀ ਵਿਚਾਰ ਰਖਦਾ ਹੈ, ਇਸ ਤੋਂ ਵੱਧ ਮਹਤੱਵ ਇਸ ਗੱਲ ਦਾ ਹੈ ਕਿ ਗੁਰਮਤਿ ਉਸ ਨੁੱਕਤੇ ਬਾਰੇ ਕੀ ਸੇਧ ਦੰਦੀ ਹੈ ? ਹਰ ਨੁੱਕਤੇ ਨੂੰ ਵੱਧ ਤੋਂ ਵੱਧ ਗੁਰਮਤਿ ਅਨੁਸਾਰੀ ਬਣਾਉਣ ਦੇ ਮਕਸਦ ਨਾਲ ਹੀ ਵਿਚਾਰ/ਸੁਝਾਅ ਵਾਰ-ਵਾਰ ਮੰਗੇ ਗਏ ਸਨ ਅਤੇ ਵਿਚਾਰ ਇਕੱਤਰਤਾਵਾਂ ਲਈ ਖੁੱਲੇ ਦਿਲ ਨਾਲ ਸੱਦੇ ਦਿੱਤੇ ਗਏ ਸਨ।

 

ਬਾਕੀ ਥੋੜੇ ਸਮੇਂ ਬਾਅਦ ਜਦੋਂ ਇਹ ਦਸਤਾਵੇਜ਼ ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਸਾਹਮਣੇ ਆ ਜਾਵੇਗਾ ਤਾਂ ਸਾਰਿਆਂ ਨੂੰ ਸਾਡਾ ਅਤੇ ਇਕੱਤਰਤਾ ਦਾ ਪੱਖ ਸਪਸ਼ਟ ਹੋ ਜਾਵੇਗਾ। ਇਹ ਦੱਸਣਾ ਗੈਰ-ਵਾਜਿਬ ਨਹੀਂ ਹੋਵੇਗਾ ਕਿ ਪਾਠਕਾਂ ਦੇ ਵਿਚਾਰਾਂ ਲਈ ਪਾਏ ਗਏ ਦਸਤਾਵੇਜ਼ ਦੇ ਖਰੜੇ (ਵਿਆਖਿਆ ਸਹਿਤ) ਵਿਚ ਮਾਮੂਲੀ ਬਦਲਾਵ ਹੀ ਹੋਏ ਹਨ। ਜਿਹੜੇ ਸਵਾਲ ਪ੍ਰੋ. ਕੰਵਲ ਨੇ ਪਰਿਵਾਰ ਨੂੰ ਉਠਾਏ ਹਨ, ਉਨ੍ਹਾਂ ਬਹੁਤਿਆਂ ਤੇ ਦਸਤਾਵੇਜ਼ ਵਿਚ ਜੋ ਵੀ ਮੱਦ ਪਾਸ ਹੋਈ ਹੈ, ਪ੍ਰੋ. ਕੰਵਲ ਵਲੋਂ ਉਨ੍ਹਾਂ ਨਾਲ ਜਤਾਈ ਸਹਿਮਤੀ ਦੇ ਸਬੁਤ ਸਾਂਭੇ ਹੋਏ ਹਨ।

 

ਨਿਸ਼ਕਾਮ ਨਿਮਰਤਾ ਸਾਹਿਤ

ਤੱਤ ਗੁਰਮਤਿ ਪਰਿਵਾਰ

18/11/12


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top