Share on Facebook

Main News Page

ਤੱਤ ਗੁਰਮਤਿ ਪਰਿਵਾਰ ਦੇ ਉਪਰਾਲੇ ’ਤੇ ਸਿੱਖ ਚਿੰਤਕਾਂ ਦੀ ਪ੍ਰਤੀਕ੍ਰਿਆ

ਸਤਿਕਾਰ ਯੋਗ ਦੂਜੀ ਇੱਕਤਰਤਾ ਪ੍ਰਬੰਧਕ ਕਮੇਟੀ ਅਤੇ ‘ਤੱਤ ਗੁਰਮਤਿ ਪਰਿਵਾਰ’ ਦੇ ਸੱਜਣੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

ਵਿਸ਼ਾ: ਮਿਤੀ 6 ਅਕਤੂਬਰ ਨੂੰ ਆਪ ਜੀ ਵਲੋਂ ਲਿਖੇ ਸੱਦੇ ਪੱਤਰ ਸਬੰਧੀ

ਆਪ ਜੀ ਵਲੋਂ ਜਾਰੀ ਕੀਤਾ ਇਕ ਹੋਰ ਸੱਦਾ ਪੱਤਰ ਪੜਨ ਨੂੰ ਮਿਲਿਆ ਹੈ। ਸਿੱਖ ਰਹਿਤ ਮਰਿਆਦਾ ਸੁਧਾਰ ਉਪਰਾਲੇ ਦੇ ਨਾਮ ਅਧੀਨ “ਤੱਤ ਪਰਿਵਾਰ” ਲਈ ਕਿਸੇ ਜੀਵਨ ਜਾਚ ਨੂੰ ਤਿਆਰ ਕਰਨ ਲਈ ਵੀਚਾਰ ਮੰਗੇ ਗਏ ਹਨ।

ਆਪਣੇ ਪੜਾਅਵਾਰ ਉਪਰਾਲੇ ਅਧੀਨ “ਤੱਤ ਪਰਿਵਾਰ” ਨੇ ਹੇਠ ਲਿਖਿਆ ਐਲਾਨ ਕੀਤਾ ਹੋਇਆ ਹੈ ਕਿ:-

ਅਸੀਂ ਇਸ ਗਲ ਤੋਂ ਵਾਕਿਫ਼ ਹਾਂ ਕਿ ਸਾਡਾ ਸਾਰੇ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਹੈ, ਇਸ ਲਈ ਅਸੀਂ ਇਹ ‘ਗੁਰਮਤਿ ਜੀਵਨ ਜਾਚ; ਰੂਪੀ ਸੁਧਾਰ ਦਾ ਕਦਮ ਤੱਤ ਗੁਰਮਤਿ ਪਰਿਵਾਰ ਲਈ ਹੀ ਚੁੱਕ ਰਹੇ ਹਾਂ। ਤਿਆਰ ਹੋਂਣ ਉਪਰੰਤ ਇਹ ‘ਗੁਰਮਤਿ ਜੀਵਨ ਜਾਚ’ ਸਿਰਫ਼ ਪਰਿਵਾਰ ਅਪਣੇ ਤੇ ਹੀ ਲਾਗੂ ਕਰੇਗਾ”

  1. ਜੇ ਕਰ ਆਪ ਜੀ ਪੰਥ ਤੇ ਕੋਈ ਅਧਿਕਾਰ ਅਤੇ ਪਹੁੰਚ ਨਹੀਂ ਰੱਖਦੇ ਤਾਂ ਆਪ ਜੀ ਵਲੋਂ, ਕਿਸੇ ਨਿਜੀ ਉਪਰਾਲੇ ਨੂੰ ਸਿੱਖ ਰਹਿਤ ਮਰਿਆਦਾ ਸੁਧਾਰ ਉਪਰਾਲਾ, ਕਹਿਣ ਦਾ ਕੋਈ ਅਧਿਕਾਰ ਨਹੀਂ। ਕਿਉਂਕਿ ਨਾ ਤਾਂ ਆਪ ਜੀ ਪੰਥਕ ਨੁਮਾਇੰਦੇ ਹੋ ਅਤੇ ਨਾ ਹੀ ਆਪ ਜੀ ਨੂੰ ਕਿਸੇ “ਸੁਚੇਤ ਪੰਥ” ਨੇ ਆਪਣਾ ਨੁਮਾਇੰਦਾ ਚੁਣਿਆ ਹੈ।

  2. ਸਾਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਸਿੱਖ ਪੰਥ ਨੇ ਕਦੋਂ ਆਪ ਜੀ ਨੂੰ ਆਪਣਾ ਨੁਮਾਇੰਦਾ ਚੁਣਿਆ?

  3. ਆਪ ਜੀ ਆਪਣੀ ਇਸ ਅਨਅਧਿਕਾਰਤ ਕਾਰਵਾਈ ਵਿਚ ਨਿੱਤ ਨਵੇਂ ਜੂਮਲੇ ਵਰਤ ਰਹੇ ਹੋ ਜਿਸ ਤੋਂ ਆਪ ਜੀ ਦੀ ਕੱਚਿਆਈ ਅਤੇ ਦੂਬਿਧਾ ਸਪਸ਼ਟ ਪ੍ਰਗਟ ਹੂੰਦੀ ਹੈ।ਅਸੀਂ ਸਾਰੇ ਹੀ ਇਹ ਜਾਣਦੇ ਹਾਂ ਕਿ ਗੁਰੂਆਂ ਦਾ ਜੀਵਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇ ਸੰਸਾਰ ਨੂੰ ‘ਇਕ ਪੰਥ’ ਦੀ ਸਿਖਿਆ ਦਾ ਉਪਦੇਸ਼ ਦਿੰਦੇ ਹਨ ਪਰ ਆਪ ਜੀ ‘ਇਕ ਪੰਥ’ ਨੂੰ ਤਿੰਨ ਪੰਥਾਂ ਵਿਚ ਵੰਡਣ ਲਈ ਵੀ ਯਤਨਸ਼ੀਲ ਹੋ। (1) ਸਿੱਖ ਪੰਥ (2) ਸੁਚੇਤ ਪੰਥ (3) ਪ੍ਰਚਲਤ ਪੰਥ

  4. ਜੇ ਕਰ ਆਪ ਜੀ ਅਤੇ ਆਪ ਜੀ ਦੇ ਚੰਦ ਸਮਰਥਕਾਂ ਨੂੰ ਛੱਡ ਕੇ ਬਾਕੀ ਸਾਰਾ ਪੰਥ “ਪ੍ਰਚਲਤ ਪੰਥ” ਹੈ ਤਾਂ ਆਪ ਜੀ ਨੂੰ ਉਸ ਪੰਥ ਦੀ ਰਹਿਤ ਮਰਿਆਦਾ ਨਾਲ ਛੇੜਖਾਨੀ ਕਰਨ ਦਾ ਵੀ ਕੋਈ ਅਧਿਕਾਰ ਨਹੀਂ। ਆਪਣੇ ਤੋਂ ਛੁੱਟ ਬਾਕੀ ਸਮੁੱਚੇ ਸਿੱਖ ਪੰਥ ਨੂੰ “ਪ੍ਰਚਲਤ ਪੰਥ” ਕਹਿਣ ਵਿਚ ਸਿਖ ਪੰਥ ਅਤੇ ਗੁਰਮਤਿ ਦਾ ਅਪਮਾਨ ਹੈ।

  5. ਆਪ ਜੀ ਆਪਣੇ ਨਿਜੀ ਜੀਵਨ ਵਾਸਤੇ ਕੁੱਝ ਵੀ ਤੈਅ ਕਰ ਲਵੋ ਪਰ ਆਪਣੇ ਆਪ ਨੂੰ ਸਿੱਖ ਪੰਥ ਜਾਂ ਫ਼ਿਰ ਆਪ ਜੀ ਦੇ ਸ਼ਬਦਾਂ ਵਿਚ “ਸੁਚੇਤ ਪੰਥ” ਦਾ ਨੁਮਾਇੰਦਾ ਸਮਝਣ ਦਾ ਭੁੱਲੇਖਾ ਨਾ ਪਾਲੋ।

  6. ਆਪ ਜੀ ਗੁਰੂਆਂ ਨੂੰ ਗੁਰੂ ਦੀ ਪਦਵੀ ਤੋਂ ਹਟਾਉਂਣ ਲਈ ਵੀ ਜਤਨਸ਼ੀਲ ਹੋ ਤਾਂ ਆਪ ਜੀ ਦਾ ਕਿਸੇ ਵੀ ਐਸੇ ਸਿੱਖ ਨਾਲ ਸਮਝੋਤਾ ਕਰਨਾ ਨਹੀਂ ਸ਼ੋਭਦਾ, ਜੋ ਕਿ ਗੁਰੂ ਸਹਿਬਾਨ ਨੂੰ ਗੁਰੂ ਕਹਿੰਦਾ ਅਤੇ ਮੰਨਦਾ ਹੋਵੇ।

  7. ਅਸੀਂ ਸਾਰੇ ਕਿਸੇ ਵੀ ਐਸੇ ਨਿਜੀ ਜੀਵਨ ਜਾਚ ਦੇ ਉਪਰਾਲੇ ਦੇ ਭਾਗੀਦਾਰ ਨਹੀਂ ਬਣ ਸਕਦੇ, ਜਿਸ ਵਿਚ ਗੁਰੂ ਸਾਹਿਬਾਨ ਨੂੰ ਗੁਰ ਦੀ ਪਦਵੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ।

  8. ਪਰਿਵਾਰ ਵਲੋਂ ਮੁੱਢਲੇ ਤੌਰ ਤੇ ਵਿਚਾਰ-ਚਰਚਾ ਲਈ ਥਾਪੀ ਗਈ ਇੱਕਤਰਤਾ ਕਮੇਟੀ ਵਿੱਚ ਕੁਝ ਉਹ ਲੋਕ ਵੀ ਸ਼ਾਮਿਲ ਹਨ, ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਬਾਰੇ ਨਿਰਮੂਲ ਸ਼ੰਕੇ ਖੜੇ ਕਰ ਰਹੇ ਹਨ। ਉਨ੍ਹਾਂ ਦੀ ਮੌਜੂਦਗੀ ਵਿੱਚ ਕੀਤੇ ਜਾਣ ਵਾਲੇ ਉਪਰਾਲੇ ਕਿਸ ਦਿਸ਼ਾ ਵੱਲ ਵੱਧਣਗੇ, ਇਸ ਬਾਰੇ ਇਸ਼ਾਰੇ ਬਿਲਕੁਲ ਸਪਸ਼ਟ ਹਨ। ਇਸ ਲਈ ਜਿਸ ਇਕੱਤਰਤਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਸ਼ੰਕੇ ਪੈਦਾ ਕਰਨ ਵਾਲੇ ਵਿਅਕਤੀ ਹਾਜ਼ਿਰ ਹੋਣ, ਉਸ ਵਿਚਾਰ-ਚਰਚਾ ਵਿੱਚ ਸ਼ਾਮਲ ਨਹੀਂ ਹੋਇਆ ਜਾ ਸਕਦਾ।

  9. ਇਸ ਲਈ ਆਪ ਜੀ ਦੇ ਇਸ ਅਨਅਧਿਕਾਰਤ ਅਤੇ ਪੰਥਕ ਹਿਤਾਂ ਪ੍ਰਤੀ ਨਾਹ ਪੱਖੀ ਨਿਜੀ ਉਪਰਾਲੇ ਵਿਚ ਸਾਡੀ ਕੋਈ ਭੂਮਿਕਾ ਨਹੀਂ ਬਣਦੀ!

  10. ਨਿਜੀ ਜੀਵਨ ਜਾਚ ਤਿਆਰ ਕਰਨ ਦੇ ਉਪਰਾਲੇ ਵਿੱਚ ਗੁਰੂਆਂ ਵਲੋਂ ਬਖ਼ਸ਼ੀ ਪੰਥਕ ਬਨਾਵਟ ਅਤੇ ਸਿਖਿਆ ਨੂੰ ਢਾਹ ਲਗਾਉਂਣ ਨੂੰ ਕਦੇ ਵੀ ਗੁਰਮਤਿ ਨਹੀਂ ਕਿਹਾ ਜਾ ਸਕਦਾ।

ਦਾਸਰੇ

ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗਿਆਨੀ ਜਰਤਾਰ ਸਿੰਘ ਜਾਚਕ, ਸਰਬਜੀਤ ਸਿੰਘ (ਐਡੀਟਰ ਇੰਡੀਆ ਅਵੇਅਰਨੈਸ), ਕਿਰਪਾਲ ਸਿੰਘ ਬਠਿੰਡਾ, ਗਿਆਨੀ ਸੁਰਜੀਤ ਸਿੰਘ ਦਿੱਲੀ, ਜਸਬਿੰਦਰ ਸਿੰਘ ਖਾਲਸਾ ਦੁਬਈ, (ਰਿਟਾ.) ਕਰਨਲ ਗੁਰਦੀਪ ਸਿੰਘ ਮੋਹਾਲੀ, ਸ੍ਰ. ਇੰਦਰਜੀਤ ਸਿੰਘ ਕਾਨ੍ਹਪੁਰ, ਗਿਆਨੀ ਸੁਖਦੇਵ ਸਿੰਘ ਮੋਹਾਲੀ ਅਤੇ ਮਨਜੀਤ ਸਿੰਘ ਖਾਲਸਾ, ਮੋਹਾਲੀ


ਡਾ. ਹਰਜਿੰਦਰ ਸਿੰਘ ਦਿਲਗੀਰ

ਉਪਰ ਲਿਖੀਆਂ ਗੱਲਾਂ ਨਾਲ, ਇਕ ਹੋਰ ਗੱਲ ਕਹਿ ਦਿਆਂ: ਰਹਿਤ ਮਰਿਆਦਾ (ਗੁਰਮਤਿ ਜੀਵਨ ਜਾਚ) ਤੇ ਵਿਚਾਰਾਂ ਕਰਨ ਸਬੰਧੀ ਛੇ ਸਾਲ ਪਹਿਲਾਂ ਤੁਸੀਂ ਮੇਰੇ ਘਰ ਵਿਚ ਹੋਈਆਂ ਮੀਟਿੰਗਾਂ ਵਿਚ 5-7 ਵਾਰ ਆਏ ਸੀ ਤੇ ਉਥੇ ਆਪਾਂ ਇਕ ਖਰੜਾ ਤਿਆਰ ਕੀਤਾ ਸੀ, ਜਿਸ 'ਤੇ ਤੁਹਾਡੇ (ਪ੍ਰਿੰਸੀਪਲ ਨਰਿੰਦਰ ਸਿੰਘ, ਰਵਿੰਦਰ ਸਿੰਘ ਪਿੰਜੌਰ) ਸਣੇ ਸਾਰਿਆਂ ਦੇ ਦਸਤਖ਼ਤ ਸਨ। ਉਸ ਨੂੰ ਹੀ ਵਧਾ ਚੜਾਅ ਕੇ ਤੁਸੀਂ ਆਪਣੀ ਨਵੀਂ ਦੇਣ ਵਜੋਂ ਪੇਸ਼ ਕਰਨ ਦੀ ਕਾਰਵਾਈ ਕਰ ਕੇ, ਕੀ ਤੁਸੀਂ ਉਸ ਨੂੰ ਰੱਦ ਕਰ ਰਹੇ ਹੋ ਜਾਂ ਹਉਮੈ ਦਾ ਇਜ਼ਹਾਰ ਕਰ ਰਹੇ ਹੋ ਜਾਂ ਇਸ ਦਾ ਸਿਹਰਾ ਲੈਣਾ ਚਾਹੁੰਦੇ ਹੋ - ਇਹ ਤਾਂ ਤੁਸੀਂ ਹੀ ਜਾਣੋ।

ਸਾਰਾ ਕੁਝ ਨੂੰ ਮੱਦੇ ਨਜ਼ਰ ਰਖਦਾ ਹੋਇਆ ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡੀ ਇਸ ਮੀਟਿੰਗ ਵਿਚ ਆਉਣ ਦਾ ਕੋਈ ਮਤਲਬ ਨਹੀਂ ਬਣਦਾ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top