Share on Facebook

Main News Page

‘ਕੂੜ ਨਿਖੁਟੇ ਨਾਨਕਾ ਉੜਕਿ ਸਚ ਰਹੀ’
ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਬਾਰੇ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਦਾ ਸਾਡਾ ਪੱਖ (ਭਾਗ-2)
‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੀ ਕੇਂਦਰੀ ਪੰਚਾਇਤ ਵਲੋਂ ਦਿਤੇ ਪ੍ਰੈਸ ਨੋਟ ਦੀ ਪੜਚੋਲ
- ਤੱਤ ਗੁਰਮਤਿ ਪਰਿਵਾਰ

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਵਿਰੋਧ ਵਿਚ ਇਕ ਬਿਆਨ ਗੁਰੂ ਗ੍ਰੰਥ ਦਾ ਖਾਲਸਾ ਪੰਥ ਜਥੇਬੰਦੀ ਦੀ ਕੇਂਦਰੀ ਪੰਚਾਇਤ ਵਲੋਂ ਵੀ ਆਇਆ ਹੈ। ਇਸ ਵਿਚ ਇਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਉਹ ਪੰਥ ਦੇ ਸੁਚੇਤ ਤਬਕੇ ਦੇ ਇਸ ਸਾਂਝੇ ਸੁਧਾਰ ਉਪਰਾਲੇ ਦਾ ਸਮਰਥਨ ਨਹੀਂ ਕਰਦੇ। ਇਨ੍ਹਾਂ ਨੂੰ ਇਹ ਗਿਲਾ ਹੈ ਕਿ ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਦੇ ਇਕ ਨਿੱਜੀ ਬਿਆਨ ਨੂੰ ਇਸ ਜਥੇਬੰਦੀ ਦੇ ਸਮਰਥਨ ਵਜੋਂ ਪੇਸ਼ ਕੀਤਾ ਹੈ। ਨਰਾਜ਼ਗੀ ਹੇਠ ਇਨ੍ਹਾਂ ਨੇ ਇਸ ਉਪਰਾਲੇ ਬਾਰੇ ਹੋਰ ਵੀ ਬਹੁਤ ਕੁਝ ਬਿਆਨ ਵਿਚ ਲਿਖਿਆ ਹੈ। ਆਉ, ਇਸ ਬਾਰੇ ਵੀ ਖੁੱਲ ਕੇ ਆਪਣਾ ਪੱਖ ਸਾਂਝਾ ਕਰ ਲੈਂਦੇ ਹਾਂ। ਇਸ ਜਥੇਬੰਦੀ ਦਾ ਇਹ ‘ਪ੍ਰੈਸ ਨੋਟ’ ਹੇਠ ਲਿਖੇ ਲਿੰਕ ਤੇ ਪੜਿਆ ਜਾ ਸਕਦਾ ਹੈ।

http://khalsanews.org/newspics/2012/11Nov2012/01%20Nov%2012/01%20Nov%2012%20Reply%20to%20TGP.htm

ਗੁਰਮਤਿ ਇਨਕਲਾਬ ਦੀ ਰਾਹ ’ਤੇ ਤੁਰਨ ਵਾਲੀ ਹਰ ਸ਼ਖਸੀਅਤ ਅਤੇ ਸੰਸਥਾ ਨੂੰ ਸਿਰਫ ‘ਗੁਰਮਤਿ ਸਮਰਥਨ’ ਦੀ ਪ੍ਰਵਾਹ ਹੋਣੀ ਚਾਹੀਦੀ ਹੈ, ਕਿਸੇ ਖਾਸ ਸ਼ਖਸੀਅਤ ਜਾਂ ਧਿਰ ਦੀ ਨਹੀਂ। ਜੇ ਦ੍ਰਿੜਤਾ ਨਾਲ ਇਸ ਰਾਹ ’ਤੇ ਤੁਰਦੇ ਹੋਏ ਕੋਈ ਆਪਣਾ ਸਾਥ ਕਿਸੇ ਰੂਪ ਵਿਚ ਦੇ ਦੇਂਦਾ ਹੈ ਤਾਂ ਸੁਆਗਤ ਕਰਨਾ ਬਣਦਾ ਹੈ, ਜੇ ਕੋਈ ਨਹੀਂ ਦੇਂਦਾ ਤਾਂ ਪ੍ਰਵਾਹ ਦੀ ਲੋੜ ਨਹੀਂ ਹੋਣੀ ਚਾਹੀਦੀ।

ਅਸੀਂ ਇਕੱਤਰਤਾ ਦੌਰਾਨ ਜਾਂ ਇਸ ਬਾਰੇ ਲਗੀ ਖਬਰ ਵਿਚ ਪ੍ਰੋ. ਦਰਸ਼ਨ ਸਿੰਘ ਜਾਂ ਕਿਸੇ ਹੋਰ ਵਲੋਂ ‘ਸਮਰਥਨ’ ਦੀ ਗੱਲ ਨਹੀਂ ਕੀਤੀ। ਖਾਸ ਤੌਰ ’ਤੇ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਦੀ ਗੱਲ ਤਾਂ ਕਿਧਰੇ ਨਹੀਂ ਕੀਤੀ। ਫੇਰ ਰੋਸ ਕਿਉਂ? ਸਪਸ਼ਟ ਹੈ ਇਨ੍ਹਾਂ ਦੀ ਇਸ ਨਕਾਰਾਤਮਕ ਪਹੁੰਚ ਪਿੱਛੇ ਕਾਰਨ ਕੁਝ ਹੋਰ ਹਨ, ਕਿਉਂਕਿ ਇਨ੍ਹਾਂ ਦੇ ਕਈਂ ਮੋਹਤਬਰ ਸੱਜਣ ਨਿੱਜੀ ਤੌਰ ’ਤੇ ਇਸ ਉਪਰਾਲੇ ਦਾ ਸ਼ੁਰੂ ਤੋਂ ਹੀ ਗੈਰ-ਸਿਧਾਂਤਕ ਵਿਰੋਧ ਕਰ ਰਹੇ ਸਨ।

ਅਸੀਂ ਗੁਰਮਤਿ ਇਨਕਲਾਬ ਦੇ ਸਫਰ ਵਿਚ ਸਿਰਫ ‘ਗੁਰਮਤਿ ਦੇ ਸਮਰਥਨ’ ਨੂੰ ਜ਼ਹਿਨ ਵਿਚ ਰੱਖਣ ਦਾ ਯਤਨ ਕੀਤਾ ਹੈ, ਕਿਸੇ ਸ਼ਖਸੀਅਤ ਜਾਂ ਧਿਰ ਦੇ ਸਮਰਥਨ ਜਾਂ ਵਿਰੋਧ ਦੀ ਪ੍ਰਵਾਹ ਨਹੀਂ ਕੀਤੀ। ਸਿੱਖ ਰਹਿਤ ਮਰਿਯਾਦਾ ਸੁਧਾਰ ਇਕ ਸਾਂਝਾ ਉਪਰਾਲਾ ਸੀ ਇਸ ਲਈ ਇਸ ਵਿਚ ਸਭ ਨੂੰ ਵਿਚਾਰ ਦੇਣ ਲਈ ਬੇਨਤੀ ਵਾਰ-ਵਾਰ ਕੀਤੀ ਤਾਂ ਕਿ ਤਿਆਰ ਦਸਤਾਵੇਜ਼ ਪੂਰਨ ਤੌਰ ’ਤੇ ਗੁਰਮਤਿ ਅਨੁਸਾਰੀ ਬਣਾਉਣ ਵਿਚ ਕਾਮਯਾਬੀ ਮਿਲ ਸਕੇ।

ਪ੍ਰੋ. ਦਰਸ਼ਨ ਸਿੰਘ ਜੀ ਸਿੱਖ ਸਮਾਜ ਦੀ ਉੱਘੀ ਹਸਤੀ ਹਨ ਅਤੇ ਇਕ ਜਥੇਬੰਦੀ ਦੇ ਘੇਰੇ ਤੋਂ ਬਾਹਰ ਵੀ ਉਨ੍ਹਾਂ ਦੀ ਆਪਣੀ ਇਕ ਪਛਾਣ ਹੈ। ਇਕੱਤਰਤਾ ਲਈ ਸੱਦਾ ਪੱਤਰ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਭੇਜਿਆ ਗਿਆ ਸੀ ਨਾ ਕਿ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੇ ਨੁਮਾਇੰਦੇ ਵਜੋਂ। ਇਸ ਦਾ ਸਬੂਤ ਹੈ ਕਿ ਇਸ ਜਥੇਬੰਦੀ ਦੇ ਕਿਸੇ ਇਕ ਨੁਮਾਇੰਦੇ ਲਈ ਸੱਦਾ ਪੱਤਰ ਸੰਸਥਾ ਦੇ ਹੈਡ ਆਫਿਸ ਦੇ ਮੋਹਾਲੀ ਵਾਲੇ ਪਤੇ ਤੇ (ਈ-ਮੇਲ ਰਾਹੀਂ) ਵੱਖਰਾ ਭੇਜਿਆ ਗਿਆ ਸੀ।

ਨਿੱਜੀ ਸੱਦੇ ਦੇ ਪ੍ਰਤੀਕਰਮ ਵਿਚ ਪ੍ਰੋ. ਦਰਸ਼ਨ ਸਿੰਘ ਜੀ ਨੇ ਇਕ ਨਿੱਜੀ ਖੱਤ ਭੇਜਿਆ, ਜਿਸ ਵਿਚ ਉਨ੍ਹਾਂ ਨੇ ‘ਤੱਤ ਗੁਰਮਤਿ ਪਰਿਵਾਰ’ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਮੇਜਰ ਸਪਾਈਨ ਸਰਜਰੀ ਹੋਈ ਹੈ, ਜਿਸ ਕਾਰਨ ਉਹ ਸਫਰ ਨਹੀਂ ਕਰ ਸਕਦੇ। ਉਨ੍ਹਾਂ ਨੇ ਇਹ ਵੀ ਲਿਖਿਆ, “ਆਪ ਜੀ ਵਲੋਂ (ਭਾਵ ਪਰਿਵਾਰ ਵਲੋਂ, ਯਾਦ ਰਹੇ ਸੰਬੋਧਨ ਪਰਿਵਾਰ ਨੂੰ ਕੀਤਾ ਗਿਆ ਸੀ) ਗੁਰਮਤਿ ਗਾਡੀ ਰਾਹ ਢੂੰਡਣ ਦਾ ਉਪਰਾਲਾ ਖੂਬਸੂਰਤ ਹੈ ਬਾਕੀ ਹਰ ਜਾਗ੍ਰਤ ਧਿਰ ਦਾ ਢੰਗ ਤਰੀਕਾ ਅਤੇ ਗਤੀ ਵੱਖਰੀ ਹੋ ਸਕਦੀ ਹੈ, ਗੁਰੂ ਕਰੇ ਹਰ ਜਾਗ੍ਰਤ ਸੋਚ ਦੀ ਮੰਜ਼ਲ ਅਤੇ ਦਿਸ਼ਾ ਜ਼ਰੂਰ ਇਕ ਹੋਵੇ ਤਾਂਕੇ ਸਿਖ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਵਿਚ ਜੀਵਨ ਮੰਜ਼ਲ ਮਿਲ ਸੱਕੇ। ਗੁਰੂ ਸਫਲਤਾ ਬਖਸ਼ੇ।

ਸਪਸ਼ਟ ਹੈ ਕਿ ‘ਪਰਿਵਾਰ’ ਨੂੰ ਸੰਬੋਧਿਤ ਖੱਤ ਵਿਚ ‘ਆਪ ਜੀ’ ਪਰਿਵਾਰ ਲਈ ਹੀ ਅਤੇ ਉਪਰਾਲਾ ਵੀ ਸਿੱਖ ਰਹਿਤ ਮਰਿਯਾਦਾ ਵਾਲਾ ਹੀ ਹੈ। ਖੈਰ! ਅਗਰ ਪ੍ਰੋ. ਦਰਸ਼ਨ ਸਿੰਘ ਜੀ ਨੇ ਇਹ ਸ਼ਬਦ ਗਲਤੀ ਨਾਲ ਲਿੱਖ ਦਿੱਤੇ ਹਨ ਜਾਂ ਫੇਰ ਉਨ੍ਹਾਂ ਦੀ ਭਾਵਨਾ ਉਹ ਨਹੀਂ ਸੀ, ਜੋ ਅਸੀਂ ਸਮਝੀ ਹੈ ਤਾਂ ਇਸ ਬਾਰੇ ਸਪਸ਼ਟ ਪ੍ਰੋ. ਦਰਸ਼ਨ ਸਿੰਘ ਜੀ ਨੂੰ ਆਪ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨਿੱਜੀ ਬਿਆਨ ਦਾ ਸਪਸ਼ਟੀਕਰਨ ਇਕ ਸੰਸਥਾ ਨੂੰ ਦੇਣ ਦਾ ਹੱਕ ਕਿਵੇਂ ਹੈ? ਉਹ ਆਪ ਲਿੱਖ ਸਕਦੇ ਹਨ। ਪਹਿਲਾਂ ਦੱਸੇ ਅਨੁਸਾਰ ਪ੍ਰੋ. ਦਰਸ਼ਨ ਸਿੰਘ ਜੀ ਜਾਂ ਕੋਈ ਇਸ ਉਪਰਾਲੇ ਬਾਰੇ ਕੀ ਸੋਚਦਾ ਹੈ, ਉਸ ਨਾਲੋਂ ਵੱਧ ਮਹੱਤਵ ਇਹ ਰੱਖਦਾ ਹੈ ਕਿ ਇਹ ਉਪਰਾਲਾ ਗੁਰਮਤਿ ਦੇ ਕਿਤਨਾ ਨੇੜੇ ਹੈ ਅਤੇ ਇਸ ਦੇ ਸੰਯੋਜਕਾਂ ਨੇ ਇਸ ਵਿਚ ਕਿਤਨੀ ਖੁੱਲਦਿਲੀ ਅਤੇ ਇਮਾਨਦਾਰੀ ਨਾਲ ਸਾਰਿਆਂ ਨੂੰ ਸੱਦਾ ਦਿਤਾ ਹੈ।

ਪ੍ਰੋ. ਦਰਸ਼ਨ ਸਿੰਘ ਜੀ ਨੂੰ ਅਸੀਂ ਇਹ ਬੇਨਤੀ ਵੀ ਕੀਤੀ ਸੀ ਕਿ ਕੁਝ ਧਿਰਾਂ ’ਤੇ ਆਪ ਜੀ ਦਾ ਪ੍ਰਭਾਵ ਅੱਛਾ ਹੈ, ਸੋ ਆਪ ਜੀ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਦਾ ਇੰਡਿਆ ਵਿਚਲਾ ਇਕ ਨੁਮਾਇੰਦਾ ਇਸ ਇਕੱਤਰਤਾ ਵਿਚ ਭੇਜੋ। ਉਨ੍ਹਾਂ ਨੇ ਜਵਾਬ ਭੇਜਿਆ ਕਿ ਆਪ ਜੀ ਦੀ ਬੇਨਤੀ ਜਥੇਬੰਦੀ ਦੀ ਕੇਂਦਰੀ ਪੰਚਾਇਤ ਕੌਲ ਪਹੁੰਚਾ ਦਿਤੀ ਗਈ ਹੈ। ਇਸ ਬਾਰੇ ਫੈਸਲਾ ਉਸੇ ਨੇ ਕਰਨਾ ਹੈ। ਇਕੱਤਰਤਾ ਤੱਕ ਦੇ ਪਹਿਲੇ ਦਿਨ ਤੱਕ ਕੇਂਦਰੀ ਪੰਚਾਇਤ ਨੇ ਕੋਈ ਪ੍ਰਤੀਕਰਮ ਨਹੀਂ ਦਿਤਾ (ਸ਼ਾਇਦ ਸ਼ਿਸ਼ਟਾਚਾਰ ਦੀ ਕਮੀ ਸੀ, ਕਿਉਂਕਿ ਉਨ੍ਹਾਂ ਦੇ ਬਿਆਨ ਅਨੁਸਾਰ ਪ੍ਰੋ. ਜੀ ਨੇ ਤਾਂ ਸਿਰਫ ਸ਼ਿਸ਼ਟਾਚਾਰ ਵਜੋਂ ਪ੍ਰਤੀਕਰਮ ਦਿੱਤਾ ਸੀ)।

ਸਪਸ਼ਟ ਹੈ, ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਪਹਿਲਾਂ ਆਇਆ ਖੱਤ ਉਨ੍ਹਾਂ ਨੂੰ ਭੇਜੇ ਨਿੱਜੀ ਸੱਦਾ ਪੱਤਰ ਦੇ ਪ੍ਰਤੀਕਰਮ ਵਜੋਂ ਸੀ। ਦੂਜਾ ਖੱਤ ਇਸ ਜਥੇਬੰਦੀ ਦੇ ਨੁਮਾਇੰਦਾ ਵਲੋਂ ਭੇਜਣ ਦੇ ਸੱਦੇ ਪੱਤਰ ਦੇ ਸੰਬੰਧ ਵਿਚ ਸੀ, ਜਿਸ ਦਾ ਪ੍ਰੋ. ਜੀ ਦੇ ਨਿੱਜੀ ਪੱਤਰ ਨਾਲ ਕੋਈ ਸੰਬੰਧ ਨਹੀਂ ਸੀ। ਜੋਗਿੰਦਰ ਸਿੰਘ ਜੀ ਸਪੋਕਸਮੈਨ ਵਾਂਗੂ ਹੀ ਪ੍ਰੋ. ਦਰਸ਼ਨ ਸਿੰਘ ਜੀ ਦਾ ਬਿਆਨ ਵੀ ਅਸੀਂ ਹੂ-ਬ-ਹੂ ਇਕੱਤਰਤਾ ਵਿਚ ਪੜ੍ਹ ਕੇ ਸੁਣਾਇਆ। ਖਬਰ ਵਿਚ ਵੀ ਉਹੀ ਸ਼ਬਦ ਅਤੇ ਭਾਵ ਵਰਤੇ ਜੋ ਉਨ੍ਹਾਂ ਦੇ ਸੀ। ਹੁਣ ਜੇ ਕਿਸੇ ਨੂੰ ਇਤਰਾਜ਼ ਹੋਣਾ ਚਾਹੀਦਾ ਹੈ ਤਾਂ ਉਹ ਪ੍ਰੋ. ਜੀ ਨੂੰ ਹੋਣਾ ਚਾਹੀਦਾ ਸੀ। ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਸਮਰਥਨ ਜਾਂ ਸਹਿਯੋਗ ਦਾ ਜ਼ਿਕਰ ਨਾ ਤਾਂ ਇਕੱਤਰਤਾ ਵਿਚ ਹੋਇਆ ਅਤੇ ਨਾ ਹੀ ਖਬਰ ਵਿਚ। ਫੇਰ ਜਾਣਬੁਝ ਕੇ ਸਿਰਫ ਭੁਲੇਖੇ ਪਾਉਣ ਅਤੇ ਮਹਿਜ਼ ਵਿਰੋਧ ਕਰਨ ਦੀ ਮੰਸ਼ਾ ਨਾਲ ਕਿਸੇ ਗੱਲ ਨੂੰ ਆਪਣੇ ਉਪਰ ਢੁਕਾ ਲੈਣਾ ਕਿਥੋਂ ਦੀ ਸੁਹਿਰਦਤਾ ਹੈ?

ਪਹਿਲਾਂ ਦੱਸੇ ਅਨੁਸਾਰ ਜੇ ਪ੍ਰੋ. ਜੀ ਆਪਣੇ ਸ਼ਬਦ ਵਾਪਿਸ ਵੀ ਲੈ ਲੈਂਦੇ ਹਨ ਤਾਂ ਉਪਰਾਲੇ ਜਾਂ ਪਰਿਵਾਰ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਪਰਿਵਾਰ ਜਾਂ ਉਪਰਾਲੇ ਨੂੰ ਫਰਕ ਸਿਰਫ ਗੁਰਮਤਿ ਅਨੁਸਾਰੀ ਸਮਰਥਨ ਜਾਂ ਵਿਰੋਧ ਦਾ ਹੀ ਪੈਂਦਾ ਹੈ। ਪਰ ਅਸੀਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪਹਿਲਾਂ ਵੀ ਨਿੱਜੀ ਬੇਨਤੀ ਕੀਤੀ ਸੀ ਕਿ ਆਪ ਆਪਣਾ ਪੱਖ ਖੁਦ ਰੱਖਿਆ ਕਰੋ, ਕਿਉਂਕਿ ਆਪ ਦੇ ਆਸ-ਪਾਸ ਵਿਚਰਦੇ ਕੁਝ ਸੱਜਣ ਆਪ ਜੀ ਦੇ ਨਾਂ ਦੀ ਦੁਰਵਰਤੋਂ ਕਰ ਲੈਂਦੇ ਜਾਪਦੇ ਹਨ ਜਾਂ ਗੁੰਮਰਾਹ ਕਰ ਲੈਂਦੇ ਜਾਪਦੇ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਡੋਗਰੇ ਦਰਬਾਰੀਆਂ ਵਲੋਂ ਗਲਤ ਤਰੀਕੇ ਪੇਸ਼ ਕਰ ਕੇ ਕੀਤੇ ਕੁਝ ਕਾਰਨਾਮੇ ਵੀ ਇਤਿਹਾਸ ਵਿਚ ਮਿਲਦੇ ਹਨ, ਜਿਸ ਦਾ ਖਮਿਆਜ਼ਾ ਵੀ ਸਿੱਖ ਸਮਾਜ ਨੂੰ ਭੁਗਤਣਾ ਪਿਆ। ਬਾਕੀ ਕਿਸੇ ਵੀ ਉਪਰਾਲੇ ਦੇ ਸਹੀ ਅਤੇ ਸਫਲ ਹੋਣ ਦੀ ਕਸਵੱਟੀ ਕਿਸੇ ਸ਼ਖਸੀਅਤ ਜਾਂ ਧਿਰ ਦਾ ਸਮਰਥਨ ਜਾਂ ਵਿਰੋਧ ਨਹੀਂ ਹੁੰਦੀ, ਬਲਕਿ ਉਸ ਉਪਰਾਲੇ ਦਾ ਗੁਰਮਤਿ ਅਨੁਸਾਰੀ ਜਾਂ ਗੁਰਮਤਿ ਤੋਂ ਉਲਟ ਹੋਣਾ ਹੁੰਦਾ ਹੈ।

ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੇ ਬੌਖਲਾਹਟ ਵਿਚ ਆਏ ਇਸ ਬਿਆਨ ਦਾ ਸੱਚ ਸਪਸ਼ਟ ਕਰਨ ਉਪਰੰਤ ਉਨ੍ਹਾਂ ਵਲੋਂ ਬਿਆਨ ਵਿਚ ਉਠਾਏ ਕੁਝ ਨੁਕਤਿਆਂ ਬਾਰੇ ਆਪਣਾ ਪੱਖ ਰੱਖ ਰਹੇ ਹਾਂ।

(1) ਨੁਕਤਾ: ਇਸ ਲਈ ਇਨ੍ਹਾਂ ਦੇ ਸੱਦੇ ਪੱਤਰ ਦਾ ਜਵਾਬ ਦੇਣਾ ਇਸ ਜਥੇਬੰਦੀ ਵਲੋਂ ਠੀਕ ਨਹੀਂ ਸਮਝਿਆ ਗਇਆ, ਕਿਉਂਕਿ ਇਹ ਅਪਣੇ ਕੀਤੇ, ਕਿਸੇ ਵੀ ‘ਕ੍ਰਿਤ’ ਦੀ ਆਲੋਚਣਾ ਅਤੇ ਵਿਰੋਧੀ ਵਿਚਾਰਧਾਰਾ ਨੂੰ ਮਾਨਤਾ ਨਹੀਂ ਦਿੰਦੇ, ਅਤੇ ਨਾਂ ਹੀ ਉਸ ਤੇ ਕੋਈ ਵਿਚਾਰ ਕਰਦੇ ਹਨ। ਇਹ ਉਸੇ ਵਿਚਾਰਧਾਰਾ ਨੂੰ ਪ੍ਰਮੁੱਖਤਾ ਦਿੰਦੇ ਅਤੇ ਸਵੀਕਾਰਦੇ ਹਨ, ਜੋ ਇਨਾਂ ਦਾ ਹੀ ਪੱਖ ਪੂਰਦਾ ਹੋਵੇ।

ਸਾਡਾ ਪੱਖ : ਇਥੇ ‘ਵਿਸ਼ਵ ਚੇਤਨਾ ਲਹਿਰ’ ਕਹਿਲਾਉਂਦੀ ਇਸ ਜਥੇਬੰਦੀ ਦੀ ਕੇਂਦਰੀ ਪੰਚਾਇਤ ਦੇ ਸੱਜਣਾਂ ਨੇ ਤੱਥਾਂ ਨੂੰ ਅਣਗੌਲਿਆਂ ਕਰਕੇ ਕਿਤਨੀ ਗੈਰ-ਜਿੰਮੇਵਾਰੀ ਨਾਲ ਕੋਰਾ ਝੂਠ ਬੋਲਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਲਜ਼ਾਮ ਲਾਇਆ ਹੈ ਕਿ ਅਸੀਂ ਆਪਣੀ ਕਿਸੇ ਵੀ ਕ੍ਰਿਤ ਦੀ ਆਲੋਚਣਾ ਅਤੇ ਵਿਰੋਧੀ ਵਿਚਾਰਧਾਰਾ ਨੂੰ ਮਾਨਤਾ ਨਹੀਂ ਦਿੰਦੇ। ਇਨ੍ਹਾਂ ਦੇ ਇਸ ਨੀਮ ਝੂਠ ਨੂੰ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਤੱਥ ਹੀ ਨੰਗਾ ਕਰਨ ਲਈ ਕਾਫੀ ਹਨ। ਇਸ ਉਪਰਾਲੇ ਦੇ ਪਹਿਲੇ ਪੜਾਅ ਵਿਚ ਪਰਿਵਾਰ ਨੇ ਨਿੱਜੀ ਮੀਟਿੰਗਾਂ ਵਿਚ ਕੁਝ ਹੋਰ ਸੱਜਣਾਂ ਦੇ ਸਹਿਯੋਗ ਨਾਲ ‘ਗੁਰਮਤਿ ਜੀਵਨ ਜਾਚ’ ਨਾਮਕ ਸੰਭਾਵੀ ਖਰੜਾ ਤਿਆਰ ਕੀਤਾ। ਇਸ ਉਪਰੰਤ ਅਸੀਂ ਵਾਰ-ਵਾਰ ਇਹ ਬੇਨਤੀਆਂ ਜਨਤਕ ਤੌਰ ’ਤੇ ਕੀਤੀਆਂ ਕਿ ਹਾਲੇ ਤੱਕ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਗੁਰਮਤਿ ਦੀ ਰੌਸ਼ਨੀ ਵਿਚ ਹਰ ਮੱਦ ਬਾਰੇ ਲਿਖਤੀ ਵਿਚਾਰ ਦੇਵੋ ਅਤੇ ਕਰਵਾਈਆਂ ਜਾ ਰਹੀਆਂ ਇਕੱਤਰਤਾਵਾਂ ਵਿਚ ਸ਼ਾਮਿਲ ਹੋ ਕੇ ਗੁਰਮਤਿ ਦੀ ਰੌਸ਼ਨੀ ਵਿਚ ਇਸ ਵਿਚ ਜਿਤਨੇ ਮਰਜ਼ੀ ਬਦਲਾਅ ਕਰਵਾ ਲਵੋ। ਪਰ ਇਸ ਜਥੇਬੰਦੀ ਜਾਂ ਵਿਰੋਧ ਜਤਾਉਣ ਵਾਲੇ ਸੱਜਣਾਂ ਨੇ ਇਸ ਖਰੜੇ ਦੀਆਂ ਮੱਦਾਂ ਬਾਰੇ ਗੁਰਮਤਿ ਦੀ ਰੌਸ਼ਨੀ ਵਿਚ ਕੋਈ ਵੀ ਲਿਖਤੀ ਵਿਚਾਰ/ਸੁਝਾਵ ਨਹੀਂ ਦਿੱਤਾ ਅਤੇ ਨਾ ਹੀ ਵਿਚਾਰ-ਚਰਚਾ ਵਿਚ ਸ਼ਾਮਿਲ ਹੋਏ। ਸ਼ਾਮਿਲ ਹੁੰਦੇ ਵੀ ਕਿਵੇਂ, ਮਨ ਕਰਕੇ ਤੇ ਜਾਣਦੇ ਸੀ ਕਿ ਉਥੇ ਗੱਲ ਗੁਰਮਤਿ ਅਤੇ ਦਲੀਲ ਨਾਲ ਕਰਨੀ ਪੈਣੀ ਹੈ, ਕਿਸੇ ਦੀ ਧੌਂਸ ਨਹੀਂ ਚਲਣੀ। ਮਨ ਵਿਚ ਖਦਸ਼ਾ ਸੀ ਕਿ ਗੱਲ ਅਸੀਂ ਕਰ ਨਹੀਂ ਪਾਉਣੀ, ਸੋ ਬੇਹਤਰ ਹੈ ਆਣੇ/ਬਹਾਣੇ ਕਿਨਾਰਾ ਕਰ ਲਿਆ ਜਾਵੇ ਕਿਉਂਕਿ ਸਾਰੀ ਕਾਰਵਾਈ ਤਾਂ ਰਿਕਾਰਡ ਹੋ ਕੇ ਸਬੂਤ ਬਣ ਜਾਣੀ ਹੈ।

ਇਨ੍ਹਾਂ ਇਕੱਤਰਤਾਵਾਂ ਵਿਚ ਸ਼ਾਮਿਲ ਸੱਜਣ, ਪਾਠਕ ਅਤੇ ਰਿਕਾਰਡਿੰਗ ਇਹ ਤੱਥ ਦੇ ਗਵਾਹ ਹਨ ਕਿ ਵਿਚਾਰ-ਚਰਚਾ ਦੌਰਾਨ ਗੁਰਮਤਿ ਦੀ ਸੇਧ ਵਿਚ ਪਰਿਵਾਰ ਵਲੋਂ ਤਿਆਰ ਕੀਤੇ ਖਰੜੇ ਵਿਚ ਬਦਲਾਅ ਕੀਤੇ ਗਏ, ਜੋ ਖਿੜੇ ਮੱਥੇ ਪ੍ਰਵਾਨ ਵੀ ਕੀਤੇ ਗਏ।

ਸਪਸ਼ਟ ਹੈ ਇਹ ਝੂਠਾ ਇਲਜ਼ਾਮ ਵੀ ਮਨ ਵਿਚ ਭਰੀ ਪਈ ਈਰਖਾ ਅਤੇ ਬੌਖਲਾਹਟ ਦਾ ਹੀ ਪ੍ਰਗਟਾਵਾ ਹੈ।

(2) ਨੁਕਤਾ: ਤੱਤ ਗੁਰਮਤਿ ਪਰਿਵਾਰ ਦੇ ਸਿੱਖ ਰਹਿਤ ਮਰਿਯਾਦਾ ਬਾਰੇ ਕੀਤੇ ਜਾ ਰਹੇ ‘ਕਥਿਤ ਨਿਜੀ ਉਪਰਾਲਿਆਂ’ ਨੂੰ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ, ਅਤੇ ਇਸ ਦੀ ਕੇਂਦਰੀ ਪੰਚਾਇਤ ਦੇ ਕਿਸੇ ਮੈਂਬਰ ਦਾ ਕੋਈ ਸਮਰਥਨ ਪ੍ਰਾਪਤ ਨਹੀਂ ਹੈ।

ਸਾਡਾ ਪੱਖ: ਮੌਜੂਦਾ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੀ ਸ਼ੁਰੂਆਤ ਬੇਸ਼ਕ ਪਰਿਵਾਰ ਨੇ ਕੀਤੀ ਸੀ ਪਰ ਇਹ ਇਕ ਇਤਿਹਾਸਿਕ ਸੱਚਾਈ ਬਣ ਚੁੱਕੀ ਹੈ ਕਿ ਪਰਿਵਾਰ ਦੇ ਨਿਸ਼ਕਾਮ ਅਤੇ ਸੁਹਿਰਦ ਯਤਨਾਂ ਸਦਕਾ, ਇਹ ਉਪਰਾਲਾ ਪੰਥ ਦੇ ਸੁਚੇਤ ਤਬਕੇ ਦਾ ਇਕ ਸਾਂਝਾ ਉਪਰਾਲਾ ਬਣ ਚੁਕਿਆ ਹੈ, ਜਿਸ ਦਾ ਸੁਆਗਤ ਅਤੇ ਸਹਿਯੋਗ ਦੇਸ਼ ਵਿਦੇਸ਼ ਵਿਚੋਂ ਅਨੇਕਾਂ ਸੁਚੇਤ ਅਤੇ ਸੁਹਿਰਦ ਸੱਜਣਾਂ ਅਤੇ ਧਿਰਾਂ ਨੇ ਕੀਤਾ ਹੈ। ਜੇ ਇਹ ਜਥੇਬੰਦੀ ਜਾਂ ਚੰਦ ਹੋਰ ਇਸ ਉਪਰਾਲੇ ਨੂੰ ‘ਨਿੱਜੀ ਹੋਣ’ ਦਾ ਸ਼ੋਰ ਪਾ ਕੇ ਸੁਫਨਿਆਂ ਦੀ ਦੁਨੀਆਂ ਵਿਚ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਰੋਕ ਥੋੜੀ ਸਕਦਾ ਹੈ।

ਅਸੀਂ ਕਦੇ ਵੀ ਗੁਰੂ ਗ੍ਰੰਥ ਦਾ ਖਾਲਸਾ ਪੰਥ ਸਮੇਤ ਕਿਸੇ ਜਥੇਬੰਦੀ ਜਾਂ ਸ਼ਖਸੀਅਤ ਦੇ ਸਮਰਥਨ ਜਾਂ ਵਿਰੋਧ ਨੂੰ ਗੁਰਮਤਿ ਤੋਂ ਵੱਧ ਮਹੱਤਵ ਨਹੀਂ ਦਿਤਾ ਅਤੇ ਨਾ ਹੀ ਦੇ ਸਕਦੇ ਹਾਂ। ਇਸ ਲਈ ਕਦੇ ਵੀ ਇਸ ਜਥੇਬੰਦੀ ਦੇ ਸਮਰਥਨ ਦਾ ਦਾਅਵਾ ਅਸੀਂ ਕਿਸੇ ਵੀ ਥਾਂ ਨਹੀਂ ਕੀਤਾ ਹੈ। ਵਾਜਬ ਜਵਾਬਦੇਹੀ ਦੇ ਫਰਜ਼ ਵਜੋਂ ਜਦੋਂ ਵੀ ਇਸ ਜਥੇਬੰਦੀ ਸਮੇਤ ਕਿਸੇ ਨੇ ਇਸ ੳਪਰਾਲੇ ਬਾਰੇ ਇਤਰਾਜ਼ ਉਠਾਏ ਹਨ, ਅਸੀਂ ਨੁਕਤਾਵਾਰ ਆਪਣਾ ਪੱਖ ਇਕ ਵਾਰ ਜ਼ਰੂਰ ਦੇਣ ਦਾ ਯਤਨ ਕੀਤਾ ਹੈ। ਅਸੀਂ ਕਿਸੇ ਸਿਆਸੀ ਪਾਰਟੀ ਵਾਂਗੂ ਕਿਸੇ ਦੇ ਸਮਰਥਨ ਲਈ ਬੇਨਤੀਆਂ ਨਹੀਂ ਕੀਤੀਆਂ ਸਨ, ਬਲਕਿ ਸਾਰਿਆਂ ਦੇ ਸੁਝਾਵ ਅਤੇ ਵਿਚਾਰ ਇਸ ਲਈ ਮੰਗੇ ਸਨ ਕਿ ਦਸਤਾਵੇਜ਼ ਨੂੰ ਪੂਰਨ ਤੌਰ ਤੇ ਗੁਰਮਤਿ ਅਨੁਸਾਰੀ ਬਣਾਇਆ ਜਾ ਸਕੇ।

ਬਾਬਾ ਨਾਨਕ ਜੀ ਨੇ ਸੱਚ ਦੇ ਪ੍ਰਚਾਰ ਰਾਹੀਂ ਇਨਕਲਾਬ ਦੀ ਗੱਲ ਖੁਲ ਕੇ, ਨਿਡਰਤਾ ਅਤੇ ਦ੍ਰਿੜਤਾ ਨਾਲ ਕੀਤੀ। ਪਰ ਉਨ੍ਹਾਂ ਦੇ ਇਸ ਨੇਕ ਕੰਮ ਨੂੰ ਉਨ੍ਹਾਂ ਦੀ ਸੰਤਾਨ (ਸ੍ਰੀ ਚੰਦ ) ਸਮੇਤ ਕੁਝ ਹੋਰ ਲੋਕਾਂ ਨੇ ਹਜ਼ਮ ਨਹੀਂ ਕੀਤਾ ਅਤੇ ਕੁਝਾਂ ਵਲੋਂ ਵਿਰੋਧ ਵੀ ਹੋਇਆ। ਕੀ ਇਸ ਨਾਲ ਬਾਬਾ ਨਾਨਕ ਜੀ ਦਾ ਪ੍ਰਚਾਰ ਗਲਤ ਸਾਬਿਤ ਹੋ ਜਾਂਦਾ ਹੈ? ਬਾਬਾ ਨਾਨਕ ਜੀ ਨੇ ਹਮੇਸ਼ਾਂ ਵਿਚਾਰ-ਚਰਚਾ ਦਾ ਸੁਆਗਤ ਕੀਤਾ, ਪਰ ਕਦੇ ਐਸੇ ਗੈਰ-ਸਿਧਾਂਤਕ ਵਿਰੋਧ ਦੀ ਪ੍ਰਵਾਹ ਨਹੀਂ ਕੀਤੀ।

ਨਾਨਕ ਪਾਤਸ਼ਾਹ ਜੀ ਦੀ ਬਾਣੀ ਅਤੇ ਜੀਵਨ ਤੋਂ ਸੇਧ ਲੈ ਕੇ ਅਸੀਂ ਵੀ ਪੂਰੀ ਇਮਾਨਦਾਰੀ ਅਤੇ ਨਿਸ਼ਕਾਮਤਾ ਨਾਲ ਇਸ ਉਪਰਾਲੇ ਨੂੰ ਸ਼ੁਰੂ ਕਰਨ ਦਾ ਯਤਨ ਕੀਤਾ। ਹਰ ਇਕ ਨੂੰ ਇਸ ਉਪਰਾਲੇ ਵਿਚ ਆਪਣੇ ਕੀਮਤੀ ਵਿਚਾਰ ਅਤੇ ਸੁਝਾਅ, ਗੁਰਮਤਿ ਦੀ ਰੌਸ਼ਨੀ ਵਿਚ, ਦੇਣ ਦੀ ਬੇਨਤੀ ਵਾਰ-ਵਾਰ ਕੀਤੀ। ਵਿਚਾਰ ਇਕੱਤਰਤਾਵਾਂ ਲਈ ਵੀ ਪੂਰੀ ਨਿਸ਼ਕਾਮਤਾ ਅਤੇ ਨਿਰਪੱਖਤਾ ਨਾਲ ਸਾਰੀਆਂ ਸੁਚੇਤ ਧਿਰਾਂ ਨੂੰ ਸੱਦਾ ਭੇਜਿਆ ਗਿਆ ਅਤੇ ਵਾਰ-ਵਾਰ ਸਪਸ਼ਟ ਕੀਤਾ ਗਿਆ ਕਿ ਹਾਲੀਂ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਜੇ ਇਤਨੇ ਸਾਫ ਮਨ ਨਾਲ ਕੀਤਾ ਸੁਧਾਰ ਉਪਰਾਲਾ ਕਿਸੇ ਨੂੰ ਹਜ਼ਮ ਨਹੀਂ ਹੋਇਆ ਅਤੇ ਉਹ ਵਿਚਾਰ-ਚਰਚਾ ਤੋਂ ਭਗੌੜਾ ਹੋ ਕੇ ਇਸ ਦੇ ਗੈਰ-ਸਿਧਾਂਤਕ ਵਿਰੋਧ ’ਤੇ ਉਤਰ ਆਇਆ ਤਾਂ ਇਸ ਨਾਲ ਇਹ ਉਪਰਾਲਾ ਗਲਤ ਸਾਬਿਤ ਨਹੀਂ ਹੋ ਜਾਂਦਾ।

(3) ਨੁਕਤਾ: ਤੱਤ ਗੁਰਮਤਿ ਪਰਿਵਾਰ ਨੂੰ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਦੇ ਖਾਲਸਾ ਪੰਥ ਦੇ ਕਿਸੇ ਮੈਂਬਰ ਦੇ ਸਭਿਆਚਾਰ ਪੱਖੋਂ ਲਿਖੇ ਗਏ, ਕਿਸੇ ਖੱਤ ਨੂੰ ਅਪਣੇ ਨਿਜੀ ਅਤੇ ਅਖੌਤੀ ਉਪਰਾਲਿਆਂ ਦੇ ‘ਸਮਰਥਨ’ ਵਜੋਂ ਪੇਸ਼ ਕਰਨ ਅਤੇ ਵਰਤਣ ਦੀ ਗੈਰ-ਸਿਧਾਂਤਕ ਕੋਸ਼ਿਸ਼ ਨਾਂ ਕੀਤੀ ਜਾਵੇ।

ਸਾਡਾ ਪੱਖ: ਅਸੀਂ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਾਂ ਗੁਰਮਤਿ ਇਨਕਲਾਬ ਦੇ ਸਫਰ ਵਿਚ ਅਸੀਂ ‘ਗੁਰਮਤਿ ਸਮਰਥਨ’ ਤੋਂ ਇਲਾਵਾ ਕਿਸੇ ਦੇ ਸਮਰਥਨ ਜਾਂ ਵਿਰੋਧ ਦੀ ਪ੍ਰਵਾਹ ਨਹੀਂ ਕੀਤੀ। ਇਸ ਲਈ ਗੁਰੂ ਗ੍ਰੰਥ ਦਾ ਖਾਲਸਾ ਪੰਥ ਜਾਂ ਕਿਸੇ ਹੋਰ ਧਿਰ ਜਾਂ ਸੱਜਣ ਦੇ ਸਮਰਥਨ ਦਾ ਗਲਤ ਦਾਅਵਾ ਕਰਨ ਦੀ ਗੱਲ ਨਿਰਮੂਲ ਅਤੇ ਝੂਠ ਹੈ। ਨਾ ਅਸੀਂ ਕਦੀ ਐਸੀ ਨਜਾਇਜ਼ ਗੱਲ ਕੀਤੀ ਹੈ ਅਤੇ ਅੱਗੇ ਨਾ ਹੀ ਕਰਾਂਗੇ। ਅਸੀਂ ਹਮੇਸ਼ਾਂ ਹਰ ਗੱਲ ਠੋਸ ਤੱਥਾਂ ਅਤੇ ਸਬੂਤਾਂ ਨਾਲ ਕਰਨ ਦਾ ਯਤਨ ਕਰਦੇ ਹਾਂ ਅਤੇ ਏਵੇਂ ਹੀ ਹਵਾ ਵਿਚ ਤੀਰ ਛੱਡਣ ਦੀ ਪ੍ਰਵਿਰਤੀ ਤੋਂ ਪਰਹੇਜ਼ ਕਰਦੇ ਹਾਂ।

ਬਾਕੀ ਇਸ ‘ਵਿਸ਼ਵ ਚੇਤਨਾ ਲਹਿਰ’ ਵਲੋਂ ਸੁਧਾਰ ਉਪਰਾਲੇ ਦਾ ਸਮਰਥਨ ਨਾ ਕਰਨ ਦਾ ਕੇਂਦਰੀ ਪੰਚਾਇਤ ਵਲੋਂ ਜਾਰੀ ਕੀਤਾ ਫਤਵਾ (ਵਿੱਪ) ਕਿਨ੍ਹਾਂ ਸੱਜਣਾਂ ’ਤੇ ਲਾਗੂ ਹੁੰਦਾ ਹੈ, ਜੇ ਉਹ ਵੀ ਦੱਸ ਦਿੱਤਾ ਜਾਵੇ ਤਾਂ ਪਾਠਕਾਂ ਨੂੰ ਸਹੂਲਤ ਹੋਵੇਗੀ ਅਤੇ ਸਾਨੂੰ ਵੀ (ਭਾਵ ਆਪ ਜੀ ਦੀ ਕੇਂਦਰੀ ਪੰਚਾਇਤ ਅਤੇ ਮੈਂਬਰਾਂ ਦੇ ਨਾਮ ਦੱਸ ਦਿੱਤੇ ਜਾਣ)।

(4) ਨੁਕਤਾ: ਤੱਤ ਗੁਰਮਤਿ ਪਰਿਵਾਰ ਨੂੰ ਆਪ ਹੁਦਰੇ ਤੌਰ ‘ਤੇ ਸਿੱਖ ਰਹਿਤ ਮਰਿਯਾਦਾ ਨੂੰ ਸੋਧਨ/ਰੱਦ ਕਰਨ ਦਾ ਕੋਈ ਅਧਿਕਾਰ ‘ਪੰਥ’ ਜਾਂ ਕਿਸੇ ‘ਇਕੱਠ’ ਪਾਸੋਂ ਪ੍ਰਾਪਤ ਨਹੀਂ। ਇਸ ਕਰਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ, ਉਨ੍ਹਾਂ ਦੇ ਕਿਸੇ ਕਥਿਤ ਉਪਰਾਲੇ ਵਿਚ ਸ਼ਾਮਿਲ ਨਹੀਂ ਹੋ ਸਕਦੀ। ਪੰਥਕ ਫੈਸਲੇ ਕਰਨ ਦਾ ਅਧਿਕਾਰ ਕੇਵਲ ਅਤੇ ਕੇਵਲ ‘ਸਰਬੱਤ ਖਾਲਸਾ’ ਜਾਂ ‘ਸਿੱਖਾਂ ਦੇ ਇਕ ਵੱਡੇ ਇਕੱਠ’ ਦੁਆਰਾ ਥਾਪੇ ਗਏ ‘ਪੈਨਲ’ ਰਾਹੀਂ ਹੀ ਹੋ ਸਕਦਾ ਹੈ।

ਸਾਡਾ ਪੱਖ: ਜਿਥੇ ਤੱਕ ਸੁਧਾਰ ਕਰਨ ਅਤੇ ਉਸ ਨੂੰ ਪ੍ਰਚਾਰਨ ਦੇ ਮੁੱਢਲੇ ਮਨੁੱਖੀ ਹੱਕ ਦੀ ਗੱਲ ਹੈ ਇਹ ਕਿਸੇ ਪੰਥ ਜਾਂ ਇਕੱਠ ਦੀ ਪ੍ਰਵਾਨਗੀ ਦਾ ਮੁਹਤਾਜ ਨਹੀਂ। ਗੁਰਮਤਿ ਵੀ ਸਾਨੂੰ ਇਹ ਸੇਧ ਦਿੰਦੀ ਹੈ ਕਿ ਜਦੋਂ ਕਮੀ ਜਾਂ ਗਲਤੀ ਸਮਝ ਆ ਜਾਵੇ, ਉਸ ਦਾ ਸੁਧਾਰ ਕਰ ਲੈਣਾ ਚਾਹੀਦਾ ਅਤੇ ਉਸ ਬਾਰੇ ਅੱਗੇ ਪ੍ਰਚਾਰ ਕਰਨਾ ਚਾਹੀਦਾ ਹੈ। ਫੇਰ ਗੁਰਮਤਿ ਦੀ ਸੇਧ ਨੂੰ ਅਣਦੇਖਿਆ ਕਰਕੇ ਕਿਸੇ ‘ਵਿਸ਼ਵ ਚੇਤਨਾ ਲਹਿਰ’ ਦੇ ਫਤਵਿਆਂ ਦੀ ਪ੍ਰਵਾਹ ਕਿਉਂ ਕੀਤੀ ਜਾਵੇ?

ਜਿਥੋਂ ਤੱਕ ‘ਆਪਹੁਦਰੇਪਨ’ ਦੇ ਦੂਸ਼ਨ ਦੀ ਗੱਲ ਹੈ, ਉਹ ਵੀ ਨਿਰਮੂਲ ਅਤੇ ਹਾਸੋ-ਹੀਣਾ ਹੈ। ਜਿਸ ਪਾਰਦਰਸ਼ਤਾ, ਨਿਰਪੱਖਤਾ ਅਤੇ ਨਿਸ਼ਕਾਮਤਾ ਨਾਲ ਪਰਿਵਾਰ ਨੇ ਇਸ ਸੁਧਾਰ ਉਪਰਾਲੇ ਦਾ ਸੰਯੋਜਨ ਕਰਨ ਦਾ ਯਤਨ ਕਰਦੇ ਹੋਏ ਵਿਚਾਰ ਅਤੇ ਸੁਝਾਅ ਦੇਣ ਲਈ ਖੁੱਲਾ ਸੱਦਾ ਦਿੱਤਾ, ਉਸ ਦੀ ਮਿਸਾਲ ਮਿਲਣੀ ਸਿੱਖ ਸਮਾਜ ਵਿਚ ਮੁਸ਼ਕਲ ਹੈ। ਸਮੁੱਚੀਆਂ ਸੁਚੇਤ ਧਿਰਾਂ ਨੂੰ ਖੁੱਦ ਸੱਦਾ ਦਿੱਤਾ ਅਤੇ ਕਿਸੇ ਇਕ ਵੀ ਸੱਜਣ ਨੂੰ ਵੀ ਸੱਦਾ ਦੇਣ ਤੋਂ ਮਨਾ ਨਹੀਂ ਕੀਤਾ ਗਿਆ। ਵਿਚਾਰ ਇਕੱਤਰਤਾਵਾਂ ਦੀ ਕਾਰਵਾਈ ਦਾ ਪੂਰਾ ਰਿਕਾਰਡ ਵੀਡੀਉ ਵਿਚ ਸਾਂਭ ਲਿਆ ਗਿਆ। ਛੇਵੇਂ ਪੜਾਅ ਤੱਕ ਹਰ ਪੜਾਅ ਵਿਚ ਇਹ ਗੱਲ ਜਨਤਕ ਤੌਰ ’ਤੇ ਵਾਰ-ਵਾਰ ਕੀਤੀ ਗਈ ਕਿ ਹਾਲੀਂ ਕੁਝ ਵੀ ਫਾਈਨਲ ਨਹੀਂ ਹੋਇਆ ਹੈ। ਆਉ, ਗੁਰਬਾਣੀ ਦੀ ਰੌਸ਼ਨੀ ਵਿਚ ਵਿਚਾਰ ਕਰੋ ਅਤੇ ਬਦਲਾਅ ਕਰਵਾ ਲਵੋ। ਕੀ ਇਹ ਗੱਲ ਲਾ-ਮਿਸਾਲ ਨਹੀਂ?

ਇਤਨੀ ਯੋਜਨਾ, ਪਾਰਦਰਸ਼ਤਾ, ਨਿਰਪੱਖਤਾ ਅਤੇ ਨਿਸ਼ਕਾਮਤਾ ਤਾਂ 13 ਸਾਲਾਂ ਵਿਚ ਤਿਆਰ ਕੀਤੀ ‘ਸਿੱਖ ਰਹਿਤ ਮਰਿਯਾਦਾ’ ਵੇਲੇ ਵੀ ਸ਼ਾਇਦ ਨਹੀਂ ਵਰਤੀ ਗਈ ਸੀ। ‘ਗੁਰੂ ਪੰਥ’ ਵਿਸ਼ੇ ’ਤੇ ਗੱਲ ਕਰਦੇ ਸਮੇਂ ਆਪਣੀ ਇਕ ਲਿਖਤ ਵਿਚ ਪ੍ਰੋ. ਦਰਸ਼ਨ ਸਿੰਘ ਜੀ ਉਸ ਉਪਰਾਲੇ ਵਿਚ ਕੁਝ ਸਾਜਿਸ਼ਾਂ ਹੋਣ ਦੀ ਸ਼ੰਕਾ ਵੀ ਜ਼ਾਹਿਰ ਕਰਦੇ ਹੋਏ, ਕੁਝ ਇਸ ਤਰਾਂ ਲਿਖਦੇ ਹਨ:

ਪਰ ਜਾਣੇ ਜਾਂ ਅਨਜਾਣੇ ਸਾਡੇ ਵਿਚ ਕੁਝ ਸਮੇਂ ਤੋਂ ਕੁਛ ਵਿਅਕਤੀਆਂ ਦੇ ਸਮੂਹ ਨੂੰ ਪੰਥ ਅਤੇ ਫਿਰ ਗੁਰੂ ਪੰਥ ਵੀ ਆਖਿਆ ਜਾਣ ਲਗ ਪਿਆ ਹੈ, ਪਤਾ ਨਹੀਂ ਕਿਸ ਸਾਜਸ਼ ਨਾਲ 1945 ਵਿਚ ਰਚੀ ਸਿੱਖ ਰਹਿਤ ਮਰੀਯਾਦਾ ਵਿਚ ਇਹ ਲਿੱਖ ਦਿੱਤਾ ਗਿਆ “ਗੁਰੂ ਪੰਥ, ਤਿਆਰ ਬਰ ਤਿਆਰ ਸਿੰਘਾਂ ਦੇ ਸਮੂਚੇ ਸਮੂਹ ਨੂੰ, ਗੁਰੂ ਪੰਥ ਆਖਦੇ ਹਨ” ਅਤੇ ਇਸ ਦੀ ਪ੍ਰਮਾਣਿਕਤਾ ਲਈ ਗੁਰੂ ਅਤੇ ਸਿੱਖ ਇਤਹਾਸ ਵਿੱਚ ਕਈਂ ਸਾਖੀਆਂ ਭੀ ਪ੍ਰਵੇਸ਼ ਕਰ ਗਈਆਂ। ਨਤੀਜਾ ਇਹ ਹੋਇਆ ਕਿ ਵਿਅਕਤੀਆਂ ਦੇ ਸਮੂਹ ਵਲੋਂ ਕੀਤੇ ਫੈਸਲੇ ਨੂੰ ਪੰਥਕ ਫੈਸਲਾ ਆਖਣ ਦੀ ਥਾਵੇਂ, ਗੁਰੂ ਪੰਥ ਦਾ ਫੈਸਲਾ ਆਖਿਆ ਜਾਣ ਲਗ ਪਿਆ। ਇਉਂ ਵਿਅਕਤੀਆਂ ਨੇ ਗੁਰੂ ਦੀ ਪਦਵੀ ਹਥਿਆ ਲਈ ਅਤੇ ਅਨੇਕਾਂ ਵਾਰ ਇਸੇ ਹੀ ਪ੍ਰਭਾਵ ਨੂੰ ਵਰਤ ਕੇ, ਗੁਰਮਤਿ ਵਿਰੁਧ ਕੀਤੇ ਫੈਸਲਿਆਂ ਨੂੰ ਭੀ ‘ਗੁਰੂ ਪੰਥ’ ਦਾ ਅਧਿਕਾਰਤ ਫੈਸਲਾ ਆਖ ਕੇ, ਲਾਗੂ ਕੀਤਾ ਗਿਆ। ਜੇ ਉਨ੍ਹਾਂ ਵਿਅਕਤੀਆਂ ਦੇ ਫੈਸਲੇ ਖਿਲਾਫ ਕਿਸੇ ਨੇ ਅਵਾਜ਼ ਉਠਾਈ ਤਾਂ ਉਸਨੂੰ ਗੁਰੂ ਪੰਥ ਤੋਂ ਬੇਮੁਖ ਪੰਥ ਦਾ ਗੱਦਾਰ ਆਖਿਆ ਗਿਆ, ਇਉਂ ਸ਼ਬਦ, ਗੁਰੂ ਪੰਥ, ਦੇ ਮੁਕਾਬਲੇ ਵਿਅਕਤੀ ਹੀ ਗੁਰੂ ਬਣ ਬੈਠੇ।

ਪ੍ਰੋ. ਦਰਸ਼ਨ ਸਿੰਘ ਜੀ ਵਾਂਗੂ ਸੁਚੇਤ ਪੰਥ ਦੇ ਜ਼ਿਆਦਾਤਰ ਸੁਹਿਰਦ ਸੱਜਣਾਂ ਅਤੇ ਵਿਦਵਾਨਾਂ ਦਾ ਵੀ ਇਹ ਮੰਨਣਾ ਹੈ ਕਿ ਸਿੱਖ ਰਹਿਤ ਮਰਿਯਾਦਾ ਤਿਆਰ ਕਰਨ ਵੇਲੇ ਕੁਝ ਸਾਜਿਸ਼ਾਂ ਅਤੇ ਸਿਧਾਂਤ ਨਾਲ ਸਮਝੌਤੇ ਹੋਏ।

ਇਸ ਦੇ ਮੁਕਾਬਲੇ ‘ਪਰਿਵਾਰ’ ਵਲੋਂ ਇਸ ਉਪਰਾਲੇ ਵਿਚ ਪੂਰਨ ਨਿਰਪੱਖਤਾ, ਨਿਸ਼ਕਾਮਤਾ ਅਤੇ ਪਾਰਦਰਸ਼ਿਤਾ ਰੱਖੀ। ਪਿੱਛਲੀ ਮਰਿਯਾਦਾ ਨੂੰ ਬਣਾਉਣ ਵੇਲੇ ਵਿਚਾਰ-ਚਰਚਾ ਲਈ ਕਮੇਟੀ ਵਿਚ 25 ਮੈਂਬਰਾਂ ਦੀ ਸੂਚੀ ਮਿਲਦੀ ਹੈ। ਪਰ ਇਹ ਵੀ ਹਕੀਕਤ ਹੈ ਕਿ ਇਸ ਸਿਲਸਿਲੇ ਵਿਚ ਹੋਈਆਂ 4 ਇਕੱਤਰਤਾਵਾਂ ਵਿਚ ਕਾਨ ਸਿੰਘ ਜੀ ਨਾਭਾ ਕਮੇਟੀ ਮੈਂਬਰ ਹੋਣ ਦੇ ਬਾਵਜੂਦ ਵੀ ਕਿਸੇ ਇਕ ਵੀ ਇਕੱਤਰਤਾ ਵਿਚ ਸ਼ਾਮਿਲ ਨਹੀਂ ਹੋਏ। ਐਸੇ ਕੁਝ ਹੋਰ ਵੀ ਹੋਣਗੇ। ਉਸ ਦੇ ਮੁਕਾਬਲੇ ਮੌਜੂਦਾ ਸੁਧਾਰ ਉਪਰਾਲੇ ਦੀ ਵਿਚਾਰ ਇਕੱਤਰਤਾਵਾਂ ਵਿਚ ਸ਼ਾਮਿਲ ਸੱਜਣਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ। (ਵੈਸੇ ਗੁਰਮਤਿ ਵਿਚ ਗਿਣਤੀ ਦਾ ਕੋਈ ਮਹੱਤਵ ਨਹੀਂ)। ਹਾਜ਼ਰੀਨ ਵਲੋਂ ਹਰ ਮੱਦ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਵਿਚਾਰਨ ਉਪਰੰਤ ਹੱਥ ਖੜੇ ਕਰ ਕੇ ਸਰਬ ਸੰਮਤੀ ਨਾਲ ਪ੍ਰਵਾਨ ਕਰਨ ਦਾ ਸਾਰਾ ਰਿਕਾਰਡ ਸਾਂਭਿਆ ਗਿਆ ਹੈ ਅਤੇ ਇਹ ਇਕ ਇਤਿਹਾਸਕ ਸੱਚਾਈ ਬਣ ਚੁਕਿਆ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਕਿਸੇ ਵੀ ਹਾਜ਼ਰੀਨ ਨੇ ਕਿਸੇ ਇਕ ਵੀ ਨੁਕਤੇ ’ਤੇ ਆਪਣੀ ਵੱਖਰੀ ਅਸਹਿਮਤੀ ਉੱਥੇ ਦਰਜ ਨਹੀਂ ਕਰਵਾਈ। ਇਹ ਵੀ ਘੱਟ ਦਿਲਚਸਪ ਗੱਲ ਨਹੀਂ ਕਿ ਬੇਲੋੜਾ ਵਿਰੋਧ ਕਰਨ ਵਾਲੇ ਸੱਜਣ ਵੀ ਲੰਮਾ ਸਮਾਂ ਦੇਣ ਦੇ ਬਾਵਜੂਦ ਵੀ ਖਰੜੇ ਦੀ ਕਿਸੇ ਮੱਦ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਗਲਤ ਨਹੀਂ ਦਰਸਾ ਸਕੇ। ਇਥੇ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਨ੍ਹਾਂ ਨੇ ਆਪਣੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਮੋਹਤਬਰ ਲੋਕਾਂ ਤੱਕ ਪਹੁੰਚਾਂ ਕੇ ਗੁਰਮਤਿ ਅਨੁਸਾਰੀ ਸੁਝਾਅ ਦੇਣ ਦੀਆਂ ਬੇਤਨੀਆਂ ਵਾਰ-ਵਾਰ ਕੀਤੀਆਂ। ਉਸ ਸਮੇਂ ਤਾਂ ਕਿਸੇ ਨੇ ਕੋਈ ਗਲਤੀ ਨਹੀਂ ਦਰਸਾਈ। ਪਰ ਜਦੋਂ ਕਿਤਾਬਾਂ ਛੱਪ ਕੇ ਆ ਗਈਆਂ ਤਾਂ ਬੇਲੋੜਾ ਸ਼ੋਰ ਮਚਾਉਣਾ ਸ਼ੁਰੂ ਕਰ ਦਿਤਾ ਅਤੇ ਪ੍ਰਸੰਗ ਤੋਂ ਵੱਖਰੀਆਂ ਕਰਕੇ ਕੁਝ ਪੰਕਤੀਆਂ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਆਪਣੇ ਪੰਥ ਵਿਚੋਂ ਛੇਕਣ ਦਾ ਕੂੜਨਾਮਾ ਪੁਜਾਰੀਆਂ ਨੇ ਜਾਰੀ ਕਰ ਦਿੱਤਾ। ਕੁਝ ਐਸੀ ਪਹੁੰਚ ਇਸ ਸੁਧਾਰ ਉਪਰਾਲੇ ਦਾ ਗੈਰ-ਸਿਧਾਂਤਕ ਵਿਰੋਧ ਕਰ ਰਹੇ ਚੰਦ-ਕੁ ਸੱਜਣਾਂ ਦੀ ਹੈ।

ਆਸ ਹੈ ਇਸ ਉਪਰਾਲੇ ਦਾ ਘੇਰਾ ਅਤੇ ਸੁਹਿਰਦਤਾ ਸਾਰੇ ਪਾਠਕਾਂ ਨੂੰ ਸਪਸ਼ਟ ਹੋ ਗਈ ਹੋਵੇਗੀ ਅਤੇ ਇਹ ਵੀ ਸਪਸ਼ਟ ਹੋ ਗਿਆ ਹੋਵੇਗਾ ਕਿ ਇਸ ਵਿਚ ਕਿਧਰੇ ਵੀ ਆਪ-ਹੁਦਰਾਪਨ ਨਹੀਂ ਹੈ।

ਜਿਥੋਂ ਤੱਕ ਪ੍ਰਚਲਿਤ ਪੰਥ ਜਾਂ ਕਿਸੇ ਵੱਡੇ ਇਕੱਠ ਵਲੋਂ ਸੁਧਾਰ ਦਾ ਹੱਕ ਦੇਣ ਦੀ ਗੱਲ ਹੈ, ਸਾਨੂੰ ਇਸ ਸੰਬੰਧੀ ਕਦੇ ਕੋਈ ਭੁਲੇਖਾ ਨਹੀਂ ਰਿਹਾ। ਇਸ ਵਿਸ਼ੇ ਵਿਚ ਅਸੀਂ ਸਪਸ਼ਟ ਹਾਂ ਤਾਂ ਹੀ ਐਸਾ ਜ਼ਿਕਰ ਇਸ ਸੁਧਾਰ ਉਪਰਾਲੇ ਨਾਲ ਜੁੜੀਆਂ ਲਿਖਤਾਂ ਵਿਚ ਬਕਾਇਦਾ ਮਿਲਦਾ ਹੈ। ਐਸੇ ‘ਪ੍ਰਚਲਿਤ ਪੰਥ’ ਦੀ ਪ੍ਰਵਾਨਗੀ ਨੇ ਤਾਂ ‘ਨਾਨਕਸ਼ਾਹੀ ਕੈਲੰਡਰ’ ਦਾ ਕੀ ‘ਸੁਧਾਰ’ ਰੂਪੀ ਹਸ਼ਰ ਕੀਤਾ ਹੈ ਹਰ ਸੁਚੇਤ ਸਿੱਖ ਸਮਝਦਾ ਹੈ।

‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੀ ਕੇਂਦਰੀ ਪੰਚਾਇਤ ਇਸ ਲਿਖਤ ਵਿਚ ਵਾਰ-ਵਾਰ ਸੁਧਾਰ ਉਪਰਾਲੇ ਨੂੰ ਸਮਰਥਨ ਨਾ ਦੇਣ ਅਤੇ ਸ਼ਾਮਿਲ ਨਾ ਹੋਣ ਦੀ ਰੱਟ ਦੁਹਰਾ ਰਹੀ ਹੈ। ‘ਕੁਕੜ ਨੂੰ ਭੁਲੇਖਾ ਹੁੰਦਾ ਹੈ ਕਿ ਜੇ ਮੈਂ ਬਾਂਗ ਨਹੀਂ ਦਿਆਂਗਾ ਤਾਂ ਸ਼ਾਇਦ ਸੂਰਜ ਹੀ ਨਾ ਚੜੇ’ ਭਾਵ ਵਾਲੀ ਪ੍ਰਚਲਿਤ ਕਹਾਵਤ ਦੀ ਰੌਸ਼ਨੀ ਵਿਚ ਉਨ੍ਹਾਂ ਨੂੰ ਸਵੈ-ਪੜਚੋਲ ਕਰਨ ਦੀ ਬੇਨਤੀ ਹੀ ਕਰ ਸਕਦੇ ਹਾਂ।

ਪ੍ਰੋ. ਦਰਸ਼ਨ ਸਿੰਘ ਜੀ ਵਲੋਂ ਪਿੱਛਲੇ ਸਮੇਂ ਵਿਚ ‘ਪਰਿਵਾਰ’ ਨੂੰ ਲਿਖੇ ਆਪਣੇ ਦੂਜੇ ਪੱਤਰ ਦੇ ਇਹ ਅੰਸ਼ ਖਾਸ ਧਿਆਨ ਮੰਗਦੇ ਹਨ:

ਪੰਚਾਇਤ (ਭਾਵ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੀ ਕੇਂਦਰੀ ਪੰਚਾਇਤ) ਵੱਲੋਂ ਮੇਰੀ ਗੈਰ ਹਾਜ਼ਰੀ ਵਿਚ ਭੀ ਗੁਰਮਤਿ ਦੀ ਰੌਸ਼ਨੀ ਵਿਚ ਲਏ ਗਏ ਹਰ ਫੈਸਲੇ ਦਾ ਮੈਂ ਭੀ ਪਾਬੰਦ ਹਾਂ ਜੀ।

ਇਥੇ ਪ੍ਰੋ. ਦਰਸ਼ਨ ਸਿੰਘ ਜੀ ਦਾ ਭਾਵ ਬਿਲਕੁਲ ਸਪਸ਼ਟ ਵੇਖਿਆ ਜਾ ਸਕਦਾ ਹੈ ਕਿ ਉਹ ਕੇਂਦਰੀ ਪੰਚਾਇਤ ਦੇ ਸਿਰਫ ਉਨ੍ਹਾਂ ਫੈਸਲਿਆਂ ਦੇ ਪਾਬੰਦ ਹਨ, ਜੋ ਗੁਰਮਤਿ ਦੀ ਰੌਸ਼ਨੀ ਵਿਚ ਲਏ ਜਾਣ। ਉਪਰੋਕਤ ਖੁੱਲੀ ਵਿਚਾਰ ਰਾਹੀਂ ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਇਸ ਪ੍ਰੈਸ ਨੋਟ ਵਿਚ ਕੇਂਦਰੀ ਪੰਚਾਇਤ ਵਲੋਂ ਦਰਸਾਏ ਗਏ ਫੈਸਲੇ ਗੁਰਮਤਿ ਤੋਂ ਉਲਟ ਅਤੇ ਈਰਖਾ, ਈਗੋ, ਝੂਠ ਅਤੇ ਬੌਖਲਾਹਟ ਆਧਾਰਿਤ ਹਨ। ਬਾਕੀ ਹਰ ਬੰਦੇ ਨੇ ਇਹ ਫੈਸਲਾ ਖੁਦ ਕਰਨਾ ਹੈ ਕਿ ਉਸ ਦੀ ਪ੍ਰਾਥਮਿਕਤਾ ‘ਗੁਰਮਤਿ’ ਅਨੁਸਾਰੀ ਵਿਵਹਾਰ ਹੈ ਜਾਂ ਉਹ ਕਿਸੇ ਧੜੇ ਨੂੰ ਗੁਰਮਤਿ ਤੋਂ ਵੱਧ ਮਹੱਤਵ ਦਿੰਦਾ ਹੈ।

ਇਸ ਸੁਧਾਰ ਉਪਰਾਲੇ ਬਾਰੇ ਕੁਝ ਸੱਜਣਾਂ ਵਲੋਂ ਕੀਤੇ ਜਾ ਰਹੇ ਗੈਰ-ਸਿਧਾਂਤਕ ਕੂੜ ਪ੍ਰਚਾਰ ਨੂੰ ਸਪਸ਼ਟ ਕਰਨ ਦੇ ਤਾਜ਼ਾ ਸਿਲਸਿਲੇ ਵਿਚ ਅਸੀਂ ਪ੍ਰੋ. ਕਵਲਦੀਪ ਸਿੰਘ ਜੀ ਦੇ ਪ੍ਰਚਾਰ ਬਾਰੇ ਆਪਣਾ ਪੱਖ ਕੁਝ ਦਿਨ ਪਹਿਲਾਂ ਰੱਖਿਆ ਸੀ। ਅੱਜ ਅਸੀਂ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਜਥੇਬੰਦੀ ਦੀ ਕੇਂਦਰੀ ਪੰਚਾਇਤ ਵਲੋਂ ਇਸ ਸਿਲਸਿਲੇ ਵਿਚ ਆਏ ‘ਪ੍ਰ੍ਰੈਸ ਨੋਟ’ ਬਾਰੇ ਆਪਣਾ ਪੱਖ ਰੱਖਿਆ ਹੈ। ਵਾਜਬ ਜਵਾਬਦੇਹੀ ਦੇ ਫਰਜ਼ ਨੂੰ ਪਛਾਣਦੇ ਹੋਏ, ਇਸੇ ਲੜੀ ਵਿਚ, ਬਾਕੀ ਬੱਚਦੇ ਚੰਦ-ਕੁ ਸੱਜਣਾਂ ਦੇ ਕੂੜ ਪ੍ਰਚਾਰ ਬਾਰੇ ਆਪਣਾ ਪੱਖ ਛੇਤੀ ਰੱਖਣ ਦਾ ਨਿਮਾਣਾ ਯਤਨ ਕਰਾਂਗੇ।

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
16/11/12


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top