Share on Facebook

Main News Page

ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਜਥੇਬੰਦੀ ਵਲੋਂ ਪ੍ਰੈਸ ਨੋਟ

ਪ੍ਰੈਸ ਨੋਟ

‘ਤੱਤ ਗੁਰਮਤਿ ਪਰਿਵਾਰ’ ਵਲੋਂ ਸਿੱਖ ਰਹਿਤ ਮਰਿਯਾਦਾ ਵਿੱਚ ਕੀਤੀਆਂ ਜਾ ਰਹੀਆਂ ‘ਕਥਿਤ ਸੋਧਾਂ’ ਅਤੇ ਪ੍ਰਚਾਰ ਬਾਰੇ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ ਵਲੋ ਉਹ ਹੀ ਸਟੈਂਡ ਜਾਂ ਪ੍ਰਤੀਕਰਮ ਅੱਜ ਵੀ ਹੈ, ਜੋ ‘ਤੱਤ ਗੁਰਮਤਿ ਪਰਿਵਾਰ’ ਦੀਆਂ ਪਿਛਲੀਆਂ ਮੀਟਿੰਗਾਂ ਬਾਰੇ ਸੀ। ਇਸ ਲਈ ਇਨਾਂ ਦੇ ਸੱਦੇ ਪੱਤਰ ਦਾ ਜਵਾਬ ਦੇਣਾਂ ਇਸ ਜਥੇਬੰਦੀ ਵਲੋਂ ਠੀਕ ਨਹੀਂ ਸਮਝਿਆ ਗਇਆ, ਕਿਉਂਕਿ ਇਹ ਅਪਣੇ ਕੀਤੇ, ਕਿਸੇ ਵੀ ‘ਕ੍ਰਿਤ’ ਦੀ ਆਲੋਚਨਾ ਅਤੇ ਵਿਰੋਧੀ ਵਿਚਾਰਧਾਰਾ ਨੂੰ ਮਾਨਤਾ ਨਹੀਂ ਦਿੰਦੇ, ਅਤੇ ਨਾਂ ਹੀ ਉਸ ਤੇ ਕੋਈ ਵਿਚਾਰ ਕਰਦੇ ਹਨ । ਇਹ ਉਸੇ ਵਿਚਾਰਧਾਰਾ ਨੂੰ ਪ੍ਰਮੁੱਖਤਾ ਦਿੰਦੇ ਅਤੇ ਸਵੀਕਾਰਦੇ ਹਨ, ਜੋ ਇਨਾਂ ਦਾ ਹੀ ਪੱਖ ਪੂਰਦਾ ਹੋਵੇ।

‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਵਿਸ਼ਵ ਚੇਤਨਾ ਲਹਿਰ, ਜੱਥੇਬੰਦੀ, ‘ਤੱਤ ਗੁਰਮਤਿ ਪਰਿਵਾਰ’ ਦੇ ਕਿਸੇ ‘ਕਥਿਤ ਨਿਜੀ ਉਪਰਾਲੇ’ ਦਾ ਸਮਰਥਨ ਨਹੀਂ ਕਰਦੀ ਅਤੇ ਨਾਂ ਹੀ ਕੋਈ ਜਵਾਬ ਦੇ ਕੇ ‘ਤੱਤ ਗੁਰਮਤਿ ਪਰਿਵਾਰ’ ਨੂੰ ਕੋਈ ਅਹਮਿਯਤ ਹੀ ਦੇਣਾ ਚਾਹੁੰਦੀ ਹੈ। ਲੇਕਿਨ ਤੱਤ ਗੁਰਮਤਿ ਪਰਿਵਾਰ ਵਲੋਂ ਅਪਣੀ ਦੂਸਰੀ ਕਥਿਤ ਇਕਤੱਰਤਾ ਮੀਟਿੰਗ ਵਲੋਂ ਜਾਰੀ ‘ਪ੍ਰੈਸ ਨੋਟ’ ਅਤੇ ਅਖਬਾਰ ਵਿੱਚ ਛਪੀਆਂ ਕੁਝ ਐਸੀਆਂ ਖਬਰਾਂ ਪੜ੍ਹਨ ਨੂੰ ਮਿਲੀਆਂ ਹਨ, ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਦੇ ਖੱਤ ਨੂੰ ਆਧਾਰ ਬਣਾਂ ਕੇ ਇਹ ਕੂੜ ਪ੍ਰਚਾਰ ਕੀਤਾ ਗਇਆ ਹੇ ਕਿ ਪ੍ਰੋ. ਦਰਸ਼ਨ ਸਿੰਘ ਜੀ ਨੇ ਤੱਤ ਗੁਰਮਤਿ ਪਰਿਵਾਰ ਦੇ ਕਿਸੇ ਨਿਜੀ ਉਪਰਾਲੇ ਦਾ ਸਮਰਥਨ ਕੀਤਾ ਹੈ, ਜਾਂ ਸਫਲਤਾ ਦੀ ਕਾਮਨਾ ਕੀਤੀ ਹੈ। ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਵਿਸ਼ਵ ਚੇਤਨਾ ਲਹਿਰ, ਜੱਥੇਬੰਦੀ ਦੀ ਕੇਂਦਰੀ ਪੰਚਾਇਤ ਦੇ ਇਕ ਮੋਹਤਬਰ ਅਤੇ ਸਤਕਾਰਤ ਮੈਂਬਰ ਹਨ ਅਤੇ ਉਹ ਇਸ ਜੱਥੇਬੰਦੀ ਦੇ ਇਕ ਅਹਿਮ ਅੰਗ ਹਨ । ਇਸ ਲਈ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ, ਨੂੰ ਇਹ ਪ੍ਰੈਸ ਨੋਟ ਜਾਰੀ ਕਰਨ ਦੀ ਜਰੂਰਤ ਮਹਿਸੂਸ ਹੋ ਰਹੀ ਹੈ, ਤਾਂ ਕਿ ਪਾਠਕਾਂ ਨੂੰ ਕਿਸੇ ਕਿਸਮ ਦਾ ਕੋਈ ਮੁਗਾਲਤਾ ਜਾਂ ਗਲਤ ਫਹਮੀ ਨਾ ਰਵੇ।

ਸਾਰੀ ਜਾਨਕਾਰੀ ਅਤੇ ਪੜਚੋਲ ਤੋਂ ਬਾਅਦ ਇਹ ਤੱਥ ਸਾਮ੍ਹਣੇ ਆਏ ਹਨ, ਕਿ ਤੱਤ ਗੁਰਮਤਿ ਪਰਿਵਾਰ ਵਲੋਂ ਭੇਜੇ ਗਏ ‘ਸੱਦਾ ਪੱਤਰ’ ਦਾ ਜਵਾਬ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਵਲੋਂ ਸਿਸ਼ਟਾਚਾਰ ਅਤੇ ਸਭਿਆਚਾਰ ਦੇ ਤੌਰ ਤਰੀਕਿਆਂ ਦੇ ਅਧੀਨ ਦਿਤਾ ਗਇਆ ਸੀ, ਨਾਂ ਕਿ ਤੱਤ ਗੁਰਮਤਿ ਪਰਿਵਾਰ ਵਲੋਂ ਕੀਤੇ ਜਾ ਰਹੇ ਕਿਸੇ ਕੰਮ ਦਾ ਕਿਸੇ ਵੀ ਰੂਪ ਵਿੱਚ ਕੋਈ ਸਮਰਥਨ ਕੀਤਾ ਗਇਆ ਹੈ। ਉਨਾਂ ਦੇ ਸਭਿਆਚਾਰ ਅਤੇ ਸ਼ਿਸ਼ਟਾਚਾਰ ਵਜੋਂ ਲਿਖੇ ਖੱਤ ਨੂੰ ਤੱਤ ਗੁਰਮਤਿ ਪਰਿਵਾਰ ਨੇ ਅਪਣੇ ਕੀਤੇ ਜਾ ਰਹੇ ਕੰਮਾਂ ਦੇ ਸਮਰਥਨ ਵਜੋ ਪੇਸ਼ ਕੀਤਾ ਹੈ। ਪ੍ਰੋ. ਸਾਹਿਬ ਜੀ ਦਾ ਤੱਤ ਗੁਰਮਤਿ ਪਰਿਵਾਰ ਨੂੰ ਭੇਜੇ ਗਏ ਖੱਤ ਵਿਚ ਸੰਬੋਧਨ ਪੰਥ ਦੇ ਹਰ ਸਿੱਖ ਲਈ ਹੈ, ਨਾਂ ਕਿ ਤੱਤ ਗੁਰਮਤਿ ਪਰਿਵਾਰ ਲਈ। ਤੱਤ ਗੁਰਮਤਿ ਪਰਿਵਾਰ ਵਾਲਿਆਂ ਨੂੰ ਚਾਹੀਦਾ ਹੈ ਕਿ ਪ੍ਰੋ. ਸਾਹਿਬ ਜੀ ਦੇ ਖੱਤ ਦਾ ਇਹ ਅੰਸ਼ ਧਿਆਨ ਨਾਲ ਪੜ੍ਹ ਕੇ ਅਪਣੇ ਮਨ ਦੇ ਮੁਗਾਲਤੇ ਨੂੰ ਦੂਰ ਕਰ ਲੈਣ।

“....ਆਪ ਜੀ ਵਲੋਂ ਗੁਰਮਤਿ ਗਾਡੀ ਰਾਹ ਢੂੰਡਣ ਦਾ ਉਪਰਾਲਾ ਖੂਬਸੂਰਤ ਹੈ, ਬਾਕੀ ਹਰ ਜਾਗ੍ਰਤ ਧਿਰ ਦਾ ਢੰਗ ਤਰੀਕਾ ਅਤੇ ਗਤੀ ਵੱਖਰੀ ਹੋ ਸਕਦੀ ਹੈ । ਗੁਰੂ ਕਰੇ ਹਰ ਜਾਗ੍ਰਤ ਸੋਚ ਦੀ ਮੰਜ਼ਲ ਅਤੇ ਦਿਸ਼ਾ ਜ਼ਰੂਰ ਇਕ ਹੋਵੇ ਤਾਂਕੇ ਸਿੱਖ ਨੂੰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਵਿਚ ਜੀਵਨ ਮੰਜ਼ਲ ਮਿਲ ਸੱਕੇ ਗੁਰੂ ਸਫਲਤਾ ਬਖਸ਼ੇ।....

ਤੱਤ ਗੁਰਮਤਿ ਵਾਲਿਆ ਨੇ ਦੋਬਾਰਾ ਇਕ ਖੱਤ, ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਇਸ ਬਾਬਤ ਲਿਖਿਆ ਕਿ ਇੰਡੀਆ ਵਿਚੋਂ ਗੁਰੂ ਗ੍ਰੰਥ ਦੇ ਖਾਲਸਾ ਪੰਥ, ਜਥੇਬੰਦੀ ਦੇ ਕਿਸੇ ਨੁਮਾਇੰਦੇ ਨੂੰ ਇਕੱਤ੍ਰਤਾ ਵਿਚ ਸ਼ਾਮਲ ਹੋਣ ਲਈ ਜਰੂਰ ਭੇਜਿਆ ਜਾਵੇ। ਜਿਸ ਦਾ ਜਵਾਬ ਤੱਤ ਗੁਰਮਤਿ ਵਾਲਿਆਂ ਨੂੰ ਦੇਂਦਿਆਂ ਪ੍ਰੋਫੈਸਰ ਸਾਹਿਬ ਜੀ ਨੇ ਸਪਸ਼ਟ ਲਫਜ਼ਾਂ ਵਿੱਚ ਲਿਖਿਆ ਸੀ, ਕਿ ........... ਮੀਟਿੰਗਾਂ ਅਤੇ ਫੈਸਲਿਆਂ ਦੇ ਅਧਿਕਾਰ ਜੱਥੇਬੰਦੀ ਦੀ ਕੇਂਦਰੀ ਪੰਚਾਇਤ ਕੋਲ ਰਾਖਵੇ ਹਨ ਜੀ, ਬਲਕੇ ਕੇਂਦਰੀ ਪੰਚਾਇਤ ਵੱਲੋਂ ਮੇਰੀ ਗ਼ੈਰ ਹਾਜ਼ਰੀ ਵਿਚ ਭੀ ਗੁਰਮਤਿ ਦੀ ਰੋਸ਼ਨੀ ਵਿਚ ਲਏ ਗਏ ਹਰ ਫੈਸਲੇ ਦਾ ਮੈਂ ਵੀ ਪਾਬੰਦ ਹਾਂ ਜੀ, ਮੈਂ ਆਪ ਜੀ ਦੀ ਇਛਾ ਰੂਪ ਪੱਤਰ ਜੱਥੇਬੰਦੀ ਦੇ ਗਿਆਤ ਲਈ ਜੱਥੇਬੰਦੀ ਨੂੰ ਫਾਰਵਰਡ ਕਰ ਦਿਤਾ ਹੈ । ਫੈਸਲਾ ਜੱਥੇਬੰਦੀ ਦੀ ਕੇਂਦਰੀ ਪੰਚਾਇਤ ਨੇ ਆਪ ਕਰਨਾ ਹੈ ਜੀ।.....” (ਪ੍ਰੋ. ਦਰਸ਼ਨ ਸਿੰਘ ਜੀ ਦਾ ਭੇਜਿਆ, ਇਹ ਖੱਤ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੀ ਕੇਂਦਰੀ ਪੰਚਾਇਤ ਨੂੰ ਪ੍ਰਾਪਤ ਹੋ ਗਇਆ ਸੀ)।

ਤੱਤ ਗੁਰਮਤਿ ਵਾਲਿਆਂ ਨੇ ਪ੍ਰੋ. ਸਾਹਿਬ ਵਲੋਂ ਭੇਜਿਆ ਪਹਿਲਾ ਖੱਤ ਤਾਂ ਅਪਣੀ ਮੀਟਿੰਗ ਵਿੱਚ ਪੜ੍ਹ ਕੇ ਸੁਣਾਇਆ ਅਤੇ ਉਸ ਨੂੰ ਜਨਤਕ ਕੀਤਾ, ਲੇਕਿਨ ਦੁਸਰਾ ਖੱਤ ਜਨਤਕ ਨਹੀਂ ਕੀਤਾ, ਕਿਉਂਕਿ ਉਹ ਖੱਤ ਤੱਤ ਪਰਿਵਾਰ ਦੀ ਸੋਚ ਦੇ ਉਲਟ ਸੰਦੇਸ਼ ਦੇ ਰਿਹਾ ਸੀ, ਜਿਸ ਵਿੱਚ ਕਿਸੇ ‘ਸਮਰਥਨ’ ਦੀ ਕੋਈ ਗਲ ਨਹੀਂ ਸੀ, ਬਲਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ, ਜੱਥੇਬੰਦੀ ਦੇ ਸਟੈਂਡ ਨਾਲ ਅਪਣੇ ਜੁੜੇ ਹੋਣ ਦੀ ਗਲ ਦੀ ਪ੍ਰੌੜਤਾ ਕੀਤੀ ਗਈ ਸੀ। ਅਤੇ ਸਪਸ਼ਟ ਕਿਹਾ ਗਇਆ ਸੀ ਕਿ ....ਫੈਸਲਾ ਜੱਥੇਬੰਦੀ ਦੀ ਕੇਂਦਰੀ ਪੰਚਾਇਤ ਨੇ ਆਪ ਕਰਨਾ ਹੈ ਜੀ।.....

ਤੱਤ ਗੁਰਮਤਿ ਪਰਿਵਾਰ ਨੂੰ, ਉਨਾਂ ਦੀਆ ਇਸ ਤਰ੍ਹਾਂ ਦੀਆਂ ‘ਗੈਰ ਸਿਧਾਂਤਕ ਹਰਕਤਾਂ’ ਅਤੇ ਕੂੜ ਪ੍ਰਚਾਰ ਕਰਨ ਤੋਂ ਮੁੜ ਸੁਚੇਤ ਕਰਦਿਆਂ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਦੀ ਕੇਂਦਰੀ ਪੰਚਾਇਤ ਵਲੋਂ ਹੇਠ ਲਿਖੇ ਨਿਰਣੈ ਲਏ ਗਏ ਹਨ ਕਿ:-

  1. ਤੱਤ ਗੁਰਮਤਿ ਪਰਿਵਾਰ ਦੇ ਸਿੱਖ ਰਹਿਤ ਮਰਿਯਾਦਾ ਬਾਰੇ ਕੀਤੇ ਜਾ ਰਹੇ ‘ਕਥਿਤ ਨਿਜੀ ਉਪਰਾਲਿਆਂ’ ਨੂੰ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ, ਅਤੇ ਇਸ ਦੀ ਕੇਂਦਰੀ ਪੰਚਾਇਤ ਦੇ ਕਿਸੇ ਮੈਂਬਰ ਦਾ ਕੋਈ ਸਮਰਥਨ ਪ੍ਰਾਪਤ ਨਹੀਂ ਹੈ।

  2. ਤੱਤ ਗੁਰਮਤਿ ਪਰਿਵਾਰ ਨੂੰ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਕਿਸੇ ਮੈਂਬਰ ਦੇ ਸਭਿਆਚਾਰ ਪੱਖੋਂ ਲਿਖੇ ਗਏ , ਕਿਸੇ ਖੱਤ ਨੂੰ ਅਪਣੇ ਨਿਜੀ ਅਤੇ ਅਖੌਤੀ ਉਪਰਾਲਿਆਂ ਦੇ ‘ਸਮਰਥਨ’ ਵਜੋ ਪੇਸ਼ ਕਰਨ ਅਤੇ ਵਰਤਣ ਦੀ ਗੈਰ ਸਿਧਾਤਕ ਕੋਸ਼ਿਸ਼ ਨਾਂ ਕੀਤੀ ਜਾਵੇ।

  3. ਤੱਤ ਗੁਰਮਤਿ ਪਰਿਵਾਰ ਨੂੰ ਆਪ ਹੁਦਰੇ ਤੌਰ 'ਤੇ ਸਿੱਖ ਰਹਿਤ ਮਰਿਯਾਦਾ ਨੂੰ ਸੋਧਨ/ਰੱਦ ਕਰਨ ਦਾ ਕੋਈ ਅਧਿਕਾਰ ਪੰਥ’ ਜਾਂ ਕਿਸੇ ‘ਇਕੱਠ’ ਪਾਸੋਂ ਪ੍ਰਾਪਤ ਨਹੀਂ ਹੈ । ਇਸ ਕਰਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ, ਜਥੇਬੰਦੀ, ਉਨਾਂ ਦੇ ਕਿਸੇ ਕਥਿਤ ਉਪਰਾਲੇ ਵਿੱਚ ਸ਼ਾਮਿਲ ਨਹੀਂ ਹੋ ਸਕਦੀ। ਪੰਥਿਕ ਫੈਸਲੇ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ‘ਸਰਬਤ ਖਾਲਸਾ’ ਜਾਂ ‘ਸਿੱਖਾਂ ਦੇ ਇਕ ਵੱਡੇ ਇਕੱਠ’ ਦੁਆਰਾ ਥਾਪੇ ਗਏ ‘ਪੈਨਲ’ ਰਾਹੀਂ ਹੀ ਹੋ ਸਕਦਾ ਹੈ।

ਕੇਂਦਰੀ ਪੰਚਾਇਤ
ਗੁਰੂ ਗ੍ਰੰਥ ਦਾ ਖਾਲਸਾ ਪੰਥ, ਵਿਸ਼ਵ ਚੇਤਨਾ ਲਹਿਰ


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top