Share on Facebook

Main News Page

ਖ਼ਾਲਸਾ ਨਿਊਜ਼ ਟੀਮ ਦਾ ਸਵਾਗਤ ਯੋਗ ਨਿਰਣੈ
-
ਹਰਦੇਵ ਸਿੰਘ, ਜੰਮੂ  24.10.12

ਮਿਤੀ 24.10.12 ਨੂੰ ਖ਼ਾਲਸਾ ਨਿਊਜ਼ ਟੀਮ ਵਲੋਂ ਲਿਖੇ ਪੱਤਰ "ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ" ਵਿਚਲੇ ਕੁੱਝ ਵਿਚਾਰ, ਲਿਖਾਰੀਆਂ ਜਾਂ ਲਿਖਤਾਂ ਤੇ ਕਮੈਂਟਸ ਕਰਨ ਵਾਲੇ ਸੱਜਣਾਂ ਦੇ ਵਿਚਾਰਣ ਯੋਗ ਹਨ। ਧਾਰਮਕ ਖੇਤਰ ਨਾਲ ਜੁੜੀਆਂ ਵੈਬਸਾਈਟਾਂ ਵਿਚ, ਜੇ ਕਰ ਭੱਦੀ ਅਤੇ ਅਸਿੱਭਯ ਭਾਸ਼ਾ ਸ਼ੈਲੀ ਵਾਲਿਆਂ ਲਿਖਤਾਂ ਛੱਪਦਿਆਂ ਹਨ ਤਾਂ ਇਸ ਨਾਲ ਨਾ ਕੇਵਲ ਲਿਖਾਰੀ ਵਿਚਲੀ ਫ਼ਿੱਕੀ ਅਤੇ ਫ਼ੋਕੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਬਲਕਿ ਵੈਬਸਾਈਟ ਦੇ ਮਿਆਰ ਉੱਤੇ ਵੀ ਨਕਾਰਾਤਮਕ ਫ਼ਰਕ ਪੈਂਦਾ ਹੈ।

ਸਭ ਨਾਲੋ ਮਾੜੀ ਗਲ ਇਹ ਕਿ ਐਸੀ ਸ਼ਬਦਾਵਲੀ ਲਿਖਣ ਵਾਲੇ ਖ਼ੂਦ ਅਸ਼ਲੀਲ ਚਿੰਤਨ ਸਾਹਿਤ ਦੀ ਰਚਨਾ ਕਰਦੇ ਹਨ ਜਿਸ ਨੂੰ ਪੜ ਕੇ ਆਉਂਣ ਵਾਲਿਆਂ ਪੀੜੀਆਂ ਲੇਖਨ ਦੇ ਐਸੇ ਮਿਆਰ ਨੂੰ ਪੜ ਕੇ ਸ਼ਰਮਿੰਦਗੀ ਮਹਸੂਸ ਕਰਨਗੀਆਂ। ਇਸ ਨਾਲ ਸਿੱਖ ਚਿੰਤਨ ਦਾ ਅਕਸ ਵਿਗੜ ਰਿਹਾ ਹੈ!

ਕੁੱਝ ਮਹੀਨੇ ਪਹਿਲਾਂ ਦਾਸ ਸਮੇਤ ਕੁੱਝ ਹੋਰ ਸੱਜਣਾਂ ਵਲੋਂ ਇਸ ਬਾਬਤ ਲਿਖਤੀ ਬੇਨਤੀ ਕੀਤੀ ਗਈ ਸੀ ਕਿ ਗੁਰਮਤਿ ਅਤੇ ਸਾਹਿਤ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਭੱਦੀ ਅਤੇ ਅਸੱਭਿਯ ਸ਼ਬਦਾਵਲੀ/ਵਿਚਾਰ ਲਿਖਣ ਤੋਂ ਗੁਰੇਜ਼ ਕੀਤਾ ਜਾਏ ਜਿਸ ਦੀ ਪ੍ਰਤੀਕ੍ਰਿਆ ਵਿਚ ਕੁੱਝ ਸੱਜਣਾਂ ਨੇ ਉਸ ਬੇਨਤੀ ਪੱਤਰ ਦਾ ਵਿਰੌਧ ਕੀਤਾ ਸੀ। ਪਰ ਆਸ ਹੈ ਕਿ ਹੁਣ ਖ਼ਾਲਸਾ ਨਿਊਜ਼ ਟੀਮ ਵਲੋਂ ਲਿਖੇ ਤਾਜ਼ਾ ਪੱਤਰ ਨੂੰ ਪੜ ਕੇ ਉਨ੍ਹਾਂ ਸੱਜਣਾ ਨੂੰ ਇਹ ਅਹਿਸਾਸ ਹੋਵੇਗਾ ਕਿ ਭੱਦੀ ਸ਼ਬਦਾਵਲੀ ਵਰਤਨ ਦੇ ਪਲਾਂ ਵਿਚ ਲਿਖਾਰੀ ਧਰਮੀ ਨਹੀਂ ਅਧਰਮੀ ਹੋ ਜਾਂਦਾ ਹੈ। ਵਿਚਾਰਕ ਅਸਹਿਮਤੀ ਜਤਾਉਂਣ ਵੇਲੇ ਕਿਸੇ ਦਾ ਅਸਿੱਭਯ ਹੋ ਜਾਣਾ ਕਮਜ਼ੋਰੀ, ਅਗਿਆਨਤਾ ਅਤੇ ਤਰਕਹੀਨਤਾ ਦੀ ਸਥਿਤੀ ਵੱਲ ਇਸ਼ਾਰਾ ਕਰਦਾ ਹੈ।

ਐਸੇ ਲਿਖਾਰੀਆਂ ਨੂੰ ਖ਼ਾਲਸਾ ਨਿਊਜ਼ ਟੀਮ ਵਲੋਂ ਵਿਯੱਕਤ ਕੀਤੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਵੈਬਸਾਈਟ ਤੇ ਗਾਲੀ- ਗਲੌਚ ਅਤੇ ਸਿੱਖ ਰਹਿਤ ਮਰਿਆਦਾ ਵਿਚਲੇ ਹੋਏ ਪੰਥਕ ਫ਼ੈਸਲਿਆਂ ਬਾਰੇ ਮਿਆਰ ਤੋਂ ਡਿੱਗੇ ਹੋਏ ਸ਼ਬਦ ਛੱਪਣ ਨਾਲ ਸੰਪਾਦਕਾਂ, ਛਾਪਕਾਂ ਅਤੇ ਵੈਬਸਾਈਟ ਚਲਾਉਂਣ ਨਾਲ ਜੁੜੇ ਸੱਜਣਾਂ ਦੀ ਛਵੀ ਨੂੰ ਵੀ ਨੁਕਸਾਨ ਪਹੁੰਚਦਾ ਹੈ ਅਤੇ ਆਮ ਪਾਠਕ ਲਈ ਭੱਦੀ ਸ਼ਬਦਾਵਲੀ ਲਿਖਣ ਵਾਲੇ ਲਿਖਾਰੀ ਅਤੇ ਉਸ ਨੂੰ ਛਾਪਣ ਵਾਲੇ ਇੰਤਜ਼ਾਮਿਆ ਵਿਚਲਾ ਫ਼ਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉਹ ਇਕ ਸਮੇਂ ਇਹ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਕੀ ਭੱਦੀ-ਅਸਿੱਭਯ ਭਾਸ਼ਾ ਸ਼ੈਲੀ ਅਤੇ ਆਪਸੀ ਗਾਲੀ ਗਲੌਚ ਨੂੰ ਸੰਪਾਦਕਾਂ, ਛਾਪਕਾਂ ਅਤੇ ਵੈਬਸਾਈਟ ਚਲਾਉਂਣ ਨਾਲ ਜੁੜੇ ਸੱਜਣਾਂ ਦਾ ਵੀ ਸਮਰਥਨ ਪ੍ਰਾਪਤ ਹੈ? ਇਸ ਸਾਰੇ ਵਰਤਾਰੇ ਨੇ ਵੈਬਸਾਈਟਾਂ ਤੇ ਉਸਰ ਰਹੇ ਸਿੱਖ ਸਾਹਿਤ ਅਤੇ ਉਸ ਨਾਲ ਜੁੜੇ ਸੱਜਣਾਂ ਦੀ ਛਵੀ ਦਾ ਬਹੁਤ ਵੱਡਾ ਨੁਕਸਾਨ ਵੀ ਕੀਤਾ ਹੈ।

ਖ਼ਾਲਸਾ ਨਿਊਜ਼ ਟੀਮ ਦਾ ਤਾਜ਼ਾ ਪੱਤਰ ਇਸ ਨੁਕਸਾਨ ਦੀ ਭਰਪਾਈ ਵਲ ਇੱਕ ਚੰਗਾ ਕਦਮ ਹੈ ਜਿਸਦਾ ਸਵਾਗਤ ਹੋਣਾ ਚਾਹੀਦਾ ਹੈ ਆਲੋਚਨਾ ਨਹੀਂ।

ਮੇਰੀ ਇਕ ਹੋਰ ਬੇਨਤੀ ਹੈ, ਕਿ ਜਿੱਥੇ ਅਸੀਂ ਸਿੱਖ ਰਹਿਤ ਮਰਿਆਦਾ ਵਿੱਚਲੇ ਕੁੱਝ ਪੰਥਕ ਫ਼ੈਸਲਿਆਂ ਪ੍ਰਤੀ ਭੱਦੀ ਸ਼ਬਦਾਵਲੀ ਅਤੇ ਆਪਸੀ ਗਾਲੀ-ਗਲੌਚ ਨੂੰ ਸਹੀ ਨਹੀਂ ਮੰਨਦੇ, ਉੱਥੇ ਨਾਲ ਹੀ ਸਾਨੂੰ ਦੱਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪ੍ਰਤੀ ਕਿੰਤੂ ਦਾ ਪ੍ਰਭਾਵ ਉੱਤਪਨ ਕਰਦੀ ਸ਼ਬਦਾਵਲੀ ਨੂੰ ਵੀ ਭੱਦੀ, ਅਸਿੱਭਯ ਅਤੇ ਬੇਅਦਬ ਸ਼੍ਰੇਣੀ ਦੇ ਵਿਚਾਰਾਂ ਦੀ ਪੋਸ਼ਕ ਸਮਝਦੇ ਹੋਏ ਫ਼ੌਰਨ ਇਹ ਨਿਰਣੈ ਲੈਣਾ ਚਾਹੀਦਾ ਹੈ ਕਿ ਐਸੀਆਂ ਲਿਖਤਾਂ/ਉਪਰਾਲਿਆਂ ਨੂੰ ਪ੍ਰਮੋਟ ਨਾ ਕੀਤਾ ਜਾਏ। ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਤੂਆਂ ਦੇ ਦਾਇਰੇ ਵਿਚ ਲਿਆਉਂਣਾ ਇਕ ਆਤਮਘਾਤੀ ਪ੍ਰਵ੍ਰਿਤੀ ਹੈ।

ਆਸ ਹੈ ਕਿ ਖ਼ਾਲਸਾ ਨਿਊਜ਼ ਟੀਮ ਆਪਣੇ ਵਲੋਂ ਲਏ ਗਏ ਇਕ ਚੰਗੇ ਅਤੇ ਸਵਾਗਤ ਯੋਗ ਨਿਰਣੈ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਬੇਨਤੀ ਬਾਰੇ ਵੀ ਵਿਚਾਰ ਕਰਦੇ ਕੋਈ ਠੋਸ ਕਦਮ ਚੁੱਕੇਗੀ।


ਟਿੱਪਣੀ:

ਸ੍ਰ. ਹਰਦੇਵ ਸਿੰਘ ਜੰਮੂ ਜੀ, ਆਪ ਜੀ ਦਾ ਸੁਝਾਅ ਕਿ "ਦੱਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਪ੍ਰਤੀ ਕਿੰਤੂ ਦਾ ਪ੍ਰਭਾਵ ਉੱਤਪਨ ਕਰਦੀ ਸ਼ਬਦਾਵਲੀ ਨੂੰ ਵੀ ਭੱਦੀ, ਅਸਿੱਭਯ ਅਤੇ ਬੇਅਦਬ ਸ਼੍ਰੇਣੀ ਦੇ ਵਿਚਾਰਾਂ ਦੀ ਪੋਸ਼ਕ ਸਮਝਦੇ ਹੋਏ ਫ਼ੌਰਨ ਇਹ ਨਿਰਣੈ ਲੈਣਾ ਚਾਹੀਦਾ ਹੈ ਕਿ ਐਸੀਆਂ ਲਿਖਤਾਂ/ਉਪਰਾਲਿਆਂ ਨੂੰ ਪ੍ਰਮੋਟ ਨਾ ਕੀਤਾ ਜਾਏ " ਇਸ ਸੁਝਾਅ 'ਤੇ ਤਾਂ ਅਸੀਂ ਸ਼ੁਰੂ ਤੋਂ ਹੀ ਅਮਲ ਕਰਦੇ ਆ ਰਹੇ ਹਾਂ, ਪਰ ਇਸ 'ਤੇ ਹੋਰ ਦ੍ਰਿੜਤਾ ਨਾਲ ਪਹਿਰਾ ਦਿੱਤਾ ਜਾਵੇਗਾ। ਆਪ ਜੀ ਦਾ ਖ਼ਾਲਸਾ ਨਿਊਜ਼ ਟੀਮ ਦੇ ਭੱਦੀ, ਅਸਿੱਭਯ ਅਤੇ ਬੇਅਦਬ ਸ਼੍ਰੇਣੀ ਦੇ ਵਿਚਾਰਾਂ ਨੂੰ ਪ੍ਰੋਤਸਾਹਿਤ ਨਾ ਕਰਣ ਦੇ ਨਿਰਣੈ ਦੀ ਸਰਾਹਣਾ ਸਿਰ ਮੱਥੇ।

ਖ਼ਾਲਸਾ ਨਿਊਜ਼ ਟੀਮ


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top