Share on Facebook

Main News Page

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
- ਖ਼ਾਲਸਾ ਨਿਊਜ਼ ਟੀਮ

ਥੋੜ੍ਹੇ ਦਿਨ ਪਹਿਲਾਂ ਅਖੌਤੀ ਦਸਮ ਗ੍ਰੰਥੀਆਂ ਦੀਆਂ ਗਾਲ੍ਹਾਂ ਵਾਲੇ ਕੁਮੈਂਟਸ ਕਰਕੇ, ਕੁਮੈਂਟਸ ਹਟਾ ਦਿੱਤੇ ਗਏ ਸਨ। ਕਾਰਣ ਸੀ, ਬਿਨਾਂ ਲੇਖ ਪੜ੍ਹੇ, ਕੁਮੈਂਟਸ ਦੀ ਥਾਂ 'ਤੇ ਗਾਲ੍ਹਾਂ ਕੱਢਣੀਆਂ, ਜੋ ਕਿਸੇ ਵੀ ਤਰਫ ਤੋਂ ਕਾਬਿਲੇ ਤਾਰੀਫ ਨਹੀਂ ਸੀ, ਹੱਦ ਦਰਜੇ ਦਾ ਅਸਿਭਯਕ ਵਰਤਾਰਾ ਸੀ। ਪਰ ਪਾਠਕਾਂ ਦੇ ਕਹਿਣ 'ਤੇ ਕੁਮੈਂਟਸ ਫਿਰ ਚਾਲੂ ਕੀਤੇ ਗਏ।

ਜਦੋਂ ਕੋਈ ਅਖੌਤੀ ਦਸਮ ਗ੍ਰੰਥ ਬਾਰੇ ਲੇਖ ਹੋਵੇ, ਤਾਂ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕ, ਪ੍ਰੋ. ਦਰਸ਼ਨ ਸਿੰਘ ਬਾਰੇ ਊਲ ਜ਼ਲੂਲ ਲਿਖਣਾ ਚਾਲੂ ਕਰ ਦਿੰਦੇ ਹਨ, ਜਿਵੇਂ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਸਿਰਫ ਪ੍ਰੋ. ਦਰਸ਼ਨ ਸਿੰਘ ਨੇ ਕੀਤਾ ਹੋਵੇ। ਪ੍ਰੋ. ਦਰਸ਼ਨ ਸਿੰਘ ਤੋਂ ਪਹਿਲਾਂ ਵੀ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਹੁੰਦਾ ਆਇਆ ਹੈ, ਅਤੇ ਕਈਆਂ ਨੇ ਤਾਂ ਅਸਭਿਯਕ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਅਖੌਤੀ ਦਸਮ ਗ੍ਰੰਥ ਨੂੰ "ਕੰਜਰ ਕਵਿਤਾ", "ਗੰਦ ਦਾ ਟੋਕਰਾ" ਆਦਿ, ਕਈ ਹੋਰ ਵਿਸ਼ੇਸ਼ਣਾ ਨਾਲ ਨਿਵਾਜਿਆ ਹੈ। ਪ੍ਰੋ. ਦਰਸ਼ਨ ਸਿੰਘ ਜੀ ਨੇ ਕਦੀ ਵੀ ਅਸਭਿਯਕ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ, ਜਦੋਂ ਕਿ ਕਈ ਆਪੂੰ ਬਣੇ ਵਿਦਵਾਨ ਪੰਥ ਪ੍ਰਵਾਨਿਤ ਲਿਖਤਾਂ (ਬਾਣੀ ਨਹੀਂ) ਨੂੰ ਵੀ ਭਿੰਡੀ, ਤੋਰੀ, ਕਰੇਲੇ... ਆਦਿ ਲਿਖਣ ਤੋਂ ਹੱਟਦੇ ਨਹੀਂ। ਖੈਰ ਰੱਬ ਨੇ ਜਿੰਨੀ ਮੱਤ ਬਖਸ਼ੀ ਹੈ, ਉਤਨੀ ਹੀ ਇਸਤੇਮਾਲ ਹੋਏਗੀ।  ਖ਼ਾਲਸਾ ਨਿਊਜ਼ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਲਿਖਤ ਨਹੀਂ ਮੰਨਦੀ, ਪਰ ਇਤਨਾ ਕਹਿਣਾ ਚਾਹੁੰਦੇ ਹਾਂ ਜੇ ਵਿਰੋਧ ਕਰਨਾ ਹੈ ਤਾਂ ਭਾਸ਼ਾ 'ਤੇ ਕੰਟਰੋਲ ਜ਼ਰੂਰੀ ਹੈ।

ਹੁਣ ਵਾਰੀ ਹੈ ਗੁਰਦੇਵ ਸਿੰਘ ਸੱਧੇਵਾਲੀਆ ਜੀ ਦੀ। ਉਨ੍ਹਾਂ ਦੀਆਂ ਲਿਖਤਾਂ ਬੜੀਆਂ ਸਰਲ, ਪ੍ਰਭਾਵਸ਼ਾਲੀ ਹੁੰਦੀਆਂ ਨੇ। ਪਰ ਕਿਸੇ ਕਾਰਣ, ਉਨ੍ਹਾਂ ਦੇ ਲੇਖਾਂ ਨੂੰ ਵੀ ਬਿਨਾਂ ਪੜ੍ਹੇ ਹੀ, ਉਨ੍ਹਾਂ 'ਤੇ ਪਰਸਨਲ ਅਟੈਕ ਹੋਣੇ ਸ਼ੁਰੂ ਹੋ ਗਏ ਹਨ।

ਲੱਗਦਾ ਹੈ, ਸਿੱਖਾਂ 'ਚ ਗੱਲਬਾਤ ਕਰਨ ਦਾ ਸਲੀਕਾ ਖਤਮ ਹੋ ਚੁੱਕਾ ਹੈ। ਜਦੋਂ ਤੋਂ ਫੇਸਬੁੱਕ ਆਈ ਹੈ, ਹਰ ਕੋਈ (ਸਿਵਾਏ ਥੋੜਿਆਂ ਨੂੰ ਛੱਡਕੇ) ਆਪਣੇ ਆਪ ਨੂੰ ਮਹਾਨ ਵਿਦਵਾਨ ਸਮਝਣ ਲੱਗ ਪਿਆ ਹੈ। ਕਿਸੇ ਵੀ ਵਿਦਵਾਨ / ਸ਼ਖਸੀਯਤ ਬਾਰੇ ਗੱਲ ਕਰਨ ਲੱਗਿਆਂ, ਉਸਦੀ ਜੱਦ ਤੱਕ ਮਿੱਟੀ ਪਲੀਤ ਨਹੀਂ ਕਰ ਦਿੰਦੇ, ਚੈਨ ਨਹੀਂ ਲੈਂਦੇ।

ਗੁਰਦੇਵ ਸਿੰਘ ਸੱਧੇਵਾਲੀਆ ਨਾਲ ਖ਼ਾਲਸਾ ਨਿਊਜ਼ ਦਾ ਕੋਈ ਨਿਜੀ ਸੰਬੰਧ ਨਹੀਂ, ਸਿਰਫ ਗੁਰ ਭਾਈ ਹੋਣ ਦਾ ਨਾਤਾ ਹੈ। ਉਨ੍ਹਾਂ ਦੀ ਲੇਖਣੀ 'ਚ ਉਹ ਕਾਬਲਿਯਤ ਹੈ, ਜਿਸ ਨਾਲ ਗੱਲ ਸੌਖੀ ਸਮਝ ਆ ਜਾਂਦੀ ਹੈ, ਅਤੇ ਬਹੁਤੇ ਪਾਠਕਾਂ ਨੂੰ ਪਸੰਦ ਵੀ ਹੈ। ਪਰ ਕੁੱਝ ਕੁ ਕਛਿਹਰੇ ਪ੍ਰੈਸ ਕਰਨ ਵਾਲੇ ਭਾਈ ਸਾਹਿਬ ਦੇ ਚੇਲੇ, ਸਿਰਫ ਆਪਣੀ ਮਨ ਦੀ ਭੜਾਸ ਕੱਢਣ ਲਈ ਹੀ ਸਮਾਂ ਜ਼ਾਇਆ ਕਰਦੇ ਨੇ। ਉਨ੍ਹਾਂ 'ਚ ਉਹ ਸ਼ਖਸ ਵੀ ਸ਼ਾਮਿਲ ਹੈ, ਜਿਸਨੇ ਦੋ ਕੁ ਹਫਤੇ ਪਹਿਲੇ ਹੋਈ ਸਿੱਖ ਲਹਿਰ ਸੈਂਟਰ 'ਚ ਮੀਟਿੰਗ ਦੌਰਾਨ ਆਪਣੀ ਅਸਲੀ ਸ਼ਖਸੀਅਤ ਦੇ ਦਰਸ਼ਨ ਕਰਵਾਏ ਸਨ ਅਤੇ ਆਪਣੇ ਆਕਾ ਦੇ ਅਸਲੀ ਚੇਲੇ ਹੋਣ ਦਾ ਸਬੂਤ ਦਿੱਤਾ ਸੀ। ਖੈਰ, ਇਸ ਤਰ੍ਹਾਂ ਦਾ ਵਰਤਾਓ, ਉਨ੍ਹਾਂ ਨੂੰ ਮੁਬਾਰਕ, ਖ਼ਾਲਸਾ ਨਿਊਜ਼ ਕੋਈ ਮਨ ਦੀ ਭੜਾਸ ਕੱਢਣ ਦਾ ਮੰਚ ਨਹੀਂ। ਜੇ ਕਿਸੇ ਨੇ ਕਿਸੇ ਬਾਰੇ ਨੁਕਤਾਚਿਨੀ ਜਾਂ ਆਲੋਚਨਾ ਕਰਨੀ ਵੀ ਹੈ, ਕਰੇ, ਪਰ ਸਭਿਯਕ ਅਤੇ ਲੇਖ ਬਾਰੇ ਕੁਮੈਂਟਸ ਪਾਏ, ਨਾ ਕਿ ਲਿਖਾਰੀ 'ਤੇ ਜਾਂ ਉਸਦੇ ਜੀਵਨ ਬਾਰੇ।

ਗੁਰੂ ਨਾਨਕ ਸਾਹਿਬ ਫਿਕਾ ਬੋਲਣ ਵਾਲੇ ਲਈ ਇਹ ਲਿਖਦੇ ਹਨ:

ਸਲੋਕੁ ਮਃ ੧ ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥  
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ
॥੧॥

ਪਦਅਰਥ :- ਫਿਕੈ ਬੋਲਿਐ - ਜੇ ਫਿੱਕੇ ਬਚਨ ਬੋਲੀਏ । ਫਿਕੋ-ਫਿੱਕਾ ਹੀ । ਫਿਕੋ ਫਿਕਾ ਸਦੀਐ - ਰੁੱਖੇ ਬਚਨ ਬੋਲਣ ਵਾਲੇ ਮਨੁੱਖ ਨੂੰ ਰੁੱਖਾ ਹੀ ਆਖਿਆ ਜਾਂਦਾ ਹੈ; ਭਾਵ, ਜੋ ਮਨੁੱਖ ਰੁੱਖੇ ਬਚਨ ਬੋਲੇ, ਉਸ ਦੀ ਬਾਬਤ ਇਹ ਆਖੀਦਾ ਹੈ ਕਿ ਉਹ ਰੁੱਖਾ ਹੈ । ਫਿਕੇ-ਰੁੱਖਾ ਬੋਲਣ ਵਾਲੇ ਮਨੁੱਖ ਦੀ । ਸੋਇ-ਸੋਭਾ, ਲੋਕਾਂ ਦੀ ਰਾਇ । ਪਾਣਾ-ਜੁੱਤੀਆਂ ।1।

ਅਰਥ :- ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) । ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ । ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ । (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1।

ਖ਼ਾਲਸਾ ਨਿਊਜ਼ ਵਿੱਚ ਵੀ ਪਿਛਲੇ ਸਮੇਂ 'ਚ ਕਈਆਂ ਦਾ ਨਾਮ ਗਲਤ ਤਰੀਕੇ ਨਾਲ ਲਿਖਿਆ ਜਾਂਦਾ ਰਿਹਾ ਹੈ, ਪਰ ਅਸੀਂ ਉਹ ਗਲਤੀ ਦੁਹਰਾਉਣਾ ਨਹੀਂ ਚਾਹੁੰਦੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਅਖੌਤੀ ਦਸਮ ਗ੍ਰੰਥ, ਅਖੌਤੀ ਬਾਬਿਆਂ, ਅਖੌਤੀ ਜਥੇਦਾਰਾਂ, ਅਖੌਤੀ ਅਕਾਲੀ, ਅਖੌਤੀ ਵਿਦਵਾਨ, ਸਿੱਖਾਂ 'ਚ ਫੈਲੇ ਕਰਮਕਾਂਡ, ਬ੍ਰਾਹਮਣਵਾਦ ਆਦਿ ਬਾਰੇ ਲਿਖਣਾ ਬੰਦ ਕਰ ਦੇਣਾ ਹੈ, ਉਹ ਕੰਮ ਚਾਲੂ ਰਹੇਗਾ, ਪਰ ਸ਼ਬਦਾਵਲੀ 'ਤੇ ਲਗਾਮ ਰਹੇਗੀ।

ਇਹੀ ਉਮੀਦ, ਸਾਰੇ ਲੇਖਕਾਂ ਤੋਂ ਵੀ ਹੈ, ਕਿ ਸਭਿਯਕ ਭਾਸ਼ਾ ਦਾ ਪ੍ਰਯੋਗ ਕਰਨ। ਕਿਸੇ ਦੀ ਆਲੋਚਨਾ ਵੀ ਕਰਨੀ ਹੈ ਤਾਂ ਸ਼ਬਦਾਵਲੀ ਦਾ ਪ੍ਰਯੋਗ ਪ੍ਰਭਾਵਸ਼ਾਲੀ ਹੋਵੇ। ਕੁਮੈਂਟਸ ਦੇਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਲੇਖ ਬਾਰੇ ਕੁੰਮੈਟਸ ਦੇਣ ਨਾ ਕਿ ਲੇਖਕ ਬਾਰੇ ਨਿਜੀ ਕਿੜ੍ਹਾਂ ਕੱਢਣ।

ਗਾਲ੍ਹਾਂ ਜਾਂ ਅਪਸ਼ਬਦ ਬੋਲਣੇ ਉਹ ਸ਼ੁਰੂ ਕਰਦਾ ਹੈ ਜਿਸ ਕੋਲ਼ ਗਲਬਾਤ ਕਰਨ ਦਾ ਮਾਦਾ ਮੁੱਕ ਜਾਵੇ, ਤਰਕਹੀਣ ਹੋ ਜਾਵੇ, ਜਵਾਬ ਮੁੱਕ ਜਾਣ, ਤੱਦ ਹੱਥੋਪਾਈ ਹੋਣਾ ਚਾਲੂ ਹੋ ਜਾਂਦਾ ਹੈ। ਇਹ ਗੱਲਾਂ ਇਨਸਾਨਾਂ ਨੂੰ ਸ਼ੋਭਦੀਆਂ ਨਹੀਂ। ਜੇ ਗਾਲ੍ਹਾਂ ਵਾਲਾ / ਨਿਜੀ ਕਿੜ੍ਹਾਂ ਕੱਢਣ ਵਾਲਾ ਵਰਤਾਰਾ ਚਾਲੂ ਰਿਹਾ ਤਾਂ ਸਾਡੇ ਕੋਲ਼ ਹੋਰ ਕੋਈ ਚਾਰਾ ਨਹੀਂ ਰਹੇਗਾ, ਸਿਵਾਏ ਕੁਮੈਂਟਸ ਸਦਾ ਲਈ ਬੰਦ ਕਰਨ ਦਾ, ਜੋ ਕਿ ਖ਼ਾਲਸਾ ਨਿਊਜ਼ ਟੀਮ ਦਿਲੋਂ ਨਹੀਂ ਚਾਹੁੰਦੀ। ਗੱਲਬਾਤ ਦਾ ਸਿਲਸਿਲਾ ਚਲਦਾ ਰਹਿਣਾ ਚਾਹੀਦਾ ਹੈ, ਬਸ਼ਰਤੇ ਸਭਿਯਕ ਹੋਵੇ।

ਆਸ ਹੈ ਕਿ ਬੇਨਤੀ ਪ੍ਰਵਾਨ ਹੋਵੇਗੀ।


Disclaimer: Khalsanews.org does not necessarily endorse the views and opinions voiced in the news articles audios videos or any other contents published on www.khalsanews.org and cannot be held responsible for their views.  Read full details....

Go to Top