Share on Facebook

Main News Page

ਜਾਗਰੂਕ ਪੰਥਕ ਵੈਬਸਾਈਟਾਂ ਦੇ ਪਾਠਕਾਂ ਨੇ ਕਾਇਮ ਕੀਤੀ ਇਕ ਨਵੀਂ ਮਿਸਾਲ

- ਆਰਥਿਕ ਪੱਖੋ ਲਾਚਾਰ ਗੁਰਸਿੱਖ ਨੂੰ ਕੀਤਾ ਆਪਣੇ ਪੈਰਾਂ ਤੇ ਖੜਾ

ਗੁਰਮਤਿ ਦਾ ਇਕ ਮੂਲ ਪੱਖ ਪਰਉਪਕਾਰ ਹੈ। ਪਰਉਪਕਾਰ ਦਾ ਇਕ ਸੋਹਣਾ ਢੰਗ ਕਿਸੇ ਆਰਥਿਕ ਪੱਖੋਂ ਮਜ਼ਬੂਰ ਸ਼ਖਸ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਹੈ। ਜਾਗਰੂਕ ਪੰਥਕ ਵੈਬਸਾਈਟਾਂ, ਜੋ ਪੰਥ ਨੂੰ ਪੁਜਾਰੀਵਾਦ ਦੇ ਚੰਗੁਲ ਵਿਚੋਂ ਬਾਹਰ ਕੱਢਣ ਲਈ ਆਪਣੇ ਆਪਣੇ ਤਰੀਕੇ ਯੋਗਦਾਨ ਪਾ ਰਹੀਆਂ ਹਨ, ਦੇ ਪਾਠਕਾਂ ਨੇ ਪਰਉਪਕਾਰ ਦੇ ਖੇਤਰ ਵਿਚ ਵੀ ਇਕ ਮਿਸਾਲ ਕਾਇਮ ਕੀਤੀ ਹੈ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁਝ ਮਹੀਨੇ ਪਹਿਲਾਂ ਵੀਰ ਹਰਜੀਤ ਸਿੰਘ ਸਢੌਰਾ (ਹਰਿਆਣਾ) ਨੇ ਇਕ ਗੁਰਸਿੱਖ ਵੀਰ ਅਮਰੀਕ ਸਿੰਘ ਜੀ ਜਮੁਨਾਨਗਰ (ਹਰਿਆਣਾ) ਦੇ ਵੱਡੇ ਪਰਿਵਾਰ, ਕਮਜ਼ੋਰ ਆਰਥਿਕ ਹਾਲਾਤ ਅਤੇ ਬੇਰੋਜ਼ਗਾਰੀ ਦਾ ਵਾਸਤਾ ਦੇ ਕੇ ਮਨੁੱਖਤਾਵਾਦੀ ਪਾਠਕਾਂ ਨੂੰ ਉਨ੍ਹਾਂ ਦੀ ਆਪਣੇ ਪੈਰਾਂ ਤੇ ਖੜੇ ਹੋਣ ਵਿਚ ਸਹਾਇਤਾ ਕਰਨ ਲਈ ਬੇਨਤੀ ਕੀਤੀ ਸੀ। Click here to read his appeal

ਵੀਰ ਹਰਜੀਤ ਸਿੰਘ ਜੀ ਦਾ ਇਹ ਬੇਨਤੀ ਪੱਤਰ ‘ਤੱਤ ਗੁਰਮਤਿ ਪਰਿਵਾਰ’ ਨੇ ਪੰਥਕ ਵੈਬਸਾਈਟਾਂ ਤੱਕ ਪੁੱਜਦਾ ਕੀਤਾ ਸੀ। ਇਹ ਅਪੀਲ ਛੱਪਣ ਤੋਂ ਬਾਅਦ ਕਈਂ ਸੁਹਿਰਦ ਪਾਠਕਾਂ ਨੇ ਅਮਰੀਕ ਸਿੰਘ ਜੀ ਨਾਲ ਸਿੱਧਾ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ। ਅਮਰੀਕ ਸਿੰਘ ਜੀ ਨੂੰ ਲਗਭਗ ਇਕ ਲੱਖ ਸੱਠ ਹਜਾਰ ਦੀ ਮਦਦ ਪਹੁੰਚੀ, ਜਿਸ ਦੀ ਸਹਾਇਤਾ ਨਾਲ ਉਨ੍ਹਾਂ ਨੇ ਸਵਾਰੀਆਂ ਢੋਣ ਵਾਲਾ ਆਪਣਾ ਟੈਂਪੂ (ਥ੍ਰੀ-ਵਿਲਰ) ਖਰੀਦ ਲਿਆ। ਇਸ ਰੋਜ਼ਗਾਰ ਦੀ ਮਦਦ ਨਾਲ ਉਨ੍ਹਾਂ ਦੀ ਆਰਥਿਕ ਹਾਲਾਤ ਸੁਧਰਨ ਲਗ ਪਏ ਹਨ। ਦਿਲਚਸਪ ਗੱਲ ਇਹ ਹੈ ਕਿ ਅਮਰੀਕ ਸਿੰਘ ਜੀ ਇਕ ਜਾਗਰੂਕ ਸਿੱਖ ਹਨ। ਪਰ ਕੋਈ ਰੋਜ਼ਗਾਰ ਨਾ ਹੋਣ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਅਖੰਡ ਪਾਠ ਦੀਆਂ ਰੋਲਾਂ ਲਾਉਣੀਆਂ ਪੈਂਦੀਆ ਸਨ, ਜਿਸ ਨੂੰ ਉਹ ਚੰਗਾ ਨਹੀਂ ਸਮਝਦੇ ਸਨ। ਹੁਣ ਉਨ੍ਹਾਂ ਨੇ ਇਹ ਕੰਮ ਛੱਡ ਦਿਤਾ ਹੈ। ਸਹਾਇਤਾ ਭੇਜਣ ਵਾਲੇ ਸੱਜਣਾਂ ਵਿਚ ਹੇਠ ਲਿਖੇ ਸੱਜਣ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ:

- ਸਿਮਰਨਪਾਲ ਸਿੰਘ, ਇਕਬਾਲ ਸਿੰਘ ਆਸਟਰੇਲਿਆ
- ਹਰਮਿੰਦਰ ਸਿੰਘ ਡਰਾਈਵਰ ਯੂ ਐਸ ਏ
- ਜਸਵਿੰਦਰ ਸਿੰਘ, ਜਸਮੀਨ ਕੌਰ (ਜਰਮਨ ਦੀ ਸੰਗਤ ਵਲੋਂ)
- ਤਰਸੇਮ ਸਿੰਘ ਅਟਵਾਲ, ਪ੍ਰਧਾਨ, ਗੁਰਪ੍ਰੀਤ ਸਿੰਘ ਵਿਰਕ (ਗੁਰਦੁਆਰਾ ਮਿਉਚਨ, ਜਰਮਨ ਦੀ ਸੰਗਤ ਵਲੋਂ)
- ਮਨਜੀਤ ਸਿੰਘ ਜੀ ਫਿਨਲੈਂਡ
- ਗੁਰਮੀਤ ਸਿੰਘ ਲੁਧਿਆਣਾ (ਗੁਰਮੀਤ ਟਰੇਡਿੰਗ ਕੰਪਨੀ)

ਵੀਰ ਗੁਰਮੀਤ ਸਿੰਘ ਯਮੁਨਾਨਗਰ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਸਹਾਇਤਾ ਦੇਣ ਵਾਲੇ ਸਾਰੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦੀ ਅਤੇ ਰਿਣੀ ਹੈ।

ਸਿੱਖਾਂ ਬਾਰੇ ਮਸ਼ਹੂਰ ਹੈ ਕਿ ਉਹ ਬੇਲੋੜਾਂ ਕਾਰਜਾਂ ਤੇ ਤਾਂ ਬਥੇਰਾ ਖਰਚ ਕਰ ਦੇਂਦੇ ਹਨ ਪਰ ਚੱਜ ਦੇ ਕੰਮਾਂ ਤੇ ਕੰਜੂਸੀ ਕਰਦੇ ਹਨ। ਇਸੇ ਪ੍ਰਵਿਰਤੀ ਕਾਰਨ ਸਿੱਖ ਸਮਾਜ ਦੇ ਪੀੜਿਤ ਵਰਗ ਸਹਾਇਤਾ ਤੋਂ ਬਿਰਵਾ ਹੈ। ਪਰ ਸੁਚੇਤ ਪਾਠਕਾਂ ਨੇ ਇਹ ਸਾਬਿਤ ਕਰ ਦਿਤਾ ਹੈ ਕਿ ਉਹ ਗੁਰਮਤਿ ਗਿਆਨ ਕਰਕੇ ਹੀ ਸੁਚੇਤ ਨਹੀਂ, ਬਲਕਿ ਇਸ ਗਿਆਨ ਨੂੰ ਵਿਵਹਾਰਿਕ ਤੌਰ ਤੇ ਅਪਨਾਉਣ ਵਿਚ ਵੀ ਪਿੱਛੇ ਨਹੀਂ ਹਨ। ਤੱਤ ਗੁਰਮਤਿ ਪਰਿਵਾਰ ਇਸ ਕਾਰਜ ਲਈ ਸਾਰਿਆਂ ਨੂੰ ਹਾਰਦਿਕ ਵਧਾਈ ਦਿੰਦਾ ਹੋਇਆ ਆਸ ਕਰਦਾ ਹੈ ਕਿ ਭਵਿੱਖ ਵਿਚ ਵੀ ਲੋੜਵੰਦਾਂ ਦੀ ਸਹਾਇਤਾ ਲਈ ਸਾਰੇ ਇਵੇਂ ਹੀ ਸਹਿਯੋਗ ਕਰਨਗੇ।

ਵਲੋਂ

ਹਰਜੀਤ ਸਿੰਘ ਸਡੌਰਾ
ਮਾਰਫਤ ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top