Share on Facebook

Main News Page

ਗਿਆਨ ਇੰਨਾਂ ਕਮਜੋਰ ਨਹੀਂ ਹੁੰਦਾ, ਕਿ ਹਮੇਸ਼ਾਂ ਤੱਤੀਆਂ ਤਵੀਆਂ ਤੇ ਦੇਗਾਂ ਵਿੱਚ ਹੀ ਸੜਦਾ ਰਹੇ, ਜਾਂ ਸੀਸ ਕਟਵਾਉਣ ਲਈ ਧੌਣ ਅੱਗੇ ਕਰਦਾ ਰਹੇ
-
ਗਿਆਨੀ ਹਰਿੰਦਰ ਸਿੰਘ ਅਲਵਰ

* ਜੁਲਮ ਨੂੰ ਠੱਲ੍ਹ ਪਾਉਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਪਾਨ ਚੁੱਕੀ ਤੇ ਇਹ ਕਿਸੇ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਦੀ ਵੀਚਰਧਾਰਾ ਦੇ ਵਿਰੋਧ ਵਿੱਚ ਨਹੀਂ ਹੈ

* ਇਹ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਵੀਚਾਰ ਕਰਨ ਨਾਲ ਹੀ ਸਮਝ ’ਚ ਆ ਸਕਦਾ ਹੈ, ਪਰ ਅੱਜ ਕੱਲ੍ਹ ਗਿਣਤੀ ਦੇ ਪਾਠਾਂ ਦੇ ਚੱਕਰ ਵਿੱਚ ਪਾ ਕੇ ਸ਼ਬਦ ਦੀ ਵੀਚਾਰ ਨਾਲੋਂ ਸਿੱਖ ਨੂੰ ਤੋੜਿਆ ਜਾ ਰਿਹਾ ਹੈ। ਇਹੋ ਕਾਰਣ ਹੈ ਕਿ ਸਿਧਾਂਤ ਸਮਝਣ ਵਿੱਚ ਟਪਲੇ ਲੱਗ ਰਹੇ ਹਨ, ਜਾਂ ਸਾਜਿਸ਼ੀ ਲੋਕ ਜਾਣ ਬੁੱਝ ਕੇ ਸ਼ੰਕੇ ਖੜ੍ਹੇ ਕਰ ਰਹੇ ਹਨ

* ਸਿੱਖ ਦੀ ਕ੍ਰਿਪਾਨ ਜੁਲਮ ਕਰਨ ਲਈ ਨਹੀਂ ਬਲਕਿ ਜੁਲਮ ਰੋਕਣ ਲਈ ਹੈ

* ਜੇ ਇਨ੍ਹਾਂ ਨੂੰ ਸ਼੍ਰੀ ਰਾਮ ਚੰਦਰ ਜੀ ਵੱਲੋਂ ਧਨੁੱਸ਼, ਤੀਰ ਵਰਤਣ ’ਤੇ ਇਤਰਾਜ ਨਹੀਂ, ਸ਼੍ਰੀ ਕ੍ਰਿਸ਼ਨ ਜੀ ਵੱਲੋਂ ਯੁੱਧ ਦੇ ਮੈਦਾਨ ’ਚ ਝੂਠ ਬੋਲਣ ਅਤੇ ਸੁਦਰਸ਼ਨ ਚੱਕਰ ਵਰਤੇ ਜਾਣ ’ਤੇ ਇਤਰਾਜ ਨਹੀਂ, ਸ਼ਿਵ ਜੀ ਵੱਲੋਂ ਤ੍ਰਿਸ਼ੂਲ ਨਾਲ ਬ੍ਰਹਮਾ ਦਾ ਸਿਰ ਕੱਟੇ ਜਾਣ ’ਤੇ ਕੋਈ ਇਤਰਾਜ ਨਹੀਂ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਪਟ ਤੇ ਜੁਲਮ ਦਾ ਟਾਕਰਾ ਕਰਨ ਲਈ ਕ੍ਰਿਪਾਨ ਉਠਾਉਣ ’ਤੇ ਇਤਰਾਜ ਕਿਉਂ ਹੈ?

ਬਠਿੰਡਾ, 5 ਸਤੰਬਰ (ਕਿਰਪਾਲ ਸਿੰਘ): ਗਿਆਨ ਇੰਨਾਂ ਕਮਜੋਰ ਨਹੀਂ ਹੁੰਦਾ ਕਿ ਹਮੇਸ਼ਾਂ ਤੱਤੀਆਂ ਤਵੀਆਂ ਤੇ ਦੇਗਾਂ ਵਿੱਚ ਹੀ ਸੜਦਾ ਰਹੇ ਜਾਂ ਸੀਸ ਕਟਵਾਉਣ ਲਈ ਧੌਣ ਅੱਗੇ ਕਰਦਾ ਰਹੇ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਲੜੀਵਾਰ ਚਲ ਰਹੀ ਕਥਾ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਇਹ ਸ਼ਬਦ ਕਿਸੇ ਵੱਲੋਂ ਇੰਟਰਨੈੱਟ ’ਤੇ ਆਪਣੀ ਫੇਸਬੁੱਕ ’ਚ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਨੂੰ ਬਖ਼ਸ਼ੇ ਪੰਜ ਕਕਾਰਾਂ ਦੀ ਫ਼ਿਲਾਸਫ਼ੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਦੇ ਉਲਟ ਦੱਸੇ ਜਾਣ ’ਤੇ ਟਿੱਪਣੀ ਕਰਦੇ ਹੋਏ ਕਹੇ। ਗਿਆਨੀ ਅਲਵਰ ਨੇ ਕਿਹਾ ਗੁਰਬਾਣੀ ਸਮਝਣ ਲਈ ਪੂਰਾ ਸ਼ਬਦ ਤੇ ਕਈ ਵਾਰ 4-5 ਸ਼ਬਦਾਂ ਦੀ ਸਾਰੀ ਲੜੀ ਨੂੰ ਪੜ੍ਹ ਕੇ ਸਮਝਣਾ ਪੈਂਦਾ ਹੈ।

ਪਰ ਕਈ ਭੱਦਰ ਪੁਰਸ਼ ਇੱਕ ਅੱਧ ਤੁਕ ਪੜ੍ਹ ਕੇ ਹੀ ਸਿੱਟਾ ਕੱਢ ਲੈਂਦੇ ਹਨ ਕਿ ਗੁਰਬਾਣੀ ਆਪਾ ਵਿਰੋਧੀ ਹੈ ਜਾਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਿੰਘ ਜੀ ਤੋਂ ਬਾਅਦ ਵੀਚਾਰਧਾਰ ਬਦਲ ਗਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵੀਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦੀ ਵੀਚਾਰਧਾਰਾ ਦੇ ਬਿਲਕੁਲ ਵਿਰੋਧੀ ਹੈ।

ਐਸੀ ਹੀ ਸੋਚ ਦੇ ਇੱਕ ਮਾਲਕ ਇੱਕ ਭੱਦਰ ਪੁਰਸ਼ ਨੇ ਆਪਣੇ ਵੀਚਾਰ ਇੰਟਰਨੈੱਟ ’ਤੇ ਫੇਸ ਬੁੱਕ ਵਿੱਚ ਪਾ ਦਿੱਤੇ ਹਨ ਕਿ ‘‘ਪੰਜ ਕੱਕੇ ਬਾਹਰੀ ਭੇਖ ਹੈ, ਗੁਰੂ ਗਰੰਥ ਸਾਹਿਬ ਅਜਿਹੇ ਕਿਸੇ ਵੀ ਭੇਸ ਬਣਾਉਣ ਦੀ ਆਗਿਆ ਨਹੀ ਦਿੰਦਾ ਇਸ ਲਈ ਇਹ ਸਾਰੇ ਪੰਜ ਕਕਾਰ ਗਰੰਥ ਸਾਹਿਬ ਦੀ ਬਾਣੀ ਦੇ ਉਲਟ ਹਨ!’’

ਇਹ ਜਾਣਕਾਰੀ ਦਿੰਦੇ ਹੋਏ ਗਿਆਨੀ ਅਲਵਰ ਜੀ ਨੇ ਦੱਸਿਆ ਕਿ ‘ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥3॥’ ਦਾ ਹਵਾਲਾ ਦੇ ਕੇ ਉਹ ਵਿਅਕਤੀ ਲਿਖ ਰਿਹਾ ਹੈ: ‘‘ਗੁਰੂ ਗਰੰਥ ਸਾਹਿਬ ਕਿਸੇ ਨੂੰ ਤਲਵਾਰ ਚੁੱਕਣ ਤੇ ਪਹਿਨਣ ਦੀ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਗਰੰਥ ਸਾਹਿਬ 'ਚ ਸਿਰਫ ਗਿਆਨ ਦੀ ਤਲਵਾਰ ਦੀ ਵਰਤੋਂ ਦੀ ਹੀ ਗੱਲ ਕੀਤੀ ਹੈ।’’

ਇਸ ਦਾ ਜਵਾਬ ਦਿੰਦੇ ਹੋਏ ਗਿਆਨੀ ਅਲਵਰ ਨੇ ਕਿਹਾ ਠੀਕ ਹੈ ਕਿ ਸਭ ਤੋਂ ਪਹਿਲਾਂ ਸਿੱਖ ਨੇ ਗਿਆਨ ਦੀ ਵਰਤੋਂ ਹੀ ਕਰਨੀ ਹੈ। ਜੇ ਗਿਆਨ ਦੀ ਵਰਤੋਂ ਕਰਨ ਵਾਲੇ ਤੇ ਕੋਈ ਜਾਲਮ ਤਸ਼ੱਦਦ ਕਰੇ ਤਾਂ ਉਸ ਅੱਗੇ ਝੁਕਣਾ ਨਹੀਂ ਬਲਕਿ ਸ਼ਾਂਤਮਈ ਰਹਿ ਕੇ ਟਾਕਰਾ ਕਰਨਾ ਹੈ ਬੇਸ਼ੱਕ ਉਸ ਨੂੰ ਤੱਤੀਆਂ ਤਵੀਆਂ ’ਤੇ ਬੈਠਣਾ ਪਵੇ, ਦੇਗਾਂ ਵਿੱਚ ਉਬਲਣਾ ਪਵੇ ਜਾਂ ਸੀਸ ਕਟਵਾਉਣਾ ਪਵੇ। ਗੁਰੂ ਅਰਜੁਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਾਂਤੀ ਦਾ ਇਹ ਰਾਹ ਅਪਣਾਇਆ, ਪਰ ਜੇ ਜਾਲਮ ਫਿਰ ਵੀ ਜੁਲਮ ਕਰਨੋਂ ਨਾ ਹਟੇ, ਤਾਂ ਗਿਆਨ ਇੰਨਾਂ ਕਮਜੋਰ ਨਹੀਂ ਹੁੰਦਾ ਕਿ ਹਮੇਸ਼ਾਂ ਤੱਤੀਆਂ ਤਵੀਆਂ ਤੇ ਦੇਗਾਂ ਵਿੱਚ ਹੀ ਸੜਦਾ ਰਹੇ ਜਾਂ ਸੀਸ ਕਟਵਾਉਣ ਲਈ ਧੌਣ ਅੱਗੇ ਕਰਦਾ ਰਹੇ। ਇਸ ਲਈ ਜੁਲਮ ਨੂੰ ਠੱਲ੍ਹ ਪਾਉਣ ਲਈ ਗੁਰੂ ਹਰਗਿੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਪਾਨ ਚੁੱਕੀ ਤੇ ਇਹ ਕਿਸੇ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਦੀ ਵੀਚਰਧਾਰਾ ਦੇ ਵਿਰੋਧ ਵਿੱਚ ਨਹੀਂ ਹੈ। ਲੋੜ ਅਨੁਸਾਰ ਸ਼ਾਂਤਮਈ ਰਹਿ ਕੇ ਜਾਂ ਕ੍ਰਿਪਾਨ ਉਠਾ ਕੇ ਜੁਲਮ ਨੂੰ ਠੱਲ੍ਹ ਪਾਉਣੀ, ਗੁਰੂ ਨਾਨਕ ਸਾਹਿਬ ਜੀ ਨੇ ਹੀ ਸਿਖਾਇਆ ਹੈ। ਗਿਆਨੀ ਅਲਵਰ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 145 ’ਤੇ ਦਰਜ ਮਾਝ ਕੀ ਵਾਰ ਮ: 1 ’ਚੋਂ ਹਵਾਲਾ ਦਿੰਦੇ ਹੋਏ ਕਿਹਾ ਕਿ ਸਿੱਖ ਨੇ ਹਮੇਸ਼ਾਂ ਰਜ਼ਾ ’ਚ ਰਹਿਣਾ ਹੈ ਤੇ ਇਹ ਉਸ ਅਕਾਲਪੁਰਖ਼ ਦੀ ਰਜ਼ਾ ਹੀ ਹੈ ਜੋ ਇਸ ਤਰ੍ਹਾਂ ਬਿਆਨ ਕੀਤੀ ਗਈ ਹੈ:

ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥ ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥’ : ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ, ਕਈ (ਪਿੰਡੇ ਉਤੇ) ਸੁਆਹ ਮਲਦੇ ਹਨ ਤੇ ਸਿੰਙੀ ਦਾ ਨਾਦ ਵਜਾਂਦੇ ਹਨ।

ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥ ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥’ : ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ, ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ।

ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥’ : ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ, ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ।

ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥ ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥1॥’ : (ਹੇ ਪ੍ਰਭੂ! ਇਹ ਭੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ) ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ। ਨਾਨਕ ਇਕ ਅਰਜ਼ ਕਰਦਾ ਹੈ (ਕਿ ਰਜ਼ਾ ਵਿਚ ਤੁਰਨ ਤੋਂ ਬਿਨਾ) ਹੋਰ ਸਾਰੇ (ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ) ਕੂੜ ਕਮਾ ਰਹੇ ਹਨ (ਭਾਵ, ਉਹ ਸਉਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ) ॥1॥

ਗਿਆਨੀ ਅਲਵਰ ਨੇ ਕਿਹਾ ਕਿ ਜੇ ਕੋਈ ਤਲਵਾਰ ਚਲਾ ਕੇ ਜੁਲਮ ਕਰਨ ਵਾਲਾ ਅਕਾਲਪੁਰਖ਼ ਦੀ ਰਜ਼ਾ ’ਚ ਚੱਲਣ ਵਾਲੇ ਨੂੰ, ਨਾਮ ਜਪਣ ਵਾਲੇ ਨੂੰ; ਤੱਤੀਆਂ ਤਵੀਆਂ ’ਤੇ ਬਿਠਾ ਕੇ ਸਾੜਨ ਜਾਂ ਸੀਸ ਕਲਮ ਕਰਨ ’ਤੇ ਹੀ ਤੁਲਿਆ ਹੋਵੇ, ਤਾਂ ਉਸ ਨੂੰ ਰੋਕਣ ਲਈ ਤੇਗ (ਕ੍ਰਿਪਾਨ) ਉਠਾਉਣੀ ਵੀ ਅਕਾਲਪੁਰਖ਼ ਦੇ ਭਾਣੇ ਵਿੱਚ ਹੀ ਹੈ। ਸਿੱਖ ਦੀ ਕ੍ਰਿਪਾਨ ਜੁਲਮ ਕਰਨ ਲਈ ਨਹੀਂ ਬਲਕਿ ਜੁਲਮ ਰੋਕਣ ਲਈ ਹੈ। ਕ੍ਰਿਪਾਨ ਉਠਾਉਣੀ ਗੁਰੂ ਸਾਹਿਬਾਨ ਜਾਂ ਸਿੱਖਾਂ ਦਾ ਸ਼ੌਂਕ ਨਹੀਂ, ਬਲਕਿ ਮਜ਼ਬੂਰੀ ਹੈ।

ਇਸ ਪੱਖ ਨੂੰ ਸਪਸ਼ਟ ਕਰਨ ਲਈ ਗਿਆਨੀ ਅਲਵਰ ਨੇ ਜ਼ਫ਼ਰਨਾਮਾ ਦੇ ਕੁਝ ਸ਼ੇਅਰਾਂ ਦਾ ਹਵਾਲਾ ਦਿੱਤਾ ਕਿ ਕਪਟੀ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਅੱਗੇ ਤਾਂ ਫਰਿਆਦ ਕੀਤੀ ਕਿ ਔਰੰਗਜ਼ੇਬ ਉਨ੍ਹਾਂ ਤੋਂ ਜ਼ਬਰੀ ਟੈਕਸ ਮੰਗ ਰਿਹਾ ਹੈ, ਪਰ ਉਹ ਹੀ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਗੋਬਿੰਦ ਸਿੰਘ ਉਨ੍ਹਾਂ ਨੂੰ ਟੈਕਸ ਉਗਰਾਹੁਣ ਤੋਂ ਮਨਾ ਕਰ ਰਿਹਾ ਹੈ। ਇਸ ਕਪਟ ਕਾਰਣ ਜਿਸ ਸਮੇਂ ਅਨੰਦਪੁਰ ਸਾਹਿਬ ਨੂੰ ਕਈ ਮਹੀਨੇ ਘੇਰਾ ਪਿਆ ਰਿਹਾ ਤਾਂ ਪਹਾੜੀ ਰਾਜਿਆਂ ਨੇ ਆਪਣੇ ਦੇਵੀ ਦੇਵਤਿਆਂ ਤੇ ਔਰੰਗਜ਼ੇਬ ਨੇ ਕੁਰਾਨ ਦੀਆਂ ਝੂਠੀਆਂ ਸੌਹਾਂ ਖਾ ਕੇ ਕਿਲਾ ਖਾਲੀ ਕਰਨ ਲਈ ਕਿਹਾ ਪਰ ਬਾਅਦ ਵਿੱਚ ਸੌਹਾਂ ਤੋਂ ਮੁਨਕਰ ਹੋ ਕੇ ਹਮਲਾ ਕਰ ਦਿੱਤਾ ਜਿਸ ਦਾ ਵਰਨਣ ਗੁਰੂ ਸਾਹਿਬ ਜੀ ਨੇ ਇੰਝ ਕੀਤਾ ਹੈ:

ਕ਼ਸਮ ਮੁਸਹਫ਼ੇ ਖ਼ੁਫ਼ੀਯਹ ਗਰ ਈਂ ਖ਼ੁਰਮ ॥ ਨ ਫ਼ੌਜੇ ਅਜ਼ੀਂ ਜ਼ੇਰ ਸੁਮ ਅਫ਼ਕੁਨਮ ॥18॥’ ਜੇ ਕਰ (ਮੈਂ) ਕੁਰਾਨ ਦੀ ਕਸਮ ਦੇ ਗੁਪਤ ਫ਼ਰੇਬ (ਦਾ ਧੋਖਾ) ਨਾ ਖਾਂਦਾ, (ਤਾਂ ਮੈਂ) ਆਪਣੀ ਪਿਆਰੀ ਫ਼ੌਜ ਨੂੰ ਲੰਗੜਾ ਨਾ ਕਰਵਾ ਲੈਂਦਾ ॥18॥

ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ॥ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ॥19॥’ (ਮੇਰੇ) ਚਾਲੀ ਭੁੱਖੇ ਭਾਣੇ ਵਿਅਕਤੀ ਕੀ ਕਰ ਸਕਦੇ ਸਨ, ਜੇ (ਉਨ੍ਹਾਂ ਉਤੇ) ਅਚਾਨਕ ਦਸ ਲੱਖ ਸੈਨਿਕ ਟੁੱਟ ਕੇ ਆ ਪਏ ਹੋਣ ॥19॥

ਕਿ ਪੈਮਾ ਸ਼ਿਕਨ ਬੇਦਰੰਗ ਅਮਾਦੰਦ ॥ ਮਿਯਾਂ ਤੇਗ਼ ਤੀਰੋ ਤੁਫ਼ੰਗ ਆਮਦੰਦ ॥20॥’ (ਤੇਰੇ) ਬਚਨ ਨੂੰ ਤੋੜਨ ਵਾਲੇ (ਸਿਪਾਹੀ) ਝਟ ਪਟ ਤੇਗ਼ਾਂ, ਤੀਰਾਂ ਅਤੇ ਬੰਦੂਕਾਂ ਸਮੇਤ ਆ ਪਏ ॥20॥

ਬ ਲਾਚਾਰਗੀ ਦਰ ਮਿਯਾਂ ਆਮਦਮ ॥ ਬ ਤਦਬੀਰਿ ਤੀਰੋ ਤੁਫ਼ੰਗ ਆਮਦਮ ॥21॥’ ਤਦ ਬੇਬਸ ਹੋ ਕੇ (ਮੈਂ ਯੁੱਧ-ਭੂਮੀ) ਵਿਚ ਆ ਗਿਆ ਅਤੇ ਤੀਰਾਂ ਅਤੇ ਬੰਦੂਕਾਂ ਨੂੰ ਵਿਧੀ ਪੂਰਵਕ ਧਾਰਨ ਕਰ ਕੇ ਆ ਗਿਆ ॥21॥

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥22॥’ ਜਦੋਂ ਕਿਸੇ ਕੰਮ ਲਈ ਸਾਰੇ ਉਪਾ ਖ਼ਤਮ ਹੋ ਜਾਣ, ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ ॥22॥

ਚਿ ਕ਼ਸਮੇ ਕ਼ੁਰਾਂ ਮਨ ਕੁਨਮ ਏਤਬਾਰ ॥ ਵਗਰਨਹ ਤੁ ਗੋਈ ਮਨ ਈਂ ਰਹ ਚਿ ਕਾਰ ॥23॥’ ਮੈਂ (ਤੇਰੀ) ਕੁਰਾਨ ਦੀ ਕਸਮ ਦਾ ਕੀ ਵਿਸ਼ਵਾਸ ਕਰਾਂ। ਨਹੀਂ ਤਾਂ (ਵਰਨਾ) ਤੂੰ ਹੀ ਦੱਸ ਕਿ ਮੇਰਾ ਇਸ ਰਾਹ ’ਤੇ ਚੱਲਣ ਦਾ ਕੀ ਕੰਮ ਸੀ ॥23॥

ਇਨ੍ਹਾਂ ਹਾਲਤਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਿਪਾਨ ਉਠਾਏ ਜਾਣ ’ਤੇ ਇਤਰਾਜ ਕਰਨ ਵਾਲਿਆਂ ਨੂੰ ਗਿਆਨੀ ਅਲਵਰ ਨੇ ਪੁੱਛਿਆ, ਕਿ ਉਹ ਦੱਸਣ ਸ਼੍ਰੀ ਰਾਮ ਚੰਦਰ ਜੀ ਨੇ ਗਿਆਨ ਦੀ ਤਲਵਾਰ ਨਾਲ ਰਾਵਨ ਨੂੰ ਸਮਝਾ ਕੇ ਸੀਤਾ ਵਾਪਸ ਲਈ ਸੀ? ਜੇ ਇਨ੍ਹਾਂ ਨੂੰ ਸ਼੍ਰੀ ਰਾਮ ਚੰਦਰ ਜੀ ਵੱਲੋਂ ਧਨੁੱਸ਼, ਤੀਰ ਵਰਤਣ ’ਤੇ ਇਤਰਾਜ ਨਹੀਂ, ਸ਼੍ਰੀ ਕ੍ਰਿਸ਼ਨ ਜੀ ਵੱਲੋਂ ਯੁੱਧ ਦੇ ਮੈਦਾਨ ’ਚ ਝੂਠ ਬੋਲਣ ਅਤੇ ਸੁਦਰਸ਼ਨ ਚੱਕਰ ਵਰਤੇ ਜਾਣ ’ਤੇ ਇਤਰਾਜ ਨਹੀਂ, ਸ਼ਿਵ ਜੀ ਵੱਲੋਂ ਤ੍ਰਿਸੂਲ ਨਾਲ ਬ੍ਰਹਮਾ ਦਾ ਸਿਰ ਕੱਟੇ ਜਾਣ ’ਤੇ ਕੋਈ ਇਤਰਾਜ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਪਟ ਤੇ ਜੁਲਮ ਦਾ ਟਾਕਰਾ ਕਰਨ ਲਈ ਕ੍ਰਿਪਾਨ ਉਠਾਉਣ ’ਤੇ ਇਤਰਾਜ ਕਿਉਂ ਹੈ? ਗੁਰੂ ਸਾਹਿਬ ਜੀ ਨੇ ਦੁਨੀਆਂ ਜਿੱਤਣ ਲਈ ਤਲਵਾਰ ਨਹੀਂ ਚੁੱਕੀ ਬਲਕਿ ਦੁਨੀਆਂ ਵਿੱਚ ਹੋ ਰਹੇ ਜੁਲਮ ਨੂੰ ਰੋਕਣ ਲਈ ਕਿਰਪਾਨ ਉਠਾਈ ਸੀ।

ਗਿਆਨੀ ਅਲਵਰ ਨੇ ਕਿਹਾ ਕਿ ਉਹ ਕਛਹਿਰੇ ’ਤੇ ਕਿੰਤੂ ਕਰਦਾ ਹੋਇਆ ਲਿਖ ਗਿਆ, ਕਿ ਦੇਖੋ ਗਰੰਥ ਸਾਹਿਬ ਵਿਚ ਲਿਖਿਆ ਹੈ: ‘ਮ: 1 ॥ ਤਗੁ ਨ ਇੰਦ੍ਰੀ ਤਗੁ ਨ ਨਾਰੀ ॥ ਭਲਕੇ ਥੁਕ ਪਵੈ ਨਿਤ ਦਾੜੀ ॥ ਤਗੁ ਨ ਪੈਰੀ ਤਗੁ ਨ ਹਥੀ ॥ ਤਗੁ ਨ ਜਿਹਵਾ ਤਗੁ ਨ ਅਖੀ ॥’ ਅਗਰ ਕੋਈ ਧਾਗਾ ਕਾਮ ’ਤੇ ਕਾਬੂ ਨਹੀਂ ਜੇ ਪਾ ਸਕਦਾ, ਫੇਰ ਇਹ ਕਛਹਿਰਾ ਕਿੰਝ ਕਾਮ ’ਤੇ ਕਾਬੂ ਪਾ ਸਕਦਾ ਹੈ? ਇਹ ਕਛਹਿਰਾ ਵੀ ਜਨੇਊ ਵਾਂਗ ਹੀ ਮੈਲਾ ਵੀ ਹੁੰਦਾ ਹੈ, ਗਲਦਾ ਵੀ ਹੈ, ਸੜਦਾ ਵੀ ਹੈ! ਕੰਘੇ ਸਬੰਧੀ ਲਿਖ ਦਿੱਤਾ, ਕਿ ਜੇਕਰ ਜਨੇਊ ਪਾਉਣ ਨਾਲ ਦਇਆ ਨਹੀਂ ਆ ਸਕਦੀ ਤਾਂ ਫਿਰ ਇਹ ਕੰਘਾ ਰੱਖਣ ਨਾਲ ਸਫਾਈ ਦੀ ਆਦਤ ਕਿਵੇਂ ਪੈ ਸਕਦੀ ਹੈ?

ਗਿਆਨੀ ਅਲਵਰ ਨੇ ਕਿਹਾ ਜਨੇਊ ਪਾਉਣ ਸਮੇਂ ਕਿਸੇ ਸਿਧਾਂਤ ਦੀ ਗੱਲ ਨਹੀਂ ਕੀਤੀ ਜਾਂਦੀ, ਪਰ ਖੰਡੇ ਬਾਟੇ ਦੀ ਪਾਹੁਲ ਛਕਾਉਣ ਸਮੇਂ ਇਨ੍ਹਾਂ ਕਕਾਰਾਂ ਦੇ ਸਿਧਾਂਤ ਦ੍ਰਿੜ ਕਰਵਾਏ ਜਾਂਦੇ ਹਨ। ਜੇ ਕੋਈ ਕੰਘਾ ਰੱਖ ਕੇ ਵੀ ਕੇਸਾਂ ਦੀ ਸਫਾਈ ਨਹੀਂ ਕਰਦਾ ਤਾਂ ਇਹ ਉਸ ਆਦਮੀ ਦੀ ਕਮਜੋਰੀ ਹੈ, ਸਿਧਾਂਤ ਦੀ ਨਹੀਂ। ਜੇ ਕੋਈ ਕਛਹਿਰਾ ਪਹਿਨ ਕੇ ਆਪਣੇ ਆਚਰਣ ਨੂੰ ਉਚਾ ਸੁੱਚਾ ਨਹੀਂ ਰੱਖਦਾ, ਤਾਂ ਇਹ ਉਸ ਆਦਮੀ ਦੀ ਕਮਜੋਰੀ ਹੈ, ਸਿਧਾਂਤ ਦੀ ਨਹੀਂ। ਜੇ ਕੋਈ ਕਿਰਪਾਨ ਪਹਿਨ ਕੇ ਜੁਲਮ ਦਾ ਟਾਕਰਾ ਨਹੀਂ ਕਰਦਾ, ਤਾਂ ਇਹ ਉਸ ਦੀ ਕਮਜੋਰੀ ਹੈ ਧਰਮ ਦੀ ਨਹੀਂ। ਕੇਸ ਅਕਾਲ ਪੁਰਖ਼ ਦੀ ਰਜ਼ਾ ’ਚ ਉਗਦੇ ਹਨ, ਕਿਸੇ ਮਨੁੱਖ ਦੀ ਮਰਜੀ ਨਾਲ ਨਹੀਂ, ਇਸ ਲਈ ਕੇਸ ਸਾਬਤ ਸੂਰਤ ਰੱਖਣਾ ਅਕਾਲ ਪੁਰਖ ਦੀ ਰਜ਼ਾ ਮੰਨਣਾ ਹੈ, ਭੇਖ ਨਹੀਂ। ਉਨ੍ਹਾਂ ਕਿਹਾ ਇਹ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਵੀਚਾਰ ਕਰਨ ਨਾਲ ਹੀ ਸਮਝ ’ਚ ਆ ਸਕਦਾ ਹੈ, ਪਰ ਅੱਜ ਕੱਲ੍ਹ ਗਿਣਤੀ ਦੇ ਪਾਠਾਂ ਦੇ ਚੱਕਰ ਵਿੱਚ ਪਾ ਕੇ ਸ਼ਬਦ ਦੀ ਵੀਚਾਰ ਨਾਲੋਂ ਸਿੱਖ ਨੂੰ ਤੋੜਿਆ ਜਾ ਰਿਹਾ ਹੈ, ਇਹੋ ਕਾਰਣ ਹੈ ਕਿ ਸਿਧਾਂਤ ਸਮਝਣ ਵਿੱਚ ਟਪਲੇ ਲੱਗ ਰਹੇ ਹਨ, ਜਾਂ ਸਾਜਿਸ਼ੀ ਲੋਕ ਜਾਣ ਬੁੱਝ ਕੇ ਸ਼ੰਕੇ ਖੜ੍ਹੇ ਕਰ ਰਹੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top