Share on Facebook

Main News Page

ਪ੍ਰੋ. ਧੂੰਦਾ ਦੇ ਮਾਮਲੇ 'ਚ ਬੇਲੋੜੀਆਂ ਟਿੱਪਣੀਆਂ ਤੋਂ ਬਚਣ ਦੀ ਲੋੜ

ਜਾਗਰੂਕਤਾ ਲਹਿਰ ਵਿੱਚ ਖੜੋਤ ਆਉਣ ਦਾ ਮੁੱਖ ਕਾਰਣ ਹੀ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਇੰਨੇ ਸਿਆਣੇ ਤੇ ਜਾਗਰੂਕ ਸਮਝਣ ਲੱਗ ਪਏ ਹਾਂ ਕਿ ਉਭਰ ਰਹੇ ਨਾਇਕ ਨੂੰ ਆਪਣੀਆਂ ਬੇਲੋੜੀਆਂ ਟਿੱਪਣੀਆਂ ਨਾਲ ਇੰਨਾ ਲੱਦ ਕੇ ਉਸ ਨੂੰ ਮਜ਼ਬੂਰ ਕਰਨ ਦੀ ਸਥਿਤੀ ਤੱਕ ਲੈ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਿਰਫ ਮੇਰੀ ਹੀ ਸਲਾਹ ਮੰਨੀ ਜਾਵੇ। ਪ੍ਰੋ: ਦਰਸ਼ਨ ਸਿੰਘ ਜੀ ਦੇ ਮਸਲੇ ਵਿੱਚ ਵੀ ਇਹੀ ਹੋਇਆ ਕਿ ਕੁਝ ਵੀਰਾਂ ਨੇ ਉਨ੍ਹਾਂ ਵਲੋਂ ਅਕਾਲ ਤਖ਼ਤ ’ਤੇ ਜਾਣ ਦਾ ਵਿਰੋਧ ਕੀਤਾ ਤੇ ਕਈਆਂ ਨੇ ਸਿੱਖ ਰਹਿਤ ਮਰਿਆਦਾ ਨੂੰ ਹੂਬਹੂ ਮੰਨਣ ਸਬੰਧੀ ਲਏ ਗਏ ਸਟੈਂਡ ਕਾਰਣ ਵਿਰੋਧ ਕੀਤਾ।

ਹੁਣ ਕੁਝ ਵੀਰਾਂ ਨੇ ਪ੍ਰੋ. ਧੂੰਦਾ ਨੂੰ ਸਲਾਹ ਤਾਂ ਸਿਰਫ ਇਹੀ ਦਿੱਤੀ ਸੀ ਕਿ ਉਹ ਅਕਾਲ ਤਖ਼ਤ ’ਤੇ ਸਪਸ਼ਟੀਕਰਨ ਦੇਣ ਨਾ ਕਿ ਪੁਜਾਰੀਆਂ ਵਲੋਂ 10-15 ਸਾਲ ਤੋਂ ਨਵੇਂ ਸਿਰਜੇ ਗਏ ਅਕਾਲ ਤਖ਼ਤ ਰੂਪੀ ਸਕੱਤਰੇਤ ਵਿੱਚ ਪੰਜ ਪੁਜਾਰੀਆਂ ਅੱਗੇ ਪੇਸ਼ ਹੋਣ। ਕਿਉਂਕਿ 3 ਜਨਵਰੀ ਵਾਲੇ ਪੱਤਰ ਵਿੱਚ ਉਨ੍ਹਾਂ ਨੂੰ ਅਕਾਲ ਤਖ਼ਤ ’ਤੇ ਸਪਸ਼ਟੀਕਰਨ ਦੇਣ ਦਾ ਹੀ ਆਦੇਸ਼ ਕੀਤਾ ਗਿਆ ਹੈ, ਨਾ ਕਿ ਸਕੱਤਰੇਤ ਵਿੱਚ। ਮੇਰਾ ਤਾਂ ਇਹ ਵੀ ਖ਼ਿਆਲ ਹੈ ਕਿ 3 ਜਨਵਰੀ ਵਾਲਾ ਆਦੇਸ਼ ਪਹਿਲਾਂ ਵਾਪਸ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਤਾਂ ਸਭ ਤੋਂ ਵਧੀਆ ਮੰਨੇ ਗਏ ਗੁਰਮਤਿ ਪ੍ਰਚਾਰਕ ਨੂੰ ਉਨ੍ਹਾਂ ਨੇ “ਅਖੌਤੀ ਪ੍ਰਚਾਰਕ ਨੂੰ ਮੂੰਹ ਨਾ ਲਾਇਆ ਜਾਵੇ” ਵਾਲੀ ਵਰਤੀ ਗਈ ਭਾਸ਼ਾ ਮੂਲੋਂ ਗਲਤ ਹੈ ਤੇ ਇਸ ਨੇ ਗੁਰਮਤਿ ਦੀ ਸੂਝ ਰੱਖਣ ਵਾਲੇ ਵੱਡੀ ਗਿਣਤੀ ਦੇ ਸਿੱਖਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਦੂਸਰੀ ਗੱਲ ਉਸ ਵਿੱਚ ਗਲਤ ਤੱਥ ਪੇਸ਼ ਕੀਤੇ ਗਏ ਹਨ ਕਿ ਕਨੇਡਾ ਦੀ ਸਿੱਖ ਸੰਗਤ ਵਲੋਂ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ। ਇਸ ਆਦੇਸ਼ ਪਿੱਛੋਂ ਕਨੇਡਾ ਦੇ ਸਿੱਖਾਂ ਵਲੋਂ ਪ੍ਰੋ: ਧੂੰਦਾ ਜੀ ਨੂੰ ਜਿਸ ਤਰ੍ਹਾਂ ਹਰ ਸਟੇਜ ’ਤੇ ਗੋਲਡ ਮੈਡਲਾਂ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਦੀਵਾਨਾਂ ਵਿੱਚ ਸਿੱਖ ਸ੍ਰੋਤਿਆਂ ਦੀ ਗਿਣਤੀ ਲਗਪਗ ਡੇਢੀ ਤੋਂ ਦੁਗਣੀ ਹੋਈ ਹੈ, ਇਸ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਵਿਰੁੱਧ ਸ਼ਿਕਾਇਤ ਕਨੇਡਾ ਦੀ ਸਿੱਖ ਸੰਗਤ ਨੇ ਨਹੀਂ, ਬਲਕਿ ਉਨ੍ਹਾਂ ਵਲੋਂ ਗੁਰਬਾਣੀ ਦੇ ਕੀਤੇ ਜਾ ਰਹੇ ਸ਼ੁੱਧ ਪ੍ਰਚਾਰ ਤੋਂ ਤ੍ਰਬਕੇ ਹੋਏ ਕੁਝ ਡੇਰਾਵਾਦੀਆਂ ਨੇ ਹੀ ਕੀਤੀ ਹੈ।

 

ਪਰ ਦੁੱਖ ਦੀ ਗੱਲ ਇਹ ਹੈ, ਕਿ ਜਿਹੜੇ ਵੀਰ ਕਿਸੇ ਨਾ ਕਿਸੇ ਕਾਰਣ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਨੇ ਪਲਟਵਾਰ ਸਵਾਲ ਇਹ ਕਰਨੇ ਸ਼ੁਰੂ ਕਰ ਦਿੱਤੇ ਕਿ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ’ਤੇ ਕਿਉਂ ਗਏ ਸਨ? ਇਸ ਦਾ ਜਵਾਬ ਉਹ ਕਈ ਵਾਰ ਦੇ ਚੁੱਕੇ ਹਨ ਕਿ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਿਰਜੇ ਅਕਾਲ ਤਖ਼ਤ ਤੋਂ ਇਨਕਾਰੀ ਨਹੀਂ ਹਨ ਤੇ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖ਼ਾਲਸਾ ਪੰਥ ਅੱਗੇ ਹਮੇਸ਼ਾਂ ਹੀ ਜਵਾਬਦੇਹ ਹਨ, ਪਰ ਗੁਰੂ ਜਾਂ ਅਕਾਲ ਤਖ਼ਤ ਦੇ ਨਾਂ ’ਤੇ ਕਿਸੇ ਮਨੁੱਖ ਅੱਗੇ ਝੁਕਣ ਲਈ ਉਹ ਕਿਸੇ ਵਖਰੇ ਕਮਰੇ ਵਿੱਚ ਨਹੀਂ ਜਾਣਗੇ।

ਦੂਸਰਾ ਸਵਾਲ ਕੀਤਾ ਜਾ ਰਿਹਾ ਹੈ ਕਿ ਉਹ ਵੀ ਤਾਂ ਉਸੇ ਕਮਰੇ ਵਿੱਚ ਪੇਸ਼ੀਆਂ ਲਈ ਸੱਦਦੇ ਰਹੇ ਸਨ। ਇਸ ਦਾ ਜਵਾਬ ਵੀ ਉਹ ਦੇ ਚੁੱਕੇ ਹਨ ਕਿ ਉਨ੍ਹਾਂ ਦੇ ਸਮੇਂ ਦੌਰਾਨ ਕੇਵਲ ਸੁਰਜੀਤ ਸਿੰਘ ਬਰਨਾਲਾ ਨੂੰ ਸੱਦਿਆ ਗਿਆ ਸੀ ਤੇ ਉਨ੍ਹਾਂ ਦੀ ਪੇਸ਼ੀ ਕਿਸੇ ਬੰਦ ਕਮਰੇ ਵਿੱਚ ਨਹੀ, ਸਗੋਂ ਝੰਡੇ-ਬੁੰਗੇ ਵਾਲੇ ਬਰਾਂਡੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਤੇ ਸੈਂਕੜੇ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਹੋਈ ਸੀ।

ਕਿਉਂਕਿ, ਜੂਨ 1984 ਵਿੱਚ ਭਾਰਤੀ ਫੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕੀਤਾ ਸੀ, ਜਿਸ ਕਰਕੇ ਸੰਨ 1997 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਿਤਨੇਮ ਦੀ ਧਾਰਮਿਕ ਮਰਯਾਦਾ, ਦੀਵਾਨ ਤੇ ਹਰ ਪ੍ਰਕਾਰ ਦੀ ਕੌਮੀ ਕਾਰਵਾਈ ਮਜ਼ਬੂਰੀ ਵੱਸ ਝੰਡੇ-ਬੁੰਗੇ ਹੀ ਹੁੰਦੀ ਰਹੀ।

ਪ੍ਰੋ. ਦਰਸ਼ਨ ਸਿੰਘ ਅਨੁਸਾਰ ਜਦ ਸ. ਸੁਰਜੀਤ ਸਿੰਘ ਬਰਨਾਲਾ ਨੂੰ ਪੇਸ਼ ਹੋਣ ਲਈ ਆਖਿਆ ਤਾਂ, ਇੱਥੋਂ ਤੱਕ ਛੋਟ ਦਿੱਤੀ ਕਿ, ਜੇ ਉਹ ਸਰਕਾਰੀ ਕੰਮ ਕਰਕੇ ਅਜੇ ਆਪ ਨਾ ਆ ਸਕਣ, ਤਾਂ ਅਪਣੇ ਕਿਸੇ ਏਲਚੀ ਰਾਹੀਂ ਆਪਣੀ ਸਫ਼ਾਈ ਭੇਜ ਸਕਦੇ ਹਨ। ਇਸ ਦੇ ਸਬੂਤ ਵਜੋਂ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਨਾਮ ’ਤੇ ਪਹਿਲਾਂ ਲੱਗ ਚੁੱਕੀ ਖ਼ਬਰ 17 ਜਨਵਰੀ ਨੂੰ ਰੀਪੀਟ ਕਰ ਕੇ ਲਾਈ ਗਈ ਹੈ। (ਸ੍ਰ. ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਸਬੰਧੀ ਪੂਰੀ ਰਿਪੋਟ ਇਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ)

ਮੰਨ ਲਓ ਕਿਸੇ ਦੀ ਇਸ ਨਾਲ ਵੀ ਤਸੱਲੀ ਨਹੀਂ ਹੁੰਦੀ, ਤਾਂ ਕੀ ਬਾਬਾ ਲਹਿਣਾ ਜੀ ਅਤੇ ਬਾਬਾ ਅਮਰਦਾਸ ਜੀ ਨੂੰ ਪਹਿਲਾਂ ਦੇਵੀ ਤੇ ਗੰਗਾ ਦੇ ਪੁਜਾਰੀ ਦੱਸ ਕੇ ਹੁਣ ਸਿੱਖਾਂ ਵੱਲੋਂ ਦੇਵੀ ਦੀ ਪੂਜਾ ਤੇ ਗੰਗਾ ਦੇ ਇਸ਼ਨਾਨ ਕਰਨ ਨੂੰ ਸਹੀ ਕਰਾਰ ਦਿੱਤਾ ਜਾ ਸਕਦਾ ਹੈ? ਭਾਈ ਮੰਝ ਜੀ ਪਹਿਲਾਂ ਸਖੀਸਰਵਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਵੈਰਾਗੀ ਸਾਧੂ ਸਨ, ਤਾਂ ਕੀ ਅਸੀਂ ਸਖੀਸਰਵਰ ਤੇ ਵੈਰਾਗੀ ਮੱਤ ਨੂੰ ਹੁਣ ਮਾਣਤਾ ਦੇਣ ਲੱਗ ਪਈਏ?

ਪ੍ਰੋ. ਧੂੰਦਾ ਜੀ ਸਬੰਧੀ ਸਲਾਹ ਸਿਰਫ ਇਤਨੀ ਹੈ, ਕਿ ਅਕਾਲ ਤਖ਼ਤ ਅਤੇ ਸਿੱਖ ਰਹਿਤ ਮਰਿਆਦਾ ਦੇ ਸਬੰਧ ਵਿੱਚ ਇਨ੍ਹਾਂ ਦੇ ਪ੍ਰੋ: ਦਰਸ਼ਨ ਸਿੰਘ ਜੀ ਨਾਲ ਰੰਚਕਮਾਤਰ ਵੀ ਮੱਤਭੇਦ ਨਹੀਂ ਹਨ ਇਸ ਲਈ ਇਨ੍ਹਾਂ ਨੂੰ ਘੱਟ ਤੋਂ ਘੱਟ ਉਸ ਸਟੈਂਡ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਜਿਹੜਾ ਪ੍ਰੋ: ਦਰਸ਼ਨ ਸਿੰਘ ਲੈ ਚੁੱਕੇ ਹਨ, ਨਹੀਂ ਤਾਂ ਇਸ ਨਾਲ ਲਹਿਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬਾਕੀ ਜਾਗਰੂਕਤਾ ਲਹਿਰ ਦੇ ਹੱਕ ਵਿੱਚ ਪ੍ਰੋ: ਧੂੰਦਾ ਜੀ ਜੋ ਵੀ ਖੁਦ ਫੈਸਲਾ ਕਰਨ ਉਨ੍ਹਾਂ ਨੂੰ ਕਰਨ ਦਿਓ ਤੇ ਉਨ੍ਹਾਂ ਦਾ ਉਸ ਸਮੇਂ ਤੱਕ ਡਟ ਕੇ ਸਾਥ ਦਿੱਤਾ ਜਾਵੇ ਜਦੋਂ ਤੱਕ ਉਹ ਅੱਜ ਤੱਕ ਲਏ ਗਏ ਸਟੈਂਡ ਤੋਂ ਪਿੱਛੇ ਨਹੀਂ ਹਟਦੇ।

ਪ੍ਰੋ: ਧੂੰਦਾ ਜੀ ਦੇ ਕੇਸ ਵਿੱਚ ਪ੍ਰੋ: ਦਰਸ਼ਨ ਸਿੰਘ ਸਬੰਧੀ ਕੀਤੀਆਂ ਜਾ ਰਹੀਆਂ ਟਿੱਪਣੀ ਬਿਲਕੁਲ ਬੇਲੋੜੀਆਂ ਹਨ ਤੇ ਪੁਜਾਰੀਵਾਦ/ਡੇਰਾਵਾਦ ਦੇ ਹਿੱਤ ਪੂਰ ਰਹੀਆਂ ਹਨ ਇਸ ਲਈ ਇਨ੍ਹਾਂ ਤੋਂ ਬਚਣ ਦੀ ਲੋੜ ਹੈ ਤੇ ਜਿਹੜੇ ਜਾਣਬੁੱਝ ਕੇ ਕਰ ਰਹੇ ਹਨ ਉਨਾਂ ਨੂੰ ਪਛਾਨਣ ਦੀ ਲੋੜ ਹੈ। ਦੋਵਾਂ ਧਿਰਾਂ ਵਲੋਂ ਕੀਤੀਆਂ ਜਾ ਰਹੀਆਂ ਲਗਤਾਰ ਟਿੱਪਣੀਆਂ ਪਹਿਲਾਂ ਹੀ ਵੰਡੀ ਹੋਈ ਜਾਗਰੂਕ ਲਹਿਰ ਨੂੰ ਖੱਖੜੀਆਂ ਕਰੇਲੇ ਕਰ ਕੇ ਰੱਖ ਦੇਵੇਗੀ ਤੇ ਇਹੋ ਡੇਰਾਵਾਦੀਆਂ/ਪੁਜਾਰੀਆਂ ਦਾ ਟੀਚਾ ਹੈ।

ਕਿਰਪਾਲ ਸਿੰਘ ਬਠਿੰਡਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top