Main News Page

ਸ. ਸੁਰਜੀਤ ਸਿੰਘ ਬਰਨਾਲਾ ਦੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ੀ ਸੰਬੰਧੀ ਖੁਲਾਸਾ
-: ਸੰਪਾਦਕ ਖ਼ਾਲਸਾ ਨਿਊਜ਼
01 Aug 2010

ਪ੍ਰੋ. ਦਰਸ਼ਨ ਸਿੰਘ 'ਤੇ ਇਹ ਇਲਜ਼ਾਮ ਬਾਰ ਬਾਰ ਲਗਾਇਆ ਜਾਂਦਾ ਹੈ, ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਹੀਂ ਹੋਏ, ਜਦਕਿ ਉਹ ਆਪ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਨਿਭਾ ਰਹੇ ਸਨ, ਉਹਨਾਂ ਨੇ ਸ. ਸੁਰਜੀਤ ਸਿੰਘ ਬਰਨਾਲਾ ਨੂੰ ਪੇਸ਼ੀ ਲਈ ਕਮਰੇ ਅੰਦਰ ਬੁਲਾਇਆ। ਇਸ ਬਾਰੇ  ਪ੍ਰੋ. ਦਰਸ਼ਨ ਸਿੰਘ ਜੀ ਨੇ ਕਈ ਵਾਰੀ ਅਖਬਾਰਾਂ ਜਾਂ ਟੀ.ਵੀ ਇੰਟਰਵੀਊ 'ਚ ਸਾਫ਼ ਕੀਤਾ ਹੈ, ਕਿ ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਕਿਸ ਤਰ੍ਹਾਂ ਹੋਈ। ਇਸ ਸੰਬੰਧੀ ਪੇਸ਼ ਹੈ ਇਕ ਖਾਸ ਰਿਪੋਟ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜਦੋਂ ਜਥੇਦਾਰ ਸਨ, ਉਹ ਸ਼ੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨਹੀਂ ਸਨ। ਉਹ ਨੇ ਜਿਨਾਂ ਚਿਰ ਜਥੇਦਾਰ ਰਹੇ, ਸੇਵਾ ਕੀਤੀ ਹੈ, ਕੋਈ ਤਨਖਾਹ ਨਹੀਂ ਲਈ। ਉਨ੍ਹਾਂ ਦਾ ਜਥੇਦਾਰ ਵਜੋਂ ਅਸਤੀਫਾ ਦੇਣਾ, ਸਾਫ਼-ਸੁਥਰਾ ਨਿਕਲ ਆਉਣਾ, ਸ਼੍ਰੋਮਣੀ ਕਮੇਟੀ 'ਚ ਵਾਪਰ ਰਿਹਾ ਭ੍ਰਿਸ਼ਟਾਚਾਰ ਅਤੇ ਰਾਜਨੀਤੀ ਦੇ ਕਾਰਣ ਸੀ।

ਸ. ਸੁਰਜੀਤ ਸਿੰਘ ਬਰਨਾਲਾ ਨੂੰ ਤਨਖਾਹ 5 ਦਿਸੰਬਰ 1988 ਨੂੰ ਲਗਾਈ ਗਈ, ਜਿਸਦਾ ਕਾਰਣ ਸੀ, ਪੰਥਕ ਏਕਤਾ। ਇਹ ਕੰਮ ਗਿਆਨੀ ਕਿਰਪਾਲ ਸਿੰਘ ਨੇ ਸ਼ੁਰੂ ਕੀਤਾ ਸੀ। ਉਹਨਾਂ ਤੋਂ ਬਾਅਦ ਪ੍ਰੋ. ਦਰਸ਼ਨ ਸਿੰਘ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਬਣੇ। ਉਹਨਾਂ ਨੇ ਵੀ ਏਕਤਾ ਦੀ ਇਸ ਕੋਸ਼ਿਸ ਨੂੰ ਜਾਰੀ ਰੱਖਿਆ। ਸਾਰੀ ਸਿੱਖ ਲਿਡਰਸ਼ੀਪ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਬਰਨਾਲਾ ਤੇ ਰਛਪਾਲ ਸਿੰਘ ਦਿੱਲੀ ਸ਼ਾਮਿਲ ਨਹੀਂ ਹੋਏ। ਇਹ ਦੋਨੋਂ ਦਿੱਲੀ ਦੀ ਕਾਂਗਰਸ ਸਰਕਾਰ ਦੇ ਦਬਾਅ ਥਲੇ ਸ਼ਾਮਿਲ ਨਹੀਂ ਹੋਏ। ਇਸ ਕਰਕੇ ਹੀ ਦੋਵਾਂ ਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਸਨ।

ਸ. ਸੁਰਜੀਤ ਸਿੰਘ ਬਰਨਾਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪ੍ਰੋ. ਦਰਸ਼ਨ ਸਿੰਘ ਅਤੇ ਸੰਗਤ ਸਾਹਮਣੇ ਪੇਸ਼ ਹੋਏ, ਜਦਕਿ ਰਛਪਾਲ ਸਿੰਘ ਕਾਫ਼ੀ ਚਿਰ ਮਗਰੋਂ, ਪ੍ਰੋ. ਮਨਜੀਤ ਸਿੰਘ ਸਾਹਮਣੇ ਪੇਸ਼ ਹੋਇਆ।

ਪ੍ਰੋ. ਦਰਸ਼ਨ ਸਿੰਘ ਨੇ ਸਮੇਂ ਦੇ ਹਾਕਮ ਨੂੰ ਸੱਦਿਆ ਅਤੇ ਸਜ਼ਾ ਸੁਣਾਈ, ਜਦਕਿ ਅੱਜ ਦੇ ਵਿਕਾਊ ਅਖੌਤੀ ਜਥੇਦਾਰ, ਸਮੇਂ ਦੇ ਹਾਕਮ ਦੇ ਸਾਹਮਣੇ ਲੇਲੜੀਆਂ ਕੱਢਦੇ ਹਨ, ਕਿਓਂਕਿ ਇੱਕ ਤਾਂ ਉਹ ਲਿਫ਼ਾਫ਼ੇ 'ਚੋਂ ਨਿਕਲੇ ਹੋਏ ਹਨ, ਹੋਰ, ਨਾ ਉਹਨਾਂ ਕੋਲ਼ ਕਾਬਲੀਅਤ ਹੈ, ਨਾ ਸੋਚ ਸ਼ਕਤੀ, ਨਾ ਗ਼ੈਰਤ, ਵਿਚਾਰੇ ਕਰਨ ਤਾਂ ਕੀ ਕਰਨ.. ਇਸ ਤੋਂ ਬਿਨਾਂ ਉਹਨਾਂ ਕੋਲ਼ ਕੋਈ ਚਾਰਾ ਵੀ ਤੇ ਨਹੀਂ... ਖੈਰ...

ਪ੍ਰੋ. ਦਰਸ਼ਨ ਸਿੰਘ ਨੇ ਜੱਦ ਸ. ਸੁਰਜੀਤ ਸਿੰਘ ਬਰਨਾਲਾ ਨੂੰ ਪੇਸ਼ ਹੋਣ ਲਈ ਆਖਿਆ ਤਾਂ, ਇਥੋਂ ਤੱਕ ਛੋਟ ਦਿੱਤੀ ਕਿ, ਜੇ ਉਹ ਸਰਕਾਰੀ ਕੰਮ ਕਰਕੇ ਅਜੇ ਆਪ ਨਾ ਸਕਣ, ਤਾਂ ਅਪਣੇ ਕਿਸੇ ਏਲਚੀ ਕੋਲ਼ ਆਪਣੀ ਸਫ਼ਾਈ ਭੇਜ ਸਕਦੇ ਹਨ। ਬਿਨਾਂ ਇਲਜ਼ਾਮ ਸਾਬਿਤ ਹੋਇਆਂ ਹੀ ਸਜ਼ਾ ਨਹੀਂ ਸੁਣਾ ਦਿੱਤੀ, ਜਿਸ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਨਾਲ ਹੋਇਆ ਹੈ, ਪੇਸ਼ ਹੋਣ ਤੋਂ ਪਹਿਲਾਂ ਹੀ ਕੀਰਤਨ 'ਤੇ ਰੋਕ ਲਗਾ ਦਿੱਤੀ।

ਸ. ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਸੰਗਤ ਸਾਹਮਣੇ ਹੋਈ, ਕਿਸੇ ਬੰਦ ਕਮਰੇ ਵਿੱਚ ਨਹੀਂ। ਸ. ਸੁਰਜੀਤ ਸਿੰਘ ਬਰਨਾਲਾ ਨੂੰ ਆਪਣਾ ਪੱਖ ਸੰਗਤ ਸਾਹਮਣੇ ਰੱਖਣ ਦੀ ਇਜਾਜ਼ਤ ਵੀ ਦਿੱਤੀ ਗਈ। ਇਲਜ਼ਾਮ ਸਾਬਿਤ ਹੋਣ 'ਤੇ ਸੰਗਤ ਸਾਹਮਣੇ ਹੀ ਸ. ਸੁਰਜੀਤ ਸਿੰਘ ਬਰਨਾਲਾ ਨੂੰ ਰਸਮੀ ਤੌਰ 'ਤੇ ਥਮਲੇ ਨਾਲ ਗਿਆਨੀ ਕੇਵਲ ਸਿੰਘ ਨੇ ਬੰਨਿਆ।

ਪ੍ਰੋ. ਦਰਸ਼ਨ ਸਿੰਘ ਖਾਲਸਾ 5 ਦਿਸੰਬਰ 1988 ਨੂੰ ਸ. ਸੁਰਜੀਤ ਸਿੰਘ ਬਰਨਾਲਾ ਨੂੰ ਭਰੀ ਸੰਗਤ ਦੇ ਸਾਹਮਣੇ ਸੰਬੋਧਿਤ ਹੁੰਦੇ ਹੋਏ, ਨਾਲ ਬੈਠੇ ਹਨ ਗਿਆਨੀ ਮੋਹਣ ਸਿੰਘ, ਗਿਆਨੀ ਕੇਵਲ ਸਿੰਘ

ਸੰਗਤ ਸਾਹਮਣੇ ਸ. ਸੁਰਜੀਤ ਸਿੰਘ ਬਰਨਾਲਾ ਨੂੰ ਰਸਮੀ ਤੌਰ 'ਤੇ ਥਮਲੇ ਨਾਲ ਗਿਆਨੀ ਕੇਵਲ ਸਿੰਘ ਨੇ ਬੰਨਿਆ

ਜਿਸ ਫ਼ੋਟੋ ਦੀ ਅਕਸਰ ਚਰਚਾ ਅਖਬਾਰਾਂ / ਟੀ.ਵੀ 'ਤੇ ਹੁੰਦੀ ਹੈ, ਕਿ ਪ੍ਰੋ. ਦਰਸ਼ਨ ਸਿੰਘ ਨੇ ਵੀ ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਕਮਰੇ ਵਿੱਚ ਕੀਤੀ ਸੀ। ਸੱਚਾਈ ਇਹ ਹੈ ਕਿ ਉਹ ਤਸਵੀਰ ਪੇਸ਼ੀ ਅਤੇ ਸਜ਼ਾ ਤੋਂ ਬਾਅਦ ਜਦੋਂ ਸ. ਸੁਰਜੀਤ ਸਿੰਘ ਬਰਨਾਲਾ ਵਾਪਿਸ ਜਾਣ ਲਗਦੇ ਹਨ, ਉਸ ਸਮੇਂ ਦੀ ਹੈ। ਉਹ ਕਮਰਾ ਹੈ ਝੰਡੇ ਬੁੰਗਿਆਂ ਦੇ ਨਾਲ ਲਗਦਾ ਕਮਰਾ, ਜਿਸ ਵਿੱਚ ਨਿਰੰਤਰ ਅਖੰਡ ਪਾਠ ਚਲਦਾ ਰਹਿੰਦਾ ਹੈ। ਉਥੇ ਵੀ ਇਸ ਕਰਕੇ ਕਿਓਂਕਿ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬਣਦੀ ਪਈ ਸੀ।

ਸ. ਸੁਰਜੀਤ ਸਿੰਘ ਬਰਨਾਲਾ ਵਾਪਿਸ ਜਾਣ ਸਮੇਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਫਤਹਿ ਬੁਲਾਉਂਦੇ ਹੋਏ, ਨਾਲ ਬੈਠੇ ਹਨ, ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਕੇਵਲ ਸਿੰਘ


 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਜਿਹੜੀ ਉਸ ਸਮੇਂ ਬਣਦੀ ਪਈ ਸੀ

ਝੰਡੇ ਬੁੰਗਿਆਂ ਦੇ ਨਾਲ ਲਗਦਾ ਕਮਰਾ, ਜਿਸ ਵਿੱਚ ਨਿਰੰਤਰ ਅਖੰਡ ਪਾਠ ਚਲਦਾ ਰਹਿੰਦਾ ਹੈ। ਇਹ ਓਹੀ ਅਸਥਾਨ ਹੈ, ਜਿਥੇ ਪੀਰੀ ਮੀਰੀ ਦੇ ਪ੍ਰਤੀਕ ਦੋ ਵੱਡੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਅਤੇ ਬਰਾਂਡੇ ਵਿੱਚ ਜਿਥੇ ਸ੍ਰੀ ਦਰਬਾਰ ਸਾਹਿਬ ਜੀ ਦਾ ਮੁਖਵਾਕ ਲਿਖਿਆ ਹੁੰਦਾ ਹੈ।

ਗਿਆਨੀ ਜਗਤਾਰ ਸਿੰਘ ਜਾਚਕ ਜੋ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਗ੍ਰੰਥੀ ਦੀ ਸੇਵਾ ਨਿਭਾ ਰਹੇ ਸਨ, ਉਹ ਕਹਿਂਦੇ ਹਨ:

"ਇਸ ਫੋਟੋ ਵਿੱਚ ਮੇਰੀ (ਜਾਚਕ) ਤਸਵੀਰ ਵੀ ਹੈ, ਕਿਉਂਕਿ ਦਾਸ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ ਤੇ 5 ਦਸੰਬਰ 1988 ਨੂੰ ਪੇਸ਼ੀ ਵੇਲੇ ਸੰਗਤੀ ਰੂਪ ਵਿੱਚ ਓਥੇ ਹਾਜ਼ਰ ਸੀ । ਇਸ ਲਈ ਚਸ਼ਮਦੀਦ ਗਵਾਹ ਹੋਣ ਨਾਤੇ ਮੈਂ ਸਪਸ਼ਟ ਕਰਨਾ ਚਹੁੰਦਾ ਹਾਂ ਕਿ ਬਰਨਾਲਾ ਜੀ ਦੀ ਪੇਸ਼ੀ ਕਿਸੇ ਬੰਦ ਕਮਰੇ ਵਿੱਚ ਨਹੀ, ਸਗੋਂ ਝੰਡੇ-ਬੁੰਗੇ ਵਾਲੇ ਬਰਾਂਡੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਤੇ ਸੈਂਕੜੇ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਹੋਈ ਸੀ । ਕਿਉਂਕਿ, ਜੂਨ 1984 ਵਿੱਚ ਭਾਰਤੀ ਫੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹ ਢੇਰੀ ਕੀਤਾ ਸੀ, ਜਿਸ ਕਰਕੇ ਸੰਨ 1997 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਿਤਨੇਮ ਦੀ ਧਾਰਮਿਕ ਮਰਯਾਦਾ, ਦੀਵਾਨ ਤੇ ਹਰ ਪ੍ਰਕਾਰ ਦੀ ਕੌਮੀ ਕਾਰਵਾਈ ਮਜ਼ਬੂਰੀ ਵੱਸ ਝੰਡੇ-ਬੁੰਗੇ ਹੀ ਹੁੰਦੀ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਮਰੇ ਵਿੱਚ ਹੁੰਦਾ ਸੀ ਅਤੇ ਦੀਵਾਨ ਬਹਾਰ ਬਰਾਂਡੇ ਵਿੱਚ ਲਗਦਾ ਸੀ । ਕਿਉਂਕਿ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੁਬਾਰਾ ਤਿਆਰ ਕੀਤੀ ਜਾ ਰਹੀ ਸੀ। ਇਹ ਓਹੀ ਅਸਥਾਨ ਹੈ, ਜਿਥੇ ਪੀਰੀ ਮੀਰੀ ਦੇ ਪ੍ਰਤੀਕ ਦੋ ਵੱਡੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਅਤੇ ਬਰਾਂਡੇ ਵਿੱਚ ਜਿਥੇ ਸ੍ਰੀ ਦਰਬਾਰ ਸਾਹਿਬ ਜੀ ਦਾ ਮੁਖਵਾਕ ਲਿਖਿਆ ਹੁੰਦਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੂਰ ਝੰਡੇ ਬੁੰਗੇ ਵਾਲੀ ਮੁਖ ਡਿਓਢੀ ਤੋਂ ਬਾਹਰਵਾਰ ਤਖ਼ਤ ਸਾਹਿਬ ਦੇ ਦਫਤਰ ਵਜੋਂ ਬਣਾਏ ਗਏ ਬੰਦ ਕਮਰੇ ਦੀ ਪੇਸ਼ੀ ਤਾਂ ਕੁਝ ਸਾਲਾਂ ਤੋਂ ਹੀ ਸ਼ੁਰੂ ਹੋਈ ਹੈ, ਜੋ ਇੱਕ ਹੋਰ ਗਲਤ ਰਵਾਇਤ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦਿਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਿੱਖ ਸੰਗਤਾਂ ਦੇ ਖੁੱਲੇ ਦੀਵਾਨ ਵਿੱਖੇ ਝੰਡੇ-ਬੁੰਗੇ ਦੇ ਬਰਾਂਡੇ ਵਿੱਚ ਖੜੇ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਸੀ ਅਤੇ ਕੇਂਦਰੀ ਮੰਤ੍ਰੀ ਸ੍ਰ: ਬੂਟਾ ਸਿੰਘ ਵੀ ਓਥੇ ਹੀ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਪੇਸ਼ ਹੋਇਆ ਤੇ ਤਨਖਾਹ ਲਗਵਾਈ ਸੀ। ਗਿਆਨੀ ਜੈਲ ਸਿੰਘ ਜੀ ਤਾਂ ਚੱਲ ਵੱਸੇ ਹਨ, ਪਰ ਸ੍ਰ: ਬੂਟਾ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਅਜੇ ਸਰੀਰਕ ਤੌਰ ਤੇ ਜਿਊਂਦੇ ਹਨ, ਉਨ੍ਹਾਂ ਤੋਂ ਇਸ ਸਚਾਈ ਬਾਰੇ ਜਾਣਿਆ ਜਾ ਸਕਦਾ ਹੈ। ਲੋੜ ਹੈ ਇਸ ਪੁਰਾਤਨ ਪੰਥਕ ਰਵਾਇਤ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।" ਪੰਥਕ ਹਿਤੂ : ਜਗਤਾਰ ਸਿੰਘ ਜਾਚਕ, ਨਿਊਯਾਰਕ । ਮਿਤੀ 20 ਦਸੰਬਰ 09

ਸ. ਸੁਰਜੀਤ ਸਿੰਘ ਬਰਨਾਲਾ ਪੇਸ਼ੀ ਅਤੇ ਤਨਖਾਹ ਲਗਵਾਉਣ ਤੋਂ ਬਾਅਦ ਭਰੀ ਸੰਗਤ ਨੂੰ ਸੰਬੋਧਿਤ ਹੁੰਦੇ ਹੋਏ

ਸ. ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਅਤੇ ਤਨਖਾਹ ਦੇ ਸਮੇਂ ਸੰਗਤ ਦੇ ਇੱਕਠ ਦਾ ਦ੍ਰਿਸ਼

ਆਸ ਹੈ ਹੁਣ ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ਼, ਪਲ ਰਹੀ ਸ. ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਸੰਬੰਧੀ ਗਲਤਫ਼ਹਮੀ ਦੂਰ ਹੋਵੇਗੀ। ਜੇ ਅਜੇ ਵੀ ਗਲਤਫ਼ਹਮੀ ਹੈ, ਤਾਂ ਉਸ ਦਾ ਕੋਈ ਇਲਾਜ ਨਹੀਂ।

ਗੁਰੂ ਸੁਮੱਤ ਬਖਸ਼ੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top