Share on Facebook

Main News Page

ਪੰਥਕ ਏਕਤਾ ਅਤੇ ਸਮਰੂਪਤਾ ਬਾਰੇ ਸੈਮੀਨਾਰ ਚੰਗੀ ਸ਼ੁਰੂਆਤ, ਪਰ ਪਿੱਛੇ ਛੱਡ ਗਿਆ ਕੁੱਝ ਸਵਾਲ

ਕੁੱਝ ਦਿਨ ਪਹਿਲਾਂ ਦਿਲੀ ਵਿਖੇ ‘ਕੇਸ ਸੰਭਾਲ ਪ੍ਰਚਾਰ ਸੰਸਥਾ’ ਵਲੋਂ ‘ਸਿੱਖ ਏਕਤਾ ਅਤੇ ਸਮਰੂਪਤਾ’ (Unity And Unifomity of Sikhs) ਦੇ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਜਿੱਥੇ ਗੁਰਤੇਜ ਸਿੰਘ ਜੀ ਸਾਬਕਾ ਆਈ. ਏ. ਐਸ. ਵਰਗੇ ਜਾਗਰੂਕ ਮੰਨੇ ਜਾਂਦੇ ਵਿਦਵਾਨ ਸ਼ਾਮਿਲ ਸਨ ਤਾਂ ਦੂਜੀ ਤਰਫ ਕੁਝ ਐਸੀਆਂ ਸ਼ਖਸੀਅਤਾਂ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ਦੀ ਪੰਥ-ਪ੍ਰਸਤੀ ਪ੍ਰਤੀ ਜਨਤਕ ਤੌਰ ’ਤੇ ਸਵਾਲ ਉੱਠਦੇ ਰਹੇ ਹਨ।

ਸੈਮੀਨਾਰ ਦਾ ਵਿਸ਼ਾ ਲੋੜੀਂਦਾ ਅਤੇ ਧਿਆਨਯੋਗ ਸੀ। ਇਹ ਸੈਮੀਨਾਰ ਇਕ ਚੰਗੀ ਪਹੁੰਚ ਕਿਹਾ ਜਾ ਸਕਦਾ ਹੈ। ਇਸ ਸੈਮੀਨਾਰ ਦੇ ਪ੍ਰਬੰਧਕਾਂ ਵਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਜਿੱਥੇ ਇਸ ਸੈਮੀਨਾਰ ਲੜੀ ਨੂੰ ਅੱਗੇ ਜਾਰੀ ਰੱਖਣ ਦਾ ਐਲਾਨ ‘ਹਾਂ-ਪੱਖੀ’ ਫੈਸਲਾ ਹੈ, ਉੱਥੇ ਇਸ ਪ੍ਰੈਸ ਨੋਟ ਦੇ ਕੁਝ ਨੁਕਤਿਆਂ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੁੰਦੇ ਹਨ।

ਇਸ ਵਿਚ ਸ਼ਾਇਦ ਹੀ ਕੋਈ ਸੁਹਿਰਦ ਸਿੱਖ ਵਿਰੋਧੀ ਰਾਇ ਰੱਖਦਾ ਹੋਵੇਗਾ ਕਿ ‘ਸਿੱਖ ਏਕਤਾ ਅਤੇ ਸਮਰੂਪਤਾ’ ਦਾ ਇਕੋ ਇਕ ਮੂਲ ਆਧਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿੱਖਿਆ ਨੂੰ ਅਪਨਾਉਣਾ ਹੀ ਹੋ ਸਕਦਾ ਹੈ। ਪ੍ਰੈਸ ਨੋਟ ਅਨੁਸਾਰ ਸੈਮੀਨਾਰ ਵਿਚਲੇ ਸਾਰੇ ਵਿਦਵਾਨ ਇਸ ਨੁਕਤੇ ਨਾਲ ਸਹਿਮਤ ਸਨ। ਇਹ ਵੀ ਸੱਚ ਹੈ ਕਿ ਗੁਰਮਤਿ ਨੂੰ ਅੱਖੋਂ ਪਰੋਖੇ ਕਰਕੇ ਕੀਤੇ ਐਸੇ ਯਤਨ ‘ਏਕਤਾ ਅਤੇ ਸਮਰੂਪਤਾ’ ਤਾਂ ਲਿਆ ਸਕਦੇ ਹਨ, ਪਰ ਉਸ ਵਿਚੋਂ ਸਿੱਖੀ ਦਾ ਅੰਸ਼ ਨਦਾਰਦ ਹੋਵੇਗਾ। ਜਿੱਥੇ ਇਸ ਸੈਮੀਨਾਰ ਦੀ ਰਿਪੋਰਟ ਦੇ ਸ਼ੁਰੂਆਤੀ ਅੰਸ਼ਾਂ ਅਨੁਸਾਰ ਸਾਰੇ ਵਿਦਵਾਨਾਂ ਨੇ ਗੁਰਮਤਿ ਅਪਨਾਉਣ ਦੇ ਆਧਾਰ ਨੂੰ ਜ਼ਰੂਰੀ ਮੰਨਿਆ, ਉੱਥੇ ਇਸ ਰਿਪੋਰਟ ਦੇ ਮਗਰਲੇ ਕੁਝ ਅੰਸ਼ ਸਪਸ਼ਟ ਗੁਰਮਤਿ ਦੀ ਖਿਲਾਫਤ ਕਰਦੇ ਜਾਪਦੇ ਹਨ। ਇਸ ਕਾਰਨ ਰਿਪੋਰਟ ਵਿਚ ਸਪਸ਼ਟ ਆਪਾ-ਵਿਰੋਧ ਨਜ਼ਰ ਆਉਂਦਾ ਹੈ।ਆਉ, ਇਨ੍ਹਾਂ ਆਪਾ-ਵਿਰੋਧੀ ਅੰਸ਼ਾਂ ਬਾਰੇ ਕੁਝ ਵਿਚਾਰ ਕਰਨ ਦਾ ਯਤਨ ਕਰੀਏ।

ਰਿਪੋਰਟ ਵਿਚਲੇ ਹੇਠ ਲਿਖੇ ਅੰਸ਼ ਪੜਚੋਲ ਮੰਗਦੇ ਹਨ:

“Akal Takhat Sahib which was highest seat of authority for all the Sikhs was also not being permitted by the politicians to play that role which the Sikh people look forward to such high seats of honour (Takhts). That is why the people are unable to seek clarifications, dispel their doubts and know about the Maryada which need to be uniformly followed by all the Sikhs of the world. As a consequence, apostasy and addiction to intoxicants have risen to alarming heights.

It was felt that Akal Takhat Sahib and other Takhts should be made more powerful, independent and free from any kind of interference in performing their duties. These Takhts must have the position to issue suitable directions, clarifications and guidelines to the people and their decisions must be followed by all the Sikhs without raising any ifs & buts.”

ਅਨੁਵਾਦ:- ਅਕਾਲ ਤਖਤ ਸਾਹਿਬ ਸਾਰੇ ਸਿੱਖਾਂ ਲਈ ‘ਸਰਬਉਚ’ ਹੈ, ਪਰ ਰਾਜਨੀਤਕ ਲੋਕਾਂ ਵਲੋਂ ਇਸ ਨੂੰ ਉਹ ਰੋਲ ਨਿਭਾਉਣ ਨਹੀਂ ਦਿਤਾ ਜਾ ਰਿਹਾ, ਜਿਸ ਦੀ ਲੋਕ ਆਸ ਕਰਦੇ ਹਨ। ਇਸੇ ਲਈ ਲੋਕ ਇਸ ਤੋਂ ਸਪਸ਼ਟੀਕਰਨ ਲੈਣ, ਆਪਣੇ ਸ਼ੰਕੇ ਦੂਰ ਕਰਨ ਅਤੇ ਮਰਿਯਾਦਾ ਬਾਰੇ ਜਾਣ ਸਕਦੇ, ਜਿਸ ਨੂੰ ਸਾਰੇ ਸੰਸਾਰ ਦੇ ਸਿੱਖਾਂ ਨੂੰ ਅਪਨਾਉਣ ਦੀ ਲੋੜ ਹੈ। ਇਸ ਕਾਰਨ ਸਿੱਖਾਂ ਵਿਚ ਨਸ਼ੇ ਅਤੇ ਪਤਿਤਪੁਣਾ ਸਿਖਰ ’ਤੇ ਪਹੁੰਚ ਚੁੱਕਾ ਹੈ।

(ਵਿਦਵਾਨਾਂ ਵਲੋਂ) ਇਹ ਮਹਿਸੂਸ ਕੀਤਾ ਗਿਆ ਕਿ ਅਕਾਲ ਤਖਤ ਸਾਹਿਬ ਅਤੇ ਹੋਰ ਤਖਤਾਂ ਨੂੰ ਜ਼ਿਆਦਾ ਸ਼ਕਤੀਸ਼ਾਲੀ, ਖੁੱਦਮੁਖਤਾਰ ਅਤੇ ਆਪਣੇ ਫਰਜ਼ ਨਿਭਾਉਣ ਵਿਚ ਕਿਸੇ ਤਰ੍ਹਾਂ ਦੇ ਦਖਲ ਤੋਂ ਮੁਕਤ ਬਣਾਉਣਾ ਚਾਹੀਦਾ ਹੈ। ਇਹ ਤਖਤ ਲੋਕਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼, ਸਪਸ਼ਟੀਕਰਨ ਅਤੇ ਮਾਰਗ-ਦਰਸ਼ਨ ਜਾਰੀ ਕਰਨ ਦੀ ਸਥਿਤੀ ਵਿਚ ਜ਼ਰੂਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ (ਤਖਤਾਂ) ਦੇ ਆਦੇਸ਼ ਸਾਰੇ ਸਿੱਖਾਂ ਵਲੋਂ, ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਮੰਨਣਾ ਜ਼ਰੂਰੀ ਹੋਵੇ।


ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਜਿੱਥੇ ਇਸ ਸੈਮੀਨਾਰ ਵਿਚ ਤਖ਼ਤ ਵਿਵਸਥਾ ਵਿਚ ਸੁਧਾਰ ਦੀ ਲੋੜ ਦੀ ਗੱਲ ਕੀਤੀ ਗਈ, ਉੱਥੇ ਹੀ ਪੰਜ ਤਖਤਾਂ ਦੀ ਥਿਉਰੀ ਦੀ ਪ੍ਰੋਢਤਾ ਕਰਨਾ ਇਸ ਸੈਮੀਨਾਰ ਦੀ ‘ਹਾਂ-ਪੱਖੀ’ ਪਹੁੰਚ ਤੇ ਪੋਚਾ ਫੇਰਨਾ ਹੀ ਮੰਨਿਆ ਜਾਵੇਗਾ। ਜਿੱਥੇ ਇਕ ਧੁਰੇ ਨਾਲ ਜੁੜਨਾ ਜਿੱਥੇ ਏਕਤਾ ਵੱਲ ਤੋਰਦਾ ਹੈ, ੳੱਥੇ ਇਕ ਤੋਂ ਵੱਧ ਤਖਤਾਂ ਦੀ ਹੋਂਦ ਏਕਤਾ ਨੂੰ ਕਮਜ਼ੋਰ ਕਰਨ ਦਾ ਕਾਰਨ ਬਣਦੀ ਹੈ। ਪਟਨੇ ਅਤੇ ਨਾਂਦੇੜ ਦੇ ‘ਤਖਤਾਂ’ ਨੂੰ ਦਿੱਤਾ ਗਿਆ ‘ਕਰਮਕਾਂਡੀ ਬ੍ਰਾਹਮਣੀ ਮੰਦਰਾਂ’ ਦਾ ਰੂਪ ਇਹ ਸਾਬਿਤ ਕਰਨ ਲਈ ਕਾਫੀ ਹੈ ਕਿ ‘ਤਖਤਾਂ’ ਦੀ ਗਿਣਤੀ ਇਕ ਤੋਂ ਵਧਾਉਣਾ, ਪੰਥਕ ਏਕਤਾ ਨੂੰ ਤਾਰਪੀਡੋ ਕਰਕੇ ਬ੍ਰਾਹਮਣਵਾਦ ਦੀ ਇਕ ਸ਼ਾਖ ਬਣਾਉਣ ਦੀ ਸਾਜ਼ਿਸ਼ ਦਾ ਹਿੱਸਾ ਸੀ।

ਸੈਮੀਨਾਰ ਵਿਚ ਸਿਰਫ ਪੰਜ ਤਖਤਾਂ ਦੀ ਗੁਰਮਤਿ ਵਿਰੋਧੀ ਥਿਉਰੀ ਦੀ ਹੀ ਪ੍ਰੋਢਤਾ ਹੀ ਨਹੀਂ ਕੀਤੀ ਗਈ ਬਲਕਿ ਇਸ ਤੋਂ ਵੀ ਅੱਗੇ ਜਾਂਦੇ ਹੋਏ, ਇਨ੍ਹਾਂ ਤਖਤਾਂ (ਤੇ ਕਾਬਿਜ਼ ਪੁਜਾਰੀਆਂ) ਨੂੰ ਇਕੋ ਜਿਹੇ ਅਧਿਕਾਰ ਦੇ ਕੇ ਨਿਰੰਕੁਸ਼ ਬਣਾਉਣ ਦਾ ਵਿਚਾਰ ਦਿੱਤਾ ਗਿਆ, ਨਾਲ ਹੀ ਇਹ ਗੁਰਮਤਿ ਵਿਰੁਧ ਮੱਦ ਵੀ ਜੋੜਣ ਦੀ ਸਲਾਹ ਦਿੱਤੀ ਗਈ ਕਿ ਇਨ੍ਹਾਂ ਤਖਤਾਂ ਦੇ ਸਾਰੇ ਆਦੇਸ਼ ਹਰ ਸਿੱਖ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਮੰਨੇ। ਸੈਮੀਨਾਰ ਦੇ ਪ੍ਰਬੰਧਕ ਅਤੇ ਵਿਦਵਾਨ ਸ਼ਾਇਦ ਇਹ ਗੱਲ ਵਿਸਾਰ ਗਏ ਕਿ ਗੁਰਮਤਿ ਇਨਕਲਾਬ ਦੀ ਸ਼ੁਰੂਆਤ ਹੀ ‘ਕਿੰਤੂ-ਪ੍ਰੰਤੂ’ ਨਾਲ ਹੋਈ ਸੀ। ਸੋ ਕਿੰਤੂ-ਪ੍ਰੰਤੂ ਦੀ ਪਹੁੰਚ ਦੀ ਵਿਰੋਧਤਾ ਸਿੱਖੀ ਤੋਂ ਤੋੜਣ ਵਾਲੀ ਗੱਲ ਹੈ। ਜਵਾਬਦੇਹੀ (ਕਿੰਤੂ-ਪ੍ਰੰਤੂ ਦਾ ਜਵਾਬ ਦੇਣਾ) ਹੀ ਕਿਸੇ ਸੰਸਥਾ ਜਾਂ ਵਿਵਸਥਾ ਨੂੰ ਭਟਕਣ ਤੋਂ ਬਚਾ ਸਕਦੀ ਹੈ। ਮੌਜੂਦਾ ਸਮੇਂ ਵਿਚ ਅਕਾਲ ਤਖਤ ਦੇ ਨਾਂ ’ਤੇ ਜੋ ‘ਜੰਗਲ ਰਾਜ’ ਚਲ ਰਿਹਾ ਹੈ, ਉਸ ਦਾ ਮੁੱਢ ਹੀ ਇਸ ਦੇ ‘ਹੁਕਮਨਾਮਿਆਂ’ ਨੂੰ ਸਰਬਉੱਚ ਮੰਨਦੇ ਹੋਏ, ਇਨ੍ਹਾਂ ਬਾਰੇ ਕੋਈ ਕਿੰਤੂ-ਪ੍ਰੰਤੂ ਨਾ ਕਰਨ ਦਾ ਪ੍ਰਚਾਰ ਹੀ ਹੈ। ਇਕ ਪਾਸੇ ਏਕਤਾ ਲਈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਹੀ ਆਧਾਰ ਕਹਿਣਾ ਅਤੇ ਦੂਜੀ ਤਰਫ ਤਖਤਾਂ ਦੀ ਵਿਵਸਥਾ ਨੂੰ ਸਰਬਉੱਚ (ਸੁਪਰੀਮ) ਅਥਾਰਿਟੀ ਮਨਣਾ ਸਪਸ਼ਟ ਆਪਾ-ਵਿਰੋਧ ਹੀ ਹੈ।

ਅਫਸੋਸ ਦੀ ਗੱਲ ਇਹ ਵੀ ਹੈ ਕਿ ਇਸ ਸੈਮੀਨਾਰ ਦੇ ਪ੍ਰੈਸ ਨੋਟ ਵਿਚ ਐਸੀਆਂ ਗੁਰਮਤਿ ਵਿਰੋਧੀ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਵੀ ਸੈਮੀਨਾਰ ਵਿਚ ਸ਼ਾਮਿਲ ਕਿਸੇ ਸੁਚੇਤ ਵਿਦਵਾਨ ਨੇ ਇਸ ਦਾ ਨੋਟਿਸ ਨਹੀਂ ਲਿਆ ਤੇ ਨਾ ਹੀ ਕਿਸੇ ਹੋਰ ਜਾਗਰੂਕ ਧਿਰ ਨੇ।

ਹੁਣ ਕੁਝ ਵਿਚਾਰ ਇਸ ਸੈਮੀਨਾਰ ਵਿਚ ਸ਼ਾਮਿਲ ਕੁਝ ਵਿਦਵਾਨਾਂ ਦੀ ਪ੍ਰਸੰਗਿਕਤਾ ਬਾਰੇ ਵੀ ਕਰ ਲੈਂਦੇ ਹਾਂ। ਇਹ ਸੈਮੀਨਾਰ ਇਕ ਪੰਥਕ ਮਸਲੇ ਨੂੰ ਲੈ ਕੇ ਕਰਵਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਲਈ ਜ਼ਰੂਰੀ ਸੀ ਕਿ ਇਸ ਵਿਚ ਸਿਰਫ ਪੰਥ-ਪ੍ਰਸਤ ਵਿਦਵਾਨ ਹੀ ਸ਼ਾਮਿਲ ਕੀਤੇ ਜਾਂਦੇ ਪਰ ਐਸਾ ਨਹੀਂ ਹੋਇਆ। ਇਕ ਮਿਸਾਲ ਲਈ ਇਸ ਸੈਮੀਨਾਰ ਵਿਚ ਸ਼ਾਮਿਲ ਇਕ ਵਿਦਵਾਨ ਤਰਲੋਚਨ ਸਿੰਘ ਜੀ (ਸਾਬਕਾ ਮੈਂਬਰ ਮਾਇਨਾਰਟੀ ਕਮਿਸ਼ਨ) ਦੀ ‘ਪੰਥ ਵਿਰੋਧਤਾ’ ਸ਼ਾਇਦ ਕਿਸੇ ਸਬੂਤ ਦੀ ਮੋਹਤਾਜ ਨਹੀਂ। ਉਨ੍ਹਾਂ ਦੇ ਪਿਛਲੇ ਕੁਝ ਕਰਮ ਅਤੇ ਕੁਝ ਰਾਸ਼ਟਰੀ ਅਖਬਾਰਾਂ ਵਿਚ ਛਪੇ ਉਨ੍ਹਾਂ ਦੇ ਕੁਝ ਲੇਖ ਇਹ ਸਪਸ਼ਟ ਕਰਨ ਲਈ ਸ਼ਾਇਦ ਕਾਫੀ ਹਨ ਕਿ ਉਹ ਜਾਣੇ/ਅੰਜਾਣੇ ਪੰਥ ਵਿਰੋਧੀ ਮੁੱਖ ਧਿਰ (ਆਰ. ਐਸ. ਐਸ.) ਦੇ ਏਜੰਡੇ ਅਨੁਸਾਰ ਹੀ ਵਿਚਰ ਰਹੇ ਹਨ।

>> ਪੜ੍ਹੋ 19 ਅਗਸਤ 2010 ਨੂੰ ਸਰਬਜੀਤ ਸਿੰਘ, ਇੰਡਿਆ ਅਵੇਅਰਨੈਸ ਵਲੋਂ ਲਿਖਿਆ ਤਰਲੋਚਨ ਸਿੰਘ ਬਾਰੇ ਇੱਕ ਲੇਖ

ਇਸ ਨਿਸ਼ਕਾਮ ਅਤੇ ਬੇਲਾਗ ਪੜਚੋਲ ਉਪਰੰਤ ਆਸ ਕਰਦੇ ਹਾਂ ਕਿ ਇਸ ਲੜੀ ਦੇ ਅਗਲੇ ਸੈਮੀਨਾਰਾਂ ਦੇ ਪ੍ਰਬੰਧਕ ਅਤੇ ਸ਼ਾਮਿਲ ਵਿਦਵਾਨ ਉਪਰੋਕਤ ਕਮਜ਼ੋਰੀਆਂ ਤੋਂ ਉਭਰਨ ਦਾ ਯਤਨ ਕਰਨਗੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top