Share on Facebook

Main News Page

ਤੱਤ ਗੁਰਮਤਿ ਪਰਿਵਾਰ ਨੂੰ ਸਵਾਲ

ਸ੍ਰ. ਕਿਰਪਾਲ ਸਿੰਘ ਬਠਿੰਡਾ ਅਤੇ ਤੱਤ ਗੁਰਮਤਿ ਪਰਿਵਾਰ ਦੇ ਸਤਿਕਾਰਯੋਗ ਵੀਰ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਤੱਤ ਗੁਰਮਤਿ ਪਰਿਵਾਰ ਨੂੰ ਜਵਾਬ ਦੇਣ ਅਤੇ ਕੁੱਝ ਸਵਾਲ ਕਰਨ ਤੋਂ ਪਹਿਲਾਂ, ਮੈਂ ਵੀਰ ਕਿਰਪਾਲ ਸਿੰਘ ਬਠਿੰਡਾ ਜੀ ਨੂੰ ਸਲਾਹ ਦੇਣੀ ਚਾਹਾਂਗਾ, ਕਿ ਤੁਸੀਂ ਅਖੌਤੀ ਦਸਮ ਗ੍ਰੰਥ ਦੇ ਹਮਾਇਤੀਆਂ ਦੇ ਹਰ ਸਵਾਲ ਦਾ ਬਹੁਤ ਸੋਹਣੇ ਢੰਗ ਨਾਲ ਜਵਾਬ ਦੇ ਰਹੇ ਹੋ, ਇਸ ਲਈ ਉੱਧਰ ਹੀ ਡਟੇ ਰਹੋ, ਤੱਤ ਗੁਰਮਤਿ ਪਰਿਵਾਰ ਦੇ ਸਵਾਲਾਂ ਦਾ ਜਵਾਬ ਦੇਣ ਅਤੇ ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਵਿੱਚ ਸਮਾਂ ਅਜਾਂਈਂ ਨਾ ਗੁਆਇਆ ਜਾਵੇ। ਮੈਂ ਇਹ ਸਲਾਹ ਤੁਹਾਨੂੰ ਇਸ ਆਧਾਰ ’ਤੇ ਦੇ ਰਿਹਾ ਹਾਂ, ਕਿ ਮੈਂ ਕਿਸੇ ਸਮੇਂ ਤੱਤ ਗੁਰਮਤਿ ਪਰਿਵਾਰ ਦੇ ਮੁਢਲੇ ਮੈਂਬਰਾਂ ਵਿੱਚੋਂ ਰਿਹਾ ਹਾਂ, ਇਸ ਲਈ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਹਾਂ, ਕਿ ਇਨ੍ਹਾਂ ਨੂੰ ਗਲਤ ਫ਼ਹਿਮੀ ਹੋ ਚੁੱਕੀ ਹੈ, ਕਿ ਸਿਧਾਂਤ ਦੀ ਸਮਝ ਸਿਰਫ ਉਨ੍ਹਾਂ ਨੂੰ ਹੀ ਆਈ ਹੈ, ਤੇ ਬਾਕੀ ਸਾਰੇ ਕੱਚੇ ਪਿੱਲੇ ਤੇ ਦੁਬਿਧਾ ਵਿੱਚ ਹੀ ਫਸੇ ਬੈਠੇ ਹਨ। ਇਸ ਤੋਂ ਅੱਗੇ ਇਨ੍ਹਾਂ ਦੀ ਆਦਤ ’ਆਪਿ ਨ ਦੇਹਿ ਚੁਰੂ ਭਰਿ ਪਾਨੀ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥2॥’ ਵਾਲੀ ਬਣ ਜਾਣ ਕਾਰਣ, ਜਿਹੜੇ ਜਾਗ੍ਰਤ ਵੀਰ ਤੇ ਪੰਥਕ ਸਖ਼ਸ਼ੀਅਤਾਂ ਸੁਧਾਰ ਲਈ ਕੁੱਝ ਕੰਮ ਕਰ ਰਹੀਆਂ ਹਨ, ਉਨ੍ਹਾਂ ਤੋਂ ਵਾਰ ਵਾਰ ਉਹੀ ਸਵਾਲ ਤੇ ਸਪਸ਼ਟੀਕਰਨ ਮੰਗ ਕੇ, ਉਨ੍ਹਾਂ ਨੂੰ ਉਲਝਾ ਕੇ ਦਸਮ ਗ੍ਰੰਥੀਆਂ ਦੀ ਮੱਦਦ ਕਰ ਰਹੇ ਹਨ। ਮੈਂ ਪਰਿਵਾਰ ਵਿੱਚ ਰਹਿੰਦਿਆਂ ਇਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ ਕੀਤੀ, ਪਰ ਜਿਹੜੇ ਸਮਝ ਬੈਠੇ ਹਨ ਕਿ ਸਿਧਾਂਤ ਦੀ ਸਮਝ ਸਿਰਫ ਉਨ੍ਹਾਂ ਨੂੰ ਹੀ ਆਈ ਹੈ, ਉਨ੍ਹਾਂ ਨੂੰ ਸਮਝਾਉਣਾ ਸੰਭਵ ਨਹੀਂ ਹੈ। ਇਸ ਲਈ ਪਰਿਵਾਰ ਨੂੰ ਕਈ ਵਾਰ ਫ਼ੋਨ ’ਤੇ ਬੇਨਤੀ ਕਰ ਚੁੱਕਾ ਹਾਂ, ਕਿ ਮੇਰਾ ਨਾਮ ਪਰਿਵਾਰ ਦੀ ਸੂਚੀ ਵਿਚੋਂ ਕੱਟ ਦਿੱਤਾ ਜਾਵੇ, ਪਰ ਪਰਿਵਾਰ ਵਲੋਂ ਚਲਾਈ ਜਾ ਰਹੀ ਵੈੱਬਸਾਈਟ ਵਿੱਚ ਮੇਰਾ ਨਾਮ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਸੂਚੀ ਵਿੱਚ ਅੱਜ ਤੱਕ ਸ਼ਾਮਲ ਹੈ। ਇਸ ਲਈ ਮੈਂ ਪਰਿਵਾਰ ਦੇ ਮੁਖੀਆਂ ਤੋਂ, ਹੇਠ ਲਿਖੇ ਸਵਾਲ ਪੁੱਛਣ ਦੀ ਗੁਸਤਾਖੀ ਕਰ ਰਿਹਾ ਹਾਂ, ਕ੍ਰਿਪਾ ਕਰਕੇ ਕ੍ਰਮ ਵਾਰ ਜਵਾਬ ਦੇਣ ਦੀ ਖੇਚਲ ਕਰਨੀ ਜੀ।

  1. ਮੈਨੂੰ ਦੱਸਿਆ ਜਾਵੇ, ਕਿ ਮੇਰੇ ਇਨਕਾਰ ਦੇ ਬਾਵਜ਼ੂਦ ਵੀ ਅੱਜ ਤੱਕ ਮੇਰਾ ਨਾਮ ਪਰਿਵਾਰ ਦੀ ਲਿਸਟ ਵਿੱਚੋਂ ਕਿਉਂ ਨਹੀਂ ਕੱਟਿਆ ਗਿਆ?
  2. 9 ਜਨਵਰੀ 2010 ਨੂੰ ਜਸਜੀਤ ਸਿੰਘ ਟੋਨੀ ਦੇ ਘਰ ਜਾਗਰੂਕ ਸਿੱਖਾਂ ਦੀ ਹੋਈ ਮੀਟਿੰਗ ਵਿੱਚ ਤੱਤ ਗੁਰਮਤਿ ਪਰਿਵਾਰ ਦੇ ਬੁਲਾਰੇ ਪ੍ਰਿੰ: ਨਰਿੰਦਰ ਸਿੰਘ ਜੰਮੂ ਨੇ, ਮੇਰੀ ਹਾਜ਼ਰੀ ਵਿੱਚ ਪ੍ਰੋ: ਦਰਸ਼ਨ ਸਿੰਘ ਦੀਆਂ ਦਲੀਲਾਂ ਸੁਣਨ ਉਪ੍ਰੰਤ ਪਰਿਵਾਰ ਵਲੋਂ ਲਿਖਤੀ ਸਹਿਮਤੀ ਪੜ੍ਹ ਕੇ ਸੁਣਾਈ ਸੀ, ਕਿ ਸਿੱਖ ਰਹਿਤ ਮਰਿਆਦਾ ’ਤੇ ਇਕ ਨਿਰਧਾਰਤ/ਨਿਸ਼ਚਿਤ ਸਮੇਂ ਤੱਕ ਕਿਤੂੰ ਨਹੀਂ ਕੀਤਾ ਜਾਵੇਗਾ। ਤੁਹਾਡੀ ਕੀ ਮਜ਼ਬੂਰੀ ਸੀ ਕਿ ਤੁਸੀਂ ਵਾਅਦੇ ’ਤੇ ਪੂਰੇ ਨਹੀਂ ਉੱਤਰੇ?
  3. ਤੁਹਾਨੂੰ ਕਿਰਪਾਲ ਸਿੰਘ ਜੀ ਨੇ ਪੁੱਛਿਆ ਸੀ ਕਿ ਜਿਸ ਜੋਗਿੰਦਰ ਸਿੰਘ ਜੀ ਨਾਲ ਤੁਸੀਂ ਅੱਜ ਏਕਤਾ ਕਰਨ ਦੀਆਂ ਸਲਾਹਾਂ ਦੇ ਰਹੇ ਹੋ, ਤੁਸੀਂ ਖ਼ੁਦ ਉਨ੍ਹਾਂ ਨਾਲੋਂ ਵੱਖ ਕਿਉਂ ਹੋਏ ਸੀ? ਕੀ ਹੁਣ ਉਨ੍ਹਾਂ ਵਿੱਚ ਕੋਈ ਉਸਾਰੂ ਤਬਦੀਲੀ ਆ ਗਈ ਹੈ, ਜਿਸ ਕਾਰਣ ਹੁਣ ਤੁਸੀਂ ਪ੍ਰੋ: ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਦੁਬਿਧਾ ਤਿਆਗ ਕੇ, ਅਤੇ ਸਿਧਾਂਤ ਦਾ ਪੱਲਾ ਫੜ ਕੇ ਜੋਗਿੰਦਰ ਸਿੰਘ ਜੀ ਨਾਲ ਏਕਤਾ ਕਰਨ ਦੀਆਂ ਸਲਾਹਾਂ ਦੇ ਰਹੇ ਹੋ? ਕਿਰਪਾਲ ਸਿੰਘ ਜੀ ਨੇ ਤੁਹਾਨੂੰ ਸਾਲਾਹ ਦਿੱਤੀ ਸੀ, ਕਿ ਤੁਹਾਨੂੰ ਤਾਂ ਸਿਧਾਂਤ ਪ੍ਰਤੀ ਕੋਈ ਦੁਬਿਧਾ ਨਹੀਂ ਹੈ, ਇਸ ਲਈ ਦੂਸਰਿਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਤੁਸੀਂ ਖ਼ੁਦ ਹੀ ਇਸ ’ਤੇ ਅਮਲ ਕਰਕੇ ਉਨ੍ਹਾਂ ਨਾਲ ਏਕਤਾ ਕਿਉਂ ਨਹੀਂ ਕਰ ਲੈਂਦੇ? ਇਸ ਨਾਲ ਤਿੰਨ ਧਿਰਾਂ ਤੋਂ ਦੋ ਧਿਰਾਂ ਤਾਂ ਬਣ ਹੀ ਜਾਣਗੀਆਂ, ਤੇ ਇਸ ਤੋਂ ਬਾਅਦ ਸ਼ਾਇਦ ਤੁਹਾਡੇ ਉੱਦਮ ਸਦਕਾ ਇਨ੍ਹਾਂ ਦੋਵਾਂ ਦਾ ਵੀ ਰਲੇਵਾਂ ਹੋ ਜਾਵੇ। ਤੁਸੀਂ ਇਸ ਦਾ ਕੋਈ ਜਵਾਬ ਨਾਂ ਦੇਕੇ ਉਲਟਾ ਕਿਰਪਾਲ ਸਿੰਘ ਜੀ ਤੋਂ ਸਪਸ਼ਟੀਕਰਨ ਅਤੇ ਹੋਰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ।
  4. ਤੁਸੀਂ ਪ੍ਰੋ: ਦਰਸ਼ਨ ਸਿੰਘ ਜੀ ਅਤੇ ਜੋਗਿੰਦਰ ਸਿੰਘ ਜੀ ਦੇ ਸਹਿਯੋਗੀਆਂ ਨੂੰ ਸਿਧਾਂਤ ਦਾ ਪੱਲਾ ਛੱਡ ਕੇ, ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੇ ਰਾਹ ਤੁਰਨ ਵਿੱਚ ਬਰਾਬਰ ਦੇ ਦੋਸ਼ੀ ਐਲਾਨਿਆ। ਕਿਰਪਾਲ ਸਿੰਘ ਜੀ ਨੇ ਤੁਹਾਡੇ ਵਲੋਂ ਲਾਏ ਦੋਸ਼ਾਂ ਨੂੰ ਸਹੀ ਸਿੱਧ ਕਰਨ ਲਈ ਸਬੂਤਾਂ ਦੀ ਮੰਗ ਕੀਤੀ। ਪਰ ਤੁਸੀਂ ਸਬੂਤ ਦੇਣ ਤੋਂ ਦੜ ਤਾਂ ਵੱਟੀ ਹੀ, ਉਲਟਾ ਉਸ ਪ੍ਰਸੰਗ ਤੋਂ ਬਾਹਰ ਜਾਂਦੇ ਹੋਏ ਹੋਰ ਹੀ ਸਪਸ਼ਟੀਕਰਨ ਮੰਗਣੇ ਸ਼ੁਰੂ ਕਰ ਦਿੱਤੇ ਹਨ।
  5. ਕਿਰਪਾਲ ਸਿੰਘ ਜੀ ਬਠਿੰਡਾ ਨੇ ਸਾਰੀ ਸਥਿਤੀ ਦਾ ਵਿਸਥਾਰ ਵਿੱਚ ਵੇਰਵਾ ਦੇ ਕੇ ਆਪ ਜੀ ਨੂੰ ਸਲਾਹ ਦਿੱਤੀ ਸੀ, ਕਿ ਜਿਸ ਸਬੰਧੀ ਪਹਿਲਾਂ ਹੀ ਸਥਿਤੀ ਸਪਸ਼ਟ ਕਰ ਦਿੱਤੀ ਗਈ ਹੈ, ਉਸ ਬਾਰੇ ਵਾਰ ਵਾਰ ਬੇਲੋੜੇ ਸਪਸ਼ਟੀਕਰਨ ਮੰਗਣ ਅਤੇ ਸਵਾਲ ਕਰਨ ਦੀ ਥਾਂ, ਤੁਸੀਂ ਜੋਗਿੰਦਰ ਸਿੰਘ ਜੀ ਅਤੇ ਪ੍ਰੋ: ਦਰਸ਼ਨ ਸਿੰਘ ਜੀ ਦੋਵਾਂ ਵਿੱਚੋਂ ਇੱਕ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਸਕਦੇ ਹੋ। ਪਰ ਯਾਦ ਰੱਖਿਓ, ਕਿ ਜੋਗਿੰਦਰ ਸਿੰਘ ਜੀ ਤੁਹਾਨੂੰ ਪਹਾੜ ਦੀ ਚੋਟੀ ’ਤੇ ਲਿਜਾ ਕੇ ਅੱਗੇ ਡੂੰਘੀ ਖੱਡ ਵਿੱਚ ਸੁੱਟ ਸਕਦੇ ਹਨ, ਜਦੋਂ ਕਿ ਪ੍ਰੋ: ਦਰਸ਼ਨ ਸਿੰਘ ਜੀ ਦਾ ਸਾਥ ਦੇਣ ਵਿੱਚ ਅਜਿਹਾ ਕੋਈ ਖ਼ਤਰਾ ਨਹੀਂ ਹੈ। ਜੇ ਕਦੀ ਉਹ ਇੱਕ ਸਥਾਨ ’ਤੇ ਜਾ ਕੇ ਅੱਗੇ ਚੜ੍ਹਨਾ ਬੰਦ ਕਰ ਦੇਣ, ਤਾਂ ਤੁਸੀਂ ਉਨ੍ਹਾਂ ਨੂੰ ਉੱਥੇ ਹੀ ਛੱਡ ਕੇ ਆਪਣਾ ਸਫਰ ਜਾਰੀ ਰੱਖ ਸਕਦੇ ਹੋ। ਤੁਸੀਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਤੁਸੀਂ ਸ੍ਰ ਕਿਰਪਾਲ ਸਿੰਘ ਜੀ ਤੋਂ ਇਹ ਸਪਸ਼ਟੀਕਰਨ ਮੰਗ ਲਿਆ:- (ੳ) ਕੀ ਦਸਮ ਗ੍ਰੰਥ ਦੀ ਕੋਈ ਰਚਨਾ ਦਸਮੇਸ਼ ਕ੍ਰਿਤ ਹੈ ? (ਅ) ਜੇ ਹੈ ਤਾˆ ਕਿਹੜੀਆˆ-ਕਿਹੜੀਆˆ ਰਚਨਾਵਾˆ ਹਨ ? (ੲ) ਜਿਹੜੀਆˆ ਰਚਨਾਵਾˆ ਨੂੰ ਦਸਮੇਸ਼ ਕ੍ਰਿਤ ਮੰਨਦੇ ਹਨ, ਉਨ੍ਹਾˆ ਦੀ ਮਾਨਤਾ ਦਾ ਅਧਾਰ ਕੀ ਹੈ?

ਕਿਰਪਾਲ ਸਿੰਘ ਤੋਂ ਸਪੱਸ਼ਟੀਕਰਨ ਮੰਗਣ ਤੋਂ ਪਹਿਲਾਂ, ਤੁਸੀਂ ਆਪ ਹੇਠ ਲਿਖੀਆਂ ਗੱਲਾਂ ਦਾ ਜਵਾਬ ਦਿਓ:

  1. ਕਿਰਪਾਲ ਸਿੰਘ ਤੋਂ ਇਹ ਸਪੱਸ਼ਟੀਕਰਨ ਮੰਗਣ ਦੀ ਤੁਹਾਨੂੰ ਲੋੜ ਕਿਉਂ ਮਹਿਸੂਸ ਹੋਈ? ਕੀ ਕਿਰਪਾਲ ਸਿੰਘ ਜੀ ਨੇ ਕਦੇ ਕੋਈ ਐਸਾ ਲੇਖ ਜਾਂ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਦੀ ਕਿਸੇ ਰਚਨਾ ਨੂੰ ਦਸ਼ਮੇਸ਼ ਕ੍ਰਿਤ ਕਿਹਾ ਹੋਵੇ? ਕੀ ਇਸ ਸਮੇਂ ਅਖੌਤੀ ਦਸਮ ਗ੍ਰੰਥ ਦੀ ਰਚਨਾ ਦੀ ਪੜਚੋਲ ਕਰਨ ਲਈ ਕਿਰਪਾਲ ਸਿੰਘ ਜਾਂ ਕਿਸੇ ਹੋਰ ਧਿਰ ਨੇ ਕੋਈ ਪੈਨਲ ਬਣਾਇਆ ਹੈ? ਕਿਰਪਾਲ ਸਿੰਘ ਨੇ ਇਸ ਪੜਚੋਲ ਦੇ ਕੰਮ ਨੂੰ ਤੀਜੇ ਪੜਾ ਵਿਚ ਰੱਖਿਆ ਹੈ, ਪਰ ਤੁਸੀਂ ਪਹਿਲਾ ਪੜਾ ਸ਼ੁਰੂ ਨਹੀਂ ਕੀਤਾ ਅਤੇ ਪਹਿਲਾਂ ਹੀ ਤੀਜੇ ਪੜਾ ਦੀ ਬਹਿਸ ਸ਼ੁਰੂ ਕਰਕੇ, ਇਹ ਸਲਾਹ ਦੇਣਾ ਚਾਹੁੰਦੇ ਹੋ, ਕਿ ਬੰਦਾ ਤੁਰਨਾ ਆਰੰਭ ਕਰਨ ਤੋਂ ਪਹਿਲਾ ਚੁਕਿਆ ਗਿਆ ਕਦਮ ਥੱਲੇ ਰੱਖੇ ਹੀ ਨਾ ਤੇ ਦੂਜਾ ਕਦਮ ਚੁੱਕਣ ਦੀ ਕੋਸ਼ਿਸ ਵਿੱਚ ਹੀ, ਥੱਲੇ ਡਿੱਗ ਪਏ।

  2. 31/12/10 ਨੂੰ ਕਿਰਪਾਲ ਸਿੰਘ ਬਠਿੰਡਾ ਨੇ ਗੁਰੂ ਪਦ ਸਬੰਧੀ ਆਪ ਜੀ ਦੇ ਪੱਤਰ ਦੇ ਜਵਾਬ ਵਿੱਚ ਆਪ ਜੀ ਨੂੰ ਇੱਕ ਪੱਤਰ ਲਿਖਿਆ ਸੀ ਜੋ ਸਿੱਖ ਮਾਰਗ ਤੋਂ ਇਲਾਵਾ ਹੋਰ ਵੀ ਪੰਥਕ ਵੈੱਬਸਾਈਟਾਂ ’ਤੇ ਪਾਇਆ ਗਿਆ। ਸਿੱਖ ਮਾਰਗ ਦੇ ਸੰਪਾਦਕ ਨੇ ਇਸ ਪੱਤਰ ਦੇ ਅਖੀਰ ’ਤੇ ਇਹ ਸੰਪਾਦਕੀ ਨੋਟ ਵੀ ਲਿਖਿਆ:- ਤੱਤ ਗੁਰਮਤਿ ਵਾਲਿਆˆ ਨੂੰ ਬੇਨਤੀ ਹੈ ਕਿ ਕਿਰਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਕਰ ਲੈਣੀ ਅਤੇ ਜਾˆ ਫਿਰ ਆਪਣੀ ਸਾਈਟ ਤੇ ਕੋਈ ਸਪਸ਼ਟੀ-ਕਰਨ ਪਾ ਦੇਣ। ਤੁਸੀਂ ਅੱਜ ਤੱਕ ਨਾ ਹੀ ਉਸ ਦਾ ਸਪਸ਼ਟੀਕਰਨ ਆਪਣੀ ਸਾਈਟ ’ਤੇ ਪਾਇਆ, ਅਤੇ ਨਾ ਹੀ ਇਸ ਸਬੰਧੀ ਕਿਰਪਾਲ ਸਿੰਘ ਜੀ ਨਾਲ ਫ਼ੋਨ ’ਤੇ ਕੋਈ ਗੱਲਬਾਤ ਕੀਤੀ ਅਤੇ ਨਾ ਹੀ ਤੁਹਾਡੇ ਪੱਤਰ ਦੇ ਜਵਾਬ ਵਿੱਚ ਕਿਰਪਾਲ ਸਿੰਘ ਜੀ ਵਲੋਂ ਲਿਖਿਆ ਗਿਆ ਉਹ ਪੱਤਰ ਤੁਸੀਂ ਆਪਣੀ ਸਾਈਟ ’ਤੇ ਹੀ ਪਾਇਆ। ਫਿਰ ਤਹਾਨੂੰ ਕੀ ਅਧਿਕਾਰ ਹੈ, ਕਿ ਅਖੌਤੀ ਦਸਮ ਗ੍ਰੰਥ ਦੀਆਂ ਜਿਹੜੀਆਂ ਰਚਨਾਵਾਂ ਸਬੰਧੀ ਕਿਰਪਾਲ ਸਿੰਘ ਨੇ ਕਦੀ ਆਪਣੇ ਵੀਚਾਰ ਪ੍ਰਗਟ ਹੀ ਨਹੀਂ ਕੀਤੇ, ਉਸ ਸਬੰਧੀ ਉਨ੍ਹਾਂ ਤੋਂ ਜਵਾਬ ਮੰਗ ਕੇ ਉਸਾਰੂ ਪੰਥਕ ਕਾਰਜ ਵਿੱਚ ਰੁੱਝੇ ਕਿਰਪਾਲ ਸਿੰਘ ਜੀ ਦਾ ਧਿਆਨ, ਉਸ ਪਾਸੇ ਤੋਂ ਹਟਾ ਕੇ ਆਪਣੇ ਨਾਲ ਫ਼ਜੂਲ ਦੇ ਵਿਵਾਦ ਵਿੱਚ ਉਲਝਾ ਕੇ ਜਾਗ੍ਰਤ ਧਿਰਾਂ ਵਿੱਚ ਦੂਰੀਆਂ ਵਧਾਉਣ ਦਾ ਕੰਮ ਕਰੋ?

  3. ਅਖੌਤੀ ਦਸਮ ਗ੍ਰੰਥ ਅਤੇ ਰਾਗਮਾਲਾ ਦੇ ਸਮਰਥਕ ਸੱਚ ਕੀ ਬੇਲਾ ਵਲੋਂ ਜਾਗਰੂਕ ਸਿੱਖਾਂ ਨੂੰ ਚੁਣੌਤੀ ਦੇਣ ਵਾਲੇ ਲਿਖੇ ਲੇਖ 'ਵਾਹ! ਖ਼ਾਲਸਾ ਜੀ ਵਾਹ- ਵਿਰੋਧੀਆˆ ਦੇ ਪਾੜੇ ਵਿੱਚ ਪਾਈਆˆ ਭਾਜੜਾˆ, ਲਵਾਤੀ ਗੋਡੀ’ ਦਾ ਕਿਰਪਾਲ ਸਿੰਘ ਜੀ ਨੇ ਢੁਕਵਾਂ ਜਵਾਬ ਦੇ ਕੇ ਉਨ੍ਹਾਂ ਨੂੰ ਨਿਰਉੱਤਰ ਕਰ ਦਿਤਾ। ਉਨ੍ਹਾਂ ਦਾ ਇਹ ਲੇਖ ਹੋਰਨਾਂ ਪੰਥਕ ਸਾਈਟਾਂ ਤੋਂ ਇਲਾਵਾ ਸ਼ਾਇਦ ਤੁਹਾਡੀ ਸਾਈਟ ’ਤੇ ਵੀ ਪਾਇਆ ਗਿਆ ਸੀ। ਇਸ ਲੇਖ ਵਿੱਚ ਕਿਰਪਾਲ ਸਿੰਘ ਜੀ ਦੀ ਦਸਮ ਗ੍ਰੰਥ ਸਬੰਧੀ ਪਹੁੰਚ ਬਿਲਕੁਲ ਸਪਸ਼ਟ ਨਜ਼ਰ ਆਉਂਦੀ ਹੈ। ਇਹ ਪੜ੍ਹਨ ਪਿਛੋਂ ਕਿਸੇ ਜਾਗਰੂਕ ਸਿੱਖ ਨੂੰ ਕਿਰਪਾਲ ਸਿੰਘ ਤੋਂ ਕੋਈ ਸਪਸ਼ਟੀਕਰਨ ਮੰਗਣ ਦੀ ਜਰੂਰਤ ਨਹੀਂ ਹੋਣੀ ਚਾਹੀਦੀ, ਪਰ ਲਗਦਾ ਹੈ ਕਿ ਤੁਹਾਨੂੰ ਅਜੇਹੇ ਲੇਖ ਪੜ੍ਹਨ ਜਾਂ ਦਸਮ ਗ੍ਰੰਥੀਆਂ ਦੀ ਚੁਣੌਤੀ ਦਾ ਜਵਾਬ ਦੇਣ ਦਾ ਸਮਾਂ ਹੀ ਨਹੀਂ ਮਿਲਦਾ, ਕਿਉਂਕਿ ਤੁਸੀਂ ਆਪਣੀ ਹੀ ਹਮਸਫਰ ਧਿਰ ਤੋਂ ਸਪਸ਼ਟੀਕਰਨ ਮੰਗਣ ਅਤੇ ਸਵਾਲ ਪੁੱਛਣ ਵਿੱਚ ਕਾਫੀ ਮਸ਼ਰੂਫ ਰਹਿੰਦੇ ਹੋ?

  4. ਸ਼ਾਇਦ ਤੁਹਾਡੇ ਪਰਿਵਾਰ ਦੇ ਹੀ ਇੱਕ ਮੈਂਬਰ ਸੁਖਵਿੰਦਰ ਸਿੰਘ ਜੀ ਆਸਟ੍ਰੇਲੀਆ ਕਿਰਪਾਲ ਸਿੰਘ ਜੀ ਨੂੰ ਲਿਖ ਰਹੇ ਹਨ: (1) ਦਸਮ ਗ੍ਰੰਥ ਦਾ ਪ੍ਰਕਾਸ਼ ਬੰਦ ਕਰਵਾਉਣਾ ਪਹਿਲਾˆ ਕਿਉˆ ਜ਼ਰੂਰੀ ਹੈ? ਜਦਕਿ ਪ੍ਰਕਾਸ਼ ਵੱਧ ਤੋˆ ਵੱਧ 10 ਜਾˆ 15 ਥਾਵਾˆ ’ਤੇ ਹੋ ਰਿਹਾ ਹੈ। ਉਨ੍ਹਾˆ ਵਿਚ ਜ਼ਿਆਦਾਤਰ ਨਿਜੀ ਸੰਸਥਾਵਾˆ ਹਨ। ਜਦਕਿ ਘੱਟ ਤੋਂ ਘੱਟ 20 ਲੱਖ ਤੋਂ ਵੀ ਉੱਪਰ ਸਿੱਖ ਨਿਤਨੇਮ ਰਾਹੀˆ ਇਸ ਗ੍ਰੰਥ ਵਿਚੋˆ ਰਚਨਾਵਾˆ ਪੜ੍ਹ ਕੇ “ਸਤਿਗੁਰ ਬਿਨਾˆ ਹੋਰ ਕੱਚੀ ਹੈ ਬਾਣੀ” ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ। ਫੇਰ ਕੀ ਇਨ੍ਹਾˆ 15 ਥਾਵਾˆ ਤੋˆ ਪ੍ਰਕਾਸ਼ ਬੰਦ ਕਰਵਾਉਣਾ ਜ਼ਰੂਰੀ ਹੈ ਜਾˆ 20 ਲੱਖ ਤੋˆ ਵੀ ਜ਼ਿਆਦਾ ਲੋਕਾˆ ਨੂੰ ਸਹੀ ਰਾਹ ਦਿਖਾਉਣਾ? (3) ਆਪ ਜੀ ਜਾˆ ਹੋਰ ਕੂੜ ਗ੍ਰੰਥ ਦਾ ਪ੍ਰਕਾਸ਼ ਬੰਦ ਕਰਵਾਉਣ ਲਈ ਰਹਿਤ ਮਰਿਯਾਦਾ ਨੂੰ ਅਸ ਠੋਲ ਜਾˆ ਹਥਿਆਰ ਵਰਤਣਾ ਚਾਹੁੰਦੇ ਹੋ, ਜਦਕਿ ਇਸ ਰਹਿਤ ਮਰਿਯਾਦਾ ਵਿਚ ਹੀ ਪਹਿਲਾˆ ਸੁਧਾਰ ਦੀ ਲੋੜ ਹੈ। ਨਿਕੰਮੇ ਹਥਿਆਰ ਨਾਲ ਜੰਗ ਜਿੱਤਣੀ ਅਤੇ ਗਲਤ ਠੋਲ ਨਾਲ ਕੋਈ ਵਿਗੜੀ ਚੀਜ਼ ਠੀਕ ਕਰ ਲੈਣਾ ਨਾਮੁੰਮਕਿਨ ਹੈ। ਇਸ ਲਈ ਕੀ ਪਹਿਲਾˆ ਇਸ ਰਹਿਤ ਮਰਿਯਾਦਾ ਨੂੰ ਗੁਰਮਤਿ ਅਨੁਸਾਰ ਸਹੀ ਕਰਨ ਦਾ ਸੁਝਾਅ ਦੇਣਾ ਗਲਤ ਹੈ।

ਲਗਦਾ ਹੈ ਕਿ ਤੁਹਾਡੀ ਜਾਣਕਾਰੀ ਕੁੱਝ ਅਧੂਰੀ ਹੈ। ਤੁਹਾਨੂੰ ਨਹੀਂ ਪਤਾ ਕਿ ਸਿੱਖਾਂ ਦੇ ਦੋ ਤਖ਼ਤਾਂ ਸਮੇਤ ਦੱਖਣੀ ਤੇ ਪੂਰਬੀ ਭਾਰਤ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਬਹੁ ਗਿਣਤੀ ਗੁਰਦੁਆਰਿਆਂ ਵਿੱਚ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਹੋ ਰਿਹਾ ਹੈ, ਤੇ ਜਿਸ ਤਰ੍ਹਾਂ ਅਕਾਲ ਤਖ਼ਤ ਦਾ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਸਮ ਗ੍ਰੰਥ ਦੇ ਹੱਕ ਵਿੱਚ ਬੋਲ ਰਿਹਾ ਹੈ, ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਏਕਤਾ ਦੇ ਨਾਮ ’ਤੇ ਸਿੱਖ ਰਹਿਤ ਮਰਿਆਦਾ ਵਿੱਚ ਸੋਧਾਂ ਦੀ ਗੱਲ ਕਰ ਰਿਹਾ, ਇਸ ਤੋਂ ਬਹੁਤ ਵੱਡੀ ਸੰਭਾਵਨਾ ਹੈ, ਕਿ ਜਿਸ ਤਰ੍ਹਾਂ ਏਕਤਾ ਦਾ ਨਾਮ ਦੇ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਗਿਆ ਹੈ, ਉਸੇ ਤਰ੍ਹਾਂ ਸਿੱਖ ਰਹਿਤ ਮਰਿਆਦਾ ਵਿੱਚ ਵੀ ਸੋਧਾਂ ਕਰਕੇ ਛੇਤੀ ਹੀ ਪੰਜਾਬ ਦੇ ਤਿੰਨੇ ਤਖ਼ਤਾਂ ’ਤੇ ਵੀ ਇਸ ਦਾ ਅੰਧਕਾਰ ਕੀਤਾ ਜਾ ਸਕਦਾ ਹੈ। ਜਿੰਨਾਂ ਚਿਰ ਬਹੁ ਗਿਣਤੀ ਸਿੱਖਾਂ ਦੇ ਦਿਲਾਂ ਵਿੱਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਗੁਰੂ ਕ੍ਰਿਤ ਮੰਨ ਕੇ ਇਸ ਨੂੰ ਗੁਰੂ ਦਾ ਦਰਜ਼ਾ ਦਿੱਤਾ ਜਾਂਦਾ ਰਹੇਗਾ, ਉਤਨੀ ਦੇਰ ਇਸ ਦੀ ਪੰਥਕ ਤੌਰ ’ਤੇ ਪੜਚੋਲ ਕਰਨੀ ਸੰਭਵ ਨਹੀਂ। ਕਿਉਂਕਿ ਲੱਖਾਂ ਸਿੱਖ ਹਰ ਰੋਜ਼ ਅਨਭੋਲਤਾ ਕਾਰਣ, ਦੇਸ਼ਾਂ ਵਿਦੇਸ਼ਾਂ ਤੋਂ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਜਾ ਕੇ, ਇਸੇ ਗ੍ਰੰਥ ਨੂੰ ਨਤਮਸਤਕ ਹੋ ਰਹੇ ਹਨ। ਜਿਨਾਂ ਚਿਰ ਨਾਟਕ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਸਤਿਕਾਰਿਆ ਜਾਂਦਾ ਰਹੇਗਾ, ਉਨ੍ਹਾਂ ਚਿਰ ਸਿਖਾਂ ਨੂੰ ਇਸ ਵਿੱਚ ਦਰਜ਼ ਬਾਣੀਆਂ ਪੜ੍ਹਨ ਤੋਂ ਰੋਕਣਾ ਸੰਭਵ ਹੀ ਨਹੀਂ ਹੈ, ਪਰ ਜਿਨ੍ਹਾਂ ਨੂੰ ਸੋਝੀ ਆ ਰਹੀ ਹੈ, ਉਹ ਆਪਣੇ ਆਪ ਹਟ ਰਹੇ ਹਨ। ਇਸ ਹਾਲਤ ਵਿੱਚ ਅਖੌਤੀ ਨਾਟਕ ਗ੍ਰੰਥ ਦੀ ਗੁਰੂ ਦੇ ਬਰਾਬਰ ਲੱਗੀ ਮੰਜੀ ਚੁਕਵਾਉਣਾ ਸੌਖਾ ਕੰਮ ਨਹੀਂ ਹੈ, ਪਰ ਤੁਸੀਂ ਪਤਾ ਨਹੀਂ ਇਸ ਨੂੰ ਛੋਟਾ ਜਿਹਾ ਕੰਮ ਦੱਸ ਕੇ ਕਿਉਂ ਛੁਟਿਆ ਰਹੇ ਹੋ? ਕੀ ਤੁਸੀਂ ਸਮਝਦੇ ਹੋ ਕਿ ਜੇ ਹੁਣ ਸਿੱਖ ਰਹਿਤ ਮਰਿਆਦਾ ਸੋਧੀ ਗਈ ਤਾਂ ਇਹ ਗੁਰੂ ਗ੍ਰੰਥ ਸਾਹਿਬ ਅਨੁਸਾਰੀ ਹੋਵੇਗੀ? ਮੇਰੇ ਵੀਰ ਜੀ ਯਾਦ ਰੱਖੋ ਕਿ ਜੇ ਹੁਣੇ ਸਿੱਖ ਰਹਿਤ ਮਰਿਆਦਾ ਸੋਧਣ ਤੁਰ ਪਏ, ਤਾਂ ਇਸ ਦੀ ਸੋਧ ਨਾਨਕਸ਼ਾਹੀ ਕੈਲੰਡਰ ਦੀ ਸੋਧ ਵਰਗੀ ਸਾਬਤ ਹੋਵੇਗੀ।

  1.  ਉਹ ਅੱਗੇ ਲਿਖ ਰਹੇ ਹਨ: ’(2) ਤੱਤ ਗੁਰਮਤਿ ਪਰਿਵਾਰ ਨੇ ਕਦੀ ਵੀ ਸਿਧਾˆਤਵਾਦੀ ਹੋਣ ਦਾ ਦਾਅਵਾ ਨਹੀˆ ਕੀਤਾ, ਸਿਰਫ ਸਿਧਾˆਤਾˆ ਨੂੰ ਪ੍ਰੋਢਤਾ ਦੇਣ ਦੀ ਗੱਲ ਕੀਤੀ ਹੈ। ਫੇਰ ਇਹ ਇਲਜ਼ਾਮ ਕਿਸ ਅਧਾਰ 'ਤੇ ਹੈ? (4) ਤੱਤ ਗੁਰਮਤਿ ਪਰਿਵਾਰ ਨੇ ਨਾ ਹੀ ਜੋਗਿੰਦਰ ਸਿੰਘ ਜਾˆ ਪ੍ਰੋ. ਦਰਸ਼ਨ ਸਿੰਘ ਜੀ ਨੂੰ ਕਿਤੇ ਗਲਤ ਕਿਹਾ ਹੈ, ਅਤੇ ਨਾ ਹੀ ਕਦੇ ਇਹ ਕਿਹਾ ਕਿ ਪਰਿਵਾਰ ਕਿਸੇ ਦੇ ਨਾਲ ਹੈ ਜਾˆ ਕਿਸੇ ਦੇ ਖਿਲਾਫ ਹੈ, ਇਸ ਲਈ ਇਹ ਇਲਜ਼ਾਮ ਬੇਬੁਨਿਆਦ ਹੈ। ਜੋ ਸਿਧਾਤਾˆ ਅਨੁਸਾਰ ਠੀਕ ਨਹੀˆ ਪਰਿਵਾਰ ਉਸ ਨਾਲ ਸਹਿਮਤ ਨਹੀˆ ਹੈ। ਜੇ ਪਰਿਵਾਰ ਦੇ ਮੈਂਬਰ ਹਰ ਤੀਜੇ ਦਿਨ ਪ੍ਰੋ: ਦਰਸ਼ਨ ਸਿੰਘ ਜੀ ਵਰਗੀ ਵਿਦਵਾਨ ਸਖ਼ਸ਼ੀਅਤ ਨੂੰ ਦੁਬਿਧਾ ਵਿੱਚ ਹੋਣ ਦਾ ਸਰਟੀਫ਼ਿਕੇਟ ਜਾਰੀ ਕਰਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਸਿਧਾਂਤ ਨੂੰ ਛੱਡ ਕੇ ਬੰਦਾ ਪੂਜਕ ਹੋਣ ਦੇ ਇਲਜ਼ਾਮ ਲਗਉਣਾ, ਕੀ ਇਹ ਪਰਿਵਾਰ ਦਾ ਸਿਧਾਂਤਵਾਦੀ ਹੋਣ ਦਾ ਦਾਅਵਾ ਨਹੀਂ ਹੈ? ਕੀ ਪਰਿਵਾਰ ਦੋਵਾਂ ਧਿਰਾਂ ਨੂੰ ਗਲਤ ਸਾਬਤ ਨਹੀਂ ਕਰ ਰਿਹਾ? ਬਾਕੀ ਇਹ ਸੱਚ ਹੈ ਕਿ ਪਰਿਵਾਰ ਕਿਸੇ ਨਾਲ ਵੀ ਨਹੀਂ ਹੈ, ਅਤੇ ਨਾ ਹੀ ਕਿਸੇ ਨਾਲ ਚੱਲ ਸਕਦਾ ਹੈ ਇਸ ਸੱਭ ਦੇ ਬਾਵਜ਼ੂਦ ਪਰਿਵਾਰ ਮੁਫ਼ਤ ਦੀਆਂ ਸਲਾਹਾਂ ਦੇਣ ਤੋਂ ਹਟ ਵੀ ਨਹੀਂ ਸਕਦਾ।
  2. ਸੁਖਵਿੰਦਰ ਸਿੰਘ ਦਾ ਅਗਲਾ ਸਵਾਲ ਹੈ: (5) ਨਾਨਕ ਸਰੂਪਾˆ ਨੂੰ ਭਗਤਾˆ ਨਾਲ ਤੁਲਨਾ ਕਰਕੇ, ਭਗਤਾˆ ਨੂੰ ਘੱਟ ਕਾਮਯਾਬ ਦਿਖਾਉਣਾ ਕਿਸ ਅਧਾਰ ਦੀ ਗੱਲ ਹੈ? ਨਾਨਕ ਸਰੂਪਾˆ ਜਾˆ ਭਗਤਾˆ ਨੇ ਜ਼ਬਰਦਸਤੀ ਕਿਸੇ ਦਾ ਪਾਖੰਡ ਬੰਦ ਨਹੀਂ ਕਰਵਾਇਆ, ਸਿਰਫ ਸੱਚ ਸਾਹਮਣੇ ਰਖਿਆ ਸੀ। ਜਿਹੜੇ ਸਮਝਦਾਰ ਲੋਕ ਸਨ, ਉਨ੍ਹਾˆ ਨੇ ਸੱਚ ਸਵੀਕਾਰ ਕਰ ਲਿਆ ਅਤੇ ਜੋ ਨਾਸਮਝ ਸਨ, ਉਨ੍ਹਾˆ ਨੇ ਉਦੋਂ ਵੀ ਪਾਖੰਡ ਬੰਦ ਨਹੀਂ ਕੀਤਾ ਸੀ ਤੇ ਅੱਜ ਵੀ ਬੰਦ ਨਹੀਂ ਕਰ ਰਹੇ। ਇਹ ਨਾ ਤਾˆ ਨਾਨਕ ਸਰੂਪਾˆ ਦੀ ਘੱਟ ਕਾਮਯਾਬੀ ਹੈ ਅਤੇ ਨਾ ਹੀ ਭਗਤਾˆ ਦੀ। ਅੱਜ ਵੀ ਸੱਚ ਨੂੰ ਸਾਹਮਣੇ ਰੱਖਣ ਦੀ ਲੋੜ ਹੈ। ਸੱਚ ਸੰਪੂਰਨ ਹੁੰਦਾ ਹੈ, ਹਿੱਸਿਆˆ ਵਿਚ ਨਹੀˆ ਵੰਡਿਆ ਹੁੰਦਾ ਕਿ ਪਹਿਲਾˆ ਥੋੜਾ ਸੱਚ ਪੇਸ਼ ਕਰ ਲਈਏ ਫੇਰ ਥੋੜਾ ਹੋਰ ਸੱਚ ਪੇਸ਼ ਕਰਾˆਗੇ, ਉਸ ਤੋˆ ਬਾਅਦ ਹੋਰ, ਫੇਰ ਹੋਰ। ਕੀ ਇਹ ਇਤਿਹਾਸਕ ਸਚਾਈ ਨਹੀਂ ਹੈ ਕਿ ਗੁਰੂ ਸਾਹਿਬਾਨ ਵਲੋਂ 239 ਸਾਲਾਂ ਦੀ ਘੜੀ ਲੰਬੀ ਵਿਉਂਤਬੰਦ ਨੀਤੀ ਅਤੇ ਜਥੇਬੰਦਕ ਢਾਂਚੇ ਕਾਰਣ ਸਿੱਖ ਲਹਿਰ ਨੇ ਜੋ ਇਤਿਹਾਸ ਰਚਿਆ ਅੱਜ ਤੱਕ ਹੋਰ ਕੋਈ ਨਹੀਂ ਰਚ ਸਕਿਆ। ਇਹ ਸੱਚ ਹੈ ਕਿ ਸੱਚ ਸੰਪੂਰਨ ਹੁੰਦਾ ਹੈ ਹਿੱਸਿਆਂ ਵਿਚ ਨਹੀਂ ਵੰਡਿਆ ਹੁੰਦਾ ਪਰ ਇਹ ਦੱਸੋ ਕਿ ਗੁਰੂ ਨਾਨਕ ਸਾਹਿਬ ਨੇ ਪਹਿਲੇ ਹੀ ਦਿਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਕੇ ਉਸ ਨੂੰ ਗੁਰਗੱਦੀ ਕਿਉਂ ਨਹੀਂ ਦੇ ਦਿੱਤੀ? ਉਸੇ ਹੀ ਦਿਨ ਖੰਡੇ ਬਾਟੇ ਦੀ ਪਹੁਲ ਛਕਾ ਕੇ ਖ਼ਾਲਸਾ ਅਕਾਲ ਪੁਰਖ਼ ਕੀ ਫ਼ੌਜ ਕਿਉਂ ਨਹੀਂ ਬਣਾ ਦਿੱਤੀ? (ਤੁਹਾਡੇ ਅਨੁਸਾਰ) ਇਸ ਛੋਟੇ ਜਿਹੇ ਕੰਮ ਲਈ ਉਨ੍ਹਾਂ 239 ਸਾਲ ਕਿਉਂ ਲਗਾਏ? ਉਨ੍ਹਾਂ ਦੇ ਦੋ ਸਰੂਪਾਂ ਨੂੰ ਸ਼ਹੀਦੀਆਂ ਕਿਉਂ ਦੇਣੀਆਂ ਪਈਆਂ?

ਵੀਰ ਜੀ ਸੱਚ ਨੂੰ ਸਿਰਫ ਤੁਸੀਂ ਹੀ ਸਾਹਮਣੇ ਨਹੀਂ ਰੱਖਿਆ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 542 ਸਾਲ ਪਹਿਲਾਂ ਹੀ ਰੱਖ ਦਿੱਤਾ ਸੀ ਆਪਣੇ 10 ਜਾਮਿਆਂ ਵਿੱਚ 239 ਸਾਲ ਇਸ ਦੁਨੀਆਂ ਵਿੱਚ ਵਿਚਰ ਕੇ ਘਾਲਣਾ ਘਾਲਦੇ ਹੋਏ ਸੱਚ ਨੂੰ ਲਾਗੂ ਵੀ ਕਰ ਦਿੱਤਾ ਸੀ। ਪਰ ਅੱਜ ਹਾਲਾਤ ਗੁਰੂ ਨਾਨਕ ਸਾਹਿਬ ਦੇ ਸਮੇ ਨਾਲੋਂ ਵੀ ਬਦਤਰ ਹਨ। ਉਹ ਤਾਂ ਜੋਗੀਆਂ ਦੀਆਂ ਗੁਫ਼ਾਵਾਂ, ਹਿੰਦੂਆਂ ਦੇ ਮੰਦਰ, ਮੁਸਲਮਾਨਾਂ ਦੇ ਮੱਕੇ ਆਦਿ ਹਰ ਥਾਂ ਸੱਚ ਸੁਣਾ ਆਏ ਅਤੇ ਉਨ੍ਹਾਂ ਨੇ ਵੀ ਬੜੇ ਧਿਆਨ ਨਾਲ ਉਨ੍ਹਾਂ ਦੀ ਗੱਲ ਨੂੰ ਸੁਣਿਆ ਤੇ ਉਨ੍ਹਾਂ ਵਿਚੋਂ ਬਹੁ ਗਿਣਤੀ ਨੇ ਗੁਰੂ ਨਾਨਕ ਸਾਹਿਬ ਵਲੋਂ ਦੱਸੇ ਸੱਚ ਨੂੰ ਅਪਣਾਇਆ ਵੀ। ਕੌਡੇ ਭੀਲ ਅਤੇ ਸੱਜਣ ਠੱਗ ਵਰਗੇ ਬੰਦਿਆਂ ਨੂੰ ਸਿਰਫ ਸੱਚ ਸੁਣਾਇਆ ਹੀ ਨਹੀਂ ਬਲਕਿ ਸੱਚ ਦੇ ਪਾਂਧੀ ਬਣਾ ਕੇ ਉਨ੍ਹਾਂ ਨੂੰ ਪ੍ਰਚਾਰਕ ਵੀ ਥਾਪਿਆ। ਕੀ ਅੱਜ ਤੁਹਾਡੇ ਵਿੱਚ ਇਹ ਹਿੰਮਤ ਹੈ ਕਿ ਤੁਸੀਂ ਹੋਰਨਾਂ ਧਰਮਾਂ ਦੀ ਤਾਂ ਗੱਲ ਹੀ ਛੱਡੋ ਆਪਣੇ ਹੀ ਗੁਰਦੁਆਰਿਆਂ ਵਿੱਚ ਜਾ ਕੇ ਸੱਚ ਸਾਹਮਣੇ ਰੱਖ ਸਕਦੇ ਹੋ? ਜੇ ਪ੍ਰੋ: ਦਰਸ਼ਨ ਸਿੰਘ ਜੀ ਵਿੱਚ ਇਹ ਸਮਰੱਥਾ ਹੈ, ਤਾਂ ਜਿੰਨਾਂ ਜੋਰ ਤੁਸੀਂ ਉਨ੍ਹਾਂ ਨੂੰ ਕੋਸਣ ’ਤੇ ਲਾਇਆ ਹੈ, ਇਤਨਾ ਸ਼ਾਇਦ ਦਸਮ ਗ੍ਰੰਥੀਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਵਾਲੇ ਸੌਦਾ ਸੰਪਾਦਕ ਨੂੰ ਕੋਸਣ ਵਾਸਤੇ ਨਹੀਂ ਲਾਇਆ। ਕੀ ਗੁਰਦੁਆਰਿਆਂ ਨੂੰ ਅੱਜ ਦੇ ਮਸੰਦਾਂ ਤੋਂ ਆਜ਼ਾਦ ਕਰਵਾਉਣ ਅਤੇ ਸਿੱਖ ਰਹਿਤ ਮਰਿਆਦਾ ਨੂੰ ਗੁਰਮਤਿ ਅਨੁਸਾਰੀ ਸੋਧਣ ਲਈ ਤੁਹਾਡੇ ਕੋਲ ਕੋਈ ਰੂਪ ਰੇਖਾ ਹੈ? ਜੇ ਨਹੀਂ ਤਾਂ ਕ੍ਰਿਪਾ ਕਰਕੇ ਦੂਸਰਿਆਂ ਨੂੰ ਅਣਮੰਗੀਆਂ ਸਲਾਹਾਂ ਦੇਣ ਤੋਂ ਥੋੜ੍ਹਾ ਜਿਹਾ ਸਾਹ ਲੈ ਕੇ ਇਸ ਪਾਸੇ ਵੀ ਸੋਚਨ ਦਾ ਯਤਨ ਕਰੋ ਜੀ।

  1. ਸੁਖਵਿੰਦਰ ਸਿੰਘ ਜੀ ਦਾ ਅਗਲਾ ਸਵਾਲ ਹੈ: (6) ਕੀ ਕਿਸੇ ਨੂੰ ਸੁਝਾਅ ਦੇਣਾ ਵੀ ਕੋਈ ਗਲਤ ਗੱਲ ਹੈ ? ਪਰਿਵਾਰ ਇਹ ਸਮਝਦਾ ਹੈ ਕਿ ਬੇਸ਼ਕ ਜੋਗਿੰਦਰ ਸਿੰਘ ਜਾˆ ਉਸ ਦੇ ਅੰਨ੍ਹੇ ਸਮਰਥਕ ਬਹੁਤ ਦੂਰ ਜਾ ਚੱਕੇ ਹਨ ਪਰ ਉਨ੍ਹਾˆ ਨੂੰ ਸੱਚ ਗੱਲ ਦੱਸਣਾ ਅੱਜ ਵੀ ਕੋਈ ਗੁਨਾਹ ਨਹੀˆ ਹੈ।  ਸੁਝਾਅ ਦੇਣਾ ਕੋਈ ਗਲਤ ਨਹੀਂ ਬਸ਼ਰਤੇ ਕਿ ਸੁਝਾਅ ਦੇਣ ਵਾਲਾ ਆਪਣੇ ਸੁਝਾਅ ’ਤੇ ਖ਼ੁਦ ਅਮਲ ਕਰੇ। ਤੁਸੀਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਦੁਬਿਧਾ ਛੱਡ ਕੇ, ਉਸ ਜੋਗਿੰਦਰ ਸਿੰਘ ਜੀ ਨਾਲ ਏਕਤਾ ਕਰਨ ਦੀਆਂ ਸਲਾਹਾਂ ਦੇ ਰਹੇ ਹੋ, ਜਿਹੜੇ ਗੁਰੂ ਨਾਨਕ ਦੇ ਮਗਰਲੇ ਸਰੂਪਾਂ ਤੇ ਭਗਤਾਂ ਦੀ ਬਾਣੀ ਨੂੰ ਰੱਦ ਕਰ ਰਹੇ ਹਨ, ਗੁਰੂ ਨਾਨਕ ਦੀ ਅਸਲੀ ਬਾਣੀ ਨੂੰ ਸਾੜ ਦਿੱਤੀ ਲਿਖ ਰਹੇ ਹਨ, ਇਹ ਲਿਖ ਰਹੇ ਹਨ ਕਿ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੀ ਨਹੀਂ ਹੈ, 1708 ਵਿਚ ਗੁਰੂ ਗੋਬਿੰਦ ਸਿੰਘ ਨੇ ਗੁਰਿਆਈ ਗ੍ਰੰਥ ਨੂੰ ਨਹੀਂ ਪੰਥ ਨੂੰ ਦਿੱਤੀ ਸੀ। ਜੋਗਿੰਦਰ ਸਿੰਘ ਜੀ ਦੇ ਅੰਨ੍ਹੇ ਸਮਰਥਕ ਤਾਂ ਉਨ੍ਹਾਂ ਨੂੰ ਸਮਝਾਉਣ ਤੋਂ ਅਸਮਰਥ ਹਨ, ਪਰ ਤੁਸੀਂ ਤਾਂ ਉਨ੍ਹਾਂ ਦੇ ਸੁਜਾਖੇ ਸਮਰਥਕ ਰਹੇ ਹੋ, ਤੁਸੀਂ ਉਨ੍ਹਾਂ ਨੂੰ ਕਿਉਂ ਨਹੀਂ ਸਮਝਾ ਸਕੇ? ਜੇ ਉਹ ਤੁਹਾਥੋਂ ਨਹੀਂ ਸਮਝੇ, ਤਾਂ ਤੁਸੀਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਇਸ ਦੇ ਦੋਸ਼ੀ ਕਿਉਂ ਠਹਿਰਾਅ ਰਹੇ ਹੋ, ਕਿ ਉਹ ਐਲਾਨੀਆਂ ਤੌਰ ’ਤੇ ਦਸਮ ਗ੍ਰੰਥ ਨੂੰ ਰੱਦ ਨਹੀਂ ਕਰ ਰਹੇ, ਜਿਸ ਕਾਰਣ ਜਾਗਰੂਕ ਸਿੱਖਾਂ ਦੀ ਏਕਤਾ ਹੋਣ ਵਿੱਚ ਰੁਕਾਵਟ ਪੈ ਰਹੀ ਹੈ। ਜੋਗਿੰਦਰ ਸਿੰਘ ਜੀ ਜਾˆ ਉਨ੍ਹਾਂ ਦੇ ਅੰਨ੍ਹੇ ਸਮਰਥਕਾˆ ਨੂੰ ਸੱਚ ਗੱਲ ਦੱਸਣਾ ਕੋਈ ਗੁਨਾਹ ਨਹੀਂ ਹੈ, ਪਰ ਜੇ ਇਹੀ ਸੱਚ ਕਿਰਪਾਲ ਸਿੰਘ ਜੀ ਉਨ੍ਹਾਂ ਨੂੰ ਦੱਸ ਰਹੇ ਹਨ ਤਾਂ ਤੁਸੀਂ ਉਨ੍ਹਾਂ ’ਤੇ ਇਲਜ਼ਾਮ ਲਾ ਰਹੇ ਹੋ ਕਿ ਉਹ ਜੋਗਿੰਦਰ ਸਿੰਘ ਜੀ ਤੇ ਉਸ ਦੇ ਸਮਰਥਕਾਂ ਨੂੰ ਨੀਚਾ ਵਿਖਾਉਣ ਵਿੱਚ ਲੱਗੇ ਹੋਏ ਹਨ।

  2. ਸੁਖਵਿੰਦਰ ਸਿੰਘ ਜੀ ਦਾ ਅਗਲਾ ਸਵਾਲ ਹੈ: (7) ਇਕ ਪਾਸੇ ਤੁਸੀˆ ਪਰਿਵਾਰ ਨੂੰ ਮਕੱੜ ਅਤੇ ਉਸ ਦੇ ਸਾਥੀਆˆ ਨੂੰ ਸਲਾਹ ਦੇਣ ਦੀ ਮੱਤ ਦੇ ਰਹੇ ਹੋ ਅਤੇ ਦੂਜੇ ਪਾਸੇ ਪਰਿਵਾਰ ਨੂੰ ਭੁਲੇਖੇ ਵਿਚ ਪਿਆ ਹੋਇਆ ਦੱਸ ਰਹੇ ਹੋ। ਜੇ ਪਰਿਵਾਰ ਆਪ ਜੀ ਅਨੁਸਾਰ ਭੁਲੇਖੇ ਵਿਚ ਹੈ ਤਾˆ ਫਿਰ ਕੋਈ ਸਲਾਹ ਕਿਵੇˆ ਦੇ ਸਕਦਾ ਹੈ?  ਤੁਹਾਨੂੰ ਮੱਕੜ ਅਤੇ ਉਸ ਦੇ ਸਾਥੀਆਂ ਨੂੰ ਸਲਾਹ ਦੇਣ ਦੀ ਮੱਤ ਇਹ ਉਮੀਦ ਕਰਕੇ ਦਿੱਤੀ ਸੀ, ਕਿ ਸ਼ਾਇਦ ਤੁਹਾਨੂੰ ਉਹ ਹੀ ਸਮਝਾ ਦੇਣ ਕਿ ਤੁਸੀਂ ਭੁਲੇਖੇ ਵਿੱਚ ਹੋ ਪ੍ਰੋ: ਦਰਸ਼ਨ ਸਿੰਘ ਜੀ ਸਾਰੇ ਦੇ ਸਾਰੇ ਦਸਮ ਗ੍ਰੰਥ ਨੂੰ ਰੱਦ ਕਰ ਰਹੇ ਹਨ। ਮੈਨੂੰ ਵੀ ੳਮੀਦ ਹੈ ਕਿ ਜੇ ਤੁਸੀਂ ਉਨ੍ਹਾਂ ਨੂੰ ਸਲਾਹ ਦੇਣ ਚਲੇ ਜਾਵੋ, ਤਾਂ ਤੁਹਾਡੇ ਵਿਚੋਂ ਇੱਕ ਦਾ ਭੁਲੇਖਾ ਜਰੂਰ ਦੂਰ ਹੋ ਜਾਵੇਗਾ, ਜਿਸ ਨਾਲ ਪੰਥ ਦਾ ਕੁੱਝ ਭਲਾ ਹੋ ਸਕਦਾ ਹੈ, ਪਰ ਮਹਿਸੂਸ ਹੁੰਦਾ ਹੈ ਕਿ ਤੁਸੀਂ ਇਹ ਸ਼ੁਭ ਕਰਮ ਵੀ ਨਹੀਂ ਕਰ ਸਕਣਾ, ਕਿਉਂਕਿ ਤੁਸੀਂ ਤਾਂ ਸਮਝ ਬੈਠੇ ਹੋ ਕਿ ਵੈੱਬ ਸਾਈਟ ’ਤੇ ਦੂਜਿਆਂ ਨੂੰ ਨਸੀਹਤਾਂ ਤੇ ਸਲਾਹਾਂ ਦੇਣ ਨਾਲੋਂ ਹੋਰ ਕੋਈ ਵੱਡੀ ਪੰਥਕ ਸੇਵਾ ਹੀ ਨਹੀਂ ਹੈ।

  3. ਜਾਗਰੂਕ ਲਹਿਰ ਖੜ੍ਹੀ ਕਰਨ ਵਿੱਚ ਪ੍ਰੋ: ਦਰਸ਼ਨ ਸਿੰਘ ਜੀ ਅਤੇ ਸ਼ੇਰ-ਏ-ਪੰਜਾਬ ਰੇਡੀਓ ਦੇ ਸ: ਕੁਲਦੀਪ ਸਿੰਘ ਵੈਨਕੂਵਰ ਜੋ ਯੋਗਦਾਨ ਪਾ ਰਹੇ ਹਨ, ਤੁਹਾਡਾ ਉਨ੍ਹਾਂ ਦੇ ਮੁਕਾਬਲੇ 1% ਵੀ ਨਹੀਂ ਹੈ। ਪਿਛਲੇ ਐਤਵਾਰ ਸ਼ੇਰੇ ਪੰਜਾਬ ਰੇਡੀਓ’ਤੇ ਦਸਮ ਗ੍ਰੰਥੀਆਂ ਨੂੰ ਆਪਣਾ ਪੱਖ ਅਤੇ ਸਰੋਤਿਆਂ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਦਾ ਮੌਕਾ ਦਿਤਾ ਗਿਆ। ਇਸ ਦੌਰਾਨ ਭਾਈ ਉਪਕਾਰ ਸਿੰਘ ਫਰੀਦਾਬਾਦ ਨੇ ਨਿਤਨੇਮ ਦੀਆਂ ਬਾਣੀਆਂ ਦੀ ਪ੍ਰਮਾਣਿਕਤਾ ਸਬੰਧੀ ਸਵਾਲ ਪੁਛਿਆ। ਸ: ਕੁਲਦੀਪ ਸਿੰਘ ਜੀ ਨੇ ਇਸ ਸਵਾਲ ਨੂੰ ਸ਼ਾਮਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ, ਕਿ ਪੰਥਕ ਵਿਦਵਾਨਾਂ ਨੇ ਸਿੱਖ ਰਹਿਤ ਮਰਿਆਦਾ ਬਣਾਈ ਹੈ, ਜਿਨ੍ਹਾਂ ਨੇ ਦਸਮ ਪਿਤਾ ਦੀਆਂ ਬਾਣੀਆਂ ਜਾਣ ਕੇ ਸਿੱਖ ਦੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚ ਸ਼ਾਮਲ ਕੀਤਾ ਹੈ। ਇਸ ਨਾਲ ਕੁੱਝ ਵਿਦਵਾਨ ਸਹਿਮਤ ਹੋਣ ਜਾਂ ਨਾਂ ਪਰ ਹਾਲ ਦੀ ਘੜੀ ਇਹ ਬਹਿਸ ਦਾ ਵਿਸ਼ਾ ਨਹੀਂ ਹੈ। ਕੀ ਤੁਹਾਡੇ ਅਨੁਸਾਰ ਸ: ਕੁਲਦੀਪ ਸਿੰਘ ਜੀ ਦੇ ਇਸੇ ਜਵਾਬ ਕਾਰਣ ਉਨ੍ਹਾਂ ਦੀ ਸਾਰੀ ਘਾਲਣਾ ਨੂੰ ਖ਼ੂਹ ਵਿੱਚ ਸੁੱਟ ਕੇ, ਸਾਨੂੰ ਉਨ੍ਹਾਂ ਦੇ ਦੁਆਲੇ ਹੋ ਕੇ ਸਪਸ਼ਟੀਕਰਨ ਮੰਗਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ? ਕਿ ਤੁਸੀਂ ਸਿੱਖ ਰਹਿਤ ਮਰਿਆਦਾ ਦਾ ਬਹਾਨਾ ਬਣਾ ਕੇ ਅਖੌਤੀ ਦਸਮ ਗ੍ਰੰਥ ਦੀ ਰਚਨਾ ਨੂੰ ਕਿਸ ਆਧਾਰ ’ਤੇ ਪ੍ਰਮਾਣਿਕਤਾ ਦੇ ਰਹੇ ਹੋ?

ਸੋ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਾਂ ਤਾਂ ਉਹ ਦਲੀਲ ਸਹਿਤ ਉਕਤ ਸਵਾਲਾਂ ਦੇ ਜਵਾਬ ਦੇਣ ਜਾਂ ਫਿਰ ਜਾਗਰੂਕਤਾ ਲਹਿਰ ਵਿਚ ਭਰਵਾਂ ਯੋਗਦਾਨ ਪਾ ਰਹੀਆਂ ਸਖ਼ਸ਼ੀਅਤਾਂ ਤੋਂ ਅਣਲੋੜੀਂਦੇ ਸਪਸ਼ਟੀਕਰਨ ਮੰਗ ਕੇ, ਉਨ੍ਹਾਂ ਨੂੰ ਇਸ ਪਾਸੇ ਉਲਝਾ ਕੇ ਉਨ੍ਹਾਂ ਦਾ ਸਮਾਂ ਖ਼ਰਾਬ ਨਾ ਕਰਨ, ਕਿਉਂਕਿ ਇਸ ਨਾਲ ਵਿਰੋਧੀਆਂ ਨੂੰ ਲਾਭ ਤੇ ਜਾਗਰੂਕ ਲਹਿਰ ਨੂੰ ਨੁਕਸਾਨ ਪਹੁੰਚਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1329 ’ਤੇ ਦਰਜ਼ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ’ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ॥’ ’ਤੇ ਅਮਲ ਕਰਨ ਦੀ ਕ੍ਰਿਪਾਲਤਾ ਕਰੋ ਜੀ

ਮਨਜੀਤ ਸਿੰਘ ਖ਼ਾਲਸਾ ਮੋਹਾਲੀ
+91-94174-40779


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top