Share on Facebook

Main News Page

ਲਾਂਬੇ ਨੇ ਮਾਰੀ ਪਲਟੀ, ਅਖੇ ਕਲਗੀ ਪਹੁੰਚੀ ਜਰੂਰ ਗਿਆਨੀ ਗੁਰਬਚਨ ਸਿੰਘ ਦੇ ਟਾਈਮ, ਪਰ ਲਿਆਉਣ ਦੀ ਪ੍ਰੀਕ੍ਰਿਆ ਗਿਆਨੀ ਵੇਦਾਂਤੀ ਦੇ ਸਮੇਂ ਸ਼ੁਰੂ ਹੋਈ

* ਇਹ ਉਹੀ ਲਾਂਬਾ ਹੈ ਜਿਸ ਨੇ ਪ੍ਰੋ: ਦਰਸ਼ਨ ਸਿੰਘ ਦੀ ਸੀਡੀ ਵਿੱਚ ਕੱਟ ਵੱਢ ਕਰਕੇ ਸਿਖ ਸੰਗਤ ਨੂੰ ਗੁੰਮਰਾਹ ਕੀਤਾ
* ਮੀਡੀਏ ਦਾ ਕੰਮ ਤਾਂ ਹੁੰਦਾ ਹੈ ਤੱਥਾਂ ਨੂੰ ਉਜਾਗਰ ਕਰ ਕੇ ਸੱਚਾਈ ਪੇਸ਼ ਕਰਨਾ ਪਰ ਇਹ ਤਾਂ ਸੂਰਜ ਵਾਂਗ ਉਜਾਗਰ ਹੋਏ ਸੱਚ ਨੂੰ ਝੂਠਾ ਦੱਸ ਰਿਹਾ ਹੈ
* ਇਸ ਨੇ ਪੀਲੀ ਪੱਤਰਕਾਰੀ ਦੀਆਂ ਹੱਦਾਂ ਟਪਾਈਆਂ, ਇਸ ਲਈ ਹੁਣ ਤਾਂ ਇਸ ਵਾਸਤੇ ਕੋਈ ਹੋਰ ਲਫ਼ਜ ਲੱਭਣਾ ਪਏਗਾ
* ਲਾਂਬੇ ਨੇ ਵਕਾਲਤ ਦਾ ਸਰਟੀਫੀਕੇਟ ਤਾਂ ਜਰੂਰ ਲਿਆ, ਪਰ ਇਸ ਦੀ ਵਰਤੋਂ ਪੰਥ ਵਿਚ ਲਾਂਬੂ ਲਾਉਣ ਲਈ ਕਰ ਰਿਹਾ ਹੈ
* ਵਕੀਲ ਹੋਣ ਦੇ ਨਾਤੇ ਗੱਲ ਬਦਲਣ ਵਿਚ ਮਾਹਰ
* ਵੇਖਣਾ ਪਏਗਾ ਕਿ ਇਸ ਦੀਆਂ ਤਾਰਾਂ ਕਿੱਥੇ ਜੁੜੀਆਂ ਹਨ
* ਬਹੁਤੇ ਸਵਾਲਾਂ ਤੋਂ ਬਚਣ ਲਈ ਲਾਂਬਾ ਬਿਨਾਂ ਬਰੇਕਾਂ ਤੋਂ ਜਾਰੀ ਰੱਖਦਾ ਸੀ ਆਪਣਾ ਭਾਸ਼ਣ

ਬਠਿੰਡਾ, 10 ਫਰਵਰੀ (ਕਿਰਪਾਲ ਸਿੰਘ): ਮੀਡੀਏ ਦਾ ਕੰਮ ਤਾਂ ਹੁੰਦਾ ਹੈ ਤੱਥਾਂ ਨੂੰ ਉਜਾਗਰ ਕਰ ਕੇ ਸੱਚਾਈ ਪੇਸ਼ ਕਰਨਾ, ਪਰ ਇਹ ਤਾਂ ਸੂਰਜ ਵਾਂਗ ਉਜਾਗਰ ਹੋਏ ਸੱਚ ਨੂੰ ਝੂਠਾ ਦੱਸ ਰਿਹਾ ਹੈ, ਤਾਂ ਇਸ ਮੀਡੀਏ ਦਾ ਕੀ ਫਾਇਦਾ ਹੋ ਸਕਦਾ ਹੈ? ਇਸ ਨੇ ਪੀਲੀ ਪੱਤਰਕਾਰੀ ਦੀਆਂ ਸਾਰੀਆਂ ਹੱਦਾਂ ਟਪਾਈਆਂ, ਇਸ ਲਈ ਹੁਣ ਤਾਂ ਇਸ ਵਾਸਤੇ ਕੋਈ ਹੋਰ ਲਫ਼ਜ ਲੱਭਣਾ ਪਏਗਾ। ਇਹ ਸ਼ਬਦ ਸ਼ੇਰੇ ਪੰਜਾਬ ਰੇਡੀਓ ਕੈਨੇਡਾ ਤੋਂ ਲਾਈਵ ਪ੍ਰੋਗਰਾਮ ਸੁਣ ਰਹੇ ਕੈਲੇਫ਼ੋਰਨੀਆਂ ਤੋਂ ਇੱਕ ਕਾਲਰ ਨੇ ਕਹੇ।

ਇਹ ਦੱਸਣਯੋਗ ਹੈ ਕਿ ਰੇਡੀਓ ਐਂਕਰ ਗੁਰਵਿੰਦਰ ਸਿੰਘ ਧਾਲੀਵਾਲ, "ਸੰਤ ਸਿਪਾਹੀ" ਮਾਸਕ ਪੱਤਰ ਦੇ ਸੰਪਾਦਕ ਗੁਰਚਰਨਜੀਤ ਸਿੰਘ ਲਾਂਬਾ ਵਲੋਂ ਫਰਵਰੀ 2011 ਅੰਕ ਵਿੱਚ ਲਿਖੀ ਸੰਪਾਦਕੀ ਦੀ ਅਸਲੀਅਤ ਵਾਰੇ ਜਾਣਕਾਰੀ ਦੇ ਰਹੇ ਸਨ, ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਸ਼ੱਕੀ (ਜਾਲ੍ਹੀ) ਕਲਗੀ ਕੈਨੇਡਾ ਤੋਂ ਲੈਜਾ ਕੇ ਬੜੀ ਸ਼ਾਨੋ ਸ਼ੌਕਤ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਸੋਭਤ ਕੀਤੀ ਗਈ, ਤੇ ਲੋਕਾਂ ਤੋਂ ਉਸ ਨੂੰ ਮੱਥੇ ਟਿਕਾਏ ਗਏ, (ਇਸ ਤਰ੍ਹਾਂ ਸਿੱਖਾਂ ਦੀ ਬੌਧਿਕਤਾ ਦਾ ਦਿਵਾਲਾ ਕੱਢਿਆ ਗਿਆ), ਉਸ ਸਮੇਂ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ, ਅਤੇ ਇਹ ਕਲਗੀ ਅੰਮ੍ਰਿਤਸਰ ਪਹੁੰਚਣ ਤੋਂ 11 ਮਹੀਨੇ ਪਹਿਲਾਂ ਹੀ, ਗਿਆਨੀ ਵੇਦਾਂਤੀ ਜੀ ਨੂੰ ਅਹੁੱਦੇ ਤੋਂ ਫ਼ਾਰਗ ਕਰ ਦਿੱਤਾ ਗਿਆ ਸੀ।

ਪਰ ਸ਼੍ਰੀ ਲਾਂਬਾ (ਲਾਂਬੂ) ਨੇ ਇਤਨਾ ਨੰਗਾ ਝੂਠ ਲਿਖ ਕੇ, ਇਹ ਦੱਸਣ ਦੀ ਨਾਪਾਕ ਕੋਸ਼ਿਸ਼ ਕੀਤੀ, ਕਿ ਇਹ ਸ਼ੱਕੀ ਕਲਗੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਕਾਰਜ਼ਕਾਲ ਦੌਰਨ ਲਿਆਂਦੀ ਗਈ। ਸ਼੍ਰੀ ਲਾਂਬਾ ਵਲੋਂ ਝੂਠ ਲਿਖੇ ਜਾਣ ਦਾ ਕਾਰਣ ਉਨ੍ਹਾਂ ਇਹ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ’ਤੇ ਗਿਆਨੀ ਵੇਦਾਂਤੀ ਜੀ ਲਾਂਬਾ ਜੀ ਨਾਲੋਂ ਵੱਖਰੇ ਵੀਚਾਰ ਰੱਖਣ ਕਾਰਣ, ਉਨ੍ਹਾਂ ਨੂੰ ਉਸੇ ਬਦਨੀਤੀ ਨਾਲ ਬਦਨਾਮ ਕਰਨ ਦੀ ਇੱਕ ਚਾਲ ਹੈ, ਜਿਸ ਤਰ੍ਹਾਂ ਦਸਮ ਗ੍ਰੰਥ ’ਤੇ ਵੱਖਰੇ ਵੀਚਾਰ ਰੱਖਣ ਕਾਰਣ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਵਲੋਂ ਰੋਚੈਸਟਰ ਦੇ ਗੁਰਦੁਆਰੇ ਵਿੱਚ ਕੀਤੇ ਗਏ ਕੀਰਤਨ ਦੀ ਸੀਡੀ ਵਿੱਚ ਵਿੱਚ ਕੱਟ ਵੱਢ ਕਰਕੇ ਪੇਸ਼ ਕੀਤਾ ਗਿਆ ਸੀ।

ਮਾਹਰਾਂ ਦੀ ਪੜਤਾਲ ਅਨੁਸਾਰ ਇਸ ਸੀਡੀ ਵਿਚ ਛੇੜ ਛਾੜ ਹੋਈ ਹੈ ਪਰ ਇਸ ਦੇ ਬਾਵਯੂਦ ਇਸ ਨਿਰੋਲ ਝੂਠ ਦੇ ਅਧਾਰ ’ਤੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਗਿਆ ਜਿਸ ਨਾਲ ਪੰਥ ਦੋਫਾੜ ਹੋਇਆ। ਹਾਲੀ ਇਸ ਦੀ ਸਿਆਹੀ ਵੀ ਨਹੀ ਸੀ ਸੁੱਕੀ ਕਿ ਸਿਰਫ ਵੱਖਰੇ ਵੀਚਾਰਾਂ ਦੇ ਹੀ ਆਧਾਰ ’ਤੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਬਦਨਾਮ ਕਰਨ ਲਈ ਉਹੀ ਹੱਥਕੰਡੇ ਅਪਨਾਉਂਦੇ ਹੋਏ ਸੰਪਾਦਕੀ ਵਿੱਚ ਉਹ ਝੂਠ ਲਿਖਣ ਤੋਂ ਗੁਰੇਜ਼ ਨਹੀਂ ਕੀਤਾ ਜਿਹੜਾ ਕਿ ਜੱਗ ਜ਼ਾਹਰ ਹੈ ਤੇ ਹਾਲੀ ਪਿਛਲੇ ਸਾਲ ਜੁਲਾਈ ਵਿਚ ਹੀ ਵਾਪਰਿਆ ਹੈ ਤੇ ਸਾਰੀ ਦੁਨੀਆਂ ਨੇ ਆਪਣੀ ਵੇਖਿਆ ਤੇ ਸਾਰੇ ਮੀਡੀਏ ਵਿਚ ਤਸ਼ਵੀਰਾਂ ਸਹਿਤ ਛੱਪ ਚੁੱਕਿਆ ਹੈ।

ਇਸ ਸਬੰਧੀ ਆਪਣਾ ਪੱਖ ਪੇਸ਼ ਕਰਨ ਲਈ ਜਦੋਂ ਗੁਰਚਰਨਜੀਤ ਸਿੰਘ ਲਾਂਬਾ ਨੂੰ ਲਾਈਨ ’ਤੇ ਲੈ ਕੇ ਪੁੱਛਿਆ ਗਿਆ, ਕਿ ਤੁਸੀਂ ਸਾਫ਼ ਤੌਰ ’ਤੇ ਲਿਖਿਆ ਹੈ: ’ ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਜਿਹਨਾˆ ਦੇ ਕਾਰਜ ਕਾਲ ਦੌਰਾਨ ਇਹ ਸ਼ੱਕੀ ਕਲਗੀ ਲਿਆˆਦੀ ਗਈ’। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਸ਼ੱਕੀ ਕਲਗੀ ਭਾਰਤ ਵਿੱਚ ਕਦੋਂ ਲਿਆਂਦੀ ਗਈ? ਤਾਂ ਉਨ੍ਹਾਂ ਆਪਣੀ ਗੱਲ ਬਦਲਦਿਆਂ ਕਿਹਾ ਕਿ ਇਹ ਠੀਕ ਹੈ ਕਿ ਜਦੋਂ ਇਹ ਕਲਗੀ ਅੰਮ੍ਰਿਤਸਰ ਪਹੁੰਚੀ ਸੀ, ਉਸ ਸਮੇਂ ਗਿਆਨੀ ਗੁਰਬਚਨ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ, ਪਰ ਇਸ ਦੇ ਲਿਆਉਣ ਦੀ ਪ੍ਰੀਕ੍ਰਿਆ ਗਿਆਨੀ ਵੇਦਾਂਤੀ ਦੇ ਕਾਰਜ਼ ਕਾਲ ਦੌਰਾਨ ਸ਼ੁਰੂ ਹੋਈ।

ਵਾਰ ਵਾਰ ਟੋਕਣ ’ਤੇ ਉਹ ਬੜੀ ਤੇਜ ਸਪੀਡ ਨਾਲ ਬਿਨਾ ਬਰੇਕਾਂ ਤੋ ਆਪਣਾ ਭਾਸ਼ਣ ਜਾਰੀ ਰੱਖ ਰਹੇ ਸਨ, ਤਾਂ ਕਿ ਰੇਡੀਓ ਐਂਕਰ ਤੇ ਕਾਲਰਾਂ ਕੋਲ ਕੋਈ ਸਵਾਲ ਪੁੱਛਣ ਦਾ ਸਮਾ ਹੀ ਨਾ ਬਚੇ। ਨਿਊਯਾਰਕ ਤੋਂ ਇੱਕ ਕਾਲਰ ਨੇ ਕਿਹਾ, ਕਿ ਇਸ ਨੇ ਸਰਟੀਫ਼ੀਕੇਟ ਤਾ ਜਰੂਰ ਵਾਕਲਤ ਕਰਨ ਦਾ ਲਿਆ ਹੈ, ਪਰ ਵਕਾਲਤ ਕਰਨ ਦੀ ਥਾਂ ਇਸ ਦੀ ਵਰਤੋਂ ਪੰਥ ਵਿੱਚ ਦੁਫੇੜ ਪਾਉਣ ਲਈ ਲਾਂਬੂ ਲਾਉਣ ਦਾ ਕੰਮ ਕਰ ਰਿਹਾ ਹੈ। ਕਦੀ ਇਹ ਪੰਥ ਵਿੱਚੋ ਛਿਕਵਾਉਣ ਲਈ ਪ੍ਰੋ: ਦਰਸ਼ਨ ਸਿੰਘ ਦੀ ਕੀਰਤਨ ਦੀ ਸੀਡੀ ਵਿੱਚ ਕੱਟਵੱਢ ਕਰਕੇ ਮੀਡੀਏ ਵਿੱਚ ਅਤੇ ਅਕਾਲ ਤਖ਼ਤ ’ਤੇ ਪੇਸ਼ ਕਰਦਾ ਹੈ, ਕਦੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੂੰਹ ’ਤੇ ਲਾਉਣ ਵਾਲੀ ਕਰੀਮ ਤੇ ਦਸਮ ਗ੍ਰੰਥ ਨੂੰ ਬਵਾਸੀਰ ’ਤੇ ਲਾਉਣ ਵਾਲੀ ਕਰੀਮ ਦਸਦਾ ਹੈ, ਫਿਰ ਪੁੱਛੇ ਜਾਣ ’ਤੇ ਕਹਿੰਦਾ ਹੈ ਨਹੀਂ ਮੇਰਾ ਭਾਵ ਇਹ ਨਹੀਂ, ਇਹ ਸੀ। ਕਦੀ ਇਹ ਆਰਐੱਸਐੱਸ ਦੀਆਂ ਸਟੇਜਾਂ ਤੋਂ ਕਹਿੰਦਾ ਹੈ ਕਿ ਆਰਐੱਸਐੱਸ ਠੀਕ ਕੰਮ ਕਰ ਰਹੀ ਹੈ। ਕਦੀ ਵੀ ਪੁੱਛੇ ਗਏ ਸਵਾਲ ਦਾ ਇਹ ਸਿੱਧਾ ਜਵਾਬ ਨਹੀਂ ਦਿੰਦਾ। ਇਹ ਆਪਣੀ ਵਕਾਲਤ ਦੀਆਂ ਗੱਲਾਂ ਪੰਥ ਵਿੱਚ ਦੁਫੇੜ ਪਾਉਣ ਲਈ ਕਿਉਂ ਵਰਤ ਰਿਹਾ ਹੈ? ਇਸ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਕਿਹੜੀਆਂ ਤਾਕਤਾਂ ਨੂੰ ਖੁਸ਼ ਕਰਨ ਲਈ ਇਹ ਐਸਾ ਕਰ ਰਿਹਾ ਹੈ।

ਇਸ ਦਾ ਸਪਸ਼ਟੀਕਰਨ ਦੇਣ ਲਈ ਪੁੱਛੇ ਜਾਣ ’ਤੇ ਸ਼੍ਰੀ ਲਾਂਬਾ ਨੇ ਕਿਹਾ, ਵੈਸੇ ਤਾਂ ਮੈਂ ਸਮਝਦਾ ਹਾਂ ਕਿ ਕਿਸੇ ਸਪਸ਼ਟੀਕਰਨ ਦੇਣ ਦੀ ਜਰੂਰਤ ਨਹੀਂ ਹੈ, ਪਰ ਫਿਰ ਵੀ ਜੇ ਸਪਸ਼ਟੀਕਰਨ ਦੀ ਜਰੂਰਤ ਹੈ ਤਾਂ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਸਾਬਕਾ ਤੇ ਮੌਜੂਦਾ ਜਥੇਦਾਰ ਅਤੇ ਸਮੁੱਚੀ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੇ ਸਮੇਂ ਇਹ ਕਲਗੀ ਲਿਆਉਣ ਦੀ ਪ੍ਰੀਕ੍ਰਿਆ ਸ਼ੁਰੂ ਕੀਤੀ ਗਈ, ਉਹ ਸਾਰੇ ਦੇ ਸਾਰੇ ਹੀ ਜੁੰਮੇਵਾਰ ਹਨ ਤੇ ਪੰਥ ਨੂੰ ਜਵਾਬ ਦੇਹ ਹਨ। ਇਸ ਤਰ੍ਹਾਂ ਉਸ ਨੇ ਗੇਹੂੰ ਦਾ ਜਵਾਬ ਚਨਾ ਦੇ ਕੇ ਆਪਣੇ ਵਲੋਂ ਲੋਕਾਂ ਨੂੰ ਧੋਖਾ ਦੇਣ ਤੇ ਪੰਥ ਵਿੱਚ ਵੰਡੀਆਂ ਪਾਏ ਜਾਣ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਕਾਰਣ ਦੱਸਣ ਦੀ ਥਾਂ ਗੱਲ ਬਦਲ ਕੇ ਕਲਗੀ ਦੀ ਆਮਦ ਵੱਲ ਲੈ ਆਇਆ ਤੇ ਗਿਆਨੀ ਗੁਰਬਚਨ ਸਿੰਘ ਜਿਸ ਦੇ ਕਾਰਜ਼ਕਾਲ ਦੌਰਾਨ ਇਹ ਕਲਗੀ ਲਿਆਂਦੀ ਤੇ ਅਕਾਲ ਤਖ਼ਤ ’ਤੇ ਸ਼ਸੋਭਤ ਕੀਤੀ ਗਈ ਸੀ, ਦਾ ਨਾਮ ਲੈਣ ਦੀ ਥਾਂ ਮੌਜੂਦਾ ਤੇ ਸਾਬਕਾ ਜਥੇਦਾਰਾਂ, ਸਮੁਚੇ ਸਿੰਘ ਸਾਹਿਬਾਨ ਅਤੇ ਸਮੁਚੀ ਸ਼੍ਰੋਮਣੀ ਕਮੇਟੀ ਨੂੰ ਦੋਸ਼ੀ ਠਹਿਰਾਉਣ ਲੱਗ ਪਿਆ।

ਕੈਲੇਫ਼ੋਰਨੀਆਂ ਤੋਂ ਇੱਕ ਕਾਲਰ ਨੇ ਕਿਹਾ ਕਿ ਆਪਣੀ ਗੱਲ ਬਦਲਣ ਵਿੱਚ ਲਾਂਬਾ ਬੜੀ ਮੁਹਾਰਤ ਰੱਖਦਾ ਹੈ। ਜਿਸ ਤਰ੍ਹਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਨਾਮ ਸਿੱਧੇ ਤੌਰ ’ਤੇ ਲਿਖਿਆ ਹੈ ਤੇ ਏਥੇ ਲੈ ਰਿਹਾ ਹੈ, ਉਸ ਤਰ੍ਹਾਂ ਗਿਆਨੀ ਗੁਰਬਚਨ ਸਿੰਘ, ਜਿਨ੍ਹਾਂ ਦੇ ਕਾਰਜ਼ਕਾਲ ਦੌਰਾਨ ਕਲਗੀ ਲਿਆਂਦੀ ਗਈ, ਉਨ੍ਹਾਂ ਦਾ ਨਾਮ ਕਿਉਂ ਨਹੀਂ ਲੈਂਦਾ? ਇਸ ਦੇ ਜਵਾਬ ਵਿਚ ਲਾਂਬਾ ਨੇ ਕਿਹਾ ਕਲਗੀ ਪਹੁੰਚੀ ਜਰੂਰ ਗਿਆਨੀ ਗੁਰਬਚਨ ਸਿੰਘ ਦੇ ਕਾਰਜ਼ਕਾਲ ਦੌਰਾਨ ਸੀ ਪਰ ਇਸ ਨੂੰ ਲਿਆਂਦਾ ਭਾਵ ਲਿਆਉਣ ਦੀ ਪ੍ਰੀਕ੍ਰਿਆ ਗਿਆਨੀ ਵੇਦਾਂਤੀ ਨੇ ਸ਼ੁਰੂ ਕੀਤੀ ਤੇ ਲਿਆਉਣ ਲਈ ਉਨ੍ਹਾਂ ਬਹੁਤ ਮਿਹਨਤ ਤੇ ਤਰੱਦਦ ਕੀਤਾ ਇਸ ਲਈ ਇਸ ਦਾ ਸਿਹਰਾ ਗਿਆਨੀ ਵੇਦਾਂਤੀ ਨੂੰ ਜਾਂਦਾ ਹੈ।

ਹੋਰ ਵੀ ਕਈ ਕਾਲਰਾਂ ਨੇ ਫ਼ੋਨ ’ਤੇ ਆਪਣੇ ਸਿੱਧੇ ਵੀਚਾਰ ਪ੍ਰਗਟ ਕੀਤੇ ਜਿਨ੍ਹਾਂ ਦਾ ਤੱਤਸਾਰ ਇਹ ਸੀ ਕਿ ਸਿੱਖ ਨੇ ਗੁਰੂ ਦੇ ਸ਼ਬਦ ਨਾਲ ਜੁੜਨਾ ਹੈ ਪਰ ਗੁਰੂ ਸਾਹਿਬਾਨ ਨਾਲ ਸਬੰਧਤ ਅਸਲੀ ਤੇ ਨਕਲੀ ਵਸਤਾਂ ਨੂੰ ਮੱਥਾ ਟਿਕਾ ਕੇ ਸ਼ਬਦ ਨਾਲੋਂ ਤੋੜਿਆ ਜਾ ਰਿਹਾ ਹੈ ਜਿਸ ਲਈ ਕਸੂਰਵਾਰ ਮੱਥਾ ਟੇਕਣ ਤੇ ਟਿਕਾਉਣ ਵਾਲੇ ਦੋਵੇਂ ਹੀ ਹਨ। ਇਤਿਹਾਸਕ ਵਸਤਾਂ ਸਾਡੇ ਲਈ ਸਤਿਕਾਰਯੋਗ ਹਨ ਪਰ ਇਨ੍ਹਾਂ ਨੂੰ ਮੱਥੇ ਟਿਕਾਉਣ ਦੀ ਥਾਂ ਇਨ੍ਹਾਂ ਨੂੰ ਸਿੱਖ ਅਜਾਇਬ ਘਰਾਂ ਵਿਚ ਸ਼ਸੋਭਤ ਕਰਨੇ ਚਾਹੀਦੇ ਹਨ।

ਗੁਰਚਰਨਜੀਤ ਲਾਂਬਾ ਵਲੋਂ ਲਿਖਿਆ ਗਿਆ ਐਡੀਟੋਰੀਅਲ:

ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਜਿਹਨਾਂ ਦੇ ਕਾਰਜ ਕਾਲ ਦੌਰਾਨ ਇਹ ਸ਼ੱਕੀ ਕਲਗੀ ਮੰਗਵਾਈ ਗਈ ਜਦੋਂ ਉਹਨਾਂ ਨੂੰ ਇਸ ਬਾਰੇ ਦਸਣ ਦੀ ਬੇਨਤੀ ਕੀਤੀ ਗਈ ਤਾਂ ਉਹਨਾਂ ਦਾ ਜਵਾਬ ਸੀ ਕਿ ‘ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ’। ਸੱਚ ਦੇ ਮੁਜੱਸਮੇ ਵਿਚ ਭੇਂਟ ਕੀਤੀ ਜਾਣ ਵਾਲੀ ਵਸਤੂ ਦੀ ਘੜੀ ਗਈ ਕਹਾਣੀ ਹੀ ਸੱਚ ਦੇ ਨੇੜੇ ਤੇੜੇ ਵੀ ਨਾ ਅਪੜ ਸਕੀ। ਇਸ ਪੰਥਕ ਮਸਲੇ ਤੇ ਸਚ ਕਿਉਂ ਨਹੀਂ ਬੋਲਿਆ ਜਾ ਰਿਹਾ? ਕੀ ਗੁਰੂ ਪੰਥ ਇਸ ‘ਭੇਂਟ’ ਦਾ ਸ੍ਰੋਤ, ਵੇਰਵਾ ਅਤੇ ਅਸਲੀਅਤ ਬਾਰੇ ਦਸਤਾਵੇਜ਼ ਵੇਖਣ ਦਾ ਹੱਕਦਾਰ ਨਹੀਂ?  ਪੂਰਾ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ

ਇਸ ਟਾਕ ਸ਼ੋਅ ਦੀ ਆਡੀਓ ਰੀਕਾਰਡਿੰਗ http://www.wakeupkhalsa.com/talk-shows.php ’ਤੇ ਹੁਣ ਵੀ ਸੁਣੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top