Share on Facebook

Main News Page

ਸੂਰਜ ਪ੍ਰਕਾਸ਼ - ਗੁਰੂ ਨਿੰਦਕ ! {ਭਾਗ -1}
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸਿੱਖਾਂ ਦੇ ਨਾਵਾਂ ਨਾਲ਼ ਲਿਖੇ ਕੁੱਝ ਐਸੇ ਗ੍ਰੰਥ ਹਨ, ਜੋ ਸਿੱਖੀ ਵਿਚਾਰਧਾਰਾ ਨੂੰ ਹਿੰਦੂ ਮੱਤ ਵਿੱਚ ਰਲ਼ਗਡ ਕਰਨ ਲਈ ਹੀ ਹੋਂਦ ਵਿੱਚ ਆਏ ਹਨ। ਇਹ ਗ੍ਰੰਥ ਕਿਉਂਕਿ ਸਿੱਖ ਇਤਿਹਾਸ ਦਾ ਇੱਕ ਹਿੱਸਾ ਬਣਾ ਦਿੱਤੇ ਗਏ ਹਨ, ਇਸ ਲਈ ਇਨ੍ਹਾਂ ਦੀ ਲਿਖੇ ਜਾਣ ਦੀ ਸਾਜਿਸ਼ ਅਤੇ ਅਸਲੀਅਤ ਤੋਂ ਜਾਣੂ ਹੋਣਾ ਅਤੀ ਜ਼ਰੂਰੀ ਹੈ। ਜੇ ਇਨ੍ਹਾਂ ਗ੍ਰੰਥਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਰੂਪੀ ਰੌਸ਼ਨੀ ਨਾਲ਼ ਨਾ ਸੋਧਿਆ ਜਾਂ ਰੱਦ ਕੀਤਾ ਗਿਆ ਤਾਂ ਲੰਬੇ ਸਮੇਂ ਤੋਂ ਹਿੰਦੂ ਮੱਤ ਦੀ ਲਪੇਟ ਵਿੱਚ ਆ ਰਿਹਾ ਸਿੱਖ ਜਗਤ ਭਵਿੱਖ ਵਿੱਚ ਪੂਰੀ ਤਰ੍ਹਾਂ ਹਿੰਦੂ ਮੱਤ ਵਿੱਚ ਜਜ਼ਬ ਹੋ ਜਾਵੇਗਾ।

ਸਿੱਖਾਂ ਨੂੰ ਕੰਧ ਉੱਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਕਿ ਹਿੰਦੂ ਮੱਤ, ਜਿਸ ਦੀਆਂ ਜੜ੍ਹਾਂ ਹਿੰਦ ਮਹਾਂ ਸਾਗਰ ਤੋਂ ਵੀ ਡੂੰਘੀਆਂ ਹਨ, ਨੇ ਭਾਰਤ ਵਿੱਚੋਂ ਜੈਨ ਮੱਤ, ਪਾਰਸੀ ਮੱਤ ਅਤੇ ਮਹਾਂਰਾਜਾ ਅਸ਼ੋਕ, ਜਿਸ ਨੇ ਸਾਰੇ ਦੇਸ਼ ਵਿੱਚ ਬੁੱਧ ਮੱਤ ਦਾ ਡੰਕਾ ਵਜਾ ਦਿੱਤਾ ਸੀ, ਵਰਗਿਆਂ ਵਲੋਂ ਅਪਨਾਏ ਬੁੱਧ ਮੱਤ ਨੂੰ ਕ਼ਲਮ ਦੀ ਸ਼ਕਤੀ ਵਰਤ ਕੇ ਦੇਸ਼ ਨਿਕਾਲ਼ਾ ਦੇ ਦਿੱਤਾ ਹੈ। ਬ੍ਰਾਹਮਣਵਾਦ ਦੀ ਕ਼ਲਮ ਦੀ ਸ਼ਕਤੀ ਦੇਖਣੀ ਹੈ ਤਾਂ ਡਾਕਟਰ ਸੁੱਖਪ੍ਰੀਤ ਸਿੰਘ ਉੱਧੋਕੇ ਨੂੰ ਸੋਸ਼ਲ ਮੀਡੀਏ ਉੱਤੇ ਸੁਣੋ ਤੇ ਪਤਾ ਲੱਗੇਗਾ ਕਿ ਬ੍ਰਾਹਮਣਵਾਦ ਵਲੋਂ 6600 ਤੋਂ ਵੱਧ ਕਿਤਾਬਾਂ ਸਿੱਖ ਮੱਤ ਨੂੰ ਹਿੰਦੂ ਮੱਤ ਵਿੱਚ ਰਲ਼ਗਡ ਕਰਨ ਲਈ ਲਿਖੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਦੇਸ਼ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਵਿਸ਼ਵ ਵਿਦਿਆਲਿਆਂ ਵਿੱਚ ਪੜ੍ਹਾਈਆਂ ਜਾ ਰਹੀਆਂ ਹਨ।

ਡਾਕਟਰ ਰਾਧਾ ਕ੍ਰਿਸ਼ਨਨ ਨੇ ਬੁੱਧ ਮੱਤ ਦੇ ਖ਼ਾਤਮੇ ਦੇ ਢੰਗ ਵਾਰੇ ਲਿਖਿਆ - ਕਹਿੰਦੇ ਹਨ ਅਤੇ ਇਹ ਹੈ ਭੀ ਸੱਚ ਕਿ ਬ੍ਰਾਹਮਣਵਾਦ ਨੇ ਬੁੱਧ ਮੱਤ ਨੂੰ ਬਾਪੂ ਵਾਲ਼ੀ ਗਲਵੱਕੜੀ ਵਿੱਚ ਲੈ ਕੇ ਉਸ ਦਾ ਗਲ਼ਾ ਘੁੱਟ ਦਿੱਤਾ।

ਸਿੱਖ ਮੱਤ ਦੇ ਕੀਤੇ ਜਾ ਰਹੇ ਖ਼ਾਤਮੇ ਵਾਰੇ ਮਿਸਟਰ ਮੈਕਾਲਿਫ਼ ਨੇ ਲਿਖਿਆ - ਹਿੰਦੂ ਮੱਤ ਨੇ ਸਿੱਖ ਧਰਮ ਨੂੰ ਆਪਣੀ ਗਲ਼ਵੱਕੜੀ ਵਿੱਚ ਲੈ ਲਿਆ ਹੈ। ਮੈਕਾਲਿਫ਼ ਦੀ ਲਿਖੀ ਇਹ ਗੱਲ ਸਹੀ ਹੈ। ਜਦੋਂ ਗਲ਼ਵੱਕੜੀ ਪੂਰੀ ਮਜ਼ਬੂਤ ਹੋ ਗਈ ਤਾਂ ਫਿਰ ਬ੍ਰਾਹਮਣਵਾਦ ਕੀ ਕਰੇਗਾ? ਬੁੱਧ ਮੱਤ ਨੂੰ ਮਾਰਨ ਲਈ ਵਰਤਿਆ ਦਾਅ ਪੇਚ ਹੀ ਵਰਤੇਗਾ।

ਤੀਜੀ ਤੋਂ ਦਸਵੀਂ ਸਦੀ ਤੱਕ ਬ੍ਰਾਹਮਣਵਾਦ ਨੇ ਚੰਮ ਦੀਆਂ ਚਲਾਈਆਂ । ਫਿਰ ਸੱਤ ਸਦੀਆਂ ਤੱਕ ਮੁਸਲਮਾਨੀ ਅਤੇ ਦੋ ਸਦੀਆਂ ਤਕ ਅੰਗ੍ਰੇਜ਼ ਸਾਮਰਾਜ ਥੱਲੇ ਬ੍ਰਾਹਮਣਵਾਦ ਰੂਪੀ ਅੱਗ ਸੁਲਗਦੀ ਰਹੀ। ਆਜ਼ਾਦੀ ਤੋਂ ਪਿੱਛੋਂ ਬ੍ਰਾਹਮਣਵਾਦ ਨੇ ਮੁੜ ਸਿਰ ਚੁੱਕ ਲਿਆ ਹੋਇਆ ਹੈ।

ਹਿੰਦੂ ਮੱਤ ਜਾਂ ਬ੍ਰਾਹਮਣਵਾਦ ਤਾਂ ਓਦੋਂ ਦਾ ਹੀ ਨੁਕਸਾਨ ਕਰਨ ਦੀ ਬਿਰਤੀ ਨਾਲ਼ ਸਿੱਖੀ  ਵਿਚਾਰਧਾਰਾ ਦਾ ਪਿੱਛਾ ਕਰਦਾ ਆ ਰਿਹਾ ਹੈ ਜਦੋਂ ਧੰਨੁ ਗੁਰੂ ਨਾਨਕ ਸਾਹਿਬ ਨੇ ਪੰਡਿਤ  ਹਰਦਿਆਲ ਤੋਂ 9-10 ਸਾਲ ਦੀ ਉਮਰ ਵਿੱਚ ਗਲ਼ ਵਿੱਚ ਜਨੇਊ ਪਾਉਣ ਤੋਂ ਰੋਕ ਦਿੱਤਾ ਸੀ ਅਤੇ ਆਤਮਕ ਗੁਣਾਂ ਵਾਲ਼ੇ ਅਨੋਖੇ ਜਨੇਊ ਦੀ ਮੰਗ ਵੀ ਕੀਤੀ ਸੀ, ਜਿਸ ਨੂੰ ਪੰਡਿਤ ਪੂਰੀ ਨਹੀਂ ਕਰ ਸਕਿਆ ਸੀ। ਦਸਵੇਂ ਪਾਤਿਸ਼ਾਹ ਤਕ (ਸੰਨ 1708 ਤਕ) ਬ੍ਰਾਹਮਣਾਵਾਦ ਉੱਤੇ ਗੁਰੂ ਪਾਤਿਸ਼ਾਹਾਂ ਦੇ ਸ਼ਖ਼ਸੀ ਪ੍ਰਭਾਵ ਦਾ ਦਬਦਬਾਅ ਬਣਿਆ ਰਿਹਾ। ਸੰਨ 1708 ਪਿੱਛੋਂ ਜਿਵੇਂ ਸਿੱਖੀ ਵਿਚਾਰਧਾਰਾ ਨੂੰ ਹਿੰਦੂ ਮੱਤ ਵਿੱਚ ਸ਼ਾਮਲ ਕਰਨ ਲਈ ਬਹੁਤ ਕੁੱਝ ਛਪ ਚੁੱਕਾ ਹੈ ਅਤੇ ਹੁਣ ਵੀ ਛਪ ਰਿਹਾ ਹੈ।

ਜਾਪਦਾ ਇਹ ਹੈ ਕਿ ਸਿੱਖਾਂ ਦੀ ਅਗਵਾਈ ਲਈ ਬਣੀਆਂ ਗੁਰੂ-ਪੰਥਕ ਜਥੇਬੰਦੀਆਂ ਇਨ੍ਹਾਂ ਬ੍ਰਾਹਮਣਵਾਦੀ ਗ੍ਰੰਥਾਂ ਨੂੰ ਸਿੱਖ ਵਿਰਸੇ ਦਾ ਹਿੱਸਾ ਮੰਨ ਕੇ ਚੱਲ ਪਈਆਂ ਹਨ। ਅਜਿਹਾ ਇਨ੍ਹਾਂ ਜਥੇਬੰਦੀਆਂ ਉੱਤੇ ਰਾਜਸੀ ਅਤੇ ਬ੍ਰਾਹਮਣਵਾਦੀ ਦਬਾਅ ਕਾਰਣ ਹੀ ਹੋ ਰਿਹਾ ਹੈ ਜੋ ਸਿੱਖੀ ਵਿਚਾਰਧਾਰਾ ਨੂੰ ਹਿੰਦੂ ਮੱਤ ਵਿੱਚ ਰਲ਼ਗਡ ਕਰਨ ਵਿੱਚ ਪੂਰੀ ਤਰਾਂ ਅਤੇ ਖੁਲ੍ਹੇ ਤੌਰ ਉੱਤੇ ਯਤਨਸ਼ੀਲ ਹਨ। ਬ੍ਰਾਹਮਣਵਾਦ ਦੀ ਮਨਸ਼ਾ ਭਾਰਤ ਨੂੰ ਇੱਕ ਹਿੰਦੂ ਰਾਸ਼ਟ੍ਰ ਬਣਾਉਣ ਦੀ ਹੈ ਜਿਸ ਵਿੱਚ ਸੱਭ ਦਾ ਇੱਕੋ ਮਜ਼ਹਬ, ਇੱਕੋ ਭਾਸ਼ਾ ਅਤੇ ਇੱਕੋ ਕੌਮੀਅਤ ਹੋਵੇਗੀ। ਕੀ ਸਿੱਖ ਇੱਸ ਸਥਿੱਤੀ ਦਾ ਸਾਮ੍ਹਣਾ ਕਰਨ ਲਈ ਸਮਰਥ ਹਨ? ਗੰਭੀਰਤਾ ਨਾਲ਼ ਸੱਚਣ ਦੀ ਲੋੜ ਹੈ।

ਮੌਜੂਦਾ ਸਥਿੱਤੀ ਤੋਂ ਜਾਪਦਾ ਹੈ ਕਿ ਬਹੁ ਗਿਣਤੀ ਸਿੱਖ ਜਥੇਬੰਦੀਆਂ ਅਤੇ ਪ੍ਰਚਾਰਕ ਹਿੰਦੂ ਮੱਤ ਦੇ ਸਿੱਖੀ ਵਿਰੁੱਧ ਬਣਾਏ ਮਨਸੂਬਿਆਂ ਨੂੰ ਜਾਣੇ ਅਣਜਾਣੇ ਸਫ਼ਲ ਕਰਨ ਵਿੱਚ ਹੀ ਜੁੱਟੇ ਹੋਏ ਹਨ। ਜੁੱਟੇ ਹੋਏ ਤੋਂ ਭਾਵ ਹੈ ਕਿ ਦੇਖਣ ਨੂੰ ਸਿੱਖੀ ਸਰੂਪ ਹੈ ਪਰ ਕਰਮ ਬ੍ਰਾਹਮਣਵਾਦ ਨੂੰ ਬੜ੍ਹਾਵਾ ਦੇਣ ਵਾਲ਼ੇ ਹੀ ਹਨ ਜਿਸ ਨਾਲ਼ ਬ੍ਰਾਹਮਣਵਾਦ ਦੀ ਸਿੱਖਾਂ ਨੂੰ ਪਾਈ ਗਲ਼ਵੱਕੜੀ ਦਿਨੋ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੱਚੀਆਂ ਬਾਣੀਆਂ ਦੀ ਵਿਚਾਰਧਾਰਾ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਲੰਬੇ ਸਮੇਂ ਤੋਂ ਆਪਣਾ ਦਖ਼ਲ ਦੇ ਚੁੱਕੀ ਹੈ।

ਬਹੁ ਗਿਣਤੀ ਸਿੱਖ, ਬ੍ਰਾਹਮਣਵਾਦ ਨਾਲ਼ ਮਿਲ਼ਗੋਭਾ ਹੋਇਆ ਨਿੱਤ-ਨੇਮ ਅਤੇ ਮਿਲ਼ਗੋਭਾ ਬਣਾਈ ਅਰਦਾਸਿ ਰਾਹੀਂ, ਪਿਛਲੇ 70 ਸਾਲਾਂ ਤੋਂ ਬ੍ਰਹਾਮਣਵਾਦ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਜਕੜੇ ਜਾ ਚੁੱਕੇ ਹਨ। ਇਹ ਸਥਿੱਤੀ ਤਾਂ ਉਨ੍ਹਾਂ ਤੋਤਿਆਂ ਵਾਲੀ ਹੈ ਜੋ ਜਾਲ਼ ਵਿੱਚ ਫਸੇ ਹੋਏ ਉੱਡਦੇ ਜਾ ਰਹੇ ਹਨ ਪਰ ਇਹ ਕਹਿਣੋ ਫਿਰ ਵੀ ਨਹੀਂ ਹਟਦੇ ਕਿ ਉਹ ਆਜ਼ਾਦ ਹਨ ਕਿਉਂਕਿ ਉਨ੍ਹਾਂ ਨੂੰ ਇਹ ਰਟਾਇਆ ਗਿਆ ਹੈ - ਸ਼ਿਕਾਰੀ ਆਏਗਾ, ਦਾਣਾ ਪਾਏਗਾ ਹਮ ਦਾਣਾ ਖਾਏਂਗੇ ਨਹੀਂ ਅਤੇ ਜਾਲ਼ ਵਿੱਚ ਫਸਾਂਗੇ ਨਹੀਂ।

ਕਵੀ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਗ੍ਰੰਥ ਨੇ ਦਸਵੇਂ ਪਾਤਿਸ਼ਾਹ ਨੂੰ ਕਿਵੇਂ ਦੁਰਗਾ ਦੇਵੀ ਦੇ ਪੁਜਾਰੀ ਸਿੱਧ ਕਰਨ ਦੀ ਮਨਮਤਿ ਕੀਤੀ ਹੈ, ਇਸ ਸੰਬੰਧੀ ਖ਼ਾਲਸਾ ਨਿਊਜ਼ ਰਾਹੀਂ ਸੁਚੇਤ ਕੀਤਾ ਗਿਆ ਸੀ ਕਿ ਇਹ ਬ੍ਰਾਹਮਣਵਾਦੀ ਗ੍ਰੰਥ ਸਿੱਖੀ ਦਾ ਹਿੱਸਾ ਨਹੀਂ ਸੀ, ਪਰ ਸਿੱਖਾਂ ਨੇ ਇਸ ਨੂੰ ਫਿਰ ਵੀ ਅਪਨਾਇਆ ਹੋਇਆ ਹੈ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top