Share on Facebook

Main News Page

☢️ਬਾਦਲ ਵਹੀ ਖਾਤਾ - 1 📋
ਪ੍ਰਕਾਸ਼ ਸਿੰਘ ਬਾਦਲ: “........ਜਨਮੁ ਜੂਐ ਹਾਰਿਆ॥”

-: ਗੁਰਤੇਜ ਸਿੰਘ, 04/05/2023
#KhalsaNews #ParkashSinghBadal #List_of_ill_doings

>>> ਇਸ ਲੇਖ ਦਾ ਅਗਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ। <<<

🔸1947 ਤੋਂ ਪਹਿਲਾਂ ਹੀ ਸਿੱਖਾਂ ਦੇ ਮੋਢਿਆਂ ਉੱਤੇ ਵੱਖਵਾਦ, ਖ਼ਾਲਿਸਤਾਨ ਆਦਿ ਦਾ ਜੂਲਾ ਰੱਖ ਕੇ ਇਹਨਾਂ ਨੂੰ ਹਤਾਸ਼, ਬਦਨਾਮ ਕਰ ਕੇ ਸਿੱਖੀ ਤੋਂ ਥਿੜਕਾਉਣ ਦਾ ਬਾਨ੍ਹਣੂੰ ਬੰਨ੍ਹਿਆ ਜਾ ਚੁੱਕਾ ਸੀ। ਮੋਹਨ ਦਾਸ ਕਰਮ ਚੰਦ ਗਾਂਧੀ ਦੀਆਂ ਪ੍ਰਾਰਥਨਾ ਸਭਾਵਾਂ ਦੀਆਂ ਤਕਰੀਰਾਂ, ਹਿੰਦੂ ਕੌਂਗਰਸ ਦੇ ਪੰਜਾਬ ਵਿੱਚ ਸਿੱਖ-ਮੁਸਲਿਮ ਫ਼ਸਾਦ ਕਰਵਾਉਣ ਦੇ ਕੋਝੇ ਯਤਨ, ਅਕਾਲੀ ਨੁਮਾਇੰਦੇ ਹੁਕਮ ਸਿੰਘ ਦੇ ਪੋਲ-ਖੋਲ੍ਹ ਬੋਲ, ਪਟੇਲ ਦੀ ਖੰਡ-ਵਲ੍ਹੇਟੀ ਜ਼ਹਿਰ ਦੇ ਪ੍ਰਗਟਾਵੇ, ਨਹਿਰੂ ਦੀਆਂ ਮੱਕਾਰੀ ਭਰੀਆਂ ਟਿੱਪਣੀਆਂ, ਪੰਜਾਬੀ ਸੂਬੇ ਦਾ ਵਿਰੋਧ, ਜਨ-ਤਬਾਦਲਾ ਨਾ ਕਰਨਾ, ਉੱਜੜ ਕੇ ਆਇਆਂ ਦੀਆਂ ਜ਼ਮੀਨਾਂ ਉੱਤੇ 90 ਫ਼ੀਸਦੀ ਕੱਟ ਲਗਾਉਣਾ, ਜ਼ਰਾਇਮ-ਪੇਸ਼ਾ ਗਰਦਾਨਦਾ ਗਸ਼ਤੀ-ਪੱਤਰ ਜਾਰੀ ਕਰਨਾ, ਹਰ ਹਿੰਦੂਤਵੀ ਦਾ ਆਪਣੇ-ਆਪ ਨੂੰ ਹਾਕਮ ਅਤੇ ਸਿੱਖਾਂ ਨੂੰ ਪਰਜਾ ਸਮਝਣਾ, ਉੱਜੜ ਕੇ ਆਏ ਸਿੱਖਾਂ ਨੂੰ ਕੇਵਲ ਪੰਜਾਬ ਵਿੱਚ ਵਸਾਉਣਾ ਆਦਿ-ਆਦਿ ਦੱਸਦੇ ਹਨ ਕਿ ਸਿਆਸੀ ਹਿੰਦੂ ਦੇ ਮਨ ਵਿੱਚ ਸਿੱਖਾਂ ਲਈ ਡੂੰਘੀ, ਅਮੁੱਕ ਨਫ਼ਰਤ ਸੀ।

🔹ਏਸ “ਨਿਰਾਪਰਾਧ ਚਿਤਵਹਿ ਬੁਰਿਆਈ” ਦਾ ਅੰਤਮ ਨਿਸ਼ਾਨਾ ਉਹੀ ਸੀ ਜੋ ਡੀ. ਪੈਟਰੀ, ਡਿਪਟੀ ਡਾਇਰੈਕਟਰ, ਕੇਂਦਰੀ ਖ਼ੁਫ਼ੀਆ ਤੰਤਰ ਨੇ ਬੁੱਝ ਕੇ 1911 ਵਿੱਚ ਲਿਖੀ ਆਪਣੀ ਵੱਡ-ਆਕਾਰੀ ਰਪਟ ਵਿੱਚ ਦੱਸਿਆ ਸੀ। ਸਿੱਖੀ ਦੀ ਰੀਤ, ਖ਼ਾਲਸਾ ਰਹਿਤ ਦਾ ਭੋਗ ਪਾ ਕੇ, ਜਾਤ-ਪਾਤੀ ਸਮਾਜ ਤੋਂ ਬਾਹਰ ਦੇ ਸਿੱਖ ਸਮਾਜ ਨੂੰ ਨੇਸਤੋ-ਨਾਬੂਦ ਕਰ ਕੇ, ਸਿੱਖਾਂ ਨੂੰ ਸ਼ੂਦਰਾਂ ਵਿੱਚ ਸ਼ੁਮਾਰ ਕਰ ਕੇ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਣਾ ਹਿੰਦੂਤਵੀ ਮਨ ਨੂੰ ਭਾਅ ਰਿਹਾ ਸੀ।

🔸ਆਪਣੀ ਸੱਭਿਅਤਾ ਦੀ ਅਸ਼ਟਬਕਰੀ ਰੀਤ ਅਨੁਸਾਰ ਏਸ ਨਿਸ਼ਾਨੇ ਨੂੰ ਅੰਜਾਮ ਦੇਣ ਲਈ ਉਹਨਾਂ ਨੇ ਸਿੱਖਾਂ ਨੂੰ ਸਦਾ ਲਈ ਖ਼ਾਲਿਸਤਾਨੀ, ਵੱਖਵਾਦੀ ਪ੍ਰਚਾਰ ਕੇ ਸਥਾਈ ਸੱਭਿਆਚਾਰਕ ਬਹੁਗਿਣਤੀ ਦੇ ਬਲਬੂਤੇ ਸਿੱਖ ਸਮਾਜ ਨੂੰ ਨਿਸੱਤਾ ਕਰ ਦੇਣ ਦਾ ਰਾਹ ਚੁਣਿਆ। ਅਕਾਲੀਆਂ ਦੀ ਸਹਿਮਤੀ ਨਾਲ, ਵਿਧਾਨ ਘਾੜਨੀ ਸਭਾ ਵਿੱਚ, ਗਿਆਨੀ ਕਰਤਾਰ ਸਿੰਘ ਨੇ ਪ੍ਰਸਤਾਵ ਪੇਸ਼ ਕੀਤਾ ਕਿ ‘ਜਾਂ ਤਾਂ ਸਾਰੇ ਪੰਜਾਬ ਨੂੰ ਬੋਲੀ ਦੇ ਆਧਾਰ ਉੱਤੇ ਪੰਜਾਬੀ ਸੂਬਾ ਗਰਦਾਨ ਦਿੱਤਾ ਜਾਵੇ ਜਾਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਇਕੱਠੇ ਕਰ ਕੇ ਸੂਬਾਈ ਸ਼ਕਲ ਦੇ ਦਿੱਤੀ ਜਾਵੇ।’

🔹ਅਜਿਹੇ ਸੂਬੇ ਵਿੱਚ ਸਿੱਖਾਂ ਨੇ ਘੱਟ ਗਿਣਤੀ ਵਿੱਚ ਹੋਣਾ ਸੀ ਪਰ ਅਜਿਹਾ ਕਰਨ ਨਾਲ ਸਿੱਖਾਂ ਦਾ “ਸਭੁ ਕੋ ਮੀਤੁ ਹਮ ਆਪਨ ਕੀਨਾ” ਦੀ ਨੀਤੀ ਉੱਤੇ ਅਡਿੱਗ ਰਹਿਣ ਦਾ ਗੌਰਵਮਈ ਖਾਸਾ ਗੱਜ-ਵੱਜ ਕੇ ਪ੍ਰਗਟ ਹੋਣਾ ਸੀ ਅਤੇ ਸਿੱਖਾਂ ਵਿਰੁੱਧ ਨਫ਼ਰਤ ਨੂੰ, ਸਦੀਵੀ ਤੌਰ ਉੱਤੇ ਹਿੰਦੂ ਸਮਾਜ ਨੂੰ ਜੋੜਨ ਵਾਸਤੇ, ਗੂੰਦ ਦੇ ਤੌਰ ਉੱਤੇ ਵਰਤਣ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣੀਆਂ ਸਨ। ਮਾਸਟਰ ਤਾਰਾ ਸਿੰਘ ਦੀ ‘ਪੰਥ ਆਜ਼ਾਦ ਦੇਸ਼ ਆਜ਼ਾਦ’ ਦੀ ਨੀਤੀ ਸਿਆਸਤਦਾਨਾਂ ਨੂੰ ਸੁਖਾਉਂਦੀ ਨਹੀਂ ਸੀ ਕਿਉਂਕਿ ਏਸ ਵਿੱਚ ਕੋਈ ਤੇੜ ਨਹੀਂ ਸੀ ਜਿਸ ਵਿੱਚ ਹਿੰਦੂਤਵੀ ਫਾਨਾ ਲਾ ਕੇ ਪੰਜਾਬੀ ਸਮਾਜ ਨੂੰ ਦੋਫਾੜ ਕਰ ਸਕਦੇ।

🔸ਇਹਨਾਂ ਨੂੰ ਲੋੜ ਸੀ ਇੱਕ ਐਸੇ ਸਿੱਖ ਆਗੂ ਦੀ ਜਿਹੜਾ ਅਜਿਹੀਆਂ ਬਾਰੀਕੀਆਂ ਨੂੰ ਸਮਝਦਾ ਨਾ ਹੋਵੇ ਜਾਂ ਨਿੱਜੀ ਸ਼ੁਹਰਤ ਆਦਿ ਹਿਤਾਂ ਖ਼ਾਤਰ ਨਜ਼ਰ-ਅੰਦਾਜ਼ ਕਰ ਸਕੇ। ਗੁਣਾ ਪਿਆ ਬੁੱਢਾ ਜੌਹੜ ਦੇ ਮਹੰਤ ਫ਼ਤਹਿ ਸਿੰਘ ਉੱਤੇ, ਜਿਸ ਨੇ ਹਾਸਲ ਹੀ ਹਾਸਲ ਕਰਨਾ ਸੀ; ਗਵਾਉਣ ਲਈ ਜਿਸ ਕੋਲ ਕੁਝ ਨਹੀਂ ਸੀ; ਨਾ ਹੀ ਜਿਸ ਦੀਆਂ ਜੜ੍ਹਾਂ ਧਰਤੀ ਉੱਤੇ ਲੱਗੀਆਂ ਸਨ। ਓਸ ਦੇ ਥਾਪੇ ਪਹਿਲੇ ਮੁੱਖ ਮੰਤਰੀ ਵੀ ਪੰਜਾਬ ਦੇ ਹਿਤਾਂ ਨੂੰ, ਸਿੱਖਾਂ ਦੇ ਹੱਕਾਂ ਨੂੰ ਤਿਆਗਣ ਲਈ ਤਿਆਰ ਨਹੀਂ ਸਨ। ਕੇਂਦਰ ਦੀ ਫ਼ਿਰਕੂ ਨੀਤੀ ਲਾਗੂ ਕਰਨ ਵਿੱਚ ਸਹਾਇਤਾ ਕਰਨ ਲਈ ਆਖ਼ਰ ਉਨ੍ਹਾਂ ਨੂੰ ਬਾਦਲ ਪਿੰਡ ਦਾ ਪ੍ਰਕਾਸ਼ ਸਿੰਘ ਮਿਲ ਗਿਆ ਜਿਹੜਾ ਬੇਕਿਰਕ ਹੋ ਕੇ ਏਸ ਨੀਤੀ ਨੂੰ ਲਾਗੂ ਕਰਨ ਲਈ ਚੋਰ ਨਾਲੋਂ ਪੰਡ ਕਾਹਲੀ ਕਹਾਵਤ ਮੂਜਬ ਤਤਪਰ ਸੀ। ਸ਼ਰਤ ਸਿਰਫ਼ ਇਹ ਸੀ ਕਿ ਓਸ ਨੂੰ ਸਿਆਸੀ ਸੱਤਾ ਉੱਤੇ ਕਾਇਮ ਰੱਖਿਆ ਜਾਵੇ ਅਤੇ ਸਰਕਾਰੀ ਖ਼ਜ਼ਾਨੇ ਸਮੇਤ ਹੋਰ ਲੁੱਟ-ਮਾਰ ਕਰਨ ਦੀ ਮੁਕੰਮਲ ਖੁੱਲ੍ਹ ਹੋਵੇ।

🔹ਲੁੱਟਿਆ ਪੰਜਾਬ ਜਾਣਾ ਸੀ, ਦੁਸ਼ਵਾਰੀ ਪੰਜਾਬੀਆਂ ਨੇ ਹੰਢਾਉਣੀ ਸੀ, ਖ਼ਾਤਮਾ ਖ਼ਾਲਸਾ ਰਹਿਤ ਅਤੇ ਦਰਸ਼ਨ ਦਾ ਹੋਣਾ ਸੀ। ਕੇਂਦਰੀ ਤਾਕਤਾਂ ਨੇ ਇਹ ਸੌਦਾ ਲਾਹੇਵੰਦ ਸਮਝ ਕੇ ਸਿਆਸੀ ਫ਼ਿਜ਼ਾ ਵਿੱਚ ਠੇਲ੍ਹ ਦਿੱਤਾ। ਸਬੂਤ ਲੱਭਣ ਵਾਲੇ 1970 ਦੇ ਪੰਜਾਬ ਬਨਾਮ ਅੱਜ ਦੇ ਪੰਜਾਬ; 1970 ਵਾਲੇ ਪ੍ਰਕਾਸ਼ ਸਿੰਘ ਬਨਾਮ 2023 ਦੇ ਬਾਦਲ ਪਰਿਵਾਰ ਦੇ ਅਸਾਸਿਆਂ ਦਾ ਅੰਦਾਜ਼ਾ ਲਗਾ ਕੇ ਏਸ ਜ਼ਮੀਨਦੋਜ਼ ਡੂੰਘੀ ਸਿਆਸੀ ਚਾਲ ਨੂੰ ਪਛਾਣ ਕੇ ਸਹੀ ਮੁਲਾਂਕਣ ਕਰ ਸਕਦੇ ਹਨ।

🔸ਉਪਰੋਕਤ ਪਿੱਠ-ਭੂਮੀ ਨੂੰ ਉਸਾਰ ਕੇ ਹੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸੰਦਰਭ ਨੂੰ ਸਮਝਣ ਵਾਲਾ ਓਸ ਦੇ ਸਿੱਖੀ, ਪੰਜਾਬ ਅਤੇ ਹਿੰਦ ਦੇ ਸਮਾਜ ਦੀ ਬਿਹਤਰੀ ਜਾਂ ਬਰਬਾਦੀ ਲਈ ਪਾਏ ਯੋਗਦਾਨ ਦਾ ਸਹੀ ਮੁਲਾਂਕਣ ਕਰ ਸਕਦਾ ਹੈ।

ਮੁਲਾਂਕਣ ਕਰਨ ਲਈ ਏਸ ਅਟੱਲ ਸੱਚਾਈ ਦਾ ਵੀ ਖਿਆਲ ਰੱਖਣਾ ਪਵੇਗਾ ਕਿ ਹਿੰਦੀ ਜਾਤ-ਪਾਤ ਦੀ ਦਹਿਸਦੀਆਂ ਦੀ ਚੜ੍ਹਤ ਨੂੰ ਠੱਲ੍ਹ ਪਾਉਣ ਲਈ ਕੇਵਲ ਅਤੇ ਕੇਵਲ ਸਿੱਖੀ-ਦਰਸ਼ਨ ਹੀ ਰਾਮਬਾਣ ਸਾਬਤ ਹੋ ਸਕਦਾ ਹੈ। ਇਵੇਂ ਸੰਸਾਰ ਵਿੱਚ ਪ੍ਰਚੱਲਤ ਹਰ ਸਿਆਸੀ ਦਰਸ਼ਨ ਦਾ ਮੂੰਹ ਕਾਲਾ ਹੋ ਜਾਣ ਤੋਂ ਬਾਅਦ ਸਰਬੱਤ ਦੇ ਭਲ਼ੇ, “ਸਭੇ ਸਾਂਝੀਵਾਲ ਸਦਾਇਨਿ”, “ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ” ਅਤੇ ਅਸੀਮ ਮਨੁੱਖੀ ਤਰੱਕੀ ਉੱਤੇ ਪਹਿਰਾ ਦੇਣ ਵਾਲਾ ਸਿੱਖ ਸਿਆਸੀ ਦਰਸ਼ਨ ਹੀ ਜਗਤ-ਕਲਿਆਣ ਕਰ ਸਕਦਾ ਹੈ।

🔸ਓਸ ਵੇਲੇ ਚਉਪੜ ਵਿਛ ਚੁੱਕੀ ਸੀ, ਸਦੀਆਂ ਦੀ ਗ਼ੁਲਾਮੀ ਤੋਂ ਬਾਅਦ ਹਿੰਦੀ ਆਤਮਾ "ਅਸਮਾਨਿ ਕਿਆੜਾ ਛਿਕਿਓਨੁ" ਲਈ ਪਰ ਤੋਲ ਰਹੀ ਸੀ। ਓਸ ਵੇਲੇ ਏਸ ਨੂੰ ਸੱਚ ਨਹੀਂ ਸਗੋਂ ਕੂੜ ਉੱਤੇ ਇਮਾਨ ਰੱਖਣ ਵਾਲੇ ਆਗੂ ਮਿਲੇ ਜਿਨ੍ਹਾਂ ਨੇ ਇਹਨਾਂ ਦੇ ਭਵਿੱਖ ਦੀ ਝੋਲ਼ੀ ਸਦੀਆਂ ਦਾ ਭੰਬਲਭੂਸਾ ਪਾਇਆ। ਉਹਨਾਂ ਨੂੰ ਸੋਚ ਪੱਖੋਂ ਆਪਣਾ ਹਮ-ਰਕਾਬ ਸਿੱਖ ਆਗੂ ਚਾਹੀਦਾ ਸੀ ਜੋ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਰੂਪ ਵਿੱਚ ਮਿਲਿਆ। ਜਿਵੇਂ ਉਹ ਹਿੰਦੂ ਨਹੀਂ ਮਹਿਜ਼ ਸ਼ਾਕਤ ਸਨ, ਇਵੇਂ ਹੀ ਇਹ ਵੀ ਸਿੱਖ ਨਹੀਂ ਕੇਵਲ ਮਾਇਆਧਾਰੀ ਸੀ। ਲੰਡਿਆਂ ਨੂੰ ਬੁੱਚਾ ਮਿਲ ਗਿਆ।

🔹ਜੋ ਏਸ ਨਾਪਾਕ ਗੱਠਜੋੜ ਨੇ ‘ਛਾਣ ਕੇ ਖੇਹ ਉਡਾਈ’, ਓਸ ਦੇ ਅਨੇਕਾਂ ਪਹਿਲੂ ਹਨ। ਪੰਜਾਬ ਦੀ ਜਵਾਨੀ ਦਾ ਘਾਣ ਬਾਦਲ ਨੇ ਕਈ ਪੱਖਾਂ ਤੋਂ ਲਾਹੇਵੰਦ ਜਾਣ ਕੇ ਆਪਣੇ ‘ਰਾਜ ਭਾਗ’ ਦੌਰਾਨ ਨਿਰੰਤਰ ਜਾਰੀ ਰੱਖਿਆ। ਸਿੱਖੀ ਦੀ ਪਾਣ ਵਾਲੇ, ਸਰਬੱਤ ਦੇ ਭਲ਼ੇ ਨੂੰ ਪ੍ਰਣਾਏ ਸਾਫ਼-ਦਿਲ ਨੌਜਵਾਨ ਏਸ ਨੇ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਪਾਏ। ਅੰਮ੍ਰਿਤਧਾਰੀ, ਨਿੱਤਨੇਮੀ ਬਾਬਾ ਬੂਝਾ ਸਿੰਘ ਨੂੰ ਵੀ ਨਾ ਬਖ਼ਸ਼ਿਆ। ਜਿਹੜੇ ਬਚ ਰਹੇ ਉਹ ਏਸ ਤੋਂ ਵੇਰ੍ਹ ਕੇ। ਬੰਗਾਲ ਨੇ ਸਾਰਾ ਜ਼ੋਰ ਆਪਣੇ ਬੱਚਿਆਂ ਨੂੰ ਬਚਾਉਣ ਉੱਤੇ ਲਾਇਆ। ਕਈਆਂ ਨੂੰ ਹੋੜ ਕੇ, ਮੋੜ ਕੇ ਚੰਗੇ ਸ਼ਹਿਰੀ ਬਣਾਇਆ। ਕੁਝ ਕੁ ਨੂੰ ਆਈ.ਏ.ਐਸ. ਵਿੱਚ ਜਜ਼ਬ ਕੀਤਾ, ਬਹੁਤਿਆਂ ਨੂੰ ਨੀਮ ਫ਼ੌਜੀ ਬਲ਼ਾਂ ਆਦਿ ਵਿੱਚ ਭਰਤੀ ਕਰ ਲਿਆ। ਦੂਜੇ ਸੂਬਿਆਂ ਨੇ ਆਪਣਿਆਂ ਦਾ ਖ਼ੂਨ ਅਣਸਰਦੇ ਨੂੰ ਡੋਲ੍ਹਿਆ, ‘ਸਾਡੇ’ ਪ੍ਰਕਾਸ਼ ਸਿੰਘ ਨੇ ਬੜੇ ਚਾਅ ਅਤੇ ਹੁਲਾਸ ਨਾਲ।

🔸ਇਸ ਦਾ ਸਬੂਤ ਇਹ ਹੈ ਕਿ ਖ਼ਾੜਕੂ ਲਹਿਰ ਦੇ ਸਿਖ਼ਰ ਸਮੇਂ ਏਸ ਨੇ ਆਪਣੇ ਦਲ ਦੇ ਮੈਂਬਰ ਪਾਰਲੀਮੈਂਟ ਕੋਲੋਂ ਪਾਰਲੀਮੈਂਟ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਵਿੱਚ ਅਖਵਾਇਆ ਕਿ ਸੱਤਾ ਬਾਦਲ ਨੂੰ ਸੌਂਪੀ ਜਾਵੇ ਤਾਂ ਕਿ ਨਕਸਲਬਾੜੀਆਂ ਵਾਂਙੂੰ ਏਸ ਲਹਿਰ ਨੂੰ ਵੀ ਕੁਚਲ ਕੇ ਆਪਣੇ ਜੌਹਰ ਵਿਖਾ ਸਕੇ। ਇਉਂ ਏਸ ਨੇ ਪੰਜਾਬ ਦੀ ਇੱਕ ਹੋਰ ਪੀੜ੍ਹੀ ਨੂੰ ਕਤਲ ਕਰਨ ਦਾ ਬੀੜਾ ਭਰੇ ਦਰਬਾਰ ਚੁੱਕਿਆ। ਜੇ ਓਸ ਵੇਲੇ ਮਾਸਟਰ ਜੀ ਦੀ ਮੱਤ ਵਾਲੇ ਤਾਕਤ ਵਿੱਚ ਹੁੰਦੇ ਤਾਂ ਕਦਾਚਿਤ ਏਸ ਮਰਹਲੇ ਉੱਤੇ ਗੱਲ ਨਾ ਪਹੁੰਚਣ ਦਿੰਦੇ। ਹਿੰਦੂਤਵ ਨੇ ਠੀਕ ਮੋਹਰਾ ਚੁਣਿਆ ਸੀ।

🔹ਪਰ ਏਸ ਤੋਂ ਪਹਿਲਾਂ ਇਹ ਪੁੰਡਰੀ ਅਤੇ ਵਿਸਾਖੀ ਦੇ 17-18 ਕਤਲ ਕਰਵਾ ਚੁੱਕਿਆ ਸੀ। ਉਹਨਾਂ ਵਿੱਚੋਂ ਇੱਕ ਫ਼ੌਜਾ ਸਿੰਘ ਨੂੰ ਮੈਂ ਜਾਣਦਾ ਸਾਂ। ਉਸ ਵਰਗਾ ਨਿਰਛਲ, ਗੁਰੂ ਨੂੰ ਪ੍ਰਣਾਇਆ, ਨਿਰੰਤਰ ਸਿੱਖੀ ਦੇ ਭਲ਼ੇ ਲਈ ਜੂਝਦਾ ਕੋਈ ਦੂਜਾ ਲੱਭਣਾ ਮੁਸ਼ਕਿਲ ਸੀ। ਬਾਕੀ ਦੇ ਵੀ ਇਹੋ ਜਿਹੇ ਹੀ ਜਾਪਦੇ ਹਨ। ਬਤੌਰ ਮੁੱਖ ਮੰਤਰੀ ਓਸ ਨੇ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿੱਚ ਸਿੱਖ-ਵਿਰੋਧੀ ਮੱਤ ਨੂੰ ਪੰਜ ਪਿਆਰਿਆਂ ਦੇ ਮੁਕਾਬਲੇ ‘ਸੱਤ ਸਿਤਾਰੇ’ ਥਾਪਣ ਦੀ ਇਜਾਜ਼ਤ ਦਿੱਤੀ, ਆਪਣੀ ਕਬੀਨਾ ਦੇ ਮੰਤਰੀਆਂ ਨੂੰ ਓਸ ਮੰਦਭਾਗੇ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਇਜਾਜ਼ਤ ਦਿੱਤੀ। ਬਾਦਲ ਮੰਤਰੀ ਮੰਡਲ ਦੇ ਜੀਵਨ ਸਿੰਘ ਉਮਰਾਨੰਗਲ ਨੂੰ ਵੀ ਸਭ ਕਾਸੇ ਉੱਤੇ ਨਜ਼ਰ ਰੱਖਣ ਅਤੇ ਬਲਦੀ ਉੱਤੇ ਤੇਲ ਪਾਉਣ ਵਾਸਤੇ ਦਰਬਾਰ ਸਾਹਿਬ ਤਾਇਨਾਤ ਕੀਤਾ। ਬਾਦਲ ਆਪ ਅੰਮ੍ਰਿਤਸਰ ਦੇ ਸਰਕਾਰੀ ਮਹਿਮਾਨ-ਖਾਨੇ ਬੈਠ ਕੇ ਗਤੀਵਿਧੀਆਂ ਉੱਤੇ ਨਜ਼ਰ ਰੱਖਦਾ ਰਿਹਾ। ਅੰਤ ਬੜੀ ਮੱਕਾਰੀ ਨਾਲ ਖ਼ੁਦ ਦੇ ਬੰਬਈ ਹੋਣ ਦਾ ਪ੍ਰਚਾਰ ਕਰਵਾ ਦਿੱਤਾ।

🔸ਬਾਦਲ ਦੇ ਮੁੱਖ ਮੰਤਰੀ ਬਣਨ ਨਾਲ ਨਿਰੰਕਾਰੀਆਂ ਦੇ ਹੌਂਸਲੇ ਬਹੁਤ ਵੱਧ ਗਏ ਸਨ ਅਤੇ ਇਹਨਾਂ ਦੇ ਟੋਲਿਆਂ ਨੇ ਖ਼ਾਸ ਵਿਉਂਤਬੰਦੀ ਤਹਿਤ ਸਿੱਖ ਦਿੱਖ ਵਾਲ਼ਿਆਂ ਨਾਲ ਬਿਨਾ ਵਜ੍ਹਾ ਝਗੜਾ ਕਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ ― ਠੀਕ ਉਵੇਂ, ਜਿਵੇਂ 2015 ਦੀ ਘੋਰ ਬੇਅਦਬੀ ਤੋਂ ਪਹਿਲਾਂ ਸਿਰਸੇ ਵਾਲਿਆਂ ਨੇ ਹਮਲਾਵਰ ਵਤੀਰਾ, ਪਿੰਡਾਂ ਵਿੱਚ, ਅਖ਼ਤਿਆਰ ਕਰ ਲਿਆ ਸੀ। ਇੱਕ ਐਸੀ ਗੁੰਡਾਗਰਦੀ ਵਿੱਚ ਮੇਰਾ ਵਾਕਫ਼ ਸੁਰਿੰਦਰ ਸਿੰਘ ਇੰਜੀਨੀਅਰ ਕਾਫ਼ੀ ਜ਼ਖ਼ਮੀ ਹੋ ਚੁੱਕਾ ਸੀ। ਓਸ ਦੇ ਆਪਣੇ ਲਹੂ ਨਾਲ ਲਿੱਬੜੇ ਕੱਪੜਿਆਂ ਸਮੇਤ ਮੈਂ ਸੁਰਿੰਦਰ ਸਿੰਘ ਨੂੰ ਬਾਦਲ ਦੇ ਘਰ ਓਸ ਦੇ ਸਾਹਮਣੇ ਪੇਸ਼ ਕਰ ਕੇ ਬੇਨਤੀ ਕਰ ਚੁੱਕਾ ਸੀ ਕਿ ਇਹਨਾਂ ਮੁਜਰਮਾਨਾ ਕਾਰਵਾਈਆਂ ਨੂੰ ਠੱਲ੍ਹ ਪਾਈ ਜਾਵੇ ਪਰ ਬਾਦਲ ਦੇ ਕੰਨ ਉੱਤੇ ਜੂੰ ਨਾ ਸਰਕੀ। ਕੀ ਨਿਰੰਕਾਰੀ ਕਾਂਡ ਪਹਿਲਾਂ ਵਿਉਂਤੇ ਵਰਤਾਰੇ ਦਾ ਹਿੱਸਾ ਸੀ? ਕੀ ਇਹ ਖ਼ਾਲਸਾ ਰਹਿਤ ਅਤੇ ਸਿੱਖੀ ਦੀਆਂ ਜੜ੍ਹਾਂ ਉੱਤੇ ਜਾਣ-ਬੁੱਝ ਕੇ ਕੀਤਾ ਵਾਰ ਸੀ?

📍 ਚੱਲਦਾ.......


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top