Share on Facebook

Main News Page

☢️ਬਾਦਲ ਵਹੀ ਖਾਤਾ - 2 ਤੇ ਆਖਰੀ 📋
ਪ੍ਰਕਾਸ਼ ਸਿੰਘ ਬਾਦਲ: "ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ॥"
-: ਗੁਰਤੇਜ ਸਿੰਘ Ex. IAS
08/05/2023
#KhalsaNews #GurtejSingh #ParkashSinghBadal #List_of_ill_doings

>>> ਇਸ ਲੇਖ ਦਾ ਪਹਿਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ। <<<

👿 ਇੰਦਰਾ ਗਾਂਧੀ ਦੇ ਸਮੇਂ ਨਰਕਧਾਰੀਆਂ ਨੂੰ ਖ਼ਾਸ ਸਰਪ੍ਰਸਤੀ ਮਿਲੀ। ਇਹਨਾਂ ਨੂੰ ਦਿੱਲੀ ਵਿੱਚ ਫ਼ਿਰਕੇ ਦੇ ਘਰ ਆਦਿ ਬਣਾਉਣ ਲਈ ਕੀਮਤੀ ਜ਼ਮੀਨ, ਇਹਨਾਂ ਦੇ ਪ੍ਰਮੁੱਖ ਆਗੂਆਂ ਨੂੰ ਲਾਲ ਡਿਪਲੋਮੈਟਿਕ ਪਾਸਪੋਰਟ, ਇਹਨਾਂ ਦੇ ਨੌਕਰੀਪੇਸ਼ਾ ਅਫ਼ਸਰਾਂ ਦੀ ਖ਼ਾਸ ਸਰਪ੍ਰਸਤੀ ਅਤੇ ਹੋਰ ਸਬੰਧਤ ਸਹੂਲਤਾਂ ਆਦਿ ਦੇ ਕੇ ਹਕੂਮਤ ਦੀ ਨਜ਼ਰੇ-ਇਨਾਇਤ ਦਾ ਖ਼ਾਸ ਹੱਕਦਾਰ ਦਰਸਾਇਆ ਗਿਆ। ਦੇਸ਼-ਵਿਦੇਸ਼ ਇਹਨਾਂ ਦੀ ਭੱਲ ਭਾਰਤੀ ਹਕੂਮਤ ਨੇ ਪੱਬਾਂ ਭਾਰ ਹੋ ਕੇ ਬਣਾਈ। ਸਫ਼ੀਰਾਂ, ਮੁੱਖ ਮੰਤਰੀਆਂ ਆਦਿ ਨੂੰ ਇਹਨਾਂ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੀਆਂ ਖ਼ਾਸ ਹਦਾਇਤਾਂ ਕੀਤੀਆਂ ਗਈਆਂ। 1970 ਦੀਆਂ ਗਰਮੀਆਂ ਵਿੱਚ ਮੈਂ ਇਹਨਾਂ ਦਾ ਇੱਕ ਸਮਾਗਮ ਮਸੂਰੀ ਲਾਇਬ੍ਰੇਰੀ ਪੁਆਇੰਟ ਦੇ ਖੁੱਲ੍ਹੇ ਚੁਰਸਤੇ ਵਿੱਚ ਹੁੰਦਾ ਵੇਖਿਆ। ਨਿਰੰਕਾਰੀ ਆਗੂ ਗੁਰਬਚਨ ਸਿੰਘ ਕੰਡੇ ਦੇ ਇੱਕ ਪੱਲੜੇ ਉੱਤੇ ਬੈਠਾ ਸੀ ਅਤੇ ਦੂਸਰੇ ਪੱਲੜੇ ਉੱਤੇ ਓਸ ਦੀ ਘਰ ਵਾਲੀ। ਕੰਡੇ ਉੱਤੇ ਗੁਰਬਾਣੀ ਦੀ ਤੁਕ “ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ” ਲਿਖ ਕੇ ਨਿਰੰਕਾਰੀ ਨੂੰ ਅਕਾਲ ਪੁਰਖ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।

👉ਇਹ ਲੋਕ ਗੁਰਬਾਣੀ ਦੀ ਗ਼ਲਤ, ਗੁਸਤਾਖ਼ਾਨਾ, ਕਈ ਵਾਰੀ ਨਿਹਾਇਤ ਘਟੀਆ, ਅਸ਼ਲੀਲ ਵਰਤੋਂ ਕਰ ਕੇ ਸਿੱਖ ਪੰਥ, ਗੁਰੂ ਗ੍ਰੰਥ ਦਾ ਜਾਣ-ਬੁੱਝ ਕੇ ਅਪਮਾਨ ਕਰ ਕੇ ਸਿੱਖਾਂ ਨੂੰ ਈਮਾਨ ਤੋਂ ਥਿੜਕਾਉਣ ਦੇ ਜ਼ਰੀਏ ਦੇ ਤੌਰ ਉੱਤੇ ਵਰਤਦੇ ਸਨ। ਐਮਰਜੰਸੀ ਕਾਲ ਵਿੱਚ ਇਹਨਾਂ ਦਾ ਪੰਜਾਬ ਵਿੱਚ ਖ਼ਾਸ ਹੌਂਸਲਾ ਵਧਾਉਣ ਦੇ ਸਿਰਤੋੜ ਯਤਨ ਕੀਤੇ ਗਏ ਸਨ। ਇਉਂ ਦਮਦਮੀ ਟਕਸਾਲ ਨਾਲ ਭੇੜੇ ਦਾ ਮੁੱਢ ਬੰਨ੍ਹਿਆ ਗਿਆ ਸੀ। ਜਨਤਾ ਸਰਕਾਰ ਨੇ ਵੀ ਗਾਂਧੀ ਅਤੇ ਜ਼ੈਲ ਸਿੰਘ ਦੀ ਨੀਤੀ ਨੂੰ ਬਰਕਰਾਰ ਰੱਖਿਆ। ਇਵੇਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਵੀ।

☝️1978 ਵਿੱਚ ਮੁੱਖ ਮੰਤਰੀ ਬਣਦੇ ਸਾਰ ਪ੍ਰਕਾਸ਼ ਸਿੰਘ ਨੇ ਅਗਲੀ ਪਾਰੀ ਦਾ ਫ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਸੀ। ਲੰਮਾ ਸਮਾਂ ‘ਰਾਜ ਭਾਗ’ ਮਾਣਨ ਦੀ ਓਸ ਦੀ ਯੋਜਨਾ ਦੇ ਚਾਰ ਅਹਿਮ ਪਹਿਲੂ ਸਨ। ਪਹਿਲਾ ਸੀ ਆਪਣੇ ਕੱਦ- ਬੁੱਤ ਦੇ ਬਰਾਬਰ ਦੇ ਸਿੱਖ ਆਗੂਆਂ ਦਾ ਘਾਣ ਕਰਨਾ। ਏਸ ਮੰਤਵ-ਪੂਰਤੀ ਦੀ ਪਹਿਲੀ ਕੜੀ ਸੀ ਗੁਰਮੀਤ ਸਿੰਘ ਮੁਕਤਸਰ ਦੀ ਛਾਂਟੀ; ਫੇਰ ਇੱਕ-ਇੱਕ ਕਰ ਕੇ ਤਲਵੰਡੀ, ਟੌਹੜਾ ਦੇ ਸਮਰਥਕਾਂ ਨੂੰ ਅਧੀਨ ਕਰਨਾ ਜਾਂ ਅਕਾਲੀ ਦਲ ਵਿੱਚ ਸੱਤਾਹੀਣ ਕਰ ਦੇਣਾ। ਇਹ ਅਮਲ ਓਸ ਨੇ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ ਵਾਲਿਆਂ ਵਿਰੁੱਧ ਵੀ ਵਰਤਿਆ ਜਿਵੇਂ ਕਿ ਰਵੀਇੰਦਰ ਸਿੰਘ ਵਿਰੁੱਧ। ਜਥੇਦਾਰ ਜਗਦੇਵ ਸਿੰਘ ਤਲਵੰਡੀ ਉੱਤੇ ਸਭ ਤੋਂ ਪਹਿਲਾਂ ਕੁਹਾੜਾ ਚੱਲਿਆ। ਜਸਵਿੰਦਰ ਸਿੰਘ ਬਰਾੜ ਵਰਗੇ ਓਸ ਦੇ ਕੱਟੜ ਹਮਾਇਤੀ ਵੀ ਬਾਦਲ ਦੀ ਵਫ਼ਾਦਾਰੀ ਦੀਆਂ ਸਹੁੰਆਂ ਪਾਉਣ ਲਈ ਤਿਆਰ ਹੋ ਗਏ। ਤਲਵੰਡੀ ਨੂੰ, ਲੁਧਿਆਣਾ ਦੇ ਡੀ.ਸੀ. ਦੀ ਬੇਬੁਨਿਆਦ ਰਪਟ ਨੂੰ ਆਧਾਰ ਬਣਾ, ਕੇ ਅਫ਼ੀਮ ਦਾ ਸਮੱਗਲਰ ਬਦਨਾਮ ਕੀਤਾ ਗਿਆ।

🔸ਤਲਵੰਡੀ ਧੜੇ ਦਾ ਸਫ਼ਾਇਆ ਕਰਨ ਲਈ 1980 ਦੀਆਂ ਚੋਣਾਂ ਹਾਰਨ ਨੂੰ ਵੀ ਸਸਤਾ ਸੌਦਾ ਸਮਝਿਆ ਗਿਆ। ਕਈ ਪੰਥਕ ਲੋਕਾਂ ਦੇ ਹੁਕਮ ਅਨੁਸਾਰ ਮੈਂ ਤਲਵੰਡੀ ਅਤੇ ਬਾਦਲ ਨੂੰ ਆਪਣੇ ਘਰ ਇਕੱਠੀਆਂ ਬਿਠਾਇਆ। ਆਖ਼ਰੀ ਪੜਾਅ ਉੱਤੇ ਤਲਵੰਡੀ ਦੀ ਇਹੋ ਮੰਗ ਸੀ ਕਿ ਅੱਜ ਵੀ ਬਾਦਲ ਉਹਨਾਂ ਨਾਲ ਕੀਤੀ ਵਧੀਕੀ ਤੋਂ ਜਨਤਕ ਤੌਰ ਉੱਤੇ ਨਾਤਾ ਤੋੜ ਲਵੇ। ਬਾਦਲ ਨੇ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਤਲਵੰਡੀ ਦੇ ਬੰਦਿਆਂ ਨੇ ਬਾਦਲ ਦੇ 15 ਤੋਂ ਵੱਧ ਸਿੱਧੇ ਹਰਵਾ ਦਿੱਤੇ ਅਤੇ ਪੰਜਾਬ ਦੀ ਬਦਕਿਸਮਤੀ ਨੂੰ ਕੌਂਗਰਸ ਦਾ ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਿਆ। ਇਉਂ ਪੰਜਾਬ ਦੀ ਮੌਜੂਦਾ ਤ੍ਰਾਸਦੀ ਦਾ ਰਾਹ ਖੁੱਲ੍ਹਿਆ: “ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ। ਬੁਰਾ ਹਾਲ ਹੋਇਆ ਪੰਜਾਬ ਦਾ।” ਸਭ ਕੁਝ ਹੋਇਆ ਵਾਹਦ ਆਗੂ ਦਾ ਕੱਦ-ਬੁੱਤ ਤਰਾਸ਼ਣ ਲਈ।

🔹ਬਾਦਲ ਦੀ ਏਸ ਨੀਤੀ ਦਾ ਆਖ਼ਰੀ ਸ਼ਿਕਾਰ 1999 ਵਿੱਚ ਜਥੇਦਾਰ ਟੌਹੜਾ ਸੀ। ਏਸ ਤੋਂ ਬਾਅਦ ਤਾਂ ‘ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ’ ਦੀ ਧਾਰਨਾ ਨੂੰ ਮੁੱਖ ਰੱਖ ਕੇ ਖੁੱਲ੍ਹ ਖੇਡਿਆ ਗਿਆ।

🔸ਆਪਣੇ-ਆਪ ਨੂੰ ਚਿਰਕਾਲ ਸੱਤਾ ਵਿੱਚ ਰੱਖਣ ਅਤੇ ਪਰਵਾਰ ਨੂੰ ਸਦਾ ਲਈ ਸੱਤਾ ਵਿੱਚ ਰੱਖਣ ਲਈ ਬਾਦਲ-ਨੀਤੀ ਦਾ ਦੂਜਾ ਥੰਮ੍ਹ ਸੀ ਖ਼ਾਲਸਾ ਪੰਥ, ਖ਼ਾਲਸਾ ਰਹਿਤ ਅਤੇ ਸਿੱਖੀ ਦਾ ਘਾਣ ਕਰ ਕੇ ਦੁਸ਼ਮਣ ਜਮਾਤ ਦੀ ਮਿਹਰ ਨਾਲ ਸੱਤਾ ਵਿੱਚ ਟਿਕੇ ਰਹਿਣਾ। ਇਹ ਵਰਤਾਰਾ ਸਿੱਖੀ ਦੀ ਦੁਸ਼ਮਣ ਜਮਾਤ ਦੇ ਸੁਭਾਅ ਦੇ ਐਨ ਅਨੁਕੂਲ ਸੀ।

▪️ ਵੈਸਾਖੀ 1978 ਦੇ ਸ਼ਹੀਦਾਂ ਨੂੰ ਜਾਣ-ਬੁੱਝ ਕੇ ਕਤਲ ਕਰਵਾਉਣਾ;
▪️ ਦੋਸ਼ੀ ਨਿਰੰਕਾਰੀ ਆਗੂਆਂ ਨੂੰ ਬਰੀ ਕਰਵਾਉਣਾ ਅਤੇ ਅਦਾਲਤ ਵਿੱਚ ਅਪੀਲ ਨਾ ਕਰਨੀ;
▪️ 500 ਸਾਲਾਂ ਵਿੱਚ ਸਭ ਤੋਂ ਘਿਨਾਉਣੀ ਹਰਕਤ ਕਰਨ ਵਾਲੇ (ਅੰਮ੍ਰਿਤਸਰ ਵਿੱਚ ‘ਸਿਗਰਟ ਬੀੜੀ ਪੀਏਂਗੇ,
▪️ ਸ਼ਾਨ ਸੇ ਜੀਏਂਗੇ’ ਦੇ ਨਾਅਰਿਆਂ ਨਾਲ ਜਲੂਸ ਕੱਢਣ ਅਤੇ ਰੇਲਵੇ ਸਟੇਸ਼ਨ ’ਤੇ ਗੁਰੂ ਰਾਮਦਾਸ ਜੀ ਦੀ ਫ਼ੋਟੋ ਅਤੇ ਦਰਬਾਰ ਸਾਹਿਬ ਦਾ ਮਾਡਲ ਭੰਨਣ ਵਾਲਾ ਦੁਸ਼ਟ) ਹਰਬੰਸ ਲਾਲ ਖੰਨਾ ਮੈਮੋਰੀਅਲ ਅਤੇ ਬੁੱਤ ਦਾ ਖ਼ੁਦ ਉਦਘਾਟਨ ਕਰਨਾ;
▪️ ਨੂਰ ਮਹਿਲੀਏ ਦੇ ਸਮਾਗਮ ਕਰਵਾਉਣ ਲਈ ਸ਼ਾਂਤਮਈ ਸਿੱਖਾਂ ਉੱਤੇ ਲੁਧਿਆਣੇ ਵਿੱਚ ਗੋਲ਼ੀ ਚਲਵਾਉਣੀ;
▪️ 2015 ਵਿੱਚ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਨੂੰ ਅੰਜਾਮ ਦੇਣਾ;
▪️ 18 ਸਾਲ ਦੇ ਬੱਚੇ ਜਸਪਾਲ ਸਿੰਘ ਚੌੜ ਸਿੱਧਵਾਂ ਦਾ ਗੁਰਦਾਸਪੁਰ ਵਿੱਚ ਕਤਲ ਕਰਵਾਉਣਾ;
▪️ ਨਕੋਦਰ ਗੋਲ਼ੀ ਕਾਂਡ ਅਤੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਕਤਲ ਕਾਂਡ ਦੀ ਰਪਟ ਦਬਾ ਲੈਣੀ ਅਤੇ ਕਾਤਲਾਂ ਦੀ ਪੁਸ਼ਤ-ਪਨਾਹੀ ਕਰਨੀ;
▪️ ਬੱਲਾਂ ਡੇਰੇ ਅਤੇ ਡੇਰਾ ਸਿਰਸਾ ਦੇ ਹਮਾਇਤੀਆਂ ਨੂੰ ਅੱਗਾਂ ਲਗਾਉਂਦਿਆਂ,
▪️ ਕਾਰਾਂ ਭੰਨਦਿਆਂ, ਹੋਰ ਭੰਨ-ਤੋੜ ਕਰਦਿਆਂ ਨੂੰ ਕੈਰੀ ਅੱਖ ਵੀ ਨਾ ਵੇਖਣਾ;
▪️ ਖ਼ਾਸ ਤੌਰ ਉੱਤੇ ਪਿਛਲੀਆਂ ਦੋ ਸਰਕਾਰਾਂ ਸਮੇਂ ਬਜ਼ੁਰਗ ਕਿਰਸਾਨਾਂ, ਅੰਮ੍ਰਿਤਧਾਰੀ ਨੌਜਵਾਨਾਂ ਉੱਤੇ ਬੇਕਿਰਕ ਲਾਠੀਚਾਰਜ ਕਰਨੇ ਅਤੇ ਖ਼ਾਸ ਤੌਰ ਉੱਤੇ ਪੁਲੀਸ ਵੱਲੋਂ ਪੱਗਾਂ ਨੂੰ ਹੱਥ ਪਾਇਆ ਜਾਣਾ ਏਸ ਨੀਤੀ ਦੀਆਂ ਕੁਝ ਨਰਮ ਅਲਾਮਤਾਂ ਹਨ।
▪️ 1975 ਵਿੱਚ ਇੰਦਰਾ ਗਾਂਧੀ ਨਾਲ ਸਮਝੌਤਾ ਕਰ ਕੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੀ ਥਾਂਵੇਂ ਸਿਰਫ਼ ਆਪਣੀ ਸ਼ੁਹਰਤ ਲਈ ਕੌਮ ਨੂੰ ਦਰਬਾਰ ਉੱਤੇ ਹਮਲੇ ਦੇ ਰਾਹ ਤੋਰਨਾ;
▪️ ਸੰਤ ਜਰਨੈਲ ਸਿੰਘ ਨੂੰ ਲਗਾਤਾਰ ਅਕਾਰਣ ਭੰਡ ਕੇ ਓਸ ਨੂੰ ਕਤਲ ਕਰਵਾਉਣ ਲਈ ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ ਤੱਕ ਗੱਲ ਅਪੜਾ ਦੇਣੀ;
▪️ ਸਿੱਖ ਫ਼ੌਜੀਆਂ ਨੂੰ ਬਗ਼ਾਵਤ ਦਾ ਸੱਦਾ ਦੇਣਾ; ਦਿੱਲੀ ਕਤਲੇਆਮ ਦੇ ਮਜ਼ਲੂਮਾਂ ਨੂੰ ਬਣਦਾ ਸਹਾਰਾ ਨਾ ਦੇਣਾ;
▪️ ਸੌਦਾ ਸਾਧ ਤੋਂ ਪੁਸ਼ਾਕ ਵਾਲਾ ਕੇਸ ਵਾਪਸ ਲੈਣਾ; ਉਸ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਵਾਉਣੀ ਅਤੇ ਕਈ ਹੋਰ ਅਜਿਹੀਆਂ ਵੱਡੀਆ ਕਰਤੂਤਾਂ ਹਨ ਜੋ ਦੱਸਦੀਆਂ ਹਨ ਕਿ ਬਾਦਲ ਸਿੱਖੀ ਨੂੰ, ਖ਼ਾਲਸਾ ਰਹਿਤ ਨੂੰ ਅਤੇ ਸਿੱਖ ਪੰਥ ਨੂੰ ਖੱਜਲ-ਖੁਆਰ ਕਰ ਕੇ ਨੇਸਤੋ-ਨਾਬੂਦ ਕਰਨ ਦੇ ਰਾਹ ਤੁਰਿਆ ਹੋਇਆ ਸੀ। ਏਸ ਦਾ ਮਕਸਦ ਸਿੱਖ ਵਿਰੋਧੀ ਤਾਕਤਾਂ ਦੀ ਖੁਸ਼ਨੂਦੀ ਹਾਸਲ ਕਰ ਕੇ ਕੇਵਲ ਆਪਣਾ ਸਵਾਰਥ ਸਿੱਧ ਕਰਨਾ ਸੀ।

🔸ਬਾਦਲ ਦੀ ਪੰਥ ਅਤੇ ਪੰਜਾਬ ਦੀ ਬਰਬਾਦੀ ਲਈ ਘੜੀ ਨੀਤੀ ਦਾ ਤੀਸਰਾ ਥੰਮ੍ਹ ਸੀ ਸਿੱਖ ਵਿੱਦਿਅਕ ਅਦਾਰਿਆਂ, ਸਿੱਖ ਸਿਹਤ ਸੰਸਥਾਵਾਂ, ਧਾਰਮਕ ਸਥਾਨਾਂ, ਗੁਰਦਵਾਰਿਆਂ ਆਦਿ ਦੇ ਬਿਰਦ ਤੋਂ ਥਿੜਕਾ ਕੇ ਉਹਨਾਂ ਨੂੰ ਨਿੱਜੀ ਵਰਤੋਂ ਵਿੱਚ ਲਿਆਉਣਾ। ਕਈ ਗੁਰਦੁਆਰਾ ਕਮੇਟੀਆਂ ਦੀ ਥਾਂਵੇਂ ਟਰਸਟ ਬਣਾ ਕੇ ਆਮਦਨ ਖ਼ੁਰਦ-ਬੁਰਦ ਕਰਨਾ; ਚਹੇਤਿਆਂ ਨੂੰ ਗੁਰਦਵਾਰੇ ਸੌਪਣੇ; ਗੁਰੂ ਕੇ ਲੰਗਰ ਨੂੰ ਸਿਆਸੀ ਹਿਤਾਂ, ਨਿੱਜੀ ਹਿਤਾਂ ਲਈ ਵਰਤਣਾ; ਸੇਵਾਦਾਰਾਂ ਨੂੰ ਸਿਆਸੀ ਇਕੱਠਾਂ ਦਾ ਹਿੱਸਾ ਬਣਾਉਣਾ ਆਦਿ ਤਾਂ ਬੇਹੱਦ ਘਟੀਆ ਪੱਧਰ ਦੀਆਂ ਕਾਰਵਾਈਆਂ ਸਨ। ਏਸ ਤੋਂ ਅਗਾਂਹ ਜਾ ਕੇ ਸੈਰ-ਸਪਾਟੇ ਦੀ ਥਾਂ ਬਣਾ ਕੇ ਦਰਬਾਰ ਸਾਹਿਬ ਦੀ ਰੂਹਾਨੀਅਤ ਨੂੰ ਖੋਰਾ ਲਾਉਣਾ ਸਿਰੇ ਦਾ ਕੁਕਰਮ ਹੈ। ਅੱਜ ਸ਼ਰਧਾਲੂ ਉਚਾਟ, ਅਸ਼ਾਂਤ ਮਨ ਨਾਲ ਹੀ ਸੈਲਾਨੀਆਂ ਦੀ ਗੁਸਤਾਖ਼ ਭੀੜ ਦਾ ਹਿੱਸਾ ਬਣ ਕੇ ਹੀ ਆਪਣੇ ਗੁਰੂ ਦੇ ਦਰਸ਼ਨ ਕਰ ਸਕਦਾ ਹੈ।

🔹ਕਦੇ ਸਮਾਂ ਸੀ ਕਿ ਐੱਮ.ਐੱਸ. ਰੰਧਾਵਾ ਅਤੇ ਪੀ.ਐੱਸ. ਗਿਆਨੀ ਸਮੇਤ ਮੁਕਤਸਰ ਦੇ ਗੁਰਦੁਆਰੇ ਦੇ ਸਕੂਲ ਵਿੱਚ ਪੜ੍ਹ ਕੇ ਤਿੰਨ ਆਈ.ਸੀ.ਐਸ. ਅਫ਼ਸਰ ਬਣੇ ਸਨ। ਅੱਜ ਗੁਰਦਵਾਰਿਆਂ ਨਾਲ ਚੱਲਦੇ ਸਕੂਲਾਂ ਦੀ ਅਤੇ ਆਮ ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਤੋਂ ਸਭ ਜਾਣੂੰ ਹਨ। ਫ਼ਤਹਿਗੜ੍ਹ ਸਾਹਿਬ ਦਾ ਇੰਜੀਨੀਅਰਿੰਗ ਕੌਲਿਜ ਅਤੇ ਕਈ ਹੋਰ ਸਿਰਫ਼ ਅਨਮਤੀਆਂ ਦੀ ਸੇਵਾ ਹਿਤ ਸਿੱਖਾਂ ਦੇ ਦਸਵੰਧ ਦੇ ਖਰਚੇ ਉੱਤੇ ਚੱਲ ਰਹੇ ਹਨ। ਧਰਮ ਦੀ ਜਾਣਕਾਰੀ ਦੇਣ ਦਾ ਕੋਈ ਪ੍ਰਬੰਧ ਨਹੀਂ।

🔸ਚੀਫ਼ ਇਲੈਕਸ਼ਨ ਕਮਿਸ਼ਨਰ ਮਨੋਹਰ ਸਿੰਘ ਗਿੱਲ ਦੇ ਡਾਕਟਰ ਗਰੇਵਾਲ ਦੀ ਕਿਤਾਬ ਲੋਕ-ਅਰਪਣ ਕਰਨ ਦੇ ਮੌਕੇ ਸਮੇਤ ਮੈਂ ਚਾਰ ਵਾਰ ਬਾਦਲ ਦੇ ਮੂੰਹੋਂ ਇਹ ਸੁਣਿਆ, ‘ਮੈਂ ਕਿਤਾਬਾਂ ਨਹੀਂ ਪੜ੍ਹਦਾ। ਕਿਤਾਬਾਂ ਵਿੱਚ ਕੁਝ ਨਹੀਂ ਹੁੰਦਾ। ਜ਼ਿੰਦਗੀ ਨੂੰ ਸਮਝਣ ਲਈ ਲੋਕਾਂ ਵਿੱਚ ਜਾ ਕੇ, ਉਨ੍ਹਾਂ ਦੇ ਨਾਲ ਗੱਲਬਾਤ ਕਰ ਕੇ, ਉਹਨਾਂ ਦੇ ਮੰਜੇ-ਪੀੜ੍ਹੀਆਂ ਉੱਤੇ ਬੈਠ ਕੇ ਗਿਆਨ ਹਾਸਲ ਕਰਨਾ ਚਾਹੀਦਾ ਹੈ।’ ਮਨੁੱਖਤਾ ਦੀ ਤਰੱਕੀ ਦੀ ਕਹਾਣੀ ਸਰਸਰੀ ਤੌਰ ਉੱਤੇ ਜਾਣਨ ਵਾਲਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਇਹ ਗੱਲ ਸੋਚ ਵੀ ਸਕਦਾ ਹੈ ਕਿ ਕਿਤਾਬਾਂ ਨਿਰਾਰਥਕ ਹਨ? ਅਜਿਹੇ ਪ੍ਰਚਾਰ ਦਾ ਕੀ ਮਕਸਦ ਸੀ, ਅਸੀਂ ਸਭ ਜਾਣਦੇ ਹਾਂ।

🔹ਬਾਦਲ ਦੇ ਪਹਿਰੇ ਵਿੱਚ ਗੁਰਬਿਲਾਸ ਪਾਤਸ਼ਾਹੀ ੬ ਅਤੇ ਸਿੱਖ ਇਤਿਹਾਸ (ਹਿੰਦੀ) ਵਰਗੀਆਂ ਘਾਤਕ ਕਿਤਾਬਾਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ। ਸਿੱਖ ਇਤਿਹਾਸ ਖ਼ਾਸ ਤੌਰ ਉੱਤੇ ਗਊ ਖ਼ੇਤਰ (Cow Belt) ਵਿੱਚ ਲੱਖਾਂ ਦੀ ਗਿਣਤੀ ਵਿੱਚ ਵੰਡੀ ਗਈ ਤਾਂ ਕਿ ਸਿੱਖੀ ਵੱਲ ਵਧਦੇ ਲੋਕ-ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇ।

🔸ਗੁਰੂ ਰਾਮਦਾਸ ਮੈਡੀਕਲ ਕੌਲਿਜ ਅਤੇ ਮੀਰੀ ਪੀਰੀ ਕੌਲਿਜ ਲਈ ਸ਼੍ਰੋਮਣੀ ਕਮੇਟੀ ਨੂੰ ਮਿਲਦਾ ਚੜ੍ਹਾਵਾ ਲੋਭੀਆਂ ਦੇ ਖੀਸਿਆਂ ਵਿੱਚ ਪਾਉਣ ਲਈ ਵਰਤੀਂਦਾ ਰਿਹਾ। ਮੈਡੀਕਲ ਕੌਲਿਜ ਦੀਆਂ ਸੀਟਾਂ ਵੇਚਣ ਦਾ ਅਧਿਕਾਰ ਚਹੇਤਿਆਂ ਨੂੰ ਦਿੱਤਾ ਜਾਂਦਾ ਰਿਹਾ; ਝੂਠੇ ਬਿੱਲ ਪੈਂਦੇ ਰਹੇ। ਸਹੀ, ਸਟੀਕ ਜਾਣਕਾਰੀ ਲੈਣ ਦਾ ਚਾਹਵਾਨ ਪ੍ਰਿੰਸੀਪਲ ਰਹੇ ਡੌਕਟਰ ਉਜਾਗਰ ਸਿੰਘ ਧਾਲੀਵਾਲ ਕੋਲ ਪਹੁੰਚ ਕਰ ਸਕਦਾ ਹੈ। ▪️ ਅਜੋਕੀ ਅਫ਼ਸੋਸਨਾਕ ਅਫ਼ਵਾਹ ਹੈ ਕਿ ਕੁਝ ਸ਼ੱਕੀ ਕਿਸਮ ਦੀਆਂ ਕੁੜੀਆਂ ਨੂੰ ਓਥੇ ਬਤੌਰ ਨਰਸਾਂ ਭਰਤੀ ਕੀਤਾ ਹੋਇਆ ਹੈ, ਜਿਵੇਂ ਕਿ ਸ਼੍ਰੋਮਣੀ ਕਮੇਟੀ ਵਿੱਚ ਮੋਟੀ ਤਨਖਾਹ ਉੱਤੇ ਬਾਦਲ ਦਾ ਨਿੱਜੀ ਲੇਖਾਕਾਰ ਰੱਖਿਆ ਹੋਇਆ ਹੈ। ਜਿਨ੍ਹਾਂ ਨੇ ਮਰਹੂਮ ਹਰਚਰਨ ਸਿੰਘ (ਮੁੱਖ ਸਕੱਤਰ) ਨਾਲ ਕਦੇ ਗੱਲਬਾਤ ਕੀਤੀ ਹੈ, ਉਹ ਏਸ ਤੋਂ ਵੀ ਵੱਧ ਜਾਣਕਾਰੀ ਰੱਖਦੇ ਹਨ। ਜਥੇਦਾਰ ਭਾਈ ਰਣਜੀਤ ਸਿੰਘ ਦੇ ਸ਼੍ਰੋਮਣੀ ਕਮੇਟੀ ਦੀਆਂ ਧਾਂਦਲੀਆਂ ਸਬੰਧੀ ਜਾਰੀ ਕੀਤੇ ਵੀਡੀਓ ਅੰਨ੍ਹਿਆਂ ਨੂੰ ਵੀ ਚਾਨਣ ਕਰ ਦਿੰਦੇ ਹਨ।

🔹ਏਸੇ ਬਾਦਲ ਦੇ ਪਹਿਰੇ ਹੇਠ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਧਰਮ ਵਿਰੋਧੀ ਝੂਠ ਘੜ ਕੇ ਪਾਏ ਗਏ। ਗੁਰੂ ਦੀ ਬੇਅਦਬੀ ਦੇ ਅਲਫ਼ਾਜ਼ ਅਤੇ ਗੁਰਬਾਣੀ ਦੀ ਤੋੜ-ਭੰਨ ਸਬੰਧੀ ਕੇਵਲ ਬਲਦੇਵ ਸਿੰਘ ਸਿਰਸਾ ਵੱਲੋ ਨਸ਼ਰ ਕੀਤੀ ਜਾਣਕਾਰੀ ਹੀ ਕਪਾਟ ਖੋਲ੍ਹਣ ਲਈ ਕਾਫ਼ੀ ਹੈ। ਸਿੱਖਾਂ ਵਿੱਚ ਪਤਿਤਪੁਣੇ ਨੂੰ ਰੋਕਣ ਦਾ ਇੰਤਜ਼ਾਮ ਕਰਨ ਲਈ ਕੀਤੀ ਇੱਕ ਕੌਨਫ਼ਰੰਸ ਵਿੱਚ ਮੈਂ ਅਜਿਹੇ ਤੱਥਾਂ ਦੀ ਜਾਣਕਾਰੀ ਦੇ ਕੇ ਆਖਿਆ ਸੀ ਕਿ ‘ਪਤਿਤਪੁਣਾ ਸਾਡੇ ਸਮਿਆਂ ਦੀ ਸਿਆਸੀ ਲੋੜ ਹੈ।’ ਪਰ ਮੇਲੇ ਵਿੱਚ ਚੱਕੀਰਾਹਿਆਂ ਦੀ ਕੌਣ ਸੁਣਦਾ ਹੈ!

🔸ਇਵੇਂ ਹੀ 1945 ਤੋਂ ਸਿੱਖ ਵਿਦਿਆਰਥੀਆਂ ਦੀ ਚੱਲੀ ਆ ਰਹੀ ਨਾਮਵਰ, ਮਾਣਮੱਤੀ ਜਥੇਬੰਦੀ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਸਫ਼ਾ-ਏ-ਹਸਤੀ ਤੋਂ ਮਿਟਾਉਣ ਲਈ ਓਸ ਦੇ ਸ਼ਰੀਕ ਵਜੋਂ ਸਿੱਖ ਰਹਿਤ ਨੂੰ ਤਿਲਾਂਜਲੀ ਦੇ ਚੁੱਕੇ ਨੌਜਵਾਨਾਂ ’ਤੇ ਆਧਾਰਤ ਐੱਸ.ਓ.ਆਈ. (Students Organisation of India) ਦਾ ਗਠਨ ਕਰ ਕੇ ਓਸ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ।

🔹ਬਾਦਲ-ਨੀਤੀ ਦਾ ਚੌਥਾ ਥੰਮ੍ਹ ਸੀ ਆਪਣੇ ਮਾਤਹਿਤਾਂ ਅਤੇ ਕਰਿੰਦਿਆਂ ਨੂੰ ਲੁੱਟ-ਮਾਰ ਦੀ ਖੁੱਲ੍ਹੀ ਛੁੱਟੀ ਦੇਣਾ, ਜਿਸ ਦੇ ਕਈ ਮੁਆਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੋਰ ਵੀ ਆਉਣਗੇ। ਇਉਂ ਕਾਣੇ ਕੀਤਿਆਂ ਰਾਹੀਂ ਰਾਜ ਕਰਨ ਨੂੰ ਸੌਖਾ ਅਤੇ ਪੁਖ਼ਤਾ ਤਰੀਕਾ ਸਮਝਿਆ ਗਿਆ। ਆਖ਼ਰ ਕਬੀਨਾ ਪੱਧਰ ਉੱਤੇ ਕੇਵਲ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਰੱਖ ਕੇ ਏਸ ਨੀਤੀ ਨੂੰ ਪੱਕੇ ਪੈਰੀਂ ਲਾਗੂ ਕੀਤਾ ਗਿਆ।

⚠️ਤੱਥਾਂ ਦੀ ਘਾਟ ਨਹੀਂ, ਸਮਝਣ ਵਾਲਿਆਂ ਦੀ ਘਾਟ ਹੈ। ਜਿਹੜੇ ਬਾਦਲ ਦੇ ਵੈਸਾਖੀ ਕਤਲਾਂ; ▪️ ਹਰਬੰਸ ਲਾਲ ਖੰਨੇ ਦੀ ਪਿੱਠ ਉੱਤੇ ਖੜ੍ਹਨ; ▪️ ਦਰਬਾਰ ਸਾਹਿਬ ਫ਼ੌਜਾਂ ਬੁਲਾਉਣ; ਸੌਦਾ ਸਾਧ ਨਾਲ ਮਿਲ ਕੇ ਘੋਰ ਬੇਅਦਬੀ ਕਰਵਾਉਣ; ▪️ ਪੰਜਾਬੀ ਨੌਜਵਾਨਾਂ ਦੇ ਕਈ ਪੂਰ ਖਪਾਉਣ; ▪️ ਜਥੇਦਾਰ ਅਕਾਲ ਤਖ਼ਤ ਮਨਜੀਤ ਸਿੰਘ ਦੀ ਪੱਗ ਨੂੰ ਹੱਥ ਪਾਉਣ, ਗਾਲ੍ਹਾਂ ਕੱਢਣ; ਬਾਈਕਾਟ ਰਾਹੀਂ ਸਾਲਾਂ-ਬੱਧੀ ਸਿੱਖਾਂ ਨੂੰ ਸਿਆਸਤ ਵਿੱਚੋਂ ਮਨਫ਼ੀ ਕਰਨ; ▪️ ਚਿੱਟੇ ਦੇ ਪਰਸਾਰ ਰਾਹੀਂ ਨਸਲਘਾਤ ਕਰਵਾਉਣ; ▪️ ਪੰਜਾਬ ਦਾ ਪਾਣੀ ਲੁਟਾਉਣ; ਪੁਸ਼ਤਾਂ ਨੂੰ ਅਨਪੜ੍ਹ ਰੱਖਣ; ▪️ ਸ਼੍ਰੋਮਣੀ ਕਮੇਟੀ ਦੀ ਦਸਵੰਧ ਕਈ ਬਹਾਨਿਆਂ ਨਾਲ ਲੁੱਟਣ ਦੀਆਂ ਗਾਥਾਵਾਂ ਨੂੰ ਸੁਣ ਕੇ ਵਿਚਲਿਤ ਨਹੀਂ ਹੁੰਦੇ, ਉਹਨਾਂ ਨੂੰ ਬਾਕੀ ਸਭ ਕੁਤਾਹੀਆਂ ਮਾਮੂਲੀ ਜਾਪਦੀਆਂ ਹੋਣਗੀਆਂ।

ਪਹਾੜਾਂ ਜਿੱਡੇ ਕੁਕਰਮ ਸਭ ਜਾਣਦੇ ਹਨ ਪਰ ਚੁੱਪ ਹਨ।⛔ ਮੈਂ ਵੀ ਕਦੋਂ ਤੱਕ ਪੋਤੜੇ ਫਰੋਲੀ ਜਾਵਾਂਗਾ। ਇਹ ਸਭ ਉਸ ਦਾ ਅੱਧ ਹੀ ਹੈ, ਜੋ ਮੈਂ ਜਾਣਦਾ ਹਾਂ ― ਜੋ ਸਭ ਜਾਣਦੇ ਹਨ ਪਰ ਕਹਿੰਦੇ ਨਹੀਂ। ਹੁਣ ਇੱਕੋ ਕਹਾਣੀ ਹੋਰ ਕਹਿ ਕੇ ਸਮਾਪਤੀ ਕਰਦੇ ਹਾਂ।

☠️ਇੰਦਰਾ ਗਾਂਧੀ ਦੁਬਾਰਾ 1975 ਤੋਂ ਬਾਅਦ ਪ੍ਰਧਾਨ ਮੰਤਰੀ ਬਣੀ ਤਾਂ ਓਸ ਨੇ ਅਕਾਲੀ-ਜਨਤਾ ਸਰਕਾਰ ਨੂੰ ਰਾਤੋ-ਰਾਤ ਡਿਸਮਿਸ ਕਰ ਦਿੱਤਾ; ਮੰਤਰੀਆਂ ਦੇ ਕਮਰਿਆਂ ਨੂੰ ਤਾਲੇ ਲਾ ਦਿੱਤੇ। ਅਗਲੀ ਸਵੇਰ ਮੁੱਖ ਮੰਤਰੀ ਦੀ ਕੋਠੀ ਅਕਾਲੀ ਵਿਧਾਨ ਸਭਾ ਨੁਮਾਇੰਦਿਆਂ ਦੀ ਮਿਲਣੀ ਰੱਖੀ ਗਈ। ਮੈਨੂੰ ਵੀ ਹਾਜ਼ਰ ਹੋਣ ਦਾ ਹੁਕਮ ਕੀਤਾ। ਸਭ ਤੋਂ ਸੁਝਾਅ ਮੰਗੇ। ਆਪਣੀ ਵਾਰੀ ਸਿਰ ਮੈਂ ਦੋ ਸੁਝਾਅ ਦਿੱਤੇ। ਇੱਕ ਸੀ: ਤੁਰੰਤ ਐਲਾਨ ਕਰ ਦਿਓ ਕਿ ਜਿੰਨੇ ਵੀ ਹਰੀਜਨ (ਅੱਜ ਲਫ਼ਜ਼ ਦਲਿਤ ਹੈ) ਮੈਂਬਰ ਅਕਾਲੀ ਟਿਕਟ ਉੱਤੇ ਚੁਣ ਕੇ ਆਉਣਗੇ, ਉਹਨਾਂ ਵਿੱਚੋਂ ਅੱਧਿਆਂ ਨੂੰ ਮੰਤਰੀ ਬਣਾ ਦਿੱਤਾ ਜਾਵੇਗਾ।

✅ਇਹ ਸੁਝਾਅ ਸਿੱਖੀ ਆਸ਼ੇ ਅਨੁਸਾਰ ਸੀ; ਖ਼ਾਲਸੇ ਦੇ ਆਦਰਸ਼ ਅਤੇ ਅਕਾਲ ਪੁਰਖ ਦੇ ਬਿਰਦ ਅਨੁਸਾਰ ਸੀ; “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥” ਜੇ ਲੋਕ ਸੇਵਾ ਦਾ ਆਦਰਸ਼ ਹੁੰਦਾ; ਜੇ ਢੁਕਵਾਂ ਜੁਆਬ ਓਸ ‘ਬੁਢੀ’ ਨੂੰ ਦੇਣਾ ਅਣਖ ਸਮਝਿਆ ਜਾਂਦਾ; ਜੇ ਪੰਜਾਬ, ਹਿੰਦ ਅਤੇ ਸੰਸਾਰ ਦਾ ਭਲਾ ਪ੍ਰਮੁੱਖ ਹੁੰਦਾ ਤਾਂ ਸ਼ਾਇਦ ਇਹ ਸਭ ਤੋਂ ਕੁਦਰਤੀ ਗੱਠਜੋੜ ਦਾ ਸੁਝਾਅ ਮੰਨ ਲਿਆ ਜਾਂਦਾ। ਪਰ ਮਨਸੂਬਾ ਤਾਂ ਮਨੂੰਵਾਦੀਆਂ ਨਾਲ ਸਾਂਝ ਪਾ ਕੇ ਅਕਾਲੀ ਦਲ ਦੇ ਖਾਸੇ ਨੂੰ ਤਲਾਂਜਲੀ ਦੇਣ ਦਾ ਸੀ, ਜੋ 1996 ਵਿੱਚ ਸਿਰੇ ਚਾੜ੍ਹਿਆ ਗਿਆ।

🌐ਜਿਹੜੇ ਅੱਜ ਅਕਾਲੀ ਦਲ ਦਾ ਅਤੇ ਪੰਥ ਦਾ ਭਲ਼ਾ ਲੋਚਦੇ ਹਨ, ਕੀ ਉਹ ਪ੍ਰਕਾਸ਼ ਸਿੰਘ ਬਾਦਲ ਦੇ ਹਸ਼ਰ ਤੋਂ ਸਬਕ ਲੈ ਕੇ ਹੋਰ ਢੁੱਕਵਾਂ ਰਾਹ ਤਲਾਸ਼ਣਗੇ?

☣️ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਵਾਲੇ ਦਿਨ ਦਰਬਾਰ ਸਾਹਿਬ ਦਾ ਮੁੱਖਵਾਕ ਸੀ: “ਧਨਾਸਰੀ ਮਹਲਾ ੫॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ॥੧॥ ਬਿਖਿਆ ਮਹਿ ਕਿਨਹੀ ਤ੍ਰਿਪਤਿ ਨ ਪਾਈ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ॥ਰਹਾਉ॥”

🙏ਮਹਾਂਵਾਕ ਵਿੱਚ ਇਸ਼ਾਰੇ ਹਨ ਕਿ ਪੰਜ ਵਾਰ ਦੇ ਮੁੱਖ ਮੰਤਰੀ ਨੇ ਆਖ਼ਰ ਕਿਵੇਂ ਬਾਜੀ ਹਾਰੀ! ਭਗਤ ਜੀ ਵੀ ਫਰਮਾ ਰਹੇ ਹਨ:

ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ॥੩॥
ਊਚੇ ਮੰਦਰ ਸੁੰਦਰ ਨਾਰੀ॥ ਰਾਮ ਨਾਮ ਬਿਨੁ ਬਾਜੀ ਹਾਰੀ॥੪॥

(ਗੁ. ਗ੍ਰੰ., ਪੰਨਾ 658)

(ਸਮਾਪਤ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top