Share on Facebook

Main News Page

ਘਾਲਿ ਖਾਇ ਕਿਛੁ ਹਥਹੁ ਦੇਇ
-: ਗੁਰਦੇਵ ਸਿੰਘ ਸੱਧੇਵਾਲੀਆ

ਹੱਥੋਂ ਤਾਂ ਉਹੀ ਦੇਵੇਗਾ ਜਿਸ ਦੇ ਕੋਲ ਕੁਝ ਹੋਵੇਗਾ। ਜਿਸ ਦੇ ਹੱਥ ਖੁਦ ਦੇ ਹੀ ਖਾਲੀ ਹਨ ਉਹ ਕੀ ਦੇਵੇਗਾ ਕਿਸੇ ਨੂੰ? ਜਿਹੜਾ ਖੁਦ ਭੁੱਖਾ ਕਿ ਕਦ ਰੋਟੀ ਆਵੇ ਤਾਂ ਖਾਵਾਂ ਉਹ ਕਿਸੇ ਭੁੱਖੇ ਦਾ ਢਿੱਡ ਕਿਥੋਂ ਭਰ ਦਏਗਾ। ਤੇ ਜਿਹੜਾ ਕਿਸੇ ਨੂੰ ਹੱਥੋਂ ਦੇ ਹੀ ਨਹੀਂ ਸਕਦਾ ਉਹ ਰਾਹ ਕਿਵੇ ਪਛਾਣ ਲਏਗਾ। ਤੇ ਰਾਹੋਂ ਖੁੰਝਿਆ ਬ੍ਰਹਮ-ਗਿਆਨੀ ਕਿਵੇਂ ਹੋ ਗਿਆ?

ਨੀਂਹ ਹੀ ਗਲਤ ਰੱਖ ਹੋ ਗਈ ਮੇਰੇ ਤੋਂ। ਮੇਰਾ ਮਕਾਨ ਤਾਹੀਂ ਤਾਂ ਭੁਰ ਰਿਹੈ। ਕਦੇ ਕਿਤੋਂ ਤੇੜ ਪੈ ਜਾਂਦੀ ਕਦੇ ਕਿਤੋਂ ਲੇਅ ਉਖੜ ਜਾਂਦਾ। ਚੰਗੀ ਭਲੀ ਨੀਂਹ ਸੀ ਪੁੱਟ ਕੇ ਹੇਠਾਂ ਪਿੱਲੀਆਂ ਇੱਟਾਂ ਫਸਾ ਦਿੱਤੀਆਂ ਮਕਾਨ ਕੀ ਕਰਦਾ।

ਇਕ ਬੰਦਾ ਲੰਗੋਟੀ ਪਾਈ ਜੰਗਲ ਵਿਚ ਬੈਠਾ ਹੈ ਤੁਸੀਂ ਦੱਸੋ ਉਹ ਕਿਸੇ ਨੂੰ ਕੀ ਦੇ ਦਏਗਾ। ਉਸ ਕੋਲੇ ਤਾਂ ਲੰਗੋਟੀ ਹੀ ਲੰਗੋਟੀ ਹੈ, ਲੰਗੋਟੀ ਦਾ ਕੋਈ ਕੀ ਕਰੇਗਾ। ਕਿਰਤ ਤੋਂ ਬੇਮੁੱਖ ਬੰਦਾ ਲੰਗੋਟੀ ਜੋਗਾ ਹੀ ਤੇ ਹੁੰਦਾ, ਤੇ ਲੰਗੋਟੀ ਕਿਸੇ ਦੇ ਕੋਈ ਕੰਮ ਦੀ ਨਹੀਂ। ਤੇ ਤੁਸੀਂ ਹੈਰਾਨ ਮੱਤ ਹੋਣਾ ਕਿ ਉਸ ਦੀ ਲੰਗੋਟੀ ਵੀ ਅਪਣੀ ਨਹੀਂ! ਉਹ ਤਾਂ ਖੁਦ ਕਿਸੇ ਦਾ ਮੁਥਾਜ ਹੈ ਉਸ ਕੋਲੇ ਦੇਣ ਨੂੰ ਹੈ ਕੀ? ਪਰ ਹੈਰਾਨਗੀ ਦੀ ਗੱਲ ਕਿ ਮੈਂ ਜੀਨ੍ਹਾ ਲੋਕਾਂ ਕੋਲੇ ਜਾ ਕੇ ਦੁੱਧ ਪੁੱਤ ਮੰਗਦਾਂ ਉਨ੍ਹਾਂ ਨੰਗਾਂ ਕੋਲੇ ਨਾ ਦੁੱਧ ਹੈ ਨਾ ਪੁੱਤ? ਉਨ੍ਹਾਂ ਦਾ ਦੁੱਧ ਵੀ ਲੋਕਾਂ ਦਾ ਤੇ ਪੁੱਤ ਵੀ ਲੋਕਾਂ ਦੇ। ਨਾ ਉਹ ਦੁੱਧ ਪੈਦਾ ਕਰ ਸਕਦੇ ਨਾ ਪੁੱਤ। ਦੁੱਧ ਚੜਾਵੇ ਦਾ ਤੇ ਪੁੱਤ ਵੀ ਚੜਾਵੇ ਦੇ! ਰੋਟੀ ਟੁੱਕ ਵੀ ਚੜਾਵੇ ਦਾ। ਉਹ ਤਾਂ ਚਾਹ ਵੀ ਚੜਾਵੇ ਦੀ ਪੀਂਦੇ। ਉਨ੍ਹਾਂ ਦੇ ਚੋਲੇ ਚੜਾਵੇ ਦੇ, ਉਨ੍ਹਾਂ ਦੇ ਠੰਡੇ ਭੋਰਿਆਂ ਦੀ ਹਵਾ ਚੜਾਵੇ ਦੀ, ਉਨ੍ਹਾਂ ਦੀਆਂ ਗੱਡੀਆਂ ਚੜਾਵੇ ਦੀਆਂ, ਗੱਡੀਆਂ ਵਿਚ ਪਿਆ ਤੇਲ ਵੀ ਚੜਾਵੇ ਦਾ, ਇਥੋਂ ਤੱਕ ਕਿ ਹੱਥ ਫੜੀ ਮਾਲਾ ਵੀ ਚੜਾਵੇ ਦੀ!! ਤੁਸੀਂ ਕਹਿੰਨੇ ਉਹ ਨਾਮ ਬੜਾ ਜਪਦੇ ਪਰ ਉਨ੍ਹਾਂ ਕੋਲੇ ਤਾਂ ਨਾਮ ਜਪਣ ਵਾਲੀ ਮਾਲਾ ਵੀ ਅਪਣੀ ਨਹੀਂ? ਉਹ ਤਾਂ ਪੈਰੀ ਪਾਈ ਜੁੱਤੀ ਨਹੀਂ ਖਰੀਦ ਸਕਦਾ ਅਪਣੀ! ਦੱਸੋ ਖਰੀਦ ਸਕਦਾ? ਤੇ ਜਿਸ ਬੰਦੇ ਦੀ ਔਕਾਤ ਜੁੱਤੀ ਖਰੀਦਣ ਜੋਗੀ ਵੀ ਨਹੀਂ ਉਹ ਤੁਹਾਡਾ ਘਰ ਦੁੱਧ-ਪੁੱਤਾਂ ਨਾਲ ਕਿਥੋਂ ਭਰ ਦਊ?

ਸਾਰੀ ਉਮਰ ਚੜਾਵੇ ਤੇ ਪਲਣ ਵਾਲਾ ਸੰਤ ਦੱਸੋ ਤੁਹਾਨੂੰ ਕੀ ਦੇ ਦਏਗਾ? ਤੁਹਾਡੀ ਕੀ ਮੁਰਾਦ ਪੂਰੀ ਕਰ ਦਏਗਾ। ਉਹ ਤਾਂ ਇਕ ਇਕ ਚੀਜ ਦਾ ਮੁਥਾਜ ਹੈ। ਸਿਰ ਵੀ ਦੁਖੇ ਤਾਂ ਗੋਲੀ ਤੁਸੀਂ ਦੇ ਕੇ ਆਉਂਗੇ ਟਾਇਨਲ ਦੀ ਉਸਨੂੰ । ਅਪਾਹਜ ਹੈ ਤੁਹਾਡੇ ਬਿਨਾ ਉਹ। ਯਾਨੀ ਤੁਹਾਡਾ ਮੁਥਾਜ। ਉਹ ਤਾਂ ਤੁਹਾਡਾ ਮੰਗਤਾ ਹੈ ਤੁਸੀਂ ਉਸ ਕੋਲੋਂ ਮੰਗੀ ਜਾਂਦੇ ਹੋਂ। ਮੈਂ ਮੰਗਤੇ ਦਾ ਮੰਗਤਾ ਬਣ ਕੇ ਰਹਿ ਗਿਆ। ਮੇਰਾ ਸਿਰ ਹੀ ਕੰਮ ਕਰਨੋ ਗਿਆ ਕਿ ਮੈਂ ਹੀ ਖੁਦ ਉਸ ਨੂੰ ਸਭ ਚੀਜਾਂ ਮੁਹੱਈਆ ਕਰ ਰਿਹਾ ਹਾਂ, ਲਾਅ ਕੱਪੜਿਆਂ ਤੋਂ ਲੈ ਕੇ ਰੋਟੀਆਂ ਤੱਕ! ਮੇਰੇ ਚੜਾਵੇ ਦੇ ਪਦਾਰਥਾਂ ਉਪਰ ਉਹ ਪਲ ਰਿਹਾ ਹੈ! ਮੈਂ ਦੋ ਦਿਨ ਰੋਟੀ ਨਾ ਖੜਾਂ ਉਸ ਦੀ ਸੰਤ ਗਿਰੀ ਦੇ ਆਨੇ ਨਿਕਲਣ ਵਾਲੇ ਹੋ ਜਾਣ ਪਰ ਮੈਂ ਫਿਰ ਉਸੇ ਕੋਲੋਂ ਹੀ ਮੰਗੀਂ ਜਾ ਰਿਹਾ ਹਾਂ? ਮੰਗਤੇ ਨੂੰ ਸੰਤ ਮੰਨ ਲਿਆ ਮੈਂ। ਉਹ ਮੇਰੇ ਮੂੰਹ ਵਲ ਵੇਖਦਾ ਹੈ ਕੁਝ ਲੈ ਕੇ ਆਇਆ ਕਿ ਨਹੀਂ ਮੈਂ ਉਸ ਦੇ ਮੂੰਹ ਵਲ ਵੇਖੀ ਜਾਂਦਾ ਹਾਂ ਕਿ ਕੋਈ ਬਚਨ ਕਰੇ ਤੇ ਮੇਰਾ ਪਾਰ ਉਤਾਰਾ ਹੋ ਜਾਏ। ਕਿੰਨਾ ਅਜੀਬ ਤਮਾਸ਼ਾ ਹੈ ਜਦ ਦੋ ਮੰਗਤੇ ਇੱਕ ਦੂਏ ਦੇ ਮੂੰਹਾਂ ਵਲ ਵੇਖਦੇ ਹੋਣ?? ਪਰ ਦੋਵਾਂ ਵਿਚੋਂ ਸੰਤ ਮੰਗਤਾ ਸ਼ੈਤਾਨ ਹੈ। ਉਸ ਨੂੰ ਪਤੈ ਕਿ ਝੋਲੀ ਉਸ ਦੀ ਬਿੱਲਕੁਲ ਹੀ ਖਾਲੀ ਹੈ, ਵਿਚ ਕੁਝ ਨਹੀਂ , ਚਾਰ ਦਾਣੇ ਵੀ ਨਹੀਂ ਪਰ ਉਹ ਅਪਣੀ ਸੰਤ ਗਿਰੀ ਹੇਠ ਅਪਣੀਆਂ ਲੀਰਾਂ ਝਾਕਣ ਨਹੀਂ ਦਿੰਦਾ ਤੇ ਇਹੀ ਕਾਰਨ ਹੈ ਕਿ ਦੂਜਾ ਮੰਗਤਾ ਠੱਗਿਆ ਜਾਂਦਾ ਹੈ!! ਹੈਨ ਦੋਨੋਂ ਮੰਗਤੇ! ਨਹੀਂ?

ਤੁਸੀਂ ਆਪ ਤੋਂ ਛੋਟੇ ਮੰਗਤੇ ਅੱਗੇ ਹੱਥ ਫੈਲਾਂਦੇ ਭੁੱਲ ਜਾਂਦੇ ਹੋ ਕਿ ਤੁਸੀਂ ਕੀ ਹੋ? ਦਰਅਸਲ ਸੰਤ ਨਾਲੋਂ ਤੁਹਾਡੇ ਕੋਲੇ ਜਿਆਦਾ ਹੈ, ਪਰ ਤੁਹਾਨੂੰ ਅਪਣੇ ਜਿਆਦੇ ਉਪਰ ਭਰੋਸਾ ਨਹੀਂ। ਨਿਆਣੇ ਤੁਹਾਡੇ ਆਪਣੇ, ਘਰ ਤੁਹਾਡਾ ਆਪਣਾ, ਰੋਟੀ-ਕੱਪੜਾ ਤੁਸੀਂ ਆਪਣਾ ਪਾਉਂਦੇ, ਜਦ ਕਿ ਉਸ ਨੰਗ ਦਾ ਕੁੱਝ ਵੀ ਅਪਣਾ ਨਹੀਂ! ਤੁਸੀਂ ਕੰਮ ਕਰਦੇ ਓ, ਇਹ ਨਿਕੰਮੇ! ਤੁਸੀਂ ਕਿਰਤ ਕਰਦੇ ਓ, ਇਹ ਹੱਡ ਹਰਾਮੀ! ਤੁਸੀਂ ਚੋਲਾ ਸਿੁੳਂਦੇ ਹੋ, ਇਹ ਪਾਉਂਦੇ ਨੇ! ਤਾਂ ਦੱਸੋ ਵੱਡਾ ਕੌਣ ਹੋਇਆ?

ਛਲੋ, ਤੁਸੀਂ ਦੱਸੋ ਸਾਧ ਦਾ ਰੇਸ਼ਮੀ ਚੋਲਾ ਕਿਥੋਂ ਬਣਿਆ? ਉਸ ਆਪ ਬਣਵਾਇਆ? ਕੰਮ ਕਰਕੇ? ਕਿਰਤ ਕਰਕੇ? ਝੋਨਾ ਲਾ ਕੇ, ਜਾਂ ਕਣਕ ਵੱਢ ਕੇ ਜਾਂ ਨੌਕਰੀ ਕਰਕੇ? ਬੇਸ਼ਕ ਤੁਸੀਂ ਵੀ ਮੰਗਤੇ ਬਣ ਕੇ ਜਾਂਦੇ ਹੋ ਸਾਧ ਕੋਲੇ, ਪਰ ਇਥੇ ਤੁਸੀਂ ਸਾਧ ਦੇ ਦਾਤੇ ਹੋ, ਨਾ ਕਿ ਸਾਧ ਤੁਹਾਡਾ ਦਾਤਾ! ਦੇਣ ਵਾਲਾ ਹੀ ਦਾਤਾ ਹੁੰਦਾ ਨਾ! ਤੇ ਦਿੱਤਾ ਕਿੰਨ? ਸਾਧ ਨੇ ਤਾਂ ਤੁਹਾਨੂੰ ਤੁਰਨ ਲੱਗੇ ਮੁੱਠ ਮਿਸ਼ਰੀ ਦੀ ਦਿੱਤੀ ਉਹ ਵੀ ਤੁਹਾਡੀ ਹੀ ਸੀ? ਦੱਸੋ ਤੁਸੀਂ ਨਹੀਂ ਸੀ ਲੈ ਕੇ ਗਏ? ਤੁਹਾਡੀ ਹੀ ਦਿੱਤੀ ਮਿਸ਼ਰੀ ਵਿਚੋਂ ਮੁੱਠ ਤੁਹਾਨੂੰ ਹੀ ਮੋੜਨ ਵਾਲਾ ਤੁਹਾਥੋਂ ਵੱਡਾ ਕਿਵੇਂ ਹੋਇਆ? ਉਹ ਵੱਡਾ ਹੋ ਸਕਦਾ ਹੀ ਨਹੀਂ ਤੁਹਾਡੇ ਤੋਂ, ਕਿਉਂਕਿ ਉਹ ਕਰਦਾ ਹੀ ਕੁੱਝ ਨਹੀਂ ਵੱਡਾ ਕਿਵੇਂ ਹੋ ਜੂ? ਕਿਰਤੀ ਹਮੇਸ਼ਾਂ ਵੱਡਾ ਹੁੰਦਾ ਹੈ, ਨਾ ਕਿ ਵਿਹਲੜ। ਗੁਰਬਾਣੀ ਵੀ ਇਹੀ ਕਹਿੰਦੀ ਕਿ ਘਾਲਿ ਕਰਕੇ ਲੋੜਵੰਦ ਨੂ ਹੱਥੋਂ ਦੇਣ ਵਾਲਾ ਰਾਹ ਪਛਾਣਦਾ ਹੈ। ਘਾਲਿ ਖਾਇ ਕਿਛੁ ਹਥਹੁ ਦੇਇ ॥...

ਜਿਸ ਦਿਨ ਗੱਲ ਮੇਰੇ ਸਮਝ ਪੈ ਗਈ, ਕਿ ਜਿਸ ਕੋਲੋਂ ਮੈਂ ਮੰਗ ਰਿਹਾ ਹਾਂ ਉਹ ਮੰਗਤਾ ਹੈ, ਤੇ ਇਹ ਵੀ ਕਿ ਤੁਹਾਨੂੰ ਮੰਗਤੇ ਨਾਲ ਕੀ ਸਲੂਕ ਕਰਨਾ ਚਾਹੀਦਾ ਉਸੇ ਦਿਨ ਡੇਰੇ ਬੰਦ। ਮੰਗਤਿਆਂ ਚੋਲੇ ਪਾ ਲਏ, ਤੁਸੀਂ ਉਨ੍ਹਾਂ ਦੇ ਪੈਰੀਂ ਡਿੱਗ ਪਏ? ਸੜਕ ਤੇ ਬੈਠਾ ਮੰਗਤਾ ਵੀ ਰੱਬ ਦੇ ਨਾ ਤੇ ਮੰਗਦਾ, ਇਹ ਵੀ ਰੱਬ ਦੇ। ਇਨ੍ਹਾਂ ਮੰਗਤਿਆਂ ਦੇ ਮੰਗਣ ਦੇ ਤਰੀਕੇ ਬੜੇ ਸੂਖਮ ਨੇ, ਜਿਹੜੇ ਮੇਰੀ ਸਮਝ ਨਹੀਂ ਆਉਂਦੇ ਤੇ ਮੈਂ ਕਹਿੰਨਾ ਲੈ ਬਾਬਾ ਜੀ ਕਿਹੜਾ ਕਿਸੇ ਨੂੰ ਕਹਿੰਦੇ ਕਿ ਕੁਝ ਲੈ ਕੇ ਆ, ਇਹ ਤਾਂ ਮੇਰੀ ਹੀ ਸ਼ਰਧਾ ਸੀ! ਇਹ ਉਹ ਕੁੰਡੀਆਂ ਨੇ ਜਿਸ ਵਿਚ ਮੱਛੀਆਂ ਆਪਣੇ ਆਪ ਫਸਦੀਆਂ ਨੇ। ਕੁੰਡੀ ਮੱਛੀ ਨੂੰ ਸੱਦਣ ਥੋੜੋਂ ਜਾਂਦੀ, ਉਹ ਤਾਂ ਮਾਸ ਦਾ ਟੁੱਕੜਾ ਲਾ ਕੇ ਕੇਵਲ ਇੰਤਜਾਰ ਕਰਦੀ। ਸੰਤ ਕਹਿੰਦਾ ਮੈਂ ਕਿਸੇ ਨੂੰ ਸੱਦਣ ਥੋੜੋਂ ਜਾਂਦਾ, ਪਰ ਕੁੰਡੀ ਦਾ ਮੱਲਤਬ ਕੀ ਰਹਿ ਗਿਆ? ਸੰਤ ਦਾ ਚੋਲਾ, ਉਸ ਦੀ ਗੋਲ ਪੱਗ, ਉਸ ਦੇ ਹੱਥ ਮਾਲਾ ਉਸ ਦੇ ਗਲ ਮਾਲਾ ਇਹ ਕੁੰਡੀਆਂ ਨੇ, ਤੇ ਉਸ ਨਾਲ ਮਿੱਠੀ ਅਤੇ ਦਰਗਾਹੀ ਭਾਸ਼ਾ ਦੇ ਪੋਲੇ ਪੋਲੇ ਗੰਡੋਏ ਚੰਬੇੜੇ ਹੋਏ ਨੇ, ਮੱਛੀ ਤਾਂ ਬੁੜਕ ਬੁੜਕ ਪੈਂਦੀ। ਸੰਤ ਨੌ ਨਿੱਧਾਂ ਅਤੇ ਅਠਾਰਾਂ ਸਿੱਧਾਂ ਤਾਂ ਦਿੰਦਾ ਹੀ ਦਿੰਦਾ, ਨਾਲ ਸੱਚਖੰਡ ਦਾ ਸਰਟੀਫਿਕੇਟ ਬੋਨਸ ਵਿੱਚ! ਮੱਛੀ ਦਾ ਆਪਣਾ ਰਸ ਹੈ, ਲਾਲਚ ਹੈ ਤੇ ਲਾਲਚ ਵਿਚ ਹੀ ਮੂੰਹ ਫਸਾ ਬੈਠਦੀ ਹੈ ਤੇ ਨਤੀਜਾ? ਸੰਤ ਗਰ ਵੀ ਲੁੱਟ ਖੜਦਾ ਤੇ ਇਜ਼ਤ ਵੀ!!

ਉਨ੍ਹਾਂ ਨੂੰ ਜਾਪਦਾ ਬਾਬਾ ਜੀ ਮਿਹਰ ਕਰਕੇ ਦੁਗਣਾ ਕਰ ਦੇਣਗੇ, ਘਰ ਭਰ ਦੇਣਗੇ ਤੇ ਲਹਿਰਾਂ ਬਹਿਰਾਂ ਹੋ ਜਾਣਗੀਆਂ। ਮੈਨੂੰ ਆਪਣੀ ਕਿਰਤ ਉਪਰ ਭਰੋਸਾ ਨਹੀਂ ਰਿਹਾ ਤੇ ਜਿੰਨਾ ਮੇਰੇ ਕੋਲ ਸੀ ਉਸ ਵਿਚ ਸੰਤੋਖ ਨਹੀਂ ਰਿਹਾ। ਸੰਤੋਖ ਤੇ ਭਰੋਸਾ ਦੋਵੇਂ ਗਏ ਤੇ ਮੈਂ ਤੁਰ ਪਿਆ ਮੰਗਤਿਆਂ ਦੇ ਡੇਰਿਆਂ ਵਲ, ਕਿ ਉਹ ਲਹਿਰਾਂ ਬਹਿਰਾਂ ਕਰ ਦੇਣਗੇ? ਲਹਿਰਾਂ ਬਹਿਰਾਂ ਦੱਸੋ ਕਿਵੇਂ ਕਰ ਦੇਣਗੇ, ਜਿਹੜੇ ਖੁਦ ਤੁਹਾਡੀਆਂ ਰੋਟੀਆਂ ਤੇ ਪਲ ਰਹੇ ਨੇ। ਨਾਲੇ ਰੱਬ ਕਿਸੇ ਦਲਾਲ ਦੀ ਕਿਉਂ ਮੰਨੇ। ਰੱਬ ਨੂੰ ਲੋੜ ਕੀ ਏ ਉਹ ਵਿਚ ਕਿਸੇ ਦਲਾਲ ਨੂੰ ਪਾਵੇ। ਰੱਬ ਨੇ ਤੁਹਾਡੇ ਨਾਲ ਕੋਈ ਸੌਦਾ ਕਰਨਾ ਕਿ ਉਸ ਨੂੰ ਦਲਾਲ ਚਾਹੀਦਾ? ਤੁਸੀਂ ਕਿਉਂਕਿ ਸੌਦੇ ਕਰਦੇ ਹੋ ਰੱਬ ਨਾਲ, ਇਸ ਲਈ ਤੁਹਾਨੂੰ ਦਲਾਲ ਚਾਹੀਦਾ। ਤੁਸੀਂ ਸੌਦੇਬਾਜੀ ਛੱਡ ਦਿਓ, ਦਲਾਲ ਦੀ ਲੋੜ ਆਪਣੇ ਆਪ ਮੁੱਕ ਜੂ। ਥਾਂ ਥਾਂ ਦਲਾਲਾਂ ਦੀਆਂ ਧਾੜਾਂ ਨੇ, ਕਿਉਂਕਿ ਸੌਦੇਬਾਜੀ ਜੂ ਵੱਧ ਗਈ।

ਬਾਬਾ ਜੀ ਆਪਣਿਆਂ ਤਾਂ ਦਲਾਲਾਂ ਦੇ ਹੱਥ ਹੀ ਵੱਡ ਛੱਡੇ। ਵੱਡੇ ਨਹੀਂ? ਰੋਜ਼ ਆਸਾ ਕੀ ਵਾਰ ਵਿਚ ਵੱਡਦੇ ਹਨ ਤੇ ਉਹ ਵੀ ਸੁੱਚੇ ਮੁੰਹ "ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥..." ਪਰ ਅੱਜ ਉਸੇ ਬਾਬਾ ਜੀ ਦੇ ਘਰ ਹੀ ਦਲਾਲਾਂ ਦੀ ਕੁਰਬਲ ਕੁਰਬਲ ਹੋ ਰਹੀ ਹੈ। ਚੋਲਿਆਂ ਵਾਲੇ ਦਲਾਲ, ਗੋਲ਼ ਪੱਗਾਂ ਵਾਲੇ ਦਲਾਲ, ਭੀੜੀਆਂ ਲੂੰਗੀਆਂ ਵਾਲੇ ਦਲਾਲ, ਗਾਤਰਿਆਂ ਵਾਲੇ ਦਲਾਲ, ਜਗਰਾਤਿਆਂ ਵਾਲੇ ਦਲਾਲ ਤੇ ਇਨ੍ਹਾਂ ਦਲਾਲਾਂ ਦਾਲ ਬਣਾ ਕੇ ਰੱਖ ਦਿੱਤੀ ਬਾਬਾ ਜੀ ਦੇ ਬੱਚਨਾਂ ਦੀ। ਵਿਹਲੀਆਂ ਧਾੜਾਂ ਦੀਆਂ ਧਾੜਾਂ ਟਿੱਡੀ ਦਲ ਵਾਂਗ ਪੈ ਗਈਆਂ ਦਲਾਲਾਂ ਦੀਆਂ ਗੁਰੂ ਨਾਨਕ ਦੀ ਫਸਲ ਨੂੰ? ਗੁਰੂ ਨਾਨਕ ਸਾਹਿਬ ਜੀ ਦੇ ਮਕਾਨ ਦੀ ਤਾਂ ਨੀਂਹ ਹੀ ਕਿਰਤ ਸੀ, ਪਰ ਇਧਰ?

ਪ੍ਰਚਾਰ ਤੋਂ ਵਿਹਲੇ ਹੋ ਕੇ ਆਖਰੀ ਉਮਰੇ ਖੁਦ ਹੱਲ ਦਾ ਮੁੰਨਾ ਫੜਿਆ, ਖੁਦ ਝੋਨੇ ਚੋਂ ਲਦੀਨ ਕੱਢਿਆ, ਠਰੀਆਂ ਰਾਤਾਂ ਨੂੰ ਮੂੰਹੇ ਮੋੜੇ, ਖੁਦ ਕਣਕ ਗਾਹੀ, ਮਲ੍ਹੇ ਵਾਹੇ, ਪਸ਼ੂਆਂ ਲਈ ਪੱਠੇ ਵੱਡੇ, ਪਸ਼ੂਆਂ ਦੀ ਧਾਰ ਕੱਢੀ, ਬਲਦਾਂ ਨੂੰ ਪੇੜੇ ਚਾਰੇ, ਸਵੇਰੇ ਤੜਕਿਓਂ ਪੰਜਾਲੀ ਪਾਈ। ਭਾਦੋਂ ਦੇ ਚਮਾਸੇ, ਹਾੜ ਦੀਆਂ ਧੁੱਪਾਂ, ਪੋਹ-ਮਾਘ ਦੀਆਂ ਠਰੀਆਂ ਰਾਤਾਂ ਬਾਬਾ ਜੀ ਨੇ ਆਪਣੇ ਪਿੰਡੇ ਤੇ ਹੰਡਾਈਆਂ ਖੇਤੀ ਕਰਦਿਆਂ। ਤੇ ਉਸ ਹੱਥੀਂ ਕੀਤੀ ਘਾਲ ਦੇ ਲੰਗਰ ਕਰਤਾਰਪੁਰ ਵਿੱਚ ਚਲੇ।

ਤੇ ਉਧਰ, ਕਿਰਤੀ ਗੁਰੂ ਨਾਨਕ ਸਾਹਿਬ ਨੂੰ ਪ੍ਰਤਖ ਕਰਨ ਵਾਲੇ ਕਹਿੰਦੇ ਸਾਡੇ ਬਾਬਾ ਜੀ ਤਾਂ ਜੀ ਆਪਣੇ ਡੇਰੇ ਅੱਗ ਵੀ ਨਹੀਂ ਸਨ ਬਲਣ ਦਿੰਦੇ!! ਬੰਦਾ ਪੁੱਛੇ ਤੁੜਕੇ ਬਿਨਾ ਅੱਗ ਤੋਂ ਹੀ ਲੱਗਦੇ ਰਹੇ? ਛੇ ਛੇ ਕੌਲੀਆਂ ਵਾਲੇ ਥਾਲ ਪਾਣੀ ਚ ਡਬੋਅ ਕੇ ਲਾਉਂਦੇ ਸਨ? ਮੈਂ ਮੰਨ ਕਿਵੇਂ ਲਿਆ ਕਿ ਅਜਿਹੇ ਵਿਹਲੇ ਹੱਥੋਂ ਗੁਰੂ ਨਾਨਕ ਸਾਹਿਬ ਪ੍ਰਸ਼ਾਦਾ ਛੱਕ ਕੇ ਜਾਂਦੇ ਰਹੇ? ਮੇਰਾ ਇਸ ਕਹਾਣੀ ਨੂੰ ਮੰਨਣਾ ਦੱਸਦਾ ਕਿ ਗੁਰੂ ਨਾਨਕ ਸਾਹਿਬ ਨੂੰ ਭੋਰਾ ਵੀ ਨਹੀਂ ਸਮਝਿਆ ਮੈਂ। ਰਤੀ ਵੀ ਨਾ, ਮਾਸਾ ਵੀ ਨਾ! ਕਿਉਂਕਿ ਗੁਰੂ ਨਾਨਕ ਜੀ ਤਾਂ ਵਿਹਲੜ ਦੀ ਮਕਾਣ ਵੀ ਨਾ ਜਾਣ! ਵਿਹਲੇ ਤਾਂ ਸੱਕੇ ਪੁੱਤ ਨੂੰ ਗੁਰੂ ਨੇ ਮੂੰਹ ਨਾ ਲਾਇਆ ਇਨ੍ਹਾਂ ਸਾਧੜਿਆਂ ਦੇ ਪ੍ਰਸ਼ਾਦੇ ਦੇ ਭੁੱਖੇ ਸਨ ਅਪਣੇ ਬਾਬਾ ਜੀ? ਘਾਲ ਕਰਕੇ ਜਿਹੜਾ ਨਹੀਂ ਖਾਂਦਾ ਉਹ ਰਾਹੋਂ ਉਖੜਿਆ ਹੋਇਆ ਹੈ, ਕੋਈ ਪਛਾਣ ਨਹੀਂ ਉਸ ਨੂੰ ਰਸਤੇ ਦੀ ਤੇ ਅਜਿਹੇ ਵਿਹਲੀਆਂ ਝੱਖਾਂ ਮਾਰਨ ਵਾਲਿਆਂ ਦਾ ਬਾਬਾ ਆਪਣਾ ਕਦੇ ਯਾਰ ਨਹੀਂ ਹੋ ਸਕਦਾ! ਕਿ ਹੋ ਸਕਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top