Khalsa News homepage

 

 Share on Facebook

Main News Page

🚫 ਕੋਰਾ ਝੂਠ ਕਿ ਗੁਰੂ ਤੋਂ ਆਕੀ ਸ਼੍ਰੀ ਚੰਦ ਨੇ ਸੁਖਮਨੀ ਦੀ ਬਾਣੀ ਵਿੱਚ
ਸਲੋਕੁ॥ ਆਦਿ ਸਚੁ ਜੁਗਾਦਿ ਸਚੁਹੈ ਭਿ ਸਚੁ ਨਾਨਕ ਹੋਸੀ ਭਿ ਸਚੁ॥ ਉਚਾਰਿਆ

ਨੋਟ: ਹੇਠ ਲਿਖੀ ਲਿਖਤ ਖ਼ਾਲਸਾ ਨਿਊਜ਼ ਨੂੰ ਵਾਟਸਐਪ ਰਾਹੀਂ ਪ੍ਰਾਪਤ ਹੋਈ ਹੈ, ਪਰ ਇਸ 'ਤੇ ਲੇਖਕ ਦਾ ਨਾਮ ਨਹੀਂ ਹੈ। ਜਿਸ ਕਿਸੀ ਨੇ ਵੀ ਇਹ ਲਿਖਿਆਹੋਵੇ ਉਹ ਕੁਮੈਂਟ ਰਾਹੀਂ ਦਸ ਸਕਦਾ ਹੈ। ਧੰਨਵਾਦ ਜੀ।

👉 ਲੜੀ ਜੋੜਨ ਲਈ ਪੜ੍ਹੋ :
- ਭਾਗ ਪਹਿਲਾ - ਫਰਜ਼ੀ ਭਾਈ ਬਾਲਾ 
- ਭਾਗ ਦੂਜਾ -
ਦਿਲ ਖੋਟਾ ਤੇ ਗੁਰੂ ਤੋਂ ਆਕੀ "ਸ਼੍ਰੀ ਚੰਦ"

ਅਖੌਤੀ ਸੰਤ ਸਾਧ ਗੁਰਮਤਿ ਦੇ ਉਲਟ ਪ੍ਰਚਾਰ ਕਰਕੇ ਸਿੱਖ ਵਿਰੋਧੀ ਜਥੇਬੰਦੀਆਂ ਤੋਂ ਬਖ਼ਸ਼ਸ਼ਾਂ ਤਾਂ ਲੈਂਦੇ ਹੀ ਹਨ ਇਸ ਦੇ ਨਾਲ-ਨਾਲ ਇਹ ਲੋਕ ਗੁਰੂ ਸਾਹਿਬਾਨ ਉਤੇ ਵੀ ਕਈ ਤਰ੍ਹਾਂ ਦੀਆਂ ਤੋਹਮਤਾਂ ਲਾਉਣ ਤੋਂ ਗੁਰੇਜ਼ ਨਹੀਂ ਕਰਦੇ।

ਅਜਿਹੇ ਸਿੱਖੀ ਭੇਸ ਵਿੱਚ ਘੁੰਮ ਰਹੇ ਗੁਰਮਤਿ ਪ੍ਰਚਾਰ ਦੇ ਨਾਂਅ ਹੇਠ ਇਹ ਲੋਕ ਤਾਂ ਗੁਰੂ ਅਰਜਨ ਦੇਵ ਜੀ ਤੇ ਵੀ ਤੋਹਮਤਾਂ ਲਾਈ ਜਾਂਦੇ ਹਨ। ਇਸ ਤਰ੍ਹਾਂ ਦੇ ਬਣੇ ਸੰਤਾਂ ਸਾਧਾਂ ਤੇ ਕਈ ਲੋਕ ਅੰਨੀ ਸ਼ਰਧਾ ਦਾ ਭਰਮ ਪਾਲੀ ਫਿਰਦੇ ਹਨ ਪਰ ਆਪ ਗੁਰਬਾਣੀ ਵਿਚਾਰਨ ਦੀ ਖੇਚਲ ਨਹੀਂ ਕਰਦੇ । ਅਜਿਹੇ ਪ੍ਰਚਾਰਕ ਕੁਝ ਪੁਰਾਣੇ ਗ੍ਰੰਥਾਂ ਅਤੇ ਗੁਰਮਤਿ ਵਿਰੋਧੀ ਗੁਰਬਿਲਾਸ ਪਾਤਸ਼ਾਹੀ ਛੇਵੀ ਵਰਗੀਆਂ ਕਿਤਾਬਾਂ ਵਿੱਚ ਦਰਜ ਕਥਾ ਕਹਾਣੀਆਂ ਨੂੰ ਸਿੱਖਾਂ ਵਿੱਚ ਪ੍ਰਚਾਰਦੇ ਹਨ। ਸਿੱਖਾਂ ਨੇ ਤਾਂ ਗੁਰਮਤਿ ਬਾਰੇ ਉਹੀ ਕੁਝ ਸਿਖਣਾ ਹੈ ਜੋ ਗੁਰਦੁਆਰਿਆਂ ਵਿੱਚ ਪ੍ਰਚਾਰਿਆ ਜਾਂਦਾ ਹੈ; ਕਿਉਂਕਿ ਬਹੁਗਿਣਤੀ ਸਿੱਖ ਆਪ ਬਾਣੀ ਪੜ੍ਹਨੀ ਜਾਂ ਹੋਰ ਗੁਰਮਤਿ ਬਾਰੇ ਕਿਤਾਬਾਂ ਪੜ੍ਹਨ ਵੱਲ ਧਿਆਨ ਹੀ ਨਹੀਂ ਦੇਂਦੇ। ਜਿਸ ਕਰਕੇ ਅੱਜ ਸਾਨੂੰ ਗੁਰੂ ਸਾਹਿਬਾਨ ਅਤੇ ਗੁਰਮਤਿ ਵਿਰੋਧੀ ਮਨਘੜ੍ਹਤ ਕਥਾ ਕਹਾਣੀਆਂ ਸੁਣਾਈਆਂ ਜਾ ਰਹੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਨੀਵੀ ਪਾ ਕੇ ਸੁਣੀ ਜਾ ਰਹੇ ਹਾਂ।

ਜਿਵੇਂ ਕਈ ਡੇਰਿਆਂ ਤੋਂ ਪੜ੍ਹੇ ਪ੍ਰਚਾਰਕ ਆਖਦੇ ਹਨ ਕਿ, ਗੁਰੂ ਅਰਜਨ ਦੇਵ ਜੀ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਦੀ ਰਚਨਾ ਕਰ ਰਹੇ ਸਨ ਤਾਂ ਸੋਲਵੀ ਅਸਟਪਦੀ ਤੇ ਆ ਕੇ ਰੁਕ ਗਏ ਸਨ, ਅੱਗੋਂ ਗੁਰੂ ਨਾਨਕ ਸਾਹਿਬ ਜੀ ਦੇ ਪੁਤਰ ਸ੍ਰੀ ਚੰਦ ਨੇ ਇਹ ਸਲੋਕ ਉਚਾਰਿਆ, ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥(ਮ:੫,ਪੰਨਾ ੨੮੫) ਤਾਂ ਫਿਰ ਗੁਰੂ ਜੀ ਨੇ ਸੁਖਮਨੀ ਸਾਹਿਬ ਦੀਆਂ ੨੪ ਅਸਟਪਦੀਆਂ ਪੂਰੀਆਂ ਕੀਤੀਆਂ ਇਸੇ ਵਿਸ਼ੇ ਤੇ ਹੀ ਇਕ ਹੋਰ ਡੇਰੇਦਾਰ ਪ੍ਰਚਾਰਕ ਆਖ ਰਿਹਾ ਸੀ ਕਿ , ਗੁਰੂ ਅਰਜਨ ਦੇਵ ਜੀ ਹਰ ਸੰਗਰਾਂਦ ਨੂੰ ਸ੍ਰੀ ਚੰਦ ਕੋਲ ਸਰੋਪਾ ਲੈਣ ਜਾਂਦੇ ਸਨ। ਗੁਰੂ ਜੀ ਨੇ ਬਾਬਾ ਜੀ ਨੂੰ ਦੱਸਿਆ, ਕਿ ਮੈਂ ਸੁਖਮਨੀ ਬਾਣੀ ਦੀਆਂ ੧੬ ਅਸਟਪਦੀਆਂ ਲਿਖੀਆਂ ਹਨ। ਅੱਗੋਂ ਸ੍ਰੀ ਚੰਦ ਨੇ ਕਿਹਾ, ਅਰਜਨ, ਅੱਠ ਹੋਰ ਅਸਟਪਦੀਆਂ ਲਿਖ; ਇਸ ਤਰ੍ਹਾਂ ਜਿਹੜਾ ਸਿੱਖ ਸਾਰਾ ਸੁਖਮਨੀ ਪੜ੍ਹੇਗਾ ਉਸਦੇ ਸਾਰੇ ਦਿਨ ਦੇ ੨੪ ਹਜ਼ਾਰ ਸਵਾਸ ਸਫਲ ਹੋ ਜਾਣਗੇ; ਕਿਉਂਕਿ ਇਨਸਾਨ ਸਾਰੇ ਦਿਨ ਵਿੱਚ ੨੪੦੦੦ ਸਾਹ ਲੈਂਦਾ ਹੈ ਅਤੇ ਨਾਲ ਹੀ ਬਾਬਾ ਜੀ ਨੇ ਇਹ ਸਲੋਕ ਉਚਾਰਿਆ: ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥ ਤੇ ਕਿਹਾ ਕਿ ਸਾਡੇ ਪਿਤਾ ਜੀ ਨੇ ਇਹ ਸਲੋਕ ਵਿੱਚ ਭ ਨੂੰ ਬਿਹਾਰੀ ਪਾਈ ਸੀ (ਭੀ) ਸੀ । ਉਹ ਸਾਡੇ ਪਿਤਾ ਸੀ ਇਸ ਕਰਕੇ ਮੈਂ ਸਿਹਾਰੀ ਪਾਈ ਹੈ । ਬਾਕੀ ਸਾਰਾ ਸਲੋਕ ਉਹੀ ਹੈ।

ਬੜੀ ਹੈਰਾਨੀ ਦੀ ਗੱਲ ਹੈ, ਕਿ ਸਾਡੇ ਗੁਰੂ ਸਾਹਿਬਾਨ ਦੀ ਬੇਅਦਬੀ ਅਤੇ ਗੁਰਮਤਿ ਸਿਧਾਂਤ ਦੇ ਉਲਟ ਇਸ ਤਰ੍ਹਾਂ ਦਾ ਪ੍ਰਚਾਰ ਵੀ ਸਾਡੇ ਹੀ ਗੁਰਮਤਿ ਪ੍ਰਚਾਰ ਦੇ ਕੇਂਦਰ ਅਖਵਾਉਣ ਵਾਲੀਆਂ ਥਾਂਵਾਂ ਵਿੱਚ ਹੁੰਦਾ ਹੈ, ਜਿਸਨੂੰ ਅਸੀਂ ਗੁਰਦੁਆਰੇ ਆਖਦੇ ਹਾਂ। ਇਥੇ, ਇਸ ਮਨਘੜ੍ਹਤ ਕਹਾਣੀ ਨੂੰ ਸੁਣਾਉਣ ਵਾਲੇ ਗੁਰੂ ਦੋਖੀ ਇੱਕ ਤੀਰ ਨਾਲ ਦੋ ਸ਼ਿਕਾਰ ਵਾਲੀ ਕਹਾਵਤ ਅਪਣਾਉਂਦੇ ਹਨ। ਪਹਿਲਾਂ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ੍ਰੀ ਚੰਦ ਤੋਂ ਨੀਵਾਂ ਵਿਖਾਉਣ ਦੀ ਕੋਝੀ ਕੋਸਿਸ ਕਰਦੇ ਹਨ। ਦੂਸਰਾ ਸਿੱਖਾਂ ਨੂੰ ਘੰਟੇ, ਡੇਡ-ਘੰਟੇ, ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਕੇ ਬਾਕੀ ਸਾਰਾ ਦਿਨ ਗੁਰਮਤਿ ਵਿਰੋਧੀ ਕਰਮ ਕਰਨ ਦੀ ਖੁਲ੍ਹ ਦੇਂਦੇ ਹਨ। ਕੋਈ ਆਦਮੀ ਬਾਕੀ ਦਿਨ ਦੇ ਸਾਡੇ ਬਾਈ, ਤੇਈ ਘੰਟੇ ਭਾਵੇ ਠੱਗੀ ਮਾਰੇ, ਝੂਠ ਬੋਲੇ, ਹੋਰ ਮੰਦੇ ਕਰਮ ਕਰੇ, ਕੀ ਉਸ ਦੇ ਸਵਾਸ ਸਫਲ ਰਹਿਣਗੇ ? ਉਂਝ ਵੀ ੨੪੦੦੦ ਸੁਆਸਾਂ ਦੀ ਗਿਣਤੀ ਪਤਾ ਨਹੀਂ ਕਿਸ ਨੇ ਅਤੇ ਕਿਵੇਂ ਕੀਤੀ ਹੈ, ਹਰੇਕ ਕੰਮ ਕਰਨ ਨਾਲ ਸਾਹ ਦੀ ਰਫਤਾਰ ਇਕੋ ਜਿੰਨੀ ਨਹੀਂ ਰਹਿੰਦੀ। ਕਈ ਅਜਿਹੇ ਸਾਧ ਤੇ ਪ੍ਰਚਾਰਕ ਇਸ ਬਾਣੀ ਵਿੱਚ ੨੪੦੦੦ ਸ਼ਬਦਾਂ ਦੀ ਗੱਲ ਵੀ ਕਰਦੇ ਹਨ ਪਰ ਇਹ ਨਹੀਂ ਦੱਸਦੇ ਕਿ ਉਨ੍ਹਾਂ ਨੇ ਗਿਣਤੀ ਕਿਸ ਹਿਸਾਬ ਨਾਲ ਕੀਤੀ ਹੈ। ਕੀ ਅਜਿਹਾ ਪ੍ਰਚਾਰ ਗੁਰਮਤਿ ਦੇ ਵਿਰੁਧ ਨਹੀਂ ਹੈ ? ਗੁਰਬਾਣੀ ਤਾਂ ਸੁਚੇਤ ਕਰਦੀ ਹੈ:

ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ (ਮ:੫, ਸੁਖਮਨੀ, ਪੰਨਾ ੨੯੫)

ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥ ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥ (ਮ:੫, ਸੁਖਮਨੀ, ਪੰਨਾ ੨੮੯)

ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥ ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥ (ਮ:੫, ਪੰਨਾ ੪੦੩)

ਬਾਬਾ, ਅਬ ਨ ਬਸਉ ਇਹ ਗਾਉ ॥ ਘਰੀ ਘਰੀ ਕਾ ਲੇਖਾ ਮਾਗੈ, ਕਾਇਥੁ ਚੇਤੂ ਨਾਉ ॥੧॥ ਰਹਾਉ ॥ (ਭਗਤ ਕਬੀਰ ਜੀ, ਪੰਨਾ ੧੧੦੪)

ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਆਠ ਪਹਰ ਅਪਨਾ ਖਸਮੁ ਧਿਆਵਉ ॥ (ਭਗਤ ਨਾਮਦੇਵ ਜੀ ਪੰਨਾ ੪੮੫)

ਇਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ, ਕਿ ਜੇਕਰ ਸੁਖਮਨੀ ਸਾਹਿਬ ਵਿੱਚ ਆਇਆ ਸਲੋਕ: ਆਦਿ ਸਚੁ ਜੁਗਾਦਿ ਸਚੁ ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ॥ ਸ੍ਰੀ ਚੰਦ ਦਾ ਹੈ ਤਾਂ ਫਿਰ ਗੁਰੂ ਅਰਜਨ ਸਾਹਿਬ ਜੀ ਆਪਣੇ ਨਾਂਅ ਕਿਵੇਂ ਲਿਖ ਦਿੱਤਾ ? ਪੰਚਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਨ ਸਮੇਂ ਜੇਕਰ ਕਿਸੇ ਸਿੱਖ ਜਾਂ ਭਗਤ ਦੀ ਜਿੰਨੀ ਵੀ ਬਾਣੀ ਗੁਰਮਤਿ ਅਨੁਸਾਰ ਦਰਜ ਹੋਣ ਵਾਲੀ ਸੀ, ਉਹ ਉਸ ਦੇ ਨਾਂਅ ਹੇਠ ਹੀ ਦਰਜ ਕੀਤੀ ਹੈ। ਜਿਵੇਂ ਭਗਤ ਸੂਰਦਾਸ ਜੀ ਦੀ ਬਾਣੀ ਦੀ ਸਿਰਫ ਇਕ ਪੰਗਤੀ ਹੈ ਪਰ ਭਗਤ ਸੂਰਦਾਸ ਜੀ ਦੇ ਨਾਂਅ ਹੇਠ ਦਰਜ਼ ਹੈ: ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥ (ਭਗਤ ਸੂਰਦਾਸ, ਪੰਨਾ ੧੨੫੩) ਫਿਰ ਜੇਕਰ ਇਹ ਸਲੋਕ ਸ੍ਰੀ ਚੰਦ ਦਾ ਸੀ ਤਾਂ ਗੁਰੂ ਜੀ ਕਿਵੇਂ ਸਾਰੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਆਪਣੇ ਨਾਂਅ ਨਾਲ ਮਹਲਾ ਪੰਜਵਾਂ ਲਿੱਖ ਸਕਦੇ ਸਨ ? ਅਜਿਹੇ ਅਖੌਤੀ ਸੰਤ ਸਾਧ ਅਤੇ ਉਂਨ੍ਹਾਂ ਦੇ ਪੜ੍ਹਾਏ ਪ੍ਰਚਾਰਕ ਗੁਰੂ ਜੀ ਨੂੰ ਬਾਬੇ ਸ੍ਰੀ ਚੰਦ ਜੀ ਦੇ ਉਚਾਰੇ ਹੋਏ ਸਲੋਕ ਨੂੰ ਆਪਣੇ ਨਾਂਅ ਹੇਠ ਲਿਖਣ ਦਾ ਝੂਠਾ ਪ੍ਰਚਾਰ ਕਰਕੇ ਗੁਰੂ ਜੀ ਨੂੰ ਕੀ ਸਿੱਧ ਕਰ ਰਹੇ ਹਨ ? ਗੁਰੂ ਸਾਹਿਬ ਉਤੇ ਅਜਿਹਾ ਘਟੀਆ ਇਲਜ਼ਾਮ ਲਾਉਣ ਵਾਲੇ ਵੀ ਕੀ ਗੁਰੂ ਦੇ ਸਿੱਖ ਹੋ ਸਕਦੇ ਹਨ?

ਉਂਝ ਵੀ ਆਪਣੀ ਬਾਣੀ ਨਾਲ ਨਾਨਕ ਨਾਮ ਲਾਉਣ ਦਾ ਹੱਕ ਸਿਰਫ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਗੁਰੂ ਸਾਹਿਬਾਨ ਨੂੰ ਹੈ। ਸ੍ਰੀ ਚੰਦ ਸਲੋਕ ਵਿੱਚ ਨਾਨਕ ਲਫਜ ਕਿਵੇਂ ਵਰਤ ਸਕਦੇ ਹਨ ? ਸਿੱਖਾਂ ਲਈ ਇਕ ਅਕਾਲ ਪੁਰਖ ਤੋਂ ਛੁਟ ਕੋਈ ਵੀ ਵਿਅਕਤੀ ਜਾਂ ਗ੍ਰੰਥ ਸਾਡੇ ਦੱਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਉਪਰ ਨਹੀਂ ਹੋ ਸਕਦਾ ਭਾਂਵੇਂ ਉਹ ਗੁਰੂ ਸਾਹਿਬਾਨ ਦੀ ਸੰਤਾਨ ਹੀ ਕਿਉ ਨਾ ਹੋਵੇ।

ਇਸ ਦੇ ਨਾਲ ਇਕ ਹੋਰ ਵਿਚਾਰ ਵੀ ਹੈ; ਜਿਹੜੇ ਅਜਿਹੇ ਅਖੌਤੀ ਸੰਤ ਸਾਧ ਡੇਰਿਆਂ ਜਾਂ ਕਿਸੇ ਹੋਰ ਸੰਪਰਦਾ ਨਾਲ ਸਬੰਧ ਰੱਖਣ ਵਾਲੇ ਸ੍ਰੀ ਚੰਦ ਦੇ ਉਪਾਸ਼ਕ ਹਨ, ਉਨ੍ਹਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁਤਰਾਂ ਨੂੰ ਸਿੱਖ ਧਰਮ ਦੀ ਵਾਗਡੋਰ ਕਿਸ ਕਾਰਨ ਕਰਕੇ ਨਹੀਂ ਦਿੱਤੀ ਸੀ ? ਕੀ ਸ੍ਰੀ ਚੰਦ ਆਗਿਆਕਾਰੀ ਸਪੁਤਰ ਸਨ ? ਸਿੱਖਾਂ ਦੇ ਬਣੇ ਇਨ੍ਹਾਂ ਅਖੌਤੀ ਪ੍ਰਚਾਰਕਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪੁਤਰਾਂ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਪੰਗਤੀਆਂ ਵੀ ਸ਼ਾਇਦ ਨਹੀਂ ਪੜ੍ਹੀਆਂ:

ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ ॥ ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ ਮੁਰਟੀਐ ॥ (ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ ੯੬੭)

ਇਨ੍ਹਾਂ ਪੰਗਤੀਆਂ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਨੇ ਹੀ ਕੀਤਾ ਹੈ। ਕੀ ਗੁਰੂ ਜੀ ਇਸ ਗੱਲ ਤੋਂ ਬੇਖ਼ਬਰ ਸਨ ਕਿ ਸ੍ਰੀ ਚੰਦ ਦੀ ਸਿੱਖੀ ਦੇ ਘਰ ਵਿੱਚ ਕੀ ਜਗ੍ਹਾ ਹੈ?

ਅਜਿਹੇ ਸਿੱਖੀ ਭੇਸ ਵਿੱਚ ਅਖੌਤੀ ਪ੍ਰਚਾਰਕ ਉਸ ਗੁਰੂ ਸਾਹਿਬ ਉਤੇ ਸ੍ਰੀ ਚੰਦ ਦੀ ਬਾਣੀ ਨੂੰ ਆਪਣੇ ਨਾਂਅ ਹੇਠ ਲਿਖਣ ਦਾ ਕੋਝਾ ਦੋਸ਼ ਲਾ ਰਹੇ ਹਨ । ਜਿਸ ਗੁਰੂ ਜੀ ਨੇ ਸੱਚ ਦੀ ਖਾਤਰ ਤੱਤੀ ਤਵੀ ਉਤੇ ਬੈਠ ਕੇ ਵੀ ਸੱਚ ਦਾ ਪੱਲਾ ਨਹੀਂ ਛਡਿਆ । ਇਸ ਤਰ੍ਹਾਂ ਦੇ ਅਖੌਤੀ ਪ੍ਰਚਾਰਕ ਜਿਹੜੇ ਗੁਰੂ ਜੀ ਤੇ ਤੋਹਮਤਾ ਲਾ ਰਹੇ ਹਨ ਉਹ ਸਿੱਖੀ ਦੇ ਪ੍ਰਚਾਰ ਦੀ ਆੜ੍ਹ ਹੇਠ ਜੋ ਸਿੱਖ ਸਿਧਾਂਤ ਦਾ ਘਾਣ ਕਰਦੇ ਹੋਣਗੇ ਉਸਦਾ ਅੰਦਾਜਾ ਸਿੱਖ ਭਾਈਚਾਰਾ ਭਲੀ-ਭਾਂਤ ਲਾ ਸਕਦਾ ਹੈ ।

ਅਜਿਹੇ ਹੀ ਕਈ ਪ੍ਰਚਾਰਕ ਬਾਬਾ ਸ਼੍ਰੀ ਚੰਦ ਬਾਰੇ ਇਹ ਕਹਾਣੀ ਵੀ ਸੰਗਤ ਨੂੰ ਸੁਣਾਉਂਦੇ ਹਨ ਕਿ, ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜਾਦੇ ਸ਼੍ਰੀ ਚੰਦ ਜਦੋਂ ਗੁਰੂ ਹਰਿਗੋਬਿੰਦ ਜੀ ਨੂੰ ਮਿਲਣ ਆਏ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼੍ਰੀ ਚੰਦ ਦੀ ਬੜੀ ਨਿਮਰਤਾ ਸਹਿਤ ਸੇਵਾ ਕੀਤੀ ਜਿਸਤੋਂ ਪ੍ਰਸੰਨ ਹੋਕੇ ਸ਼੍ਰੀ ਚੰਦ ਨੇ ਕਿਹਾ ਤੁਹਾਡੇ ਇਸ ਨਿਮਰਤਾ ਦੇ ਗੁਣ ਕਰਕੇ ਹੀ ਗੁਰਗਦੀ ਤੁਹਾਡੇ ਘਰ ਵਿੱਚ ਹੀ ਟਿਕੀ ਹੋਈ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਆਪ ਜੀ ਹੁਕਮ ਕਰੋ ਕੀ ਭੇਟਾ ਕਰਾਂ ਤਾਂ ਬਾਬਾ ਜੀ ਨੇ ਕਿਹਾ ਕਿ ਜੇ ਤੁਸੀਂ ਸਾਨੂੰ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਗੁਰੂ ਨਾਨਕ ਪਿਤਾ ਜੀ ਦੀ ਪੀੜੀ ਨੂੰ ਚਲਦਾ ਰਖਣ ਲਈ ਆਪਣਾ ਇਕ ਸਾਹਿਬਜਾਦਾ ਦੇ ਦਿਓ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਵਡੇ ਸਾਹਿਬਜਾਦੇ ਬਾਬਾ ਗੁਰਦਿਤਾ ਜੀ ਨੂੰ ਬਾਬਾ ਜੀ ਨੂੰ ਸੌਂਪ ਦਿਤਾ ਅਤੇ ਬਾਬਾ ਗੁਰਦਿਤਾ ਜੀ ਦੇ ਸਾਹਿਬਜਾਦੇ ਗੁਰੂ ਹਰਿਰਾਏ ਸਾਹਿਬ ਜੀ ਸਨ ਜਿਨ੍ਹਾਂ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਨਾਲ ਜੰਗਾਂ ਵਿੱਚ ਵੀ ਹਿਸਾ ਲਿਆ

ਪਰ ਇਹ ਨਹੀਂ ਦੱਸਦੇ ਕਿ ਜਦ ਸ਼੍ਰੀ ਚੰਦ ਕੋਲ ਤਾਂ ਪਹਿਲਾਂ ਹੀ ਉਨ੍ਹਾਂ ਦਾ ਭਤੀਜਾ ਧਰਮ ਚੰਦ ਸੀ। ਜਿਸ ਨੂੰ ਸ਼੍ਰੀ ਚੰਦ ਨੇ ਆਪਣੀ ਬਾਂਹ ਨੂੰ ਕਈ ਕੋਹ ਲੰਮੀ ਕਰਕੇ ਆਪਣੇ ਭਰਾ ਲਖਮੀ ਦਾਸ ਕੋਲੋ ਘੋੜੇ ਤੋਂ ਉਤਾਰ ਲਿਆ ਸੀ ਆਖਦੇ ਹਨ, ਤਾਂ ਫਿਰ ਕਿਊਂ ਗੁਰੂ ਹਰਿਗੋਬਿੰਦ ਜੀ ਕੋਲੋ ਗੁਰੂ ਨਾਨਕ ਸਾਹਿਬ ਜੀ ਦੀ ਪੀੜੀ ਚਲਣ ਵਾਸਤੇ ਬਾਬਾ ਗੁਰਦਿੱਤਾ ਜੀ ਨੂੰ ਮੰਗਿਆ ? ਸ੍ਰੀ ਚੰਦ ਤੇ ਬਾਬਾ ਗੁਰਦਿੱਤਾ ਜੀ ਬਾਰੇ ਪ੍ਰਚਾਰੀ ਜਾ ਰਹੀ ਕਹਾਣੀ ਅਨੁਸਾਰ ਤਾਂ ਫਿਰ ਗੁਰੂ ਹਰਿਰਾਏ ਜੀ ਦੇ ਦਾਦਾ ਜੀ ਗੁਰ ਹਰਿਗੋਬਿੰਦ ਜੀ ਨਹੀ, ਸਗੋਂ ਸ਼੍ਰੀ ਚੰਦ ਅਤੇ ਪੜ੍ਹਦਾਦਾ ਗੁਰੂ ਨਾਨਕ ਸਾਹਿਬ ਜੀ ਦੇ ਨਾਂਅ ਹੋਣੇ ਚਾਹੀਦੇ ਸਨ; ਕਿਉਂਕਿ ਜਦੋਂ ਵੀ ਕੋਈ ਵਿਅਕਤੀ ਜਾਂ ਪ੍ਰਵਾਰ ਕਿਸੇ ਬੱਚੇ ਨੂੰ ਗੋਦ ਲੈਂਦਾ ਹੈ ਤਾਂ ਉਸ ਦਾ ਮਾਤਾ ਪਿਤਾ ਤੇ ਖਾਨਦਾਨ ਗੋਦ ਲਏ ਪ੍ਰਵਾਰ ਵਾਲਾ ਹੋ ਜਾਂਦਾ ਹੈ।

ਬਾਬਾ ਗੁਰਦਿੱਤਾ ਜੀ ਦਾ ਜਨਮ ਕੱਤਕ ਸੁਦੀ ੧੫ ਸੰਮਤ ੧੬੭੦ ਨੂੰ ਹੋਇਆ ਸੀ ਅਤੇ ਸ਼੍ਰੀ ਚੰਦ ਦੇ ਦੇਹਾਂਤ ਦੀ ਤਰੀਕ ੧੫ ਅਸੂ ਸੰਮਤ ੧੬੬੯ ਹੈ । ( ਹਵਾਲਾ: ਮਹਾਨ ਕੋਸ਼)

ਇਸ ਹਿਸਾਬ ਨਾਲ ਤਾਂ ਬਾਬਾ ਗੁਰਦਿੱਤਾ ਜੀ ਦਾ ਜਨਮ, ਸ਼੍ਰੀ ਚੰਦ ਦੇ ਦੇਹਾਂਤ ਹੋਣ ਤੋਂ ਗਿਆਰਾਂ ਮਹੀਨੇ ਬਆਦ ਹੁੰਦਾ ਹੈ, ਤਾਂ ਫਿਰ ਬਾਬਾ ਗੁਰਦਿੱਤਾ ਜੀ ਨੂੰ ਸ਼੍ਰੀ ਚੰਦ ਨੇ ਗੋਦ ਕਿਸ ਤਰ੍ਹਾਂ ਲੈ ਲਿਆ ? ਜਿਹੜੇ ਪ੍ਰਚਾਰਕ ਸ਼੍ਰੀ ਚੰਦ ਨੂੰ ਗੁਰੂ ਸਾਹਿਬਾਨ ਤੋਂ ਵੱਡਾ ਦਿਖਾਉਣ ਦੀ ਸ਼ਰਾਰਤ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕੀ ਉਹ ਸਿੱਖੀ ਦਾ ਪ੍ਰਚਾਰ ਕਰਦੇ ਹਨ ਜਾਂ ਸਿੱਖੀ ਦੇ ਦੁਸ਼ਮਣਾਂ ਦਾ ਸਾਥ ਦੇ ਰਹੇ ਹਨ ?

ਇਸ ਕਹਾਣੀ ਵਿੱਚ ਇਹ ਦੱਸਣ ਨਾਲ ਕਿ, ਜਿਸਤੋਂ ਪ੍ਰਸੰਨ ਹੋਕੇ ਸ਼੍ਰੀ ਚੰਦ ਨੇ ਕਿਹਾ ਤੁਹਾਡੇ ਇਸ ਨਿਮਰਤਾ ਦੇ ਗੁਣ ਕਰਕੇ ਹੀ ਗੁਰਗਦੀ ਤੁਹਾਡੇ ਘਰ ਵਿੱਚ ਹੀ ਟਿਕੀ ਹੋਈ ਹੈ ਇਸ ਨਾਲ ਆਪ ਨੇ ਬੀਬੀ ਭਾਨੀ ਜੀ ਵੱਲੋ ਗੁਰਗਦੀ ਦਾ ਵਰ ਮੰਗਣ ਵਾਲੀ ਕਹਾਣੀ ਦਾ ਵੀ ਖੰਡਣ ਕਰ ਦਿੱਤਾ ਹੈ । ਕਈ ਪ੍ਰਚਾਰਕਾਂ ਵੱਲੋਂ ਜਿਸ ਸੁਣਾਈ ਜਾਂਦੀ ਕਹਾਣੀ ਵਿੱਚ ਬੀਬੀ ਭਾਨੀ ਜੀ ਵੱਲੋਂ ਆਪਣੇ ਪਿਤਾ ਗੁਰੂ ਅਮਰਦਾਸ ਜੀ ਤੋਂ ਗੁਰਗਦੀ ਘਰ ਵਿੱਚ ਰਹਿਣ ਦਾ ਵਰ ਮੰਗਿਆ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top