Khalsa News homepage

 

 Share on Facebook

Main News Page

ਦਿਲ ਖੋਟਾ ਤੇ ਗੁਰੂ ਤੋਂ ਆਕੀ "ਸ਼੍ਰੀ ਚੰਦ"
ਕਈ ਫਰਜ਼ੀ ਅਤੇ ਕਈ ਗੁਰਮਤਿ ਵਿਰੋਧੀ ਅਨਸਰਾਂ ਨੂੰ ਸਿੱਖੀ ਦੇ ਵਿਹੜੇ ਵਿੱਚ ਦਿੱਤੀ ਜਾ ਰਹੀ ਮਾਨਤਾ ਖ਼ਤਰਨਾਕ ਹੈ - ਭਾਗ-2
-: ਸੰਪਾਦਕ ਖ਼ਾਲਸਾ ਨਿਊਜ਼
17.11.19

👉 ਲੜੀ ਜੋੜਨ ਲਈ ਪੜ੍ਹੋ : ਭਾਗ ਪਹਿਲਾ - ਫਰਜ਼ੀ ਭਾਈ ਬਾਲਾ

🚫 ਕੋਰਾ ਝੂਠ ਕਿ ਗੁਰੂ ਤੋਂ ਆਕੀ ਸ਼੍ਰੀ ਚੰਦ ਨੇ ਸੁਖਮਨੀ ਦੀ ਬਾਣੀ ਵਿੱਚ
"ਸਲੋਕੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ॥" ਉਚਾਰਿਆ

ਕੁੱਝ ਸਾਲ ਪਿੱਛੇ ਨੂੰ ਭਾਈ ਪ੍ਰੰਥਪ੍ਰੀਤ ਸਿੰਘ ਦੁਆਰਾ ਕੀਤੀਆਂ ਗੁਰਮਤਿ ਵੀਚਾਰਾਂ ਯਾਦ ਆਈਆਂ, ਸੋ ਉਹ ਵੀਚਾਰਾਂ ਹੂਬਹੂ ਥੱਲੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ...

ਜਿਹੜੀ ਸੁਆਹ ਗੁਰੂ ਨਾਨਕ ਨੇ ਜੋਗੀਆਂ ਦੇ ਸਿਰਾਂ ਚੋਂ ਕੱਢੀ ਸੀ ਸ਼੍ਰੀ ਚੰਦ ਨੇ ਉਹ ਸੁਆਹ ਆਪਣੇ ਸਿਰ ਵਿੱਚ ਪਾ ਕੇ ਆਪਣੇ ਪਿਤਾ ਗੁਰੂ ਨਾਨਕ ਨੂੰ ਕਿਹਾ ਬਾਪੂ ਜੋ ਤੂੰ ਕਹਿੰਦਾ ਹੈਂ; ਮੈਂ ਸਾਰੇ ਕੰਮ ਉਸ ਤੋਂ ਉਲਟ ਕਰਾਂਗਾ। ਇਹ ਸ਼ਬਦ ਪਿੰਡ ਜੰਗੀਆਣਾ ਵਿਖੇ ਚੱਲੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਆਖਰੀ ਦੀਵਾਨ ਵਿੱਚ ਬੀਤੇ ਦਿਨੀਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਗੁਰਬਾਣੀ ਵਿੱਚੋਂ ਪ੍ਰਮਾਣ ਦਿੰਦੇ ਹੋਏ ਕਹੇ। ਗੁਰੂ ਨਾਨਕ ਨੇ ਬਾਣੀ ਵਿੱਚ ਕਿਹਾ:

ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਨਾਨਕ ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥2॥ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ ਪੰਨਾ 468) ਜਿਸ ਦੇ ਅਰਥ ਹਨ ਕਿ ਕੋਈ ਕੱਪੜੇ ਨਹੀਂ ਪਾਂਦਾ ਤੇ ਦਿਨ ਰਾਤ ਔਖਾ ਹੋ ਰਿਹਾ ਹੈ। (ਸਮਾਧੀਆਂ ਲਾ ਕੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ, ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਉਹ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ? (ਕੋਈ) ਪੈਰਾਂ ਤੋਂ ਨੰਗਾ ਫਿਰਦਾ ਹੈ ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। (ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ, ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ। ਅੰਨ੍ਹਾ (ਮੂਰਖ) ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ, (ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ, ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ। (ਪਰ) ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ ॥2॥

ਸਿਰ ਵਿੱਚ ਸੁਆਹ ਪਾ ਕੇ ਸਾਧੂ ਬਣ ਕੇ ਨੰਗੇ ਰਹਿਣ ਅਤੇ ਘਰਬਾਰ ਛੱਡਣ ਵਾਲੇ ਸਾਧੂਆਂ ਨੂੰ ਇਹ ਉਪਦੇਸ਼ ਦੇਣ ਪਿੱਛੋਂ ਗੁਰੂ ਜੀ ਨੇ ਕਿਹਾ (ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ ਪਰ ਜਤੀ ਹੋਣ ਦੀ ਜੁਗਤੀ ਜਾਣਦੇ ਹੀ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ: ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥     (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 469)। ਪਰ ਸ਼੍ਰੀ ਚੰਦ ਨੇ ਕਿਹਾ ਬਾਪੂ ਮੈਂ ਘਰਬਾਰ ਛੱਡ ਕੇ ਜਤੀ ਵੀ ਕਹਾਉਂਗਾ, ਸਿਰ ਵਿੱਚ ਸੁਆਹ ਵੀ ਪਾਊਂਗਾ, ਨੰਗਾ ਵੀ ਰਹੂੰਗਾ।

ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਦੇ ਅਰਥ ਇਨ੍ਹਾਂ ਬੂਬਨਿਆਂ (ਸ਼੍ਰੀਚੰਦ ਦੇ ਚੇਲਿਆਂ) ਤੋਂ ਸੁਣੇ ਨਹੀਂ ਜਾਂਦੇ ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਕਿ ਅਜੇਹੇ ਵਿਕਾਰਾਂ ਹੇਠ ਦੱਬਿਆ ਹੋਇਆ ਮਨੁੱਖ ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ, ਪਰ ਝੂਠੀ (ਕਿਸੇ ਕੰਮ ਨਾਂਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ: ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥     ਰਾਰਿ ਕਰਤ ਝੂਠੀ ਲਗਿ ਗਾਥਾ ॥1॥ ਰਹਾਉ ॥  (ਆਸਾ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 376)। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਗੁਰਬਾਣੀ ਅਨੁਸਾਰ ਸੱਚੀ ਕਥਾ ਹੈ: ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥ ਦਿਲਿ ਖੋਟੈ ਆਕੀ ਫਿਰਨ੍‍ ਿਬੰਨ੍‍ ਿਭਾਰੁ ਉਚਾਇਨ੍‍ ਿਛਟੀਐ ॥ (ਰਾਮਕਲੀ ਕੀ ਵਾਰ (ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ - ਪੰਨਾ 967) ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ  ਐਵੇਂ ਹੀ ਮੋਢੇ ਚੜ੍ਹਾਉਂਦੇ ਰਹੇ ਭਾਵ (ਹੁਕਮ) ਮੋੜਦੇ ਰਹੇ। ਉਹ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ ਅਤੇ (ਗੁਰੂ ਦੇ ਪੁੱਤਰ ਹੋਣ ਦੇ ਹੰਕਾਰ ਦੀ ਪੰਡ ਦਾ) ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।

ਭਾਈ ਗੁਰਦਾਸ ਜੀ ਨੇ ਗੁਰਬਾਣੀ ਦੇ ਇਨ੍ਹਾਂ ਉਪਦੇਸ਼ਾਂ ਤੋਂ ਸੇਧ ਲੈ ਕੇ ਲਿਖਿਆ ਹੈ: ਪੁਤਰੀ ਕਉਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ। (ਵਾਰ 1 ਪਉੜੀ 38)। (ਕਿਉਂ ਜੋ) ਪੁੱਤ੍ਰਾਂ ਨੇ ਬਚਨ ਨੂੰ ਨਾ ਮੰਨਿਆਂ ਇਸ ਲਈ ਉਹ ਖੋਟੇ ਮਨ ਵਾਲੇ ਗੁਰੂ ਦੇ ਹੁਕਮਾਂ ਤੋਂ ਆਕੀ ਹੋ ਕੇ ਨੱਸਣ ਵਾਲੇ ਹੋ ਗਏ।

ਸੋ ਬਾਣੀ ਦਾ ਫੈਸਲਾ ਹੈ ਕਿ ਸ਼੍ਰੀਚੰਦ ਖੋਟੇ ਦਿਲ ਵਾਲਾ, ਗੁਰੂ ਤੋਂ ਬਾਗੀ ਤੇ ਭਗੌੜਾ ਹੈ ਇਸ ਲਈ ਸਿੱਖਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਪਰ ਜਿਨ੍ਹਾਂ ਤੋਂ ਇਹ ਸੱਚੀ ਕਥਾ ਸੁਣੀ ਨਹੀਂ ਜਾਂਦੀ ਉਹ ਕਹਿੰਦੇ ਹਨ ਗੁਰੂ ਦੇ ਪੁੱਤਰ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਸ਼੍ਰੀਚੰਦ ਨੂੰ ਗੁਰੂ ਨਾਨਕ ਦਾ ਪੁੱਤਰ ਕਹਿ ਕੇ ਸਤਿਕਾਰ ਦੇਣ ਵਾਲਿਆਂ ਦਾ ਪ੍ਰਿਥੀਏ, ਰਾਮਰਾਇ ਅਤੇ ਧੀਰ ਮੱਲ ਬਾਰੇ ਕੀ ਖ਼ਿਆਲ ਹੈ? ਪ੍ਰਿਥੀ ਚੰਦ ਦਾ ਤਾਂ ਚਾਰ ਗੁਰੂ ਸਾਹਿਬਾਨ ਨਾਲ ਨੇੜਲਾ ਰਿਸ਼ਤਾ ਸੀ। ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਦੋਹਤਰੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪੁੱਤਰ, ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਦੇ ਭਰਾ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਹਿਬ ਜੀ ਦਾ ਤਾਇਆ ਲਗਦਾ ਸੀ ਪਰ ਫਿਰ ਵੀ ਭਾਈ ਗੁਰਦਾਸ ਜੀ ਨੇ ਉਨ੍ਹਾਂ ਬਾਰੇ ਲਿਖਿਆ ਹੈ:

ਮੀਣਾ ਹੋਆ ਪਿਰਥੀਆ; ਕਰਿ ਕਰਿ ਟੇਢਕ, ਬਰਲੁ ਚਲਾਇਆ।
ਮਹਾਦੇਉ ਅਹੰਮੇਉ ਕਰਿ; ਕਰਿ ਬੇਮੁਖੁ, ਕੁਤਾ ਭਉਕਾਇਆ।
ਚੰਦਨ ਵਾਸੁ, ਨ ਵਾਸ ਬੋਹਾਇਆ ॥33॥
(ਵਾਰ 26 ਪਉੜੀ 33)

ਭਾਵ ਪ੍ਰਿਥੀਆ ਮੀਣਾ (ਅਰਥਾਤ ਮੀਸਣਾ, ਕਪਟੀ) ਨਿਕਲਿਆ ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾਪੁਣਾ ਚਲਾ ਦਿੱਤਾ (ਝੂਠੇ ਹੁਕਮ ਨਾਮੇ ਲਿਖ ਭੇਜੇ)। ਮਹਾਦੇਉ ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ) ਬੇਮੁਖ ਕਰ ਕੇ ਕੁੱਤੇ ਵਾਂਗ ਭਉਂਕਾਯਾ। ਚੰਦਨ ਦੀ ਵਾਸ਼ਨਾ ਨਾਲ ਵਾਸ ਸੁਗੰਧਤ ਨਾ ਹੋਇਆ ਭਾਵ- ਵਾਂਸ ਵਾਂਗੂੰ ਹੰਕਾਰੀ ਤੇ ਆਕੀ ਰਹੇ, ਸੋ ਗੁਰੂ ਦੇ ਕੋਲ ਰਹਿਕੇ ਵੀ ਸੁਗੰਧਤ ਨਾ ਹੋਏ।

ਰਾਮਰਾਇ ਗੁਰੂ ਹਰਿਰਾਇ ਸਾਹਿਬ ਜੀ ਦਾ ਵੱਡਾ ਪੁੱਤਰ ਸੀ। ਔਰੰਗਜ਼ੇਬ ਦੇ ਦਰਬਾਰ ਚ ਆਪਣਾ ਪ੍ਰਭਾਵ ਤੇ ਮਾਨ ਸਨਮਾਨ ਬਣਾਈ ਰੱਖਣ ਲਈ ਉਸ ਨੇ ਗੁਰਬਾਣੀ ਦੀ ਤੁਕ ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮ੍‍ਆਿਰ ॥  {ਆਸਾ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ -ਪੰਨਾ 466) ਨੂੰ ਬਦਲ ਕੇ  ਮਿਟੀ ਬੇਈਮਾਨ ਕੀ; ਪੇੜੈ ਪਈ ਕੁਮ੍‍ਆਿਰ ॥ ਕਰ ਦਿੱਤਾ ਤਾਂ ਇਸ ਦੀ ਖ਼ਬਰ ਗੁਰੂ ਸਾਹਿਬ ਜੀ ਨੂੰ ਮਿਲਦੇ ਸਾਰ ਹੁਕਮ ਕਰ ਦਿੱਤਾ ਕਿ ਉਹ ਮੇਰੇ ਮੱਥੇ ਨਾ ਲੱਗੇ ਤੇ ਗੁਰਿਆਈ ਛੋਟੇ ਪੁੱਤਰ (ਗੁਰੂ) ਸ਼੍ਰੀ ਹਰਿ ਕ੍ਰਿਸ਼ਨ ਜੀ ਨੂੰ ਦੇ ਦਿੱਤੀ।

ਧੀਰਮੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ, ਗੁਰੂ ਹਰਿਰਾਇ ਸਾਹਿਬ ਜੀ ਦਾ ਭਰਾ, ਗੁਰੂ ਹਰਿਕ੍ਰਿਸ਼ਨ ਜੀ ਦਾ ਤਾਇਆ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਭਤੀਜਾ ਸੀ। ਗੁਰੂ ਹਰਿਕ੍ਰਿਸ਼ਨ ਜੀ ਵੱਲੋਂ ਦਿੱਲੀ ਵਿਖੇ ਜੋਤੀ ਜੋਤਿ ਸਮਾਉਣ ਵੇਲੇ ਗੁਰਗੁੱਦੀ ਦੇ ਅਗਲੇ ਵਾਰਸ ਬਾਬਾ ਬਕਾਲੇ ਦਾ ਇਸ਼ਾਰਾ ਕਰਨ ਉਪ੍ਰੰਤ ਇਹ ਗੱਦੀ ਲਾ ਕੇ ਬਹਿ ਗਿਆ ਸੀ ਤੇ ਗੁਰਗੱਦੀ ਹਥਿਆਉਣ ਲਈ ਸ਼ੀਹੇਂ ਮਸੰਦ ਤੋਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਤੇ ਗੋਲ਼ੀ ਚਲਵਾਈ ਸੀ। ਵਡਭਾਗ ਸਿੰਘ, ਧੀਰਮੱਲ ਦੀ ਪੰਜਵੀਂ ਗੱਦੀ ਤੇ ਬੈਠਾ।

ਪ੍ਰਿਥੀਚੰਦ, ਰਾਮਰਾਇ ਤੇ ਧੀਰਮੱਲ ਗੁਰੂ ਸਾਹਿਬਾਨ ਦੇ ਨੇੜਲੇ ਰਿਸ਼ਤੇਦਾਰ ਹੋਣ ਦੇ ਬਾਵਯੂਦ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ: ਮੀਣੇ (ਪ੍ਰਿਥੀਏ), ਮਸੰਦ, ਧੀਰਮੱਲੀਏ, ਰਾਮਰਾਈਏ ਆਦਿਕ ਨਾਲ ਵਰਤਣ ਵਾਲਾ ਤਨਖ਼ਾਹੀਆ ਹੋ ਜਾਂਦਾ ਹੈ। ਅੱਜ ਵੀ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰੇ; ਅੰਮ੍ਰਿਤ ਅਭਿਲਾਖੀਆਂ ਨੂੰ ਹਦਾਇਤ ਕਰਦੇ ਹਨ ਕਿ ਮੀਣੇ (ਪ੍ਰਿਥੀਏ), ਮਸੰਦ, ਧੀਰਮੱਲੀਏ, ਰਾਮਰਾਈਏ ਆਦਿਕ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਣੀ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਪ੍ਰਿਥੀਚੰਦ, ਧੀਰਮੱਲ, ਅਤੇ ਰਾਮਰਾਇ ਸਬੰਧੀ ਬੇਸ਼ੱਕ ਇਤਿਹਾਸ ਵਿੱਚ ਦਰਜ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨ੍ਹਾਂ ਸਬੰਧੀ ਕੁਝ ਵੀ ਨਹੀਂ ਲਿਖਿਆ ਗਿਆ ਪਰ ਇਸ ਦੇ ਬਾਵਯੂਦ ਇਨ੍ਹਾਂ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ ਤਾਂ ਸ਼੍ਰੀਚੰਦ ਜਿਸ ਸਬੰਧੀ ਗੁਰਬਾਣੀ ਵਿੱਚ ਵੀ ਦਰਜ ਹੈ ਕਿ ਉਹ ਖੋਟੇ ਦਿਲ ਵਾਲਾ, ਪਿਤਾ ਗੁਰੂ ਨਾਨਕ ਸਾਹਿਬ ਜੀ ਤੋਂ ਬਾਗੀ ਤੇ ਗੁਰਮਤਿ ਤੋਂ ਭਗੌੜਾ ਹੈ; ਉਸ ਨਾਲ ਸਾਡਾ ਕੀ ਸਬੰਧ ਹੋ ਸਕਦਾ ਹੈ?

ਧਾਰਮਿਕ ਜਗਤ ਵਿੱਚ ਗੁਰੂ ਦੇ ਅਸਲੀ ਪੁੱਤਰ ਗੁਰੂ ਦੇ ਸਿੱਖ ਹਨ ਨਾ ਕਿ ਗੁਰੂ ਦੀ ਮਤਿ ਤੋਂ ਆਕੀ ਉਸ ਦੇ ਬਿੰਦੀ ਪੁੱਤਰ। ਇਸ ਦਾ ਪ੍ਰਮਾਣ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਤੋਂ ਮਿਲਦਾ ਹੈ:

ਜਨ ਨਾਨਕ ਕੇ ਗੁਰਸਿਖ ਪੁਤ ਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥2॥  {ਗਉੜੀ ਕੀ ਵਾਰ:1 (ਮ: 4) ਗੁਰੂ ਗ੍ਰੰਥ ਸਾਹਿਬ - ਪੰਨਾ 312}
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥6॥      {ਰਾਮਕਲੀ ਕੀ ਵਾਰ:3 (ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ - ਪੰਨਾ 968}
ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਅ ॥ ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥2॥16॥{ਸਵਈਏ ਮਹਲੇ ਤੀਜੇ ਕੇ (ਭਟ ਕੀਰਤ) ਗੁਰੂ ਗ੍ਰੰਥ ਸਾਹਿਬ - ਪੰਨਾ 1395}
ਬਾਬਾਣੈ ਘਰਿ ਚਾਨਣੁ ਲਹਣਾ ॥6॥ (ਭਾਈ ਗੁਰਦਾਸ ਜੀ, ਵਾਰ 24 ਪਉੜੀ 6)

ਸੋ ਗੁਰਬਾਣੀ ਅਨੁਸਾਰ ਗੁਰੂ ਨਾਨਕ ਦਾ ਅਸਲੀ ਪੁੱਤਰ ਸ਼੍ਰੀ ਚੰਦ ਨਹੀਂ ਬਲਕਿ ਉਸ ਦੀ ਸਿਖਿਆ ਮੰਨਣ ਵਾਲਾ ਬਾਬਾ ਲਹਿਣਾ (ਗੁਰੂ ਅੰਗਦ ਦੇਵ) ਜੀ ਅਤੇ ਪੋਤਰੇ ਗੁਰੂ ਅਮਰਦਾਸ ਜੀ ਹਨ। ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469, ਗੁਰੂ ਅੰਗਦ ਦੇਵ ਜੀ ਦਾ 1504 ਅਤੇ ਗੁਰੂ ਅਮਰਦਾਸ ਜੀ ਦਾ 1479 ਈਸਵੀ ਵਿੱਚ ਹੋਇਆ। ਇਸ ਅਨੁਸਾਰ ਗੁਰੂ ਅਮਰਦਾਸ ਜੀ ਗੁਰੂ ਨਾਨਕ ਤੋਂ ਸਿਰਫ 10 ਸਾਲ ਛੋਟੇ ਅਤੇ ਗੁਰੂ ਅੰਗਦ ਦੇਵ ਜੀ ਤੋਂ 24 ਸਾਲ 9 ਮਹੀਨੇ ਉਮਰ ਵਿੱਚ ਵੱਡੇ ਹਨ ਪਰ ਗੁਰਬਾਣੀ ਅਨੁਸਾਰ ਉਹ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਹਨ ਜਿਹੜਾ ਕਿ ਦੁਨਿਆਵੀ ਰਿਸ਼ਤਿਆਂ ਵਿੱਚ ਸੰਭਵ ਹੀ ਨਹੀਂ ਹੋ ਸਕਦਾ।

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top