Share on Facebook

Main News Page

ਕਾਂ ਅਤੇ ਲੂੰਬੜੀ

ਕਹਾਣੀ ਹੈ ਕਿ ਇੱਕ ਕਾਂ ਦੇ ਹੱਥ ਇਕ ਪਨੀਰ ਦਾ ਟੁੱਕੜਾ ਲੱਗਾ ਤਾਂ ਉਹ ਚਾਈਂ ਚਾਈਂ ਲੈ ਕੇ ਰੁੱਖ ਉਪਰ ਜਾ ਬੈਠਾ। ਇਸ ਸਭ ਕੁਝ ਨੂੰ ਇਕ ਲੂੰਬੜੀ ਤਾੜ ਰਹੀ ਸੀ। ਉਸ ਪਨੀਰ ਦਾ ਟੁੱਕੜਾ ਖੋਹਣ ਦੀ ਤਰਕੀਬ ਸੋਚਦਿਆਂ ਰੁੱਖ ਹੇਠਾਂ ਜਾ, ਕਾਂ ਦੀ ਸਿਫਤ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ। ਤੇਰੇ ਪੈਰ ਬੜੇ ਸੋਹਣੇ ਨੇ, ਤੇਰਾ ਪਿੰਡਾ ਲਿਸ਼ਕਾਂ ਪਿਆ ਮਾਰਦਾ ਹੈ, ਤੇਰੀ ਚੁੰਝ ਕਿੰਨੀ ਪਿਆਰੀ ਹੈ, ਤੇਰਾ ਉੱਡਣ ਦਾ ਅੰਦਾਜ ਕਿੰਨਾ ਖੂਬਸੂਰਤ ਹੈ, ਜਦ ਤੂੰ ਗਾਉਂਦਾ ਹੈਂ, ਹਵਾਵਾਂ ਵੀ ਸਾਹ ਰੋਕ ਲੈਂਦੀਆਂ ਹਨ।

ਕਾਂ ਪਾਟਣ ਵਾਲਾ ਹੋ ਗਿਆ। ਉਸ ਤੋਂ ਸਿਫਤ ਝੱਲੀ ਨਾਂ ਸੀ ਜਾਂਦੀ। ਉਹ ਹੋਰ ਚੌੜਾ ਹੋਈ ਜਾ ਰਿਹਾ ਸੀ ਤੇ ਲੂੰਬੜੀ ਨੇ ਜਦ ਵੇਖਿਆ ਕਿ ਲੋਹਾ ਗਰਮ ਹੈ, ਤਾਂ ਉਹ ਕਹਿਣ ਲਗੀ, ਕਿ ਕਾਂ ਭਰਾ ਤੇਰੀ ਹੀਰ ਸੁਣਿਆਂ ਸੱਦੀਆਂ ਬੀਤ ਗਈਆਂ, ਦਿਲ ਤਰਸ ਗਿਆ ਹੈ। ਵੇਖ ਮੌਸਮ ਕਿੰਨਾ ਪਿਆਰਾ ਹੈ, ਕਿਉਂ ਨਾ ਹੀਰ ਹੋ ਜਾਏ! ਹੋਣਾ ਕੀ ਸੀ! ਕਾਂ ਨੇ ਹੀਰ ਸੁਣਾਉਂਣ ਲਈ ਜਦ ਮੂੰਹ ਖ੍ਹੋਲਿਆ, ਤਾਂ ਪਨੀਰ ਦਾ ਟੁੱਕੜਾ ਹੇਠਾਂ ਆ ਗਿਆ ਲੂੰਬੜੀ ਪਹਿਲਾਂ ਹੀ ਦਾਅ ‘ਤੇ ਸੀ। ਕਾਂ ਨੂੰ ਹੁਣ ਸਮਝ ਆਈ ਕਿ ਲੂੰਬੜੀ ਦਾ ਮੱਤਲਬ ਤਾਂ ਖੋਹ-ਮਾਈ ਸੀ।

ਪਿੰਦਰਪਾਲ ਇੱਕ ਚੰਗਾ ਕਥਾਵਾਚਕ ਸੀ, ਹਰਜਿੰਦਰ ਸਿੰਘ ਚੰਗਾ ਕੀਰਤਨੀਆ ਸੀ। ਲੂੰਬੜੀ ਕਾਂ ਨੂੰ ਕਹਿਣ ਲਗੀ ਭਾਈ ਸਾਹਿਬ ਤੁਹਾਡਾ ਗਲਾ ਕਿੰਨਾ ਸੁਰੀਲਾ ਹੈ, ਤੁਸੀਂ ਕਥਾ ਕਿੰਨੀ ਵਧੀਆ ਕਰ ਲੈਂਦੇ ਹੋ। ਤੁਹਾਡੀ ਚੁੰਝ ਕਿੰਨੀ ਪਿਆਰੀ ਹੈ। ਤੁਹਾਡੇ ਖੰਭ ਕਿੰਨੇ ਲਸ਼ਕੀਲੇ ਨੇ। ਵਾਹ! ਕਾਵਾਂ ਦੀ ਸਿਫਤ ਕੀ ਕੀਤੀ, ਬਾਦਲ ਕੀ, ਲੂੰਬੜੀ ਨੇ ਕਿ ਕਾਂ ਸਦਾ ਲਈ ਲੂੰਬੜੀ ਦੇ ਸੇਵਕ ਹੋ ਨਿਬੜੇ, ਤੇ ਦੱਸਣ ਲੱਗੇ ਕਿ 365 ਦਿਨਾਂ ਵਿਚੋਂ 300 ਦਿਨ ਸਾਨੂੰ ਮਾਈ ਦਾ ਫੋਨ ਆਉਂਦਾ ਹੈ!

ਕਹਿੰਦੇ ਪਨੀਰ ਦੇ ਟੁੱਕੜੇ ਵਾਲੇ ਕਾਂ ਨੂੰ ਜਦ ਸਮਝ ਆਈ ਕਿ ਮੇਰੇ ਨਾਲ ਧੋਖਾ ਹੋ ਗਿਆ ਹੈ, ਤਾਂ ਉਹ ਬਹੁਤ ਪਛਤਾਇਆ ਅਤੇ ਸਦਾ ਲਈ ਲੂੰਬੜੀ ਉਪਰ ਵਿਸਵਾਸ਼ ਨਾ ਕਰਨ ਦੀ ਸੌਂਹ ਖਾ ਲਈ, ਪਰ ਇਧਰ ਪੋਚਵੀਆਂ ਪੱਗਾਂ ਵਾਲੇ ਕਾਂਵਾਂ ਨੂੰ ਸਮਝ ਨਾ ਆਈ, ਕਿ ਬਾਦਲਕੇ ਹਰੇਕ ਪੱਖ ਤੋਂ ਸਿੱਖਾਂ ਨੂੰ ਇਖਲਾਕੀ ਮੌਤੇ ਮਾਰਨਾ ਚਾਹੁੰਦੇ ਹਨ ਭਾਵੇਂ ਉਨ੍ਹਾਂ ਨੂੰ ਅਪਣੀਆਂ ਔਰਤਾਂ ਹੀ ਕਿਉਂ ਨਾ ਮਗਰ ਲਾਉਂਣੀਆਂ ਪੈਣ। ਤੇ ਨਤੀਜਾ ਕੀ ਹੋਇਆ? ਬਾਦਲਕੇ ਸਿਰ ਚੜ੍ਹ ਚੜ੍ਹ ਨੱਚੇ ਸਿੱਖਾਂ ਦੇ, ਕੋਈ ਲਾਸ਼ ਨਹੀਂ ਬੋਲੀ, ਕਿਸੇ ਕਾਂ ਨੇ ਕਾਂ-ਕਾਂ ਨਹੀਂ ਕੀਤੀ ਬਨੇਰੇ ਤੇ ਬੈਠ।

ਉਲਟਾ ਇਹ ਮੂਰਖ ਕਾਂ, ਸਿੱਖਾਂ ਦਾ ਲੂਣ ਖਾ ਕੇ ਸਿੱਖਾਂ ਉਪਰ ਹੀ ਵਿੱਠਾਂ ਕਰੀ ਜਾ ਰਹੇ ਹਨ ਤੇ ਮਰੀ ਹੋਈ ਓਸ ਔਰਤ ਨੂੰ ਅਪਣੀ ਮਾਂ ਕਹਿ ਕਹਿ ਵੈਣ ਪਾਈ ਜਾ ਰਹੇ ਹਨ, ਜਿਸ ਨੇ ਕੋਈ ਡੇਰਾ ਨਹੀਂ ਛੱਡਿਆ, ਕੋਈ ਸਾਧ ਨਹੀਂ ਛੱਡਿਆ, ਕੋਈ ਮੜੀ ਨਹੀਂ ਛੱਡੀ, ਕੋਈ ਸਮਾਧ ਨਹੀਂ ਛੱਡੀ, ਕੋਈ ਕਬਰ ਨਹੀਂ ਛੱਡੀ ਜਿਥੇ ਸਿਰ ਨਹੀਂ ਰਗੜਿਆ। ਮੈਨੂੰ ਤਾਂ ਜਾਪਦਾ ਜਿਵੇਂ ਬਾਦਲਾਂ ਨੇ ਵਿਹਲੀ ਮਾਈ ਛੱਡੀ ਹੀ ਰਾਗੀਆਂ, ਸਾਧਾਂ ਅਤੇ ਪਿੰਦਰਪਾਲ ਵਰਗਿਆਂ ‘ਤੇ ਹੀ ਸੀ, ਤਾਂ ਕਿ ਸਿੱਖਾਂ ਲਈ ਕੋਈ ਅਣਖ-ਗੈਰਤ ਸਵੈਮਾਨ ਦੀ ਗੱਲ ਕਰਨਾ ਵਾਲਾ ਹੀ ਨਾ ਰਹੇ। ਜਸਬੀਰ ਸਿਓਂ ਪਉਂਟੇ ਵਾਲੇ ਦਾ ਭੰਡਪੁਣਾ ਸੁਣਕੇ, ਕਿ ਬਾਦਲ ਕੀ ਮਾਈ ਨੇ ਉਨ੍ਹਾਂ ਦੇ ਬੜੇ ਕੰਮ ਕੀਤੇ ਹਨ, ਤੁਹਾਨੂੰ ਲੱਗਦਾ ਕਿ ਇਨ੍ਹਾਂ ਭੰਡਾਂ ਦਾ ਉਸ ਗੁਰੂ ਉਪਰ ਕੋਈ ਵਿਸਵਾਸ਼ ਹੈ, ਜਿਸ ਦੀ ਬਾਣੀ ਵੇਚ ਵੇਚ ਇਨ੍ਹਾਂ ਪਾਂਡੇ ਦੀ ਟਿੰਡ ਵਰਗੇ ਢਿੱਡ ਕੀਤੇ ਪਏ ਨੇ? ਭਾਈ ਗੁਰਦਾਸ ਜੀ ਦੀ ਕੁੱਤੇ ਦਾ ਮਾਸ ਮੱਨੁਖੀ ਖੋਪਰੀ ਵਿਚ ਰਿੰਨੀ ਜਾਂਦੀ ਚੂਹੜੀ ਦੀ ਅਕ੍ਰਿਤਘਣ ਵਾਲੀ ਵਾਰ ਕੀ ਇਨ੍ਹਾਂ ਭਾਈਆਂ ਉਪਰ ਖਰੀ ਨਹੀਂ ਉਤਰਦੀ?

ਮੈਂ ਇਹ ਵਿਸ਼ਾ ਦੁਬਾਰਾ ਛੇੜਨਾ ਨਹੀਂ ਸੀ, ਪਰ ਸ੍ਰ. ਹਰਨੇਕ ਸਿੰਘ ਨਿਉਂਜੀਲੈਂਡ ਵਾਲਿਆਂ ਫੋਨ ਕਰਕੇ ਮੈਨੂੰ ਦੱਸਿਆ, ਸ੍ਰੀ ਨਗਰ ਵਾਲੇ ਦੇ ਭੰਡ-ਪੁਣੇ ਉਪਰ ਮੈਂ ‘ਲਾਸ਼ਾਂ ਦੀ ਬਦਬੂ’ ਲਿਖਿਆ ਸੀ, ਉਹ ਸਿੰਘ ਸਭਾ ਵਾਲਿਆਂ ਪੋਸਟਰ ਬਣਾ ਥਾਂ ਥਾਂ ਗੁਰਦੁਆਰੇ ਦੀਆਂ ਕੰਧਾਂ ਉਪਰ ਲਾਇਆ ਹੋਇਆ ਸੀ, ਜਿਸ ਨੂੰ ਪਿੰਦਰਪਾਲ ਲਾਹ ਕੇ ਲੈ ਗਿਆ ਅਤੇ ਨਾਲ ਭੀੜੀ ਲੂੰਗੀ ਵਾਲੇ ਗੁਰਬਚਨ ਸਿਓਂ ਨੂੰ ਕਹਿਣ ਲਗਿਆ ਕਿ ਇਨ੍ਹਾਂ ਦਾ ਕੁੱਝ ਕਰੋ???

ਕਹਿੰਦੇ ਨੇ ਜਦ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਹੋਇਆ ਤਾਂ ਫੌਜ ਨੇ ਟਰੱਕਾਂ ਦੇ ਟਰੱਕ ਸਿੱਖਾਂ ਦੀਆਂ ਲਾਸ਼ਾਂ ਦੇ ਢੋਏ ਤਾਂ ਸਾਰਾ ਸਿੱਖ ਜਗਤ ਤੜਫ ਉੱਠਿਆ। ਪੰਜਾਬ ਮਰਨ ਮਾਰਨ ਲਈ ਸੜਕਾਂ ਤੇ ਨਿਕਲ ਆਇਆ। ਲਹੂ ਦੇ ਅੱਥਰੂ ਸਾਂਭ ਨਹੀਂ ਸਨ ਹੁੰਦੇ ਸਿੱਖ ਜਗਤ ਕੋਲੋਂ। ਪਰ ਹੁਣ ਉਹੀ ਸਿੱਖ ਜਗਤ ਖਮੋਸ਼ ਹੈ, ਪੰਜਾਬ ਖਮੋਸ਼ ਹੈ। ਕੋਈ ਅੱਥਰੂ ਨਹੀਂ ਕੇਰ ਰਿਹਾ, ਕੋਈ ਹਉਕਾ ਨਹੀਂ ਲੈ ਰਿਹਾ। ਬਾਦਲਕਿਆਂ ਲਾਸ਼ਾਂ ਦੇ ਢੇਰ ਲਾ ਸੁੱਟੇ ਹਨ। ਜਿਉਂਦੀਆਂ ਜਾਗਦੀਆਂ ਲਾਸ਼ਾਂ ਦੇ। ਆਹ ਮਹਿਤੇ-ਚਾਵਲੇ, ਰੋਡੇ, ਸਾਧ, ਕੀਰਤਨੀਏ, ਕਥਾਵਾਚਕ ਸਭ ਲਾਸ਼ਾਂ ਕਰ ਮਾਰੇ, ਪਰ ਹੁਣ ਕੋਈ ਨਹੀਂ ਤੜਫਦਾ ਕੋਈ ਹਾਉਕਾ ਨਹੀਂ ਲੈਂਦਾ, ਕੋਈ ਅੱਥਰੂ ਨਹੀਂ ਕੇਰਦਾ। ਪੰਜਾਬ ਜਿਵੇਂ ਆਦੀ ਹੋ ਗਿਆ ਹੈ ਲਾਸ਼ਾਂ ਵਿਚ ਤੁਰਿਆ ਫਿਰਨ ਦਾ।

ਸਿੱਖਾਂ ਦਾ ਕਾਤਲ, ਸਿੱਖਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਨਾਲ ਖਿਲਵਾੜ ਕਰਨ ਵਾਲਾ ਸੁਮੇਧ ਸੈਣੀ ਪੰਜਾਬ ਪੁਲਿਸ ਦਾ ਮੁੱਖੀ ਬਣ ਗਿਆ, ਕੋਈ ਲਾਸ਼ ਨਹੀਂ ਬੋਲੀ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਹੇ ਲਾਇਆ ਜਾ ਰਿਹੈ, ਕਿਸੇ ਕਾਂ ਨੇ ਕਾਂ ਕਾਂ ਨਹੀਂ ਕੀਤੀ। ਇਥੋਂ ਲੱਗਦਾ ਨਹੀਂ, ਕਿ ਬਾਦਲ ਕੀ ਲੂੰਬੜੀ ਸਭ ਨੂੰ ਖੱਸੀ ਕਰਕੇ ਚਲਦੀ ਬਣੀ ਹੈ, ਅਤੇ ਬਾਦਲਾਂ ਦਾ ਲਾਸ਼ਾਂ ਵਿਚ ਰਾਜ ਕਰਨ ਦਾ ਰਾਹ ਸਾਫ ਕਰ ਗਈ ਹੈ!!

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top