Share on Facebook

Main News Page

ਸੰਤਾਂ-ਮਹਾਂਪੁਰਸ਼ਾਂ-ਬ੍ਰਹਮਗਿਆਨੀਆਂ ਦੀਆਂ ਬੇ-ਸਿਰ-ਪੈਰ ਦੀਆਂ, ਮਨ-ਘੜਤ ਸਾਖੀਆਂ ਨੇ ਸਿੱਖੀ ਦਾ ਘਾਣ ਕਰ ਦਿੱਤਾ

ਸ. ਗੁਰਚਰਨ ਸਿੰਘ ਪੱਖੌਕਲਾਂ ਦਾ ਲੇਖ “ਕੋਈ ਵੀ ਗੁਰਬਾਣੀ ਦੀ ਸਹੀ ਵਿਆਖਿਆ ਨਹੀਂ ਕਰ ਸਕਦਾ” ਪੜ੍ਹਿਆ। ਸਿਰਲੇਖ ਪੜ੍ਹਦਿਆਂ, ਮਨ ਨੂੰ ਧੱਕਾ ਜਿਹਾ ਲੱਗਾ, ਕੀ ਮੈਂ 26 ਸਾਲ ਦਾ ਝੱਖ ਮਾਰ ਰਿਹਾ ਹਾਂ? ਕੀ ਪ੍ਰੋ.ਸਾਹਿਬ ਸਿੰਘ ਜੀ ਨੇ, ਆਪਣੀ ਸਾਰੀ ਉਮਰ ਅਜਾਈਂ ਹੀ ਗਵਾਈ ਹੈ ? ਪਰ ਨਹੀਂ, ਪ੍ਰੋ. ਸ਼ਾਹਿਬ ਸਿੰਘ ਜੀ ਨੇ ਤਾਂ ਸਾਰੀ ਉਮਰ ਲਗਾ ਕੇ, ਗੁਰਬਾਣੀ ਅਰਥਾਂ ਦਾ ਮੂੰਹ-ਮੁਹਾਂਦਰਾ ਹੀ ਸਵਾਰ ਦਿੱਤਾ ਹੈ, ਗੁਰਬਾਣੀ ਅਰਥਾਂ ਦੇ ਅਨਰਥ ਹੋਣੋਂ ਬੰਦ ਹੋ ਗਏ ਹਨ। ਮੈਂ ਵੀ ਗੁਰਬਾਣੀ ਵਿਚੋਂ, ਕੁਝ ਅਜਿਹੀਆਂ ਗੱਲਾਂ ਸਿਖੀਆਂ ਹਨ, ਜਿਨ੍ਹਾਂ ਨਾਲ ਬੰਦੇ ਦਾ ਜੀਵਨ ਬਦਲ ਸਕਦਾ ਹੈ। ਜਿਵੇਂ,

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥1॥ (1)

ਕੀ ਬੰਦੇ ਨੂੰ ਏਨੀ ਸੌਖੀ ਜਿਹੀ ਗੱਲ ਵੀ ਸਮਝ ਨਹੀਂ ਆ ਸਕਦੀ ? ਇਸ ਦੀ ਵਿਆਖਿਆ ਵਿਚ ਕੀ ਔਖਾ ਹੈ ? ਔਖਾ ਹੈ ਤਾਂ ਉਸ ਰਜਾ ਦੇ ਮਾਲਕ ਦੇ ਹੁਕਮ ਵਿਚ ਚਲਣਾ। ਕਿਉਂਕਿ ਉਸ ਦੇ ਹੁਕਮ ਵਿਚ ਚੱਲਣ ਲਈ ਹਉਮੈ ਮਾਰਨੀ ਪੈਂਦੀ ਹੈ।

ਕੀ ਸਾਡੇ ਲਈ ਇਹ ਸਮਝਣਾ ਔਖਾ ਹੈ ਕਿ,

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸ ਗਾਇ॥ (141)

ਇਹ ਸਮਝਣਾ ਤਾਂ ਔਖਾ ਨਹੀਂ, ਪਰ ਇਸ ਨੂੰ ਸਮਝਣ ਦੇ ਨਾਲ, ਜੋ ਪਰਾਇਆ ਹੱਕ ਖਾਣਾ, ਛੱਡਣਾ ਪੈਂਦਾ ਹੈ, ਉਹ ਕੌਣ ਛੱਡੇ ?

ਕੀ ਇਹ ਸਮਝਣਾ ਔਖਾ ਹੈ ਕਿ,

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥1॥ (522)

ਸਮਝਣਾ ਤਾਂ ਔਖਾ ਨਹੀਂ ਪਰ ਜਦੋਂ ਜ਼ਰਾ ਜਿਹੇ ਭੇਖ ਨਾਲ, ਬਿਨਾਂ ਉਦਮ ਦੇ ਹੀ ਐਸ਼ ਦੀ ਹਰ ਚੀਜ਼ ਮਿਲੇ, ਸਮਾਜ ਵਿਚ ਉੱਚ ਧਾਰਮਿਕ ਰੁਤਬਾ ਵੀ ਸਥਾਪਤ ਹੋ ਜਾਵੇ, ਤਾਂ ਉਦੱਮ ਕੌਣ ਕਰੇ ?

ਕੀ ਇਹ ਸਮਝ ਨਹੀਂ ਆਉਂਦਾ ਕਿ,

ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (266)

ਸਮਝ ਤਾਂ ਆਉਂਦਾ ਹੈ, ਪਰ ਇਸ ਨੂੰ ਸਮਝਣ ਪਿਛੋਂ, ਪਖੰਡ-ਵਾਦ ਛੱਡਣਾ ਪੈਂਦਾ ਹੈ। ਜੇ ਪਾਖੰਡ-ਵਾਦ ਛੱਡ ਦਿੱਤਾ ਤਾਂ, ਸੰਤ-ਮਹਾਂਪੁਰਖ, ਬ੍ਰਹਮ-ਗਿਆਨੀ ਕੌਣ ਕਹੇਗਾ ? ਅਤੇ ਮੁਫਤ ਵਿਚ ਐਸ਼ ਕਿਵੇਂ ਮਿਲੇਗੀ ?

ਕੀ ਇਹ ਸਮਝਣਾ ਮੁਸ਼ਕਲ ਹੈ ਕਿ,

ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀਂ ਭਾਈ ਮੀਤ॥3॥ (386)

ਸਮਝਣਾ ਤਾਂ ਬੜਾ ਸੌਖਾ ਹੈ, ਪਰ ਦੂਸਰੇ ਦੇ ਬੁਰੇ ਤੇ ਟਿਕਿਆ ਆਪਣਾ ਸੁਖ, ਸੰਤ-ਮਹਾਂਪੁਰਸ ਕਦੋਂ ਤਿਆਗਣ ਦੇਣਗੇ ? ਕਿਉਂਕਿ ਇਸ ਵਿਚ ਹੀ ਤਾਂ ਉਨ੍ਹਾਂ ਦੀਆਂ ਰੋਟੀਆਂ ਹਨ।

ਜਿੱਥੋਂ ਤਕ ਪੱਖੋਕਲਾਂ ਜੀ ਦੇ ਲੇਖ ਦਾ ਸਬੰਧ ਹੈ, ਉਹ ਲਿਖਦੇ ਹਨ ਕਿ “ਰਾਜ-ਸੱਤਾ ਆਪਣੇ ਗੁਲਾਮਾ ਦੁਆਰਾ, ਹਮੇਸ਼ਾ ਹੀ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕੌਮੀ ਜਾਂ ਵਿਸ਼ੇਸ਼ ਦੁਨਿਆਵੀ ਧੜਿਆਂ ਵਾਲੀ ਸੋਚ ਅਧੀਨ ਹੀ ਕਰਵਾਉਂਦੀ ਹੈ, ਜਿਸ ਨਾਲ ਪਾੜੋ ਅਤੇ ਰਾਜ ਕਰੋ ਦੀ ਨੀਤੀ ਜੁੜੀ ਹੁੰਦੀ ਹੈ। ਅਖੌਤੀ ਗੁਲਾਮ ਪਰਚਾਰਕ, ਭ੍ਰਿਸ਼ਟ ਰਾਜ ਸਤਾਵਾਂ ਲਈ ਇਹ ਕੰਮ ਕਰਦੇ ਹਨ, ਤਾਂ ਜੋ ਲੋਕਾਂ ਨੂੰ ਰਾਜ-ਸੱਤਾ ਦੇ ਪੈਰਾਂ ਵਿਚ ਰੱਖਿਆ ਜਾਵੇ। ਇਨ੍ਹਾਂ ਗੁਲਾਮ ਭ੍ਰਿਸ਼ਟ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਰਾਜ-ਸੱਤਾ ਦੀ ਪੁਸ਼ਤ-ਪਨਾਹੀ ਹਾਸਲ ਹੁੰਦੀ ਹੈ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਮਨੁੱਖ ਨੂੰ ਗੁਰਬਾਣੀ ਪੜ੍ਹਨ ਲਈ ਹੁਕਮ ਕੀਤਾ ਹੈ, ਜਦ ਬੰਦਾ ਨਿਸ਼ਕਾਮ ਹੋ ਕੇ ਗੁਰਬਾਣੀ ਆਪ ਹੀ ਪੜ੍ਹਦਾ ਹੈ, ਤਾਂ ਉਸ ਨੂੰ ਅਰਥ ਖੁਦ ਹੀ ਸਮਝ ਆ ਜਾਂਦੇ ਹਨ। ਗੁਰਬਾਣੀ ਜਾਂ ਧਾਰਮਿਕ ਗ੍ਰੰਥਾਂ ਵਿਚ, ਆਪਣੇ ਅਰਥ ਆਪ ਸਮਝਾਉਣ ਦੀ ਤਾਕਤ ਅਤੇ ਰਮਜ਼ ਵੀ ਹੁੰਦੀ ਹੈ। ਇਸ ਲਈ ਮਨੁੱਖ ਨੂੰ ਸਿੱਖਣ ਵਾਲਾ (ਸਿੱਖ) ਬਣ ਕੇ ਆਪ ਹੀ ਧਾਰਮਿਕ ਗ੍ਰੰਥਾਂ ਦਾ ਪਾਠ ਬੋਧ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ।”

ਇਸ ਤੋਂ ਤਾਂ ਇੰਜ ਜਾਪਦਾ ਹੈ ਕਿ ਪੱਖੋਕਲਾਂ ਜੀ ਬਹੁਤ ਹੀ ਸੁਹਿਰਦ ਸਿੱਖ ਹਨ, ਪਰ ਉਨ੍ਹਾਂ ਨੇ ਸ਼ਾਇਦ ਇਹ ਨਹੀਂ ਪੜ੍ਹਿਆ ਕਿ ਗੁਰਬਾਣੀ ਤਾਂ ਕਹਿੰਦੀ ਹੈ,

ਗੁਰ ਕੀ ਸੇਵਾ ਸਬਦੁ ਬੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥7॥ (223)

ਸ਼ਬਦ ਗੁਰੂ ਦੀ ਤਾਂ ਸੇਵਾ ਹੀ ਉਸ ਦੇ ਸ਼ਬਦ ਦੀ ਵਿਚਾਰ ਕਰਨਾ ਹੈ (ਜੇ ਅਰਥ ਹੀ ਸਮਝ ਨਹੀਂ ਆਉਣੇ ਸਨ ਤਾਂ ਗੁਰੂ ਸਾਹਿਬ ਦਾ, ਉਸ ਨੂੰ ਵਿਚਾਰਨ ਬਾਰੇ ਕਹਿਣ ਦਾ ਕੀ ਅਰਥ ਹੋਇਆ ?) ਅਤੇ ਇਸ ਸ਼ਬਦ ਵਿਚਾਰ ਆਸਰੇ ਹੀ ਮਨ ਵਿਚੋਂ ਹਉਮੈ ਮਰਦੀ ਹੈ। ਕੀ ਇਹ ਗੱਲ ਗੁਰੂ ਸਾਹਿਬ ਨੇ ਗਲਤ ਹੀ ਲਿਖ ਦਿੱਤੀ ਸੀ, ਜਿਸ ਬਾਰੇ ਉਨ੍ਹਾਂ ਨੂੰ 300 ਸਾਲ ਮਗਰੋਂ ਤਲਵੰਡੀ ਸਾਬੋ ਵਿਚ ਸੋਝੀ ਆਈ ?

ਵੀਰ ਪੱਖੋਕਲਾਂ ਜੀ, ਨੇ ਜੋ ਗਲਤੀਆਂ ਕੀਤੀਆਂ ਹਨ, ਉਨ੍ਹਾਂ ਬਾਰੇ ਵਿਚਾਰ ਨਾ ਕਰਨਾ ਵੀ ਉਨ੍ਹਾਂ ਨੂੰ ਹਨੇਰੇ ਵਿਚ ਰੱਖਣ ਵਾਲੀ ਗੱਲ ਹੀ ਹੋਵੇਗੀ। ਸੋ ਆਉ, ਉਸ ਬਾਰੇ ਵੀ ਕੁਝ ਵਿਚਾਰ ਕਰ ਲਈਏ।

ਪਹਿਲੀ ਗੱਲ ਤਾਂ ਇਹ ਹੈ ਕਿ ਪੱਖੋ-ਕਲਾਂ ਜੀ ਨੇ, ਗੁਰਬਾਣੀ ਦੀਆਂ ਤਿੰਨ ਤੁੱਕਾਂ ਲਿਖਣ ਵਿਚ ਹੀ ਬਹੁਤ ਗਲਤੀਆਂ ਕੀਤੀਆਂ ਹਨ, ਆਉ ਵੇਖੀਏ,

ਇਹ ਪੱਖੋਕਲਾਂ ਜੀ ਵਲੋਂ ਲਿਖੀ ਗੁਰਬਾਣੀ ਹੈ,

ਅੱਖਰੀਂ ਨਾਮ ਅੱਖਰੀਂ ਸਾਲਾਹ ਅੱਖਰੀਂ ਗਿਆਨ ਗੀਤ ਗੁਣ ਗਾਹ।
ਅੱਖਰੀਂ ਲਿਖਣ ਬੋਲਣ ਬਾਣ ਅੱਖਰੀਂ ਸਿਰ ਸੰਜੋਗ ਵਿਖਾਣ।
ਜਿਨ ਇਹ ਲਿਖੇ ਤਿਸ ਸਿਰ ਨਾਂਹੀ ਜਿਵ ਫੁਰਮਾਹੀ ਤਿਵ ਤਿਵ ਪਾਂਹੀਂ।

ਅਤੇ ਇਹ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਗੁਰਬਾਣੀ ਹੈ,

ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥
ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ॥ (4)

ਇਨ੍ਹਾਂ ਤਿੰਨ ਤੁੱਕਾਂ ਵਿਚ ਤਕਰੀਬਨ ਤੀਹ (30) ਗਲਤੀਆਂ ਹਨ। ਵੀਰ ਜੀ ਨੂੰ ਚਾਹੀਦਾ ਹੈ ਕਿ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਲਿਖਣ ਲੱਗਿਆਂ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜ਼ਰੂਰ ਮੇਲ ਲਿਆ ਕਰਨ। ਉਨ੍ਹਾਂ ਨੇ ਇਨ੍ਹਾਂ ਤੁਕਾਂ ਦਾ ਅਰਥ ਵੀ ਪਤਾ ਨਹੀਂ ਕਿਸ ਆਧਾਰ ਤੇ ਇਹ ਕਰ ਦਿੱਤਾ ਹੈ?

ਉਪਰੋਕਤ ਸਲੋਕ ਦਾ ਭਾਵ ਇਹੀ ਹੈ ਕਿ, ਕਿਸੇ ਦੂਸਰੇ ਦੇ ਆਖੇ ਹੋਏ ਸ਼ਬਦਾਂ ਦਾ ਭਾਵ, ਹਰ ਮਨੁੱਖ ਆਪੋ ਆਪਣੀ ਸਮਰਥਾ ਅਨੁਸਾਰ ਹੀ ਕਰ ਸਕਦਾ ਹੈ, ਕਿਉਂਕਿ ਕੋਈ ਮਨੁੱਖ ਜਦ ਕੋਈ ਸ਼ਬਦ ਬੋਲਦਾ ਹੈ ਤਾਂ ਕੋਈ ਦੂਸਰਾ ਮਨੁੱਖ, ਉਹ ਆਖਣ ਸਮੇਂ, ਉਸ ਅਵਸਥਾ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ। ਦੂਸਰਾ ਵਿਅਕਤੀ ਤਾਂ ਛੱਡੋ, ਖੁਦ ਉਹੀ ਮਨੁੱਖ, ਉਹੀ ਸ਼ਬਦ ਕਿਸੇ ਦੂਸਰੇ ਸਮੇਂ, ਦੂਸਰੀ ਥਾਂ ਤੇ, ਉਸੇ ਭਾਵ ਅਰਥ ਪ੍ਰਗਟ ਨਹੀਂ ਕਰਦਾ। ਗੁਰਬਾਣੀ ਦੀ ਪੰਕਤੀ, ‘ਸ਼ਬਦ ਗੁਰੂ ਸੁਰਤ ਧੁਨ ਚੇਲਾ’ ਦੇ ਅਨੁਸਾਰ ਕਿਸੇ ਵੀ ਮਨੁੱਖ ਦੁਆਰਾ ਬੋਲੇ, ਗੁਰੂ ਰੂਪ ਸ਼ਬਦਾ ਦੇ ਨਾਲ ਸੁਰਤੀ ਅਤੇ ਧੁਨ ਦਾ ਪਰਭਾਵ ਚੇਲੇ ਵਾਲਾ ਹੁੰਦਾ ਹੈ। ਇਸ ਦਾ ਭਾਵ ਇਹ ਵੀ ਹੈ ਕਿ ਗੁਰੂ ਅਤੇ ਚੇਲੇ ਦੀ ਸਾਂਝੀ ਸੋਚ ਹੀ ਅਸਲ ਅਰਥ ਹੁੰਦੇ ਹਨ।

(ਜੇ ਗੁਰਬਾਣੀ ਨੂੰ ਲਿਖਿਆ ਜਾਂ ਪੜ੍ਹਿਆ ਹੀ ਗਲਤ ਜਾਵੇਗਾ ਤਾਂ ਉਸ ਦੇ ਅਰਥ ਕਿਵੇਂ ਸਹੀ ਹੋਣਗੇ ? ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਗੁਰਬਾਣੀ ਦਾ ਕੋਈ ਵੀ ਗਿਆਤਾ ਅਜਿਹਾ ਨਹੀਂ ਹੋਵੇਗਾ, ਜਿਸ ਨੇ ਗੁਰਬਾਣੀ ਸਿੱਖਣ ਅਤੇ ਸਮਝਣ ਵੇਲੇ ਗਲਤੀਆਂ ਨਾ ਕੀਤੀਆਂ ਹੋਣ। ਇਸ ਨੂੰ ਇਵੇਂ ਹੀ ਸਮਝਣਾ ਚਾਹੀਦਾ ਹੈ, ਜਿਵੇਂ ਬੱਚੇ ਸਕੂਲ ਵਿਚ ਵਿਦਿਆ ਸਿੱਖਣ ਵੇਲੇ ਗਲਤੀਆਂ ਕਰਦੇ ਹਨ। ਬੱਚੇ ਤਾਂ ਗਲਤੀਆਂ ਕਰ-ਕਰ ਕੇ, ਵਿਦਿਆ ਸਿੱਖ ਜਾਂਦੇ ਹਨ, ਪਰ ਸੰਤਾਂ-ਮਹਾਂਪੁਰਖਾਂ ਦੇ ਪਰਭਾਵ ਹੇਠ ਸਿੱਖ ਸਾਰੀ ਉਮਰ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋਂ ਬਗੈਰ, ਗੁਰਬਾਣੀ ਦਾ ਊੜਾ-ਐੜਾ ਹੀ ਰਟਦੇ ਰਹਿੰਦੇ ਹਨ। ਉਨ੍ਹਾਂ ਵਿਚਾਰਿਆਂ ਦਾ ਗੁਰਬਾਣੀ ਅਰਥਾਂ ਨਾਲ ਕੀ ਮਤਲਬ, ਕੀ ਲੈਣਾ-ਦੇਣਾ ?)

ਅਤੇ ਪੱਖੋਕਲਾਂ ਜੀ ਦੀ ਲਿਖੀ ਸਾਖੀ ਤਾਂ ਬਹੁਤ ਹੀ ਲਾਜਵਾਬ ਹੈ, ਉਹ ਲਿਖਦੇ ਹਨ ਕਿ,

“ਇਕ ਵਾਰੀ ਜਦ ਤਲਵੰਡੀ ਸਾਬੋਕੀ ਵਿਖੇ ਸਿੱਖਾਂ ਨੇ, ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਬਾਣੀ ਦੇ ਅਰਥ ਸਮਝਾਉਣ ਦੀ ਬੇਨਤੀ ਕੀਤੀ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਤੋਂ ਅਸਮਰਥਾ ਜ਼ਾਹਿਰ ਕਰਦਿਆਂ ਕਿਹਾ ਸੀ, ਗੁਰੂ ਨਾਨਕ ਸਾਹਿਬ ਤੋਂ ਕੋਈ ਦਸ ਗੁਣਾ ਸਿਆਣਾ ਵਿਅਕਤੀ ਹੀ ਗੁਰਬਾਣੀ ਦੇ ਸਹੀ ਅਰਥ ਕਰ ਸਕਦਾ ਹੈ।”

ਕੀ ਇਸ ਦਾ ਅਰਥ ਇਹ ਲਿਆ ਜਾਵੇ ਕਿ, ਜਿਵੇਂ ਸਿੱਖਾਂ ਨੂੰ ਗੁਰਬਾਣੀ ਸ਼ੁੱਧ ਉਚਾਰਨ ਨਾ ਕਰਨ ਦਾ ਡਰਾਵਾ ਦੇ ਕੇ, ਗੁਰਬਾਣੀ ਨਾਲੋਂ ਤੋੜ ਕੇ, ਅਖੰਡ-ਪਾਠਾਂ ਨਾਲ ਜੋੜ ਦਿੱਤਾ ਗਿਆ ਹੈ, ਏਸੇ ਤਰ੍ਹਾਂ ਸਹੀ ਅਰਥ ਨਾ ਹੋ ਸਕਣ ਦਾ ਡਰਾਵਾ ਦੇ ਕੇ, ਇਹ ਸਮਝਾਇਆ ਜਾਵੇਗਾ ਕਿ ਗੁਰਬਾਣੀ ਸਮਝਣ ਦੀ ਚੀਜ਼ ਨਹੀਂ ਹੈ, ਖਾਲੀ ਮੱਥਾ ਟੇਕਣ ਦੀ ਹੀ ਚੀਜ਼ ਹੈ। ਜਾਂ ਉਹ ਡੇਰੇਦਾਰ ਜੋ ਗੁਰਬਾਣੀ ਦੀ ਵਿਆਖਿਆ ਕਰਦੇ ਵੇਖੇ ਜਾਂਦੇ ਹਨ, (ਸਹੀ ਜਾਂ ਗਲਤ) ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਦਸ ਗੁਣਾ ਸਿਆਣਾ ਸਮਝਿਆ ਜਾਣਾ ਚਾਹੀਦਾ ਹੈ?

ਪਰ ਏਥੇ ਤਾਂ ਗੁਰਬਾਣੀ ਨੂੰ ਸਮਝਣ ਦਾ ਰੌਲਾ ਨਹੀਂ ਹੈ, ਰੌਲਾ ਤਾਂ ਉਸ ਵੇਲੇ ਪੈਂਦਾ ਹੈ, ਜਦ ਕੋਈ ਆਪਣੇ ਮਨ ਵਿਚ ਬਣੀ ਗਲਤ ਧਾਰਨਾ ਨੂੰ ਸਹੀ ਸਿੱਧ ਕਰਨ ਲਈ, ਗੁਰਬਾਣੀ ਵਿਚੋਂ ਆਪਣੇ ਮਤਲਬ ਦੀ ਤੁਕ ਲੱਭ ਕੇ ਆਪਣੀ ਗਲਤ ਧਾਰਨਾ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਕੋਈ ਇਹ ਇਤਰਾਜ਼ ਕਰ ਦੇਵੇ ਕਿ ਵਿਆਕਰਣ ਅਨੁਸਾਰ ਇਹ ਅਰਥ ਠੀਕ ਨਹੀਂ ਹਨ, ਤਾਂ ਅਜਿਹੀਆਂ ਸਾਖੀਆਂ ਘੜ ਕੇ ਆਪਣੇ ਆਪ ਨੂੰ ਸਹੀ ਸਾਬਤ ਕੀਤਾ ਜਾਂਦਾ ਹੈ।

ਉਪਰ ਸਾਫ ਦੇਖਿਆ ਹੈ ਕਿ ਗੁਰਬਾਣੀ ਸਾਡੀ ਮਾਂ-ਬੋਲੀ ਵਿਚ, ਬੜੀ ਸੌਖਿਆਂ ਸਮਝਣ ਵਾਲੀ ਚੀਜ਼ ਹੈ। ਕੀ ਉਪਰ ਜੋ ਦੋ-ਚਾਰ ਤੁਕਾਂ ਵਿਚਾਰੀਆਂ ਹਨ, ਉਹ ਬੰਦੇ ਦੀ ਜ਼ਿੰਦਗੀ ਬਦਲਣ ਜੋਗੀਆਂ ਨਹੀਂ ਹਨ ? ਜੇ ਹਨ ਤਾਂ ਫਿਰ ਉਹ ਵੀਰ ਜੌ ਗੁਰਬਾਣੀ ਦੇ ਔਖੇ ਹੋਣ ਦਾ ਰੌਲਾ ਪਾਉੰਦੇ ਹਨ, ਉਹ ਇਨ੍ਹਾਂ ਤੁਕਾਂ ਅਨੁਸਾਰ ਆਪਣਾ ਜੀਵਨ ਢਾਲ ਚੁੱਕੇ ਹਨ ? ਜੇ ਉਹ ਢਾਲ ਚੁੱਕੇ ਹਨ ਤਾਂ ਮੈਂ ਦਾਹਵੇ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਗੁਰਬਾਣੀ ਦੇ ਅਰਥ ਸਮਝਣ ਵਿਚ ਕੋਈ ਔਕੜ ਨਹੀਂ ਆ ਸਕਦੀ। ਜਿਨ੍ਹਾਂ ਇਹ ਤੁਕਾਂ ਹੀ ਆਪਣੇ ਜੀਵਨ ਵਿਚ ਨਹੀਂ ਢਾਲੀਆਂ, ਉਹ ਗੁਰਬਾਣੀ ਦੀ ਗੱਲ ਕਰ ਕੇ ਸਿੱਖਾਂ ਵਿਚ ਆਪਣੇ-ਆਪ ਨੂੰ ਗੁਰਬਾਣੀ ਦਾ ਗਿਆਤਾ ਸਥਾਪਤ ਕਰਨ ਲਈ ਸਿੱਖਾਂ ਨੂੰ ਕੁਰਾਹੇ ਪਾ ਰਹੇ ਹਨ।

ਅਜਿਹੇ ਸੰਤਾਂ-ਮਹਾਂਪੁਰਖਾਂ ਤੋਂ ਸਿੱਖਾਂ ਨੂੰ ਬਚਣ ਦੀ ਲੋੜ ਹੈ।

ਅਮਰਜੀਤ ਸਿੰਘ ਚੰਦੀ

ਫੋਨ:- 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top