Khalsa News homepage

 

 Share on Facebook

Main News Page

ਰਾਜੋਆਣਾ ਖੁਰਦ ਦੀ ਸੰਗਤ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਿਰਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਰਾਜੋਆਣਾ ਖੁਰਦ, 15 ਅਪ੍ਰੈਲ (ਰਜਿੰਦਰ ਸਿੰਘ ਕੋਟਲਾ): ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਿਰਜਨਾ ਦਿਵਸ ਗੁਰਦੁਆਰਾ ਦੇਗਸਰ ਪਿੰਡ ਰਾਜੋਆਣਾ ਖੁਰਦ ਵਿਖੇ ਬੀਤੇ ਐਤਵਾਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੂਰਨ ਗੁਰ ਮਰਿਆਦਾ ਅਨੁਸਾਰ ਬਹੁਤ ਹੀ ਉਤਸ਼ਾਹਜਨਕ ਅਤੇ ਸੁਚੱਜੇ ਢੰਗ ਨਾਲ ਮਨਾ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਸਮੁੱਚਾ ਪ੍ਰੋਗਰਾਮ ਭਾਈ ਅਤਿੰਦਰਪਾਲ ਸਿੰਘ ਸਾਬਕਾ ਐਮ.ਪੀ ਦੀ ਪ੍ਰੇਰਣਾ ਅਤੇ ਯੋਗ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ, ਨਿਸ਼ਕਾਮ ਜਥੇਬੰਦੀ ‘ਕਰ ਸੇਵਾ ਭਾਈ’ ਦੇ ਮੁਖੀ ਭਾਈ ਅਜਮੇਰ ਸਿੰਘ, ਨੌਜਵਾਨ ਕਲੱਬ ਦੇ ਪ੍ਰਧਾਨ ਭਾਈ ਗਗਨਦੀਪ ਸਿੰਘ ਵੱਲੋਂ ਉਲੀਕਿਆ ਅਤੇ ਨਿਭਾਇਆ ਗਿਆ। ਅੱਜ ਕੱਲ੍ਹ ਜਿੱਥੇ ਆਮ ਗੁਰਦੁਆਰਿਆਂ ਦੇ ਪ੍ਰਬੰਧਕ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹੋਣ ਦੇ ਬਾਵਜੂਦ ਆਪਣੇ ਗੁਰਦੁਆਰਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਕਰਨ ਦੀ ਪਹਿਲ ਕਰਨ ਵਿੱਚ ਝਿਜਕ ਵਿਖਾਉਂਦੇ ਨਜ਼ਰੀਂ ਪੈਂਦੇ ਹਨ ਉਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਦੀ ਬਜਾਏ 1 ਵੈਸਾਖ ਨੂੰ ਮਨਾਏ ਜਾਣਾ ਵਾਕਿਆ ਹੀ ਇੱਕ ਕ੍ਰਾਂਤੀਕਾਰੀ ਕਦਮ ਹੈ, ਜਿਸ ਲਈ ਵਿਸ਼ੇਸ ਤੌਰ ’ਤੇ ਭਾਈ ਅਤਿੰਦਰ ਪਾਲ ਸਿੰਘ ਜੀ ਅਤੇ ਉਕਤ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ।

ਇਸ ਪ੍ਰੋਗਰਾਮ ਦੀ ਵਰਨਣਯੋਗ ਖਾਸ ਵਿਸ਼ੇਸ਼ਤਾ ਇਹ ਸੀ ਕਿ ਜਿਥੇ ਸਾਡੇ ਗੁਰਦੁਆਰਿਆਂ ਦੇ ਸਮਾਗਮਾਂ ’ਚ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੁੰਦੀ ਹੈ ਉੱਥੇ ਭਾਈ ਸਤਿਨਾਮ ਸਿੰਘ ਫਲੌਰ ਦੀ ਅਗਵਾਈ ਹੇਠ ‘ਕਰ ਸੇਵਾ ਭਾਈ ਗੁਰਮਤਿ ਵਿਦਿਆਲਾ ਅਤੇ ਪ੍ਰਿ: ਭਾਈ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਦੇ ਸਿਖਲਾਈ ਪ੍ਰਾਪਤ ਬੱਚਿਆਂ ਵੱਲੋਂ ਨਿਭਾਈ ਕੀਰਤਨ ਅਤੇ ਕਥਾ ਦੀ ਸੇਵਾ ਵੱਡੇ ਵੱਡੇ ਨਾਮਵਰ ਕੀਰਤਨੀ ਜਥਿਆਂ ਤੇ ਪ੍ਰਚਾਰਕਾਂ ਨੂੰ ਮਾਤ ਦੇ ਰਹੀ ਸੀ; ਜਿਸ ਨੂੰ ਸੰਗਤਾਂ ਵੱਲੋਂ ਬਹੁਤ ਹੀ ਸਲਾਹਿਆ ਗਿਆ। ਸੰਗਤ ਵਿੱਚ ਸਿਖਲਾਈ ਪ੍ਰਪਾਤ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਵੀ ਇੱਕ ਮਿਸਾਲ ਸੀ।

ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਨੂੰ ਗੁਰਮਤਿ ਦੀ ਵਿਦਿਆ ਦੇਣ ਵਾਲੇ ਅਧਿਆਪਕਾਂ ਤੋਂ ਇਲਾਵਾ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਕੈਲੰਡਰਾਂ ਸਬੰਧੀ ਸੰਖੇਪ ਜਾਣਕਾਰੀ ਦਿੱਤੀ ਤੇ ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1 ਵੈਸਾਖ ਸੰਮਤ 1526 ਨੂੰ ਹੋਇਆ ਜਿਸ ਦਿਨ ਅੰਗਰੇਜੀ ਕੈਲੰਡਰ ਦੀ 27 ਮਾਰਚ 1469 ਬਣਦੀ ਹੈ; ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀ ਵਿਸ਼ੇਸ਼ਤਾ ਨੂੰ ਮੁੱਖ ਰੱਖ ਕੇ ਅਨੰਦਪੁਰ ਸਾਹਿਬ ਵਿਖੇ 1 ਵੈਸਾਖ ਬਿਕ੍ਰਮੀ ਸੰਮਤ 1756 ਨੂੰ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਜਿਸ ਦਿਨ ਅੰਗਰੇਜੀ ਕੈਲੰਡਰ ਅਨੁਸਾਰ 29 ਮਾਚਚ 1699 ਬਣਦੀ ਹੈ ਪਰ ਅੱਜਕੱਲ੍ਹ 13 ਜਾਂ 14 ਅਪ੍ਰੈਲ ਨੂੰ ਵੈਸਾਖੀ ਆ ਰਹੀ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਰ੍ਹੇ ਤੋਂ 550 ਸਾਲਾਂ ਵਿੱਚ ਹੀ 17/18 ਦਿਨਾਂ ਦਾ ਫਰਕ ਪੈ ਗਿਆ ਅਤੇ ਜੇ ਅਸੀਂ ਹੁਣ ਵੀ ਸ: ਪਾਲ ਸਿੰਘ ਪੁਰੇਵਾਲ ਜੀ ਵੱਲੋਂ ਸੁਜਾਇਆ ਗਿਆ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਵੈਸਾਖੀ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਖਿਸਕਦੀ ਜਾਵੇਗੀ ਜਿਸ ਕਾਰਨ ਬਾਕੀ ਦੀਆਂ ਤਾਰੀਖ਼ਾਂ ਵੀ ਖਿਸਕਦੀਆਂ ਜਾਣਗੀਆਂ ਜਿਸ ਨਾਲ ਸਾਡੇ ਸਕੂਲੀ ਅਤੇ ਯੂਨੀਵਰਸਿਟੀਆਂ ਦੀਆਂ ਪੁਤਸਕਾਂ ਵਿੱਚ ਲਿਖੀਆਂ ਤਾਰੀਖ਼ਾਂ ਨਾਲੋਂ ਅਲਾਹਿਦਾ ਹੁੰਦੀਆਂ ਜਾਣਗੀਆਂ ਜਿਸ ਨਾਲ ਇਤਿਹਾਸ ਨੂੰ ਸਮਝਣ ਵਿੱਚ ਭਾਰੀ ਮੁਸ਼ਕਿਲ ਆਵੇਗੀ ਤੇ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸਬੰਧ ਵੀ ਗੁਰਬਾਣੀ ’ਚ ਦਰਜ ਮਹੀਨਿਆਂ ਦੀਆਂ ਰੁੱਤਾਂ ਨਾਲੋਂ ਟੁੱਟ ਜਾਵੇਗਾ।

ਭਾਵੇਂ ਸਿਹਤ ਠੀਕ ਨਾ ਹੋਣ ਕਾਰਨ ਭਾਈ ਅਤਿੰਦਰਪਾਲ ਸਿੰਘ ਜੀ ਦੀ ਸਮਾਗਮ ਵਿੱਚ ਗੈਰਹਾਜਰੀ ਰੜਕਦੀ ਰਹੀ ਪਰ ਉਨ੍ਹਾਂ ਦੀ ਜੀਵਨ ਸਾਥਨ ਬੀਬੀ ਕਮਲਜੀਤ ਕੌਰ ਜੀ ਅਤੇ ਅਮਰੀਕਾ ਰਹਿੰਦੀ ਬੇਟੀ ਬੀਬੀ ਰਕਿੰਦ ਕੌਰ ਜੀ ਨੇ ਉਹ ਘਾਟ ਪੂਰੀ ਕਰਨ ਦਾ ਯਤਨ ਕੀਤਾ। ਬੀਬੀ ਰਕਿੰਦ ਕੌਰ ਜੀ ਨੇ ਬ੍ਰਹਿਮੰਡੀ ਜੈਂਡਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਰਿਆਦਾ ਦੀ ਵਿਆਖਿਆ ਕੀਤੀ। ਬਠਿੰਡਾ ਤੋਂ ਪਹੁੰਚੇ ਭਾਈ ਜੀਤ ਸਿੰਘ ਖਾਲਸਾ ਨੇ ਵੀ ਗੁਰਮਤਿ ਵੀਚਾਰਾਂ ਪੇਸ਼ ਕੀਤੀਆਂ।

ਸਟੇਜ ਸਕੱਤਰ ਦੀ ਸੇਵਾ ਸੀ-5 ਯੂ-ਟਿਊਬ ਚੈਨਲ ਦੇ ਭਾਈ ਜੁਝਾਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਕ੍ਰਾਂਤੀਕਾਰੀ ਉੱਦਮ ਦੇ ਪ੍ਰੋਗਰਾਮ ਦੇ ਪੋਸਟਰ ਸੋਸ਼ਿਲ ਮੀਡੀਆ ’ਤੇ ਸਰਕੂਲੇਟ ਹੋਣ ’ਤੇ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਜਿਸ ਦੀ ਮਿਸਾਲ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਖ ਨਿਰਮਾਤਾ ਕੈਨੇਡਾ ਨਿਵਾਸੀ ਭਾਈ ਪਾਲ ਸਿੰਘ ਪੁਰੇਵਾਲ ਨੇ 11 ਹਜਾਰ ਰੁਪਏ ਅਤੇ ਉਨ੍ਹਾਂ ਦੇ ਦੋ ਦੋਸਤ ਭਾਈ ਅਜੈਬ ਸਿੰਘ ਮਾਨ ਤੇ ਭਾਈ ਕੁਲਵੰਤ ਸਿੰਘ ਢਿੱਲੋਂ ਨੇ ਸਾਢੇ 5-5 ਹਜਾਰ ਰੁਪਏ ਲੰਗਰ ਦੀ ਸੇਵਾ ਲਈ ਭੇਜਣ ਤੋਂ ਇਲਾਵਾ ਪ੍ਰਬੰਧਕਾਂ ਨੂੰ ਵਧਾਈਆਂ ਵੀ ਭੇਜੀਆਂ।

ਗ੍ਰੰਥੀ ਸਿੰਘ ਭਾਈ ਬਘੇਲ ਸਿੰਘ, ਡਾ: ਸੁਰਜੀਤ ਸਿੰਘ ਖ਼ਾਲਸਤਾਨੀ, ਭਾਈ ਸੁਖਵਿੰਦਰ ਸਿੰਘ ਨਾਥੇਵਾਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top