Khalsa News homepage

 

 Share on Facebook

Main News Page

ਬੀਬੀ ਹਰਪ੍ਰੀਤ ਕੌਰ ਦੇ ਜੀਵਨ ਵਾਂਗ ਉਨ੍ਹਾਂ ਨੂੰ ਸਮਰਪਿਤ ਸਮਾਗਮ ਵੀ ਕ੍ਰਾਂਤੀਕਾਰੀ ਹੋ ਨਿਬੜਿਆ
-: ਤੱਤ ਗੁਰਮਤਿ ਪਰਿਵਾਰ
ਮਿਤੀ 13.11.2019  ਮੋਬ: 7006125439

ਕੁਝ ਦਿਨ ਪਹਿਲਾਂ ਬੀਬੀ ਹਰਪ੍ਰੀਤ ਕੌਰ ਬਹਾਦੁਰਪੁਰ 46 ਸਾਲ ਦੀ ਘੱਟ ਉਮਰ ਵਿਚ ਕੈਂਸਰ ਦੀ ਬੀਮਾਰੀ ਦਾ ਸ਼ਿਕਾਰ ਬਣ ਗਏ। ਬੀਬੀ ਜੀ ਦਾ ਜੀਵਨ ਇਕ ਸੁਚੇਤ ਅਤੇ ਜਾਗਰੂਕ ਬੀਬੀ ਵਾਲਾ ਰਿਹਾ। ਆਮ ਸਮਾਜ ਵਿਚ ਵੇਖਿਆ ਜਾਂਦਾ ਹੈ ਕਿ ਪਤੀ-ਪਤਨੀ ਵਿਚੋਂ ਜੇ ਇਕ ਸੁਚੇਤ/ਜਾਗਰੂਕ ਹੁੰਦਾ ਹੈ ਤਾਂ ਉਸ ਦਾ ਜੀਵਨਸਾਥੀ ਇਸ ਨਾਲ ਜ਼ਿਆਦਾ ਖੁਸ਼ ਨਹੀਂ ਹੁੰਦਾ। ਪਰ ਬੀਬੀ ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਹਰਲਾਜ ਸਿੰਘ ਬਹਾਦੁਰਪੁਰ ਦੀ ਵਿਚਾਰਧਾਰਕ ਸਾਂਝ ਗੁਰਬਾਣੀ ਦੀ ਇਸ ਸੇਧ ਏਕ ਜੋਤਿ ਦੁਇ ਮੂਰਤੀ ਧਨ ਪਿਰ ਕਹੀਐ ਸੋਇ ਦੇ ਕਾਫੀ ਨਜ਼ਦੀਕ ਸੀ। ਵੀਰ ਹਰਲਾਜ ਸਿੰਘ ਬਹਾਦੁਰਪੁਰ ਸੁਚੇਤ ਪੰਥਕ ਧਿਰਾਂ ਵਿਚ ਇਕ ਜਾਨਿਆ-ਪਛਾਣਿਆ ਚਿਹਰਾ ਹਨ ਅਤੇ ਕਾਫੀ ਸਮਾਂ ਸਪੋਕਸਮੈਨ ਪਰਿਵਾਰ ਨਾਲ ਵੀ ਜੁੜੇ ਰਹੇ। ਉਨਾਂ ਦੇ ਇਸ ਇਨਕਲਾਬੀ ਸਫਰ ਵਿਚ ਬੀਬੀ ਹਰਪ੍ਰੀਤ ਕੌਰ ਨੇ ਉਨ੍ਹਾਂ ਦਾ ਪੂਰਾ ਸਾਥ ਦਿਤਾ। ਬੀਬੀ ਹਰਪ੍ਰੀਤ ਕੌਰ ਨੇ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਸਾਹਮਣਾ ਜਿਸ ਦਲੇਰੀ ਅਤੇ ਹੌਂਸਲੇ ਨਾਲ ਚੜਦੀ ਕਲਾ ਵਿਚ ਰਹਿੰਦਿਆਂ ਅੰਤਿਮ ਸਮੇਂ ਤੱਕ ਕੀਤਾ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ।

ਆਮ ਸਿੱਖ ਸਮਾਜ ਵਿਚ ਮ੍ਰਿਤਕ ਨਾਲ ਸੰਬੰਧਤ ਕਿਤਨੀਆਂ ਮਨਮੱਤੀ ਪੁਜਾਰੀਵਾਦੀ ਰਸਮਾਂ/ਰੀਤਾਂ ਜੁੜੀਆਂ ਹਨ, ਹਰ ਸੁਚੇਤ ਸਿੱਖ ਜਾਣਦਾ ਹੈ। ਇਹ ਜ਼ਿਆਦਾਰਤਰ ਹਿੰਦੂ/ਇਸਲਾਮ ਆਦਿ ਫਿਰਕਿਆਂ ਦੀਆਂ ਮਨੌਤਾਂ ਦਾ ਹੀ ਬਦਲਵਾਂ ਰੂਪ ਹਨ। ਜਾਣਦੇ ਤਾਂ ਇਸ ਬਾਰੇ ਬਹੁਤ ਲੋਕ ਹਨ ਪਰ ਇਨ੍ਹਾਂ ਨੂੰ ਤਿਆਗਨ ਦੀ ਹਿੰਮਤ ਵਿਰਲੇ ਹੀ ਕਰ ਪਾਉਂਦੇ ਹਨ, ਜ਼ਿਆਦਾਤਰ ਤਾਂ ਲੋਕਾਈ ਦੀ ਸ਼ਰਮ ਦੇ ਮਾਰੇ ਡੋਲ਼ ਜਾਂਦੇ ਹਨ। ਪਰ 01 ਨਵੰਬਰ 19 ਨੂੰ ਬੀਬੀ ਹਰਪ੍ਰੀਤ ਕੌਰ ਦੇ ਚਲਾਣੇ ਉਪਰੰਤ ਵੀਰ ਹਰਲਾਜ ਸਿੰਘ ਨੇ ਜਿਵੇਂ ਦ੍ਰਿੜਤਾ, ਹਿੰਮਤ ਅਤੇ ਦਲੇਰੀ ਨਾਲ ਇਨ੍ਹਾਂ ਸਾਰੀਆਂ ਪੁਜਾਰੀਵਾਦੀ ਰੀਤਾਂ/ਰਸਮਾਂ ਨੂੰ ਪੂਰੀ ਤਰਾਂ ਨਕਾਰਨ ਦਾ ਹੌਂਸਲਾ ਵਿਖਾਇਆ। ਇਹ ਬੇਹਦ ਇਨਕਲਾਬੀ ਅਤੇ ਆਪਣੇ ਆਪ ਵਿਚ ਲਾਮਿਸਾਲ ਹੈ।

ਸੰਸਕਾਰ ਤੱਕ ਕੋਈ ਵੀ ਪ੍ਰਚਲਿਤ ਮਨਮੱਤ ਕਰਮਕਾਂਡ ਨਹੀਂ ਕੀਤਾ ਗਿਆ। ਕੋਈ ਰਸਮੀ ਅਰਦਾਸ, ਪਾਠ ਆਦਿ ਵੀ ਨਹੀਂ ਕੀਤਾ ਗਿਆ। ਸਸਕਾਰ ਉਪਰੰਤ ਮ੍ਰਿਤਕ ਪ੍ਰਾਣੀ ਦੇ ਸੰਬੰਧ ਵਿਚ ਕੋਈ ਵੀ ਪ੍ਰਚਲਿਤ ਕਰਮਕਾਂਡ (ਜਿਵੇਂ ਫੁਲ ਚੁਗਣੇ, ਅਖੰਡ/ਸਹਿਜ ਪਾਠ, ਅੰਤਿਮ ਅਰਦਾਸ ਸਮਾਗਮ ਆਦਿ) ਨਹੀਂ ਕੀਤਾ ਗਿਆ। ਦੁਖ ਸਾਂਝਾ ਕਰਨ ਦੇ ਚਾਹਵਾਨ ਲੋਕਾਂ/ਰਿਸ਼ਤੇਦਾਰਾਂ ਲਈ 10 ਨਵੰਬਰ ਨੂੰ ਬੀਬੀ ਹਰਪ੍ਰੀਤ ਕੌਰ ਸੰਬੰਧੀ ਇਕ ਸਮਾਗਮ ਰੱਖਿਆ ਗਿਆ। ਪਰ ਇਸ ਸਮਾਗਮ ਵਿਚ ਕੋਈ ਰਸਮੀ ਮਨਮੱਤ ਨਹੀਂ ਕੀਤੀ ਗਈ। ਨਾ ਹੀ ਆਦਿ ਗ੍ਰੰਥ ਦਾ ਰਸਮੀ ਪ੍ਰਕਾਸ਼ ਕੀਤਾ ਗਿਆ ਅਤੇ ਨਾ ਹੀ ਕੋਈ ਰਸਮੀ ਕੀਰਤਨ/ਕਥਾ ਆਦਿ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸਟੇਜ ਸਕੱਤਰ ਨੇ ਹਰਲਾਜ ਸਿੰਘ ਜੀ ਵਲੋਂ ਹਰਪ੍ਰੀਤ ਕੌਰ ਦੇ ਜੀਵਨ ਵੇਰਵੇ ਬਾਰੇ ਲਿਖੇ ਇਕ ਲੇਖ ਨੂੰ ਪੜ੍ਹ ਕੇ ਕੀਤੀ। ਇਸ ਲੇਖ ਵਿਚ ਜਿਥੇ ਬੀਬੀ ਜੀ ਦੀ ਹਿੰਮਤ ਅਤੇ ਹੌਂਸਲੇ ਬਾਰੇ ਦੱਸਿਆ ਗਿਆ ਉਥੇ ਕਿ ਕੈਂਸਰ ਦੇ ਮਰੀਜ਼ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਉਸ ਬਾਰੇ ਵੀ ਚਾਨਣਾ ਪਾਇਆ ਗਿਆ। ਉਸ ਉਪਰੰਤ ਵੀਰ ਬੋਹਾ ਜੀ ਨੇ ਇਕ ਕਿਸਾਨੀ ਨਾਲ ਜੁੜੇ ਪਰਿਵਾਰ ਵਲੋਂ ਪਹਿਲੀ ਵਾਰ ਚੁੱਕੇ ਇਸ ਕ੍ਰਾਂਤੀਕਾਰੀ ਕਦਮ ਲਈਂ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਬੀਬੀ ਚਾਵਲਾ ਨੇ ਆਪਣੇ ਸੰਖੇਪ ਸੰਬੋਧਨ ਵਿਚ ਪਰਿਵਾਰ ਨਾਲ ਦੁਖ ਸਾਂਝਾ ਕੀਤਾ।

ਇਸ ਸਮਾਗਮ ਦਾ ਖਿੱਚ ਦਾ ਕੇਂਦਰ ਤੱਤ ਗੁਰਮਤਿ ਪਰਿਵਾਰ ਨਾਲ ਜੁੜੇ ਬੁਲਾਰੇ ਪ੍ਰਿੰ. ਨਰਿੰਦਰ ਸਿੰਘ ਜੰਮੂ ਰਹੇ। ਉਨ੍ਹਾਂ ਨੇ ਸਟੇਜ ਤੋਂ ਦਲੇਰੀ ਨਾਲ ਬੋਲਦਿਆਂ ਗੁਰਮਤਿ ਦੇ ਨਜ਼ਰੀਏ ਤੋਂ ਧਰਮ ਅਤੇ ਹੁਕਮ ਬਾਰੇ ਸਪਸ਼ਟ ਕੀਤਾ। ਨਾਲ ਹੀ ਉਨ੍ਹਾਂ ਨੇ ਸਮਾਜ ਵਿਚ ਪ੍ਰਚਲਿਤ ਸਾਰੇ ਫਿਰਕਿਆਂ, ਰੀਤਾਂ ਰਸਮਾਂ ਨੂੰ ਬਾਬਾ ਨਾਨਕ ਦੀ ਸੇਧ ਦੇ ਉਲਟ ਦਰਸਾਉਂਦਿਆਂ ਇਨ੍ਹਾਂ ਨੂੰ ਪੂਰੀ ਤਰਾਂ ਨਕਾਰਨ ਅਤੇ ਨਰੋਏ ਸਮਾਜ ਦੀ ਸਥਾਪਨਾ ਵਾਲੇ ਪਾਸੇ ਤੁਰਨ ਦਾ ਹੋਕਾ ਦਿਤਾ। ਰਵਿੰਦਰ ਸਿੰਘ ਪਿੰਜੌਰ ਨੇ ਉਹ ਐਲਾਣਨਾਮਾ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ ਜੋ ਬੀਬੀ ਹਰਪ੍ਰੀਤ ਕੌਰ ਨੇ 2 ਕੁ ਸਾਲ ਪਹਿਲਾਂ ਤੱਤ ਗੁਰਮਤਿ ਪਰਿਵਾਰ ਇਕ ਉਪਰਾਲੇ ਵਿਚ ਸ਼ਾਮਿਲ ਹੋ ਕੇ ਕੀਤਾ ਸੀ। ਤੱਤ ਗੁਰਮਤਿ ਪਰਿਵਾਰ ਵਲੋਂ ਪਰਿਵਾਰ ਦੀ ਦਲੇਰੀ ਅਤੇ ਦ੍ਰਿੜਤਾ ਨੂੰ ਪਛਾਨਦਿਆਂ ਇਕ ਸਨਮਾਨ ਪੱਤਰ ਸਮੂਹ ਪਰਿਵਾਰ ਨੂੰ ਭੇਂਟ ਕੀਤਾ। ਇਹ ਸਨਮਾਨ ਪੱਤਰ ਬੀਬੀ ਮਨਜੀਤ ਕੌਰ ਜੰਮੂ ਨੇ ਸੰਗਤਾਂ ਨੂੰ ਪੜ੍ਹ ਕੇ ਵੀ ਸੁਨਾਇਆ।

ਇਸ ਸਮਾਗਮ ਤੋਂ ਪਹਿਲਾਂ ਪਿੰਡ ਦੇ ਕਈਂ ਸੱਜਣ ਤੱਤ ਗੁਰਮਤਿ ਪਰਿਵਾਰ ਦੇ ਮੈਂਬਰਾਂ ਨਾਲ ਗੁਰਮਤਿ ਸੰਬੰਧੀ ਵਿਚਾਰ ਵੀ ਕੀਤੀ, ਜੋ ਇਕ ਅੱਛਾ ਸੰਕੇਤ ਹੈ। ਸਮਾਗਮ ਤੋਂ ਬਾਅਦ ਸੰਗਤ ਵਿਚ ਇਸ ਸਮਾਗਮ ਬਾਰੇ ਹਾਂ-ਪੱਖੀ ਚਰਚਾ ਵੀ ਤੁਰਦੀ ਵੇਖੀ ਗਈ। ਕਰਮਕਾਂਡਾਂ ਅਤੇ ਫੋਕੇ ਰੀਤੀ ਰਿਵਾਜ਼ਾਂ ਤੋਂ ਮੁਕਤ ਹੁੰਦਿਆ ਕੀਤਾ ਇਹ ਕ੍ਰਾਂਤੀਕਾਰੀ ਸਮਾਗਮ ਆਪਣੀਆਂ ਪੈੜ੍ਹਾਂ ਛੱਡ ਗਿਆ।ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top