Khalsa News homepage

 

 Share on Facebook

Main News Page

ਮੂਲ ਮੰਤਰ ਦਾ ਪ੍ਰਮਾਣੀਕ ਸਰੂਪ ਕੀ ਹੈ ?
-: ਨਿਰਮਲ ਸਿੰਘ ਸੁਰਸਿੰਘ
+9198885 20250
04.11.19

ਇਸ ਲੇਖ ਦਾ ਮੁੱਖ ਵਿਸ਼ਾ ਇਹ ਜਾਣਨਾ ਹੈ ਕਿ ਮੂਲ ਮੰਤਰ ਆਖਰ ਹੈ ਕਿੱਥੋਂ ਤੱਕ ? ਕਿਉਂਕਿ ਸਿੱਖ ਜਗਤ ਵਿੱਚ ਇਸ ਦੇ ਸਰੂਪ ਸਬੰਧੀ ਪਿਛਲੇ ਕੁੱਝ ਸਮੇ ਤੋਂ ਮੱਤਭੇਦ ਚੱਲ ਰਿਹਾ ਹੈ, ਭਾਂਵੇ ਕਿ ਸਿੱਖ ਪੰਥ ਬਹੁ- ਗਿਣਤੀ ਵਿੱਚ ਇਹ ਸਵੀਕਾਰ ਕਰਦਾ ਹੈ ਮੂਲ ਮੰਤਰ ੴ ਤੋਂ ਲੈ ਕੇ ਗੁਰ ਪ੍ਰਸਾਦਿ ਤੱਕ ਹੈ, ਪਰ ਕੁੱਝ ਕੁ ਸੱਜਣ ਇਹ ਮੰਨਦੇ ਹਨ ਕਿ ਮੂਲ ਮੰਤਰ ਗੁਰ ਪ੍ਰਸਾਦਿ ਤੋਂ ਅਗਾਂਹ ਜਾ ਕੇ " ਨਾਨਕ ਹੋਸੀ ਭੀ ਸਚੁ " 'ਤੇ ਸਮਾਪਤ ਹੁੰਦਾ ਹੈ ।

ਆਓ ਵੇਖਦੇ ਕਿ ਲਿਖਤੀ ਸ੍ਰੋਤ ਕੀ ਕਹਿੰਦੇ ਹਨ ।

੧. ਭਾਈ ਗੁਰਦਾਸ ਜੀ, ਦੀਆਂ ਵਾਰਾਂ ਵਿੱਚ ਦੋ ਪਉੜੀਆਂ ਵਾਰ ੩ ਪਉੜੀ ੧੫, ਤੇ ਵਾਰ ੩੯ ਪਉੜੀ ਪਹਿਲੀ,
( ਦੋਵੇਂ ਪਉੜੀਆਂ ਪਾਠਕ ਆਪ ਪੜਣ ਸਕਦੇ ਹਨ ਜੀ ) ਅਜਿਹੀਆਂ ਪਉੜੀਆ ਹਨ ਜਿਨ੍ਹਾਂ ਵਿੱਚ ਮੂਲ ਮੰਤਰ ਪ੍ਰਥਾਇ ਵੀਚਾਰ ਸੇਧ ਮਿਲਦੀ ਹੈ, ਵਾਰ ੩ ਪਉੜੀ ੧੫ ਵਿੱਚ ਮੂਲ ਮੰਤਰ ਦਾ ਸਰੂਪ ੴ .....ਗੁਰ ਪ੍ਰਸਾਦਿ ਹੈ ਪਰ ਵਾਰ ੩੯ ਦੀ ਪਉੜੀ ਪਹਿਲੀ ਵਿੱਚ ੴ ਤੋਂ ....ਹੋਸੀ ਭੀ ਸਚੁ ਦਾ ਜ਼ਿਕਰ ਮਿਲਦਾ ਹੈ । ਮੂਲ ਮੰਤਰ ਦਾ ਸਰੂਪ ....ਨਾਨਕ ਹੋਸੀ ਭੀ ਸਚੁ " ਮੰਨਣ ਵਾਲੇ ਸੱਜਣ ਵਾਰ ੩੯:ਦੀ ੧ ਪਉੜੀ ਨੂੰ ਅਧਾਰ ਬਣਾਉਂਦੇ ਹਨ ਜੋ ਕਿ ਠੀਕ ਨਹੀਂ ਹੈ ।


ਕਿਉਂਕਿ ਭਾਈ ਗੁਰਦਾਸ ਜੀ ਨੇ ਵਾਰ ੩੯ ਪਉੜੀ ੧ ਵਿੱਚ ੴ ਤੋ .....ਹੋਸੀ ਭੀ ਸਚੁ ਤੱਕ ਪ੍ਰਮਾਤਮਾ ਦਾ ਸਰੂਪ ਬਿਆਨ ਕੀਤਾ ਹੈ । ਪਰ ਇਸ ਪਉੜੀ ਵਿੱਚ ਜਪੁ ਸ਼ਬਦ ਨਹੀਂ ਆਇਆ ਕਿਉਂਕਿ ਜਪੁ ਬਾਣੀ ਦਾ ਨਾਮੁ ਨਾਂ ਕਿ ਪ੍ਰਮਾਤਮਾ ਦਾ ਕੋਈ ਵਿਸ਼ੇਸ਼ਣੀ ਨਾਮ ਹੈ । ਜੇਕਰ ਇਹ ਸਰੂਪ ਸੰਪੂਰਣ ਮੂਲ ਮੰਤ੍ਰ ਹੁੰਦਾ ਤਾਂ ਭਾਈ ਸਾਹਬ ਜਪੁ ਦੀ ਜਗ੍ਹਾ ਸੁ ਸ਼ਬਦ ਨਾਂ ਵਰਤਦੇ ਮੂਲ ਮੰਤ੍ਰ ਦੇ ਅਸਲੀ ਨੂੰ ਸਰੂਪ ਜਿਉਂ ਤਾਂ ਤਿਉਂ ਹੀ ਬਿਆਨਦੇ , ਇਸ ਕਰਕੇ ਇਹ ਪਉੜੀ ਮੂਲ ਮੰਤਰ ਹੋਣ ਦੀ ਪ੍ਰੋੜਤਾ ਨਹੀਂ ਕਰਦੀ । ਤੇ ਨਾ ਹੀ ਇਹ ਸਰੂਪ ਮੂਲ ਮੰਤਰ ਬਣਦਾ ਹੈ । ਕਿਉਂਕਿ ਉਹ ਮੂਲ ਮੰਤ੍ਰ ਦਾ ਸਹੀ ਸਰੂਪ ਵਾਰ ੩ ਦੀ ਪਉੜੀ ੧੫ ਵਿੱਚ ਦਰਸਾ ਚੁੱਕੇ ਹਨ । ਇਸ ਕਰਕੇ ਏਹ ਸਰੂਪ ਹੀ ਮੰਨਣਯੋਗ ਹੈ ।

੨. ਸੁਮੇਰ ਪਰਬਤ 'ਤੇ ਸਿੱਧਾਂ ਨੇ ਮੂਲ ਮੰਤਰ ਸਬੰਧੀ ਜਾਣਨ ਲਈ ਸਵਾਲ ਕੀਤਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਸਦਾ ਜਵਾਬ ੴ ਗੁਰ ਪ੍ਰਸਾਦਿ ਕਹਿ ਕੇ ਦਿੱਤਾ, ਤੇ ਇਸਦਾ ਨਾਂ ਮੂਲ ਮੰਤਰ ਦੱਸਿਆ । ਪੁਰਾਤਨ ਸਾਖੀਆਂ ਵਿੱਚ ਇਹ ਪ੍ਰਮਾਣ ਮਿਲਦਾ ਹੈ ਕਿ ਜਦੋਂ ਕਰਤਾਰਪੁਰ ਵਿਖੇ ਬੈਰਾਗੀ ਸਾਧੂਆਂ ਦੀ ਮੰਡਲੀ ਆ ਪਹੁੰਚੀ ਤਾਂ ਉਸ ਮੰਡਲੀ ਦੇ ਮਹੰਤ ਨੇ ਕੁੱਝ ਪ੍ਰਸ਼ਨ ਗੁਰੂ ਬਾਬਾ ਜੀ ਨੂੰ ਪੁੱਛੇ ਸੀ ਜਿਹਨਾਂ ਵਿੱਚੋਂ ਇੱਕ ਪ੍ਰਸ਼ਨ ਮੂਲ ਮੰਤਰ ਬਾਰੇ ਵੀ ਸੀ । ਜਿਸਦਾ ਉੱਤਰ ਗੁਰੂ ਨਾਨਕ ਪਾਤਸ਼ਾਹ ਜੀ ੴ ....ਗੁਰ ਪ੍ਰਸਾਦਿ ਕਹਿ ਕੇ ਦਿੰਦੇ ਹਨ ।

 

੩. ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ। ਸਿੱਖ ਮਤ ਅਨੁਸਾਰ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੁੰ ਗੁਰ ਪ੍ਰਸਾਦਿ ॥" ਮੂਲ ਮੰਤਰ ਹੈ ।

੪. ਕਵੀ ਸੰਤੋਖ ਸਿੰਘ ਅਨੁਸਾਰ ਜੋ ਮੰਤਰ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਖ ਵੱਲੋਂ ਬਖਸ਼ਿਸ ਹੋਇਆ ਉਹ ੴ ਤੋਂ ਗੁਰ ਪ੍ਰਸਾਦਿ ਤੱਕ ਹੈ ।
( ਸ੍ਰੀ ਨਾਨਕ ਪ੍ਰਕਾਸ਼ : ਪੁਰਾ....੨੯ )

੫. ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼ ਵਿੱਚ ਲਿੱਖਦੇ ਹੋਏ ਇਹ ਸਪੱਸ਼ਟ ਕਰਦੇ ਹਨ ।

ਦੋਹਰਾ
ਸੈਭੰ ਗੁਰ ਪ੍ਰਸਾਦਿ ਯਹਿ ਇਸ਼ਟ ਮੰਤ੍ਰ ਲਖ ਲੇਹੁ।
ਜੇਤਕ ਬਾਣੀ ਰਚੋ ਤੁਮ ਆਦਿ ਸਬੀ ਕੇ ਦੇਹੁ।


ਗੁਰੂ ਨਾਨਕ ਸਾਹਿਬ ਜੀ ਨੇ ਜਗਤ ਕਲਿਆਣ ਲਈ ਜੋ ਮੰਤ੍ਰ ਪ੍ਰਾਪਤ ਕੀਤਾ ਉਹ ੴ ਗੁਰ ਪ੍ਰਸਾਦਿ ਸੀ । ਤੇ ਇਹ ਮੰਤ੍ਰ ਉਹ ਆਪਣੀ ਰਚੀ ਹੋਈ ਬਾਣੀ ਦੇ ਆਦਿ ਵਿੱਚ ਮੰਗਲਾਚਰਣ ਦੇ ਰੂਪ ਵਿੱਚ ਲਿਖਦੇ ਸਨ। ਮੰਗਲਾਚਰਣ ਤੋਂ ਭਾਵ ਮੂਲ ਮੰਤਰ ਹੀ ਸੀ । ਤੇ ੴ .......ਗੁਰ ਪ੍ਰਸਾਦਿ ਨੂੰ ਉਪਦੇਸ਼ ਮੰਤ੍ਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਕੀਤਾ ।

 

੬. ਪੁਰਾਤਨ ਜਨਮਸਾਖੀ, ਤੋਂ ਵੀ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ( ਸੈਦੋ,ਸੀਹੋ ) ਨੂੰ "ੴ ....ਗੁਰ ਪ੍ਰਸਾਦਿ " ਨਾਲ ਸੁਰਤ ਜੋੜਣ ਦਾ ਉਪਦੇਸ਼ ਕੀਤਾ । ਇਸ ਸਾਖੀ ਤੋਂ ਮੂਲ ਮੰਤਰ " ੴ.....ਗੁਰ ਪ੍ਰਸਾਦਿ ਦੀ ਸਪੱਸ਼ਟਤਾ ਦਾ ਪਤਾ ਲੱਗਦਾ ਹੈ ।

੭. ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚੋਂ ਗੁਰੂ ਸਾਹਿਬ (ਪੰਜਵੇਂ, ਛੇਵੇਂ, ਸੱਤਵੇਂ, ਨੌਵੇਂ, ਦਸਵੇਂ) ਦੇ ਦਸਖ਼ਤ ਨੀਸਾਣ ਮਿਲਦੇ ਹਨ । ਇਹ ਨੀਸਾਣ ਬਹੁਤ ਥਾਵਾਂ ਤੇ" ੴਗੁਰ ਪ੍ਰਸਾਦਿ "ਲਿਖ ਕੇ ਕੀਤੇ ਗਏ ਹਨ।


ਕਰਤਾਰਪੁਰੀ ਬੀੜ ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਤਿਆਰ ਕਰਵਾਇਆ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਉਸ ਵਿੱਚ ਪੰਜਵੇਂ ਤੇ ਛੇਵੇਂ ਗੁਰੂ ਜੀ ਨੇ ਦਸਖ਼ਤ ਨੀਸਾਣ ਦਿੱਤਾ ਜੋ "ੴ ਤੋਂ ...ਗੁਰ ਪ੍ਰਸਾਦਿ " ਤੱਕ ਮੂਲ ਮੰਤਰ ਸਰੂਪ ਵਿੱਚ ਹਨ । ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਤੋਂ ਪਹਿਲਾਂ ਵੀ ਇਹ ਸਰੂਪ ਲਿਖਿਆ ਗਿਆ ਹੈ । ਹੋਰ ਵੀ ਵੱਖ ਵੱਖ ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚ ਇੰਝ ਹੀ ਲਿਖਿਆ ਮਿਲਦਾ ਹੈ ।


ਵਿਸ਼ੇਸ਼ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਦਸਖ਼ਤ ਨੀਸਾਣੁ ਮੂਲ ਮੰਤਰ ਤੋਂ ਇਲਾਵਾ ਹੋਰ ਮੰਗਲਾਚਰਣ ਰੂਪਾਂ ਵਿੱਚ ਤਾਂ ਮਿਲਦੇ ਹਨ ਪਰ ੴ ਤੋਂ ਨਾਨਕ ਹੋਸੀ ਭੀ ਸਚੁ ਦੇ ਰੂਪ ਵਿੱਚ ਕਿਤੇ ਨਹੀਂ ਲਿਖਿਆ ਮਿਲਦਾ ।

੮ ---------ਰਹਿਤਨਾਮਾ ਪ੍ਰੇਮ ਸੁਮਾਰਗ ਦੇ
'ਪ੍ਰਥਮ ਧਿਆਉ' ਵਿੱਚ ਵੀ ਮੂਲ ਮੰਤਰ ੴ ਤੋਂ ਗੁਰ ਪ੍ਰਸਾਦਿ ਤੱਕ ਦਾ ਜ਼ਿਕਰ ਹੈ ।

ਨੋਟ : ੴ ਤੋਂ ਨਾਨਕ ਹੋਸੀ ਭੀ ਸਚੁ ਮੂਲ ਮੰਤਰ ਹੋਣ ਦਾ ਲਿਖਤੀ ਵੇਰਵਾ ਸਿੱਖ ਸਾਹਿਤ, ਜਨਮਸਾਖੀਆਂ, ਤੇ ਇਤਿਹਾਸ ਵਿੱਚੋਂ ਕਿਤੇ ਵੀ ਨਹੀਂ ਮਿਲਦਾ ।


ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੁੰ ਗੁਰ ਪ੍ਰਸਾਦਿ॥
॥ਜਪੁ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ੧॥

ਨੂੰ ਧਿਆਨ ਨਾਲ ਪੜਣ ਤੋਂ ਬਾਅਦ ਵੀ ਪਤਾ ਲੱਗਦਾ ਹੈ ਕਿ ਜੇਕਰ ਇਹ ਸਰੂਪ ਇੱਕ ਸਮੁੱਚੀ ਇਕਾਈ ਹੁੰਦਾ ਤਾਂ ਇਸਨੂੰ ਅਲੱਗ ਅਲੱਗ ਕਰਕੇ ਲਿਖਣ ਦੀ ਲੋੜ ਨਾਂ ਰਹਿੰਦੀ। ਇਸਦੀ ਬਣਤਰ ਨੂੰ ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਸਦੇ ਤਿੰਨ ਵੱਖ ਵੱਖ ਰੂਪ ਬਣਦੇ ਹਨ ।

੧ ਮੂਲ ਮੰਤਰ ੴ ਤੋਂ ਗੁਰ ਪ੍ਰਸਾਦਿ ਤੱਕ,
੨ "ਜਪੁ" ਬਾਣੀ ਦਾ ਨਾਮੁ,
ਸਲੋਕ "ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ੧॥"

...ਕਿਉਂਕਿ ਜਪੁ ਦੀਆਂ ੩੮ ਪਉੜੀਆਂ ਤੋਂ ਬਾਅਦ ਸਲੋਕ "ਪਵਣ ਗੁਰੂ......ਕੇਤੀ ਛੁਟੀ ਨਾਲਿ ਦੇ ਅੰਤ ਵਿੱਚ ॥ ੧ ॥ ਲਿਖਿਆ ਗਿਆ ਹੈ । ਜਿਵੇਂ ਗਉੜੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਬਾਵਨ ਅਖਰੀ ਬਾਣੀ ਦੇ ਸ਼ੁਰੂ ਤੇ ਅੰਤ ਵਿੱਚ ਦੋਹੀਂ ਥਾਈਂ ਇੱਕੋ ਸਲੋਕ ਦੁਹਰਾਇਆ ਹੈ ਤੇ ਅੰਤ ਵਿੱਚ ਏਕਾ ਲਗਾਇਆ ਗਿਆ ਹੈ ।


- ਵੇਖੋ ਗੁਰੂ ਗ੍ਰੰਥ ਸਾਹਿਬ ਅੰਕ ( ੨੫੦ ਤੋਂ ੨੬੨ )
- ਮੌਜੂਦਾ ਸਰੂਪਾਂ ਵਿੱਚ ਮੂਲ ਮੰਤਰ ੴ ...ਗੁਰ ਪ੍ਰਸਾਦਿ ੩੩ ਵਾਰ ਆਇਆ ਹੈ ।
- ਜਪੁ ਬਾਣੀ ਤੋਂ ਪਹਿਲਾਂ - ੧ ਵਾਰ
- ਰਾਗਾਂ ਦੇ ਸ਼ੁਰੂ ਵਿੱਚ - ੨੬ ਵਾਰ
- ਰਾਗ ਆਸਾ ਵਾਰ ਮਹਲਾ ੧ - ੧ ਵਾਰ
- ਰਾਗ ਆਸਾ ,ਬਾਣੀ ਭਗਤ ਕਬੀਰ ਜੀ - ੧ ਵਾਰ
- ਸਹਸਕ੍ਰਿਤੀ ਸਲੋਕ ਮ: ੧ - ੧ ਵਾਰ
- ਸਹਸਕ੍ਰਿਤੀ ਸਲੋਕ ਮ:੧ - ੧ ਵਾਰ
- ਸਵਯੇ ਮ: ੫ - ੧ ਵਾਰ
- ਸਲੋਕ ਵਾਰਾਂ ਤੇ ਵਧੀਕ - ੧ ਵਾਰ
ਕੁੱਲ ਜੋੜ ੩੩ ਵਾਰ

 

ਕੁੱਝ ਸੱਜਣ ਆ ੨ ਦਲੀਲਾਂ ਦਿੰਦੇ ਹਨ ਕਿ ਮੂਲ ਮੰਤਰ ੴ ਤੋਂ .....ਹੋਸੀ ਭੀ ਸਚੁ ਤੱਕ ਹੈ ।


੧. ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਲੋਹੇ ਦਾ ਚੱਕਰ ਜਿਸ ਉੱਪਰ ੴ ਹੋਸੀ ਭੀ ਸਚੁ ਲਿਖਿਆ ਮਿਲਦਾ ਜੋ ਜੂਨ 1984 ਹਮਲੇ ਵੇਲੇ ਪੂਰੀ ਤਰਾ ਝੁਲਸ ਗਿਆ ਸੀ।
੨. ਮਹਾਰਾਜਾ ਰਣਜੀਤ ਸਿੰਘ ਵੱਲੋ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਕਰਵਾਈ ਗਈ ਤਾਂ ਉਹਨਾਂ ਨੇ ਦਰਸ਼ਨੀ ਦਰਵਾਜ਼ੇ ਉੱਤੇ ਇੱਕ ਸੋਨ ਪੱਤਰ ਲਗਵਾ ਦਿੱਤਾ ਜਿਸ ਤੇ ੴ ਤੋਂ...ਨਾਨਕ ਹੋਸੀ ਭੀ ਸਚੁ ਲਿਖਿਆ ਹੋਇਆ ਹੈ ।


ਪਰ ਇਹਨਾਂ ਦੋਹਾਂ ਥਾਵਾਂ 'ਤੇ ਇਸ ਗੱਲ ਦਾ ਜ਼ਿਕਰ ਕਿਤੇ ਵੀ ਨਹੀਂ ਕਿ ਇਹ ਪਾਠ ਮੂਲ ਮੰਤਰ ਹੈ। ਸਗੋਂ ਇਹ ਰੀਤ ਤਾਂ ਸਿੱਖਾਂ ਵਿੱਚ ਬਹੁਤ ਸਮਾਂ ਬਆਦ ਵਿੱਚ ਸ਼ੁਰੂ ਹੋਈ ਸੀ ਜਦੋਂ ਗੁਰ ਪ੍ਰਸਾਦਿ ਦੇ ਨਾਲ ਨਾਨਕ ਹੋਸੀ ਭੀ ਸਚੁ ਲਿਖਿਆ ਜਾਣ ਲੱਗਾ । ਜਿਸਦਾ ਕਾਰਨ ਜਪੁ ਦੀ ਮਹਾਨਤਾ ਨੂੰ ਦਰਸਾਉਣਾ ਤੇ ਜਪੁ ਨੂੰ ਗੁਰੂ ਨੀਸਾਣੁ ਸਮਝਣਾ ਸੀ ।

 

ਨੋਟ -- ੨ -- ਦਰਸ਼ਨੀ ਦਰਵਾਜ਼ੇ ਦੇ ਖੱਬੇ ਪਾਸੇ ਦੀ ਬਾਹੀ ਦਰਬਾਰ ਦੇ ਦੂਜੇ ਦਰਵਾਜ਼ੇ ਤੇ ਇੱਕ ਸ਼ਿਲਾਲੇਖ ਸੰਮਤ ੧੮੯੬ ਦਾ ਲੱਗਾ ਹੋਇਆ ਹੈ ਜੋ ਮਹਾਰਾਜ ਖੜਗ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਨਾਲ ਦੀ ਸੇਵਾ ਨਾਲ ਸਬੰਧਿਤ ਹੈ, ਜਿਸ ਉੱਪਰ ੴ ...ਗੁਰ ਪ੍ਰਸਾਦਿ ਮੂਲ ਮੰਤਰ ਲਿਖਿਆ ਹੋਇਆ ਹੈ ।

 

ਸੋ ਏਥੋਂ ਤੱਕ ਦੀ ਵੀਚਾਰ ਵਿੱਚੋਂ ਤਾਂ ਏਹੀ ਸਪੱਸ਼ਟ ਹੁੰਦਾ ਕਿ ਮੂਲ ਮੰਤਰ ਦਾ ਪ੍ਰਮਾਣੀਕ ਸਰੂਪ ੴ ਤੋਂ ਗੁਰ ਪ੍ਰਸਾਦਿ ਤੱਕ ਹੀ ਹੈ, ਜੋ ਇਤਿਹਾਸਕ ਰਵਾਇਤ ਵਿੱਚ ਮਿਲਦਾ ਹੈ । ਜਿਸਨੂੰ ਕੌਮ ਸਵੀਕਾਰ ਕਰਦਾ ਸੀ ਤੇ ਕਰ ਰਿਹਾ । ਹੱਥਲੇ ਮਜ਼ਮੂਨ ਰਾਹੀਂ ਵੀ ਮੂਲ ਮੰਤਰ ਸਬੰਧੀ ਭੁਲੇਖੇ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ ।

ਡਾ: ਵਿਕਰਮ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top