Share on Facebook

Main News Page

ਗੁਰਬਾਣੀ ਪਰਿਪੇਖ ਵਿੱਚ ਸਚਿਆਰ ਮਾਈ ਭਾਗ ਕੌਰ
ਕੀ ਸੱਚਿਆਰ ਮਾਈ ਭਾਗ ਕੌਰ ਦਸਵੇਂ ਗੁਰੂ ਜੀ ਨਾਲ ਨਗਨ ਅਵਸਥਾ ਵਿੱਚ ਹੀ ਘੁੰਮਦੀ ਰਹੀ ?
-: ਗਿਆਨੀ ਜਗਤਾਰ ਸਿੰਘ ਜਾਚਕ, ਨਿਊਯਾਰਕ
11 ਅਕਤੂਬਰ 2019
Whatsapp ਸਪੰਰਕ 1-631-455-5164

ਗੁਰਇਤਿਹਾਸ ਦੇ ਸੱਚ ਮੁਤਾਬਿਕ ਪੱਟੀ ਪਰਗਨੇ ਦੇ ਤਿੰਨ ਚਉਧਰੀ ਸਨ ਭਾਈ ਪੇਰੂ ਸ਼ਾਹ, ਭਾਈ ਲੰਗਾਹਾ ਤੇ ਭਾਈ ਲਾਲ, ਜੋ ਢਿਲੋਂ ਗੋਤ ਦੇ ਜੱਟ ਭਰਾ ਸਨ । ਭਾਈ ਪੇਰੂ ਸ਼ਾਹ ਤੇ ਭਾਈ ਲੰਗਾਹ ਦੋਵੇਂ ਸਕੇ ਭਰਾ ਸਨ ਅਤੇ ਮਹਾਨਕੋਸ਼ ਮੁਤਾਬਿਕ ਭਾਈ ਲਾਲ ਵੀ ਇਨ੍ਹਾਂ ਦੇ ਹੀ ਪ੍ਰਵਾਰ ਵਿੱਚੋਂ ਸੀ । ਭਾਈ ਪੇਰੂ ਸ਼ਾਹੁ ਚਉਧਰੀ ਸੀ ‘ਪੱਟੀ’ ਦਾ, ਭਾਈ ਲੰਗਾਹ ਪੱਟੀ ਪਰਗਨੇ ਦੇ ਇਲਾਕੇ ‘ਝੁਬਾਲ’ ਦਾ ਅਤੇ ਭਾਈ ਲਾਲ ਚਉਧਰੀ ਸੀ ਇਲਾਕੇ ਸੁਰਸਿੰਘ ਦਾ । ਸਾਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਮਾਤਾ ਭਾਗ ਕੌਰ (ਮਾਈ ਭਾਗੋ) ਗੁਰੂ ਅਰਜਨ ਪਾਤਸ਼ਾਹ ਦੇ ਅਨਿਨ ਸੇਵਕ ਸਿੱਖ ਭਾਈ ਲੰਗਾਹ (ਢਿੱਲੋਂ ਚਉਧਰੀ) ਦੀ ਪੋਤਰੀ ਸੀ, ਜਿਹੜਾ ਸਖੀ ਸਰਵਰ ਦੀ ਉਪਾਸ਼ਨਾ ਛੱਡ ਕੇ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਗੁਰੂ ਨਾਨਕ ਵਿਚਾਰਧਾਰਾ ਦਾ ਧਾਰਨੀ ਹੋ ਕੇ ਗੁਰਸਿੱਖ ਬਣਿਆ ਸੀ । ਇਸ ਦੇ ਗੁਰਮਤੀ ਸੁਭਾ ਅਤੇ ਸਰਬੱਤ ਦੇ ਭਲੇ ਵਾਲੀ ਕਰਣੀ ਤੇ ਵਰਤਾਰੇ ਤੋਂ ਪ੍ਰਭਾਵਤ ਹੋ ਕੇ ਭਾਈ ਪੇਰੂ ਸ਼ਾਹ ਤੇ ਭਾਈ ਲਾਲ ਵੀ ਗੁਰੂ ਦੇ ਸਿੱਖ ਸੱਜ ਗਏ ਸਨ ।

ਭਾਈ ਲੰਗਾਹ ਉਹ ਮਹਾਨ ਸੇਵਕ ਸਿੱਖ ਸੀ, ਜਿਸ ਨੇ ਸ੍ਰੀ ਅੰਮ੍ਰਿਤਸਰ ਵਸਾਉਣ ਵੇਲੇ ਗੁਰੂ ਜੀ ਦੇ ਨਾਲ ਤਨ, ਮਨ ਤੇ ਧਨ ਕਰਕੇ ਸੇਵਾ ਵਿੱਚ ਵੱਡਾ ਪਾਇਆ ਸੀ । ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਉਨ੍ਹਾਂ ਪੰਜ ਗੁਰਸਿੱਖਾਂ ਵਿੱਚ ਸ਼ਾਮਲ ਕਰ ਲਿਆ ਸੀ, ਜਿਹੜੇ ਹਰ ਵੇਲੇ ਗੁਰੂ ਜੀ ਦੇ ਅੰਗ-ਸੰਗ ਰਹਿੰਦੇ ਸਨ । ਜਿਸ ਨੂੰ ਸਤਿਗੁਰੂ ਜੀ ਨੇ ਸਾਹਿਬਜ਼ਾਦਾ ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਦੀ ਬਰਾਤ ਵਿੱਚ ਵੀ ਸ਼ਾਮਲ ਕੀਤਾ । ਜਿਸ ਨੇ ਗੁਰੂ ਪਾਤਿਸ਼ਾਹ ਦੀ ਸ਼ਹੀਦੀ ਵੇਲੇ ਗੁਰੂ ਜੀ ਦੇ ਨਾਲ ਲਹੌਰ ਦੀ ਜੇਲ ਵਿੱਚ ਅਸਹਿ ਕਸ਼ਟ ਵੀ ਸਹਾਰੇ ਸਨ । ਭਾਈ ਲੰਗਾਹ ਪ੍ਰਵਾਰ ਹੀ ਸੀ, ਜਿਸ ਨੇ ਲਹੌਰ ਤੋਂ ਸ੍ਰੀ ਅੰਮ੍ਰਿਤਸਰ ਉੱਤੇ ਹੋਏ ਹਮਲੇ ਦਰਿਮਿਆਨ ਹਕੂਮਤ ਤੋਂ ਬਾਗੀ ਹੁੰਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਵੀਰੋ ਦਾ ਅਨੰਦ ਕਾਰਜ ਆਪਣੇ ਨਗਰ ਝਬਾਲ ਵਿੱਚ ਕਰਵਾਇਆ ਸੀ । ਇਹੀ ਵਿਸ਼ੇਸ਼ ਕਾਰਣ ਸਨ, ਜਿਨਾਂ ਕਰਕੇ ਭਾਈ ਗੁਰਦਾਸ ਜੀ ਨੇ ਚਉਧਰੀ ਲੰਗਾਹ ਤੇ ਚਉਧਰੀ ਲਾਲ ਨੂੰ “ਪਟੀ ਅੰਦਰਿ ਚਉਧਰੀ ਢਿਲੋਂ ਲਾਲੁ, ਲੰਗਾਹੁ ਸੁਹੰਦਾ ।' {ਵਾਰ 11-22} ਕਹਿ ਕੇ ਉਨ੍ਹਾਂ ਨੂੰ ਗੁਰੂ ਜੀ ਦੇ ਮਹਾਨ ਸਿੱਖ ਸੇਵਕਾਂ ਵਿੱਚ ਸ਼ੁਮਾਰ ਕਰ ਦਿੱਤਾ ਸੀ ।

ਮਾਈ ਭਾਗ ਕੌਰ ਜੀ ਦਾ ਪ੍ਰਸੰਗ ਸਣਾਉਂਦਿਆਂ ਸਦਾ ਹੀ ਸਾਡੇ ਧਿਆਨ ਵਿੱਚ ਹੋਣਾ ਚਾਹੀਦਾ ਹੈ ਕਿ ਉਹ ਦਸਮ ਪਾਤਸ਼ਾਹ ਦੇ ਉਸ ਸੂਰਬੀਰ ਸਿੱਖ ਭਾਈ ਭਾਗ ਸਿੰਘ ਤੇ ਦਿਲਬਾਗ ਸਿੰਘ ਝੁਬਾਲੀਏ ਦੀ ਵੱਡੀ ਭੈਣ ਸੀ, ਜਿਨ੍ਹਾਂ ਦਾ ਦਾਦਾ ਭਾਈ ਲੰਗਾਹ ਸੀ । ਉਹ ਪੱਟੀ ਦੇ ਕਰਮ ਸਿੰਘ ਵੜੈਚ ਦੀ ਸੁਪਤਨੀ ਤੇ ਭਾਈ ਸੁਲਤਾਨ ਸਿੰਘ ਵੜੈਚ ਦੀ ਭਰਜਾਈ ਸੀ । ਜਿਸ ਦੇ ਉਪਰੋਕਤ ਦੋਵੇਂ ਭਰਾ ਅਤੇ ਜੇਠ ਸ੍ਰੀ ਮੁਕਤਸਰ ਦੇ ਜੁੱਧ ਵਿੱਚ ਸ਼ਹੀਦ ਹੋ ਕੇ ਗੁਰੂ ਜੀ ਤੋਂ ਨਿਸ਼ਾਵਰ ਹੋ ਗਏ ਸਨ । ਭਾਵੇਂ ਕਿ ਉਹ ਸਾਰੇ ਚੌਧਰੀ ਪ੍ਰਵਾਰਾਂ ਦੇ ਹੋਣ ਕਰਕੇ ਸਰਕਾਰੀ ਅਸਰ ਰਸੂਖ ਵਾਲੇ ਸਨ ਅਤੇ ਗੁਰੂ ਜੀ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੀ ਪੱਟੀ, ਝੁਬਾਲ ਤੇ ਸੁਰਸਿੰਘ ਦੀ ਚਉਧਰਤਾ ਤੇ ਸਰਕਾਰੀ ਜਗੀਰਾਂ ਖੁੱਸਣ ਦਾ ਖ਼ਤਰਾ ਵੀ ਉਨ੍ਹਾਂ ਦੇ ਸਿਰਾਂ ਤੇ ਮੰਡਰਾਅ ਰਿਹਾ ਸੀ । ਪ੍ਰੰਤੂ ਫਿਰ ਵੀ ਉਨ੍ਹਾਂ ਨੇ ਕਿਸੇ ਵੀ ਕਿਸਮ ਦੀ ਕੋਈ ਪਰਵਾਹ ਨਹੀਂ ਕੀਤੀ । ਗੰਭੀਰਤਾ ਸਹਿਤ ਵਿਚਾਰਿਆ ਜਾਵੇ ਤਾਂ ਇਹ ਕੋਈ ਛੋਟੀ ਜੇਹੀ ਕੁਰਬਾਨੀ ਨਹੀਂ । ਆਪਣੇ ਤਨ ਮਨ ਧਨ ਗੁਰੂ ਜੀ ਵਾਰਨੇ ਕਰਨ ਵਾਲੀ ਬਹੁਤ ਹੀ ਮਹਤਵ ਪੂਰਨ ਘਟਨਾ ਸੀ ।

ਮਹਾਨ ਕੋਸ਼ ਮੁਤਾਬਿਕ ਮਾਤਾ ਭਾਗ ਕੌਰ ਉਹ ਵਡਭਾਗਣ, ਸਚਿਆਰ ਤੇ ਮਰਦ ਔਰਤ ਸੀ, ਜਿਸ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਦਸ਼ਾਹ-ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਹੱਥੋਂ ਅੰਮ੍ਰਿਤ ਛੱਕਣ ਦਾ ਸੁਭਾਗ ਹੋਇਆ । ਜਿਸ ਨੂੰ ਗੁਰੂ ਜੀ ਦੇ ਅਤਿ ਨਿਕਟਵਰਤੀ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਵਰਗੇ ਆਪਣੇ ਹੋਰ ਮਰਦ ਗੁਰਭਾਈਆਂ ਵਾਂਗ ਗੁਰੂ ਜੀ ਦੇ ਵਿਸ਼ੇਸ਼ ਸੁਰਖਿਆ (ਅੜਦਲੀ) ਦਸਤੇ ਦਾ ਮੈਂਬਰ ਬਣਨ ਦਾ ਸੁਨਹਿਰੀ ਮੌਕਾ ਮਿਲਿਆ ਸੀ । ਪ੍ਰੰਤੂ ਗਿਆਨੀ ਗਿਆਨ ਸਿੰਘ ਦੀ ਸਿਖ ਤਵਾਰੀਖ਼ ਮੁਤਾਬਿਕ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਮਹਾਰਾਜ ਦੇ ਸਾਹਿਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੀ ਖੇਡਾਵੀ (ਦਾਈ) ਦੀ ਸੇਵਾ ਵੀ ਨਿਭਾਉਂਦੀ ਰਹੀ ਸੀ । ਕਈ ਵਿਦਵਾਨਾਂ ਦੀ ਰਾਇ ਹੈ ਕਿ ਇਥੇ ਹੀ ਉਸ ਨੇ ਆਪਣੇ ਭਰਾਵਾਂ ਵਾਂਗ ਅੰਮ੍ਰਿਤ ਪਾਨ ਕੀਤਾ ਹੋਏਗਾ । ਇਹੀ ਕਾਰਣ ਹੈ ਕਿ ਮਾਈ ਭਾਗੋ ਦੀ ਸਭ ਤੋਂ ਪਹਿਲਾਂ ਭੱਟ ਵਹੀਆਂ ਮੁਤਾਬਿਕ ਸੂਚਨਾ ਦੇਣ ਵਾਲੀ ਪੁਸਤਕ ‘ਗੁਰੂ ਕੀਆਂ ਸਾਖੀਆਂ’ ਵਿੱਚ ਉਸ ਨੂੰ ‘ਭਾਗ ਕੌਰਾਂ’ ਹੀ ਲਿਖਿਆ ਹੈ, ਭਾਗੋ ਨਹੀਂ ।

ਮਾਈ ਭਾਗੋ ਨਾਮ ਤਾਂ ਕੇਵਲ ਭਾਈ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ ਅਤੇ ਗਿ. ਗਿਆਨ ਸਿੰਘ ਵੱਲੋਂ ਉਸ ਦੀ ਨਕਲ ਕਰਕੇ ਲਿਖੀ ਸਿੱਖ ਤਵਾਰੀਖ਼ ਵਿੱਚ ਹੀ ਅੰਕਤ ਹਨ । ਸੂਰਜ ਪ੍ਰਕਾਸ਼ ਦੇ ਐਨ 1, ਅੰਸੂ 22 ਦੇ 38 ਤੋਂ 42ਵੀਏਂ ਪਦੇ ਪੜ੍ਹ ਕੇ ਸ਼ਰਮਜਨਕ ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਤਾਂ ਕਵੀ ਆਪ ਹੀ ਗੁਰੁੂ ਜੀ ਦੇ ਮੁੱਖੋਂ ਮਾਈ ਭਾਗੋ ਨੂੰ ‘ਸਚਿਆਰੀ’ ਅਖਵਾਉਂਦਾ ਹੈ ਅਤੇ ਦੂਜੇ ਪਾਸੇ ਸਚਿਆਰਪੁਣੇ ਦੇ ਉੱਲਟ ਉਸ ਨੂੰ 39ਵੀਏਂ ਪਦੇ ‘ਪਰਮ ਹੰਸਨੀ ਬਡ ਅਵਧੂਤਾ’ ਦੱਸ ਕੇ ਉਦੋਂ ਤੱਕ ਮਾਈ ਨੂੰ ਸਾਂਗ ਪਕੜੀ ਨਗਨ ਹੀ ਘਮਾਉਂਦਾ ਹੈ, ਜਦੋਂ ਤੱਕ ਗੁਰੂ ਜੀ ਵੱਲੋਂ ਉਸ ਨੂੰ ਕਪੜੇ ਪਹਿਰਣ ਦਾ ਆਦੇਸ਼ ਨਹੀਂ ਦਿੱਤਾ ਜਾਂਦਾ । ਗੁਰਸਿੱਖਾਂ ਨੂੰ ਸ਼ਰਮਸ਼ਾਰ ਕਰਨ ਵਾਲੇ ਉਹ ਕਾਵਿਕ ਪਦੇ ਹਨ :

ਕੇਤਿਕ ਮਾਸ ਨਗਨ ਜਬਿ ਰਹੀ । ਇਕ ਦਿਨ ਦੇਖਿ ਨਿਕਟ ਗੁਰੂ ਕਹੀ’ ।38।
“ਰਹਿਨ ਦਿਗੰਬਰ (ਨਗਨ) ਤੁਝ ਬਣ ਆਈ । ਇਕ ਰਸ ਬ੍ਰਿਤਿ ਭਈ ਲਿਵ ਲਾਈ ।40।
ਤਊ ਸੰਗ ਤੁਮ ਰਹਿਤ ਹਮਾਰੇ । ਪਹਿਰ ਕਾਛ, ਲਘੁ ਸਿਰ ਦਸਤਾਰੇ ।41।
ਸੁਨਿ ਗੁਰ ਹੁਕਮ, ਮਾਨ ਤਿਨ ਲੀਨਾ । ਬਸਤ੍ਰ ਸ਼ਰੀਰ ਅਛਾਦਨ ਕੀਨਾ ।42।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਅਵਧੂਤ’ ਪਦ ਨੂੰ ਵਿਰਕਤ (ਮਨ ਕਰਕੇ ਸੰਸਾਰਕ ਲਗਾਉ ਤੋਂ ਰਹਿਤ, ਵੈਰਾਗਵਾਨ) ਦੇ ਅਰਥਾਂ ਵਿੱਚ ‘ਅਉਧੂਤ’ ਲਿਖਿਆ ਗਿਆ ਹੈ । ਗੁਰੂ ਨਾਨਕ ਸਾਹਿਬ ਜੀ ਨੇ ਜੋਗੀ ਮਾਛਿੰਦਰ ਨਾਥ ਨੂੰ ‘ਅਉਧੂਤ’ ਦੀ ਗੁਰਮਤੀ ਪ੍ਰੀਭਾਸ਼ਾ (ਨੀਸਾਣੀ) ਇਉਂ ਸਮਝਾਈ ਸੀ ਕਿ ਉਹ ਦੁਨਿਆਵੀ ਆਸਾਂ ਵਿੱਚ ਰਹਿੰਦਾ ਹੋਇਆ ਵੀ ਆਸਾਂ ਤੋਂ ਨਿਰਲੇਪ ਜੀਵਨ ਗੁਜ਼ਾਰਦਾ ਹੈ । ਐਸਾ ਵਿਅਕਤੀ ਯਕੀਨੀ ਤੌਰ ’ਤੇ ਕਰਤਾਪੁਰਖ ਪ੍ਰਭੂ ਵਿੱਚ ਲੀਨ ਹੋ ਕੇ ਫੁਰਨਿਆਂ ਰਹਿਤ ਅਵਸਥਾ (ਸੁੰਨ ਸਮਾਧੀ) ਪ੍ਰਾਪਤ ਕਰ ਲੈਂਦਾ ਹੈ :

ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥
ਆਸਾ ਮਾਹਿ ਨਿਰਾਸੁ ਵਲਾਏ ॥ ਨਿਹਚੁੳ ਨਾਨਕ ਕਰਤੇ ਪਾਏ ॥…
ਸੋ ਅਉਧੂਤੁ ਐਸੀ ਮਤਿ ਪਾਵੈ ॥ ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥
{ਪੰ.877}

ਗੁਰਮਤਿ ਅਨੁਸਾਰੀ ਗੁਰਮੁਖ ਗੁਰਸਿੱਖ ਵੀ “ਆਸਾ ਮਾਹਿ ਨਿਰਾਸੁ ਵਲਾਏ ॥” ਵਾਲੀ ਅਵਸਥਾ ਵਿੱਚ ਹੀ ਜੀਊਂਦਾ ਹੈ । ਇਸ ਲਈ ਮਾਤਾ ਭਾਗ ਕੋਰ ਜੀ ਨੂੰ ‘ਅਵਧੂਤ’ ਤਾਂ ਦਰਸਾਇਆ ਜਾ ਸਕਦਾ ਹੈ, ਪਰ ‘ਅਵਧੂਤ’ ਨਾਂ ਦੇ ਸਹਾਰੇ ਉਸ ਨੂੰ ਨਗਨ ਰਹਿਣ ਵਾਲੀ ਦੱਸਣਾ ਮੂਲੋਂ ਹੀ ਗ਼ਲਤ ਹੈ । ਮਹਾਨਕੋਸ਼ ਮੁਤਾਬਿਕ ਬ੍ਰਿਹਦਾਰਣ੍ਯਕ ਪੁਰਾਣ ਵਿੱਚ ਬੀਬੀ ‘ਗਾਰਗੀ’ ਨੂੰ ਬ੍ਰਹਮਚਾਰੀ ਅਵਸਥਾ ਵਿੱਚ ਜੀਊਣ ਵਾਲੀ ਇੱਕ ਵਿਦਵਾਨ ਪੰਡਤ ਤਾਂ ਦੱਸਿਆ ਗਿਆ ਹੈ, ਪਰ ਉਸ ਦੇ ਨਗਨ ਰਹਿਣ ਦਾ ਕੋਈ ਜ਼ਿਕਰ ਨਹੀਂ । ਇਸ ਲਈ ‘ਸੂਰਜ ਪ੍ਰਕਾਸ਼’ ਕਰਤਾ ਕਵੀ ਸੰਤੋਖ ਸਿੰਘ ਜੀ ਵਲੋਂ ਉਪਰੋਕਤ 37ਵੇਂ ਪਦੇ ਵਿੱਚ ਸਚਿਆਰ ਤੇ ਸੂਰਬੀਰ ਮਾਈ ਭਾਗ ਕੌਰ (ਮਾਈ ਭਾਗੋ) ਜੀ ਦੀ ਪੌਰਾਣਿਕ ਬੀਬੀ ਗਾਰਗੀ ਨਾਲ ਤੁਲਨਾਤਮਿਕ ਉਪਮਾ ਕਰਕੇ ਉਸ ਨੂੰ ਨਗਨ ਦਰਸਾਉਣਾ ਵੀ ਮੁੱਢੋਂ ਹੀ ਅਯੋਗ ਤੇ ਗੁਰਸਿੱਖਾਂ ਨੂੰ ਗੁਰਮਤਿ ਮਾਰਗ ਤੋਂ ਭਟਕਾਉਣ ਵਾਲੀ ਕਪੋਲ ਕਲਪਣਾ ਹੈ।

ਗੁਰਮੁਖ ਗੁਰਸਿੱਖਾਂ ਨੂੰ ਤਾਂ ਗੁਰਬਾਣੀ ਵਿੱਚ ‘ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ’ ਵਾਲੇ ਮੰਨਦਿਆਂ “ਗੁਰਮੁਖਿ ਦਰਿ ਸਾਚੈ ਸਚਿਆਰ ਹਹਿ, ਸਾਚੇ ਮਾਹ ਸਮਾਹਿ ॥ {ਪੰ.565} ਗੁਰਵਾਕ ਦੁਆਰਾ ਸਦਾ ਥਿਰ ਪ੍ਰਭੂ ਵਿੱਚ ਸਦਾ ਲੀਨ ਰਹਿੰਦਿਆਂ ਉਹਦੇ ਸੱਚੇ ਦਰਬਾਰ ਵਿੱਚ ਸੁਰਖ਼ਰੂ ਹੋਣ ਵਾਲੇ ਦੱਸਿਆ ਗਿਆ ਹੈ । “ਪ੍ਰਭ ਕਉ ਸਿਮਰਹਿ ਸਿ ਬੇਮਹੁਤਾਜੇ ॥ {ਪੰ.263} ਅਤੇ “ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥ {ਪੰ. 1156} ਗੁਰਵਾਕਾਂ ਮੁਤਾਬਿਕ ਸਚਿਆਰ ਗੁਰਸਿੱਖਾਂ ਅੰਦਰ ਨਾਮ ਦੀ ਖ਼ਮਾਰੀ ਕਾਰਨ ਬੇਪ੍ਰਵਾਹੀ ਤੇ ਬੇਮੁਹਤਾਜਗੀ ਹੋਣੀ ਤਾਂ ਸੁਭਾਵਿਕ ਹੈ; ਪਰ ਉਨ੍ਹਾਂ ਦਾ ਬੇਸੁੱਧ (ਬੇਹੋਸ਼) ਹੋ ਕੇ ਨਗਨ ਹੋ ਜਾਣਾ ਜਾਂ ਨੱਚਣ ਟੱਪਣ ਵਰਗੀਆਂ ਖ਼ੁਰਮਸਤੀਆਂ ਕਰਨੀਆਂ ਕਿਸੇ ਵੀ ਪੱਖੋਂ ਮੰਨਣ ਯੋਗ ਨਹੀਂ । ਗੁਰੂ ਕਾਲ ਦੇ ਗੁਰਸਿੱਖਾਂ ਦੇ ਜੀਵਨ ਇਤਿਹਾਸ ਵਿਚੋਂ ਵੀ ਉਪਰੋਕਤ ਕਿਸਮ ਦੀ ਕੋਈ ਉਦਾਹਰਣ ਨਹੀਂ ਮਿਲਦੀ । ਹਾਂ ! ਜੇ ਕੋਈ ਸਾਧਕ ਅਗਿਆਨਤਾ ਵੱਸ ਹੱਠ ਸਾਧਨਾ ਕਰਕੇ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ ਤੇ ਨਗਨ ਹੋਣ ਵਰਗਾ ਪਾਗਲਪੁਣਾ ਪ੍ਰਗਟਾਵੇ, ਇਹ ਇੱਕ ਵੱਖਰਾ ਪੱਖ ਹੈ । ਐਸੇ ਕਿਸੇ ਵੀ ਵਿਅਕਤੀ ਨੂੰ ‘ਬ੍ਰਹਮਲੀਨ’, ‘ਬ੍ਰਹਮਗਿਆਨੀ’ ਅਤੇ ਅਵਧੂਤ ਦੱਸਣਾ ਵੀ ਆਪਣੇ ਆਪ ਨੂੰ ਪਾਗਲਾਂ ਦੀ ਦੁਨੀਆ ਵਿੱਚ ਸ਼ੁਮਾਰ ਕਰਨ ਵਾਲੀ ਗੱਲ ਹੈ । ਗੁਰਮੁਖ ਜਨਾਂ ਦੀ ਦ੍ਰਿਸ਼ਟੀ ਵਿੱਚ ਬੇਸੁੱਧੀ-ਜਨਕ ਵਰਤਾਰਾ ਅਗਿਆਨੀਆਂ ਦਾ ਅੰਧਪੁਣਾ ਹੀ ਮੰਨਿਆ ਜਾਂਦਾ ਹੈ, ਕਿਉਂਕਿ ਚੇਤੰਨਤਾ ਦੇ ਸੋਮੇ ਬ੍ਰਹਮ ਨਾਲ ਜੁੜੇ ਗਿਆਨੀ ਲੋਕ ਤਾਂ ਹਰ ਪੱਖੋਂ ਤੇ ਹਰੇਕ ਸਮੇਂ ਚੇਤੰਨ ਹੋ ਕੇ ਵਰਤਦੇ ਹਨ । ਪ੍ਰਮਾਣ ਰੂਪ ਗੁਰਵਾਕ ਹਨ :

ਬ੍ਰਹਮਗਿਆਨੀ ਸਦਾ ਸਦ ਜਾਗਤ (ਜਾਗਰੂਕ) ॥ {ਪੰ.273}
ਚਰਨ ਕਮਲ ਉਰਿ ਧਾਰੇ ਚੀਤ ॥ ਚਿਰੁ ਜੀਵਨੁ, ਚੇਤਨੁ ਨਿਤ ਨੀਤ ॥ {ਪੰ. 932}

ਗੁਰੂ ਦੇ ਸੇਵਕ ਸਿੱਖ ਨਗਨ ਇਸ ਲਈ ਨਹੀਂ ਹੁੰਦੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾ ਦਿੱਤਾ ਹੈ ਕਿ ਜੇ ਕਿਸੇ ਨੇ ਜੋਗੀਆਂ ਵਾਂਗ ਜਟਾਂ ਦਾ ਜੂੜਾ ਕਰ ਲਿਆ, ਪਿੰਡੇ ਤੇ ਸੁਆਹ ਮਲ ਲਈ, ਸਰੀਰ ਉਤੋਂ ਕੱਪੜੇ ਉਤਾਰ ਕੇ ਨੰਗਾ ਰਹਿਣ ਲੱਗ ਪਿਆ, ਤਾਂ ਫਿਰ ਕੀ ਹੋਇਆ ? ਕਿਉਂਕਿ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਵਿੱਚ ਬੱਝੇ ਹੋਏ ਲਈ ਉਸ ਦਾ ਇਹ ਸਾਰਾ ਅਡੰਬਰ ਨਿਰਾ ਬਾਹਰਲਾ ਧਾਰਮਿਕ ਲਿਬਾਸ ਹੀ ਹੈ । ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੀ ਤ੍ਰਿਸ਼ਨਾ ਵਲੋਂ ਮਨ ਰੱਜਦਾ ਨਹੀਂ । ਭਾਵ, ਆਤਮਿਕ ਸ਼ਾਂਤੀ ਨਹੀਂ ਮਿਲਦੀ । “ਜਟਾ ਮੁਕਟੁ ਤਨਿ ਭਸਮ ਲਗਾਈ, ਬਸਤ੍ਰ ਛੋਡਿ ਤਨਿ ਨਗਨੁ ਭਇਆ ॥ ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ, ਕਿਰਤ ਕੈ ਬਾਂਧੈ ਭੇਖੁ ਭਇਆ ॥” {ਪੰ.1127} ਕੇਵਲ ਉਹ ਜੀਵ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ ਸੋਭਦੇ ਹਨ ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਨਗਨ ਰਹਿਣ ਵਾਲੇ ਅਤੇ ਜਗਰਾਤੇ ਕਰਦਿਆਂ ਕਦੇ ਨਾ ਸੌਣ ਵਾਲੇ ਨਹੀਂ । ਐਸੇ ਲੋਕਾਂ ਦੇ ਹੱਥ ਤਾਂ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ । “ਇਕਿ ਨਗਨ ਫਿਰਹਿ, ਦਿਨੁ ਰਾਤਿ ਨੀਦ ਨ ਸੋਵਹੀ ॥…ਸੋਹਨਿ ਖਸਮ ਦੁਆਰਿ, ਜਿ ਸਤਿਗੁਰੁ ਸੇਵਹੀ ॥” {ਪੰ.1285} ਹਜ਼ੂਰ ਦੀ ਦ੍ਰਿਸ਼ਟੀ ਵਿੱਚ ਤਾਂ ਉਹ ਕੇਵਲ ਪਾਲ਼ੇ ਕੱਕਰ ਆਦਿਕ ਦਾ ਦੁੱਖ ਸਹਿ ਕੇ ਆਪਣੇ ਕੀਤੇ ਦੀ ਸਜ਼ਾ ਹੀ ਭੁਗਤ ਰਹੇ ਹੁੰਦੇ ਹਨ । ਸੁਖੀ ਤਾਂ ਕੇਵਲ ਓਹੀ ਹੁੰਦਾ ਹੈ , ਜਿਹੜਾ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਸੁਖਾਂ ਦੇ ਸੋਮੇ ਅਕਾਲਪੁਰਖ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ । ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਪਾਖੰਡ ਪ੍ਰਹਾਰਕ ਬਚਨ ਆਸਾ ਦੀ ਵਾਰ ਵਿੱਚ ਨਿੱਤ ਸੁਣੇ ਜਾਂਦੇ ਹਨ :

ਬਸਤ੍ਰ ਨ ਪਹਿਰੈ ॥ ਅਹਿਨਿਸ ਕਹਰੈ ॥……
ਸਤਿਗੁਰੁ ਭੇਟੇ ਸੋ ਸੁਖ ਪਾਏ ॥ ਹਰਿ ਕਾ ਨਾਮ ਮੰਨਿ ਵਸਾਏ ॥
{ਪੰ.468}

ਗੁਰੁ ਨਾਨਕ ਸਾਹਿਬ ਜੀ ਪਰਉਪਕਾਰੀ ਬਖ਼ਸ਼ਿਸ਼ ਸਦਕਾ ਗੁਰਸਿੱਖ ਭਗਤ ਕਬੀਰ ਸਾਹਿਬ ਜੀ ਦੇ ਅਜਿਹੇ ਤਰਕ-ਮਈ ਬਚਨ ਵੀ ਪੜ੍ਹਦੇ ਸੁਣਦੇ ਹਨ, ਜਿਨ੍ਹਾਂ ਵਿੱਚ ਉਹ ਆਖਦੇ ਹਨ ਕਿ ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੋਵੇ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ । ਜਦੋਂ ਤਕ ਕੋਈ ਪਰਮਾਤਮਾ ਨੂੰ ਨਹੀਂ ਪਛਾਣਦਾ, ਤਦ ਤਕ ਨੰਗੇ ਰਿਹਾਂ ਕੀ ਸੌਰ ਜਾਣਾ ਹੈ ਅਤੇ ਪਿੰਡੇ ’ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ ? ਭਾਵ, ਕੁਝ ਵੀ ਨਹੀਂ :

ਨਗਨ ਫਿਰਤ ਜੌ ਪਾਈਐ ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥
ਕਿਆ ਨਾਗੇ ਕਿਆ ਬਾਧੇ ਚਾਮ ॥ ਜਬ ਨਹੀ ਚੀਨਸਿ ਆਤਮ ਰਾਮ ॥
{ਪੰ.324}

ਦਸਵੇਂ ਪਾਤਸ਼ਾਹ ਦੇ ਅਨੰਨ ਸੇਵਕ ਭਾਈ ਨੰਦ ਲਾਲ ਜੀ ਦੀ ਚਸ਼ਮਦੀਦ ਗਵਾਹੀ ਹੈ ਕਿ ਇੱਕ ਤਾਂ ਗੁਰਸਿੱਖਾਂ ਦੇ ਪੰਥ ਵਿੱਚ ਗੈਰ ਪ੍ਰਸਤ (ਗੁਰੂ ਤੋਂ ਬਿਨਾ ਕਿਸੇ ਹੋਰ ਦੀ ਸੇਵਾ-ਭਗਤੀ ਕਰਨਵਾਲੇ) ਨਹੀਂ ਹੁੰਦੇ ਅਤੇ ਦੂਜੇ ਉਹ ਲੋਕ ਪੈਰਾਂ ਤੋਂ ਲੈ ਕੇ ਸਿਰ ਤਕ ਸਦਾ ਹੋਸ਼ ਵਿੱਚ ਰਹਿੰਦੇ ਹਨ । ਭਾਵ, ਸਦਾ ਜਾਗਰੂਕ ਅਵਸਥਾ ਵਿੱਚ ਵਿਚਰਦੇ ਹਨ ਅਤੇ ਕਿਸੇ ਕਿਸਮ ਦੀ ਖ਼ਰਮਸਤੀ ਨਹੀਂ ਕਰਦੇ । ਜ਼ਿੰਦਗੀਨਾਮੇ ਵਿੱਚ ਉਨ੍ਹਾਂ ਦੀ ਰਚਿਤ ਅਠਵੀਂ ਰੁਬਾਈ ਦਾ ਸ਼ੇਅਰ ਹੈ “ਦਰ ਮਜ਼ਹਬਿ ਮਾ, ਗ਼ੈਰ-ਪ੍ਰਸਤੀ ਨ ਕੁਨੰਦ । ਸਰ ਤ ਬ-ਕਦਮ ਬਾ-ਹੋਸ਼, ਓ ਮਸੀ ਨਾ ਕਰੰਦ ।8।” ਕਿਉਂਕਿ ਉਹ ਭਲੀਭਾਂਤ ਜਾਣਦੇ ਹਨ ਕਿ “ਨਚਣੁ ਕੁਦਣੁ ਮਨ ਕਾ ਚਾਉ (ਸ਼ੌਕ)॥” {ਪੰ.465} ਹੈ, ਰੱਬੀ ਭਗਤੀ ਨਹੀਂ । ਪਰਮਾਤਮਾ ਦੀ ਭਗਤੀ ਤਾਂ ਉਹੀ ਮਨੁੱਖ ਪ੍ਰਾਪਤ ਕਰ ਸਕਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ (ਹਉਮੈ ) ਵਲੋਂ ਮਰਦਾ ਹੈ :

ਨਚਿਐ ਟਪਿਐ, ਭਗਤਿ ਨ ਹੋਇ ॥ ਸਬਦਿ ਮਰੈ, ਭਗਤਿ ਪਾਏ ਜਨੁ ਸੋਇ ॥ {ਪੰ. 158}

ਸੋ ਸ੍ਰੀ ਗੁਰੂ ਅਰਜਨ ਸਾਹਿਬ ਤੋਂ ਲੈ ਕੇ ਦਸਮ ਪਾਤਿਸ਼ਾਹ ਤਕ ਤਿੰਨ ਪੀੜ੍ਹੀਆਂ ਤੋਂ ਗੁਰੂ ਦਰਬਾਰ ਨਾਲ ਜੁੜੇ ਹੋਏ ਪ੍ਰਵਾਰਕ ਸਿੱਖ ਵਿਰਸੇ ਦੀ ਮਾਲਿਕ ਸੀ ਮਾਤਾ ਭਾਗ ਕੌਰ, ਜਿਸ ਨੂੰ ਗੁਰਬਾਣੀ ਤੇ ਗੁਰਇਤਿਹਾਸ ਦੇ ਚਾਨਣ ਵਿੱਚ ਸਚਿਆਰ ਤੇ ਸੁਚੇਤ ਰਹਿਣ ਵਾਲੇ ਮਹਾਨ ਗੁਰਸਿੱਖਾਂ ਅੰਦਰ ਗਿਣਨਾ ਤਾਂ ਮਾਣ ਵਾਲੀ ਗੱਲ ਹੈ, ਪਰ ਕਿਸੇ ਵੀ ਪੱਖੋਂ ਨਗਨ ਰਹਿਣ ਵਾਲੀ ਮੰਨ ਸਕਣਾ ਅਸੰਭਵ ਹੈ । ਅਸਲ ਹਕੀਕਤ ਤਾਂ ਇਹ ਹੈ ਕਿ ਸਚਿਆਰ ਮਾਤਾ ਭਾਗ ਕੌਰ ਉਹ ਸੂਰਬੀਰ ਤੇ ਸੰਤ-ਸਿਪਾਹੀ ਸੁਭਾ ਵਾਲੀ ਮਰਦਾਨਾ ਔਰਤ ਸੀ, ਜਿਸ ਨੂੰ ਪਹਿਲੇ ਤਾਂ, ਖਿਦਰਾਣੇ (ਸ੍ਰੀ ਮੁਕਤਸਰ) ਦੀ ਜੰਗ ਤੋਂ ਪਹਿਲਾਂ ਗੁਰੂ ਜੀ ਤੋਂ ਬੇਮੁਖ ਹੋ ਰਹੇ ਆਪਣੇ ਕੁਝ ਭੁੱਲੜ ਭਰਾਵਾਂ ਨੂੰ ਲਲਕਾਰ ਕੇ ਗੁਰੂ ਜੀ ਤੋਂ ਨੁਸ਼ਾਵਰ ਕਰਵਾਉਣ ਅਤੇ ਜੰਗ ਵਿੱਚ ਜ਼ਖਮੀ ਹੁੰਦਿਆਂ ਫਿਰ ਉਨ੍ਹਾਂ ਰਾਹੀਂ ਗੁਰੂ ਜੀ ਤੋਂ ਬੇਦਾਵਾ ਪੱਤਰ ਪੜਵਾਉਣ ਦਾ ਮਾਣ ਹਾਸਲ ਹੈ ।

ਦੂਜੇ, ਜਿਸ ਨੂੰ ਸਤਿਗੁਰੂ ਜੀ ਦੇ ਪਾਵਨ ਹੱਥੋਂ ਅੰਮ੍ਰਿਤ ਛਕ ਕੇ ਮਾਈ ਭਾਗੋ ਤੋਂ ਭਾਗ ਕੌਰ ਦੀ ਉਹ ਉਪਾਧੀ ਪ੍ਰਾਪਤ ਕਰਨ ਦਾ ਸੁਭਾਗ ਹੈ, ਜਿਹੜੀ ਕਮਲ (ਕੌਰ) ਵਾਂਗ ਨਿਰਲੇਪ ਰਹਿਣ ਅਤੇ ਰਾਜਕੁਮਾਰੀ (ਕੁੰਵਿਰ) ਬਣਨ ਦੇ ਤੁੱਲ ਹੈ ।

ਤੀਜੇ, ਜਿਸ ਨੂੰ ਸ੍ਰੀ ਹਜ਼ੂਰ ਸਾਹਿਬ (ਨਾਦੇੜ) ਵਿਖੇ ਭਾਈ ਮਾਨ ਸਿੰਘ ਤੇ ਭਾਈ ਦਇਆ ਸਿੰਘ ਵਰਗੇ ਆਪਣੇ ਗੁਰਭਾਈਆਂ ਦੇ ਬਰਾਬਰ ਗੁਰੂ ਜੀ ਦੇ ਵਿਸ਼ੇਸ਼ ਸੁਰਖਿਆ (ਅੜਦਲੀ) ਦਸਤੇ ਦਾ ਮੈਂਬਰ ਬਣਨ ਦਾ ਸੁਨਹਿਰੀ ਮੌਕਾ ਵੀ ਮਿਲਿਆ ਹੈ । ਅਕਤੂਬਰ ਸੰਨ 1708 ਨੂੰ ਨਾਦੇੜ ਵਿਖੇ ਜਦੋਂ ਗੁਰੂ ਜੀ ਮਹਾਰਾਜ ਦੇ ਜੋਤੀ-ਜੋਤ ਸਮਾਏ, ਉਦੋਂ ਵੀ ਉਥੇ ਸੇਵਾ ਵਿੱਚ ਹਾਜ਼ਰ ਸੀ । ਪਰ ਗੁਰੂ ਪਿਆਰ ਵਿੱਚ ਭਿੱਜੀ ਹੋਈ ਉਹ ਸੂਰਬੀਰ ਮਾਤਾ ਫਿਰ ਨਾਂਦੇੜ ਨਾ ਰਹੀ ਤੇ ਵੈਰਾਗਵਾਨ ਹੋਈ ਉਹ ਬਿਦਰ ਤੋਂ 11 ਕਿਲੋਮੀਟਰ ਦੂਰ ‘ਜਨਵਾਰਾ’ (ਕਰਨਾਟਕਾ) ਚਲੀ ਗਈ । ਉਥੇ ਹੀ ਉਹ ਗੁਰਬਾਣੀ ਦੁਆਰਾ ਗੁਰੂ ਗੁਰੂ ਜਪਦੀ ਤੇ ਰੱਬੀ ਸਿਫ਼ਤ-ਸਾਲਾਹ ਕਰਦੀ ਹੋਈ ਗੁਰੂ ਗੋਦ ਵਿੱਚ ਜਾ ਸਮਾਈ । ਇਥੇ ਉਨ੍ਹਾਂ ਦਾ ਯਾਦਗਾਰੀ ਅਸਥਾਨ ਵੀ ਹੈ, ਜਿਸ ਨੂੰ ਹੁਣ ‘ਗੁਰਦੁਆਰਾ ਤਪ ਅਸਥਾਨ ਮਾਈ ਭਾਗੋ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।

ਇੱਕ ਔਰਤ ਨੂੰ ਆਪਣੇ ਬਾਡੀਗਾਰਡਾਂ ਵਿੱਚ ਸ਼ਾਮਲ ਕਰਨਾ ਗੁਰੂ ਜੀ ਦਾ ਅੰਤਰਾਸ਼ਟਰੀ ਤੌਰ ’ਤੇ ਪਹਿਲਾ ਤੇ ਇੱਕ ਐਸਾ ਮਹਾਨ ਕ੍ਰਾਂਤੀਕਾਰੀ ਕਦਮ ਸੀ, ਜਿਸ ਨੇ ਮਰਦ ਪ੍ਰਧਾਨੀ ਸਮਾਜ ਦੇ ਹਿੰਦੁਸਤਾਨੀ ਇਤਿਹਾਸ ਵਿੱਚ, ਔਰਤ ਨੂੰ ਸ਼ੂਦਰ ਤੇ ਪੈਰਾਂ ਦੀ ਜੁੱਤੀ ਸਮਝਣ ਵਾਲੀ ਬ੍ਰਾਹਮਣੀ ਸੋਚ ਨੂੰ ਮਿੱਟੀ ਵਿੱਚ ਮਿਲਾ ਦਿੱਤਾ । ਇਸ ਪ੍ਰਕਾਰ “ਸੋ ਕਿਉ ਮੰਦਾ ਆਖੀਐ, ਜਿਤੁ ਜੰਮੈ ਰਾਜਾਨੁ ॥” ਗੁਰਵਾਕ ਨੂੰ ਸਾਕਾਰ ਰੂਪ ਵਿੱਚ ਪੇਸ਼ ਕੀਤਾ ।

ਅਸਲ ਵਿੱਚ ਇਹੀ ਸਾੜਾ ਸੀ ਉਸ ਮਨੂੰਵਾਦੀ ਬ੍ਰਾਹਮਣਾਂ ਦੇ ਈਰਖਾਲੂ ਹਿਰਦੇ ਵਿੱਚ, ਜਿਸ ਅਧੀਨ ਉਨਾਂ ਨੇ ਚਲਾਕੀ ਨਾਲ ਭਾਈ ਸੰਤੋਖ ਸਿੰਘ ਜੀ ਰਾਹੀਂ ਇੱਕ ਤਾਂ ਸੰਤ-ਸਿਪਾਹੀ ਮਾਈ ਭਾਗ ਸਿੰਘ ਕੌਰ ਜੀ ਨੂੰ ‘ਮਾਈ ਭਾਗੋ’ ਬਣਾਇਆ । ਦੂਜੇ, ਉਸ ਨੂੰ ਅਵਧੂਤ-ਮਈ ਨਗਨ ਅਵਸਥਾ ਵਿੱਚ ਘੁੰਮਦੀ ਦਰਸਾਉਂਦਿਆਂ ਗੁਰੂ ਜੀ ਦੇ ਉਚੇ-ਸੁਚੇ ਆਚਰਨ ਨੂੰ ਵੀ ਧੁੰਦਲਾ ਕਰਨ ਦੀ ਨਾਕਾਮ ਤੇ ਘ੍ਰਿਣਤ ਕੋਸ਼ਿਸ਼ ਵੀ ਕੀਤੀ । ਅਜਿਹੇ ਕਾਰਣਾਂ ਕਰਕੇ ਹੁਣ ਮਸਲਾ ਕੇਵਲ ਸੂਰਜ ਪ੍ਰਕਾਸ਼ ਗ੍ਰੰਥ ਨੂੰ ਸੋਧਣ ਦਾ ਦਾ ਹੀ ਨਹੀਂ, ਗੁਰੂ ਦੋਖੀਆਂ ਵੱਲੋਂ ਜਾਣ-ਬੁਝ ਕੇ ਰਲਗੱਡ ਕੀਤੇ ਗਏ ਲਗਭਗ ਸਾਰੇ ਹੀ ਇਤਿਹਾਸਕ ਸੋਮਿਆਂ ਨੂੰ ਸੁਧਾਰ ਕੇ ਸੱਚ ਪ੍ਰਗਟਾਉਣ ਦੀ ਲੋੜ ਹੈ।

ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸੰਸਾਰ ਭਰ ਦੀ ਪ੍ਰਮੁੱਖ ਸਿੱਖ ਸੰਸਥਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਦਾ ਮੁਖ ਫ਼ਰਜ਼ ਬਣਦਾ ਹੈ ਕਿ ਉਹ ਗੁਰਇਤਿਹਾਸ ਦੇ ਸੋਮਿਆਂ ਦੀ ਗੁਰਬਾਣੀ ਦੇ ਚਾਨਣ ਵਿੱਚ ਪੜਚੋਲ ਕਰਵਾਉਣ । ਉਪਰੋਕਤ ਕਿਸਮ ਦੇ ਬਿਪਰਵਾਦੀ ਰਲੇ ਤੋਂ ਰਹਿਤ ਇੱਕ ਸੱਚਾ ਤੇ ਪ੍ਰਮਾਣੀਕ ਇਤਿਹਾਸ ਲਖਵਾਉਣ । ਪ੍ਰੰਤੂ, ਮਰਹੂਮ ਡਾ. ਕ੍ਰਿਪਾਲ ਸਿੰਘ ਵਰਗੇ ਇਤਿਹਾਸਕਾਰਾਂ ਨੂੰ ਅਜਿਹੀ ਅਨਮੋਲ ਸੇਵਾ ਬਖ਼ਸਦਿਆਂ ਧਿਆਨ ਰੱਖਿਆ ਜਾਵੇ ਕਿ ਗੁਰਬਾਣੀ ’ਚੋਂ ਪਰਗਟ ਹੁੰਦੇ ਗੁਰਮਤੀ ਸਿਧਾਂਤਾਂ ਤੋਂ ਜਾਣੂ ਵਿਦਵਾਨ ਵੀ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਕੀਤੇ ਜਾਣ; ਕਿਉਂਕਿ ਪਹਿਲਾਂ ਇਹੀ ਘਾਟ ਰਹੀ ਹੈ, ਜਿਸ ਕਰਕੇ ਗੁਰਇਤਿਹਾਸ ਪੂਰੀ ਤਰ੍ਹਾਂ ਨਿੱਖਰ ਨਹੀਂ ਸਕਿਆ । ਕਾਰਣ ਇਹ ਹੈ ਕਿ ਸਿੱਖ ਸੰਸਥਾਵਾਂ ਵਿਦਵਾਨਾਂ ਦੀ ਡਿਗਰੀਆਂ ਵੱਲ ਤਾਂ ਵੇਖਦੀਆਂ ਹਨ, ਪਰ ਉਨਾਂ ਨੂੰ ਗੁਰਮਤਿ ਦੇ ਮੂਲਿਕ ਸਿਧਾਂਤਾਂ ਦੀ ਕਿਤਨੀ ਕੁ ਸੋਝੀ ਹੈ, ਇਸ ਪੱਖ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ।

ਭੁਲ-ਚੁੱਕ ਮੁਆਫ਼ ਕਰਨੀ ਜੀ।

ਵਾਹ ਗੁਰੂ ਜੀ ਕਾ ਖ਼ਾਲਸਾ । ਵਾਹ ਗੁਰੂ ਜੀ ਕੀ ਫ਼ਤਹ ।

ਗੁਰੂ ਤੇ ਪੰਥ ਦਾ ਅਧਨਾ ਚਾਕਰ : ਜਗਤਾਰ ਸਿੰਘ ਜਾਚਕ, ਨਿਊਯਾਰਕ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top