Share on Facebook

Main News ਪੰਨਾ

ਸਿੱਖ ਇਤਿਹਾਸ ਦੇ ਮੁੱਢਲੇ ਸੋਮਿਆਂ ਵਿਚੋਂ ਕੁੱਝ ਗ੍ਰੰਥ ਤੇ ਕਿਤਾਬਾਂ
-: ਵਰਿੰਦਰ ਸਿੰਘ ਗੋਲਡੀ
16.10.19

ਸਿੱਖ ਇਤਿਹਾਸ ਦੇ ਮੁੱਢਲੇ ਸੋਮਿਆਂ ਵਿਚੋਂ ਇਹ ਕੁੱਝ ਗ੍ਰੰਥ ਜਾਂ ਕਿਤਾਬਾਂ ਮੁੱਖ ਹਨ । ਇਹਨਾਂ ਵਿਚੋਂ ਕਿਸੇ ਨੂੰ ਵੀ ੧੦੦% ਨਹੀਂ ਮੰਨਿਆ ਜਾ ਸਕਦਾ ਸਾਰੀਆਂ ਵਿੱਚ ਕੁਝ ਨਾ ਕੁਝ ਗੁਰਮਤਿ ਦੇ ਉਲਟ ਗੱਲਾਂ ਹਨ । ਜੇ ਕੋਈ ਇਹਨਾਂ ਨੂੰ ਹੰਸ ਬਿਰਤੀ ਨਾਲ ਪੜੇ ਤਾਂ ਕੋਈ ਵੀ ਕਿਤਾਬ ਪੱੜ ਸਕਦਾ ਹੈ ਤੇ ਇਹਨਾਂ ਵਿੱਚੋਂ ਘਟਨਾਵਾਂ, ਨਾਮ ਤੇ ਤਰੀਕਾਂ ਲੈ ਸਕਦਾ ਹੈ ਪਰ ਜੇ ਕੋਈ ਭੇਡ ਬਿਰਤੀ ਨਾਲ ਪੜੇ ਤਾਂ ਇਹ ਸਾਰੀਆਂ ਹੀ ਖਤਰਨਾਕ ਹਨ ।

 

੧. ਸ੍ਰੀ ਗੁਰ ਸੋਭਾ, ਲਿਖਾਰੀ ਸੈਨਾਪਤੀ.. ਸਭ ਤੋਂ ਪੁਰਾਤਨ ਸਰੋਤ ਇਹੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਇਕ ਕਵੀ ਜਿਸ ਦਾ ਪਹਲਾਂ ਨਾਮ ਚੰਦਰਸੈਨ ਮਾਨ ਸੀ ਤੇ ਖੰਡੇ ਦੀ ਪਹੁਲ ਲੈਣ ਤੋਂ ਬਾਹਦ ਸੈਨਾ ਸਿੰਘ ਹੋ ਗਿਆ ਇਸ ਨੂੰ ੧੭੧੧ ਦੇ ਕਰੀਬ ਲਿਖਿਆ ਗਿਆ। ਦੇਵੀ ਦੇਵਤਿਆਂ ਦੀ ਪੂਜਾ ਦਾ ਜਿਕਰ ਇਸ ਵਿੱਚ ਨਹੀਂ ਹੈ ਪਰ ਕਾਫੀ ਘਟਨਾਵਾਂ ਦੂਸਰੇ ਗ੍ਰੰਥਾਂ ਨਾਲ ਨਹੀਂ ਰੱਲਦੀਆਂ ਤੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਹੀ ਲਿਖਿਆ ਹੈ ਖਾਸ ਕਰਕੇ ਯੁੱਧਾਂ ਦੇ ਬਾਰੇ । ਗੁਰੂ ਗੋਬਿੰਦ ਸਿੰਘ ਜੀ ਦੇ ਇਕ ਹੋਰ ਵਿਆਹ ਦਾ ਵੀ ਜਿਕਰ ਇਸ ਵਿੱਚ ਆਉਂਦਾ ਹੈ ਜੋ ਰਾਜਪੂਤਾਂ ਦੇ ਇਲਾਕੇ ਵਿੱਚ ਕੀਤਾ ।

 

੨. ਗੁਰਬਿਲਾਸ ਛੇਵੀਂ ਪਾਤਸ਼ਾਹੀ, ਲਿਖਾਰੀ ਸੋਹਣ ਜਾਂ ਭਗਤ ਸਿੰਘ ਜਾਂ ਕੋਈ ਹੋਰ ... ੧੭੧੮ ਦੇ ਕਰੀਬ ਦੀ ਲਿਖਤ ਹੈ । ਲਿਖਾਰੀ ਦੇਵੀ ਦਾ ਭਗਤ ਹੈ ਤੇ ਥਾਂ ਥਾਂ ਤੇ ਦੇਵੀ ਦੇਵਤਿਆਂ ਦੀ ਗੱਲ ਕਰਦਾ ਹੈ । ਚਮਤਕਾਰਾਂ ਅਤੇ ਮਨਮਤਿ ਨਾਲ ਭਰਪੂਰ ਇਹ ਗ੍ਰੰਥ ਗੁਰਮਤਿ ਤੋਂ ਕੋਹਾਂ ਦੂਰ ਹੈ ।ਬਾਬਾ ਬੁੱਢਾ ਜੀ ਦੇ ਵਰ ਦੇਣ ਵਾਲੀ ਵਾਲੀ ਸਾਖੀ ਇਸੇ ਗ੍ਰੰਥ ਦੀ ਦੇਣ ਹੈ ਜੋ ਅਣਜਾਣ ਪ੍ਰਚਾਰਕ ਸਟੇਜਾਂ ਤੋਂ ਸੁਣਾ ਦੇਂਦੇ ਹਨ । ਗੁਰੂ ਜੀ ਨੂੰ ਭੰਗ ਪੀਣ ਵਾਲੇ ਲਿਖਿਆ ਹੈ ਇਸ ਵਿੱਚ ।

 

੩. ਗੁਰ ਬਿਲਾਸ ਪਾਤਸ਼ਾਹੀ ੧੦, ਲਿਖਾਰੀ ਕੋਇਰ ਸਿੰਘ .. ੧੭੫੧ ਦੇ ਕਰੀਬ ਦੀ ਲਿਖਤ ਹੈ । ਲਿਖਾਰੀ ਤੇ ਬ੍ਰਾਹਮਣੀ ਪ੍ਰਭਾਵ ਬਹੁਤ ਜਿਆਦਾ ਹੈ ਅਤੇ ਥਾਂ ਥਾਂ ਤੇ ਦੇਵੀ ਦੇਵਤਿਆਂ ਦਾ ਜਿਕਰ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਹੀ ਘਟਨਾਵਾਂ ਦਾ ਜਿਕਰ ਹੈ ਪਰ ਬਹੁਤ ਸਾਰੀਆਂ ਗਲਾਂ ਦੂਸਰਿਆਂ ਗ੍ਰੰਥਾਂ ਨਾਲ ਨਹੀਂ ਰਲਦੀਆਂ । ਲਿਖਾਰੀ ਗੁਰਮਤਿ ਤੋਂ ਕੋਹਾਂ ਦੂਰ ਹੈ ਪਰ ਦੇਵੀ ਦੇਵਤਿਆਂ ਬਾਰੇ ਕਾਫੀ ਜਾਣਕਾਰੀ ਹੈ । ਪੰਜਾਂ ਪਿਆਰਿਆਂ ਨੂੰ ਵੀ ਭਗਤਾਂ ਦੇ ਅਵਤਾਰ ਦੱਸਦਾ ਹੈ ।

 

੪. ਬੰਸਾਵਲੀਨਾਮਾ, ਲੇਖਕ ਕੇਸਰ ਸਿੰਘ ਛਿੱਬਰ .. ੧੭੬੯ ਦੇ ਕਰੀਬ ਲਿਖੇ ਇਹ ਗਰੰਥ ਵਿੱਚ ਹਿੰਦੂ ਧਰਮ ਦਾ ਪ੍ਰਭਾਵ ਬਹੁਤ ਜਿਆਦਾ ਹੈ । ਸਵਰਗਾਂ ਨਰਕਾਂ ਅਤੇ ਪਿਛਲੇ ਜਨਮ ਦੀਆਂ ਗਲਾਂ ਤੋਂ ਸ਼ੁਰੂ ਕਰ ਕੇ ਲਿਖਾਰੀ ਗੁਰੂ ਸਾਹਿਬਾਨ ਨਾਲ ਸਭੰਦਿਤ ਘਟਨਾਵਾਂ ਦਾ ਜਿਕਰ ਕਰਦਾ ਹੈ ਪਰ ਬਹੁਤ ਸਾਰੀਆਂ ਅਨਹੋਣੀਆਂ ਕਰਾਮਾਤਾਂ ਨਾਲ ਭਰਪੂਰ ਹੈ । ਲਿਖਾਰੀ ਅਨੁਸਾਰ ਗੁਰੂ ਅਰਜਨ ਪਾਤਸ਼ਾਹ ਜੀ ਦੀ ਲਿੱਖੀ ਬਾਣੀ ਮਾਤਾ ਸ਼ਾਰਦਾ ਦੇਵੀ ਦੇ ਵਰ ਸਦਕਾ ਹੈ । ਮੋਹਨ ਨੂੰ ਲਿਖਾਰੀ ਗੁਰੂ ਅਰਜਨ ਸਾਹਿਬ ਦੇ ਮਾਮੇ ਦਾ ਮੁੰਡਾ ਲਿੱਖ ਰਿਹਾ ਹੈ ।

 

੫. ਗੁਰ ਬਿਲਾਸ ਪਾਤਸ਼ਾਹੀ ੧੦, ਲੇਖਕ ਸੁੱਖਾ ਸਿੰਘ .. ਇਹ ਗਰੰਥ ੧੭੯੭ ਦੇ ਕਰੀਬ ਲਿੱਖਿਆ ਗਿਆ । ਬਾਬੇ ਬਕਾਲੇ ਵਾਲੇ ਪ੍ਰਸੰਗ ਤੋਂ ਸ਼ੁਰੂ ਕਰ ਕੇ ਲੇਖਕ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਭੰਦਿਤ ਘਟਨਾਵਾਂ ਦਾ ਜਿਕਰ ਕਰਦਾ ਹੈ । ਲੇਖਕ ਨੇ ਗੁਰੂ ਸਾਹਿਬ ਨੂੰ ਜੰਝੂ ਪਾਇਆ ਹੋਇਆ ਦਸਿਆ ਹੈ । ਗੁਰੂ ਸਾਹਿਬ ਨੂੰ ਭੰਗ ਪੀਣ ਵਾਲੇ ਅਤੇ ਅਫੀਮ ਖਾਨ ਵਾਲੇ ਦੱਸਿਆ ਹੈ ।ਬ੍ਰਾਹਮਣਵਾਦ ਦਾ ਪੂਰਾ ਪ੍ਰਭਾਵ ਹੈ ਲੇਖਕ ਉੱਤੇ ਕਾਲੀ ਮਾਤਾ ਦੀ ਪੂਜਾ ਦਾ ਜਿਕਰ ਕਰਦਾ ਹੈ । ਕਾਲਕਾ ਮਾਂ ਦਾ ਵੱਡਾ ਭਗਤ ਹੈ ਤੇ ਗੁਰੂ ਸਾਹਿਬ ਨੂੰ ਵੀ ਕਾਲਕਾ ਦਾ ਭਗਤ ਦੱਸਦਾ ਹੈ ।

 

੬. ਗੁਰੂ ਨਾਨਕ ਮਹਿਮਾ ਅਤੇ ਮਹਿਮਾ ਪ੍ਰਕਾਸ਼, ਲੇਖਕ ਬਾਵਾ ਸਰੂਪ ਦਾਸ ਭੱਲਾ ..ਇਹ ਗਰੰਥ ੧੭੭੬ ਵਿੱਚ ਲਿੱਖਿਆ ਗਿਆ । ਇਸ ਦੇ ਦੋ ਭਾਗ ਹਨ ਪਹਲੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਅਤੇ ਦੂਸਰਾ ਬਾਕੀ ਗੁਰੂ ਸਾਹਿਬਾਨ ਬਾਰੇ ਹੈ । ਲੇਖਕ ਆਪਣੇ ਆਪ ਨੂੰ ਗੁਰੂ ਅਮਰ ਦਾਸ ਪਾਤਸ਼ਾਹ ਦੀ ਵੰਸ ਵਿੱਚੋਂ ਦੱਸਦਾ ਹੈ । ਲਿਖਾਰੀ ਨੇ ਗੁਰੂ ਸਾਹਿਬਾਨ ਨਾਲ ਸਭੰਦਿਤ ਬਹੁਤ ਘਟਨਾਵਾਂ ਦਾ ਜਿਕਰ ਇਸ ਗਰੰਥ ਵਿੱਚ ਕੀਤਾ ਹੈ ਪਰ ਲੇਖਕ ਉੱਤੇ ਸਨਾਤਨੀ ਮੱਤ ਦਾ ਬਹੁਤ ਪ੍ਰਭਾਵ ਹੈ । ਲੱਗਦਾ ਹੈ ਕੇ ਲੇਖਕ ਨੇ ਜਨਮ ਸਾਖੀਆਂ ਨੂੰ ਬੇਸ ਬਣਾ ਕੇ ਪਹਲਾ ਪਾਰਟ ਲਿਖਿਆ ਹੈ ਅਤੇ ਬਹੁਤ ਕੁਝ ਬਿਨਾ ਗੁਰਮਤਿ ਦੀ ਕਸਵੱਟੀ ਵਰਤੇ ਉਸੇ ਤਰਾਂ ਲਿੱਖ ਦਿੱਤਾ ਹੈ । ਹੰਸ ਬਿਰਤੀ ਨਾਲ ਪੜਿਆ ਜਾਵੇ ਤਾਂ ਇਸ ਵਿੱਚੋਂ ਕਾਫੀ ਇਤਿਹਾਸ ਜੋ ਗੁਰਮਤਿ ਅਨੁਕੂਲ ਹੈ ਲਿਆ ਜਾ ਸਕਦਾ ਹੈ ਪਰ ਜੇ ਪੂਰੇ ਦਾ ਪੂਰਾ ਸਹੀ ਮੰਨ ਕੇ ਪੜਿਆ ਜਾਵੇ ਤਾਂ ਬਹੁਤ ਖਤਰਨਾਕ ਸਿਧ ਹੋ ਸਕਦਾ ਹੈ ।

 

੭. ਨਾਨਕ ਪ੍ਰਕਾਸ਼ ਅਤੇ ਗੁਰ ਪ੍ਰਤਾਪ ਸੂਰਜ, ਲਿਖਾਰੀ ਕਵੀ ਸੰਤੋਖ ਸਿੰਘ ..ਇਹ ਗਰੰਥ ੧੮੪੩-੪੪ ਵਿੱਚ ਲਿਖਿਆ ਗਿਆ । ਅੱਜ ਤੱਕ ਸਿੱਖ ਇਤਿਹਾਸ ਤੇ ਲਿੱਖੇ ਸਭ ਗ੍ਰੰਥਾਂ ਵਿੱਚੋਂ ਸਭ ਤੋਂ ਵੱਡੀ ਰਚਨਾ ਇਹ ਹੀ ਹੈ ਅਤੇ ਸਭ ਤੋਂ ਖਤਰਨਾਕ ਵੀ ਇਹ ਹੀ ਹੈ । ਇਸ ਦਾ ਕਾਰਨ ਇਹ ਹੈ ਕੇ ਇਸ ਤੋਂ ਬਾਹਦ ਵਿੱਚ ਲਿੱਖੇ ਤਕਰੀਬਨ ਸਾਰੇ ਇਤਿਹਾਸ ਤੇ ਇਸ ਦਾ ਕੁਝ ਨਾ ਕੁਝ ਅਸਰ ਜਰੂਰ ਪਿਆ ਹੈ । ਕਵਿਤਾ ਦੀ ਨਜਰ ਨਾਲ ਦੇਖਿਆ ਜਾਵੇ ਤਾਂ ਸ਼ਾਇਦ ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਵਧੀਆ ਕਵਿਤਾ ਹੋਵੇ ਪਰ ਸਿਧਾਂਤ ਦੇ ਨਜ਼ਰੀਏ ਨਾਲ ਇਹ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਸਭ ਤੋਂ ਖਤਰਨਾਕ ਗਰੰਥ ਹੈ । ਸੰਪ੍ਰਦਾਈ ਲੋਕਾਂ ਨੇ ਇਸ ਨੂੰ ਬਹੁਤ ਜਿਆਦਾ ਪ੍ਰਮੋਟ ਕੀਤਾ ਜਿਸ ਕਰਕੇ ਬਹੁਤ ਸਾਰੇ ਸੰਪ੍ਰਦਾਵਾਂ ਦੇ ਡੇਰਿਆਂ ਵਿੱਚ ਅਖੌਤੀ ਦਸਮ ਗਰੰਥ ਵਾਂਗ ਇਸ ਦੀ ਕਥਾ ਕੀਤੀ ਜਾਂਦੀ ਹੈ । ਕੁਝ ਤਾਂ ਸੰਤੋਖ ਸਿੱਖ ਦੇ ਬ੍ਰਾਹਮਣੀ ਪ੍ਰਭਾਵ ਕਰਕੇ ਇਸ ਵਿੱਚ ਬ੍ਰਾਹਮਣਵਾਦ ਦਾ ਬਹੁਤ ਬੋਲ ਬਾਲਾ ਹੈ ਅਤੇ ਦੂਸਰਾ ਇਸ ਨੂੰ ਛਾਪਣ ਤੋਂ ਪਹਲਾਂ ਇਸ ਵਿੱਚ ਬਹੁਤ ਸਾਰਾ ਰਲਾ ਪਾ ਦਿੱਤਾ ਗਿਆ । ਚਮਤਕਾਰੀ ਕਹਾਣੀਆਂ ,ਦੇਵੀ ਦੇਵਤਿਆਂ ਦੀ ਪੂਜਾ, ਗੁਰੂ ਸਾਹਿਬ ਵਲੋਂ ਨਸ਼ੇ ਦੀ ਵਰਤੋਂ ਅਤੇ ਹੋਰ ਬਹੁਤ ਕੁਝ ਗੁਰਮਤਿ ਦੇ ਉਲਟ ਇਸ ਵਿੱਚ ਭਰਿਆ ਪਿਆ ਹੈ । ਹੰਸ ਬਿਰਤੀ ਨਾਲ ਪੜਨ ਵਾਲੇ ਇਸ ਵਿੱਚੋਂ ਘਟਨਾਵਾਂ ,ਨਾਮ ਅਤੇ ਤਰੀਕਾਂ ਲੈ ਸਕਦੇ ਹਨ ।

 

੮. ਮਹਿਮਾਂ ਪ੍ਰਕਾਸ਼, ਪੰਥ ਪ੍ਰਕਾਸ਼ ਤੇ ਕੁਝ ਹੋਰ ਗਰੰਥ .... ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਮਹਮਾਂ ਪ੍ਰਕਾਸ਼ ਅਤੇ ਰਤਨ ਸਿੰਘ ਭੰਗੂ ਦਵਾਰਾ ਲਿੱਖਿਆ ਪੰਥ ਪ੍ਰਕਾਸ਼ ਵੀ ਹੰਸ ਬਿਰਤੀ ਨਾਲ ਪੜਨ ਦੀ ਲੋੜ ਹੈ ਕਿਉਂਕੇ ਇਹਨਾਂ ਵਿੱਚ ਵੀ ਬਹੁਤ ਕੁਝ ਗਲਤ ਲਿੱਖਿਆ ਹੋਇਆ ਹੈ ।

 

੯. ਜਨਮ ਸਾਖੀਆਂ .. ਬਾਲੇ ਵਾਲੀ ਜਨਮ ਸਾਖੀ, ਮੇਹਰਬਾਨ ਵਾਲੀ, ਵਲੈਤ ਵਾਲੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਜਾਂ ਕੋਈ ਵੀ ਹੋਰ ਹੋਵੇ ਇਹਨਾਂ ਸਭ ਵਿੱਚ ਬਹੁਤ ਕੁਝ ਗੁਰਮਤਿ ਦੇ ਉਲਟ ਹੈ ਖਾਸ ਕਰਕੇ ਬਾਲੇ ਵਾਲੀ ਜਨਮ ਸਾਖੀ ਵਿੱਚ । ਗੁਰੂ ਸਾਹਿਬ ਦੇ ਆਚਰਣ ਉੱਤੇ ਵੀ ਇਹਨਾਂ ਨੂੰ ਪੜ ਕੇ ਸਵਾਲ ਉਠ ਜਾਂਦੇ ਹਨ ।

 

ਇਸ ਸਾਰੇ ਕੁਝ ਤੋਂ ਇਹ ਨਤੀਜਾ ਕਢਿਆ ਜਾ ਸਕਦਾ ਹੈ ਕੇ ਕੋਈ ਵੀ ਪੁਰਾਤਨ ਇਤਿਹਾਸਿਕ ਕਿਤਾਬ ਪੜਨ ਲਗਿਆਂ ਸਾਡੇ ਕੋਲ ਗੁਰਬਾਣੀ ਦੀ ਕਸਵੱਟੀ ਹੋਣੀ ਬਹੁਤ ਜਰੂਰੀ ਹੈ । ਜੇ ਤੁਹਾਡੇ ਕੋਲ ਗੁਰਮਤਿ ਦੀ ਕਸਵੱਟੀ ਹੈ ਤਾਂ ਤੁਸੀਂ ਸੱਚ ਨੂੰ ਝੂਠ ਨਾਲੋਂ ਅਲੱਗ ਕਰ ਸਕਦੇ ਹੋ । ਅੱਜ ਕੱਲ ਸੋਸ਼ਲ ਮੀਡੀਆ ਉੱਤੇ ਸੂਰਜ ਪ੍ਰਕਾਸ਼ ਦਾ ਮੁੱਦਾ ਬਹੁਤ ਗਰਮਾਇਆ ਹੋਇਆ ਹੈ । ਸਭ ਤੋਂ ਪਹਿਲੀ ਗਲ ਤਾਂ ਇਹ ਹੈ ਕੇ ਇਹ ਸਾਰੇ ਗ੍ਰੰਥਾਂ ਨੂੰ ਆਮ ਇਨਸਾਨ ਪੜ ਹੀ ਨਹੀਂ ਸਕਦਾ ਕਿਉਂਕੇ ਬਹੁਤੇ ਬ੍ਰਿਜ਼ ਭਾਸ਼ਾ ਜਾਂ ਪੁਰਾਤਨ ਭਾਸ਼ਾਵਾਂ ਵਿੱਚ ਲਿੱਖੇ ਹੋਏ ਹਨ ਇਸ ਲਈ ਪ੍ਰਚਾਰਕਾਂ ਦੀ ਜਿਮੇਵਾਰੀ ਬਣ ਜਾਂਦੀ ਹੈ ਕੇ ਸਿਰਫ ਓਹ ਗੱਲਾਂ ਹੀ ਸਟੇਜ 'ਤੇ ਸੁਣਾਈਆਂ ਜਾਣ ਜਿਹੜੀਆਂ ਗੁਰਮਤਿ ਦੀ ਕਸਵੱਟੀ ਤੇ ਪੂਰੀਆਂ ਉਤਰਦੀਆਂ ਹੋਣ । ਬਹੁਤ ਸਾਰੇ ਵਿਦਵਾਨ ਸੂਰਜ ਪ੍ਰਕਾਸ਼ ਅਤੇ ਹੋਰ ਗ੍ਰੰਥਾਂ ਵਿੱਚ ਆਈਆਂ ਗੁਰਮਤਿ ਦੇ ਉਲਟ ਗਲਾਂ ਦਾ ਜਿਕਰ ਆਪਣੀਆਂ ਕਿਤਾਬਾਂ ਵਿੱਚ ਕਰ ਚੁੱਕੇ ਹਨ ਅਤੇ ਬਹੁਤ ਸਾਰੇ ਵਿਦਵਾਨ ਇਹਨਾਂ ਗ੍ਰੰਥਾਂ ਨੂੰ ਸੋਧ ਕੇ ਲਿਖ ਵੀ ਚੁੱਕੇ ਹਨ ।

 

ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕੇ ਇਹਨਾਂ ਗ੍ਰੰਥਾਂ ਦੀ ਕਥਾ 'ਤੇ ਤੁਰੰਤ ਰੋਕ ਲਈ ਜਾਵੇ ਤਾਂ ਕੇ ਆਮ ਸੰਗਤ ਗੁਮਰਾਹ ਨਾ ਹੋਵੇ । ਇਸ ਦੇ ਨਾਲ ਹੀ ਕਥਾਕਾਰਾਂ ਨੂੰ ਚਾਹੀਦਾ ਹੈ ਕੇ ਗੁਰਮਤਿ ਦੇ ਉਲਟ ਕਥਾ ਕਹਾਣੀਆਂ ਸਟੇਜਾਂ ਤੋਂ ਨਾ ਸੁਣਾਉਣ ।

ਭੁੱਲ ਚੁੱਕ ਦੀ ਖਿਮਾ
ਵਰਿੰਦਰ ਸਿੰਘ (ਗੋਲਡੀ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top