Share on Facebook

Main News Page

ਰਾਮਾਇਣ ਰਚੇਤਾ... ਰਿਸ਼ੀ ਵਾਲਮੀਕ ਦੇ ਬਿਪਰਵਾਦੀ ਪਿਛੋਕੜ ਦਾ ਸੱਚ
-:
ਜਗਤਾਰ ਸਿੰਘ ਜਾਚਕ, ਨਿਊਯਾਰਕ Whatsapp +91 9895563906

ਰਾਮਾਇਣ ਦੇ ਰਚੇਤਾ ਰਿਸ਼ੀ ਵਾਲਮੀਕ ਜੀ ਪ੍ਰਤੀ ਵਿਦਵਾਨ ਸੱਜਣਾਂ ਨੂੰ ਤਾਂ ਕੋਈ ਭੁਲੇਖਾ ਨਹੀਂ ਕਿ ਉਹ ਮਹਾਂਰਿਸ਼ੀ ਕੱਸ਼ਪ ਦੇ ਪੋਤਰੇ, ਰਾਣੀ ਚਰਸ਼ਣੀ ਦੀ ਕੁੱਖੋਂ ਰਾਜਾ ਵਰੁਣ ਪ੍ਰਚੇਤਾ ਦੇ ਪੁਤਰ ਸਨ । ਜੇ ਭੁਲੇਖਾ ਹੈ ਤਾਂ ਕੇਵਲ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੂੰ ਅਜਿਹੇ ਮਨੂੰਵਾਦੀ ਬ੍ਰਾਹਮਣਾਂ ਨੇ ਸ਼ੂਦਰ ਕਹਿ ਪੈਰਾਂ ਹੇਠ ਲਿਤਾੜਿਆ, ਤ੍ਰਿਸਕਾਰਿਆ ਤੇ ਦੁਰਕਾਰਿਆ, ਜਿਸ ਕਾਰਣ ਉਹ ਦਲਿਤ ਭਾਈਚਾਰਾ ਅਖਵਾਉਂਦੇ ਹਨ ।

ਹਕੀਕਤ ਵਿੱਚ ਇਹ ਭੁਲੇਖਾ ਪਾਇਆ ਗਿਆ ਹੈ, ਉਨ੍ਹਾਂ ਚਲਾਕ ਬਿਪਰ ਰਾਜਨੀਤਕਾਂ ਵੱਲੋਂ ਜਿਹੜੇ ਮਨੂੰ ਸਿਮ੍ਰਤੀ ਦੇ ਵਿਧਾਨ ਅਧੀਨ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਵੇਖਣ ਲਈ ਉਤਾਵਲੇ ਹਨ । ਜਿਹੜੇ ਇਹ ਨਹੀਂ ਚਹੁੰਦੇ ਕਿ ਉਪਰੋਕਤ ਭਾਈਚਾਰਾ ਸਾਡੇ ਬਰਾਬਰ ਹੋਵੇ । ਡਾ. ਹਰੀ ਪ੍ਰਸਾਦ ਸ਼ਾਸ਼ਤਰੀ ਦੀ ਪੁਸਤਕ (Indra and Varuna in Indian mythology) ਰਿਸ਼ੀ ਵਾਲਮੀਕ ਨੇ ਰਾਮਾਇਣ ਦੇ ਅੰਤ ਵਿੱਚ ਖ਼ੁਦ ਲਿਖਿਆ ਹੈ ਕਿ ਮੈਂ ਪ੍ਰਚੇਤਾ ਦਾ ਦਸਵਾਂ ਪੁਤਰ ਹਾਂ । ਡਾ. ਊਸ਼ਾ ਚੌਧਰੀ ਦੀ ਪੁਸਤਕ ਅਨੁਸਾਰ ਰਿਗ ਵੇਦ ਤੇ ਪੁਰਾਣਾਂ ਵਿੱਚ ਵੀ ਰਾਜਾ ਵਰੁਣ ਦੀ ਬਹੁਤ ਚਰਚਾ ਹੈ । ਲੋਕ ਉਸ ਨੂੰ ਭਗਵਾਨ ਮੰਨ ਕੇ ਪੂਜਦੇ ਸਨ । ਇਸ ਕਿਤਾਬ ਦੇ ਸਫਾ 197 ਤੇ ਭਾਗਵਤ ਪੁਰਾਣ ਸਕੰਧ 6 ਅਧਿਆਏ 18 ਦੇ ਸ਼ਲੋਕ 4-5 ਦਾ ਹਵਾਲਾ ਇੰਝ ਦਰਜ ਹੈ :

ਚਰਸ਼ਣੀ ਵਰੂਨਸਾਯਾ ਯਾਸਾਯਾਮ ਜਾਤੋ ਭ੍ਰਿਗੁ ਪੁਨਾ ।
ਵਾਲਮੀਕੀਸ਼ਚਾ ਮਹਾਂਯੋਗੀ ਵਾਲਮੀਕ ਯਾਬਾਵਤ ਕਿਲ੍ਵਾ,
ਅਗਸਤਯਾਸਚਾ, ਵਾਸ਼ਿਸ਼ਬਾਸਚਾ ਮਿਤਰਾਵਾਰਨੂਔਰਸ਼ੀ ।


ਉਪਰੋਕਤ ਸ਼ਲੋਕ ਅਤੇ ਹੋਰ ਗ੍ਰੰਥਾਂ ਤੇ ਜੋ ਸਿੱਟੇ ਨਿਕਲਦੇ ਹਨ, ਉਨ੍ਹਾਂ ਮੁਤਾਬਿਕ ਰਾਜਾ ਵਰੁਣ ਦੇ ਵੱਖ ਵੱਖ ਇਸਤ੍ਰੀਆਂ ਤੋਂ ਰਿਸ਼ੀ ਵਾਲਮੀਕ ਸਮੇਤ ਹੇਠ ਲਿਖੇ ਵੇਰਵੇ ਅਨੁਸਾਰ 11 ਪੁੱਤਰ ਦੱਸੇ ਜਾਂਦੇ ਹਨ :

(1) ਰਾਜਾ ਵਰੁਣ ਅਤੇ ਰਾਣੀ ਚਰਸ਼ਣੀ ਦੀ ਪਵਿੱਤਰ ਕੁੱਖ ਤੋਂ ਭ੍ਰਿਗੂ ਮੁਨੀ ਤੇ ਰਿਸ਼ੀ ਵਾਲਮੀਕ ਨੇ ਜਨਮ ਲਿਆ ।
(2) ਰਾਜਾ ਮਿਤਰ-ਵਰੁਣ ਅਤੇ ਰਾਣੀ ਉਰਵਸ਼ੀ ਦੀ ਪਵਿੱਤਰ ਕੁੱਖ ਤੋਂ ਅਗਸਤ ਮੁਨੀ ਅਤੇ ਰਿਖੀ ਵਸ਼ਿਸ਼ਟ ਨੇ ਜਨਮ ਲਿਆ ।
(3) ਇਸੇ ਤਰ੍ਹਾਂ ਭਾਗਵਤ ਪੁਰਾਣ, ਸਕੰਧ 6 ਅਧਿਆਏ 4 ਦੇ ਅਨੁਸਾਰ ਰਾਜਾ ਵਰੁਣ ਤੇ ਰਾਣੀ ਮਨਲੋਚਾ ਦੀ ਕੁੱਖੋਂ ਦੱਖ ਪ੍ਰਜਾਪਤ ਨੇ ਜਨਮ ਲਿਆ ।
(4) ਮਹਾਂਭਾਰਤ, ਆਦਿ ਪਰਵ ਸਰਗ 67 ਦੇ ਅਨੁਸਾਰ ਰਾਜਾ ਵਰੁਣ ਅਤੇ ਗੋਰੀ ਦੀ ਪਵਿੱਤਰ ਕੁੱਖੋਂ ਬੱਲ ਅਤੇ ਸੁਰਾ ਨੇ ਜਨਮ ਲਿਆ ।
(5) ਬਾਲਕਾਂਡ ਸਰਗ 17 ਵਾਲਮੀਕੀ ਰਾਮਾਇਣ ਮੁਤਾਬਿਕ ਸ਼ੁਸ਼ੈਨ ਮਹਾਰਾਜਾ ਵੀ ਵਰੁਣ ਦਾ ਪੁੱਤਰ ਹੈ ।
(6) ਵਾਲਮੀਕੀ ਰਾਮਾਇਣ, ਉਤਰਾਕਾਂਡ ਸਰਗ 23 ਦੇ ਅਨੁਸਾਰ ਪੁਸ਼ਕਰ ਤੇ ਹਸਤਾਮਲ ਵੀ ਮਹਾਰਾਜਾ ਵਰੁਣ ਦੇ ਪੁੱਤਰ ਸਿੱਧ ਹੁੰਦੇ ਹਨ ।

ਢੂੰਘੀ ਖੋਜ ਕੀਤਿਆਂ ਹੋਰ ਵੀ ਬੱਚੇ ਸਾਹਮਣੇ ਆ ਸਕਦੇ ਹਨ; ਕਿਉਂਕਿ ਪੁਰਾਣਿਕ ਸਾਖੀਆਂ ਮੁਤਾਬਿਕ ਕੁਦਰਤੀ ਢੰਗ ਨਾਲ ਤਾਂ ਮਾਂ ਦੀ ਕੁਖੋਂ ਕੋਈ ਵਿਰਲਾ ਹੀ ਜਨਮਿਆ ਹੈ । ਜਿਵੇਂ ਹਿੰਦੂ ਮਹਾਂਕੋਸ਼ ਮੁਤਾਬਿਕ ਭਾਸਕਰ ਸ਼ਾਇਣ ਦਾ ਵਿਚਾਰ ਹੈ ਕਿ ਅਗਸਤ ਮੁਨੀ ਦਾ ਜਨਮ ਪਾਣੀ ਦੇ ਬਰਤਨ ਵਿੱਚੋਂ ਇੱਕ ਚਮਕਦੀ ਮੱਛੀ ਦੇ ਰੂਪ ਵਿੱਚ ਹੋਇਆ । ਇਉਂ ਵੀ ਮੰਨਿਆ ਜਾਂਦਾ ਹੈ ਕਿ ਅਪਸ਼ਰਾ ਉਰਵਸ਼ੀ ਨੂੰ ਵੇਖ ਕੇ ਰਾਜਾ ਵਰੁਣ ਦਾ ਵੀਰਜ ਪਾਤ ਹੋ ਗਿਆ । ਨਾਰਦ ਮੁਨੀ ਨੇ ਉਹ ਵੀਰਜ ਫੁਰਤੀ ਨਾਲ ਆਪਣੇ ਕਰਮੰਡਲ ਵਿੱਚ ਲੈ ਕੇ ਪਾਣੀ ਦੇ ਘੜੇ ਵਿੱਚ ਪਾ ਦਿੱਤਾ । ਉਸ ਘੜੇ ਚੋਂ ਅਗਸਤ ਮੁਨੀ ਜੀ ਪ੍ਰਗਟ ਹੋਏ ਅਤੇ ਜਿਹੜਾ ਵੀਰਜ ਜ਼ਮੀਨ ਤੇ ਰਹਿ ਗਿਆ ਰਿਹਾ, ਉਸ ਵਿੱਚੋਂ ਰਿਸ਼ੀ ਵਿਸ਼ਿਸ਼ਟ ਜੀ, ਜੋ ਅਜੁਧਿਆ ਪਤੀ ਮਹਾਰਾਜਾ ਦਸ਼ਰਥ ਦੇ ਰਾਜ ਗੁਰੂ ਬਣੇ । ਇਸੇ ਲਈ ਉਨ੍ਹਾਂ ਨੂੰ ਸ੍ਰੀ ਰਾਮਚੰਦਰ ਜੀ ਦਾ ਗੁਰੂ ਮੰਨਿਆ ਜਾਂਦਾ ਹੈ ।

ਪੰਜਾਬੀ ਸਾਹਿਤ ਵਿੱਚ ਬਚਿਤ੍ਰ ਨਾਟਕ (ਕਥਿਤ ਦਸਮ ਗ੍ਰੰਥ) ਨਾਂ ਦੀ ਇੱਕ ਵੱਡ ਆਕਾਰੀ ਪੁਸਤਕ ਮਿਲਦੀ ਹੈ । ਮਿਥਿਹਾਸਕ ਜਾਣਕਾਰੀ ਭਰਪੂਰ ਇਹ ਕਿਤਾਬ ਕਲਪਨਿਕ ਕਾਵਿ-ਕਲਾ ਤੇ ਛੰਦਾਬੰਦੀ ਦਾ ਇੱਕ ਅਤਿ ਉੱਤਮ ਨਮੂੰਨਾ ਹੈ । ਇਸ ਦਾ ਤਿੰਨ ਚੌਥਾਈ ਹਿੱਸਾ ਪੌਰਾਣਿਕ ਕਥਾ ਕਹਾਣੀਆਂ ਦਾ ਗੁਰਮੁਖੀ ਲਿਪੀ ਵਿੱਚ ਬ੍ਰਿਜ ਭਾਸ਼ਾਈ ਕਾਵਿਕ ਅਨੁਵਾਦ ਹੈ । ਇਹ ਵੱਖ ਵੱਖ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਵਿੱਚ ਵਿਸ਼ਨੂ ਤੇ ਬ੍ਰਹਮਾ ਦੇ 24 ਅਵਤਾਰਾਂ ਦੇ ਪ੍ਰਸੰਗਾਂ ਦਾ ਇੱਕ ਵੱਡਾ ਭਾਗ ਹੈ । ਸਿਰਲੇਖ ਹੈ ਚਉਬੀਸ ਅਵਤਾਰ, ਜਿਸ ਵਿੱਚ ਬਾਲਮੀਕ ਅਵਤਾਰ ਨਾਂ ਦਾ ਇੱਕ ਵਿਸ਼ੇਸ਼ ਪ੍ਰਸੰਗ ਹੈ । ਪਰ, ਉਸ ਤੋਂ ਪਹਿਲੇ ਬ੍ਰਹਮਾ ਪ੍ਰਤੀ ਆਗਿਆ ਦੇ ਸਿਰਲੇਖ ਹੇਠ ਇਉਂ ਲਿਖਿਆ ਹੈ ਕਿ ਭਗਵਾਨ ਵਿਸ਼ਨੂ ਦੇ ਆਗਿਆ ਵਾਕ ਚੇਤੇ ਕਰਕੇ ਭਗਵਾਨ ਬ੍ਰਹਮਾ ਨੇ ਬਾਲਮੀਕ ਦੇ ਰੂਪ ਵਿੱਚ ਅਵਤਾਰ ਧਾਰਿਆ । ਉਸ ਨੇ ਵਿਸ਼ਨੂੰ ਦੇ ਅਵਤਾਰ ਰਾਮਚੰਦਰ ਦੇ ਜੁੱਧਾਂ ਦਾ ਰਾਮਾਇਣ ਦੇ ਰੂਪ ਵਿੱਚ ਅਤਿ ਸੁੰਦਰ ਤੇ ਰੌਚਿਕ ਵਰਨਣ ਕੀਤਾ । ਕਾਵਿਕ ਪਦਾ ਹੈ :

ਚਿਤਾਰਿ ਬੈਣ ਵਾਕਿਸੰ, ਬਿਚਾਰਿ ਬਾਲਮੀਕ ਭਯੋ ॥
ਜੁਝਾਰ (ਯੁੱਧ) ਰਾਮਚੰਦ੍ਰ ਕੋ, ਬਿਚਾਰ ਚਾਰੁ ਉਚਰ੍ਯੋ ॥


ਚਉਬੀਸ ਅਵਤਾਰ ਭਾਗ ਵਿੱਚ ਵਿਸ਼ਨੂੰ ਦੇ ਅਵਤਾਰਾਂ ਵਿੱਚ ਇੱਕ ਮੁੱਖ ਪ੍ਰਸੰਗ ਹੈ ਰਾਮਵਤਾਰ (ਰਾਮ ਅਵਤਾਰ), ਕਿਉਂਕਿ ਇਸ ਵਿੱਚ ਸਾਰੀ ਰਾਮ ਲੀਲਾ ਦਾ ਵਰਨਣ ਹੈ । ਇਸ ਲਈ ਸਾਰੇ ਪ੍ਰਸੰਗ ਦੇ ਅੰਤ ਵਿੱਚ ਲੇਖਕ ਕਵੀ ਨੇ ਸੂਚਨਾ ਦੇ ਰੂਪ ਜੋ ਅੰਤਕਾ ਲਿਖੀ ਹੈ, ਉਸ ਵਿੱਚ ਰਾਮਵਤਾਰ ਨੂੰ ਰਾਮਾਇਣ ਨਾਂ ਵੀ ਦਿੱਤਾ ਹੈ । ਜਿਵੇਂ - ਇਤਿ ਸ੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤੁ ॥ ਇਸ ਰਾਮਾਇਣ ਦੇ ਅੰਤਲੇ ਭਾਗ ਨੂੰ ਬਿਪਰਵਾਦੀ ਸਿੱਖ ਸੰਪਰਦਾਵਾਂ ਨੇ ਨਿਜ ਮੱਤ ਅਨੁਸਾਰ ਨਿਤਨੇਮ ਦੇ ਪਾਠ ਸੋ ਦਰੁ ਰਹਰਾਸਿ ਦਾ ਭਾਗ ਵੀ ਬਣਾਇਆ ਹੋਇਆ ਹੈ । ਜਿਵੇਂ ਦੋਹਰਾ ॥ ਰਾਮ ਕਥਾ ਜੁਗ ਜੁਗ ਅਟਲ॥858॥ ਸ੍ਵੈਯਾ॥ ਪਾਂਇ ਗਹੇ ਜਬ ਤੇ ਤੁਮਰੇ ਤਬ ਤੇ॥863॥ ਅਤੇ ਦੋਹਰਾ ॥ ਸਗਲ ਦੁਆਰ ਕਉ ਛਾਡਿ ਕੈ॥864॥ ਆਦਿਕ ਰਚਨਾਵਾਂ ।

ਇਸ ਬਚਿਤ੍ਰ ਨਾਟਕੀ ਰਾਮਾਇਣ ਅਨੁਸਾਰ ਰਾਵਣ ਨੂੰ ਮਾਰਣ ਉਪਰੰਤ ਅਯੁਧਿਆ ਵਾਪਸੀ ਤੇ ਜਦੋਂ ਸ਼੍ਰੀ ਰਾਮ ਨੇ ਰਾਜ-ਭਾਗ ਸੰਭਾਲਿਆ ਤਾਂ ਅਜਿਹੀ ਖੁਸ਼ਖ਼ਬਰੀ ਮਿਲਣ ਤੇ ਅਸ਼ੀਰਵਾਦ ਦੇਣ ਲਈ ਵੱਡੇ ਵੱਡੇ ਬ੍ਰਾਹਮਣ ਰਿਸ਼ੀ ਮੁਨੀ ਆਏ । ਇਨ੍ਹਾਂ ਵਿੱਚ ਮਾਂ ਜਾਏ ਰਿਸ਼ੀ ਬਾਲਮੀਕ (ਵਾਲਮੀਕ) ਤੇ ਭ੍ਰਿਗੂ ਭਰਾਵਾਂ ਤੋਂ ਇਲਾਵਾ ਇਨ੍ਹਾਂ ਦੇ ਦੋ ਮਤ੍ਰੇਏ ਭਰਾ ਅਗਸਤ ਤੇ ਵਿਸ਼ਿਸ਼ਟ ਵੀ ਸ਼ਾਮਲ ਸਨ । ਲੇਖਕ ਕਵੀ ਹੇਠ ਲਿਖੇ ਤਿੰਨ ਪਦਿਆਂ ਵਿੱਚ ਇਨ੍ਹਾਂ ਰਿਸ਼ੀਆਂ ਦੇ ਆਗਮਨ, ਪੈਰੀਂ ਪੈਕੇ ਰਾਮ ਵਲੋਂ ਦਿੱਤੇ ਗਏ ਆਦਰ ਅਤੇ ਮਾਇਕ ਦੱਛਣਾ ਸਹਿਤ ਦਿੱਤੀ ਵਿਦਾਇਗੀ ਦਾ ਵਰਨਣ ਕੀਤਾ ਹੈ । ਪਾਠਕਾਂ ਦੇ ਨੋਟ ਕਰਨ ਵਾਲਾ ਨੁਕਤਾ ਹੈ ਕਿ ਇਨ੍ਹਾਂ ਪਦਿਆਂ ਵਿੱਚ 2 ਵਾਰ ਵਿਸ਼ੇਸ਼ਣ ਬਿੱਪ ਅਤੇ 1 ਵਾਰ ਬਿੱਪ੍ਰ ਅੱਧਕ ਸਹਿਤ ਵਰਤੇ ਗਏ ਹਨ । ਇਸ ਵਰਤੋਂ ਦੁਆਰਾ ਭਾਸ਼ਾਈ ਦ੍ਰਿਸ਼ਟੀਕੋਨ ਤੋਂ ਦੋ ਨਿਰਣੈ ਹੁੰਦੇ ਹਨ । ਇੱਕ ਤਾਂ ਸਬੰਧਿਤ ਰਚਨਾਵਾਂ ਦੇ ਰਚਨਾ ਕਾਲ ਦੀ ਸੂਹ ਮਿਲਦੀ ਹੈ, ਕਿਉਂਕਿ ਗੁਰਮੁਖੀ (ਪੰਜਾਬੀ) ਲਿੱਪੀ ਦੇ ਇਤਿਹਾਸ ਮੁਤਾਬਿਕ ਚੰਦਰਮਾ ਵਰਗਾ ਮਜੂਦਾ ਅੱਧਕ (ੱ) ਚਿੰਨ 1860 ਤੋਂ ਪਿੱਛੋਂ ਹੀ ਹੋਂਦ ਵਿੱਚ ਆਇਆ ਮੰਨਿਆ ਜਾਂਦਾ ਹੈ ।

ਦੂਜਾ, ਇਹ ਸਿੱਧ ਹੁੰਦਾ ਹੈ ਕਿ ਰਿਸ਼ੀ ਬਾਲਮੀਕ (ਵਾਲਮੀਕ) ਸਮੇਤ ਪਹੁੰਚੇ ਸਾਰੇ ਰਿਸ਼ੀ ਮੁਨੀ ਬ੍ਰਾਹਮਣ ਸਨ; ਕਿਉਂਕਿ, ਬਿੱਪ ਤੇ ਬਿੱਪ੍ਰ ਲਫ਼ਜ਼ ਸੰਸਕ੍ਰਿਤਕ ਪਦ ਵਿਪ੍ਰ ਦੇ ਪ੍ਰਾਕ੍ਰਿਤਕ ਪੰਜਾਬੀ ਰੂਪ ਹਨ ਅਤੇ ਦੋਵੇਂ ਸਮਾਨਰਥਕ ਹਨ । ਇਨ੍ਹਾਂ ਪਦਾਂ ਦੇ ਸਾਰੇ ਕੋਸ਼ਾਂ ਵਿੱਚ ਅਰਥ ਹਨ - ਰਿਖੀ ਮੁਨੀ ਤੇ ਬ੍ਰਾਹਮਣ । ਵੈਦਿਕ ਦ੍ਰਿਸ਼ਟੀਕੋਨ ਤੋਂ ਜਿਵੇਂ ਸਾਰੇ ਪੁਰਸ਼ਾਂ ਵਿੱਚੋਂ ਸਰਵੋਤਮ ਬ੍ਰਾਹਮਣ ਮੰਨਿਆ ਜਾਂਦਾ ਹੈ, ਤਿਵੇਂ ਹੀ ਰੁੱਖਾਂ ਵਿੱਚੋ ਪਿੱਪਲ । ਇਸੇ ਲਈ ਪਿੱਪਲ ਨੂੰ ਵੀ ਸੰਸਕ੍ਰਿਤ ਵਿੱਚ ਵਿਪ੍ਰ ਹੀ ਸੱਦਿਆ ਜਾਂਦਾ ਹੈ । ਇਹੀ ਕਾਰਣ ਹੈ ਕਿ ਅਕਾਦਮਿਕ ਦ੍ਰਿਸ਼ਟੀਕੋਨ ਤੋਂ ਮਨੂੰਵਾਦੀ ਬ੍ਰਾਹਮਣੀ ਮੱਤ ਨੂੰ ਬਿਪਰਵਾਦ ਨਾਂ ਮਿਲਿਆ ਹੈ । ਸਬੰਧਿਤ ਕਾਵਿਕ ਪਦਿਆਂ ਚੋਂ ਇਕ ਪਦ ਹੇਠ ਲਿਖੇ ਅਨੁਸਾਰ ਹੈ :-

ਸਭੈ ਬਿੱਪ ਆਗਸਤ ਤੇ ਆਦਿ ਲੈ ਕੈ ॥
ਭ੍ਰਿਗੰ, ਅੰਗੁਰਾ, ਬਿਆਸ ਤੇ ਲੈ ਬਿਸਿਸਟੰ ॥
ਬਿਸ੍ਵਾਮਿਤ੍ਰ ਅਉ ਬਾਲਮੀਕੰ ਸੁ ਅੱਤ੍ਰੰ ॥
ਦੁਰਬਾਸਾ ਸਭੈ ਕਸਪ ਤੇ ਆਦ ਲੈ ਕੈ ॥
696॥

ਸੋ ਵਾਲਮੀਕੀ ਰਾਮਾਇਣ, ਤੁਲਸੀ ਰਾਮਇਣ, ਬਚਿਤ੍ਰ ਨਾਟਕੀ ਰਾਮਾਇਣ, ਭਾਗਵਤ ਪੁਰਾਣ ਦੀ ਬੰਸਾਵਲੀ ਤੇ ਬ੍ਰਹਮਾ ਦੇ ਅਵਤਾਰ ਮੰਨੇ ਜਾਣ ਦਾ ਸਪਸ਼ਟ ਅਰਥ ਹੈ ਕਿ ਰਿਸ਼ੀ ਵਾਲਮੀਕ ਜੀ ਉੱਚਕੋਟੀ ਦੇ ਬ੍ਰਾਹਮਣ ਅਤੇ ਰਾਮ-ਭਗਤ ਹੋਣ ਤੋਂ ਇਲਾਵਾ ਇੱਕ ਰਾਜਕੁਮਾਰ ਵੀ ਸਨ । ਤੁਲਸੀ ਰਾਮਾਇਣ ਵਿੱਚ ਵੀ ਉਸ ਨੂੰ ਮਹਾਨ ਵਿਪਰ (ਬ੍ਰਾਹਮਣ) ਕਹਿ ਕੇ ਵਡਿਆਇਆ ਗਿਆ ਹੈ । ਉਨ੍ਹਾਂ ਨੇ ਪਹਿਲਾਂ ਤਾਂ ਕੁਝ ਸਮਾ ਤਮਸਾ ਨਦੀ ਦੇ ਕੰਢੇ ਬਿਤਾਇਆ । ਪ੍ਰੰਤੂ, ਹੜਾਂ ਦੀ ਮਾਰ ਤੋਂ ਬਚਣ ਲਈ ਫਿਰ ਉਹ ਪਿਯਸ੍ਵਿਨੀ (ਮੰਦਾਕਿਨੀ) ਨਦੀ ਦੇ ਕੰਢੇ ਚਿਤ੍ਰਕੂਟ (ਮਧਪ੍ਰਦੇਸ਼, ਜ਼ਿਲਾ ਬਾਂਦਾ) ਨਾਂ ਦੇ ਪਹਾੜ ਉੱਤੇ ਸਥਾਈ ਆਸ਼ਰਮ ਬਣਾ ਕੇ ਰਹਿੰਦੇ ਰਹੇ । ਇਸ ਆਸ਼ਰਮ ਦੇ ਨੇੜੇ ਹੀ ਕੁਟੀਆ ਬਣਾ ਕੇ ਗੁਜ਼ਾਰੇ ਸਨ ਦੇਸ਼ ਨਿਕਾਲੇ (ਬਨਵਾਸ) ਦੇ ਲਗਭਗ ਪਹਿਲੇ 8 ਸਾਲ ਸ਼੍ਰੀ ਰਾਮ, ਲਛਮਣ ਤੇ ਸੀਤਾ ਜੀ ਨੇ । ਕਾਰਣ ਇਹ ਸੀ ਸ੍ਰੀ ਰਾਮਚੰਦਰ ਜੀ ਦੇ ਗੁਰੂ ਰਿਸ਼ੀ ਵਿਸ਼ਿਸ਼ਟ ਜੀ, ਰਿਸ਼ੀ ਵਾਲਮੀਕ ਦਾ ਭਰਾ ਸੀ ਅਤੇ ਸੀਤਾ ਜੀ ਦੀ ਸਹੇਲੀ ਸੀ ਉਹਦੀ ਸੁਪਤਨੀ ਅਰੁੰਧਤੀ । {ਵੇਖੋ ਮਹਾਨਕੋਸ਼ ਦੀ ਮੱਦ ਬਿਸਿਸਟ ਜਾਂ ਵਿਸਿਸਟ ।

ਇਸ ਲਈ ਬਾਲਮੀਕੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਦੁਆਪਰ-ਜੁਗ ਦੇ ਮੂਲਵਾਸੀ ਭਗਤ ਬਾਲਮੀਕ ਨਾਲ ਜੋੜੇ ਤੇ ਮਾਣ ਕਰੇ, ਜਿਸ ਨੂੰ ਨੀਚ ਦਿਖਾਉਣ ਲਈ ਰਿਸ਼ੀ ਵਾਲਮੀਕ ਵਰਗੇ ਆਰੀਅਨ ਬ੍ਰਾਹਮਣਾਂ ਨੇ ਉਸ ਨੂੰ ਸ਼ੂਦਰ ਸ਼੍ਰੇਣੀ ਦੇ ਚੰਡਾਲਾਂ ਵਿੱਚ ਗਿਣਿਆ । ਬਟਵਾਰਾ (ਲੁਟੇਰਾ) ਤੇ ਸੁਪਚਾਰੋ (ਕੁੱਤੇ ਖਾਣਾ) ਵਰਗੇ ਘ੍ਰਿਣਤ ਵਿਸ਼ੇਸ਼ਣ ਦੇਣ ਲਈ ਕਈ ਪ੍ਰਕਾਰ ਦੀਆਂ ਮਨੋਕਲਪਤ ਕਹਾਣੀਆਂ ਵੀ ਘੜੀਆਂ । ਦੁੱਖ ਦੀ ਗੱਲ ਹੈ ਕਿ ਇਨ੍ਹਾਂ ਮਨੋਕਲਪਤ ਕਹਾਣੀਆਂ ਦਾ ਸ਼ਿਕਾਰ ਹੋ ਕੇ ਕਈ ਵਾਰ ਬਾਲਮੀਕੀ ਭਾਈਚਾਰਾ ਉਸ ਗੁਰੂ ਦਰਬਾਰ ਨਾਲ ਟਕਰਾਓ ਦੀ ਸਥਿਤੀ ਵਿੱਚ ਵੀ ਆ ਜਾਂਦਾ ਹੈ, ਜਿਥੇ ਗ਼ਰੀਬਾਂ ਤੇ ਮਜ਼ਲੂਮਾਂ ਦੇ ਹਮਦਰਦ ਗੁਰੂ ਨਾਨਕ ਦਾ ਹੇਠ ਲਿਖਿਆ ਇਲਾਹੀ ਨਗਮਾ ਗਾਇਆ ਜਾਂਦਾ ਹੈ, ਜਿਸ ਤੋਂ ਸੰਸਾਰ ਨੂੰ ਬ੍ਰਾਹਮਣ ਦੀ ਮਿਥੀਆਂ ਨੀਚ-ਜਾਤਾਂ ਦਾ ਸਾਥ ਦੇਣ ਤੇ ਉਨ੍ਹਾਂ ਦੇ ਨਾਲ ਖੜੇ ਹੋਣ ਦੀ ਪ੍ਰੇਰਨਾ ਮਿਲਦੀ ਹੈ :

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
{ਗ੍ਰੰਥ ਸਾਹਿਬ ਸਾਹਿਬ-ਪੰਨਾ 15}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top