Share on Facebook

Main News Page

ਅਸੀਂ ਹਾਂ ਪੰਜਾਬੀ ਮਾਂ ਬੋਲੀ ਦੇ 'ਸੇਵਾਦਾਰ' !
-: ਡਾ. ਗੁਰਵਿੰਦਰ ਸਿੰਘ
23.09.19

'ਆਪ ਮੀਆਂ ਫਜ਼ੀਹਤ, ਹੋਰਾਂ ਨੂੰ ਨਸੀਹਤ'
"ਇੱਕ ਦੇਸ਼ ਇੱਕ ਬੋਲੀ ਇੱਕ ਸੱਭਿਆਚਾਰ।
ਅਸੀਂ ਹਾਂ ਪੰਜਾਬੀ ਜ਼ਬਾਨ-ਰਕਾਨ ਦੇ ਸੇਵਾਦਾਰ!
"

ਇਹ ਲੇਖ ਇਨ੍ਹੀਂ ਦਿਨੀਂ ਪੰਜਾਬੀ ਬੋਲੀ ਦੀ ਨਿਰਾਦਰੀ ਦੀਆਂ, ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਘਟਨਾਵਾਂ ਅਤੇ ਮਾਂ ਬੋਲੀ ਦੇ ਅਖੌਤੀ ਸੇਵਾਦਾਰਾਂ ਦੇ ਕਿਰਦਾਰ ਨੂੰ ਅੱਗੇ ਰੱਖ ਕੇ ਲਿਖਿਆ ਹੈ।ਤਾਜ਼ੀਆਂ ਕੁਝ ਘਟਨਾਵਾਂ ਸੰਪਾਦਕੀ ਲਿਖਣ ਤੋਂ ਮਗਰੋਂ ਵਾਪਰੀਆਂ ਹੋਣ ਕਾਰਨ, ਬਾਅਦ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਪਾਠਕਾਂ ਨੂੰ ਦਿਲੋਂ ਬੇਨਤੀ ਹੈ ਕਿ ਪੜ੍ਹਨ ਲਈ ਜ਼ਰੂਰ ਸਮਾਂ ਕੱਢਣਾ ਅਤੇ ਫਿਰ ਆਪਣੇ ਵਿਚਾਰ ਦੇਣੇ।

ਪੰਜਾਬੀ ਦੇ ਪੰਦਰਵਾੜੇ (14 ਸਤੰਬਰ ਤੋਂ 29 ਸਤੰਬਰ) ਦੌਰਾਨ ਇੱਕ ਪਾਸੇ ਮਾਂ ਬੋਲੀ ਪੰਜਾਬੀ ਦੇ ਸਪੁੱਤਰ ਉਸ ਦਾ ਮਾਣ-ਸਨਮਾਨ ਵਧਾਉਣ ਲਈ ਪੂਰੇ ਉਤਸ਼ਾਹ 'ਚ ਨਜ਼ਰ ਆ ਰਹੇ ਹਨ, ਜਦ ਕਿ ਦੂਜੇ ਪਾਸੇ ਪੰਜਾਬੀ ਦੇ ਅਪਮਾਨ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ 'ਇੱਕ ਦੇਸ਼ ਇੱਕ ਬੋਲੀ' ਦੀ ਤਰਜ਼ 'ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ ਇਸ ਵੇਲੇ ਵਿਵਾਦ ਭਖਿਆ ਹੋਇਆ ਹੈ। ਆਪਣੀ ਗਲਤ ਗੱਲ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਕਹਿਣਾ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਹਿੰਦੁਸਤਾਨ-ਰਾਸ਼ਟਰ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਹੈ।

ਭਾਰਤ ਵਿੱਚ ਜਨਸੰਘੀ ਤਾਕਤਾਂ ਵੀ ਇਹੀ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ -ਗੀਤਕਾਰ ਸਭ ਇੱਕ -ਮੁੱਠ ਹਨ। ਭਾਰਤ ਵਿੱਚ ਭਾਸ਼ਾਵਾਂ ਦੀ ਵੰਨ- ਸੁਵੰਨਤਾ ਹੈ, ਸੱਭਿਆਚਾਰ ਵੱਖੋ- ਵੱਖਰੀ ਹਨ। ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਬਹੁਤ ਵੱਡੀ ਹਿੰਦੂਤਵੀ ਕੱਟੜਤਾ ਅਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ ਪ੍ਰੋੜਤਾ ਪੰਜਾਬੀ ਗਾਇਕ ਵੱਲੋਂ 'ਹੁੰਗਾਰਾ' ਦੇ ਕੇ ਕੀਤੀ ਜਾਣੀ, ਨਿਖੇਧੀਜਨਕ ਹੈ। ਕੈਨੇਡਾ 'ਚ ਸ਼ੋਅ ਕਰਨ ਆਏ ਗੁਰਦਾਸ ਮਾਨ ਇੱਥੋਂ ਦੀ ਸਥਿਤੀ ਦੇਖ ਸਕਦੇ ਹਨ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਉਨ੍ਹਾਂ ਕੈਨੇਡਾ ਦੀ ਉਦਾਹਰਨ ਛੱਡ ਕੇ ਉਹ ਉਦਾਹਰਨਾਂ ਦਿੱਤੀਆਂ, ਜਿੱਥੇ ਭਾਸ਼ਾਈ ਵੰਨ- ਸੁਵੰਨਤਾ ਨਹੀਂ ਹੈ। ਅਜਿਹੀ ਬਿਆਨਬਾਜ਼ੀ 'ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ ਹੈ। ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਸੋਸ਼ਲ ਮੀਡੀਆ ਦੇ ਵੱਖ ਵੱਖ ਰੂਪਾਂ ਚ ਕੰਮ ਕਰ ਰਹੇ ਜਾਗਰੂਕ ਪੰਜਾਬੀਆਂ ਨੂੰ ਵਿਹਲੜ ਕਹਿ ਕੇ ਨਕਾਰਨਾ ਵੀ ਨਿੰਦਣਯੋਗ ਹੈ।

ਅਸੀਂ ਕਿਹੋ- ਜਿਹੇ ਸੇਵਾਦਾਰ ਹਾਂ ਮਾਂ ਪੰਜਾਬੀ ਦੇ? ਜਿਸ ਨੇ ਸਾਨੂੰ ਧਨ- ਦੌਲਤ ਤੇ ਸ਼ੋਹਰਤ ਦਿੱਤੀ, ਅਸੀਂ ਉਸੇ ਦੀ ਹੀ ਬਦਨਾਮੀ ਕਰ ਰਹੇ ਹਾਂ। ਅਜਿਹੀ ਹਾਲਤ ਵਿੱਚ ਪੰਜਾਬੀ ਦੀ ਨੁਹਾਰ ਫਿੱਕੀ ਪਾਉਣ ਅਤੇ ਇਸ ਦਾ ਸ਼ਿੰਗਾਰ ਖੋਹਣ ਦੇ ਦੋਸ਼ੀ ਖੁਦ ਅਸੀਂ ਹੀ ਹਾਂ, ਹੋਰ ਕੋਈ ਨਹੀਂ। ਗੁਰਦਾਸ ਮਾਨ ਦੀ ਤਾਜਾ ਬਿਆਨਬਾਜ਼ੀ ਆਪਣੀ ਹੀ ਗਾਏ ਗੀਤਾਂ ਦੇ ਬਿਲਕੁਲ ਉਲਟ ਅਤੇ ਅਪਮਾਨਜਨਕ ਹੈ। ਦੂਸਰੀ ਘਟਨਾ ਭਾਸ਼ਾ ਵਿਭਾਗ ਪੰਜਾਬ ਵਲੋਂ ਇਸ ਪੰਦਰਵਾੜੇ 'ਚ ਹੀ 'ਹਿੰਦੀ ਦਿਵਸ' ਮਨਾਉਣ ਦੀ ਹੈ ਜਿਸ ਮੌਕੇ ਪੰਜਾਬੀ ਭਾਸ਼ਾ ਦੇ ਅਪਮਾਨ ਦੀ ਸ਼ਰਮਨਾਕ ਕਾਰਵਾਈ ਨੇ ਡੂੰਘੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੇਂਦਰ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਪ੍ਰਤੀ ਹਿੰਦੀ ਦੇ ਲੇਖਕ ਹੁਕਮ ਚੰਦ ਰਾਜਪਾਲ ਵਲੋਂ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਅਤੇ ਇਹ ਧਮਕੀ ਕਿ 'ਅਉਂਦੇ ਦੋ ਸਾਲਾਂ 'ਚ ਦੱਸਾਂਗੇ ਕਿ ਹਿੰਦੀ ਕੀ ਹੈ' ਨੇ ਦੁਨੀਆ ਭਰ ਦੇ ਪੰਜਾਬੀਆਂ ਅੰਦਰ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ 'ਚ ਹੀ ਹੋ ਰਹੇ ਇਸ ਸਮਾਗਮ 'ਚ ਪ੍ਰਧਾਨਗੀ ਮੰਡਲ ਅਤੇ ਸਰੋਤਿਆਂ ਦੇ ਰੂਪ 'ਚ ਕਈ ਕਹਿੰਦੇ-ਕਹਾਉਂਦੇ 'ਮਾਂ ਬੋਲੀ ਪੰਜਾਬੀ ਦੇ ਸੇਵਾਦਾਰ ਕਹਾਉਣ ਵਾਲੇ' ਅਖੌਤੀ ਵਿਦਵਾਨ ਵੀ ਮੌਜੂਦ ਸਨ, ਜਿੰਨ੍ਹਾਂ ਨੇ ਪੰਜਾਬੀ ਪ੍ਰਤੀ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਖਿਲਾਫ਼ ਮੂੰਹ ਵਿੱਚ ਘੂੰਗਣੀਆਂ ਪਾਈ ਰੱਖੀਆਂ। ਚਾਹੇ ਹੁਕਮ ਚੰਦ ਰਾਜਪਾਲ ਅਤੇ ਸਰਦਾਰ ਪੰਛੀ ਵਰਗਿਆਂ ਨੇ ਮੁਆਫੀਨੁਮਾ ਸਪਸ਼ੀਕਰਨ ਦੇ ਕੇ ਪੰਜਾਬੀਆਂ ਨੂੰ ਸ਼ਾਂਤ ਕਰਨ ਦੀ ਦਾ ਪੈਂਤੜਾ ਖੇਡਿਆ ਹੈ, ਪਰ ਪੰਜਾਬੀ ਪਿਆਰਿਆਂ ਵਲੋਂ ਇਹ ਮੁਆਫੀ ਸਵੀਕਾਰ ਨਹੀਂ ਕੀਤੀ ਗਈ। ਹਿੰਦੀ ਨੂੰ ਜਬਰੀ ਲਾਗੂ ਕਰਨ ਵਾਲੇ ਏਜੰਡੇ ਦਾ ਇਸ ਘਟਨਾ ਨੇ ਪਰਦਾ ਫਾਸ਼ ਤਾਂ ਕੀਤਾ ਹੀ ਹੈ, ਨਾਲ ਹੀ ਪੰਜਾਬੀ ਦੀ ਸੇਵਾ ਕਰਨ ਦੀ ਦੁਹਾਈ ਦੇਣ ਵਾਲੇ ਮੌਕਾਪ੍ਰਸਤ ਲੇਖਕਾਂ ਦੇ ਚਿਹਰੇ ਵੀ ਨੰਗੇ ਕਰ ਦਿੱਤੇ ਹਨ।

ਇਸ ਘਟਨਾ ਦੇ ਪ੍ਰਸੰਗ ਵਿੱਚ ਇੱਕ ਅਜਿਹਾ ਵਾਕਿਆ ਚੇਤੇ ਆ ਰਿਹਾ ਹੈ ਜਦੋਂ ਕੈਨੇਡਾ ਦੀ ਧਰਤੀ 'ਤੇ ਪੰਜਾਬੀ ਜ਼ਬਾਨ ਨੂੰ ਸਮਰਪਿਤ ਨਵੇਂ ਰੇਡੀਓ ਅਦਾਰੇ 'ਆਵਾਜ਼-ਏ-ਪੰਜਾਬ' ਦਾ ਸਰੀ ਸ਼ਹਿਰ ਵਿੱਚ ਉਦਘਾਟਨੀ ਸਮਾਗਮ ਹੋ ਰਿਹਾ ਸੀ। ਬ੍ਰਿਟਿਸ਼ ਕੋਲੰਬੀਆਂ ਦੇ ਨਾਮਵਰ ਪੱਤਰਕਾਰ, ਸਾਹਿਤਕਾਰ , ਸੰਸਦ ਮੈਂਬਰ ਤੇ ਵਿਧਾਇਕ ਕੈਨੇਡਾ 'ਚ ਪੰਜਾਬੀ ਦੀ ਚੜ੍ਹਤ ਦੀਆਂ ਵਧਾਈਆਂ ਦੇ ਰਹੇ ਸਨ। ਲੋਕ ਗਾਇਕ ਗਿੱਲ ਹਰਦੀਪ ਵੱਲੋਂ ਗਾਇਆ 'ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ' ਗੀਤ ਪੰਜਾਬ ਬੈਂਕੁਇਟ ਹਾਲ ਸਰੀ 'ਚ ਗੂੰਜ ਰਿਹਾ ਸੀ। ਸਮਾਗਮ ਦੇ ਸਿਖਰਲੇ ਪਲਾਂ 'ਚ ਮਾਹੌਲ ਉਸ ਵੇਲੇ ਬੇਹੱਦ ਸੰਜੀਦਾ ਹੋ ਗਿਆ, ਜਦੋਂ ਉਘੇ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਸਾਰਿਆਂ ਅੱਗੇ ਇਹ ਸਵਾਲ ਰਖ ਦਿੱਤਾ ਕਿ ਉਹ ਦੱਸਣ ਕਿ ਕੀ ਅਸੀਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਾਂ ਜਾਂ ਬੋਲੀ ਸਾਡੀ ਸੇਵਾ ਕਰ ਰਹੀ ਹੈ? ਕੀ ਇਹ ਸੱਚ ਨਹੀਂ ਕਿ ਪੰਜਾਬੀ ਕਲਾਕਾਰ ਪੰਜਾਬੀ ਜ਼ਬਾਨ ਦਾ ਸਹਾਰਾ ਲੈ ਕੇ ਲੱਖਾਂ ਰੁਪਏ ਨਹੀਂ ਕਮਾ ਰਹੇ? ਕੀ ਪੰਜਾਬੀ ਸੰਗੀਤਕਾਰ ਆਪਣੀਆਂ ਮੰਡਲੀਆਂ ਦੀ ਰੋਜ਼ੀ -ਰੋਟੀ ਪੰਜਾਬੀ ਬੋਲੀ ਦੇ ਸਿਰੋਂ ਨਹੀਂ ਖਾ ਰਹੇ? ਕੀ ਪੰਜਾਬੀ ਪੱਤਰਕਾਰ ਆਪਣੇ ਅਦਾਰੇ ਚਲਾਉਣ ਲਈ ਪੰਜਾਬੀ ਰਚਨਾਵਾਂ, ਸਹਿਤ ਤੇ ਖ਼ਬਰਾਂ ਆਦਿ ਦੀ ਵਰਤੋਂ ਨਹੀਂ ਕਰ ਰਹੇ? ਕੀ ਪੰਜਾਬੀ ਸਾਹਿਤਕਾਰ ਇਸ ਜ਼ਬਾਨ 'ਚ ਰਚਨਾਵਾਂ ਲਿਖਣ ਤੇ ਵੇਚਣ ਸਦਕਾ ਆਰਥਿਕ ਲਾਹਾ ਨਹੀਂ ਲੈ ਰਹੇ? ਅਜਿਹੀ ਹਾਲਤ 'ਚ ਇਹ ਕਹਿਣਾ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਕਿਥੋਂ ਕੁ ਤੱਕ ਠੀਕ ਹੈ ਜਾਂ ਗਲਤ, ਮਹੱਤਵਪੂਰਨ ਸਵਾਲ ਹੈ।

ਸੇਵਾ ਹਮੇਸ਼ਾ ਸਮਰੱਥ ਲੋਕ ਲੋੜਵੰਦਾਂ ਦੀ ਕਰਦੇ ਹਨ। ਮਿਸਾਲ ਵਜੋਂ ਦਾਨੀ ਵਿਅਕਤੀ ਕੁੱਲੀ, ਗੁੱਲੀ ਤੇ ਜੁੱਲੀ ਨਾਲ ਗਰੀਬਾਂ ਦੀ ਸੇਵਾ ਕਰਦੇ ਹਨ। ਮਾਪੇ ਚੰਗੀ ਵਿਦਿਆ ਤੇ ਪਾਲਣ - ਪੋਸ਼ਣ ਸਦਕਾ ਔਲਾਦ ਦੀ ਸੇਵਾ ਕਰਦੇ ਹਨ। ਕੁਦਰਤ ਲੱਖਾਂ ਸੋਮਿਆਂ ਦੀ ਦਾਤ ਨਾਲ ਸੰਸਾਰ ਦੀ ਸੇਵਾ ਕਰਦੀ ਹੈ। ਹੁਣ ਜੇਕਰ ਕੋਈ ਇਸ ਦੇ ਉਲਟ ਦਾਅਵਾ ਕਰੇ ਕਿ ਉਹ ਉਕਤ ਸਾਰਿਆਂ ਦੀ ਸੇਵਾ ਕਰ ਰਿਹਾ ਹੈ, ਤਾਂ ਸੁਭਾਵਿਕ ਹੀ ਗੱਲ ਹਾਸੋਹੀਣੀ ਹੋਵੇਗੀ। ਅੱਜ ਜੇਕਰ ਕੋਈ ਪੰਜਾਬੀ ਬੁਲਾਰਾ ਆਪਣੇ ਭਾਸ਼ਣ 'ਚ ਬੋਲੀ ਦੀ ਗੱਲ ਕਰਦਾ ਹੈ, ਤਾਂ ਵਾਰ- ਵਾਰ ਇਕੋ ਹੀ ਰਟ ਲਾਈ ਜਾਂਦੀ ਹੈ ਕਿ ਉਹ ਪੰਜਾਬੀ ਦੀ ਸੇਵਾ ਕਰ ਰਿਹਾ ਹੈ। ਇਹੀ ਹਾਲ ਸਾਡੇ ਸਿਆਸਤਦਾਨਾਂ ਦਾ ਹੈ, ਵੱਡੇ-ਵੱਡੇ ਇਕਠਾਂ 'ਚ ਉਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਪੰਜਾਬੀ ਬੋਲੀ ਜੇਕਰ ਜਿਉਂਦੀ ਹੈ ਤਾਂ ਸਿਰਫ਼ ਉਨ੍ਹਾਂ ਦੀ ਸੇਵਾ ਸਦਕਾ। ਦੂਜੇ ਪਾਸੇ ਇਹ ਸੇਵਾ ਕਿਹੋ- ਜਿਹੀ ਕਰਦੇ ਹਨ, ਇਸ ਦੀ ਸਹੀ ਤਸਵੀਰ ਤੱਕਣੀ ਹੋਵੇ, ਤਾਂ ਨੇਤਾਵਾਂ ਦੇ ਬੱਚਿਆਂ ਬਾਰੇ ਪੁੱਛ ਲਵੋ, ਇੱਕ-ਵਾਢਿਓ ਬਹੁਤਿਆਂ ਦੇ ਬੱਚੇ ਕਾਨਵੈਂਟ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ 'ਚ ਹੀ ਜਾਂਦੇ ਹਨ। ਰਹਿੰਦੀ ਖੂੰਹਦੀ ਕਸਰ ਉਦੋਂ ਪੂਰੀ ਹੋ ਜਾਂਦੀ ਹੈ, ਜਦੋਂ ਇਨ੍ਹਾਂ ਦੇ ਘਰਾਂ 'ਚ ਜਾਓ, ਤਾਂ ਇਉਂ ਜਾਪਦਾ ਹੈ ਜਿਵੇਂ ਪੰਜਾਬੀ ਬੋਲਣੀ ਗੁਨਾਹ ਸਮਝਿਆ ਜਾਂਦਾ ਹੋਵੇ। ਜਾਂ ਤਾਂ ਅਖੌਤੀ ਮਾਡਰਨ ਬਣ ਕੇ ਇਹ ਅੰਗਰੇਜ਼ੀ ਹੀ ਬੋਲਣਗੇ ਤੇ ਜਾਂ ਫਿਰ ਅੰਗਰੇਜ਼ੀ - ਹਿੰਦੀ ਰਲਾ ਕੇ 'ਭਾਸ਼ਾਈ ਖਿਚੜੀ' ਬਣਾਉਣਗੇ। ਪੰਜਾਬੀ ਨੂੰ ਅਨਪੜ੍ਹਾਂ ਦੀ ਬੋਲੀ ਦੱਸ ਕੇ, ਘਰ ਦੀ ਦਹਿਲੀਜ਼ ਤੋਂ ਬਾਹਰ ਰੱਖਣ ਵਾਲੇ ਲੋਕ, ਜਦ ਮਾਂ-ਬੋਲੀ ਪੰਜਾਬੀ ਦੀ ਸੇਵਾ ਦੇ ਦਮਗਜੇ ਮਾਰਨ, ਤਾਂ ਉਨ੍ਹਾਂ ਨੂੰ ਠੱਗ ਨਾ ਕਹੀਏ, ਤਾਂ ਕੀ ਕਹੀਏ?

ਗੱਲ ਪੰਜਾਬੀ ਵਿਦਿਆ ਦੀ ਚੱਲੀ ਹੈ ਤਾਂ ਇਕ ਨਜ਼ਰ ਸਾਡੇ ਸਿੱਖਿਆ ਦੇ ਅਦਾਰਿਆਂ ਵੱਲ ਹੀ ਮਾਰ ਲਈਏ। ਇਤਿਹਾਸ ਗਵਾਹ ਹੈ ਕਿ ਗੁਰਮੁਖੀ ਲਿਪੀ ਲਈ ਜੋ ਦੇਣ ਸ਼੍ਰੀ ਗੁਰੂ ਅੰਗਦ ਸਾਹਿਬ ਦੀ ਹੈ, ਉਹ ਸਥਾਨ ਹੋਰ ਕੋਈ ਨਹੀਂ ਲੈ ਸਕਦਾ। ਚਾਹੇ ਕਈ ਘਸਿਆਰੀ ਬੌਧਿਕਤਾ ਵਾਲੇ ਅਜਿਹੀ ਸੱਚੀ-ਸੁਚੀ ਭਾਵਨਾ ਨੂੰ ਮਜ਼ਹਬ ਨਾਲ ਜੋੜ ਕੇ ਛੁਟਿਆਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਸੱਚ ਕਿਸੇ ਦੇ ਝੂਠੇ ਪ੍ਰਚਾਰ ਨਾਲ, ਬਦਲ ਨਹੀ ਜਾਂਦਾ। ਇਹ ਵੀ ਅਤਿਕਥਨੀ ਨਹੀਂ ਕਿ ਗੁਰਮੁਖੀ ਲਿਪੀ ਰਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਰੂਹਾਨੀ ਖ਼ਜ਼ਾਨੇ ਦੀ ਬਖਸ਼ਿਸ਼ ਗੁਰੂ ਅਰਜਨ ਸਾਹਿਬ ਦੀ ਸਭ ਤੋਂ ਵੱਡੀ ਦੇਣ ਸੀ, ਜਿਸ ਨੂੰ ਕਈ ਅਖੌਤੀ 'ਮਾਂ ਬੋਲੀ' ਸੇਵਾਦਾਰਾਂ, ਵੱਲੋਂ ਫਿਰਕੂ ਕਹਿੰਦਿਆਂ ਅਤੇ ਇਸ ਨਾਲ ਜੋੜੀ ਸੱਚੀ-ਸੁਚੀ ਸ਼ਰਧਾ ਪ੍ਰਤੀ ਈਰਖਾ ਪ੍ਰਗਟਾਉਂਦਿਆ ਇਸ ਨੂੰ ਨਕਾਰਨ ਦਾ ਵੀ ਯਤਨ ਕੀਤਾ ਗਿਆ।

ਇੱਕ ਹੋਰ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਅੱਜ ਪੰਜਾਬ ਅਤੇ ਦੇਸ਼-ਵਿਦੇਸ਼ ਅੰਦਰ ਖੁੱਲ੍ਹ ਰਹੇ ਨਿਜੀ ਅਦਾਰਿਆਂ ਦੇ ਨਾਂ ਕੁਝ ਇਸ ਤਰ੍ਹਾਂ ਰੱਖੇ ਜਾਂਦੇ ਹਨ ਜਿਵੇਂ ਕਿ ਗੁਰੂ ਅੰਗਦ ਦੇਵ ਇੰਗਲਿਸ਼ ਮੀਡੀਅਮ ਸਕੂਲ, ਗੁਰੂ ਅਰਜਨ ਕਾਨਵੈਂਟ ਸਕੂਲ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (ਇੰਗਲਿਸ਼ ਮੀਡੀਅਮ) ਆਦਿ। ਹਨੇਰ ਸਾਂਈਂ ਦਾ, ਜਿਨ੍ਹਾਂ ਗੁਰੂਆਂ ਨੇ ਗੁਰਮੁਖੀ ਨੂੰ ਪ੍ਰਫੁੱਲਤ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਉਨ੍ਹਾਂ ਦਾ ਨਾਂ ਵਰਤ ਕੇ ਹੀ, ਗੁਰਮੁਖੀ ਦੀ ਹੇਠੀ ਕੀਤੀ ਜਾ ਰਹੀ ਹੋਵੇ, ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਵੈਸੇ ਇਹ ਸੱਚ ਵੀ ਹੈ ਕਿ ਅਸੀਂ ਗੁਰੂਆਂ ਦੇ ਨਾਂ ਦਾ ਵਪਾਰੀਕਰਨ ਦਾਲਾਂ, ਸਬਜ਼ੀਆਂ, ਪਨੀਰ, ਆਟੇ , ਦਹੀ, ਦੁੱਧ, ਇੱਟਾਂ, ਪੱਥਰਾਂ, ਕੱਪੜਿਆਂ, ਫਰਨੀਚਰਾਂ, ਖਾਦਾਂ , ਮਸ਼ੀਨਾਂ, ਫਿੱਟਨੈਸ ਸੈਂਟਰਾਂ, ਸਟੋਰਾਂ-ਦੁਕਾਨਾਂ ਆਦਿ ਲਈ ਖੁੱਲੇਆਮ ਕਰ ਰਹੇ ਹਾਂ। ਹੁਣ ਤਾਂ ਇਹ ਵੀ ਡਰ ਹੈ ਕਿ ਕਿਧਰੇ ਵਾਈਨ, ਪੱਬਾਂ- ਕਲੱਬਾਂ ਅਤੇ ਬਿਊਟੀ ਪਾਰਲਰਾਂ ਦੇ ਨਾਂ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਨਾਂ ਤੇ ਰੱਖਣੇ ਨਾ ਆਰੰਭ ਹੋ ਜਾਣ।

ਮਾਂ ਬੋਲੀ ਪੰਜਾਬੀ ਦੀ ਸੇਵਾ ਦਾ ਦਾਅਵਾ ਕਰਨ ਵਾਲਿਆਂ 'ਚੋਂ ਹੀ ਇਕ 'ਵੱਡਾ ਸੇਵਾਦਾਰ' ਗਾਇਕ, ਜੋ ਅਕਸਰ ਪੰਜਾਬੀ ਜ਼ਬਾਨ ਦਾ ਨਾਮ ਵਰਤਕੇ ਸਭ ਤੋਂ ਮਹਿੰਗੇ ਸ਼ੋਅ ਕਰਵਾਉਣ 'ਚ ਮਾਹਰ ਹੈ, ਕੈਨੇਡਾ ਆਇਆ ਤੇ ਉਹ ਭਾਰਤ ਆਉਣ ਸਮੇਂ ਸਾਨੂੰ ਆਪਣੇ ਗ੍ਰਹਿ ਵਿਖੇ ਆਉਣ ਲਈ ਸੱਦਾ ਦੇ ਗਿਆ। ਉਸ ਵੇਲੇ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਕੈਨੇਡਾ ਦੇ ਜੰਮੇ-ਪਲੇ ਬੱਚੇ ਤਾਂ ਪੰਜਾਬ ਜਾ ਕੇ 'ਵੱਡੇ ਸੇਵਾਦਾਰ' ਦੇ ਬੱਚਿਆਂ ਨਾਲ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰ ਰਹੇ ਸਨ, ਪਰੰਤੂ ਜਨਾਬ ਦਾ ਪੰਜਾਬ ਦਾ ਜੰਮਪਲ ਪੁੱਤਰ ਅੰਗਰੇਜ਼ੀ ਤੋਂ ਥੱਲੇ ਗੱਲ ਹੀ ਨਹੀਂ ਸੀ ਕਰਦਾ। ਇਹ ਤਾਂ ਮਗਰੋਂ ਪਤਾ ਲੱਗਿਆ ਕਿ ਇਸ 'ਮਹਾਨ ਗਾਇਕ' ਨੇ ਨਾ ਉਸਨੂੰ ਪੰਜਾਬੀ ਘਰ 'ਚ ਪੜ੍ਹਾਈ ਸੀ ਤੇ ਨਾ ਹੀ ਪੰਜਾਬੀ ਸਕੂਲ ਭੇਜਿਆ ਸੀ। ਕਸੂਰ ਉਸ ਬੱਚੇ ਦਾ ਨਹੀਂ, ਸਗੋਂ ਅਖੌਤੀ ਸੇਵਾਦਾਰ ਦਾ ਕਿਹਾ ਜਾ ਸਕਦਾ ਹੈ, ਜਿਹੜਾ 'ਆਪ ਮੀਆਂ ਫਜ਼ੀਹਤ , ਹੋਰਾਂ ਨੂੰ ਨਸੀਹਤ' ਵਾਂਗ, ਲੋਕਾਂ ਨੂੰ ਪੰਜਾਬੀ ਜ਼ਬਾਨ ਦਾ ਪਾਠ ਪੜ੍ਹਾਉਣ ਤੁਰਿਆ ਹੈ, ਪਰੰਤੂ ਆਪਣੇ ਬੂਹੇ ਬੰਦ ਕਰੀ ਬੈਠਾ ਹੈ। ਅਜਿਹੇ ਸੇਵਾਦਾਰਾਂ ਬਗੈਰ ਪੰਜਾਬੀ ਬੋਲੀ ਦਾ ਕੀ ਥੁੜ੍ਹਿਆ ਹੈ?

ਇਸ ਮਾਮਲੇ 'ਚ ਘੱਟ ਪੰਜਾਬੀ ਲੇਖਕ ਅਤੇ ਪੱਤਰਕਾਰ ਭਾਈਚਾਰਾ ਵੀ ਨਹੀਂ। ਵੱਡੇ ਵੱਡੇ ਅਖ਼ਬਾਰਾਂ,ਰਸਾਲਿਆਂ ਅਤੇ ਮੈਗਜ਼ੀਨਾਂ ਦੇ ਪੰਜਾਬੀ ਪੱਤਰਕਾਰਾਂ ਵੱਲੋਂ ਆਪਣੀਆਂ ਖ਼ਬਰਾਂ ਤੇ ਕਾਲਮਾਂ ਰਾਹੀਂ ਪੰਜਾਬੀ ਬੋਲੀ ਦੀ ਸੇਵਾ ਦਾ ਪਾਠ ਪੜ੍ਹਾਇਆ ਜਾਂਦਾ ਹੈ, ਪਰੰਤੂ ' ਰੋਟੀਆਂ ਕਾਰਨਿ ਪੂਰੇ ਤਾਲ' ਦੀ ਤਰ੍ਹਾਂ ਉਸ ਵੇਲੇ ਇਹ ਗੱਲਾਂ ਫੋਕੀ ਨਾਅਰੇਬਾਜ਼ੀ ਹੀ ਜਾਪਦੀਆਂ ਹਨ, ਜਦੋਂ ਅਜਿਹੇ ਸੇਵਾਦਾਰ ਆਪਣੇ ਬੱਚਿਆਂ ਨੂੰ ਪੰਜਾਬੀ ਪੱਤਰਕਾਰੀ ਦੇ ਰਾਹ ਤੋਰਨ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਦੇ ਜਰਨਲਿਸਟ ਬਣਾਉਣ ਨੂੰ ਪਹਿਲ ਦਿੰਦੇ ਹਨ। ਸਵਾਲ ਇਹ ਉਠਦਾ ਹੈ ਕਿ ਕਿੰਨੇ ਕੁ ਪੰਜਾਬੀ ਪੱਤਰਕਾਰ, ਪੰਜਾਬੀ ਅਧਿਆਪਕ ਜਾਂ ਪੰਜਾਬੀ ਕਲਾਕਾਰ ਆਪਣੀ ਅਗਲੀ ਪੀੜ੍ਹੀ ਨੂੰ ਪੰਜਾਬੀ ਜ਼ਬਾਨ ਦੇ ਰਾਹ ਤੋਰ ਰਹੇ ਹਨ, ਇਨ੍ਹਾਂ ਦੀ ਗਿਣਤੀ ਆਟੇ 'ਚ ਲੂਣ ਦੇ ਬਰਾਬਰ ਹੀ ਹੋਵੇਗੀ। ਇਹ ਵੀ ਸੱਚ ਹੈ ਕਿ ਇਸ ਦਾ ਇਕ ਵੱਡਾ ਕਾਰਨ ਉਨ੍ਹਾਂ ਨੂੰ ਪੰਜਾਬੀ ਮੀਡੀਆ ਜਾਂ ਅਧਿਆਪਨ 'ਚ ਚੰਗਾ ਭਵਿੱਖ ਨਜ਼ਰ ਨਹੀਂ ਆਉਂਦਾ, ਜਿਸ ਕਾਰਨ ਉਹ ਆਰਥਿਕਤਾ ਦੇ ਮਸਲੇ ਵਜੋਂ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਲਿਜਾ ਰਹੇ ਹਨ। ਇਹ ਸਮੱਸਿਆ ਵੀ ਬਹੁਤ ਗੰਭੀਰ ਹੈ ਅਤੇ ਇਸ ਨੂੰ ਹੱਲ ਕਰਨ ਲਈ ਇੱਕ-ਮੁੱਠ ਹੋਣ ਦੀ ਲੋੜ ਹੈ। ਅੱਜ ਪੰਜਾਬੀ 'ਸੇਵਾਦਾਰ' ਕਹਾਉਣ ਦੀ ਦੌੜ 'ਚ ਸ਼ਾਮਿਲ ਹੋਣ ਦੀ ਥਾਂ, ਅਜਿਹੇ ਗੰਭੀਰ ਮਸਲਿਆਂ ਨੂੰ ਹੱਲ ਕਰਨਾ ਬਣਦਾ ਹੈ, ਤਾਂ ਕਿ ਆਉਂਦੀਆਂ ਪੀੜੀਆਂ ਮਾਂ ਬੋਲੀ ਪੰਜਾਬੀ ਨੂੰ ਪਿੱਠ ਨਾ ਵਿਖਾ ਸਕਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top