Share on Facebook

Main News Page

ਬੁੱਤ ਪੂਜ ਹਿੰਦੂਆਂ ਨੇ ਤਾਂ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ ਰਾਮ ਦੇ ਅਰਥ ਸਮਝਣੇ ਹੀ ਨਹੀਂ,
ਪਰ ਸਾਡੇ ਸਿੱਖ ਅਖਵਾਉਣ ਵਾਲੇ ਲੋਕ, ਅਖੌਤੀ ਜਥੇਦਾਰ / ਬ੍ਰਹਮਗਿਆਨੀ, ਸੰਤ ਕਦੋਂ ਸਮਝਣਗੇ ?

-: ਕਿਰਪਾਲ ਸਿੰਘ ਬਠਿੰਡਾ 12.12.2011
98554 80797

ਕੀ ਮਾਇਆਧਾਰੀ ਅਤਿ ਅੰਨਾ ਬੋਲਾ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ॥
ਸ਼ਬਦ ਤੇ ਪੂਰੇ ਉਤਰਨ ਵਾਲੇ ਇਕੱਠ ਨੂੰ (ਅ)ਸਿੱਖਾਂ ਦਾ ਇਕੱਠ ਕਹਿਣਾ ਜਿਆਦਾ ਢੁਕਵਾਂ ਨਹੀਂ ਹੋਵੇਗਾ?

ਕੀ ਇਹ (ਅ)ਸਿੱਖਾਂ ਦਾ ਉਹ ਇਕੱਠ ਆਪਣੇ ਤੋਂ ਵੱਡੇ (ਅ)ਸਿੱਖ, ਜਿਸ ਦੇ ਹੱਥ ਵਿੱਚ ਅਹੁੱਦੇ ਤੇ ਸਹੂਲਤਾਂ ਰੂਪੀ ਮਾਇਆ ਵੰਡਣ ਦੀ ਸਮਰੱਥਾ ਹੈ, ਨੂੰ ਪੰਥ ਰਤਨ ਫ਼ਖ਼ਰ-ਏ-ਕੌਮ ਦੇਣ ਦਾ ਅਧਿਕਾਰ ਹੈ

ਅਧਿਆਤਮਿਕਤਾ ਅਤੇ ਅਕਾਲ ਪੁਰਖ ਸਬੰਧੀ ਕੁਝ ਲਿਖਣ ਅਤੇ ਬੋਲਣ ਸਮੇਂ ਵੱਡੀ ਮੁਸ਼ਕਲ ਇਹ ਆਉਂਦੀ ਹੈ ਕਿ ਅਕਾਲ ਪੁਰਖ ਤਾਂ ਨਿਰੰਕਾਰ ਹੈ, ਉਸ ਦਾ ਸਾਡੇ ਵਾਂਗ ਕੋਈ ਆਕਾਰ ਹੈ ਹੀ ਨਹੀਂ; ਉਸ ਦੀ ਭਾਸ਼ਾ ਵੀ ਸੰਸਾਰੀ ਮਨੁੱਖਾਂ/ਜੀਵਾਂ ਵਾਲੀ ਨਹੀਂ ਹੈ, ਇਸ ਲਈ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿੱਚ ਉਸ ਦੀ ਵਿਆਖਿਆ ਹੋ ਹੀ ਨਹੀਂ ਸਕਦੀ। ਉਸ ਦੀ ਬੋਲੀ ਤਾ ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ (ਜਪੁ ਮ: 1 ਗੁਰੂ ਗ੍ਰੰਥ ਸਾਹਿਬ - ਪੰਨਾ 2) ਭਾਵ ਪਿਆਰ ਹੈ। ਪਿਆਰ ਕੀਤਾ ਜਾ ਸਕਦਾ ਹੈ, ਮਹਿਸੂਸ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਸ਼ਬਦਾਂ ਵਿੱਚ ਵਰਨਣ ਕਰਨਾ ਅਸੰਭਵ ਹੈ। ਪਰ ਫਿਰ ਵੀ ਸਭ ਦੇ ਮੁੱਢ; ਪ੍ਰਿਤਪਾਲਕ; ਸਭ ਨੂੰ ਰਿਜ਼ਕ ਦੇਣ ਵਾਲੇ; ਕੁਦਰਤ ਦੇ ਹਰ ਜ਼ਰੇ ਜ਼ਰੇ ਵਿੱਚ ਵਿਆਪਕ ਅਤੇ ਹਰ ਥਾਂ ਹਾਜ਼ਰ ਨਾਜ਼ਰ ਉਸ ਅਦਿਖ ਸ਼ਕਤੀ ਦਾ ਗਿਆਨ ਦੇਣ ਲਈ; ਉਸ ਦੀ ਰਜ਼ਾ ਵਿੱਚ ਚੱਲਣ ਅਤੇ ਉਸ ਨਾਲ ਪ੍ਰੇਮ ਕਰਨ ਦੀ ਸਿਖਿਆ ਦੇਣ ਲਈ, ਕੋਈ ਸ਼ਬਦਾਵਲੀ ਤਾਂ ਚਾਹੀਦੀ ਹੀ ਹੈ।

ਸਿੱਖ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਮਨੁੱਖ ਦਾ ਪ੍ਰਮਾਤਮਾ ਨਾਲ ਇਹ ਰਿਸ਼ਤਾ ਸਮਝਾਉਣ ਲਈ ਬੋਲੀ ਤਾਂ ਆਮ ਲੋਕਾਂ ਦੀ ਚੁਣੀ ਅਤੇ ਸ਼ਬਦਵਾਲੀ ਵੀ ਉਹ ਹੀ ਚੁਣੀ ਜੋ ਪ੍ਰਚਲਤ ਧਾਰਮਕ ਗ੍ਰੰਥ ਅਤੇ ਸਾਹਿਤ ਵਿੱਚ ਪਹਿਲਾਂ ਹੀ ਵਰਤੀ ਗਈ ਸੀ। ਨਾਮ ਅਤੇ ਨਾਵਾਂ ਦੇ ਸ਼ਬਦ ਜੋੜ ਵੀ ਉਹੀ ਹੋਣ ਦੇ ਬਾਵਜੂਦ ਇਹ ਜਰੂਰੀ ਨਹੀਂ ਕਿ ਗੁਰਬਾਣੀ ਵਿੱਚ ਵਰਤੀ ਗਈ ਸ਼ਬਦਾਵਲੀ ਦੇ ਅਰਥ ਬਿਲਕੁਲ ਉਹ ਹੀ ਹੋਣ, ਜਿਹੜੇ ਆਮ ਲੋਕਾਂ ਦੀ ਬੋਲਚਾਲ ਅਤੇ ਪ੍ਰਚਲਤ ਧਰਮਾਂ ਵਿੱਚ ਕੀਤੇ ਗਏ ਹੋਣ।

ਮਿਸਾਲ ਦੇ ਤੌਰ ਤੇ ਨਾਨਕ ਨਾਮ ਦੇ ਵਿਅਕਤੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਅਤੇ ਪਿੱਛੋਂ ਕਰੋੜਾਂ ਹੋਏ ਹੋਣਗੇ। ਸੰਸਾਰ ਵਿੱਚ ਅੱਜ ਵੀ ਅਨੇਕਾਂ ਵਿਅਕਤੀ ਅਜਿਹੇ ਹੋਣਗੇ ਜਿਨ੍ਹਾਂ ਦਾ ਨਾਮ ਨਾਨਕ, ਨਾਨਕ ਦੇਵ, ਨਾਨਕ ਚੰਦ, ਨਾਨਕ ਦਾਸ ਜਾਂ ਨਾਨਕ ਸਿੰਘ ਰੱਖਿਆ ਹੋਵੇਗਾ ਪਰ ਜਦੋਂ ਅਸੀ ਗੁਰਬਾਣੀ ਵਿੱਚ ਨਾਨਕ ਸ਼ਬਦ ਪੜ੍ਹਦੇ ਹਾਂ ਤਾਂ ਸਾਡਾ ਧਿਆਨ ਕੇਵਲ ਤੇ ਕੇਵਲ ਗੁਰਬਾਣੀ ਦੇ ਰਚਨਹਾਰ ਗੁਰੂ ਨਾਨਕ ਵੱਲ ਹੀ ਕੇਂਦਰਤ ਹੁੰਦਾ ਹੈ। ਦੁਨੀਆਂ ਦੇ ਕਿਸੇ ਵੀ ਨਾਨਕ ਨਾਮ ਵਾਲੇ ਵਿਅਕਤੀ ਵੱਲ ਸਾਡਾ ਧਿਆਨ ਨਹੀਂ ਜਾਂਦਾ। ਇਸੇ ਤਰ੍ਹਾਂ ਉਸ ਨਿਰੰਕਾਰ ਅਕਾਲ ਪੁਰਖ ਦਾ ਮੁੱਢ-ਕਦੀਮਾ ਦਾ ਨਾਮ ਤਾਂ 'ਸਤਿਨਾਮੁ' ਭਾਵ ਹੋਂਦ ਵਾਲਾ ਹੀ ਹੈ ਪਰ ਧਾਰਮਕ ਖੇਤਰ ਦੇ ਜੀਵਾਂ ਨੇ ਉਸ ਦੇ ਗੁਣਾਂ ਨੂੰ ਵੇਖ ਵੇਖ ਕੇ ਉਸ ਦੇ ਕਈ ਨਾਮ ਰੱਖ ਲਏ ਹਨ ਅਤੇ ਉਹ ਨਾਮ ਹੀ ਅਸੀਂ ਆਪਣੀ ਜੀਭ ਨਾਲ ਉਚਾਰਦੇ ਅਤੇ ਕਲਮ ਨਾਲ ਲਿਖਦੇ ਹਾਂ:

ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ 
ਕਹੁ ਨਾਨਕ, ਭਗਤ ਪਏ ਸਰਣਾਈ, ਦੇਹੁ ਦਰਸੁ ਮਨਿ ਰੰਗੁ ਲਗਾ ॥20॥
(ਮਾਰੂ ਸੋਲਹੇ ਮ: 5 ਗੁਰੂ ਗ੍ਰੰਥ ਸਾਹਿਬ ਪੰਨਾ 1083)

ਭਾਵ: ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਹੀ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾ ਨੇ) ਬਣਾਏ ਹੋਏ ਹਨ। ਪਰ 'ਸਤਿਨਾਮੁ' ਤੇਰਾ ਮੁੱਢ-ਕਦੀਮਾ ਦਾ ਨਾਮ ਹੈ (ਭਾਵ, ਤੂੰ 'ਹੋਂਦ ਵਾਲਾ' ਹੈਂ, ਤੇਰੀ ਇਹ 'ਹੋਂਦ' ਜਗਤ-ਰਚਨਾ ਤੋ ਪਹਿਲਾ ਭੀ ਮੌਜੂਦ ਸੀ)। ਨਾਨਕ ਆਖਦਾ ਹੈ- (ਹੇ ਪ੍ਰਭੂ!) ਤੇਰੇ ਭਗਤ ਤੇਰੀ ਸ਼ਰਨ ਪਏ ਰਹਿੰਦੇ ਹਨ, ਤੂੰ ਉਨ੍ਹਾਂ ਨੂੰ ਦਰਸ਼ਨ ਦੇਂਦਾ ਹੈ, ਉਨ੍ਹਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥

ਧਾਰਮਕ ਸਾਹਿਤ ਵਿੱਚ ਪ੍ਰਭੂ ਦੇ ਹਜ਼ਾਰਾਂ ਹੀ ਕਿਰਤਮ ਨਾਮ ਰੱਖੇ ਹੋਏ ਹਨ, ਜਿਵੇਂ ਅੱਲਾ, ਖ਼ੁਦਾ, ਰਾਮ, ਰਹੀਮ, ਕਰੀਮ, ਨਰਾਇਣ, ਨਰਪਤਿ, ਨਰਸਿੰਘ, ਬਨਵਾਰੀ, ਮੁਰਾਰੀ, ਗਾਡ, ਨਾਥ, ਪਰਸ ਰਾਮ, ਵਿਸ਼ਨੂੰ ਆਦਿਕ। ਇਸ ਲੇਖ ਵਿੱਚ ਅਸੀ ਕੇਵਲ ਰਾਮ ਸ਼ਬਦ ਦੀ ਵੀਚਾਰ ਹੀ ਕਰਦੇ ਹਾਂ। ਗੁਰਬਾਣੀ ਵਿਚ ਰਾਮ=1797, ਰਾਮੁ=253, ਰਾਮਾ=29, ਰਾਮਿ=7, ਰਾਮੈ=19, ਰਮਈਆ=26, ਰਾਮਈਆ=12 ਅਤੇ ਰਮਈਐ=2 ਵਾਰ ਆਇਆ ਹੈ। ਸ਼ਬਦ ਜੋੜ ਅਤੇ ਲਗਾਂ ਮਾਤਰਾ ਗੁਰਬਾਣੀ ਦੇ ਨਿਯਮਾਂ ਅਤੇ ਕਾਵਿ ਛੰਦ ਦੀ ਚਾਲ ਮੁਤਾਬਕ ਲੱਗੇ ਹਨ ਪਰ ਇਸ ਦਾ ਅੱਖਰੀ ਅਰਥ ਹਰ ਵਾਰ ਰਾਮ ਹੀ ਨਿਕਲਦਾ ਹੈ। ਪਰ ਅਰਥ ਸ਼ਬਦ ਦੇ ਪ੍ਰਸੰਗ ਅਨੁਸਾਰ ਵੱਖ ਵੱਖ ਨਿਕਲਦੇ ਹਨ। ਇਸੇ ਤਰ੍ਹਾਂ ਰਘੁਬੰਸ=1, ਰਘੁਵੰਸ=1, ਰਘੁਨਾਥ=3, ਰਘੁਰਾਇਆ=3, ਰਘੁਰਾਈ=2 ਅਤੇ ਰਘੁਰਾਇਓ=1 ਵਾਰ ਆਇਆ ਹੈ। ਰਘੁ ਸ਼ਬਦ ਰਵਿ ਤੋਂ ਵਿਗੜ ਕੇ ਬਣਿਆ ਹੈ। ਰਵਿ ਦਾ ਅਰਥ ਹੈ ਸੂਰਜ। ਰਘੁਵੰਸ ਜਾਂ ਰਘੁਬੰਸ ਦਾ ਅਰਥ ਹੈ ਸੂਰਜ ਦਾ ਵੰਸ ਜਿਸ ਨੂੰ ਹਿੰਦੂ ਧਾਰਮਿਕ ਸ਼ਬਦਾਵਲੀ ਵਿੱਚ ਸੂਰਜਵੰਸੀ ਕਹਿੰਦੇ ਹਨ। ਤੇ ਸੂਰਜ ਵੰਸ ਵਿਚੋਂ ਹੋਣ ਕਰਕੇ, ਇਹ ਵਿਸ਼ੇਸ਼ ਤੌਰ ਤੇ ਵਿਸ਼ਨੂੰ ਦੇ ਅਵਤਾਰ ਰਾਮ ਲਈ ਹੀ ਵਰਤਿਆ ਜਾਂਦਾ ਹੈ।

ਪਰ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਵੰਸ ਸ਼ਬਦ ਕਦੀ ਵੀ ਇੱਕ ਵਿਅਕਤੀ ਲਈ ਰਾਖਵਾਂ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਵੰਸ਼ ਵਿੱਚ ਹੋਰ ਵੀ ਅਨੇਕਾਂ ਵਿਅਕਤੀ ਹੁੰਦੇ ਹਨ। ਇੱਕੋ ਜਾਤੀ ਦੇ ਮਨੁਖਾਂ ਦੇ ਸਮੂਹ ਲਈ ਹੀ ਸ਼ਬਦ ਵੰਸ ਵਰਤਿਆ ਜਾ ਸਕਦਾ ਹੈ। ਜੇ ਇਹ ਠੀਕ ਹੈ ਤਾਂ ਇਨ੍ਹਾਂ ਵੱਲੋਂ ਸਾਜਸ਼ੀ ਢੰਗ ਨਾਲ ਲਿਖੀ ਪੁਸਤਕ ਬਚਿੱਤਰ ਨਾਟਕ ਅਨੁਸਾਰ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਹੀ ਸੂਰਜਵੰਸੀ ਹਨ। ਉਸ ਮਤਾਬਿਕ ਤਾਂ ਸਾਰੇ ਸਿੱਖ ਵੀ ਸੂਰਜਵੰਸੀ ਹਨ। ਭਾਵੇਂ ਕਿ ਗੁਰਮਤਿ ਜਾਤ, ਕੁਲ, ਵੰਸ਼ ਵਿੱਚ ਯਕੀਨ ਨਹੀਂ ਰੱਖਦੀ। ਇਸੇ ਤਰ੍ਹਾਂ ਰਾਇਆ, ਰਾਈ ਅਤੇ ਰਾਇਓ ਦਾ ਅਰਥ ਹੈ ਰਾਜਾ। ਇਸ ਲਈ ਰਘੁਰਾਇਆ, ਰਘੁਰਾਈ, ਰਘੁਰਾਇਓ ਸ਼ਬਦ ਵੀ ਆਮ ਤੌਰ ਤੇ ਦਸਰਥ ਦੇ ਪੁੱਤਰ ਅਯੁਧਿਆ ਦੇ ਰਾਜੇ ਰਾਮ ਲਈ ਹੀ ਵਰਤੇ ਜਾਂਦੇ ਹਨ। ਰਘੁਨਾਥ ਦਾ ਅਰਥ ਹੈ ਰਘੁ= ਰਵਿ= ਸੂਰਜ ਦਾ ਮਾਲਕ। ਹਿੰਦੂ ਵੀਰ ਬੇਸ਼ੱਕ ਇਹ ਸ਼ਬਦ ਰਾਮ ਲਈ ਵਰਤਦੇ ਹੋਣ ਪਰ ਗੁਰਮਤਿ ਅਨੁਸਾਰ ਕੋਈ ਵੀ ਜਨਮ ਮਰਨ ਵਿੱਚ ਆਉਣ ਵਾਲਾ ਵਿਅਕਤੀ ਸੂਰਜ ਦਾ ਮਾਲਕ ਨਹੀਂ ਹੋ ਸਕਦਾ। ਸਭ ਦਾ ਮਾਲਕ ਕੇਵਲ ਤੇ ਕੇਵਲ ਪ੍ਰਭੂ ਹੀ ਹੋ ਸਕਦਾ ਹੈ ਤੇ ਇਸੇ ਹੀ ਅਰਥ ਵਿੱਚ ਰਘੁਨਾਥ ਸ਼ਬਦ ਗੁਰਬਾਣੀ ਵਿੱਚ ਵਰਤਿਆ ਗਿਆ ਹੈ:

ਕਹਿ ਰਵਿਦਾਸ ਕਹਾ ਕੈਸੇ ਕੀਜੈ ॥ ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥6॥1॥ (ਜੈਤਸਰੀ ਭਗਤ ਰਵਿਦਾਸ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 710)

ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ॥3॥10॥18॥ (ਭੈਰਉ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਪੰਨਾ 1162)

ਮੁਸ਼ਕਲ ਇਹ ਬਣਦੀ ਹੈ ਕਿ ਜਦੋਂ ਵੀ ਗੁਰਬਾਣੀ ਵਿੱਚ ਰਾਮ ਜਾਂ ਰਘੁਰਾਇਆ, ਰਘੁਰਾਈ, ਰਘੁਰਾਇਓ, ਰਘੁਨਾਥ ਸ਼ਬਦ ਆ ਜਾਂਦੇ ਹਨ ਤਾਂ ਗੁਰਮਤਿ ਤੋਂ ਅਣਜਾਣ ਲੋਕ ਇਸ ਦਾ ਅਰਥ ਰਮਾਇਣ ਵਾਲੇ ਰਾਮ ਹੀ ਕੱਢ ਲੈਂਦੇ ਹਨ। ਪਰ ਇਹ ਅਰਥ ਗੁਰਮਤਿ ਵਿੱਚ ਪ੍ਰਵਾਨ ਨਹੀਂ ਮੰਨੇ ਜਾ ਸਕਦੇ। ਕਬੀਰ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ ਹੈ:

ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥190॥ (ਸਲੋਕ ਭਗਤ ਕਬੀਰ ਜੀਉ ਕੇ, ਗੁਰੂ ਗ੍ਰੰਥ ਸਾਹਿਬ - ਪੰਨਾ 1374)

ਗੁਰਬਾਣੀ ਦਾ ਰਾਮ ਉਹ ਹੈ ਜੋ ਘਟ ਘਟ ਵਿੱਚ ਰਮਿਆ ਹੈ। ਇਸੇ ਰਾਮ ਬਾਰੇ ਗੁਰਬਾਣੀ ਵਿੱਚ ਵਰਨਣ ਹੈ:

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥37॥ (ਜਪੁ ਮ: 1 ਗੁਰੂ ਗ੍ਰੰਥ ਸਾਹਿਬ - ਪੰਨਾ 8)

ਜਿਸ ਦਾ ਅਰਥ ਹੈ: ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ , ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ), ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿਚ (ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ, ਉਹਨਾਂ ਦੇ ਰੋਮ ਰੋਮ ਵਿਚ ਰਾਮੁ ਰਹਿਆ ਭਰਪੂਰ ਭਾਵ ਅਕਾਲ ਪੁਰਖ ਵੱਸ ਰਿਹਾ ਹੈ।

ਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ ਸੀਤੋ ਸੀਤਾ ਮਹਿਮਾ ਮਾਹਿ, (ਉਨ੍ਹਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਦੇ ਹਨ ਕਿ) ਉਨ੍ਹਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਨ੍ਹਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ)। (ਇਸ ਅਵਸਥਾ ਵਿਚ) ਜਿਨ੍ਹਾ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਨ੍ਹਾਂ ਨੂੰ ਠੱਗ ਨਹੀਂ ਸਕਦੀ।

ਗੁਰਬਾਣੀ ਵਿੱਚ ਆਏ ਸ਼ਬਦ ਇਸ ਰਾਮ ਨੂੰ ਜਪਣ ਦਾ ਹੀ ਵਾਰ ਵਾਰ ਆਦੇਸ਼ ਹੈ

ਰਾਮ ਰਾਮ ਸੰਗਿ ਕਰਿ ਬਿਉਹਾਰ ॥ ਰਾਮ ਰਾਮ ਰਾਮ ਪ੍ਰਾਨ ਅਧਾਰ ॥ ਰਾਮ ਰਾਮ ਰਾਮ ਕੀਰਤਨੁ ਗਾਇ ॥ ਰਮਤ ਰਾਮੁ, ਸਭ ਰਹਿਓ ਸਮਾਇ ॥1॥ (ਗੋਂਡ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 865)

ਸਭਿ ਬੋਲਹੁ ਰਾਮ ਰਮੋ; ਸ੍ਰੀ ਰਾਮ ਰਮੋ; ਜਿਤੁ ਦਾਲਦੁ ਦੁਖ ਭੁਖ, ਸਭ ਲਹਿ ਜਾਵਣੀ ॥3॥ (ਕਾਨੜੇ ਕੀ ਵਾਰ ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 1314)

ਸਾਧੋ, ਇਹੁ ਤਨੁ ਮਿਥਿਆ ਜਾਨਉ ॥ ਯਾ ਭੀਤਰਿ ਜੋ ਰਾਮੁ ਬਸਤੁ ਹੈ, ਸਾਚੋ ਤਾਹਿ ਪਛਾਨੋ ॥1॥ ਰਹਾਉ ॥ (ਬਸੰਤੁ ਮ: 9 ਗੁਰੂ ਗ੍ਰੰਥ ਸਾਹਿਬ ਪੰਨਾ 1186)

ਜਗਿਆਸੂ ਨੂੰ ਕਦੀ ਰਮਾਇਣ ਵਾਲੇ ਰਾਮ ਦਾ ਭੁਲੇਖਾ ਨਾ ਪੈ ਜਾਵੇ, ਸਾਡਾ ਇਹ ਭੁਲੇਖਾ ਦੂਰ ਕਰਨ ਲਈ ਗੁਰੂ ਸਾਹਿਬ ਨੇ ਦਸਰਥ ਦੇ ਪੁੱਤਰ ਉਸ ਰਾਮ ਨੂੰ ਤਾਂ ਆਮ ਵਿਅਕਤੀਆਂ ਵਾਂਗ ਦੁਨਿਆਵੀ ਦੁਖ ਨਾ ਸਹਿ ਸਕਣ ਵਾਲਾ ਤੇ ਇਨ੍ਹਾਂ ਦੁਖਾਂ ਵਿੱਚ ਘਿਰਿਆ ਹੋਇਆ ਰੋਂਦਾ ਵਿਖਾਇਆ ਗਿਆ ਹੈ। ਜਿਵੇਂ ਕਿ:

ਰੋਵੈ ਰਾਮੁ, ਨਿਕਾਲਾ ਭਇਆ ॥ ਸੀਤਾ, ਲਖਮਣੁ, ਵਿਛੁੜਿ ਗਇਆ ॥ (ਰਾਮਕਲੀ ਕੀ ਵਾਰ ਮ: 1 ਗੁਰੂ ਗ੍ਰੰਥ ਸਾਹਿਬ ਪੰਨਾ 954)

ਭਾਵ, ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ, ਸੀਤਾ ਲਛਮਣ ਵਿਛੁੜੇ ਤਾਂ ਰਾਮ ਜੀ ਭੀ ਰੋਏ।

ਪਾਂਡੇ, ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ ॥3॥ (ਗੋਂਡ ਨਾਮਦੇਵ ਗੁਰੂ ਗ੍ਰੰਥ ਸਾਹਿਬ - ਪੰਨਾ 875)

ਅਰਥ: ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਨ੍ਹਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਨ੍ਹਾਂ ਦੀ ਲੜਾਈ ਹੋ ਪਈ, ਕਿਉਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ॥3

ਰਾਮ ਸ਼ਬਦ ਸਬੰਧੀ ਗੁਰਬਾਣੀ ਵਿੱਚ ਇੰਨਾਂ ਸਪਸ਼ਟ ਕੀਤੇ ਜਾਣ ਦੇ ਬਾਵਯੂਦ ਬੁੱਤ ਪੂਜਕ ਹਿੰਦੂਆਂ, ਜਿਨ੍ਹਾਂ ਦੀ ਸਾਜਿਸ਼ ਹੀ ਸਿੱਖਾਂ ਨੂੰ ਸ਼ਬਦ ਗੁਰੂ ਅਤੇ ਅਕਾਲਪੁਰਖ਼ ਨਾਲੋਂ ਤੋੜ ਕੇ ਅਵਤਾਰਵਾਦ ਦੇ ਪੁਜਾਰੀ ਬਣਾਉਣਾ ਹੈ, ਉਨ੍ਹਾਂ ਨੇ ਤਾਂ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ ਰਾਮ ਦੇ ਕਦੀ ਅਰਥ ਸਮਝਣੇ ਹੀ ਨਹੀਂ ਪਰ ਸਾਡੇ ਅਖੌਤੀ ਜਥੇਦਾਰ / ਬ੍ਰਹਮਗਿਆਨੀ ਸੰਤ ਕਦੋਂ ਸਮਝਣਗੇ? ਦੁਖ ਦੀ ਇਹ ਗੱਲ ਇਹ ਹੈ ਕਿ 25 ਨਵੰਬਰ 2011 ਨੂੰ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ-ਏ-ਵਿਰਾਸਤ ਦੇ ਉਦਘਾਟਨ ਸਮੇਂ ਧਰਮ ਦੇ ਨਾ ਤੇ ਸਿਆਸਤ ਕਰ ਰਹੇ ਸਿਆਸੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਬੁਲਾਇਆ ਹੀ ਸਾਜਿਸ਼ ਦੇ ਮੁਖ ਸੂਤਰਧਾਰ ਆਰਐੱਸਐੱਸ/ਭਾਜਪਾ ਤੇ ਹਿੰਦੂ ਸੰਤਾਂ ਅਤੇ ਉਨ੍ਹਾਂ ਦੇ ਏਜੰਟ ਬਣੇ ਸਿੱਖ ਸੰਤ ਸਮਾਜ ਦੇ ਆਗੂਆਂ ਨੂੰ ਸੀ। ਅਜਿਹੀ ਹਾਲਤ ਵਿੱਚ ਇਨ੍ਹਾਂ ਵਲੋਂ ਕਿੱਥੇ ਆਸ ਰੱਖੀ ਜਾ ਸਕਦੀ ਹੈ ਕਿ ਸਿੱਖ ਸਿਧਾਂਤ ਨੂੰ ਨਿਖੇਰ ਕੇ ਪੇਸ਼ ਕੀਤਾ ਜਾਵੇ। ਇਨ੍ਹਾਂ ਨੇ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਸੀ ਕਿ ਸਿੱਖ ਸਿਧਾਂਤ ਨੂੰ ਗੰਧਲਾ ਕਰਕੇ ਸਿੱਖਾਂ ਵਿੱਚ ਦੁਬਿਧਾ ਪੈਦਾ ਕੀਤੀ ਜਾਵੇ। ਵੈਸੇ ਤਾ ਘੱਟ ਕਿਸੇ ਨੇ ਵੀ ਨਹੀਂ ਗੁਜਾਰੀ, ਪਰ ਇੱਥੇ ਮੁੱਖ ਤੌਰ ਤੇ (ਅਖੌਤੀ) ਬਾਪੂ ਆਸਾ ਰਾਮ ਦੇ ਕਹੇ ਹੋਏ ਸ਼ਬਦਾਂ ਤੇ ਹੀ ਵੀਚਾਰ ਕਰਦੇ ਹਾਂ। ਉਨ੍ਹਾ ਸਿੱਖਾਂ ਦੀ ਖਿੱਲੀ ਉਡਾਉਣ ਦੇ ਅੰਦਾਜ਼ ਵਿੱਚ ਕਿਹਾ, ਲੋਕ ਕਹਿੰਦੇ ਹਨ: ਰਾਮੁ ਗਇਓ, ਰਾਵਨੁ ਗਇਓ, ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀਂ, ਸੁਪਨੇ ਜਿਉ ਸੰਸਾਰੁ ॥50॥ (ਸਲੋਕ ਵਾਰਾਂ ਤੇ ਵਧੀਕ ਮ: 9, ਗੁਰੂ ਗ੍ਰੰਥ ਸਾਹਿਬ ਪੰਨਾ 1429) ਲਿਖ ਕੇ ਨਾਨਕ ਨੇ ਰਾਮ ਨੂੰ ਛੋਟਾ ਦਰਸਾਇਆ ਹੈ। ਪਰ ਮੈਂ ਕਹਿੰਦਾ ਹਾਂ ਇਸ ਤੋਂ ਅੱਗੇ ਤਾਂ ਪੜ੍ਹ ਕੇ ਵੇਖ ਲਓ ਉਹੀ ਗੁਰੂ ਲਿਖ ਰਹੇ ਹਨ: ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥55॥ (ਸਲੋਕ ਵਾਰਾਂ ਤੇ ਵਧੀਕ ਮ: 9, ਗੁਰੂ ਗ੍ਰੰਥ ਸਾਹਿਬ - ਪੰਨਾ 1429) ਭਾਵ ਜਦੋਂ ਸਾਰੇ ਹੀ ਸੰਗੀ ਸਾਥੀ ਸਾਥ ਛੱਡ ਗਏ ਉਸ ਸਮੇਂ ਕੇਵਲ ਇੱਕ ਰਘੁਨਾਥ ਭਾਵ ਹਿੰਦੂ ਦੇਵਤਾ ਰਾਮ ਦਾ ਹੀ ਆਸਰਾ ਹੈ।

ਉਕਤ ਸਲੋਕ ਨੰਬਰ 55 ਵਿੱਚ ਗੁਰੂ ਸਾਹਿਬ ਜੀ ਦਾ ਰਘੁਨਾਥ ਰਮਾਇਣ ਵਾਲਾ ਦਸਰਥ ਦਾ ਪੁੱਤਰ ਅਤੇ ਅਯੁਧਿਆ ਦਾ ਰਾਜਾ ਨਹੀਂ, ਬਲਕਿ ਉਸ ਅਕਾਲ ਪੁਰਖ਼ ਵੱਲ ਹੀ ਇਸ਼ਾਰਾ ਹੈ ਜਿਸ ਦਾ ਵਰਨਣ ਭਗਤ ਰਵਿਦਾਸ ਜੀ ਅਤੇ ਕਬੀਰ ਜੀ ਨੇ ਇੰਝ ਵਰਨਣ ਕੀਤਾ ਹੈ:

ਕਹਿ ਰਵਿਦਾਸ ਕਹਾ ਕੈਸੇ ਕੀਜੈ ॥ ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥6॥1॥ (ਜੈਤਸਰੀ ਭਗਤ ਰਵਿਦਾਸ ਜੀ, ਗੁਰੂ ਗ੍ਰੰਥ ਸਾਹਿਬ - ਪੰਨਾ 710)
ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥3॥10॥18॥ (ਭੈਰਉ ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਪੰਨਾ 1162)

ਕਬੀਰ ਸਾਹਿਬ ਦਾ ਰਘੁਨਾਥ ਕਦੀ ਵੀ ਜਨਮ ਮਰਨ ਵਿੱਚ ਨਹੀਂ ਆਉਂਦਾ ਅਤੇ ਨਾ ਹੀ ਦਸਰਥ ਅਤੇ ਕੌਸ਼ਲਿਆ ਦਾ ਪੁੱਤਰ ਰਾਮ ਹੋ ਸਕਦਾ ਹੈ ਕਿਉਂਕਿ ਉਹ ਤਾਂ ਸਪਸ਼ਟ ਰੂਪ ਵਿੱਚ ਬਿਆਨ ਕਰ ਰਹੇ ਹਨ ਸੰਕਟਿ ਨਹੀਂ ਪਰੈ, ਜੋਨਿ ਨਹੀਂ ਆਵੈ, ਨਾਮੁ ਨਿਰੰਜਨ ਜਾ ਕੋ ਰੇ ॥ ਕਬੀਰ ਕੋ ਸੁਆਮੀ ਐਸੋ ਠਾਕੁਰੁ, ਜਾ ਕੈ ਮਾਈ ਨ ਬਾਪੋ ਰੇ ॥2॥19॥70॥ (ਗਉੜੀ, ਭਗਤ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਪੰਨਾ 339) 
ਗੁਰੂ ਅਰਜਨ ਸਾਹਿਬ ਜੀ ਨੇ ਵੀ ਕਬੀਰ ਸਾਹਿਬ ਦੇ ਇਸ ਫ਼ੁਰਮਾਨ ਤੇ ਮੋਹਰ ਲਾਈ ਹੈ:

ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥1॥ ਰਹਾਉ ॥
ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥2॥
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥  
ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥
 (ਭੈਰਉ, ਮ: 5 ਗੁਰੂ ਗ੍ਰੰਥ ਸਾਹਿਬ ਪੰਨਾ 1136)

ਕਬੀਰ ਸਾਹਿਬ ਅਤੇ ਗੁਰੂ ਅਮਰ ਦਾਸ ਜੀ ਦੇ ਇਹ ਗੁਰਫ਼ੁਰਮਾਨ ਤਾਂ ਹੋਰ ਵੀ ਸਪਸ਼ਟ ਕਰ ਦਿੰਦੇ ਹਨ:

ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥1॥ (ਗਉੜੀ ਕਬੀਰ ਗੁਰੂ ਗ੍ਰੰਥ ਸਾਹਿਬ - ਪੰਨਾ 337)

ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥3॥ (ਭੈਰਉ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 1133)।

ਹਿੰਦੂ ਧਰਮ ਦੇ ਗ੍ਰੰਥਾਂ ਮੁਤਾਬਕ ਪ੍ਰਹਲਾਦ ਸਤਿਜੁਗ ਵਿੱਚ ਹੋਇਆ ਤੇ ਰਾਮ ਚੰਦਰ ਜੀ ਤ੍ਰੇਤੇ ਯੁਗ ਦਾ ਅਵਤਾਰ ਹੋਇਆ ਹੈ। ਇਸ ਲਈ ਜਿਸ ਰਾਮ, ਰਘੁਰਾਇਆ ਅਤੇ ਰਘੁਨਾਥ ਦੀ ਗੱਲ ਗੁਰਬਣੀ ਵਿੱਚ ਲਿਖੀ ਹੈ ਉਹ ਦਸਰਥ ਦਾ ਪੁਤਰ ਰਾਮ ਨਹੀਂ ਹੋ ਸਕਦਾ।

ਹਿੰਦੂ ਧਰਮ ਦੇ ਅਨੁਯਾਈਆਂ ਵਲੋਂ ਹਰ ਸਾਲ ਕੀਤੀ ਜਾ ਰਹੀ ਰਾਮ ਲੀਲਾ ਅਨੁਸਾਰ ਵੀ ਰਮਾਇਣ ਵਾਲੇ ਇਸ ਰਾਮ ਨੂੰ ਤਾਂ ਇਹ ਵੀ ਪਤਾ ਨਾ ਲੱਗਾ ਕਿ ਸੀਤਾ ਕਿਥੇ ਚਲੀ ਗਈ। ਉਹ ਤਾਂ ਸੀਤਾ ਦੀ ਭਾਲ ਵਿੱਚ ਰੋਂਦਾ ਕੁਰਲਾਂਦਾ ਜੰਗਲ ਦੇ ਦਰਖਤਾਂ ਤੋਂ ਪੁਛਦਾ ਵਿਖਾਇਆ ਗਿਆ ਕਿ ਸੀਤਾ ਕਿੱਥੇ ਹੈ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਲੰਕਾ ਕਿਥੇ ਹੈ। ਲੰਕਾ ਅਤੇ ਰਾਵਣ ਦੀ ਫੌਜੀ ਤਾਕਤ ਦਾ ਭੇਦ ਜਾਨਣ ਲਈ ਉਸ ਨੂੰ ਵਿਭੀਸ਼ਣ ਦੀ ਮਦਦ ਲੈਣ ਲਈ ਉਸ ਨਾਲ ਵਾਅਦਾ ਕਰਨਾ ਪਿਆ ਕਿ ਜਿੱਤ ਉਪਰੰਤ ਉਸ ਨੂੰ ਲੰਕਾ ਦਾ ਰਾਜਾ ਬਣਾ ਦਿੱਤਾ ਜਾਵੇਗਾ। ਵਿਭੀਸ਼ਣ ਦੀ ਸਹਾਇਤਾ ਨਾਲ ਰਾਮ ਨੇ ਬਾਲੀ ਨੂੰ ਧੋਖੇ ਨਾਲ ਮਾਰਿਆ ਸੀ। ਇਸ ਲਈ ਰਮਾਇਣ ਵਾਲਾ ਅਜਿਹਾ ਧੋਖੇਬਾਜ਼ ਅਤੇ ਵੈਰ ਵਿਰੋਧ ਰੱਖਣ ਵਾਲਾ ਰਾਮ ਕਦੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰਾਂ ਦਾ ਰਾਮ ਕਦੀ ਨਹੀਂ ਹੋ ਸਕਦਾ।

ਹੈਰਾਨੀ ਇਹ ਹੈ ਕਿ ਜਿਨ੍ਹਾਂ ਸਬੰਧੀ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ:

ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥
 
(ਗੁਰੂ ਗ੍ਰੰਥ ਸਾਹਿਬ - ਪੰਨਾ 875)

ਉਨ੍ਹਾਂ ਅਨ੍ਹਿਆਂ ਵਿੱਚੋਂ ਇੱਕ ਆਸਾ ਰਾਮ ਅਖੌਤੀ ਗਿਆਨੀਆਂ ਦੇ ਭਰੇ ਇਕੱਠ ਵਿੱਚ ੳਪ੍ਰੋਕਤ ਸ਼ਬਦ ਕਹਿ ਗਿਆ ਪਰ ਕਿਸੇ ਗਿਅਨੀ ਦੀ ਹਿੰਮਤ ਨਹੀਂ ਪਈ ਕਿ ਸ਼ਬਦ ਗੁਰੂ ਦੀ ਅਗਵਾਈ ਲੈ ਕੇ ਗੁਰਬਾਣੀ ਵਿੱਚ ਵਰਤੇ ਗਏ ਰਾਮ, ਰਘੁਰਾਇਆ, ਅਤੇ ਰਘੁਨਾਥ ਆਦਿ ਸ਼ਬਦਾਂ ਦੇ ਉਸ ਨੂੰ ਅਰਥ ਸਮਝਾ ਸਕੇ। ਸਮਝਾਵੇ ਵੀ ਕੌਣ? ਕਿਉਂਕਿ ਉਥੇ ਕੋਈ ਵਿਦਵਾਨ ਜਾਂ ਅਕਾਲੀ-ਭਾਜਪਾ ਤੋਂ ਬਾਹਰਲਾ ਬੰਦਾ ਤਾਂ ਆਇਆ ਹੀ ਨਹੀਂ ਸੀ, ਤੇ ਨਾ ਹੀ ਕਿਸੇ ਨੂੰ ਸੱਦਾ ਦੇਣ ਦੀ ਉਨ੍ਹਾਂ ਨੇ ਲੋੜ ਹੀ ਸਮਝੀ ਸੀ। ਸਟੇਜ ਤੇ ਉਨ੍ਹਾਂ ਆਗੂਆਂ ਦੀ ਹੀ ਭਰਮਾਰ ਸੀ ਜਿਨ੍ਹਾਂ ਨੇ ਬਾਦਲ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ ਆਪਣੇ ਨੰਬਰ ਵਧਾਉਣੇ ਸਨ ਜਾਂ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਗੰਧਲਾ ਕਰਨ ਵਿੱਚ ਆਪਣਾ ਯੋਗਦਾਨ ਪਾੳਣਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਆਪਣੇ ਨੰਬਰ ਵਧਾਉਣ ਲਈ ਜਥੇਦਾਰ ਦੇ ਇਸ ਬਿਆਨ ਦੀ ਤਾਂ ਸੋਧ ਕਰ ਦਿਤੀ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖ਼ਰ-ਏ-ਕੌਮ ਨਹੀਂ ਬਲਕਿ ਇਸ ਵਿੱਚ ਵਾਧਾ ਕਰਕੇ ਪੰਥ ਰਤਨ ਫ਼ਖ਼ਰ-ਏ-ਕੌਮ ਦਾ ਅਵਾਰਡ ਦਿੱਤਾ ਜਾਵੇਗਾ। ਪਰ ਜੋ ਗੁਰਮਤਿ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਗਈਆਂ ਉਸ ਵੱਲ ਉਸ ਦਾ ਵੀ ਧਿਆਨ ਨਹੀਂ ਗਿਆ, ਜਾਂ ਬਾਦਲ ਦੀ ਘੁਰਕੀ ਤੋਂ ਡਰਦੇ ਨੇ ਜਾਣ ਬੁੱਝ ਕੇ ਅੱਖਾਂ ਮੀਚ ਲਈਆਂ। ਕੀ ਉਥੇ ਇੱਕ ਲੱਖ ਦੇ ਕਰੀਬ ਸਿੱਖਾਂ ਦੇ ਇਕੱਠ ਤੇ ਗੁਰੂ ਸਾਹਿਬ ਜੀ ਦਾ ਇਹ ਸ਼ਬਦ ਨਹੀਂ ਢੁਕਦਾ:

ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ (ਗਉੜੀ ਕੀ ਵਾਰ ਮ: 3, ਗੁਰੂ ਗ੍ਰੰਥ ਸਾਹਿਬ - ਪੰਨਾ 313) ਕੀ ਉਸ ਇਕੱਠ ਨੂੰ ਸਿੱਖਾਂ ਦੇ ਇਕੱਠ ਨਾਲੋਂ (ਅ)ਸਿੱਖਾਂ ਦਾ ਇਕੱਠ ਕਹਿਣਾ ਜਿਆਦਾ ਢੁਕਵਾਂ ਨਹੀਂ ਹੋਵੇਗਾ? ਕੀ ਇਹ (ਅ)ਸਿੱਖਾਂ ਦਾ ਇਕੱਠ ਆਪਣੇ ਤੋਂ ਵੱਡੇ (ਅ)ਸਿੱਖ, ਜਿਸ ਦੇ ਹੱਥ ਵਿੱਚ ਅਹੁੱਦੇ ਤੇ ਸਹੂਲਤਾਂ ਰੂਪੀ ਮਾਇਆ ਵੰਡਣ ਦੀ ਸਮਰੱਥਾ ਹੈ, ਉਸ ਨੂੰ ਪੰਥ ਰਤਨ ਫ਼ਖ਼ਰ-ਏ-ਕੌਮ ਦੇਣ ਦਾ ਅਧਿਕਾਰ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top