Share on Facebook

Main News Page

ਖਰੂਦੀਆਂ ਦੇ ਖਰੂਦ; ਕਾਨੂੰਨ ਰਾਹੀਂ ਬਹੁਗਿਣਤੀ ਨਾਲ ਜ਼ਮੀਨ ਹਥਿਆਈ ਜਾਂਦੀ ਹੈ, ਜ਼ਮੀਰ ਨਹੀਂ! 
-: ਹਰਜਿੰਦਰ ਸਿੰਘ ਸਭਰਾਅ
੧੦ ਅਗਸਤ ੨੦੧੯

ਕਾਨੂੰਨ ਰਾਹੀਂ ਬਹੁਗਿਣਤੀ ਨਾਲ ਜ਼ਮੀਨ ਹਥਿਆਈ ਜਾਂਦੀ ਹੈ, ਜ਼ਮੀਰ ਨਹੀਂ! ਸਦੀਆਂ ਦੇ ਸਫਰ ਨਾਲ ਬਣੇ ਤੇ ਜੀਵੇ ਜਾਂਦੇ ਸੱਭਿਆਚਾਰ ਧਾਰਾਵਾਂ 'ਚ ਫੇਰਬਦਲ ਕਰਨ ਨਾਲ ਏਨੀ ਛੇਤੀ ਮਿਟਣਗੇ ਨਹੀਂ। ਲੜਾਕੇ ਜੁਝਾਰੂ ਦਾ ਆਖਰੀ ਸਾਹ ਵੀ ਹਮਲਾਵਰ ਲਈ ਮੌਤ ਦਾ ਸਬੱਬ ਬਣ ਜਾਂਦਾ ਹੈ। ਸਿੱਖ ਇਤਿਹਾਸ ਕਹਿੰਦਾ ਹੈ ਬਾਬਾ ਦੀਪ ਸਿੰਘ ਉਤੇ ਜਹਾਨ ਖਾਂ ਨੇ ਭਰਵਾ ਵਾਰ ਕੀਤਾ ਤਾਂ ਨਾਲੋ ਨਾਲ ਬਾਬਾ ਦੀਪ ਸਿੰਘ ਦੇ ਵਾਰ ਨਾਲ ਜਹਾਨ ਖਾਂ ਵੀ ਡਿਗ ਮੋਇਆ। ਹਮਲਾਵਰ ਹੋ ਕੇ ਆਉਣ ਵਾਲੇ ਨੂੰ ਇਹੀ ਭਰਮ ਰਿਹਾ ਕਿ ਮੈ ਇਨ੍ਹਾਂ ਨੂੰ ਮਾਰਨਾ ਹੈ। ਉਹ ਭੁਲ ਗਿਆ ਮੌਤ ਦੀ ਦਹਿਲੀਜ਼ 'ਤੇ ਖੜੇ ਢਾਈਆਂ ਫੱਟਾ 'ਚੋਂ ਆਖਰੀ ਫੱਟ ਦੀ ਲੜਾਈ 'ਤੇ ਉਤਾਰੂ ਹੋ ਜਾਣ ਤਾਂ ਪਾਸੇ ਪਰਤ ਜਾਂਦੇ ਹਨ। ਇਹ ਉਕਸਾਹਟ ਨਹੀਂ ਮਨੁੱਖੀ ਇਤਿਹਾਸ ਦੀ ਸੱਚਾਈ ਹੈ।

ਬਿੱਲੀ ਬੜੀ ਕਮਜ਼ੋਰ ਜਿਹੀ ਜੀਵ ਸ਼੍ਰੇਣੀ ਹੈ ਜਦੋਂ ਘਿਰ ਜਾਵੇ ਤਾਂ ਬੰਦੇ ਦੇ ਗਲ਼ ਪੈ ਜਾਂਦੀ ਹੈ। ਬੀਜੇਪੀ ਦੇ ਲੀਡਰ ਸਮੇਤ ਮਨੋਹਰ ਲਾਲ ਖੱਟਰ ਮੁਖ ਮੰਤਰੀ ਹਰਿਆਣਾ ਦੇ ਤੇ ਛਲਾਰੂ ਕਿਸਮ ਦੇ ਜਨਤਕ ਸੰਚਾਰ ਸਾਧਨ (ਸ਼ੋਸ਼ਲ ਮੀਡੀਆ) 'ਤੇ ਬੈਠੇ ਲੋਕ ਕਸ਼ਮੀਰੀ ਧੀਆਂ ਦੀ ਇੱਜ਼ਤ ਤੇ ਵਿਅੰਗ ਕਰ ਰਹੇ ਹਨ। ਅਜਿਹੇ ਵਿਅੰਗ ਦੱਸਣ ਲਈ ਲਿਖਦਿਆਂ ਵੀ ਸ਼ਰਮ ਆਉਂਦੀ ਹੈ। ਪਰ ਘੜਨ ਵਾਲਿਆਂ ਤੇ ਬੋਲਣ ਵਾਲਿਆਂ ਨੇ ਤਾਕਤ ਦੇ ਨਸ਼ੇ ਚ ਸ਼ਰਮ ਵੇਚ ਵੱਟ ਲਈ ਹੈ। ਆਖਰ ਸ਼ਰਮਾਂ ਵੇਚ ਕੇ ਹੀ ਤਾਂ ਸੱਤਾ ਖੱਟੀ ਹੈ। ਅਖਬਾਰਾਂ ਵਿਚ ਕਿਸੇ ਸਾਧਵੀ ਦਾ ਬਿਆਨ ਵੇਖਦਾ ਹਾਂ।

ਸਪੋਕਸਮੈਨ ਟੀਵੀ ਵਾਲਾ ਲੋਲੜ ਜਿਹਾ ਪੱਤਰਕਾਰ ਮੁਹੱਲੇ ਪੱਧਰ ਦੀ ਇਕ ਲੀਡਰ ਔਰਤ ਦੀ ਇੰਟਰਵੀਊ ਲੈਣ ਪਹੁੰਚਿਆ ਹੈ। ਸਾਰੇ ਹੇਠਲੇ ਉਤਲੇ ਲੀਡਰਾਂ ਦੀ ਸੁਰ ਖਰੂਦੀ ਭੀੜਾਂ ਜੋ ਜ਼ਮੀਨ ਤੇ ਮੀਡੀਆ ਤੇ ਕਸ਼ਮੀਰੀ ਅਵਾਮ ਦੀ ਇਜ਼ਤ 'ਤੇ ਤਨਜ਼ਾਂ ਕੱਸਦੀ ਹੈ ਦੀ ਰਾਹਨੁਮਾਈ ਕਰ ਰਿਹਾ ਹੈ। ਆਖਰ ਇਹ ਮੁਹੱਲੇ ਪੱਧਰ ਦੀਆਂ ਲੀਡਰਨਾਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਅਹੁਦੇ ਵਾਲੇ ਲੋਕ ਖੁਦ ਖਰੂਦੀ ਹਨ। ਸਾਰਿਆਂ ਦੀ ਨਿਗ੍ਹਾ ਤੇ ਬੋਲ ਬਾਣੀ ਕਸ਼ਮੀਰੀ ਧੀਆਂ ਨੂੰ ਨੂੰਹਾਂ ਬਣਾਉਣ 'ਤੇ ਲੱਗੀ ਹੋਈ ਹੈ। ਕੀ ਗੱਲ! ਕਸ਼ਮੀਰੀ ਜੁਆਨ ਮੁੰਡਿਆਂ ਦੀ ਮਰਦਾਨਗੀ 'ਤੇ ਤਹਾਨੂੰ ਸ਼ੱਕ ਹੈ ਖਰੂਦੀਓ? ਉਨ੍ਹਾਂ ਨੂੰ ਜੁਵਾਈ ਬਣਾਉਣ ਦੇ ਬਿਆਨ ਕਿਉਂ ਨਹੀਂ ਦਿੰਦੇ ਤੁਸੀਂ?

ਦਰਅਸਲ ਇਹ ਇਕ ਅਮਲ ਹੈ ਜੋ ਸਦੀਆਂ ਦੀ ਮਾਨਸਿਕਤਾ ਦਾ ਪ੍ਰਗਟਾਅ ਹੈ। ਕਬੀਲਾਵਾਦੀ ਸੋਚ ਜਿਸ ਵਿਚ ਜ਼ਮੀਨ ਹੜੱਪਣ ਦੇ ਨਾਲ ਨਾਲ ਔਰਤ ਵੀ ਜਾਇਦਾਦ ਵਾਂਗ ਹੜੱਪੀ ਜਾਂਦੀ ਸੀ। ਅਖੌਤੀ ਦੇਸ਼ਭਗਤਾਂ ਨੇ ਸੈਕੂਲਰਇਜ਼ਮ ਦੇ ਮਖੌਟੇ ਥੱਲੇ ਆਪਣੀ ਹਵਸ ਭਰੀ ਅਤੇ ਕਬੀਲਾਵਾਦੀ ਸੋਚ ਲੁਕੋ ਰੱਖੀ ਹੈ। ਅਜਿਹੇ ਬਿਆਨ ਦੇਣ ਵਾਲਿਆਂ ਨੂਂ ਨਾ ਆਪਣੀ ਉਮਰ ਦੀ ਸ਼ਰਮ ਹੈ ਨਾ ਜ਼ਿੰਮੇਵਾਰੀ ਨਾਲ ਬੋਲਣ ਦੀ ਇਨ੍ਹਾਂ ਚ ਕਰਤੂਤ ਹੈ। ਕਿਉਂਕਿ ਰਾਸ਼ਟਰਵਾਦ ਦੇ ਨਾਂ 'ਤੇ ਘੱਟਗਿਣਤੀਆਂ, ਦਲਿਤਾਂ ਅਤੇ ਵੱਖਰੇ ਹਕੂਕਾਂ ਵਾਲੇ ਸੱਭਿਆਚਾਰਾਂ ਨੂੰ ਮਲੀਆਮੇਟ ਕਰਨਾ ਹੀ ਇਨ੍ਹਾਂ ਦਾ ਮੁੱਖ ਆਸ਼ਾ ਹੈ। ਅਜਿਹਾ ਜ਼ਹਿਰ ਉਲਛੱਣ ਵਾਲੇ ਨਾ ਦੇਸ਼ਧਰੋਹੀ ਮੰਨੇ ਜਾਣਗੇ ਨਾ ਗੁਨਾਹਗਾਰ, ਕਿਉਂਕਿ ਇਨਾਂ ਕੋਲ ਤਾਕਤ ਦੀ ਛੁਰੀ ਹੈ ਜਿਹੜੀ ਕਨੂੰਨੀ ਹੱਥਾਂ ਨਾਲ ਰਾਸ਼ਟਰਵਾਦ ਦੇ ਨਾਂ ਹੇਠ ਚਲਦੀ ਹੈ ਦੂਜਿਆਂ ਦੇ ਗਲ਼ੇ ਰੇਤਣ ਲਈ। ਅਜਿਹੇ ਬਿਆਨਾਂ ਦਾ ਕੋਈ ਨੋਟਿਸ ਹੁਣ ਤੱਕ ਨਾ ਅਦਾਲਤਾਂ ਨੇ ਲਿਆ, ਨਾ ਮੀਡੀਏ ਦੇ ਕੁਝ ਹਿੱਸੇ ਨੂੰ ਛੱਡ ਕੇ ਚਿੰਗਾੜ੍ਹਾਂ ਮਾਰਨ ਵਾਲੇ ਬਾਕੀ ਚੈਨਲਾਂ ਨੇ।

ਬੋਧੀਆਂ ਦੇ ਵਿਨਾਸ਼, ਸਿੱਖਾਂ ਨੂੰ ਰਾਸ਼ਟਰਵਾਦ ਦੇ ਖਾਨੇ 'ਚ ਫਿੱਟ ਕਰਨ, ਦਲਿਤਾਂ ਨੂੰ ਲਤਾੜਨ ਅਤੇ ਘੱਟ ਗਿਣਤੀਆਂ ਨੂੰ ਤਬਾਹ ਕਰਦਿਆਂ ਹੁਣ ਕਸ਼ਮੀਰੀਅਤ ਵੱਲੀਂ ਇਸ ਤੁਫਾਨ ਦਾ ਰੁਖ਼ ਹੈ।

ਇਹ ਹੈ ਲੋਕਤੰਤਰ ਜਿਹੜਾ ਇਹ ਜ਼ਿੰਮੇਵਾਰ ਪਦਵੀਆਂ 'ਤੇ ਬੈਠੇ ਲੋਕ ਲੈ ਕੇ ਆਉਣਗੇ। ਜ਼ਰਾ ਸੋਚ ਕੇ ਵੇਖੋ ਕਿਸੇ ਕਸ਼ਮੀਰੀ ਜਾਂ ਘੱਟ ਗਿਣਤੀ ਜਾਂ ਦਲਿਤ ਲੀਡਰ ਨੇ ਅਜਿਹਾ ਬਿਆਨ ਦਿਤਾ ਹੁੰਦਾ ਤਾਂ ਨਿਸਚੈ ਉਹ ਜੇਲ੍ਹ ਚ ਹੁੰਦਾ ਤੇ ਦੰਗਿਆਂ ਵਰਗੇ ਹਾਲਾਤ ਹੋ ਜਾਂਦੇ। ਮੀਡੀਆ ਨੇ ਅੱਗ ਵਰ੍ਹਾਊ ਬਿਆਨਬਾਜ਼ੀ ਸ਼ੁਰੂ ਕਰ ਲਈ ਹੁੰਦੀ ਤੇ ਨਾ ਟੀਵੀ ਚੈਨਲਾਂ ਤੇ ਬੈਠੇ ਐਂਕਰ ਬੁੜਕ ਬੁੜ੍ਹਕ ਕੇ ਸੁਆਲ ਕਰਦਿਆਂ ਚੀਕ ਚੀਕ ਕੇ ਮਰਨ ਵਾਲੇ ਹੋਏ ਹੁੰਦੇ।

ਅਜਿਹੀਆਂ ਖਰੂਦੀ ਭੀੜਾਂ ਜਦੋਂ ਕਸ਼ਮੀਰ ਲਿਜਾ ਕੇ ਵਸਾਈਆਂ ਜਾਣਗੀਆਂ ਤਾਂ ਕੀ ਸਮੀਕਰਨ ਬਣਨਗੇ ਸੋਚ ਕੇ ਵੇਖੋ ਜ਼ਰਾ!

ਬਲਾਤਕਾਰਾਂ,ਕਤਲਾਂ, ਰਿਸ਼ਵਰਖੋਰੀ, ਧੋਖਾਧੜੀਆਂ,ਦੰਗਿਆਂ, ਗਰੀਬੀ, ਬੇਰੁਜ਼ਗਾਰੀ ਨਾਲ ਪਰੁੰਨਿਆਂ ਪਿਆ ਹੈ ਦੇਸ਼। ਹਾਲਤ ਸੁਧਾਰਨ ਦੀ ਬਜਾਏ ਉਚ ਅਹੁਦਿਆਂ 'ਤੇ ਬੈਠੇ ਲੋਕ ਦਿਮਾਗ ਦੀ ਗੰਦਗੀ ਸਾਫ ਕਰਨਦੀ ਬਜਾਏ 'ਸਵੱਛ ਭਾਰਤ' ਦੇ ਨਾਅਰੇ ਲਾ ਰਹੇ ਹਨ। 'ਤੇਰੇ ਅੰਦਰੋਂ ਮੈਲ ਨਾ ਜਾਵੇ ਨਾਹੁੰਦਾ ਫਿਰੇਂ ਤੀਰਥਾਂ ਤੇ'

ਹੈਰਾਨੀ ਤਾਂ ਉਨ੍ਹਾਂ ਪੰਜਾਬ ਦੇ ਅਤੇ ਸਿੱਖ ਲੀਡਰਾਂ ਤੇ ਵੀ ਹੈ ਕਿ ਉਹ ਵੋਟ ਇਸ ਤਬਾਹੀ ਦੇ ਹੱਕ 'ਚ ਪਾ ਕੇ ਆਏ ਹਨ। ਇਸ ਇਜ਼ਤ ਰੋਲੂ ਪਰਚਾਰ ਖਿਲਾਫ ਅਜੇ ਕੁਸਕੇ ਤੱਕ ਨਹੀਂ। ਕਿਉਂ ਕੁਸਕਣਗੇ ? ਬਾਬਾ ਖੜਕ ਸਿੰਘ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਸਮੁੰਦਰੀ ਵਰਗੇ ਸਿਰ 'ਤੇ ਜ਼ੁਬਾਨਾਂ ਥੋੜ੍ਹੀ ਨੇ ਹੁਣ ਏਸ ਪੂਰ 'ਚ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top