Share on Facebook

Main News Page

ਬ੍ਰਾਹਮਣਵਾਦ ਦੇ ਹਮਲਿਆਂ ਦਾ ਗੁਰਮਤਿ ਵਿਚਾਰਧਾਰਾ ਰਾਹੀਂ ਜਵਾਬ
-: ਇਛਪਾਲ ਸਿੰਘ “ਰਤਨ” (ਕਸ਼ਮੀਰ)
93118 87100
22.05.19

ਅਜ ਕਲ ਸ਼ੋਸ਼ਲ ਮੀਡੀਆ 'ਤੇ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸਿਧਾਤਾਂ ਨੂੰ ਬ੍ਰਾਹਮਣੀ ਰੰਗਤ ਦੇਣ ਦੀ ਅਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਬੜੇ ਜ਼ੋਰ ਸ਼ੋਰ ਨਾਲ ਹੋ ਰਹੀਆਂ ਹਨ। ਜਿਵੇ ਬੁੱਧ ਧਰਮ ਅਤੇ ਜੈਨ ਧਰਮ ਨੂੰ ਬ੍ਰਾਹਮਣ ਨੇ ਆਪਣੇ ਅੰਦਰ ਨਿਗਲ ਲਿਆ ਹੈ ਇਸੇ ਪ੍ਰਕਾਰ ਸਿੱਖ ਧਰਮ ਨੂੰ ਵੀ ਆਪਣੇ ਅੰਦਰ ਜਜ਼ਬ ਕਰਕੇ ਸਿੱਖ ਧਰਮ ਦੀ ਹੌਂਦ ਨੂੰ ਹੀ ਮਿਟਾਣਾ ਚਾਹੁੰਦਾ ਹੈ। ਬ੍ਰਾਹਮਣਵਾਦ ਦੇ ਇਨ੍ਹਾਂ ਹਮਲਿਆਂ ਦਾ ਜੁਆਬ ਦੇਣ ਲਈ ਗੁਰਬਾਣੀ ਦਾ ਓਟ ਆਸਰਾ ਲੈਕੇ ਇਕ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਆਓ ਗੁਰਬਾਣੀ ਰਾਹੀਂ ਸਮਝਣ ਦਾ ਯਤਨ ਕਰੀਏ।

ਸਭ ਤੋਂ ਪਹਿਲਾਂ ਇਹ ਸਮਝਣ ਦਾ ਜਤਨ ਕਰੀਏ:

ਕੀ ਦਸ ਗੁਰੂ ਸਾਹਿਬਾਨ ਸਨਾਤਨ ਮਜ਼ਹਬ ਭਾਵ ਬ੍ਰਾਹਮਣੀ ਮਜ਼ਹਬ ਨੂੰ ਕੋਈ ਅਹਿਮੀਅਤ ਦੇਂਦੇ ਹਨ? ਕੀ ਗੁਰੂ ਸਾਹਿਬਾਨ ਬ੍ਰਾਹਮਣੀ ਵਿਚਾਰਧਾਰਾ ਨਾਲ ਸਹਿਮਤ ਹਨ? ਆਓ ਗੁਰੂ ਸਾਹਿਬਾਨ ਜੀ ਤੋਂ ਹੀ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਗਲ ਇਹ ਕਿ ਗੁਰੂ ਸਾਹਿਬ ਜੀ ਬ੍ਰਾਹਮਣੀ ਵਿਚਾਰਧਾਰਾ ਤੋਂ ਆਪਣੇ ਆਪ ਨੂੰ ਵਖ ਕਰਦੇ ਹੋਏ ਫੁਰਮਾਉਂਦੇ ਹਨ “ਨਾ ਹਮ ਹਿੰਦੂ ਨ ਮੁਸਲਮਾਨ॥” ਇਥੋ ਗਲ ਸਪੱਸ਼ਟ ਹੋ ਜਾਂਦੀ ਹੈ ਕਿ ਗੁਰੂ ਸਾਹਿਬਾਨ ਬ੍ਰਾਹਮਣੀ ਵਿਚਾਰਧਾਰਾ ਦੇ ਪੱਖ ਵਿੱਚ ਨਹੀਂ ਬਲਕਿ “ਨਿਰੰਕਾਰੀ ਵਿਚਾਰਧਾਰਾ” ਦੇ ਮੁਦੱਯੀ ਹਨ। ਇਕ ਹੋਰ ਜਗਾਹ 'ਤੇ ਬਾਣੀ ਵਿੱਚ ਬਚਨ ਆਉਂਦੇ ਹਨ,

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥…..
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥

ਇਥੇ ਤਾਂ ਸਿੱਧਾ ਡੰਕੇ ਦੀ ਚੋਟ 'ਤੇ ਐਲਾਨ ਹੀ ਕਰ ਦਿਤਾ ਹੈ ਕਿ ਅਸੀਂ ਬ੍ਰਾਹਮਣੀ ਵਿਚਾਰਧਾਰਾ ਦੇ ਨਹੀਂ ਬਲਕਿ ਸੱਚੇ ਅਕਾਲ ਪੁਰਖ ਦੇ ਉਪਾਸ਼ਕ ਹਾਂ। ਇਸੇ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਹਰਦਿਆਲ ਜੀ ਪਾਸੋਂ ਜਨੇਊ ਧਾਰਣ ਨਹੀਂ ਸੀ ਕੀਤਾ ਬਲਕਿ ਪੰਡਤ ਜੀ ਦੇ ਸਾਹਮਣੇ ਸਵਾਲ ਖੜਾ ਕੀਤਾ ਸੀ ਕਿ ਹੇ ਪੰਡਤ ਜੀ ਆਪ ਜੀ ਦਾ ਇਹ ਜਨੇਊ ਸਮਾਜ ਵਿੱਚ ਵੰਡੀਆਂ ਕਿਉ ਪਾਉਂਦਾ ਹੈ? ਬ੍ਰਾਹਮਣ ਦਾ ਜਨੇਊ ਵਖਰਾ, ਖੱਤਰੀ ਦਾ ਵਖਰਾ, ਸ਼ੂਦਰ ਨੂੰ ਪਾਉਣ ਦਾ ਹਕ ਹੀ ਨਹੀਂ ਅਤੇ ਇਸਤਰੀਆਂ ਨੂੰ ਪੈਰ ਦੀ ਜੁੱਤੀ ਸਮਝ ਕੇ ਉਨ੍ਹਾਂ ਨੂੰ ਵੀ ਜਨੇਊ ਪਾਉਣ ਦਾ ਅਧਿਕਾਰ ਨਹੀਂ ? ਐਸਾ ਵਿਤਕਰਾ ਕਿਉਂ? ਮੈਨੂੰ ਐਸੀ ਵਿਚਾਰਧਾਰਾ ਪ੍ਰਵਾਨ ਨਹੀਂ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬ੍ਰਾਹਮਣ ਦੇ ਸ਼ਾਸਤਰਾਂ, ਸਿਮ੍ਰਤੀਆਂ ਬਾਰੇ ਵਿਚਾਰ ਦੇਂਦੇ ਹੋਏ ਸਮਝਾਉਂਦੇ ਹਨ ਕਿ ਇਹ ਧਾਰਮਿਕ ਪੁਸਤਕਾਂ ਕੇਵਲ ਇਹੀ ਵਿਚਾਰਾ ਦੇਦੀਆਂ ਹਨ ਕਿ ਇਹ ਕੰਮ ਕਰੋਗੇ ਤਾਂ ਪੁੰਨ ਮਿਲੇਗਾ, ਇਹ ਕੰਮ ਕਰੋਗੇ ਤਾਂ ਪਾਪ ਲਗੇ ਗਾ ਪਰ ਤਤ ਦੀ ਗਲ ਇਨ੍ਹਾਂ ਵਿੱਚ ਕੁੱਝ ਵੀ ਨਹੀਂ। ਪਾਤਸ਼ਾਹ ਸਮਝਾਉਂਦੇ :
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ, ਤਤੈ ਸਾਰ ਨ ਜਾਣੀ ॥
ਅਤੇ
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ॥ ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ॥

ਗੁਰੂ ਸਾਹਿਬ ਫੁਰਮਾਉਂਦੇ ਕਿ ਮੈ ਵੇਦ ਸ਼ਾਸਤਰ ਸਿਮ੍ਰਿਤੀਆਂ ਸਾਰੀਆਂ ਹੀ ਫਰੋਲ ਕੇ ਦੇਖ ਲਈਆਂ ਪਰ ਮੈਨੂੰ ਇਨ੍ਹਾਂ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਗਲ ਕੋਈ ਨਹੀਂ ਲਗੀ। ਇਸੇ ਲਈ ਗੁਰੂ ਸਾਹਿਬ ਜੀ ਫੁਰਮਾਉਂਦੇ
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ ਪੜਿਆ ਮੁਕਤਿ ਨ ਹੋਈ ॥ ਸੋ ਇਹ ਕਹਿਣਾ ਕਿ ਸਿੱਖ ਗੁਰੂ ਸਾਹਿਬਾਨ ਸਨਾਤਨ ਧਰਮ ਵਿੱਚ ਵਿਸ਼ਵਾਸ਼ ਕਰਦੇ ਸਨ ਮੂਰਖਾਂ ਵਾਲੀ ਅਤੇ ਸ਼ਰਾਰਤਪੁਣੇ ਵਾਲੀ ਗਲ ਹੀ ਲਗਦੀ ਹੈ।

ਆਓ ਹੁਣ ਇਹ ਵਿਚਾਰਦੇ ਹਾਂਕਿ ਹਿੰਦੂ ਧਰਮ ਦੇ ਅਵਤਾਰਵਾਦ ਬਾਰੇ ਗੁਰੂ ਸਾਹਿਬਾਨ ਜੀ ਦਾ ਕੀ ਨਜ਼ਰੀਆ ਹੈ?

ਸਭ ਤੋਂ ਪਹਿਲਾਂ ਹਿੰਦੂ ਧਰਮ ਗ੍ਰੰਥਾਂ ਵਿੱਚ ਇਸ ਗਲ ਤੇ ਬਹੁਤ ਜ਼ੋਰ ਦਿਤਾ ਗਿਆ ਹੈਕਿ “ਜਦੋ ਜਦੋ ਵੀ ਧਰਮ ਖਤਰੇ ਵਿੱਚ ਹੁੰਦਾ ਹੈ ਤਦ ਮੈ ਭਗਵਾਨ ਅਵਤਾਰ ਧਾਰ ਕੇ ਦੁਨੀਆਂ ਵਿੱਚ ਧਰਮ ਦੀ ਸਥਾਪਨਾ ਕਰਣ ਆਉਂਦਾ ਹਾਂ” ਪਰ ਗੁਰੂ ਸਾਹਿਬ ਜੀ ਇਸ ਗਲ ਨਾਲ ਸਹਿਮਤ ਨਹੀਂ।ਗੁਰੂ ਸਾਹਿਬ ਜੀ ਫੁਰਮਾਉਂਦੇ:

ਤੂੰ ਪਾਰਬ੍ਰਹਮ ਪਰਮੇਸਰੁ ਜੋਨਿ ਨ ਆਵਹੀ॥ ਤੂੰ ਹੁਕਮੀ ਸਾਜਹਿ ਸਿਸਟਿ ਸਾਜਿ ਸਮਾਵਹੀ॥

ਇਸ ਲਈ ਗੁਰੂ ਸਾਹਿਬ ਜੀ ਸਮਝਾਉਦੇ ਕਿ ਉਹ ਮੁਖ ਸੜ ਜਾਂਣਾ ਚਾਹੀਦਾ ਹੈ ਜਿਹੜਾ ਇਹ ਕਹਿੰਦਾ ਹੈ ਪ੍ਰਭੂ ਜਮਦਾ ਤੇ ਮਰਦਾ ਰਹਿੰਦਾ ਹੈ:

ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖ ਜਲਉ ਜਿਤੁ ਕਹਹਿ ਠਾਕੁਰ ਜੋਨੀ॥
ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭ ਰਹਿਓ ਸਮਾਇ॥

ਇਸ ਲਈ ਗੁਰਮਤਿ ਬ੍ਰਾਹਮਣ ਦੇ ਕ੍ਰਿਸ਼ਨ ਨੂੰ ਪਰਮੇਸ਼ਰ ਨਹੀਂ ਮੰਨਦੀ। ਕਿਉਂਕਿ ਜੇ ਕ੍ਰਿਸ਼ਨ ਜਨਮ ਮਰਣ ਦੇ ਗੇੜ ਵਿੱਚ ਖੁਦ ਪਿਆ ਹੈ ਤਾਂ ਉਹ ਸੰਸਾਰੀ ਜੀਵਾਂ ਨੂੰ ਕਿਵੇਂ ਮੁਕਤੀ ਪ੍ਰਧਾਨ ਕਰ ਸਕਦਾ ਹੈ।ਇਸ ਲਈ ਗੁਰੂ ਸਾਹਿਬ ਜੀ ਸਮਝਾਉਂਦੇ : ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥

ਇਸੇ ਲਈ ਤਾਂ ਗੁਰਮਤਿ ਦਾ ਨਿਸਚਾ ਹੈ ਕਿ: ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥

ਬ੍ਰਾਹਮਣੀ ਅਵਤਾਰਵਾਦ ਬਾਰੇ ਗੁਰਮਤਿ ਇਹ ਐਲਾਨ ਕਰਦੀ ਹੈ ਕਿ ਬ੍ਰਾਹਮਣ ਨੇ ਬੜੀ ਚਲਾਕੀ ਨਾਲ ਵਖਤ ਦੇ ਰਾਜਿਆਂ ਨੂੰ ਅਵਤਾਰ ਬਣਾਂ ਕੇ ਪੂਜਣਾਂ ਸ਼ੁਰੂ ਕਰਾ ਦਿਤਾ।

ਜੁਗਹ ਜੁਗਹ ਕੇ ਰਾਜੇ ਕੀਏ,ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ॥ ਇਸ ਲਈ ਅਵਤਾਰਵਾਦ ਵਿੱਚ ਗੁਰਮਤਿ ਵਿਸ਼ਵਾਸ ਨਹੀਂ ਕਰਦੀ।

ਸ਼ਰਾਰਤੀ ਅਨਸਰਾਂ ਵਲੋਂ ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਸਿੱਖ ਗੁਰੂ ਸਾਹਿਬਾਨ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਸਨ ਇਸ ਲਈ ਗੁਰਬਾਣੀ ਵਿੱਚ ਬਾਰ ਬਾਰ ਗੁਰੂ ਜੀ ਰਾਮ ਨਾਮ ਦੀ ਗਲ ਕਰਦੇ ਹਨ, ਪਰ ਗੁਰਬਾਣੀ ਵਿੱਚ ਰਾਮ ਚੰਦਰ ਜੀ ਬਾਰੇ ਜਿੱਥੇ ਵੀ ਜ਼ਿਕਰ ਆਉਂਦਾ ਹੈ ਉੱਥੇ ਉਨ੍ਹਾਂ ਦੀ ਦੀਨ ਦਸ਼ਾ ਹੀ ਬਿਆਨ ਕੀਤੀ ਗਈ ਹੈ ਜਿਵੇਂ ਕਿ:

ਰਾਮੁ ਝੁਰੈ ਦਲ ਮੇਲਵੈ, ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਜੁ ਅਪਾਰੁ॥
ਸੀਤਾ ਲੈ ਗਇਆ ਦਹਸਿਰੋ, ਲਛਮਣੁ ਮੂਓ ਸਰਾਪ॥ ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ॥
ਅਤੇ
ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣ ਵਿਛੁੜਿ ਗਇਆ॥

ਰਾਮ ਚੰਦਰ ਜੀ ਨੂੰ ਜਦ ਰਾਜ ਵਿੱਚੋਂ ਬਨਵਾਸ ਮਿਲਿਆ ਰਾਜ ਭਾਗ ਦੇ ਸੁਖਾਂ ਤੋਂ ਵਾਂਝਾ ਹੋਇਆ, ਉਸ ਵਖਤ ਰਾਮ ਚੰਦਰ ਜੀ ਧਾਹਾਂ ਮਾਰ ਕੇ ਰੋਇਆ। ਜਦ ਰਾਵਣ ਸੀਤਾ ਨੂੰ ਲੈਗਿਆ ਤਦ ਰਾਮ ਚੰਦਰ ਦੁਖੀ ਹੋਇਆ ਅਤੇ ਦੁਖ ਦੇ ਮਾਰੇ ਝੂਰਨ ਲਗ ਪਿਆ। ਫਿਰ ਲਛਮਣ ਸਰਾਪ ਨਾਲ ਮਰਿਆ ਰਾਮ ਚੰਦਰ ਜੀ ਫਿਰ ਭੁੱਬਾਂ ਮਾਰ ਰੋਇਆ। ਜਿਹੜਾ ਰਾਮ ਚੰਦਰ ਦੁਖੀ ਹੋਕੇ ਮਾਯੂਸ ਹੋਈ ਬੈਠਾ ਹੋਵੇ ਉਹ ਪ੍ਰਮਾਤਮਾ ਦੀ ਬਰਾਬਰੀ ਕਿਵੇਂ ਕਰ ਸਕਦਾ ਹੈ? ਅਸੀਂ ਉਸ ਨੂੰ ਪ੍ਰਭੂ ਕਿਵੇ ਮਨ ਸਕਦੇ ਹਾਂ?

ਭਗਤ ਨਾਮਦੇਵ ਜੀ ਵੀ ਫੁਰਮਾਉਂਦੇ:
ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥

ਗੁਰੂ ਸਾਹਿਬ ਜੀ ਇਕ ਜਗਾਹ 'ਤੇ ਹੋਰ ਫੁਰਮਾਉਂਦੇ:

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥ ਕਹੁ ਨਾਨਕ ਥਿਰੁ ਕਛੁ ਨਹੀਂ ਸੁਪਨੇ ਜਿਉ ਸੰਸਾਰੁ॥

ਬ੍ਰਾਹਮਣੀ ਗ੍ਰੰਥਾਂ ਨੂੰ ਪੜ ਕੇ ਵੇਖੋ, ਸ਼ੰਭੂਕ ਨਾਮੀ ਸ਼ੂਦਰ ਦਾ ਕਤਲ ਰਾਮ ਚੰਦਰ ਜੀ ਨੇ ਇਸ ਕਰਕੇ ਕੀਤਾ ਕਿ ਉਹ ਸੱਚੇ ਰਬ ਦੀ ਭਗਤੀ ਕਰ ਰਿਹਾ ਸੀ। ਅਤੇ ਇਕ ਧੋਬੀ ਦੇ ਕਹਿਣ ਤੇ ਸੀਤਾ ਨੂੰ ਘਰੋਂ ਕਢ ਦਿਤਾ। ਐਸੇ ਰਾਮ ਚੰਦਰ ਦੀ ਭਗਤੀ ਭਲਾ ਸਿੱਖ ਕਿਵੇਂ ਕਰ ਸਕਦਾ ਹੈ?

ਹੁਣ ਜਿਸ ਗਾਇਤ੍ਰੀ ਮੰਤ੍ਰ ਨੂੰ ਬ੍ਰਾਹਮਣ ਸਭ ਤੋਂ ਪਵਿਤਰ ਕਹਿੰਦਾ ਹੈ ਅਤੇ ਉਸ ਗਾਇਤ੍ਰੀ ਮੰਤ੍ਰ ਨੂੰ ਜਪਣ ਦਾ ਅਧਿਕਾਰ ਬ੍ਰਾਹਮਣ ਨੇ ਸ਼ੂਦਰ ਨੂੰ ਵੀ ਨਹੀਂ ਦਿਤਾ।ਉਸ ਗਾਇਤ੍ਰੀ ਮੰਤ੍ਰ ਦੀ ਕਹਾਣੀ ਦਾ ਖੁਲਾਸਾ ਭਗਤ ਨਾਮ ਦੇਵ ਜੀ ਇਉਂ ਕਰਦੇ ਹਨ। ਭਗਤ ਨਾਮਦੇਵ ਜੀ ਫੁਰਮਾਉਂਦੇ, ਕਿ ਹੇ ਪਾਂਡੇ ਜਿਸ ਗਾਇਤਰੀ ਮੰਤਰ ਦਾ ਤੂੰ ਜਾਪ ਕਰਦਾ ਹੈ ਉਸ ਨੂੰ ਤਾਂ ਸਰਾਪ ਮਿਲਿਆ ਹੋਇਆ ਹੈ।ਉਹ ਤੇਰਾ ਕੀ ਸਵਾਰੇ ਗੀ।ਉਸ ਦੀ ਤਾਂ ਆਪ ਇਕ ਲੱਤ ਟੁਟੀ ਹੋਈ ਹੈ:

ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ॥

ਸੋ ਗੁਰੂ ਸਾਹਿਬਾਨ ਜੀ ਅਤੇ ਭਗਤਾਂ ਨੇ ਜਿਥੇ ਅਵਤਾਰਵਾਦ ਦਾ ਖੰਡਨ ਕੀਤਾ ਉਥੇ ਨਾਲ ਹੀ ਬ੍ਰਾਹਮਣੀ ਧਾਰਮਿਕ ਗ੍ਰੰਥਾਂ ਅਤੇ ਉਨ੍ਹਾਂ ਦੇ ਫੈਲਾਏ ਹੋਏ ਕਰਮ ਕਾਂਡਾਂ ਦਾ ਵੀ ਡਟ ਕੇ ਵਿਰੋਧ ਕੀਤਾ।ਸੋ ਇਹ ਪ੍ਰਚਾਰਣਾ ਕਿ ਸਿੱਖ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬ੍ਰਾਹਮਣੀ ਵਿਚਾਰਧਾਰਾ ਨੂੰ ਪ੍ਰਵਾਨ ਕਰਦੀ ਹੈ ਸਿਵਾਏ ਝੂਠ ਦੇ ਹੋਰ ਕੁਝ ਨਹੀਂ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਤਾਂ ਫੈਸਲਾ ਹੀ ਇਹ ਹੈ ਕਿ:

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥
ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥

ਸੋ ਸਿੱਖ ਧਰਮ ਨੂੰ ਅਤੇ ਸਿੱਖ ਗੁਰੂ ਸਾਹਿਬਾਨ ਨੂੰ ਬ੍ਰਾਹਮਣਵਾਦ ਦੇ ਉਪਾਸ਼ਕ ਦਸਣ ਤੋਂ ਪਹਿਲਾਂ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਰਚੀ ਪੁਸਤਕ “ਹਮ ਹਿੰਦੂ ਨਹੀਂ” ਅਤੇ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜੀ ਦੀ ਰਚੀ ਪੁਸਤਕ “ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ “ਸਰਵੋਤਮ ਧਰਮ-ਖਾਲਸਾ ਪੰਥ” ਪੜ ਲੈਣੀ ਚਾਹੀਦੀ ਹੈ।

ਭੁਲ ਚੁਕ ਦੀ ਖਿਮਾ
ਗੁਰੂ ਗ੍ਰੰਥ ਸਾਹਿਬ ਜੀ ਦਾ ਕੂਕਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top