Share on Facebook

Main News Page

ਕਾਰਟੂਨ ਕੋਨੇ ਆਲਿਆਂ ਦੀ ਆਮਦ
-: ਹਰਜਿੰਦਰ ਸਿੰਘ ਸਭਰਾਅ
15.05.19

ਟਰੇਲਰ ਤੋਂ ਬਾਅਦ.........

ਉਹ ਦਿਨ ਦੂਰ ਨਹੀਂ ਜਦੋਂ ਇਹੀ ਤਬਕਾ ਖੁਦ ਰਾਮਲੀਲਾ ਅਤੇ ਰਾਸਧਾਰੀਆਂ ਵਾਂਗ ਜਾਂ ਪਿੰਡਾਂ ਸ਼ਹਿਰਾਂ 'ਚ ਵਿਚਰਦੇ ਬਹੁਰੂਪੀਆਂ ਵਾਂਗ ਖੁਦ ਗੁਰੂ ਸਾਹਿਬਾਨ ਦੇ ਰੋਲ ਨਿਭਾਉਣ ਲਈ ਨੁਕੜ ਨਾਟਕ ਕਰਿਆ ਕਰੇਗਾ। ਤਸਵੀਰ/ ਮੂਰਤੀ/ ਤੋਂ ਬਾਅਦ ਕਾਰਟੂਨਾਂ ਤੱਕ ਆ ਗਏ ਨੇ। ਉਮੀਦ ਹੈ ਆਵਦੇ ਜਿਉਂਦੇ ਜੀਅ ਰਹਿੰਦਾ ਕੰਡਾ ਵੀ ਕੱਢ ਦੇਣਗੇ।

ਉਘੇ ਪੰਥਕ ਅਖਵਾਉਂਦੇ ਲੋਕਾਂ ਦੀ ਸਰਪ੍ਰਸਤੀ ਇਸ ਫਿਲਮ ਬਾਰੇ ਸੁਨਣ 'ਚ ਆਈ ਹੈ। ਪਰ ਇਹ ਕੋਈ ਨਵੀ ਤੇ ਅਚੰਭੇ ਵਾਲੀ ਗੱਲ ਨਹੀਂ ਲੱਗੀ। ਪੰਥਕ ਪਦਵੀਆਂ 'ਤੇ ਬੈਠਾ ਅਤੇ ਹਰ ਮੁੱਦੇ ਤੇ ਪੱਲਾ ਝਾੜੂ ਬਿਆਨ ਅਤੇ ਪੱਖ ਬਚਾਊ ਪੜਤਾਲੀਆ ਕਮੇਟੀਆਂ ਰਾਹੀਂ ਸਾਧਾਰਨ ਸਿੱਖਾਂ ਦਾ ਮੱਥਾ ਡੰਮ੍ਹਣ ਵਾਲਾ ਧਾਰਮਕ ਲਾਣਾ ਰੂਹ ਤੋਂ ਈ ਸਿੱਖੀ ਸਿਧਾਂਤਾਂ ਤੋਂ ਆਵਾਜਾਰ ਹੋਇਆ ਪਿਆ ਹੈ। ਜਥੇਦਾਰਾਂ ਦੀ ਪੂਰੀ ਪਲਟਣ ਪੰਥ ਤੋਂ ਪਾਥੀਆਂ ਦੀ ਲੜਾਈ 'ਚ ਪਈ ਆ। ਉਹ ਵੀ ਸੱਚੇ ਆ ਵਿਚਾਰੇ। ਤਖਤ ਦੀ ਫਸੀਲ ਤੇ ਖਲੋ ਨਹੀਂ ਸਕਦੇ ਅੰਦਰ ਕੋਈ ਵੜਨ ਨਹੀਂ ਦਿੰਦਾ। ਅਜਿਹੀ ਬੀਆਬਾਨ ਬਾਦਸ਼ਾਹਤ 'ਚ ਹੱਥ ਆਇਆ ਸਪੀਕਰ "ਸਵਰਗਾਂ ਦੇ ਸੰਤਰੇ" ਤੋਂ ਦੋ ਰਤੀਆਂ ਵੀ ਘੱਟ ਨਹੀਂ। ਉਹ ਕਿਵੇਂ ਗਵਾ ਲੈਣ ਅਗਲੇ?

ਜਿਨ੍ਹਾਂ ਨੂੰ ਤਖਤ 'ਤੇ ਖਲੋ ਬੋਲਣ ਦਾ ਹੱਕ ਮਿਲਿਆ ਏ ਉਨ੍ਹਾਂ ਨੂੰ ਥੱਲੇ ਰੁਲਦੇ ਪਹਿਲੇ ਹੋ ਗੁਜਰੇ ਥਾਣੇਦਾਰ ਦਿਸ ਪੈਂਦੇ ਨੇ ਉਹ ਇਹ ਸੋਚ ਕੇ ਈ ਬੌਧਿਕ ਗਸ਼ੀ ਦੇ ਸ਼ਿਕਾਰ ਹੋ ਜਾਦੇ ਨੇ। ਗਲੀਆਂ 'ਚ ਗਾਉਂਦੇ ਫਕੀਰ ਵਾਂਗ ਉਹ "ਦਿਨ ਕੱਟ ਲੈ ਸੁੱਖਾਂ ਦੇ ਚਾਰ ਹਸ਼ਰ ਨੂੰ ਕੀੜਿਆਂ ਖਾਣਾ ਈ" ਦਾ ਗੀਤ ਈ ਅਲਾਪਦੇ ਨੇ। ਇਕ ਸੱਜਣ ਤਾਂ ਆਂਹਦਾ ਏ ਇਹ ਉਤਮ ਸਾਧਨ ਹੈ ਪ੍ਰਚਾਰ ਦਾ ਇਸ ਬਾਰੇ ਬੋਲਣ ਲਿਖਣ ਵਾਲੇ ਫੋਬੀਆ ਦਾ ਸ਼ਿਕਾਰ ਨੇ। ਸਹੀ ਆਂਹਦਾ ਏ। ਕਮਲੇ ਵਿਹੜੇ 'ਚ ਵੱਖਰੀ ਦੁਹਾਈ ਵਾਲਾ 'ਸਨਕ' ਦੀ ਮਰਜ਼ ਦਾ ਸ਼ਿਕਾਰ ਹੀ ਮੰਨਿਆ ਜਾਊ।

ਮੈਂ ਇਮਾਮ ਹੁਸੈਨ ਦੀ ਜੀਵਨ ਸ਼ਹਾਦਤ 'ਤੇ ਬਣੀਆਂ ਇਸਲਾਮਕ ਮੀਡੀਆ ਦੀਆਂ ਫਿਲਮਾਂ 'ਤੇ ਝਾਤ ਪਾਉਂਦਾ ਹਾਂ ਤਾਂ ਵੇਖਦਾ ਹਾਂ ਬਾਕਮਾਲ ਤਰੀਕਾ ਵਰਤਿਆ ਹੈ। ਬਿਨਾਂ ਇਮਾਮ ਸਾਹਬ ਨੂੰ ਵਿਖਾਇਆਂ ਸਾਰਾ ਫਿਲਮਾਂਕਣ ਪੂਰਾ ਕਰ ਦਿਤਾ ਤੇ ਵੇਖਣ ਵਾਲਾ ਸਾਰੀ ਘਟਨਾ ਜਾਣ ਲੈਂਦਾ ਹੈ। ਸਾਡੇ ਆਲੇ ਮੁਸੀਬਤਾਂ ਸਿੱਖੀ ਦੇ ਵਿਹੜੇ ਵਾੜਨ ਨੂੰ ਗੁੰਬਦਾਂ ਦੇ ਚੜ੍ਹੇ ਪਏ ਆ। ਤੁਸੀਂ ਕੁੰਡਾ ਖੋਲੋ ਸਹੀ। ਮੁਸੀਬਤ ਤਾਂ ਬੂਹੇ ਖੜੀ ਆ। ਕਲਾਕਾਰ ਤਾਂ ਕਦੋਂ ਦੇ ਤਿਆਰ ਨੇ ਤੁਹਾਡੀ ਸਹਿਮਤੀ ਚਾਹੀਦੀ ਸੀ ਉਹ ਤੁਸਾਂ ਦੇਣ 'ਚ ਕਸਰ ਨਹੀਂ ਛੱਡੀ। ਸੋਭਾ ਸਿੰਘ ਦੇ ਬੁਰਸ਼ਾਂ ਦੇ ਵਾਰਸ ਮੁਖੌਟੇ ਲੈ ਕੇ ਆਏ ਆ। ਰੋਂਦੇ ਸੌਦੇ ਸਾਧ ਦੀ ਪੁਸ਼ਾਕ ਨੂੰ। ਹੁਣ ਆਪ ਪਤਾ ਨਹੀਂ ਕੀਹਨੂੰ ਕੀਹਨੂੰ ਪੁਸ਼ਾਕਾਂ ਪੁਵਾਉਣਗੇ। ਉਧਰ ਬੁੱਤ ਵੀ ਬਾਲੜੀ ਉਮਰ 'ਚ ਤੁਹਾਡੇ ਘਰਾਂ 'ਚ ਪਹੁੰਚ ਗਏ ਆ। ਮੱਥੇ ਟੇਕੋ ਤੇ ਭੋਗ ਚੜ੍ਹਾਉ ਤਾਂ ਕਿ ਛੇਤੀ ਵੱਡੇ ਹੋਣ। ਆਖਰ ਉਨ੍ਹਾਂ ਨੇ ਗੁੰਬਦਾਂ ਆਲੇ ਸੋਹਣੇ ਸਥਾਨ ਦੇ ਵਾਰਸ ਵੀ ਤਾਂ ਬਣਨਾ ਏਂ।

ਸ਼ਾਬਾਸ਼ ਬੁੱਤੋ! ਆਖਿਰ ਇਸੀ ਕੋ ਤਰੱਕੀ ਕਹਤੇ ਹੈਂ।
ਤਰਾਸ਼ੇ ਨਾ ਥੇ ਤੋ ਪੱਥਰ ਥੇ, ਤਰਾਸ਼ੇ ਗਏ ਤੋਂ ਖੁਦਾ ਹੋ ਗਏ।


(ਸਭਰਾਅ/ ੧੫ ਮਈ ੨੦੧੯)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top