* ਜੀਵਨ ਸ਼ੈਲੀ ਦੇ ਹਰ ਖੇਤਰ ਵਿੱਚ ਮਿਲਾਵਟ ਦੇ ਇਸ ਯੁੱਗ ਨੇ ਸਾਡੇ ਨਵੇਕਲੇ ਤੇ ਨਿਰਮਲ ਪੰਥ
ਨੂੰ ਵੀ ਧੁੰਧਲਾ ਕਰ ਦਿੱਤਾ ਹੈ ਅਤੇ ਇਸ ਦਾ ਰੂਪ ਵੀ ਅਸਲ ਬਾਬੇ ਨਾਨਕ ਦੇ ਧਰਮ ਦਾ ਨਹੀਂ
ਰਹਿਣ ਦਿੱਤਾ *
ਸਿੱਖ ਜੀਵਨਸ਼ੈਲੀ ਦਾ ਧਰਮ ਸਭ ਤੋਂ ਨਵੀਨ ਹੋਣ ਦੇ ਬਾਵਜ਼ੂਦ ਵੀ ਇਸ ਦੀ ਨਿਰਮਲ ਤੇ ਨਵੀਨ
ਵਿਚਾਰਧਾਰਾ ਨੂੰ ਸਮੇਂ ਸਮੇਂ ਤੇ ਦੋਖੀਆਂ ਵਲੋਂ ਰਲੇਵੇਂ ਪਾਏ ਜਾਣ ਦੇ ਯਤਨ ਮੁੱਢ ਤੋਂ ਹੀ
ਨਿਰੰਤਰ ਜਾਰੀ ਹਨ ...
ਜੇਕਰ ਓਪਰੀ ਜਿਹੀ ਹੀ ਨਿਗਾਹ ਮਾਰੀਏ ਤਾਂ ਕੀ ਸਾਡਾ ਗ੍ਰੰਥ .... ਕੀ ਸਾਡਾ ਪੰਥ.... ਕੀ
ਸਾਡਾ ਇਤਿਹਾਸ... ਕੀ ਸਾਡਾ ਸੱਭਿਆਚਾਰ...ਕੀ ਸਾਡੇ ਇਤਿਹਾਸਕ ਸਥਾਨ ਤੇ ਕੀ ਸਾਡੀ ਬੋਲ਼ੀ
... ਮੁੱਕਦੀ ਗੱਲ ਸਭ ਵਿੱਚ ਰਲੇਵੇਂ ਪਾਉਣ ਦੀਆਂ ਚਾਲਾਂ ਬਿਨਾਂ ਰੋਕ-ਟੋਕ ਤੇ ਬਿਨਾਂ
ਵਿਰੋਧ ਤੋਂ ਜਾਰੀ ਹਨ।
ਜੇਕਰ ਕਿਸੇ ਕੌਮ ਜਾਂ ਕਿਸੇ ਵਿਚਾਰਧਾਰਾ ਦਾ ਮਲੀਆਮੇਟ ਕਰਕੇ
ਅੰਤ ਕਰਨਾ ਹੋਵੇ ਤਾਂ ਬਿਨਾਂ ਕਿਸੇ ਕਤਲੋ-ਗਾਰਤ ਤੇ ਹਿੰਸਾ ਤੋਂ, ਉਪਰੋਕਤ ਵਖਰੇਵੇਂ ਤੇ
ਨਵੇਕਲਾਪਨ ਖ਼ਤਮ ਕਰ ਦਿਓ ਤਾਂ ਸਮਾਂ ਪਾ ਕੇ ਉਸ ਕੌਮ ਅਤੇ ਵਿਚਾਰਧਾਰਾ ਦਾ ਭੋਗ ਆਪੇ ਹੀ
ਪੈਣਾ ਨਿਸ਼ਚਿਤ ਹੈ ..
ਭਾਰਤ ਵਿੱਚ ਬੋਧੀਆਂ ਤੋਂ ਇਲਾਵਾ ਵੀ ਕਈ ਫਿਰਕੇ ਤੇ ਕੌਮਾਂ ਖ਼ਤਮ ਹੁੰਦੀਆਂ ਦੇਖੀਆਂ ਗਈਆਂ
ਹਨ ..
ਜੇਕਰ ਇਸ ਪਿਛੇ ਹੱਥ ਹੋਣ ਦੀ ਗੱਲ ਕਰੀਏ ਤਾਂ ਸਿੱਧੇ ਰੂਪ ਵਿਚ
ਹੀ ਬ੍ਰਾਹਮਣ ਦਾ ਸਿੱਧਾ ਤੇ ਅਸਿੱਧਾ ਹੱਥ ਨਜ਼ਰੀ ਆਏਗਾ ..
ਹੁਣ ਜਦੋਂ ਅਸੀਂ ਆਪਣੇ ਸਿੱਖ ਸਮਾਜ ਵੱਲ ਝਾਤੀ ਮਾਰਾਂਗੇ ਤਾਂ ਗੁਰੂ ਨਾਨਕ ਸਾਹਿਬ ਤੋਂ
ਹੁਣ ਤੱਕ ਸਾਡੀ ਨਿਵੇਕਲੀ ਤੇ ਨਿਰਮਲ ਜੀਵਨਸ਼ੈਲੀ ਤੇ ਵਿਚਾਰਧਾਰਾ ਵੀ ਜਿਸ ਨੂੰ ਰਾਸ ਨਹੀਂ
ਆ ਰਹੀ ਤਾਂ ਉਹ ਵੀ ਬ੍ਰਾਹਮਣੀ ਸਮਾਜ ਦੀ ਆਮ ਲੋਕਾਂ ਵਿੱਚ ਵੰਡੀਆਂ ਪਾਉਂਦੀ ਵਿਚਾਰਧਾਰਾ
ਦਾ ਹੀ ਪ੍ਰਗਟਾਵਾ ਤੇ ਪ੍ਰਭਾਵ ਹੈ ..
ਉਦਾਹਰਣ ਦੇ ਤੌਰ 'ਤੇ ਜੇਕਰ ਸਾਡੇ ਗ੍ਰੰਥ ਦੇ ਸ਼ਰੀਕ (ਅਖਉਤੀ
ਦਸਮ ਗ੍ਰੰਥ) ਵੱਲ ਨਿਗਾਹ ਮਾਰੀਏ ਤਾਂ ਉਸ ਦਾ ਵਿਸ਼ਾ-ਵਸਤੂ *ਬ੍ਰਾਹਮਣੀ ਸਮਾਜ ਦੀ
ਵਿਚਾਰਧਾਰਾ ਹੀ ਹੈ* ...
ਜੇਕਰ ਅਸੀਂ ਆਪਣੇ ਇਤਿਹਾਸ ਵਿੱਚ ਕੀਤੀ ਗਈ ਮਿਲਾਵਟ ਵੱਲ ਦੇਖੀਏ ਤਾਂ ਵੀ ਉਸ ਪਿੱਛੇ
ਬ੍ਰਾਹਮਣੀ ਵੀਚਾਰਧਾਰਾ ਹੀ ਨਜ਼ਰ ਆਏਗੀ ਭਾਵੇਂ ਸੂਰਜ ਪ੍ਰਕਾਸ਼ ਗ੍ਰੰਥ ਦੇਖ ਲਓ, ਭਾਵੇਂ ਜਨਮ
ਸਾਖੀਆਂ ਦੇਖ ਲਉ ਤੇ ਭਾਵੇਂ ਗੁਰ ਬਿਲਾਸ... ਸਭ ਵਿੱਚਲੀ ਵਿਚਾਰਧਾਰਾ ਬਿਪਰ ਦੀ ਵਿਚਾਰਧਾਰਾ
ਨੂੰ ਸਹੀ ਠਹਿਰਾਉਂਦੀ ਨਜ਼ਰ ਆਏਗੀ
ਹੁਣ ਗੱਲ ਕਰੀਏ ਸੱਭਿਆਚਾਰ ਤੇ ਭਾਸ਼ਾ ਦੀ... ਉਸ ਵਿੱਚ
ਵੀ ਰਲੇਵੇਂ ਇਸੇ ਬ੍ਰਾਹਮਣੀ ਵਿਚਾਰਧਾਰਾ ਦੇ ਪਾਏ ਹੋਏ ਮਿਲਣਗੇ ... ਅਜੋਕੇ ਸਮੇਂ ਵਿੱਚ
ਤਾਂ ਸਾਨੂੰ ਇਸ ਮਿਲਾਵਟ ਦਾ ਅਹਿਸਾਸ ਹੋਣਾ ਵੀ ਲੱਗਭਗ ਖਤਮ ਹੋ ਚੁੱਕਾ ਹੈ .... ਸਾਡੇ
ਸੁਭਾਅ ਤੇ ਚਿਤਵਨੀ 'ਚ ਇਹ ਵਿਚਾਰਧਾਰਾ ਨੇ ਆਪਣਾ ਸਥਾਈ ਘਰ ਬਣਾ ਲਿਆ ਹੈ ਤੇ ਇਸ ਦੇ ਹੁੰਦੇ
ਵਿਰੋਧ ਨੂੰ ਵੀ ਅਸੀਂ ਕਬੂਲਣਾ ਬੰਦ ਕਰ ਲਿਆ ਹੈ ...
ਦਰਬਾਰ ਸਾਹਿਬ ਨੂੰ ਸ੍ਰੀ ਹਰਿਮੰਦਰ ਸਾਹਿਬ ਕਹਿਣ ਲੱਗਿਆ ਸਾਨੂੰ ਝਿਝਕ ਨਹੀਂ ਆਉਂਦੀ ਤੇ
ਨਾ ਹੀ ਗੁਰਧਾਮ ਦਰਸ਼ਨਾਂ ਨੂੰ ਤੀਰਥ-ਯਾਤਰਾ ਤੇ ਕਿਰਪਾਨ/ਤਲਵਾਰ ਨੂੰ ਸ੍ਰੀ ਸਾਹਿਬ ਜਾਂ
ਕੜਾਹ ਪ੍ਰਸ਼ਾਦ ਦੀ ਦੇਗ਼ ਤੇ ਲੰਗਰ-ਪ੍ਰਸ਼ਾਦੇ ਆਦਿਕ ਨੂੰ ਭੋਗ ਲਵਾਉਣ 'ਚ ਵੀ ਸਾਨੂੰ ਫ਼ਰਕ
ਦਿਸਣਾ ਲੱਗਭਗ ਬੰਦ ਹੋ ਚੁੱਕਾ ਹੈ ।
ਬਾਕੀ ਰਹੀ ਗੱਲ ਚਿੱਟੇ ਤੇ ਭੱਗਵੇਂ ਵਸਤਰਾਂ ਦੇ ਪਹਿਰਾਵੇ, ਖੜਾਵਾਂ, ਮਾਲਾਵਾਂ, ਨੰਗੀਆਂ
ਲੱਤਾਂ ਕਦੋਂ ਸਾਡੇ ਸੱਭਿਆਚਾਰ ਦਾ ਅਨਖਿੜਵਾਂ ਹਿੱਸਾ ਬਣ ਗਏ, ਸਾਨੂੰ ਪਤਾ ਵੀ ਨਹੀਂ
ਲੱਗਿਆ ..
ਸੋ ਲੋੜ ਹੈ ਆਪਣੀ ਅੱਡਰੀ ਹੋਂਦ ਤੇ
ਪਹਿਚਾਣ ਬਣਾਉਣ ਲਈ ਬਾਣੀ ਨੂੰ ਪੜ੍ਹੀਏ ਤੇ ਇਸ ਵਿੱਚੋਂ ਹੀ ਸੇਧ ਲੈ ਕੇ
ਹੰਸ-ਬਿਰਤੀ ਦੇ ਧਾਰਨੀ ਬਣਦਿਆਂ ਸਾਡੇ ਗੁਰਬਾਣੀ ਦਾ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ, ਸਾਡਾ ਇਤਿਹਾਸ ਤੇ ਸਾਡੇ ਸੱਭਿਆਚਾਰ ਵਿੱਚ ਪੈ ਗਏ ਹੋਏ ਰਲੇ ਨੂੰ ਨਿਖੇੜਣ ਦੀ ਜੁਗਤਿ
ਅਪਣਾਈਏ .. ਗੁਰਬਾਣੀ ਵਿੱਚ ਬਖ਼ਸ਼ੇ ਜੀਵਨ ਜਾਚ ਦੇ ਸਿੱਧਾਂਤਾਂ ਦੀ ਰੋਸ਼ਨੀ ਵਿੱਚ ਇਹ
ਮਿਲਾਵਟਾਂ ਤੇ ਰਲੇ ਸਾਫ਼ ਕਰਕੇ ਮੁੜ ਤੋਂ ਆਪਣੀ ਨਿਰਮਲ ਤੇ ਨਵੇਕਲੀ ਵਿਚਾਰਧਾਰਾ ਨੂੰ
ਉਭਾਰ ਕੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੋਈਏ।