Share on Facebook

Main News Page

ਰਾਜੋਆਣਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ

ਪਟਿਆਲਾ - ਬੇਅੰਤ ਸਿੰਘ ਹੱਤਿਆ ਕੇਸ ਵਿਚ ਫਾਂਸੀ ਦੀ ਸਜਾ ਉਡੀਕ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕੇਂਦਰੀ ਜੇਲ੍ਹ ਪਟਿਆਲਾ ਤੋਂ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਭਾਈ ਰਾਜੋਆਣਾ ਨੇ ਇਸ ਗੱਠਜੋੜ ਨੂੰ ਪੰਜਾਬ ਦੀ ਤਰੱਕੀ, ਭਾਈਚਾਰਕ ਸਾਂਝ ਅਤੇ ਅਮਨ- ਸਾਂਤੀ ਵਾਲਾ ਦੱਸਿਆ ਹੈ। ਖਾਲਸਾ ਪੰਥ ਦੇ ਨਾਮ ਭੇਜੇ ਸੁਨੇਹੇ ਵਿਚ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹਿੰਦੂ, ਸਿੱਖ ਏਕਤਾ ਦਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ।

ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੇ ਲਈ ਅਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾਂ ਹੀ ਵੱਡੇ ਸ਼ੰਘਰਸ ਅਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ । ਭਾਜਪਾ ਦੀ ਦਿੱਲੀ ਸਰਕਾਰ ਨੇ 34 ਸਾਲਾਂ ਤੋਂ ਦਨ-ਦਨਾਉਂਦੇ ਫਿਰਦੇ ਨਵੰਬਰ 1984 ਦੇ ਕਾਤਲਾਂ ਵਿੱਚੋਂ ਕੁਝ ਕਾਤਲਾਂ ਨੂੰ ਸੱਜਣ ਕੁਮਾਰ ਵਰਗੇ ਵੱਡੇ ਮੱਗਰਮੱਛਾਂ ਨੂੰ ਗਿੱਚੀ ਤੋਂ ਫੜ੍ਹ ਕੇ ਜੇਲ੍ਹ ਭੇਜ ਕੇ ਜਿੱਥੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਹੈ । ਉਥੇ ਇਸ ਕਤਲੇਆਮ ਨਾਲ ਜਖ਼ਮੀ ਹੋਈਆਂ ਸਿੱਖ ਭਾਵਨਾਵਾਂ ਤੇ ਮੱਲਮ ਲਗਾਉਣ ਦਾ ਕੰਮ ਵੀ ਕੀਤਾ ਹੈ । ਇਸ ਤੋਂ ਇਲਾਵਾ ਪਾਕਿਸਤਾਨ ਨਾਲ ਤਲਖ਼ੀ ਭਰੇ ਸਬੰਧਾਂ ਦੇ ਬਾਵਜੂਦ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਲਾਂਘਾ ਖੋਲਣ ਦੀ ਕੋਸ਼ਿਸ਼ ਕਰਕੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ । ਇਨ੍ਹਾਂ ਦੋਨਾਂ ਕੰਮਾਂ ਵਿੱਚ ਭਾਜਪਾ ਵੱਲੋਂ ਸਿੱਖ ਜਗਤ ਲਈ ਅਪਣਾਈ ਗਈ ਪਹੁੰਚ ਸਵਾਗਤਯੋਗ ਹੈ ।

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਉਹ ਕਾਂਗਰਸ ਪਾਰਟੀ ਹੈ ਜਿਹੜੀ ਹਮੇਸ਼ਾਂ ਹੀ ਹਿੰਦੂਆਂ ਅਤੇ ਸਿੱਖਾਂ ਵਿੱਚ ਨਫ਼ਰਤ ਫੈਲਾ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਕਰਦੀ ਰਹੀ ਹੈ । 80ਦੇ ਦਹਾਕੇ ਵਿੱਚ ਇਸ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਸਿਰਫ਼ ਤੋਂ ਸਿਰਫ਼ ਦਿੱਲੀ ਦੀ ਸੱਤਾ ਤੇ ਕਾਬਜ਼ ਹੋਣ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਦੀਆਂ ਤੋਂ ਭਰਾਵਾਂ ਵਾਂਗ ਵੱਸਦੇ ਹਿੰਦੂਆਂ ਅਤੇ ਸਿੱਖਾਂ ਵਿੱਚ ਪਹਿਲਾਂ ਨਫ਼ਰਤ ਫੈਲਾਈ । ਇਸ ਨਫ਼ਰਤ ਦਾ ਰਾਜਸੀ ਲਾਹਾ ਲੈਣ ਦੇ ਲਈ ਪਹਿਲਾਂ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕਰਕੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਹੂ-ਲੁਹਾਣ ਕੀਤਾ । ਫਿਰ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ, ਅਜਿਹਾ ਜੁਲਮ ਕਰਨ ਵਾਲੇ ਸੱਜਣ ਕੁਮਾਰ ਵਰਗੇ ਜ਼ਾਲਮਾਂ ਨੂੰ ਦਰਿੰਦਿਆਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਅਤੇ ਆਪਣੇ ਸਿਰ ਦਾ ਤਾਜ ਬਣਾਇਆ । ਪੰਜਾਬ ਦੀ ਪਵਿੱਤਰ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਿਆ ।ਦੇਸ਼ ਭਗਤ ਕੌਮ ਨੂੰ ਦੇਸ਼ਧਰੋਹੀ ਬਨਾਉਣ ਦੇ, ਸਾਬਿਤ ਕਰਨ ਦੇ ਨਾਪਾਕ ਯਤਨ ਕੀਤੇ । ਅਜਿਹੀ ਜ਼ਾਲਮ ਅਤੇ ਕਾਤਲ ਕਾਂਗਰਸ ਪਾਰਟੀ ਨੂੰ ਕਦੇ ਵੀ ਕੋਈ ਗੈਰਤਮੰਦ ਸਿੱਖ ਵੋਟ ਨਹੀਂ ਪਾ ਸਕਦਾ । ਇਸ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਅਤੇ ਇਸ ਕਾਂਗਰਸ ਪਾਰਟੀ ਦਾ ਪੰਜਾਬ ਦੀ ਧਰਤੀ ਤੋਂ ਜਿੱਤਣਾ ਸੱਚਮੁੱਚ ਹੀ ਇਸ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦਾ ਅਤੇ ਇਸ ਧਰਤੀ ਤੇ ਵੱਸਦੇ ਗੈਰਤਮੰਦ ਪੰਜਾਬੀਆਂ ਦਾ ਅਪਮਾਨ ਹੈ ।

ਭਾਈ ਰਾਜੋਆਣਾ ਨੇ ਕਿਹਾ ਕਿ ਸਾਨੂੰ ਅਖੌਤੀ ਪੰਥਕ, ਸ਼ੰਘਰਸੀ ਅਤੇ ਖ਼ਾਲਿਸਤਾਨੀ ਮਾਖੌਟੇ ਵਿੱਚ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਪਾਲੇ ਹੋਏ ਕਰਿੰਦਿਆਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ । ਇਹ ਲੋਕ ਵੀ ਹਮੇਸ਼ਾਂ ਹਿੰਦੂ ਸਿੱਖਾਂ ਵਿੱਚ ਨਫ਼ਰਤ ਫੈਲਾਉਣ ਅਤੇ ਸਿੱਖਾਂ ਦਾ ਦੂਸਰੇ ਧਰਮਾਂ ਵਰਗਾਂ ਦੇ ਲੋਕਾਂ ਨਾਲ ਟਕਰਾ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ । ਅਜਿਹਾ ਕਰਕੇ ਇਹ ਲੋਕ ਇਸ ਕਾਤਲ ਕਾਂਗਰਸ ਪਾਰਟੀ ਲਈ ਮਾਹੌਲ ਤਿਆਰ ਕਰਦੇ ਹਨ ਅਤੇ ਕਾਂਗਰਸ ਪਾਰਟੀ ਦੀ ਜਿੱਤ ਲਈ ਰਾਹ ਪੱਧਰਾ ਕਰਦੇ ਹਨ ।ਇਨ੍ਹਾਂ ਲੋਕਾਂ ਦਾ ਸਾਰਾ ਸ਼ੰਘਰਸ ਅਤੇ ਕੂੜ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਖਿਲਾਫ਼ ਹੀ ਹੁੰਦਾ ਹੈ । ਪੰਜਾਬ ਅਤੇ ਦੇਸ਼ ਵਿੱਚ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਨਾਲ ਇਨ੍ਹਾਂ ਦਾ ਖਾਲਿਸਤਾਨ ਬਣ ਜਾਂਦਾ ਹੈ । ਕਾਂਗਰਸ ਪਾਰਟੀ ਦੇ ਕੂੜ ਪ੍ਰਚਾਰ ਦਾ ਵਿਧਾਨ ਸਭਾ ਦਾ ਸ਼ੈਸ਼ਨ ਇਨ੍ਹਾਂ ਨੂੰ ਖਾਲਸਾ ਦਰਬਾਰ ਲੱਗਦਾ ਹੈ । ਸਿੱਖੀ ਅਤੇ ਸ਼ੰਘਰਸੀ ਮਾਖੌਟੇ ਵਿੱਚ ਵਿਚਰਦੇ ਵੱਡੀਆਂ- ਵੱਡੀਆਂ ਪੱਗਾਂ ਬੰਨੀ ਫਿਰਦੇ ਇਨ੍ਹਾਂ ਅਕ੍ਰਿਤਘਣ ਲੋਕਾਂ ਤੋਂ ਅਤੇ ਇਨ੍ਹਾਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਹੋ ਕੇ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।

ਉਹਨਾਂ ਕਿਹਾ ਮੇਰੀ ਸਮੁੱਚੇ ਖਾਲਸਾ ਪੰਥ ਨੂੰ ਅਤੇ ਇਸ ਧਰਤੀ ਤੇ ਵੱਸਦੇ ਸੱਭ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਪੰਜਾਬ ਦੀ ਤਰੱਕੀ ਲਈ, ਭਾਈਚਾਰਕ ਸਾਂਝ ਲਈ ਅਤੇ ਅਮਨ- ਸਾਂਤੀ ਲਈ ਆਪਣੀ ਇੱਕ-ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ । ਬੰਦ ਕਮਰੇ ਵਿੱਚ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ ਇੱਕ ਹਥਿਆਰ ਬਣਾ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਣ ਵਾਲੀ ਅਤੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇ । ਆਪਣੀ ਇੱਕ-ਇੱਕ ਕੀਮਤੀ ਵੋਟ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪਾਈ ਜਾਵੇ, ਇਸ ਦੇ ਵਿੱਚ ਹੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top