ਸਾਡੇ
ਸਮਾਜ ਨੇ ਬੁੱਧੀ ਦਾ ਇੱਕ ਪੈਮਾਨਾ ਨੀਅਤ ਕਰ ਲਿਆ ਹੈ .. ਜਿਸ ਦੇ ਦਾਇਰੇ ਵਿੱਚ ਨਾ ਆਉਣ
ਵਾਲੇ ਮਨੁੱਖ ਨੂੰ ਮਾਨਸਿਕ ਅਪੰਗ ਜਾਂ ਕਈ ਵਾਰ ਅਸਭਿਅਕ ਭਾਸ਼ਾ ਵਿੱਚ ਪਾਗ਼ਲ ਤੱਕ ਕਿਹਾ
ਜਾਂਦਾ ਹੈ । ਇਸ ਵਿੱਚ ਆਮ ਤੌਰ ਤੇ ਮਾਨਸਿਕ ਤੌਰ 'ਤੇ ਬੁੱਧੀ ਦਾ ਵਿਕਾਸ ਘੱਟ ਹੋਣ ਵਾਲੇ
ਮਨੁੱਖ ਗਿਣੇ ਜਾਂਦੇ ਹਨ, ਜਿਨ੍ਹਾਂ 'ਚੋਂ ਕੁਝ ਜਮਾਂਦਰੂ ਤੇ ਕੁੱਝ ਕੁ ਮਾਨਸਿਕ ਬੀਮਾਰ
ਗਿਣੇ ਜਾਂਦੇ ਹਨ । ਇਨ੍ਹਾਂ ਦੀ ਸੇਵਾ ਸੰਭਾਲ ਲਈ ਪਰਿਵਾਰਕ ਤੇ ਸਮਾਜ ਸੇਵੀ ਸੰਸਥਾਵਾਂ
ਵੱਲੋਂ ਉੱਦਮ ਉਪਰਾਲੇ ਨਿਰੰਤਰ ਜਾਰੀ ਹਨ, ਜਿਨ੍ਹਾਂ ਵਿੱਚੋਂ ਭਗਤ ਪੂਰਨ ਸਿੰਘ ਵਲੋਂ
ਪਿੰਗਲਵਾੜਾ ਸੰਸਥਾ ਦਾ ਨਾਮ ਲੈਣਾ ਤੇ ਉਹਨਾਂ ਦੀ ਸੇਵਾ ਨੂੰ ਸਿਜਦਾ ਕਰਨਾ ਵੀ ਸਾਡੇ ਲਈ
ਫਖ਼ਰ ਤੇ ਮਾਣ ਵਾਲੀ ਗੱਲ ਹੈ ।
ਇਨ੍ਹਾਂ ਮਾਨਸਿਕ ਰੋਗੀਆਂ ਵਿੱਚ ਕਈ ਵਾਰ
ਪਿਆਰ ਤੇ ਮਾਸੂਮੀਅਤ ਦੇਖ ਕੇ ਰੱਬ ਹੀ ਯਾਦ ਆਉਂਦਾ ਹੈ ਤੇ ਉਨ੍ਹਾਂ ਤੁੱਲ ਅਸੀਂ
ਆਪਣੇ ਆਪ ਨੂੰ ਮਾਨਸਿਕ ਅਪੰਗ ਤੇ ਹੀਣੇ ਮਹਿਸੂਸ ਕਰਦੇ ਹਾਂ ... ਇਸ ਮੌਕੇ ਮੈਂ ਆਪਣੀ
ਹੱਡ-ਬੀਤੀ ਗੱਲ ਕਰਦਾ ਹਾਂ... ਰੋਜ਼ਾਨਾ ਨਿਤ ਦੀ ਤਰ੍ਹਾਂ ਮੈਂ ਸਵੇਰੇ ਕਸਰਤ ਕਰਨ ਤੋਂ
ਬਾਅਦ ਜਿਮ ਤੋਂ ਵਾਪਸ ਨਿਕਲਣ ਲੱਗਾ ਤਾਂ ਮੈਨੂੰ ਉੱਥੇ ਇੱਕ ਸੱਜਣ ਮਿਲਿਆ ਜਿਸ ਦੀ
ਚਾਲ-ਢਾਲ, ਵੇਖਣ ਦਾ ਢੰਗ ਬਾਕੀਆਂ ਨਾਲੋਂ ਵੱਖਰਾ ਸੀ, ਮੈਂ ਆਪਣੇ ਹੀ ਧਿਆਨ ਵਿੱਚ ਬੈਗ
ਪੈਕ ਕਰ ਕੇ ਜਦੋਂ ਜਾਣ ਲੱਗਾ ਤਾਂ ਉਸ ਨੇ ਪਹਿਲ ਕਦਮੀ ਕਰਦਿਆਂ ਜਿਵੇਂ ਪਿਆਰ ਨਾਲ ਮੈਨੂੰ
ਬੁਲਾਇਆ ਤਾਂ ਆਪਣੇ ਆਪ ਨੂੰ ਬੜਾ ਛੋਟਾ ਮਹਿਸੂਸ ਕੀਤਾ। ਉਸਦੇ ਪਿਆਰ ਅੱਗੇ ਮੈਂ ਆਪਣੇ ਆਪ
ਨੂੰ ਮਾਨਸਿਕ ਤੌਰ ਤੇ ਕੰਗਾਲ ਅਤੇ ਹਉਮੈ ਗ੍ਰਸਤ ਸਮਝਿਆ .. ਜੋ ਮੈਂ ਇਸ ਮੌਕੇ ਪਹਿਲ ਕਦਮੀ
ਨਾ ਕਰ ਕੇ ਉਸ ਨੂੰ ਬੁਲਾਇਆ ਨਹੀਂ। ਬਿਨਾਂ ਜਾਣ-ਪਹਿਚਾਣ ਦੇ ਨਾ ਬੁਲਾਉਣ ਵਾਲਾ ਅਜਿਹਾ
ਵਰਤਾਓ ਭਾਂਵੇ ਸਾਡੀ ਭਾਰਤੀ ਸਭਿਅਤਾ ਵਿੱਚ ਪੱਛਮੀ ਦੇਸ਼ਾਂ ਨਾਲੋਂ ਕਿਤੇ ਵੱਧ ਹੈ ।
ਇਹ ਤਾਂ ਸੀ ਕੁਦਰਤੀ ਮਾਨਸਿਕ ਰੋਗੀਆਂ ਦੀ
ਗੱਲ ਪਰ ਸਾਡੇ ਸਮਾਜ ਵਿੱਚ ਇਕ ਪੜ੍ਹੇ ਲਿਖੇ ਜਾਂ ਲੋੜ ਤੋਂ ਵੱਧ ਸਿਆਣੇ ਮਾਨਸਿਕ ਅਪੰਗ ਤੇ
ਰੋਗੀ ਵੀ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਦਾ ਪਹਿਰਾਵਾ ਜਾਂ ਬਾਹਰੀ ਦਿੱਖ ਭਾਵੇਂ
ਸਾਧਾਰਣ ਜਿਹੀ ਹੁੰਦੀ ਹੈ, ਪਰ ਉਨ੍ਹਾਂ ਦੇ ਆਪਣੇ ਵਿਹਾਰ, ਬੋਲ-ਚਾਲ ਤੇ ਵਰਤਾਰੇ ਤੋਂ
ਸਹਿਜੇ ਅਨੁਮਾਨ ਲੱਗ ਜਾਂਦਾ ਹੈ ਕਿ ਇਹ ਮਾਨਸਿਕ ਬੀਮਾਰੀ ਨਾਲ ਗ੍ਰਸੇ ਹੋਏ ਲੋਕ ਹਨ ।
ਇਨ੍ਹਾਂ ਵਿੱਚ ਸਾਨੂੰ ਕਈ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਧਨ ਜਾਂ ਕਾਰੋਬਾਰ ਦਾ
ਹੰਕਾਰ, ਧੀਆਂ ਦੀ ਥਾਵੇਂ ਪੁੱਤਰ ਸੰਤਾਨ ਦਾ ਹੰਕਾਰ, ਬਹੁਤੇ ਧਾਰਮਿਕ ਖੇਤਰ ਵਿੱਚ ਵਿਚਰਦੇ
ਹੋਏ ਮਨੁੱਖਾਂ ਅੰਦਰ ਤਾਂ ਗਿਆਨ ਦਾ ਹੰਕਾਰ ਵੀ ਸਿਰ ਚੜ੍ਹ ਬੋਲਦਾ ਦੇਖਣ ਨੂੰ ਮਿਲਦਾ ਹੈ ।
ਇਹ ਵਰਤਾਰਾ ਕੁਦਰਤੀ ਜਾਂ ਜਮਾਂਦਰੂ ਨਹੀਂ ਬਲਕਿ ਮਨੁੱਖ ਦਾ ਆਪਣਾ ਸੁਭਾਵਕ ਅਵਗੁਣ ਹੈ, ਜੋ
ਕਿ ਅਛੋਪਲੇ ਜਿਹੇ ਹੀ ਉਸ ਮਨੁੱਖ ਨੂੰ ਗ੍ਰਸ ਲੈਂਦਾ ਹੈ, ਜਿਸ ਕਰਕੇ ਇਸ ਬੀਮਾਰੀ ਦਾ ਜਨਮ
ਦਾਤਾ ਵੀ ਓਹ ਮਨੁੱਖ ਆਪ ਹੈ ਹੋਰ ਕੋਈ ਨਹੀਂ । ਇਸ ਤਰ੍ਹਾਂ ਦੇ ਮਾਨਸਿਕ ਬੀਮਾਰ ਮਨੁੱਖ
ਨੂੰ ਕਿਸੇ ਦੀ ਸੇਵਾ ਜਾਂ ਇਲਾਜ ਦੀ ਲੋੜ ਨਹੀਂ ਕਿਉਂਕਿ ਇਹ ਆਪ ਹੀ ਸਭ ਤੋਂ ਸਿਆਣਾ ਹੋਣ
ਦਾ ਭਰਮ ਪਾਲ ਬੈਠਾ ਹੋਇਆ ਹੈ । ਇਸ ਮਨੁੱਖ ਨੂੰ ਕਿਸੇ ਪਿੰਜਰੇ ਦੀ ਲੋੜ ਵੀ ਨਹੀਂ, ਕਿਉਂਕਿ
ਇਹ ਕਿਸੇ ਨੂੰ ਸਰੀਰਕ ਨੁਕਸਾਨ ਵੀ ਨਹੀਂ ਪਹੁੰਚਾਉਂਦਾ ਪਰ ਆਪਣੇ ਵਿਹਾਰ ਕਰਕੇ ਕਈ ਵਾਰ ਇਹ
ਐਸੀ ਅੰਦਰੂਨੀ ਚੋਟ ਕਰਦਾ ਹੈ ਜਿਸਦਾ ਨਾ ਤਾਂ ਜ਼ਖਮ ਦਿਸਦਾ ਹੈ ਤੇ ਨਾ ਹੀ ਕੋਈ ਰਿਸਾਵ
ਵੇਖਣ ਨੂੰ ਮਿਲਦਾ ਹੈ। ਬਲਕਿ ਇਹ ਸੱਟ ਸਾਹਮਣੇ ਵਾਲੇ ਦੇ ਸਿੱਧੀ ਹਿਰਦੇ ਨੂੰ ਚੀਰਦੀ ਹੋਈ
ਕਦੋਂ ਲੰਘ ਜਾਂਦੀ ਹੈ ਉਸ ਨੂੰ ਖੁਦ ਪਤਾ ਨਹੀਂ ਲੱਗਦਾ।
ਸੋ
ਆਓ! ਆਪਣੇ ਹਿਰਦੇ ਦੇ ਅੰਦਰੋਂ ਇਹ ਮਾਨਸਿਕ ਰੋਗੀ ਦੀ ਤਲਾਸ਼ ਕਰੀਏ ਤੇ ਸੁਚੇਤ ਹੋਕੇ ਜੀਵਨ
ਜੀਵੀਏ ਕਿਧਰੇ ਸਾਡੇ ਹਿਰਦੇ ਰੂਪੀ ਘਰ ਵਿੱਚ ਤਾਂ ਇਹ ਮਾਨਸਿਕ ਰੋਗ ਨਹੀਂ ਵੜ ਗਿਆ ਅਤੇ
ਸਾਡਾ ਜੀਵਨ ਤਾਂ ਨਹੀਂ ਵਿਗਾੜ ਰਿਹਾ । ਲੋੜ ਸਿਰਫ ਇਸਦੀ ਪਹਿਚਾਣ ਕਰਨ ਦੀ ਹੈ, ਜਦੋਂ ਅਸੀਂ
ਇਸਦੀ ਪਹਿਚਾਣ ਕਰ ਲਈ ਤਾਂ ਇਸਦਾ ਇਲਾਜ ਖੁਦ-ਬ-ਖੁਦ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ
ਦੇ ਪੰਨਾ ਨੰ: 1384 ਭਗਤ ਫਰੀਦ ਜੀ ਦਾ ਕਥਨ ਹੈ 'ਸਭਨਾ ਮਨ
ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਊ ਨਾ ਠਾਹੇ ਕਹੀ ਦਾ॥'