"ਖ਼ਾਲਸਾ"
ਸ਼ਬਦ ਤੋਂ ਭਾਵ ਹੈ ਸ਼ੁੱਧ, ਪਵਿੱਤਰ ਜਾਂ ਨਿਰਮਲ
ਖਾਲਸ
ਜਾਂ ਨੇਕ ਮਨੁੱਖ ਦੀ ਘਾੜ੍ਹਤ ਘੜਣ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਉਪਰਾਲੇ ਅਰੰਭ ਕੀਤੇ
ਜਾ ਚੁੱਕੇ ਸਨ । ਸਮੁੱਚੀ ਗੁਰਬਾਣੀ ਰਾਂਹੀ ਮਨੁੱਖ ਦੇ ਕਿਰਦਾਰ ਨੂੰ ਸਚਿਆਰਾ
ਬਣਾਉਣ ਲਈ ਹਰੇਕ ਢੰਗ ਨਾਲ ਸਮਝਾਉਣ ਦੇ ਯਤਨ ਕੀਤੇ ਗਏ ਹਨ । ਖਾਲਸ ਜਾਂ ਸ਼ੁੱਧ ਮਨੁੱਖ ਓਹੀ
ਹੋ ਸਕਦਾ ਹੈ ਜਿਹਦੇ ਅੰਦਰ ਦੁਬਿਧਾ ਦਾ ਬੀਜ ਨਾਸ਼ ਹੋ ਚੁੱਕਿਆ ਹੋਵੇ ਤੇ ਇਕ ਤੇ ਭਰੋਸਾ
ਜਾਂ ਇਕ ਦਾ ਹੁਕਮ ਮੰਨਣ ਦੀ ਜਾਚ ਸਿਖ ਲਈ ਹੋਵੇ । ਗੁਰੂ ਨਾਨਕ ਸਾਹਿਬ ਜੀ ਇਸ ਪ੍ਰਥਾਇ
ਸੁਆਲ ਪਾ ਕੇ ਜੁਆਬ ਰਾਂਹੀ ਸਮਝਾਉਣ ਦਾ ਯਤਨ ਕਰਦੇ ਹਨ
'ਕਿਵ ਸਚਿਆਰਾ ਹੋਈਐ
ਕਿਵ ਕੂੜੈ ਤੁਟੈ ਪਾਲਿ ॥ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥'
ਗੁਰਬਾਣੀ ਰਾਂਹੀਂ ਸਾਨੂੰ ਹਰ ਥਾਂ 'ਤੇ ਜੀਵਣ
ਜਾਚ ਦੀ ਪ੍ਰੇਰਣਾ ਮਿਲਦੀ ਹੈ ਜਿਸਦੀ ਪਾਲਣਾ ਕਰਦਿਆਂ ਖਾਲਸ ਮਨੁੱਖ ਬਣਿਆ ਜਾ ਸਕਦਾ ਹੈ ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਸਿਧਾਂਤਾਂ ਦੇ
ਮਾਪਢੰਡ ਰਾਂਹੀ ਖਾਲਸ ਮਨੁੱਖ ਦੀ ਪਹਿਚਾਣ ਕੀਤੀ ਤੇ 'ਖੰਡੇ ਦੀ ਪਾਹੁਲ' ਰਾਂਹੀ ਮੋਹਰ ਲਾਈ
ਤਾਂ ਜੋ ਖਾਲਸੇ ਦੀ ਸਰੂਪ ਰਾਂਹੀ ਵੀ ਪਹਿਚਾਣ ਹੋ ਸਕੇ । ਹੁਣ 1699 ਤੋਂ 'ਖ਼ਾਲਸਾ'
ਕਿਰਦਾਰ ਤੇ ਸਵਰੂਪ ਦੋਹਾਂ ਤੋਂ ਪਹਿਚਾਣਿਆ ਜਾਣ ਲੱਗਾ । ਇਥੇ
ਇਹ ਗੱਲ ਧਿਆਣ ਦੇਣ ਯੋਗ ਹੈ ਕਿ ਕਿਰਦਾਰ ਰਾਂਹੀ ਖਾਲਸੇ ਦੀ ਘਾੜਤ ਗੁਰੂ ਨਾਨਕ ਪਾਤਸ਼ਾਹ
ਤੋਂ ਅਰੰਭ ਹੋ ਚੁੱਕੀ ਸੀ, ਇਥੋਂ ਤੱਕ ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਭਗਤ ਬਾਣੀ ਦੀ ਚੋਣ
ਵੀ ਇਸੇ ਮਾਪਢੰਡ 'ਤੇ ਅਧਾਰਤ ਰਹੀ ।
ਲੰਮੇਰੇ ਅਰਸੇ ਤੋਂ ਅਨੇਕਾਂ ਉਤਾਅ-ਝੜਾਅ ਚੋਂ
ਲੰਗਦਿਆਂ ਖ਼ਾਲਸਾ.. ਬਾਣੀ ਦੇ ਲੜ ਲੱਗਿਆ ਰਿਹਾ ਜਿਸ ਦੇ ਫਲਸਰੂਪ ਇਸ ਨੇ ਆਪਣੀ ਵਿਲੱਖਣ
ਹੋਂਦ ਬਰਕਰਾਰ ਰੱਖੀ । ਸਮਾਂ ਲੰਘਦਿਆਂ.. ਸਿੱਖ ਪੰਥ ਦੀ ਅੱਡਰੀ ਹੱਸਤੀ ਨੂੰ ਨਾ ਬਰਦਾਸ਼ਤ
ਕਰਨ ਵਾਲਿਆਂ ਸਿੱਖੀ ਦਾ ਜਿਥੇ ਜਿਸਮਾਨੀ ਘਾਣ ਕੀਤਾ ਉਥੇ ਇਤਿਹਾਸ ਤੇ ਗ੍ਰੰਥ ਨਾਲ ਵੀ ਛੇੜ
ਛਾੜ ਕਰਣ ਦੇ ਕੋਝੇ ਯਤਨ ਕੀਤੇ । ਇਸ ਸਭ ਵਿੱਚ ਸਾਡੀਆਂ ਆਪਣੀਆਂ ਹੀ ਅਖੌਤੀ ਧਾਰਮਿਕ
ਹਸਤੀਆਂ ਦਾ ਸਾਥ ਰਿਹਾ । ਬਾਹਰੀ ਸਵਰੂਪ ਵਿੱਚ ਭਾਂਵੇਂ ਓਹ ਵੀ ਖਾਲਸੇ ਹੀ ਸਨ ।
ਕਹਿਣ ਤੇ ਸੁਣਨ ਨੂੰ ਬੋਲ ਭਾਂਵੇ ਕੌੜੇ ਲੱਗਣ ਪਰ ਹੁਣ ਇਹ
ਹਾਲਾਤ ਬਣ ਚੁਕੇ ਹਨ ਕਿ ਖ਼ਾਲਸਾ ਸਵਰੂਪ ਰਾਂਹੀ ਤਾਂ ਸਭ ਨੂੰ ਮਾਤ ਪਾਉਂਦਾ ਹੈ, ਪਰ
ਕਿਰਦਾਰ ਵਿੱਚ ਮਿਲਾਵਟ ਬੜੇ ਅਸਾਨੀ ਨਾਲ ਅਨੇਕਾਂ ਥਾਵਾਂ ਤੇ ਦੇਖਣ ਨੂੰ ਮਿਲ ਸਕਦੀ ਹੈ ।
ਕਿਧਰੇ ਹੋਣ ਜਾਣ ਦੀ ਬਜ਼ਾਏ ਆਪਣੇ ਇਤਿਹਾਸਕ ਧਾਰਮਕ ਸਥਾਨਾਂ ਤੇ ਹੀ ਜਾ ਕੇ ਦੇਖ ਲਓ..
ਇਕ ਗ੍ਰੰਥ ਨੂੰ ਮੰਨਣ ਵਾਲਾ ਅਕਾਲ ਦਾ ਉਪਾਸ਼ਕ ਅੱਜ ਪੱਥਰਾਂ, ਦਰੱਖਤਾਂ, ਦੇਹਧਾਰੀਆਂ,
ਜੁੱਤੀਆਂ, ਸ਼ਸ਼ਤਰਾਂ ਆਦਿ ਅੱਗੇ ਨੱਕ ਰਗੜਦਾ ਦੇਖਿਆ ਜਾ ਸਕਦਾ ਹੈ । ਸਰੋਵਰਾਂ
'ਚੋਂ ਚੁੱਲੀਆਂ ਲੈ ਸਿਰ 'ਤੇ ਪਾਉਂਦਾ ਤੇ ਨੰਗੇ ਪੈਰੀਂ ਗੁਰਦੁਆਰਿਆਂ ਵੱਲ ਜਾਂਦਾ ਵੀ
ਸਹਿਜੇ ਨਜ਼ਰੀ ਆ ਜਾਂਦਾ ਹੈ । ਜੇਕਰ ਹੋਰ ਧਿਆਨ ਨਾਲ ਨਿਗਾਹ ਮਾਰੀ ਜਾਏ ਤਾਂ ਗੁਰੂ ਦੇ ਬਚਨਾਂ
ਤੇ ਮੌਤ ਨੂੰ ਮੂੰਹ ਲਾਉਣ ਵਾਲਾ ਖ਼ਾਲਸਾ ਗੁਰੂ ਦੇ ਸ਼ਰੀਕ ਬਣੇ ਗ੍ਰੰਥ ਨੂੰ ਹੀ ਉਸੇ ਤਰ੍ਹਾਂ
ਦੇ ਰੁਮਾਲੇ ਚਾੜ੍ਹ ਕੇ ਮੱਥੇ ਟੇਕਦਿਆਂ ਦੇਖਣ ਨੂੰ ਮਿਲਦਾ ਹੈ ।
ਇੱਕੋ ਸਾਹੀਂ ਉੱਚੀ ਉੱਚੀ ਜੈਕਾਰੇ ਲਾਉਣ ਵਾਲਾ
ਖ਼ਾਲਸਾ ਸ਼ਰਦਾਈ ਦਾ ਨਾਮ ਲੈ ਭੰਗ ਘੋਟਦਿਆਂ, ਹੱਥ ਵਿੱਚ ਮਾਲ੍ਹਾ ਪਾਈ, ਨਾਰੀਅਲ, ਕੁੰਭ ਤੇ
ਜੋਤਾਂ ਜਗਾਉਂਦਾ ਬਿਨ੍ਹਾਂ ਲੱਭਿਆ ਹੀ ਦਿੱਖ ਜਾਂਦਾ ਹੈ । ਬਾਕੀ ਰਹੀ ਗੱਲ ਦਿਨ-ਤਿਉਹਾਰ,
ਮੱਸਿਆ-ਸੰਗਰਾਂਦ, ਧਾਗੇ-ਤਵੀਤ, ਪੁੱਛਾਂ-ਪੁੱਛਣੀਆਂ, ਨਗਾਂ ਜੜ੍ਹੀਆਂ ਮੁੰਦਰੀਆਂ, ਚਲੀਹੇ,
ਸੁੱਖਾਂ ਸੁਖਣੀਆਂ, ਡੇਰਾਵਾਦ, ਤੁੱਕ-ਤੁੱਕ ਪਾਠ, ਚਿੱਟ ਕਪੜੀਏ ਸਾਧ ਵੀ ਸਿੱਖੀ ਦੀ ਮੁੱਖ
ਧਾਰਾ ਦਾ ਹਿੱਸਾ ਹੀ ਹਨ । ਇਹ ਵੱਖਰੀ ਗੱਲ ਹੈ ਕਿ ਹੁਣ ਇਸ ਸਭ ਕਰਮ-ਕਾਂਡਾਂ ਜਾਂ ਇਕ ਗੁਰੂ
ਦੀ ਗੱਲ ਕਰਨ ਵਾਲਿਆਂ ਨੂੰ ਪੰਥ ਤੋਂ ਛੇਕਣ ਦਾ ਫੁਰਮਾਣ ਆਉਣ ਲੱਗ ਪਿਆ ਹੈ ਕਿਉਂਕਿ...'
ਜਿਸਦੀ ਲਾਠੀ-ਉਸਦੀ ਭੈਂਸ' ।
ਸੋ ਆਓ ! ਗੁਰਬਾਣੀ ਗੁਰੂ ਤੋਂ ਸੇਧ ਲੈਂਦਿਆਂ 'ਖਾਲਸ
ਮਨੁੱਖ' ਬਣਨ ਦਾ ਯਤਨ ਕਰੀਏ ਤਾਂ ਜੋ ਬਾਹਰੀ ਸਰੂਪ ਦੇ ਨਾਲ-ਨਾਲ ਅੰਦਰੂਨੀ ਤੋਰ ਤੇ ਵੀ
ਖਾਲਸਈ ਗੁਣਾਂ ਦੇ ਧਾਰਣੀ ਹੋ ਸਕੀਏ ।