Share on Facebook

Main News Page

ਖੰਡੇ ਦਾ ਅੰਮ੍ਰਿਤ ?
-: ਅਵਤਾਰ ਸਿੰਘ ਮਿਸ਼ਨਰੀ
15.04.19

ਖੰਡੇ ਦਾ ਅੰਮ੍ਰਿਤ ਨਹੀਂ ਸਗੋਂ ਗੁਰ-ਪ੍ਰਮੇਸ਼ਰ ਦਾ ਹੈ। ਖੰਡਾ, ਬਾਟਾ, ਜਲ ਅਤੇ ਪਤਾਸੇ ਤਾਂ ਸਾਧਨ ਨੇ, ਖੁਦ ਅੰਮ੍ਰਿਤ ਨਹੀਂ ਹਨ। ਅੰਮ੍ਰਿਤ ਦਾ ਅਰਥ-ਅਮਰ ਭਾਵ ਮੌਤ ਰਹਿਤ ਸਦੀਵੀ। ਖੰਡਾ, ਬਾਟਾ, ਜਲ ਅਤੇ ਪਤਾਸੇ ਅਮਰ ਅਤੇ ਸਦੀਵੀ ਨਹੀਂ ਸਗੋਂ ਬਿਨਸਨਹਾਰ ਹਨ। ਦੇਖੋ! ਸਾਡਾ ਸ਼ਬਦ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਉਸ ਦੇ ਸਿੱਖ ਹਾਂ।

ਸਿੱਖ ਨੇ ਹੁਕਮ (ਉਪਦੇਸ਼) ਗੁਰੂ ਦਾ ਮੰਨਣਾ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹੈ-

ਅੰਮ੍ਰਿਤ ਨਾਮੁ ਪ੍ਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ॥ (੬੧੬) 
ਅੰਮ੍ਰਿਤ ਬਾਣੀ ਅਮਿਉ ਰਸੁ, ਅੰਮ੍ਰਿਤੁ ਹਰਿ ਕਾ ਨਾਉ॥ ਮਨਿ ਤਨਿ ਹਿਰਦੈ ਸਿਮਰਿ ਹਰਿ, ਆਠ ਪਹਰ ਗੁਣ ਗਾਉ॥ (੯੬੩)
ਅੰਮ੍ਰਿਤ ਹਰਿ ਕਾ ਨਾਮੁ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਇ ਰਾਮ॥ (੫੩੮)
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ॥ ਸਤਿਗੁਰਿ ਸੇਵਿਐ ਰਿਦੈ ਸਮਾਣੀ॥ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥ (੧੧੮)
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤ ਗੁਰ ਪਾਹੀਂ ਜੀਉ॥ ਛੋਡਹੁ ਵੇਸੁ ਭੇਖੁ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀਂ ਜੀਉ॥੧॥ ਮਨ ਰੇ! ਥਿਰ ਰਹੁ, ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤ ਦੁਖ ਪਾਵਹਿ, ਘਰਿ ਅੰਮ੍ਰਿਤੁ ਘਟ ਮਾਹੀ ਜੀਉ॥ (੫੯੮) 
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ, ਸ਼ਬਦੇ ਕਾਢਿ ਪੀਐ ਪਨਿਹਾਰੀ॥ (੫੭੦)
ਜੇਤੇ ਘਟਿ ਅੰਮ੍ਰਿਤੁ ਸਭ ਹੀ ਮਹਿ,
 ਭਾਵਹਿ ਤਿਸਹਿ ਪੀਆਈ॥ (੧੧੨੩)
ਨਾਨਕ ਅੰਮ੍ਰਿਤੁ ਮਨੈ ਮਾਹਿ, ਪਾਈਐ ਗੁਰ ਪਰਸਾਦਿ॥ (੧੨੩੮)
ਅੰਦਰੁ ਅੰਮ੍ਰਿਤਿ ਭਰਪੂਰ ਹੈ ਚਾਖਿਆਂ ਸਾਦ ਜਾਪੈ॥ (੧੦੯੨)

ਪ੍ਰਮੇਸ਼ਰ, ਉਸ ਦਾ ਨਾਮ (ਰੱਬੀ ਨਿਯਮ) ਅਤੇ ਬਾਣੀ (ਉਪਦੇਸ਼) ਸਦਾ ਅਮਰ ਹਨ। ਅਸਲ ਵਿੱਚ ਗੁਰਬਾਣੀ ਰੂਪ ਉਪਦੇਸ਼ ਅੰਮ੍ਰਿਤ ਨੂੰ ਅੰਤਰ-ਆਤਮੇ ਵਸਾ ਕੇ, ਸਿੱਖ ਨੇ ਅਮਰ ਹੋਣਾ ਹੈ। ਇਹ ਗੁਰਬਾਣੀ ਗੁਰ ਉਪਦੇਸ਼ ਰੂਪ ਅੰਮ੍ਰਿਤ, ਸਾਰੇ ਸੰਸਾਰ ਨੂੰ ਪਿਲਾਇਆ ਜਾ ਸਕਦਾ ਹੈ। ਜੇ ਸਿੱਖ, ਗੁਰੂ ਦਾ ਤਾਂ ਅੰਮ੍ਰਿਤ ਵੀ ਗੁਰੂ ਜਾਂ ਪ੍ਰਮੇਸ਼ਰ ਦਾ ਹੀ ਹੋ ਸਕਦਾ ਹੈ। ਸਿੱਖ ਅਤੇ ਅੰਮ੍ਰਿਤ ਦੀ ਜੋ ਪ੍ਰੀਭਾਸ਼ਾ “ਸ਼ਬਦ ਗੁਰੂ ਗ੍ਰੰਥ ਸਾਹਿਬ” ਵਿਖੇ ਦਿੱਤੀ ਗਈ, ਉਹ ਹੀ ਅਸਲ ਬਾਕੀ ਸਭ ਆਪੋ ਆਪਣੀਆਂ ਕਿਆਸ ਰਾਈਆਂ ਹਨ। ਜਿਵੇਂ ਰੱਬ, ਗੁਰੂ ਅਤੇ ਬਾਣੀ ਇੱਕ, ਉਵੇਂ ਹੀ ਅੰਮ੍ਰਿਤ ਵੀ ਇੱਕ ਹੈ- ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ (੧੨੩੮) ਸ਼ਬਦ ਗੁਰੂ ਗ੍ਰੰਥ ਸਾਹਿਬ ਦੇ, ਉਪਦੇਸ਼ਾਂ ਰੂਪੀ ਅੰਮ੍ਰਿਤ ਤੋਂ ਟੁੱਟਣਾਂ ਹੀ ਕੌਮ ਦੀ ਅਧੋਗਤੀ ਅਤੇ ਸਿੱਖ ਦਾ ਪਤਿਤ ਹੋਣਾ ਹੈ। ਭਲਿਓ! ਅੰਮ੍ਰਿਤ ਕਦੇ ਟੁੱਟਦਾ ਨਹੀਂ ਸਗੋਂ ਭਟਕਣਾ ਵਿੱਚ ਪਿਆ ਸਿੱਖ ਹੀ,ਦਿਨ ਪ੍ਰਤੀ ਦਿਨ ਗੁਰ ਉਪਦੇਸ਼-ਅੰਮ੍ਰਿਤ ਨਾਲੋਂ ਟੁੱਟ ਕੇ, ਥੋਥੇ ਕਰਮਕਾਂਡਾਂ ਨਾਲ ਜੁੜਦਾ ਜਾ ਰਿਹਾ ਹੈ।

ਹੋਰ ਦੇਖੋ! ਗੁਰਬਾਣੀ ਅਨੁਸਾਰ ਪ੍ਰਮੇਸ਼ਰ ਦਾ ਨਾਮ, ਚੰਗੇ ਗੁਣ, ਚੰਗਾ ਭੋਜਨ, ਸਫਲ ਸੇਵਾ ਅਤੇ ਰੱਬ ਦੀ ਸਿਫਤੋ ਸਲਾਹ ਹੀ ਅੰਮ੍ਰਿਤ ਜੋ ਸਾਡੇ ਹਿਰਦੇ ‘ਚ ਵਸਦਾ ਤੇ ਜਿਸ ਦੀ ਪ੍ਰਾਪਤੀ ਗੁਰੂ ਗਿਆਨ ਦੁਆਰਾ ਹੁੰਦੀ ਹੈ। ਅੱਜ ਅਸੀਂ, ਮਨ ਮਰਜੀ ਦੇ ਅੰਮ੍ਰਿਤ ਪੀ ਰਹੇ ਹਾਂ ਜਿਵੇਂ-

ਚਰਨ ਅੰਮ੍ਰਿਤ- ਧਰਮ ਅਸਥਾਨਾਂ ਦੇ ਬਾਹਰ ਪੈਰ ਧੋਣ ਵਾਲੇ ਚੁਬੱਚੇ ਦਾ ਗੰਦਾ ਪਾਣੀ। ਕੁੰਭ ਤੇ ਸ਼ੀਸ਼ੀ ਅੰਮ੍ਰਿਤ-ਕਿਸੇ ਘੜੇ ਜਾਂ ਸ਼ੀਸੀ ਬੋਤਲ ਵਿੱਚ ਪਾ ਕੇ ਰੱਖਿਆ ਪਾਣੀ। ਸਰੋਵਰ ਅੰਮ੍ਰਿਤ- ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਸਮਝ ਪੀ ਰਹੇ ਹਾਂ। ਖੰਡੇ ਦਾ ਅੰਮ੍ਰਿਤ- ਬਿਨਸਨਹਾਰ ਖੰਡੇ ਦਾ ਨਹੀਂ ਸਗੋਂ ਗੁਰ-ਉਪਦੇਸ਼ ਰੂਪ ਬਾਣੀ ਹੀ ਗਿਆਨ ਅੰਮ੍ਰਿਤ ਹੈ। ਕ੍ਰਿਪਾਨ ਦਾ ਅੰਮ੍ਰਿਤ- ਤਖਤ ਹਜੂਰ ਸਾਹਿਬ ਨਾਦੇੜ ਵਿਖੇ ਬੀਬੀਆਂ ਨੂੰ ਇੱਕ ਪੁਜਾਰੀ ਹੀ ਕ੍ਰਿਪਾਨ ਫੇਰ ਕੇ ਅੰਮ੍ਰਿਤ ਛਕਾਉਂਦਾ ਹੈ। ਚੌਥਾ ਪੌੜੀ ਅੰਮ੍ਰਿਤ-ਨਿਹੰਗ ਦਲਤਾਂ ਨੂੰ ਸ਼ੂਦਰ ਸਮਝ, ਅਲੱਗ ਬਾਟੇ ਵਿੱਚ ਅੰਮ੍ਰਿਤ ਛਕਾਉਂਦੇ ਕਹਿੰਦੇ ਨੇ ਕਿ ਇਹ ਚੌਥੇ ਪੌੜੀਏ ਸਿੱਖ ਹਨ। ਜੇ ਅਸੀਂ ਗੁਰੂ ਦਾ ਅੰਮ੍ਰਿਤ ਛਕਦੇ ਹਾਂ ਤਾਂ ਉਸ ਵਿੱਚ ਵੀ ਵੰਡੀਆਂ ਪਾਈ ਜਾ ਰਹੇ ਹਾਂ, ਜਿਵੇਂ ਤੁਸੀਂ ਕਿੱਥੋਂ ਅੰਮ੍ਰਿਤ ਛੱਕਿਆ? ਨਿਹੰਗਾਂ, ਭਿੰਡਰਾਂਵਾਲਿਆਂ, ਰਾੜੇਵਾਲਿਆਂ, ਪਹੇਵੇ ਵਾਲਿਆਂ, ਫਲਾਨੇ ਸੰਤਾਂ, ਮਿਸ਼ਨਰੀਆਂ ਜਾਂ ਸ਼੍ਰੋਮਣੀ ਕਮੇਟੀ ਤੋਂ ਆਦਿ, ਪਰ ਗੁਰੂ ਤੋਂ ਛੱਕਿਆ ਕੋਈ ਵਿਰਲਾ ਹੀ ਕਹਿੰਦਾ ਹੈ। ਸਭ ਮਰਯਾਦਾ ਵੀ ਵੱਖਰੀ-ਵੱਖਰੀ ਦ੍ਰਿੜ ਕਰਵਾਉਂਦੇ ਹਨ, ਐਸਾ ਕਿਉਂ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਖਰੀ-ਵੱਖਰੀ ਮਰਯਾਦਾ ਦ੍ਰਿੜ ਕਰਵਾਈ ਸੀ? ਜਰਾ ਸੋਚੋ! ਜਦੋਂ ਖ਼ਾਲਸਾ ਪੰਥ ਇੱਕ ਫਿਰ ਖ਼ਾਲਸੇ ਪੰਥ ਦੀ ਮਰਯਾਦਾ ਵੀ ਇੱਕ ਹੀ ਹੋਣੀ ਚਾਹੀਦੀ ਹੈ।

ਅੰਮ੍ਰਿਤ ਇੱਕ ਪ੍ਰਣ- ਸਿੱਖ ਗੁਰੂ ਅੱਗੇ ਪ੍ਰਣ ਕਰਦੈ ਕਿ ਉਹ ਕਿਰਤਮ ਦੀ ਥਾਂ ਅਕਾਲ ਦੀ ਪੂਜਾ ਕਰੇਗਾ, ਨਾਮ ਜਪੇਗਾ (ਰੱਬੀ ਨਿਯਮਾਂ ਦੀ ਪਾਲਣਾ ਕਰੇਗਾ) ਅਤੇ ਧਰਮ ਦੀ ਕਿਰਤ ਕਰਦਾ ਹੋਇਆ ਵੰਡ ਛਕੇਗਾ। ਮਨੁੱਖਤਾ ਦੀ ਸੇਵਾ ਕਰਦਾ ਤੇ ਪਰਉਪਕਾਰੀ ਜੀਵਨ ਜੀਂਦਾ ਕਿਸੇ ਦੇਹਧਾਰੀ ਸਾਧ ਸੰਤ ਨੂੰ ਮੱਥਾ ਨਹੀਂ ਟੇਕੇਗਾ। ਕੇਸਾਂ ਦੀ ਬੇਅਦਬੀ ਨਹੀਂ ਕਰੇਗਾ। ਬੁਰੇ ਕਰਮਾਂ ਦਾ ਤਿਆਗ ਤੇ ਪਰਾਈ ਇਸਤ੍ਰੀ ਜਾਂ ਮਰਦ ਦਾ ਸੰਗ ਨਹੀਂ ਕਰੇਗਾ। ਜਗਤ ਜੂਠ ਤਮਾਕੂ ਨਹੀਂ ਪੀਵੇਗਾ, ਗੁਲਾਮੀ ਦੀ ਨਿਸ਼ਾਨੀ ਹਲਾਲ ਕੀਤਾ ਕੁੱਠਾ ਮਾਸ ਨਹੀਂ ਖਾਏਗਾ। ਸਰੀਰਕ ਸਫਾਈ ਨੂੰ ਮੁੱਖ ਰੱਖ, ਨਿੱਤ ਇਸ਼ਨਾਨ ਕਰਦਾ, ਬ੍ਰਾਹਮਣ ਵਾਲੀ ਸੁੱਚ ਭਿੱਟ ਨਹੀਂ ਰੱਖੇਗਾ। ਪੰਜ ਕਕਾਰੀ ਵਰਦੀ ਧਾਰਨ ਕਰਕੇ, ਗੁਰਬਾਣੀ ਦਾ ਪਾਠ ਨਿਤਾ ਪ੍ਰਤੀ ਕਰੇ, ਵਿਚਾਰੇ ਤੇ ਧਾਰੇਗਾ। ਸ਼ਸ਼ਤ੍ਰ ਵਿਦਿਆ ਦਾ ਅਭਿਆਸ ਜਾਰੀ ਰਖੇ ਅਤੇ ਮਜ਼ਲੂਮਾਂ ਦੀ ਰੱਖਿਆ ਕਰੇਗਾ। ਜਾਤ-ਪਾਤ ਨੂੰ ਨਹੀਂ ਮੰਨੇਗਾ ਸਗੋਂ- ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥(੬੧੧) ਦੇ ਮਹਾਂਵਾਕ ਅਨੁਸਾਰ ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝੇਗਾ। ਗੁਰਬਾਣੀ ਨੂੰ ਮੂਰਤੀਆਂ ਦੀ ਤਰ੍ਹਾਂ ਧੂਫਾਂ ਧੁਖਾ ਅਤੇ ਜੋਤਾਂ ਬਾਲ ਕੇ ਨਹੀਂ ਪੂਜੇਗਾ ਸਗੋਂ ਗੁਰੂਆਂ ਭਗਤਾਂ ਦੇ ਰੱਬੀ ਗਿਆਨ ਨੂੰ ਵਿਚਾਰ ਨਾਲ ਸਮਝ ਕੇ, ਸਮੁੱਚੇ ਸੰਸਾਰ ਵਿੱਚ ਵੰਡਦਾ ਹੋਇਆ, ਆਪਣਾ ਅੰਮ੍ਰਿਤਧਾਰੀ ਜੀਵਨ ਸਫਲ ਕਰੇਗਾ।

ਭਲਿਓ! ਜੇ ਅਸੀਂ ਖੰਡੇ ਦਾ ਅੰਮ੍ਰਿਤ ਕਹਿੰਦੇ ਹਾਂ, ਤਾਂ ਗੁਰਬਾਣੀ ਸਿਧਾਂਤਾਂ ਦਾ ਖੰਡਨ ਹੁੰਦਾ ਕਿਉਂਕਿ ਖੰਡਾ ਇੱਕ ਜੜ ਵਸਤੂ ਹੈ। ਗੁਰਬਾਣੀ ਵਿਖੇ ਇੱਕ ਵਾਰ ਵੀ ਖੰਡੇ ਦੇ ਅੰਮ੍ਰਿਤ ਦਾ ਜਿਕਰ ਨਹੀਂ। ਇਸੇ ਲਈ ਅੰਮ੍ਰਿਤ ਦੇ ਵਿਰੋਧੀ ਕਹਿੰਦੇ ਨੇ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਤਾਂ ਖੰਡੇ ਦੇ ਅੰਮ੍ਰਿਤ ਦਾ ਜਿਕਰ ਹੀ ਨਹੀਂ। ਫਿਰ ਸਵਾਲ ਵੀ ਉੱਠਦੇ ਹਨ ਕਿ ਕੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਤੱਕ, ਅੰਮ੍ਰਿਤ ਹੋਰ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਖੰਡੇ ਦਾ ਅੰਮ੍ਰਿਤ ਦਿੱਤਾ ਸੀ? ਕੀ ਜੇ ਬਾਟਾ, ਜਲ, ਪਤਾਸੇ ਅਤੇ ਵਿੱਚ ਖੰਡਾ ਵੀ ਫੇਰਿਆ ਜਾਵੇ ਪਰ ਗੁਰਬਾਣੀ ਨਾਂ ਪੜ੍ਹੀ ਜਾਵੇ ਤਾਂ ਅੰਮ੍ਰਿਤ ਬਣ ਸਕਦਾ ਹੈ? ਦੇਖੋ! ਅੰਮ੍ਰਿਤ ਤਾਂ ਸਿੱਖ ਕੌਮ ਦੇ ਰਹਿਬਰ ਗੁਰੂ ਨਾਨਕ ਸਾਹਿਬ ਤੋਂ ਹੀ ਛਕਾਇਆ ਜਾ ਰਿਹਾ ਸੀ ਜਿਸ ਦਾ ਜਿਕਰ ਗੁਰਬਾਣੀ ਵਿਖੇ ਹੈ- ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥ (੪੪੯) ਹਾਂ ਖੰਡਾ ਇੱਕ ਸ਼ਸ਼ਤਰ ਹੈ ਜੋ ਜੋ ਲੋਹੇ ਦੇ ਬਾਟੇ ਨਾਲ ਘਸ ਕੇ, ਸਿੱਖ ਨੂੰ ਸਰਬ ਲੋਹ ਦੀ ਫੌਲਾਦੀ ਪਾਹ ਦਿੰਦਾ ਹੈ। ਸੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੂਪ ਗਿਆਨ ਉਪਦੇਸ਼ ਹੀ ਅਸਲ ਅੰਮ੍ਰਿਤ ਹੈ ਨਾਂ ਕਿ ਬਿਨਸਨਹਾਰ ਵਸਤੂਆਂ ਅੰਮ੍ਰਿਤ ਹਨ।

ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾ, ਬਾਕੀ ਸਭ ਰਹਿਤਨਾਮਿਆਂ ਦੇ, ਇਸ ਬਾਰੇ ਵੱਖ ਵੱਖ ਬਿਆਨ ਹਨ। ਕੋਈ ਰਹਿਤਨਾਮਾਂ ਇੱਕ ਜਪੁਜੀ ਦੀ ਬਾਣੀ, ਕੋਈ ਦੋ, ਕੋਈ ਤਿੰਨ ਅਤੇ ਕੋਈ ਪੰਜ ਦਾ ਜਿਕਰ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ, ਕਾਫੀ ਸਮਾਂ ਸਿੱਖ ਕੌਮ ਨੂੰ ਆਪਣੇ ਘਰ ਘਾਟ ਛੱਡ ਕੇ, ਜੰਗਲਾਂ, ਬੇਲਿਆਂ ਅਤੇ ਪਹਾੜਾਂ ਵਿੱਚ ਰਹਿਣਾ ਅਤੇ ਦੁਸ਼ਮਣ ਨਾਲ ਗੁਰੀਲਾ ਜੁੱਧ ਲੜਨੇ ਪਏ। ਉਸ ਸਮੇਂ ਹੀ ਪੰਥ ਦੋਖੀਆਂ ਨੇ ਸਿੱਖ ਇਤਿਹਾਸ ਅਤੇ ਮਰਯਾਦਾ ਵਿੱਚ ਮਿਲਾਵਟ ਕਰ ਦਿੱਤੀ, ਜਿਸ ਦਾ ਪ੍ਰਤੱਖ ਸਬੂਤ ਅੰਮ੍ਰਿਤ ਤਿਆਰ ਕਰਨ ਵੇਲੇ ਵੀ ਅਸਲੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬਾਣੀਆਂ ਅਤੇ ਨਕਲੀ ਗ੍ਰੰਥ ਦੀਆਂ ਤਿੰਨ ਰਚਨਾਵਾਂ ਦੀ ਮਰਯਾਦਾ, ਵੱਖ ਵੱਖ ਰਹਿਤ ਨਾਮਿਆਂ ਵਿੱਚ ਲਿਖ ਦਿੱਤੀ।

ਹੁਣ ਜਰਾ ਸਿੱਖ ਕੌਮ ਆਪ ਹੀ ਸੋਚੇ ਕਿ ਜਦ ਸਾਡਾ ਬਲਕਿ ਸੰਸਾਰ ਦਾ “ਸ਼ਬਦ ਗੁਰੂ ਗ੍ਰੰਥ ਸਾਹਿਬ” ਪੂਰਨ ਗੁਰੂ ਹੈ, ਫਿਰ ਅਧੂਰੇ (ਬਚਿਤ੍ਰ ਨਾਟਕ-ਦਸਮ ਗ੍ਰੰਥ) ਤੋਂ ਤਿੰਨ ਰਚਨਾਵਾਂ ਲੈਣ ਦੀ ਕੀ ਲੋੜ ਪੈ ਗਈ? ਇਸ ਦਾ ਸਿੱਧਾ ਮਤਲਵ ਹੈ ਕਿ “ਸ਼ਬਦ ਗੁਰੂ ਗ੍ਰੰਥ ਸਾਹਿਬ” ਅਧੂਰਾ ਹੈ ਜਿਸ ਵਿੱਚ ਅੰਮ੍ਰਿਤ ਤਿਆਰ ਕਰਨ ਲਈ ਵੀ ਬਾਣੀਆਂ ਪੂਰੀਆਂ ਨਹੀਂ ਹਨ? 

ਅੱਜ ਪੰਥ ਖੇਰੂੰ ਖੇਰੂੰ ਇਸੇ ਕਰਕੇ ਹੋ ਰਿਹੈ ਕਿ ਉਸ ਦਾ ਪੂਰਨ ਭਰੋਸਾ ਅਸਲੀ ਗੁਰੂ “ਸ਼ਬਦ ਗੁਰੂ ਗ੍ਰੰਥ ਸਾਹਿਬ” ਉੱਤੇ ਸੰਪ੍ਰਦਾਈਆਂ, ਟਕਸਾਲੀਆਂ ਅਤੇ ਡੇਰੇਦਾਰਾਂ ਨੇ ਰਹਿਣ ਹੀ ਨਹੀਂ ਦਿੱਤਾ। ਇਨ੍ਹਾਂ ਸਭਨਾਂ ਦਾ ਜੋਰ, ਸਿੱਖਾਂ ਨੂੰ ਲਵ-ਕੁਛ ਦੀ ਉਲਾਦ ਭਾਵ ਹਿੰਦੂਆਂ ਦੀ ਅੰਸ ਬੰਸ ਬਣਾਉਣ ਤੇ ਹੀ ਲੱਗਾ ਹੋਇਆ ਹੈ। ਇਨ੍ਹਾਂ ਨੇ ਸਿੱਖਾਂ ਦਾ ਇੱਕ ਗ੍ਰੰਥ, ਪੰਥ, ਮਰਯਾਦਾ, ਅੰਮ੍ਰਿਤ, ਨਿਸ਼ਾਨ, ਵਿਧਾਨ ਅਤੇ ਨਾਨਕਸ਼ਾਹੀ ਕੈਲੰਡਰ ਜੋ ਇੱਕ ਕੌਮ ਦੇ ਪ੍ਰਤੀਕ ਹਨ ਇੱਕ ਨਹੀਂ ਰਹਿਣ ਦਿੱਤੇ। ਹੁਣ ਇਹ ਸਾਰੇ ਸੰਪ੍ਰਦਾਈ, ਟਕਸਾਲੀ ਅਤੇ ਡੇਰੇਦਾਰ, ਕੇਸਾਧਾਰੀ ਬਾਮਣ-ਬਾਦਲ ਨਾਲ ਮਿਲ ਕੇ, ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਬਨਾਉਣ ਤੇ ਲੱਗੇ ਹੋਏ ਨੇ, ਜਿਸ ਵਿੱਚ ਇਨ੍ਹਾਂ ਦਾ ਸਭ ਤੋਂ ਵੱਡਾ ਹੱਲਾ “ਸ਼ਬਦ ਗੁਰੂ ਗ੍ਰੰਥ” ਦੇ ਬਰਾਬਰ ਅਖੌਤੀ ਦਸਮ ਗ੍ਰੰਥ, ਨਾਨਕਸ਼ਾਹੀ ਕੈਲੰਡਰ ਦੇ ਬਰਾਬਰ ਨਕਲੀ ਨਾਨਸ਼ਾਹੀ ਕੈਲੰਡਰ ਅਤੇ ਹਿੰਦੂ ਮੱਤ ਦੇ ਦਿਨ ਦਿਹਾਰ ਅਤੇ ਪੁਰਬ ਜਿਵੇਂ ਪੁੰਨਿਆ, ਮੱਸਿਆ, ਸੰਗ੍ਰਾਂਦ, ਬਸੰਤ ਪੰਚਮੀ, ਪੈਂਚਕਾਂ, ਰੱਖੜੀ, ਹੋਲੀ ਅਤੇ ਲੋਹੜੀ ਆਦਿਕ ਸਿੱਖ ਗੁਰਦੁਆਰਿਆਂ ਵਿੱਚ ਮਨਾਉਣੇ ਅਤੇ ਵੱਡੇ ਵੱਡੇ ਬੋਰਡਾਂ 'ਤੇ ਲਿਖਣੇ ਸ਼ੁਰੂ ਕਰ ਦਿੱਤੇ ਹਨ। ਮੀਨਾਕਾਰੀ ਹੇਠ ਅਖੌਤੀ ਦੇਵੀ ਦੇਵਤਿਆਂ ਅਤੇ ਅਜਾਸ਼ੀ ਰਾਜਿਆਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਦੀ ਇਮਾਰਤ ਤੇ ਉਕਰੀਆਂ ਜਾ ਰਹੀਆਂ ਹਨ। ਸੇਵਾ ਤੇ ਸਸਕਾਰ ਦੇ ਨਾਂ 'ਤੇ ਸਿੱਖ ਵਿਰਾਸਤਾਂ ਢਾਹੀਆਂ ਤੇ ਸਿੱਖ ਗ੍ਰੰਥ ਫੂਕੇ ਜਾ ਰਹੇ ਹਨ। ਸਿੱਖ ਕੌਮ ਦੇ ਤਖਤਾਂ ਉੱਤੇ ਜਥੇਦਾਰ ਵੀ ਇਨ੍ਹਾਂ ਸੰਪ੍ਰਦਾਵਾਂ ਅਤੇ ਡੇਰਿਆਂ ਦੇ ਲਾਏ ਜਾ ਰਹੇ ਹਨ। ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਗੁਰੂ ਮੰਨਣ ਅਤੇ ਪ੍ਰਚਾਰਨ ਵਾਲੇ ਪ੍ਰਚਾਕਾਂ ਅਤੇ ਲੇਖਕਾਂ ਨੂੰ ਡਰਾ ਧਮਕਾ ਕੇ ਪੰਥ ਚੋ ਛੇਕਿਆ ਜਾ ਰਿਹਾ  ਹੈ। ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਕਮੇਟੀ ਉੱਤੇ ਵੀ ਬਾਦਲ ਰਾਹੀਂ, ਇਨ੍ਹਾਂ ਡੇਰੇਦਾਰਾਂ ਦਾ ਕਬਜਾ ਹੋ ਚੁੱਕਾ ਹੈ। ਨੋਟ-ਹੁਣ ਅੱਗੇ ਜਦੋਂ ਵੀ ਸ਼੍ਰੋਮਣੀ ਕਮੇਟੀ ਚੋਣਾਂ ਆਈਆਂ, ਜੇ ਸਿੱਖਾਂ ਨੇ ਅਕਲ ਤੋਂ ਕੰਮ ਨਾਂ ਲਿਆ ਤਾਂ ਓਥੇ ਵੀ ਹੋਰ ਕੇਸਾਧਾਰੀ ਬਾਮਣ ਆ ਜਾਣੇ ਹਨ। ਇਸ ਲਈ ਸਿੱਖ ਕੌਮ ਨੂੰ ਆਪਣੀ ਹੋਂਦ ਬਚਾਉਣ ਲਈ, ਸਾਫ ਦਿਲ ਲੀਡਰਾਂ ਦਾ ਚੋਣਾਂ ਵਿੱਚ ਸਾਥ ਦੇਣਾ ਅਤੇ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਣਾ ਚਾਹੀਦੈ ਤਾਂ ਕਿ ਸਿੱਖ ਕੌਮ ਦੀ ਵਿਲੱਖਣਤਾ ਅਤੇ ਸ਼ਬਦ ਗੁਰੂ ਗ੍ਰੰਥ ਦੇ ਸਰਬ ਵਿਆਪੀ ਸਿਧਾਂਤਾਂ ਨੂੰ ਬਚਾਇਆ ਜਾ ਸਕੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top